ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਨਵੀਂ ਦਿੱਲੀ ਵਿੱਚ ਇਕੌਨਮਿਕ ਟਾਈਮਜ਼ ਵਰਲਡ ਲੀਡਰਸ ਫੋਰਮ ਨੂੰ ਸੰਬੋਧਨ ਕੀਤਾ


ਭਾਰਤ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧਦੀ ਪ੍ਰਮੁੱਖ ਅਰਵਿਵਸਥਾ ਹੈ ਅਤੇ ਜਲਦੀ ਹੀ ਗਲੋਬਲ ਪੱਧਰ ‘ਤੇ ਤੀਸਰੀ ਸਭ ਤੋਂ ਵੱਡੀ ਅਰਥਵਿਵਸਥਾ ਬਣਨ ਵੱਲ ਅੱਗੇ ਵਧ ਰਿਹਾ ਹੈ: ਪ੍ਰਧਾਨ ਮੰਤਰੀ

ਭਾਰਤ ਆਪਣੇ ਲਚਕੀਲੇਪਣ ਅਤੇ ਮਜ਼ਬੂਤੀ ਦੇ ਨਾਲ ਦੁਨੀਆ ਲਈ ਉਮੀਦ ਦੀ ਕਿਰਨ ਹੈ: ਪ੍ਰਧਾਨ ਮੰਤਰੀ

ਸਾਡੀ ਸਰਕਾਰ ਭਾਰਤ ਦੇ ਪੁਲਾੜ ਖੇਤਰ ਵਿੱਚ ਨਵੀਂ ਊਰਜਾ ਦਾ ਸੰਚਾਰ ਕਰ ਰਹੀ ਹੈ: ਪ੍ਰਧਾਨ ਮੰਤਰੀ

ਅਸੀਂ ਸਿਰਫ਼ ਹੌਲੀ-ਹੌਲੀ ਬਦਲਾਅ ਨਹੀਂ, ਸਗੋਂ ਇੱਕ ਵੱਡੀ ਛਲਾਂਗ ਦੇ ਟੀਚੇ ਨਾਲ ਅੱਗੇ ਵਧ ਰਹੇ ਹਾਂ: ਪ੍ਰਧਾਨ ਮੰਤਰੀ

ਸਾਡੇ ਲਈ, ਸੁਧਾਨ ਨਾ ਤਾਂ ਕੋਈ ਮਜ਼ਬੂਰੀ ਹੈ ਅਤੇ ਨਾ ਹੀ ਸੰਕਟ ਤੋਂ ਪ੍ਰੇਰਿਤ ਹੈ, ਸਗੋਂ ਪ੍ਰਤੀਬੱਧਤਾ ਅਤੇ ਦ੍ਰਿੜ੍ਹ ਵਿਸ਼ਵਾਸ ਦਾ ਵਿਸ਼ਾ ਹੈ: ਪ੍ਰਧਾਨ ਮੰਤਰੀ

ਜੋ ਹਾਸਲ ਹੋ ਚੁੱਕਿਆ ਹੈ, ਉਸ ਤੋਂ ਸੰਤੁਸ਼ਟ ਹੋਣਾ ਮੇਰੇ ਸੁਭਾਅ ਵਿੱਚ ਨਹੀਂ ਹੈ; ਇਹੀ ਦ੍ਰਿਸ਼ਟੀਕੋਣ ਸਾਡੇ ਸੁਧਾਰਾਂ ਦਾ ਮਾਰਗਦਰਸ਼ਨ ਕਰਦਾ ਹੈ: ਪ੍ਰਧਾਨ ਮੰਤਰੀ

ਜੀਐੱਸਟੀ ਵਿੱਚ ਇੱਕ ਵੱਡਾ ਸੁਧਾਰ ਕੀਤਾ ਜਾ ਰਿਹਾ ਹੈ, ਜੋ ਇਸ ਦੀਵਾਲੀ ਤੱਕ ਪੂਰਾ ਹੋ ਜਾਵੇਗਾ, ਜਿਸ ਨਾਲ ਜੀਐੱਸਟੀ ਸਰਲ ਹੋ ਜਾਵੇਗਾ ਅਤੇ ਕੀਮਤਾਂ ਘੱਟ ਹੋ ਜਾਣਗੀਆਂ: ਪ੍ਰਧਾਨ ਮੰਤਰੀ

