ਗ੍ਰਹਿ ਮੰਤਰਾਲਾ
azadi ka amrit mahotsav

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ, ਸ਼੍ਰੀ ਅਮਿਤ ਸ਼ਾਹ ਨੇ ਅੱਜ ਦਿੱਲੀ ਵਿਧਾਨ ਸਭਾ ਵਿਖੇ ਸੁਤੰਤਰਤਾ ਸੈਨਾਨੀ ਵਿੱਠਲਭਾਈ ਪਟੇਲ ਜੀ ਦੇ ਕੇਂਦਰੀ ਵਿਧਾਨ ਸਭਾ ਦੇ ਪਹਿਲੇ ਚੁਣੇ ਗਏ ਭਾਰਤੀ ਸਪੀਕਰ ਬਣਨ ਦੇ 100 ਸਾਲ ਪੂਰੇ ਹੋਣ ਦੀ ਯਾਦ ਵਿੱਚ ਆਯੋਜਿਤ ਦੋ-ਦਿਨਾਂ ਆਲ ਇੰਡੀਆ ਸਪੀਕਰਜ਼ ਕਾਨਫਰੰਸ ਦਾ ਉਦਘਾਟਨ ਕੀਤਾ


ਵਿੱਠਲਭਾਈ ਪਟੇਲ ਨੇ ਭਾਰਤੀ ਵਿਚਾਰਾਂ ਦੇ ਅਧਾਰ 'ਤੇ ਦੇਸ਼ ਨੂੰ ਲੋਕਤੰਤਰੀ ਢੰਗ ਨਾਲ ਚਲਾਉਣ ਦੀ ਨੀਂਹ ਰੱਖੀ

ਵਿੱਠਲਭਾਈ ਪਟੇਲ ਨੇ ਬਹੁਤ ਸਾਰੀਆਂ ਪਰੰਪਰਾਵਾਂ ਸਥਾਪਿਤ ਕੀਤੀਆਂ ਜੋ ਅੱਜ ਵੀ ਵਿਧਾਨਕ ਕੰਮਾਂ ਅਤੇ ਸਪੀਕਰਾਂ ਦੇ ਕਰਤੱਵਾਂ ਦਾ ਮਾਰਗਦਰਸ਼ਨ ਦੇ ਰਹੀਆਂ ਹਨ।

ਵਿਚਾਰ ਮੰਥਨ ਹੀ ਲੋਕਤੰਤਰ ਵਿੱਚ ਲੋਕਾਂ ਦੇ ਮੁੱਦਿਆਂ ਨੂੰ ਹੱਲ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੈ

ਸੰਸਦ ਅਤੇ ਵਿਧਾਨ ਸਭਾਵਾਂ ਵਿੱਚ ਵਾਦ-ਵਿਵਾਦ ਚਰਚਾ ਰਾਹੀਂ ਹੋਣਾ ਚਾਹੀਦਾ ਹੈ, ਪਰ ਰਾਜਨੀਤਕ ਹਿੱਤਾਂ ਲਈ ਉਨ੍ਹਾਂ ਦੇ ਕੰਮਕਾਜ ਵਿੱਚ ਵਿਘਨ ਪਾਉਣ ਨੂੰ ਵਾਦ - ਵਿਵਾਦ ਨਹੀਂ ਕਿਹਾ ਜਾ ਸਕਦਾ।

ਵਿਰੋਧ ਦੇ ਨਾਮ 'ਤੇ ਪੂਰੇ ਸੈਸ਼ਨ ਲਈ ਸਦਨਾਂ ਨੂੰ ਕੰਮ ਨਾ ਕਰਨ ਦੀ ਪਰੰਪਰਾ ਬਣ ਰਹੀ ਹੈ, ਉਸ ‘ਤੇ ਦੇਸ਼ ਦੇ ਲੋਕਾਂ ਅਤੇ ਚੁਣੇ ਹੋਏ ਪ੍ਰਤੀਨਿਧੀਆਂ ਨੂੰ ਵਿਚਾਰ ਕਰਨਾ ਚਾਹੀਦਾ ਹੈ

ਜਦੋਂ ਸਦਨ ਵਿੱਚ ਚਰਚਾਵਾਂ ਸਮਾਪਤ ਹੋ ਜਾਂਦੀਆਂ ਹਨ, ਤਾਂ ਦੇਸ਼ ਦੇ ਵਿਕਾਸ ਵਿੱਚ ਸਦਨ ਦੀ ਭੂਮਿਕਾ ਬਹੁਤ ਘੱਟ ਜਾਂਦੀ ਹੈ

ਲੋਕਤੰਤਰ ਉਦੋਂ ਹੀ ਵਧਦਾ-ਫੁੱਲਦਾ ਹੈ ਜਦੋਂ ਵਿਧਾਨ ਸਭਾਵਾਂ ਸੂਝ-ਬੂਝ, ਵਿਚਾਰ-ਵਟਾਂਦਰੇ ਅਤੇ ਕਾਨੂੰਨ ਦੇ ਮੂਲ ਮੰਤਰ ਦੀ ਪਾਲਣਾ ਕਰਦੀਆਂ ਹਨ