ਵਿਕਸਿਤ ਭਾਰਤ ਦੀ ਨੀਂਹ ਆਤਮਨਿਰਭਰ ਭਾਰਤ ਹੈ: ਪ੍ਰਧਾਨ ਮੰਤਰੀ

ਵਿਦਿਆਰਥੀਆਂ ਲਈ ‘ਵਨ ਨੇਸ਼ਨ, ਵਨ ਸਬਸਕ੍ਰਿਪਸ਼ਨ’ ਨੇ ਵਿਸ਼ਵਪੱਧਰੀ ਖੋਜ ਪੱਤ੍ਰਿਕਾਵਾਂ ਤੱਕ ਪਹੁੰਚ ਨੂੰ ਅਸਾਨ ਬਣਾ ਦਿੱਤਾ ਹੈ: ਪ੍ਰਧਾਨ ਮੰਤਰੀ

ਸੁਧਾ

Posted On: 23 AUG 2025 10:12PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿੱਚ ਇਕੌਨਮਿਕ ਟਾਈਮਜ਼ ਵਰਲਡ ਲੀਡਰਸ ਫੋਰਮ ਨੂੰ ਸੰਬੋਧਨ ਕੀਤਾ। ਇਸ ਮੌਕੇ ‘ਤੇ, ਪ੍ਰਧਾਨ ਮੰਤਰੀ ਨੇ ਵਰਲਡ ਲੀਡਰ ਫੋਰਮ ਵਿੱਚ ਮੌਜੂਦ ਸਾਰੇ ਵਿਸ਼ੇਸ਼ ਮਹਿਮਾਨਾਂ ਦਾ ਸੁਆਗਤ ਕੀਤਾ। ਇਸ ਫੋਰਮ ਦੇ ਆਯੋਜਨ ਦੇ ਸਮੇਂ ਨੂੰ “ਬੇਹੱਦ ਉਪਯੁਕਤ” ਦੱਸਦੇ ਹੋਏ, ਸ਼੍ਰੀ ਮੋਦੀ ਨੇ ਇਸ ਸਮੇਂ ਸਿਰ ਪਹਿਲਕਦਮੀ ਦੇ ਲਈ ਆਯੋਜਕਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਇਸ ਗੱਲ ਨੂੰ ਉਜਾਗਰ ਕੀਤਾ ਕਿ ਪਿਛਲੇ ਹਫਤੇ ਹੀ ਉਨ੍ਹਾਂ ਨੇ ਲਾਲ ਕਿਲੇ ਤੋਂ ਅਗਲੀ ਪੀੜ੍ਹੀ ਦੇ ਸੁਧਾਰਾਂ ਬਾਰੇ ਗੱਲ ਕੀਤੀ ਸੀ ਅਤੇ ਅੱਗੇ ਕਿਹਾ ਕਿ ਇਹ ਫੋਰਮ ਹੁਣ ਉਸੇ ਭਾਵਨਾ ਨੂੰ ਗੁਣਾਤਮਕ ਬਲ ਪ੍ਰਦਾਨ ਕਰ ਰਿਹਾ ਹੈ।

ਇਹ ਜ਼ਿਕਰ ਕਰਦੇ ਹੋਏ ਕਿ ਫੋਰਮ ਵਿੱਚ ਗਲੋਬਲ ਸਥਿਤੀਆਂ ਅਤੇ ਭੂ-ਅਰਥਸ਼ਾਸਤਰ ‘ਤੇ ਵਿਆਪਕ ਚਰਚਾ ਹੋਈ ਹੈ, ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਗਲੋਬਲ ਸੰਦਰਭ ਵਿੱਚ ਦੇਖਣ ‘ਤੇ ਸਾਨੂੰ ਭਾਰਤ ਦੀ ਅਰਥਵਿਵਸਥਾ ਦੀ ਮਜ਼ਬੂਤੀ ਦਾ ਅਹਿਸਾਸ ਹੁੰਦਾ ਹੈ। ਉਨ੍ਹਾਂ ਨੇ ਇਸ ਗੱਲ ਨੂੰ ਉਜਾਗਰ ਕੀਤਾ ਕਿ ਭਾਰਤ ਵਰਤਮਾਨ ਵਿੱਚ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧਦੀ ਪ੍ਰਮੁੱਖ ਅਰਥਵਿਵਸਥਾ ਹੈ ਅਤੇ ਜਲਦੀ ਹੀ, ਭਾਰਤ ਵਿਸ਼ਵ ਪੱਧਰ ‘ਤੇ ਤੀਸਰੀ ਸਭ ਤੋਂ ਵੱਡੀ ਅਰਥਵਿਵਸਥਾ ਬਣਨ ਵੱਲ ਅੱਗੇ ਵਧ ਰਿਹਾ ਹੈ। ਸ਼੍ਰੀ ਮੋਦੀ ਨੇ ਮਾਹਿਰਾਂ ਦੇ ਮੁਲਾਂਕਣ ਦੀ ਉਦਾਹਰਣ ਦਿੱਤੀ, ਜੋ ਦੱਸਦੇ ਹਨ ਕਿ ਨੇੜਲੇ ਭਵਿੱਖ ਵਿੱਚ ਗਲੋਬਲ ਵਿਕਾਸ ਵਿੱਚ ਭਾਰਤ ਦਾ ਯੋਗਦਾਨ ਲਗਭਗ 20 ਪ੍ਰਤੀਸ਼ਤ ਤੱਕ ਪਹੁੰਚਣ ਦੀ ਉਮੀਦ ਹੈ। ਉਨ੍ਹਾਂ ਨੇ ਭਾਰਤ ਦੇ ਵਿਕਾਸ ਅਤੇ ਆਰਥਿਕ ਮਜ਼ਬੂਤੀ ਦਾ ਕ੍ਰੈਡਿਟ ਪਿਛਲੇ ਦਹਾਕੇ ਦੀ ਵਿਆਪਕ ਆਰਥਿਕ ਸਥਿਰਤਾ ਨੂੰ ਦਿੱਤਾ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਕੋਵਿਡ-19 ਮਹਾਮਾਰੀ ਤੋਂ ਪੈਦਾ ਹੋਈਆਂ ਗੰਭੀਰ ਚੁਣੌਤੀਆਂ ਦੇ ਬਾਵਜੂਦ, ਭਾਰਤ ਦਾ ਵਿੱਤੀ ਘਾਟਾ ਘੱਟ ਹੋ ਕੇ 4.4 ਪ੍ਰਤੀਸ਼ਤ ਰਹਿਣ ਦਾ ਅਨੁਮਾਨ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਭਾਰਤੀ ਕੰਪਨੀਆਂ ਪੂੰਜੀ ਬਜ਼ਾਰਾਂ ਤੋਂ ਰਿਕਾਰਡ ਫੰਡ ਜੁਟਾ ਰਹੀਆਂ ਹਨ, ਜਦਕਿ ਭਾਰਤੀ ਬੈਂਕ ਪਹਿਲਾਂ ਤੋਂ ਕਿਤੇ ਵੱਧ ਮਜ਼ਬੂਤ ਹਨ; ਮੁਦਰਾਸਫੀਤੀ ਬਹੁਤ ਘੱਟ ਹੈ ਅਤੇ ਵਿਆਜ ਦਰਾਂ ਵੀ ਘੱਟ ਹਨ। ਇਹ ਰੇਖਾਂਕਿਤ ਕਰਦੇ ਹੋਏ ਕਿ ਭਾਰਤ ਦਾ ਚਾਲੂ ਖਾਤਾ ਘਾਟਾ ਨਿਯੰਤਰਣ ਵਿੱਚ ਹੈ ਅਤੇ ਵਿਦੇਸ਼ੀ ਮੁਦਰਾ ਭੰਡਾਰ ਚੰਗੀ ਸਥਿਤੀ ਵਿੱਚ ਹੈ, ਸ਼੍ਰੀ ਮੋਦੀ ਨੇ ਦੱਸਿਆ ਕਿ ਹਰ ਮਹੀਨੇ ਲੱਖਾਂ ਘਰੇਲੂ ਨਿਵੇਸ਼ਕ ਸਿਸਟਮੈਟਿਕ ਨਿਵੇਸ਼ ਯੋਜਨਾਵਾਂ (ਐੱਸਆਈਪੀ) ਦੇ ਰਾਹੀਂ ਬਜ਼ਾਰ ਵਿੱਚ ਹਜ਼ਾਰਾਂ ਕਰੋੜ ਰੁਪਏ ਦਾ ਨਿਵੇਸ਼ ਕਰ ਰਹੇ ਹਨ।

ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਜਦੋਂ ਕਿਸੇ ਅਰਥਵਿਵਸਥਾ ਦੇ ਬੁਨਿਆਦੀ ਤੱਤ ਮਜ਼ਬੂਤ ਹੁੰਦੇ ਹਨ, ਉਸ ਦੀ ਨੀਂਹ ਮਜ਼ਬੂਤ ਹੁੰਦੀ ਹੈ, ਤਾਂ ਉਸ ਦਾ ਪ੍ਰਭਾਵ ਸਾਰੇ ਖੇਤਰਾਂ ਵਿੱਚ ਦਿਖਾਈ ਦਿੰਦਾ ਹੈ। ਪ੍ਰਧਾਨ ਮੰਤਰੀ ਨੇ ਯਾਦ ਕੀਤਾ ਕਿ ਉਨ੍ਹਾਂ ਨੇ 15 ਅਗਸਤ ਨੂੰ ਆਪਣੇ ਸੰਬੋਧਨ ਵਿੱਚ ਇਸ ‘ਤੇ ਵਿਸਤਾਰ ਨਾਲ ਚਰਚਾ ਕੀਤੀ ਸੀ, ਅਤੇ ਹੁਣ ਉਹ ਉਨ੍ਹਾਂ ਬਿੰਦੂਆਂ ਨੂੰ ਦੁਹਰਾਉਣਾ ਨਹੀਂ ਚਾਹੁੰਦੇ, ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਸੁਤੰਤਰਤਾ ਦਿਵਸ ਦੇ ਆਸਪਾਸ ਅਤੇ ਉਸ ਦੇ ਬਾਅਦ ਦੇ ਘਟਨਾਕ੍ਰਮ ਭਾਰਤ ਦੀ ਵਿਕਾਸ ਗਾਥਾ ਦੀ ਉਦਾਹਰਣ ਹਨ। ਸ਼੍ਰੀ ਮੋਦੀ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਨਵੀਨਤਮ ਅੰਕੜਿਆਂ ਤੋਂ ਪਤਾ ਚਲਦਾ ਹੈ- ਇਕੱਲੇ ਜੂਨ 2025 ਦੇ ਮਹੀਨੇ ਵਿੱਚ ਈਪੀਐੱਫਓ ਡੇਟਾਬੇਸ ਵਿੱਚ 22 ਲੱਖ ਰਸਮੀ ਨੌਕਰੀਆਂ ਜੋੜੀਆਂ ਗਈਆਂ- ਜੋ ਕਿਸੇ ਵੀ ਇੱਕ ਮਹੀਨੇ ਦੇ ਲਈ ਹੁਣ ਤੱਕ ਦੀ ਸਭ ਤੋਂ ਵੱਧ ਸੰਖਿਆ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਦੀ ਪ੍ਰਚੂਨ ਮੁਦ੍ਰਾਸਫੀਤੀ 2017 ਦੇ ਬਾਅਦ ਤੋਂ ਆਪਣੇ ਸਭ ਤੋਂ ਹੇਠਲੇ ਪੱਧਰ ‘ਤੇ ਹੈ ਅਤੇ ਭਾਰਤ ਦਾ ਵਿਦੇਸ਼ੀ ਮੁਦ੍ਰਾ ਭੰਡਾਰ ਹੁਣ ਤੱਕ ਦੇ ਉੱਚਤਮ ਪੱਧਰ ਤੱਕ ਪਹੁੰਚ ਗਿਆ ਹੈ। ਪ੍ਰਧਾਨ ਮੰਤਰੀ ਨੇ ਦੱਸਿਆ ਕਿ 2014 ਵਿੱਚ, ਭਾਰਤ ਦੀ ਸੋਲਰ ਪੀਵੀ ਮਾਡਿਊਲ ਸਮਰੱਥਾ ਲਗਭਗ 2.5 ਗੀਗਾਵਾਟ ਸੀ, ਜਦਕਿ  ਨਵੀਨਤਮਕ ਅੰਕੜੇ ਦੱਸਦੇ ਹਨ ਕਿ ਇਹ ਸਮਰੱਥਾ ਹੁਣ 100 ਗੀਗਾਵਾਟ ਤੱਕ ਪਹੁੰਚ ਗਈ ਹੈ, ਜੋ ਇੱਕ ਇਤਿਹਾਸਿਕ ਉਪਲਬਧੀ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਦਿੱਲੀ ਹਵਾਈ ਅੱਡਾ ਗਲੋਬਲ ਹਵਾਈ ਅੱਡਿਆਂ ਦੇ ਵਿਸ਼ੇਸ਼ ਸੌ ਮਿਲੀਅਨ ਤੋਂ ਵੱਧ ਕਲੱਬ ਵਿੱਚ ਸ਼ਾਮਲ ਹੋ ਗਿਆ ਹੈ, ਜਿਸ ਦੀ ਸਲਾਨਾ ਯਾਤਰੀ ਦੇਖਭਾਲ ਸਮਰੱਥਾ ਹੁਣ 100 ਮਿਲੀਅਨ ਤੋਂ ਵੱਧ ਹੋ ਗਈ ਹੈ, ਜਿਸ ਨਾਲ ਇਹ ਦੁਨੀਆ ਭਰ ਦੇ ਸਿਰਫ਼ 6 ਹਵਾਈ ਅੱਡਿਆਂ ਦੇ ਇਸ ਵਿਸ਼ੇਸ਼ ਸਮੂਹ ਵਿੱਚ ਸ਼ਾਮਲ ਹੋ ਗਿਆ ਹੈ।