ਲੋਕਤੰਤਰ ਆਪਣੀਆਂ ਸਭ ਤੋਂ ਉੱਚੀਆਂ ਅਤੇ ਸਭ ਤੋਂ ਵੱਧ ਸਨਮਾਨਜਨਕ ਉਚਾਈਆਂ 'ਤੇ ਉਦੋਂ ਹੀ ਪਹੁੰਚ ਸਕਦਾ ਹੈ ਜਦੋਂ ਅਸੀਂ ਪੱਖਪਾਤੀ ਹਿੱਤਾਂ ਤੋਂ ਉੱਪਰ ਉੱਠਦੇ ਹਾਂ ਅਤੇ ਰਾਸ਼ਟਰੀ ਹਿੱਤ ਨੂੰ ਪਹਿਲ ਦਿੰਦੇ

Posted On: 24 AUG 2025 5:46PM by PIB Chandigarh

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ, ਸ਼੍ਰੀ ਅਮਿਤ ਸ਼ਾਹ ਨੇ ਅੱਜ ਦਿੱਲੀ ਵਿਧਾਨ ਸਭਾ ਵਿਖੇ ਸੁਤੰਤਰਤਾ ਸੈਨਾਨੀ ਵਿੱਠਲਭਾਈ ਪਟੇਲ ਦੀ ਕੇਂਦਰੀ ਵਿਧਾਨ ਸਭਾ ਦੇ ਪਹਿਲੇ ਚੁਣੇ ਹੋਏ ਭਾਰਤੀ ਸਪੀਕਰ ਬਣਨ ਦੀ 100ਵੀਂ ਵਰ੍ਹੇਗੰਢ ਮਨਾਉਣ ਲਈ ਆਯੋਜਿਤ ਦੋ-ਦਿਨਾਂ ਆਲ ਇੰਡੀਆ ਸਪੀਕਰਜ਼ ਕਾਨਫਰੰਸ ਦਾ ਉਦਘਾਟਨ ਕੀਤਾ। ਇਸ ਮੌਕੇ 'ਤੇ, ਦਿੱਲੀ ਵਿਧਾਨ ਸਭਾ ਦੇ ਸਪੀਕਰ ਸ਼੍ਰੀ ਵਿਜੇਂਦਰ ਗੁਪਤਾ, ਕੇਂਦਰੀ ਸੰਸਦੀ ਮਾਮਲਿਆਂ ਦੇ ਮੰਤਰੀ ਸ਼੍ਰੀ ਕਿਰੇਨ ਰਿਜਿਜੂ, ਦਿੱਲੀ ਦੇ ਉਪ ਰਾਜਪਾਲ ਸ਼੍ਰੀ ਵਿਨੈ ਕੁਮਾਰ ਸਕਸੈਨਾ ਅਤੇ ਦਿੱਲੀ ਦੀ ਮੁੱਖ ਮੰਤਰੀ ਸ਼੍ਰੀਮਤੀ ਰੇਖਾ ਗੁਪਤਾ ਸਮੇਤ ਕਈ ਹੋਰ ਪਤਵੰਤੇ ਮੌਜੂਦ ਸਨ। ਇਸ ਕਾਨਫਰੰਸ ਵਿੱਚ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਵਿਧਾਨ ਸਭਾਵਾਂ ਦੇ ਸਪੀਕਰ ਅਤੇ ਡਿਪਟੀ ਸਪੀਕਰ, ਨਾਲ ਹੀ ਵਿਧਾਨ ਪ੍ਰੀਸ਼ਦਾਂ ਦੇ ਚੇਅਰਪਰਸਨ ਅਤੇ ਉਪ-ਚੇਅਰਪਰਸਨ ਸ਼ਾਮਲ ਹੋ ਰਹੇ ਹਨ। ਇਸ ਮੌਕੇ 'ਤੇ, ਕੇਂਦਰੀ ਗ੍ਰਹਿ ਮੰਤਰੀ ਨੇ ਦਿੱਲੀ ਵਿਧਾਨ ਸਭਾ ਪਰਿਸਰ ਵਿੱਚ ਵਿੱਠਲਭਾਈ ਪਟੇਲ ਦੇ ਜੀਵਨ 'ਤੇ ਅਧਾਰਿਤ ਇੱਕ ਪ੍ਰਦਰਸ਼ਨੀ ਦਾ ਵੀ ਦੌਰਾ ਕੀਤਾ।