ਇਸ ਗੱਲ ਨੂੰ ਰੇਖਾਂਕਿਤ ਕਰਦੇ ਹੋਏ ਕਿ ਹਾਲ ਹੀ ਵਿੱਚ ਇੱਕ ਮਹੱਤਵਪੂਰਨ ਘਟਨਾਕ੍ਰਮ ਨੇ ਧਿਆਨ ਆਕਰਸ਼ਿਤ ਕੀਤਾ ਹੈ- ਐੱਸਐਂਡਪੀ ਗਲੋਬਲ ਰੇਟਿੰਗਸ ਨੇ ਭਾਰਤ ਦੀ ਕ੍ਰੈਡਿਟ ਰੇਟਿੰਗ ਨੂੰ ਉੱਚ ਦਰਜਾ ਦਿੱਤਾ ਹੈ, ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਅਜਿਹਾ ਦਰਜਾ ਲਗਭਗ ਦੋ ਦਹਾਕਿਆਂ ਦੇ ਬਾਅਦ ਦਿੱਤਾ ਗਿਆ ਹੈ। ਸ਼੍ਰੀ ਮੋਦੀ ਨੇ ਕਿਹਾ, “ਭਾਰਤ ਆਪਣੀ ਮਜ਼ਬੂਤੀ ਅਤੇ ਤਾਕਤ ਰਾਹੀਂ ਗਲੋਬਲ ਵਿਸ਼ਵਾਸ ਦਾ ਸਰੋਤ ਬਣਿਆ ਹੋਇਆ ਹੈ।”

ਸ਼੍ਰੀ ਮੋਦੀ ਨੇ ਇੱਕ ਆਮ ਮੁਹਾਵਰੇ - "ਬੱਸ ਛੁੱਟ ਜਾਣਾ" ਦਾ ਜ਼ਿਕਰ ਕਰਦੇ ਹੋਏ, ਇਹ ਦੱਸਿਆ ਕਿ ਜੇਕਰ ਮੌਕਿਆਂ ਦਾ ਫਾਇਦਾ ਨਾ ਚੁੱਕਿਆ ਜਾਵੇ, ਤਾਂ ਉਹ ਕਿਵੇਂ ਹੱਥੋਂ ਨਿਕਲ ਜਾਂਦੇ ਹਨ। ਉਨ੍ਹਾਂ ਨੇ ਕਿਹਾ ਕਿ ਭਾਰਤ ਵਿੱਚ ਪਿਛਲੀਆਂ ਸਰਕਾਰਾਂ ਨੇ ਟੈਕਨੋਲੋਜੀ ਅਤੇ ਉਦਯੋਗ ਦੇ ਖੇਤਰ ਵਿੱਚ ਕਈ ਅਜਿਹੇ ਹੀ ਮੌਕਿਆਂ ਨੂੰ ਗੁਆ ਦਿੱਤਾ। ਉਨ੍ਹਾਂ ਨੇ ਅੱਗੇ ਕਿਹਾ ਕਿ ਉਹ ਕਿਸੇ ਦੀ ਆਲੋਚਨਾ ਕਰਨ ਲਈ ਮੌਜੂਦ ਨਹੀਂ ਹਨ, ਸਗੋਂ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਲੋਕਤੰਤਰ ਵਿੱਚ ਤੁਲਨਾਤਮਕ ਵਿਸ਼ਲੇਸ਼ਣ ਅਕਸਰ ਸਥਿਤੀ ਨੂੰ ਜ਼ਿਆਦਾ ਪ੍ਰਭਾਵਸ਼ਾਲੀ ਢੰਗ ਨਾਲ ਸਪਸ਼ਟ ਕਰਨ ਵਿੱਚ ਮਦਦ ਕਰਦਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਦੇਸ਼ ਨੂੰ ਵੋਟ ਬੈਂਕ ਦੀ ਰਾਜਨੀਤੀ ਵਿੱਚ ਉਲਝਾਈ ਰੱਖਿਆ ਅਤੇ ਉਨ੍ਹਾਂ ਵਿੱਚ ਚੋਣਾਂ ਤੋਂ ਅੱਗੇ ਸੋਚਣ ਦੀ ਦੂਰਦਰਸ਼ਿਤਾ ਦੀ ਕਮੀ ਸੀ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਸਰਕਾਰਾਂ ਦਾ ਮੰਨਣਾ ਸੀ ਕਿ ਅਤਿ-ਆਧੁਨਿਕ ਟੈਕਨੋਲੋਜੀ ਵਿਕਸਿਤ ਕਰਨਾ ਉੱਨਤ ਦੇਸ਼ਾਂ ਦਾ ਕੰਮ ਹੈ ਅਤੇ ਜ਼ਰੂਰਤ ਪੈਣ ’ਤੇ ਭਾਰਤ ਇਸ ਨੂੰ ਆਸਾਨੀ ਨਾਲ ਆਯਾਤ ਕਰ ਸਕਦਾ ਹੈ। ਇਸ ਗੱਲ ’ਤੇ ਜ਼ੋਰ ਦਿੰਦੇ ਹੋਏ ਕਿ ਇਸੇ ਮਾਨਸਿਕਤਾ ਦੇ ਕਾਰਨ ਭਾਰਤ ਵਰ੍ਹਿਆਂ ਤੱਕ ਕਈ ਦੇਸ਼ਾਂ ਤੋਂ ਪੱਛੜਦਾ ਰਿਹਾ ਅਤੇ ਵਾਰ-ਵਾਰ ਮਹੱਤਵਪੂਰਨ ਮੌਕਿਆਂ ਨੂੰ ਗੁਆਉਂਦਾ ਰਿਹਾ - ਬੱਸ ਛੁੱਟਦੀ ਰਹੀ। ਸ਼੍ਰੀ ਮੋਦੀ ਨੇ ਸੰਚਾਰ ਖੇਤਰ ਦੀ ਉਦਾਹਰਣ ਦਿੰਦੇ ਹੋਏ ਕਿਹਾ ਕਿ ਜਦੋਂ ਵਿਸ਼ਵ ਪੱਧਰ 'ਤੇ ਇੰਟਰਨੈੱਟ ਦਾ ਦੌਰ ਸ਼ੁਰੂ ਹੋਇਆ, ਤਾਂ ਉਸ ਸਮੇਂ ਦੀ ਸਰਕਾਰ ਦੁਚਿੱਤੀ ਦੀ ਸਥਿਤੀ ਵਿੱਚ ਸੀ। ਉਨ੍ਹਾਂ ਨੇ ਅੱਗੇ ਕਿਹਾ ਕਿ 2ਜੀ ਯੁੱਗ ਦੇ ਦੌਰਾਨ ਜੋ ਹੋਇਆ, ਉਹ ਸਭ ਨੂੰ ਪਤਾ ਹੈ ਅਤੇ ਭਾਰਤ ਉਸ ਬੱਸ ਤੋਂ ਵੀ ਚੂਕ ਗਿਆ। ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਭਾਰਤ 2ਜੀ, 3ਜੀ ਅਤੇ 4ਜੀ ਤਕਨੀਕਾਂ ਲਈ ਵਿਦੇਸ਼ਾਂ 'ਤੇ ਨਿਰਭਰ ਬਣਿਆ ਰਿਹਾ। ਪ੍ਰਧਾਨ ਮੰਤਰੀ ਨੇ ਸਵਾਲ ਚੁੱਕਿਆ ਕਿ ਅਜਿਹੀ ਸਥਿਤੀ ਕਦੋਂ ਤੱਕ ਜਾਰੀ ਰਹਿਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ 2014 ਤੋਂ ਬਾਅਦ, ਭਾਰਤ ਨੇ ਆਪਣਾ ਨਜ਼ਰੀਆ ਬਦਲਿਆ ਅਤੇ ਹੁਣ ਕੋਈ ਵੀ ਮੌਕਾ ਨਾ ਗੁਆਉਣ ਦਾ ਸੰਕਲਪ ਲਿਆ, ਖੁਦ ਅੱਗੇ ਹੋ ਕੇ ਅਗਵਾਈ ਕਰਨ ਦਾ ਸੰਕਲਪ ਲਿਆ। ਇਹ ਐਲਾਨ ਕਰਦੇ ਹੋਏ ਕਿ ਭਾਰਤ ਨੇ ਆਪਣਾ ਪੂਰਾ 5ਜੀ ਸਟੈਕ ਘਰੇਲੂ ਤੌਰ 'ਤੇ ਵਿਕਸਿਤ ਕੀਤਾ ਹੈ, ਸ਼੍ਰੀ ਮੋਦੀ ਨੇ ਪੁਸ਼ਟੀ ਕੀਤੀ ਕਿ ਭਾਰਤ ਨੇ ਨਾ ਸਿਰਫ ਮੇਡ-ਇਨ-ਇੰਡੀਆ 5ਜੀ ਦਾ ਨਿਰਮਾਣ ਕੀਤਾ, ਸਗੋਂ ਇਸਨੂੰ ਸਭ ਤੋਂ ਤੇਜ਼ ਗਤੀ ਨਾਲ ਪੂਰੇ ਦੇਸ਼ ਵਿੱਚ ਤਾਇਨਾਤ ਵੀ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ, "ਭਾਰਤ ਹੁਣ ਮੇਡ-ਇਨ-ਇੰਡੀਆ 6ਜੀ ਤਕਨੀਕ 'ਤੇ ਤੇਜ਼ੀ ਨਾਲ ਕੰਮ ਕਰ ਰਿਹਾ ਹੈ।"