1.JPG

ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਅੱਜ ਦੇਸ਼ ਦੇ ਵਿਧਾਨਕ ਇਤਿਹਾਸ ਦੀ ਸ਼ੁਰੂਆਤ ਹੈ। ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਅੱਜ ਦੇ ਦਿਨ, ਮਹਾਨ ਸੁਤੰਤਰਤਾ ਸੈਨਾਨੀ ਵਿੱਠਲਭਾਈ ਪਟੇਲ ਨੂੰ ਕੇਂਦਰੀ ਵਿਧਾਨ ਸਭਾ ਦਾ ਸਪੀਕਰ ਚੁਣਿਆ ਗਿਆ ਸੀ, ਜਿਸ ਨੇ ਭਾਰਤੀਆਂ ਦੀ ਅਗਵਾਈ ਵਿੱਚ ਵਿਧਾਨਕ ਇਤਿਹਾਸ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਨੇ ਕਿਹਾ ਕਿ ਇਸ ਸਦਨ ਨੇ ਭਾਰਤ ਦੇ ਆਜ਼ਾਦੀ ਅੰਦੋਲਨ ਦੇ ਕਈ ਉੱਘੇ ਅਤੇ ਸੀਨੀਅਰ ਨੇਤਾਵਾਂ ਨੇ ਵਿਧਾਇਕਾਂ ਵਜੋਂ ਮਹੱਤਵਪੂਰਨ ਯੋਗਦਾਨ ਦੇਖਿਆ ਹੈ। ਮਹਾਮਨਾ ਮਦਨ ਮੋਹਨ ਮਾਲਵੀਆ ਲਗਭਗ 20 ਵਰ੍ਹਿਆ ਤੱਕ ਇਸ ਸਦਨ ਦੇ ਮੈਂਬਰ ਰਹੇ। ਸ਼੍ਰੀ ਸ਼ਾਹ ਨੇ ਅੱਗੇ ਕਿਹਾ ਕਿ ਮਹਾਤਮਾ ਗਾਂਧੀ ਦੇ ਗੁਰੂ ਗੋਪਾਲ ਕ੍ਰਿਸ਼ਨ ਗੋਖਲੇ, ਲਾਲਾ ਲਾਜਪਤ ਰਾਏ ਅਤੇ ਦੇਸ਼ਬੰਧੂ ਚਿਤਰੰਜਨ ਦਾਸ ਵਰਗੀਆਂ ਉੱਘੀਆਂ ਸ਼ਖਸੀਅਤਾਂ ਨੇ ਆਪਣੇ ਪ੍ਰਭਾਵਸ਼ਾਲੀ ਭਾਸ਼ਣਾਂ ਰਾਹੀਂ ਦੇਸ਼ ਦੀ ਜਨਤਾ ਦੀ ਆਜ਼ਾਦੀ ਦੀ ਤਮੰਨਾ ਅਤੇ ਆਜ਼ਾਦੀ ਪ੍ਰਤੀ ਉਨ੍ਹਾਂ ਦੀਆਂ ਇੱਛਾਵਾਂ ਨੂੰ ਸ਼ਬਦਾਂ ਵਿੱਚ ਪ੍ਰਗਟ ਕਰਕੇ ਦੇਸ਼ ਦੇ ਸਾਹਮਣੇ ਪੇਸ਼ ਕੀਤਾ।

00002.JPG

ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਦਿੱਲੀ ਵਿਧਾਨ ਸਭਾ ਦੇ ਸਪੀਕਰ ਨੂੰ ਤਾਕੀਦ ਕੀਤੀ ਕਿ ਉਹ ਇਸ ਸਦਨ ਵਿੱਚ ਉੱਘੀਆਂ ਸ਼ਖਸੀਅਤਾਂ ਦੁਆਰਾ ਦਿੱਤੇ ਗਏ ਭਾਸ਼ਣਾਂ ਦਾ ਸੰਗ੍ਰਿਹ ਕਰਨ ਅਤੇ ਉਨ੍ਹਾਂ ਨੂੰ ਦੇਸ਼ ਭਰ ਦੀਆਂ ਸਾਰੀਆਂ ਵਿਧਾਨ ਸਭਾਵਾਂ ਦੀਆਂ ਲਾਇਬ੍ਰੇਰੀਆਂ ਵਿੱਚ ਉਪਲਬਧ ਕਰਵਾਉਣ, ਤਾਂ ਜੋ ਵਿਧਾਇਕ ਅਤੇ ਅੱਜ ਦੇ ਨੌਜਵਾਨ ਸਮਝ ਸਕਣ ਕਿ ਦਿੱਲੀ ਵਿਧਾਨ ਸਭਾ ਵਿੱਚ ਆਜ਼ਾਦੀ ਦੀ ਭਾਵਨਾ ਕਿਵੇਂ ਜਗਾਈ ਗਈ ਸੀ। ਸ਼੍ਰੀ ਸ਼ਾਹ ਨੇ ਕਿਹਾ ਕਿ ਦਿੱਲੀ ਵਿਧਾਨ ਸਭਾ ਨੇ ਵਿੱਠਲਭਾਈ ਪਟੇਲ ਦੇ ਜੀਵਨ 'ਤੇ ਇੱਕ ਸ਼ਾਨਦਾਰ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਹੈ। ਉਨ੍ਹਾਂ ਨੇ ਅਪੀਲ ਕੀਤੀ ਕਿ ਸਾਰੀਆਂ ਵਿਧਾਨ ਸਭਾਵਾਂ ਵਿੱਚ ਅਜਿਹੀਆਂ ਪ੍ਰਦਰਸ਼ਨੀਆਂ ਲਗਾਈਆਂ ਜਾਣ ਤਾਂ ਜੋ ਨਾ ਸਿਰਫ਼ ਵਿੱਠਲਭਾਈ ਦੇ ਜੀਵਨ ਅਤੇ ਯੋਗਦਾਨ ਬਾਰੇ, ਸਗੋਂ ਵਿਧਾਇਕਾਂ, ਵਿਧਾਨ ਪ੍ਰੀਸ਼ਦਾਂ ਦੇ ਮੈਂਬਰਾਂ ਅਤੇ ਦੇਸ਼ ਦੇ ਨੌਜਵਾਨਾਂ ਨੂੰ ਆਜ਼ਾਦੀ ਸੰਗਰਾਮ ਦੇ ਇਤਿਹਾਸ ਬਾਰੇ ਵੀ ਜਾਣਕਾਰੀ ਪ੍ਰਦਾਨ ਕੀਤੀ ਜਾ ਸਕੇ। ਉਨ੍ਹਾਂ ਨੇ ਇਨ੍ਹਾਂ ਸਦਨਾਂ ਦੀਆਂ ਲਾਇਬ੍ਰੇਰੀਆਂ ਨੂੰ ਸਮ੍ਰਿੱਧ ਬਣਾਉਣ ਦੀ ਜ਼ਰੂਰਤ 'ਤੇ ਵੀ ਜ਼ੋਰ ਦਿੱਤਾ।