ਇਹ ਜ਼ਿਕਰ ਕਰਦੇ ਹੋਏ ਕਿ ਭਾਰਤ 50-60 ਸਾਲ ਪਹਿਲਾਂ ਸੈਮੀਕੰਡਕਟਰ ਨਿਰਮਾਣ ਸ਼ੁਰੂ ਕਰ ਸਕਦਾ ਸੀ, ਸ਼੍ਰੀ ਮੋਦੀ ਨੇ ਕਿਹਾ ਕਿ ਭਾਰਤ ਨੇ ਉਸ ਮੌਕੇ ਨੂੰ ਵੀ ਗੁਆ ਦਿੱਤਾ ਅਤੇ ਕਈ ਸਾਲਾਂ ਤੱਕ ਮੌਕੇ ਗੁਆਉਂਦਾ ਰਿਹਾ। ਉਨ੍ਹਾਂ ਨੇ ਪੁਸ਼ਟੀ ਕੀਤੀ ਕਿ ਹੁਣ ਇਹ ਸਥਿਤੀ ਬਦਲ ਗਈ ਹੈ ਅਤੇ ਸੈਮੀਕੰਡਕਟਰ ਨਾਲ ਸਬੰਧਿਤ ਫੈਕਟਰੀਆਂ ਭਾਰਤ ਵਿੱਚ ਸਥਾਪਿਤ ਹੋ ਰਹੀਆਂ ਹਨ। ਉਨ੍ਹਾਂ ਨੇ ਅੱਗੇ ਕਿਹਾ ਕਿ ਇਸ ਸਾਲ ਦੇ ਅੰਤ ਤੱਕ, ਪਹਿਲੀ ਮੇਡ-ਇਨ-ਇੰਡੀਆ ਚਿੱਪ ਬਜ਼ਾਰ ਵਿੱਚ ਉਪਲਬਧ ਹੋਵੇਗੀ।