002.JPG

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਵਿੱਠਲਭਾਈ ਪਟੇਲ ਨੇ ਭਾਰਤ ਦੀਆਂ ਵਿਧਾਨਕ ਪਰੰਪਰਾਵਾਂ ਦੀ ਨੀਂਹ ਰੱਖੀ, ਜਿਸ ਨਾਲ ਅੱਜ ਦੇ ਲੋਕਤੰਤਰ ਨੂੰ ਮਜ਼ਬੂਤੀ ਮਿਲੀ। ਉਨ੍ਹਾਂ ਨੇ ਕਿਹਾ ਕਿ ਜੇਕਰ ਕਿਸੇ ਨੇ ਭਾਰਤੀ ਕਦਰਾਂ-ਕੀਮਤਾਂ ਦੇ ਅਧਾਰ 'ਤੇ ਦੇਸ਼ ਨੂੰ ਲੋਕਤੰਤਰੀ ਢੰਗ ਨਾਲ ਚਲਾਉਣ ਲਈ ਢਾਂਚਾ ਸਥਾਪਤ ਕੀਤਾ ਹੈ, ਤਾਂ ਉਹ ਨਿਰਸੰਦੇਹ ਬਹਾਦਰ ਵਿੱਠਲਭਾਈ ਪਟੇਲ ਸਨ। ਉਨ੍ਹਾਂ ਨੇ ਕਈ ਪਰੰਪਰਾਵਾਂ ਸਥਾਪਿਤ ਕੀਤੀਆਂ ਜੋ ਸਾਨੂੰ ਸਾਰਿਆਂ ਨੂੰ ਮਾਰਗਦਰਸ਼ਨ ਕਰਦੀਆਂ ਰਹਿੰਦੀਆਂ ਹਨ, ਖਾਸ ਕਰਕੇ ਵਿਧਾਨਕ ਕਾਰਜਾਂ ਅਤੇ ਸਪੀਕਰ ਦੀਆਂ ਜ਼ਿੰਮੇਵਾਰੀਆਂ ਦੇ ਲਈ, ਜਯੋਤਿਰਮਯ ਚਿਰਾਗ ਵਾਂਗ ਮਾਰਗਦਰਸ਼ਨ ਕਰ ਰਹੀਆਂ ਹਨ। ਸ਼੍ਰੀ ਸ਼ਾਹ ਨੇ ਟਿੱਪਣੀ ਕੀਤੀ ਕਿ ਵਿੱਠਲਭਾਈ ਪਟੇਲ ਦੇ ਸਾਹਮਣੇ ਕਈ ਪ੍ਰੀਖਿਆਵਾਂ ਦੀਆਂ ਘੜੀਆਂ ਆਈਆਂ, ਪਰ ਉਹ ਹਰ ਪ੍ਰੀਖਿਆ ਵਿੱਚ ਸਫਲ ਹੋਏ। ਉਨ੍ਹਾਂ ਨੇ ਨਾ ਤਾਂ ਵਿਧਾਨ ਸਭਾ ਸਪੀਕਰ ਦੀ ਸ਼ਾਨ ਨੂੰ ਘਟਣ ਦਿੱਤਾ, ਨਾ ਹੀ ਸਦਨ ਨੂੰ ਰਾਸ਼ਟਰ ਦੀ ਆਵਾਜ਼ ਨੂੰ ਦਬਾਉਣ ਦਿੱਤਾ, ਨਾ ਹੀ ਅੰਗਰੇਜ਼ਾਂ ਦੀ ਤਤਕਾਲੀ ਪ੍ਰਚਲਿਤ  ਮਾਨਸਿਕਤਾ ਨੂੰ ਵਿਧਾਨ ਸਭਾ ਦੀ ਕਾਰਵਾਈ 'ਤੇ ਹਾਵੀ ਹੋਣ ਦਿੱਤਾ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਵਿੱਠਲਭਾਈ ਪਟੇਲ ਦੇ ਕਾਰਜਕਾਲ ਦੌਰਾਨ, ਕੇਂਦਰ ਅਤੇ ਸਾਰੇ ਰਾਜਾਂ ਵਿੱਚ ਵਿਧਾਨਕ ਵਿਭਾਗ ਅਤੇ ਵਿਧਾਨ ਸਭਾ ਸਕੱਤਰੇਤ ਸਥਾਪਿਤ ਕੀਤੇ ਗਏ ਸਨ। ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਉਸ ਸਮੇਂ ਵਿੱਠਲਭਾਈ ਦੀ ਟਿੱਪਣੀ ਮਹੱਤਵਪੂਰਨ ਸੀ ਕਿ ਕੋਈ ਵੀ ਵਿਧਾਨ ਸਭਾ ਚੁਣੀਆਂ ਹੋਈਆਂ ਸਰਕਾਰਾਂ ਦੇ ਨਿਯੰਤਰਣ ਹੇਠ ਕੰਮ ਨਹੀਂ ਕਰ ਸਕਦੀ। ਵਿਧਾਨ ਸਭਾ ਨੂੰ ਆਪਣੇ ਅੰਦਰ ਹੋਣ ਵਾਲੀਆਂ ਬਹਿਸਾਂ ਦੀ ਸਾਰਥਕਤਾ ਨੂੰ ਯਕੀਨੀ ਬਣਾਉਣ ਲਈ ਸੁਤੰਤਰ ਰਹਿਣਾ ਚਾਹੀਦਾ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਵਿੱਠਲਭਾਈ ਪਟੇਲ ਦੁਆਰਾ ਇੱਕ ਸੁਤੰਤਰ ਵਿਧਾਨਕ ਵਿਭਾਗ ਸਥਾਪਤ ਕਰਨ ਦੇ ਫੈਸਲੇ ਨੂੰ ਸਾਡੀ ਸੰਵਿਧਾਨ ਸਭਾ ਨੇ ਵੀ ਸਵੀਕਾਰ ਕੀਤਾ ਸੀ।

2.JPG

ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਵਿੱਠਲਭਾਈ ਪਟੇਲ ਦੇ ਸਪੀਕਰ ਬਣਨ ਦੀ 100ਵੀਂ ਵਰ੍ਹੇਗੰਢ ਦੇ ਮੌਕੇ 'ਤੇ, ਇਹ ਸਾਡੇ ਸਾਰਿਆਂ ਲਈ ਇੱਕ ਮਹੱਤਵਪੂਰਨ ਮੌਕਾ ਹੈ ਕਿ ਅਸੀਂ ਆਪਣੀਆਂ-ਆਪਣੀਆਂ ਵਿਧਾਨ ਸਭਾਵਾਂ ਵਿੱਚ ਸਪੀਕਰ ਦੇ ਅਹੁਦੇ ਦੀ ਸ਼ਾਨ ਨੂੰ ਵਧਾਉਣ ਲਈ ਕੰਮ ਕਰੀਏ। ਉਨ੍ਹਾਂ ਨੇ ਤਾਕੀਦ ਕੀਤੀ ਕਿ ਅਸੀਂ ਆਪਣੇ-ਆਪਣੇ ਰਾਜਾਂ ਵਿੱਚ ਲੋਕਾਂ ਦੀ ਆਵਾਜ਼ ਲਈ ਇੱਕ ਨਿਰਪੱਖ ਪਲੇਟਫਾਰਮ ਸਥਾਪਤ ਕਰੀਏ, ਸੱਤਾਧਾਰੀ ਅਤੇ ਵਿਰੋਧੀ ਧਿਰਾਂ ਵਿਚਕਾਰ ਨਿਰਪੱਖ ਬਹਿਸਾਂ ਨੂੰ ਯਕੀਨੀ ਬਣਾਈਏ, ਅਤੇ ਇਹ ਯਕੀਨੀ ਬਣਾਈਏ ਕਿ ਸਦਨ ਦੀ ਕਾਰਵਾਈ ਵਿਧਾਨ ਸਭਾ, ਲੋਕ ਸਭਾ ਅਤੇ ਰਾਜ ਸਭਾ ਦੇ ਨਿਯਮਾਂ ਅਨੁਸਾਰ ਚਲਾਈ ਜਾਵੇ। ਸ਼੍ਰੀ ਸ਼ਾਹ ਨੇ ਜ਼ੋਰ ਦੇ ਕੇ ਕਿਹਾ ਕਿ ਲੋਕਤੰਤਰ ਵਿੱਚ ਜਨਤਕ ਮੁੱਦਿਆਂ ਦੇ ਹੱਲ ਲਈ ਵਿਚਾਰ-ਵਟਾਂਦਰਾ ਸਭ ਤੋਂ ਵਧੀਆ ਮਾਧਿਅਮ ਹੈ। ਜਦੋਂ ਵੀ ਵਿਧਾਨ ਸਭਾਵਾਂ ਨੇ ਆਪਣੀ ਗਰਿਮਾ ਗੁਆ ਦਿੱਤੀ ਹੈ, ਤਦ ਸਾਨੂੰ ਗੰਭੀਰ ਨਤੀਜੇ ਭੁਗਤਣੇ ਪਏ ਹਨ। ਉਨ੍ਹਾਂ ਕਿਹਾ ਕਿ ਵਿਧਾਨ ਸਭਾਵਾਂ ਦੀ ਗਰਿਮਾ ਅਜਿਹੀ ਹੋਣੀ ਚਾਹੀਦੀ ਹੈ ਕਿ ਉਹ ਰਾਸ਼ਟਰ ਦੇ ਹਿੱਤ ਵਿੱਚ ਲੋਕਾਂ ਦੀ ਆਵਾਜ਼ ਨੂੰ ਪ੍ਰਗਟ ਕਰਨ ਲਈ ਇੱਕ ਮਾਧਿਅਮ ਵਜੋਂ ਕੰਮ ਕਰਨ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਭਾਰਤ ਵਿੱਚ, ਸਪੀਕਰ ਨੂੰ ਇੱਕ ਸੰਸਥਾ ਦਾ ਦਰਜਾ ਦਿੱਤਾ ਜਾਂਦਾ ਹੈ। ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਸਦਨ ਵਿੱਚ ਸਭ ਤੋਂ ਚੁਣੌਤੀਪੂਰਨ ਭੂਮਿਕਾ ਸਪੀਕਰ ਦੀ ਹੁੰਦੀ ਹੈ, ਕਿਉਂਕਿ ਉਹ ਇੱਕ ਰਾਜਨੀਤਿਕ ਪਾਰਟੀ ਤੋਂ ਚੁਣੇ ਜਾਂਦੇ ਹਨ ਪਰ, ਸਹੁੰ ਚੁੱਕਣ ਤੋਂ ਬਾਅਦ, ਇੱਕ ਨਿਰਪੱਖ ਅੰਪਾਇਰ ਦੀ ਭੂਮਿਕਾ ਨਿਭਾਉਂਦੇ ਹਨ। ਸ਼੍ਰੀ ਸ਼ਾਹ ਨੇ ਕਿਹਾ ਕਿ ਸਾਡੇ ਸੰਵਿਧਾਨ ਦੇ 75 ਸਾਲਾਂ ਵਿੱਚ, ਦੇਸ਼ ਦੀਆਂ ਵਿਧਾਨ ਸਭਾਵਾਂ ਅਤੇ ਲੋਕ ਸਭਾ ਦੇ ਸਪੀਕਰਾਂ ਨੇ ਸਦਨ ਦੀ ਸ਼ਾਨ ਨੂੰ ਵਧਾਉਣ ਲਈ ਲਗਾਤਾਰ ਕੰਮ ਕੀਤਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਨਿਰਪੱਖਤਾ ਅਤੇ ਨਿਆਂ ਦੋ ਥੰਮ੍ਹ ਹਨ ਜਿਨ੍ਹਾਂ 'ਤੇ ਸਪੀਕਰ ਦੀ ਗਰਿਮਾ ਟਿਕੀ ਹੋਈ ਹੈ। ਇੱਕ ਤਰ੍ਹਾਂ ਨਾਲ, ਸਪੀਕਰ ਨੂੰ ਸਦਨ ਦਾ ਸਰਪ੍ਰਸਤ ਅਤੇ ਸੇਵਕ ਦੋਵੇਂ ਮੰਨਿਆ ਜਾਂਦਾ ਹੈ। ਉਨ੍ਹਾਂ ਨੇ  ਅੱਗੇ ਕਿਹਾ ਕਿ ਲਗਭਗ 80 ਵਰ੍ਹਿਆ ਵਿੱਚ, ਅਸੀਂ ਲੋਕਤੰਤਰ ਦੀਆਂ ਨੀਹਾਂ ਨੂੰ ਡੂੰਘਾ ਕੀਤਾ ਹੈ, ਇਹ ਸਾਬਤ ਕੀਤਾ ਹੈ ਕਿ ਭਾਰਤੀ ਲੋਕਾਂ ਦੀ ਰਗਾਂ ਅਤੇ ਸੁਭਾਅ ਵਿੱਚ ਲੋਕਤੰਤਰ ਵਸਿਆ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਕਿ ਬਹੁਤ ਸਾਰੇ ਦੇਸ਼ ਲੋਕਤੰਤਰ ਵਜੋਂ ਸ਼ੁਰੂ ਹੋਏ ਸਨ, ਲੇਕਿਨ ਕੁਝ ਦਹਾਕਿਆਂ ਦੇ ਅੰਦਰ, ਸ਼ਾਸਨ ਦੇ ਵੱਖ-ਵੱਖ ਰੂਪਾਂ ਨੇ ਉਨ੍ਹਾਂ ਦੇਸ਼ਾਂ ਵਿੱਚ ਲੋਕਤੰਤਰ ਦੀ ਥਾਂ ਲੈ ਲਈ।

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ, ਭਾਰਤ ਨੇ ਸੱਤਾ ਵਿੱਚ ਕਈ ਬਦਲਾਅ ਦੇਖੇ, ਬਿਨਾਂ ਖੂਨ ਦੀ ਇੱਕ ਵੀ ਬੂੰਦ ਵਹਾਏ ਸ਼ਾਂਤੀਪੂਰਨ ਸੱਤਾ ਤਬਦੀਲੀਆਂ ਹੋਈਆਂ। ਇਸਦਾ ਮੁੱਖ ਕਾਰਨ ਇਹ ਹੈ ਕਿ ਅਸੀਂ ਆਪਣੀ ਵਿਧਾਨਕ ਪ੍ਰਕਿਰਿਆ ਨੂੰ ਸਾਵਧਾਨੀ ਨਾਲ ਸੁਰੱਖਿਅਤ ਰੱਖਿਆ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਆਪਣੀ ਪ੍ਰਣਾਲੀ ਵਿੱਚ ਸਮੇਂ ਸਿਰ ਅਨੁਕੂਲ  ਸੁਧਾਰ ਵੀ ਕੀਤੇ ਹਨ।

3.JPG

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਵਿਧਾਨ ਸਭਾਵਾਂ ਵਿੱਚ ਕਿਸਾਨਾਂ ਦੀਆਂ ਹਰੀਆਂ – ਭਰੀਆਂ ਫਸਲਾਂ ਤੋਂ ਲੈ ਕੇ ਨੌਜਵਾਨਾਂ ਦੇ ਸੁਪਨਿਆਂ ਤੱਕ, ਮਹਿਲਾ ਸਸ਼ਕਤੀਕਰਣ ਤੋਂ ਲੈ ਕੇ ਸਮਾਜ ਦੇ ਹਰ ਹਾਸ਼ੀਏ 'ਤੇ ਪਏ ਵਰਗ ਦੀ ਭਲਾਈ ਤੱਕ, ਅਤੇ ਰਾਸ਼ਟਰੀ ਏਕਤਾ ਅਤੇ ਅਖੰਡਤਾ ਤੋਂ ਲੈ ਕੇ ਰਾਸ਼ਟਰੀ ਸੁਰੱਖਿਆ ਤੱਕ, ਕਈ ਮੁੱਦਿਆਂ 'ਤੇ ਵਿਆਪਕ ਚਰਚਾਵਾਂ ਦੀ ਮੇਜ਼ਬਾਨੀ ਕਰਦੀਆਂ ਹਨ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਵਿਧਾਨ ਸਭਾ ਦੀ ਕਾਰਵਾਈ ਤਿੰਨ ਮੁੱਖ ਪਹਿਲੂਆਂ ਵਿਵੇਕ, ਵਿਚਾਰ ਅਤੇ ਕਾਨੂੰਨ 'ਤੇ ਕੇਂਦ੍ਰਿਤ ਹੋਣੀ ਚਾਹੀਦੀ ਹੈ। ਵਿਵੇਕ, ਵਿਚਾਰਾਂ ਨੂੰ ਜਨਮ ਦਿੰਦਾ ਹੈ, ਅਤੇ ਵਿਚਾਰ ਕਾਨੂੰਨ ਬਣਾਉਣ ਵੱਲ ਲੈ ਜਾਂਦੇ ਹਨ, ਜੋ ਕਿ ਵਿਧਾਨ ਸਭਾ ਦਾ ਮੁੱਖ ਕਾਰਜ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਕਿਸੇ ਵੀ ਕਾਨੂੰਨ ਦਾ ਅੰਤਿਮ ਉਦੇਸ਼ ਲੋਕ ਭਲਾਈ ਹੋਣਾ ਚਾਹੀਦਾ ਹੈ। ਇਸਦਾ ਟੀਚਾ ਰਾਜ ਅਤੇ ਰਾਸ਼ਟਰ ਦੇ ਸੁਚਾਰੂ ਕੰਮਕਾਜ ਨੂੰ ਯਕੀਨੀ ਬਣਾਉਣਾ ਹੈ, ਜਿਸ ਦਾ ਅੰਤਿਮ ਉਦੇਸ਼ ਇੱਕ ਸਮਾਵੇਸ਼ੀ ਅਤੇ ਵਿਆਪਕ ਵਿਕਾਸ ਮਾਡਲ ਨੂੰ ਉਤਸ਼ਾਹਿਤ ਕਰਨਾ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਜਦੋਂ ਸਪੀਕਰ ਵਿਵੇਕ, ਵਿਚਾਰਾਂ ਅਤੇ ਕਾਨੂੰਨ ਦਾ ਪੂਰਾ ਸਤਿਕਾਰ ਕਰਦਾ ਹੈ, ਤਾਂ ਵਿਧਾਨ ਸਭਾਵਾਂ ਪੱਖਪਾਤੀ ਹਿੱਤਾਂ ਤੋਂ ਉੱਪਰ ਉੱਠ ਕੇ ਰਾਜ ਅਤੇ ਰਾਸ਼ਟਰ ਦੇ ਹਿੱਤਾਂ 'ਤੇ ਧਿਆਨ  ਕੇਂਦ੍ਰਿਤ  ਕਰਦੀਆਂ ਹਨ, ਅਤੇ ਲੋਕ ਸਭਾ ਰਾਸ਼ਟਰੀ ਹਿੱਤਾਂ 'ਤੇ ਧਿਆਨ ਕੇਂਦ੍ਰਿਤ ਕਰਦੀ ਹੈ। ਉਨ੍ਹਾਂ ਨੇ ਕਿਹਾ ਕਿ ਪੱਖਪਾਤੀ ਹਿੱਤਾਂ 'ਤੇ ਰਾਸ਼ਟਰੀ ਹਿੱਤਾਂ ਨੂੰ ਤਰਜੀਹ ਦੇਣਾ ਹੀ ਲੋਕਤੰਤਰ ਦੀਆਂ ਉੱਚਤਮ ਗਰਿਮਾਮਈ ਉਚਾਈਆਂ ਨੂੰ ਪ੍ਰਾਪਤ ਕਰਨ ਦਾ ਇੱਕੋ ਇੱਕ ਮਾਰਗ ਹੈ।

ਕੇਂਦਰੀ ਗ੍ਰਹਿ ਮੰਤਰੀ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਜੇਕਰ ਸੰਸਦ ਅਤੇ ਵਿਧਾਨ ਸਭਾਵਾਂ ਦੇ ਗਲਿਆਰਿਆਂ ਵਿੱਚ ਅਰਥਪੂਰਨ ਬਹਿਸਾਂ ਨਹੀਂ ਹੁੰਦੀਆਂ, ਤਾਂ ਉਹ ਸਿਰਫ਼ ਬੇਜਾਨ ਇਮਾਰਤਾਂ ਬਣ ਜਾਣਗੀਆਂ। ਉਨ੍ਹਾਂ ਕਿਹਾ ਕਿ ਇਨ੍ਹਾਂ ਇਮਾਰਤਾਂ ਵਿੱਚ ਭਾਵਨਾਵਾਂ ਅਤੇ ਵਿਚਾਰਾਂ ਨੂੰ ਪ੍ਰਗਟ ਕਰਨ ਦਾ ਕੰਮ ਸਪੀਕਰ ਦੀ ਅਗਵਾਈ ਹੇਠ ਸਦਨ ਦੇ ਸਾਰੇ ਮੈਂਬਰਾਂ ਦਾ ਹੈ। ਕੇਵਲ ਤਦ ਹੀ ਇਹ ਇੱਕ ਜੀਵੰਤ ਇਕਾਈ ਬਣ ਜਾਂਦੀ ਹੈ ਜੋ ਰਾਸ਼ਟਰ ਅਤੇ ਰਾਜ ਦੇ ਹਿੱਤ ਵਿੱਚ ਕੰਮ ਕਰਦੀ ਹੈ। ਸ਼੍ਰੀ ਸ਼ਾਹ ਨੇ ਜ਼ੋਰ ਦੇ ਕੇ ਕਿਹਾ ਕਿ ਸੰਸਦ ਅਤੇ ਵਿਧਾਨ ਸਭਾਵਾਂ ਨੂੰ ਰਾਜਨੀਤਿਕ ਹਿੱਤਾਂ ਲਈ ਕੰਮ ਕਰਨ ਤੋਂ ਰੋਕਣਾ ਬਹਿਸ ਨਹੀਂ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਵਿਰੋਧ ਪ੍ਰਦਰਸ਼ਨਾਂ ਨੂੰ ਰੋਕਿਆ ਜਾਣਾ ਚਾਹੀਦਾ ਹੈ। ਪ੍ਰਤੀਕਾਤਮਕ ਵਿਰੋਧ ਪ੍ਰਦਰਸ਼ਨਾਂ ਦੀ ਆਪਣੀ ਜਗ੍ਹਾ ਹੈ, ਪਰ ਵਿਰੋਧ ਪ੍ਰਦਰਸ਼ਨਾਂ ਦੇ ਬਹਾਨੇ, ਪੂਰੇ ਸੈਸ਼ਨਾਂ ਦੌਰਾਨ, ਦਿਨ-ਪ੍ਰਤੀਦਿਨ ਸਦਨ ਨੂੰ ਰੋਕਣ ਦੀ ਉਭਰ ਰਹੀ ਪਰੰਪਰਾ ਲਈ ਜਨਤਾ ਅਤੇ ਚੁਣੇ ਹੋਏ ਪ੍ਰਤੀਨਿਧੀਆਂ ਨੂੰ ਵਿਚਾਰ ਕਰਨਾ ਹੋਵੇਗਾ । ਉਨ੍ਹਾਂ ਨੇ ਕਿਹਾ ਕਿ ਜਦੋਂ ਸਦਨ ਵਿੱਚ ਚਰਚਾਵਾਂ ਸਮਾਪਤ ਹੋ ਜਾਂਦੀਆਂ ਹਨ, ਤਾਂ ਰਾਸ਼ਟਰ ਦੇ ਵਿਕਾਸ ਵਿੱਚ ਇਸ ਦਾ ਯੋਗਦਾਨ ਕਾਫ਼ੀ ਸੀਮਤ ਹੋ ਜਾਂਦਾ ਹੈ।

4.JPG

ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਸਾਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਹਰ ਵਿਧਾਨ ਯਾਨੀ ਕਾਨੂੰਨ, ਲੋਕਾਂ ਦੇ ਭਰੋਸੇ ਤੋਂ ਪੈਦਾ ਹੋਵੇ ਅਤੇ ਉਸ ਦਿਸ਼ਾ ਵਿੱਚ ਅੱਗੇ ਵਧੇ। ਉਨ੍ਹਾ ਨੇ ਕਿਹਾ ਕਿ ਸਦਨ ਲੋਕਤੰਤਰ ਦਾ ਇੰਜਣ ਹੈ, ਅਤੇ ਜਦੋਂ ਇੱਥੇ ਕੁਸ਼ਲ ਪਰੰਪਰਾਵਾਂ ਸਥਾਪਿਤ ਕੀਤੀਆਂ ਜਾਂਦੀਆਂ ਹਨ, ਰਾਸ਼ਟਰੀ ਨੀਤੀਆਂ ਬਣਾਈਆਂ ਜਾਂਦੀਆਂ ਹਨ, ਅਤੇ ਰਾਸ਼ਟਰ ਦੇ ਹਿੱਤ ਵਿੱਚ ਕਾਨੂੰਨ ਬਣਾਏ ਜਾਂਦੇ ਹਨ, ਤਾਂ ਰਾਸ਼ਟਰ ਦੀ ਦਿਸ਼ਾ ਕੁਦਰਤੀ ਤੌਰ 'ਤੇ ਸਪੱਸ਼ਟ ਹੋ ਜਾਂਦੀ ਹੈ।

 

***************

 

ਆਰਕੇ/ਵੀਵੀ/ਪੀਐਸ/ਪੀਆਰ


(Release ID: 2160430)