ਰਾਸ਼ਟਰੀ ਪੁਲਾੜ ਦਿਵਸ ਦੇ ਮੌਕੇ 'ਤੇ ਸਾਰਿਆਂ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਅਤੇ ਭਾਰਤ ਦੇ ਪੁਲਾੜ ਖੇਤਰ ਦੇ ਵਿਕਾਸ 'ਤੇ ਚਰਚਾ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ 2014 ਤੋਂ ਪਹਿਲਾਂ, ਭਾਰਤ ਦੇ ਪੁਲਾੜ ਮਿਸ਼ਨ ਸੰਖਿਆ ਅਤੇ ਦਾਇਰੇ ਵਿੱਚ ਸੀਮਤ ਸਨ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ 21ਵੀਂ ਸਦੀ ਵਿੱਚ, ਜਦੋਂ ਹਰ ਵੱਡਾ ਦੇਸ਼ ਪੁਲਾੜ ਵਿੱਚ ਮੌਕਿਆਂ ਦੀ ਤਲਾਸ਼ ਕਰ ਰਿਹਾ ਹੈ, ਭਾਰਤ ਪਿੱਛੇ ਨਹੀਂ ਰਹਿ ਸਕਦਾ। ਸ਼੍ਰੀ ਮੋਦੀ ਨੇ ਇਸ ਗੱਲ 'ਤੇ ਚਾਨਣਾ ਪਾਇਆ ਕਿ ਪੁਲਾੜ ਖੇਤਰ ਵਿੱਚ ਸੁਧਾਰ ਕੀਤੇ ਗਏ ਅਤੇ ਇਸਨੂੰ ਨਿੱਜੀ ਖੇਤਰ ਦੀ ਭਾਗੀਦਾਰੀ ਲਈ ਖੋਲ੍ਹ ਦਿੱਤਾ ਗਿਆ। ਉਨ੍ਹਾਂ ਨੇ ਦੱਸਿਆ ਕਿ 1979 ਤੋਂ 2014 ਤੱਕ, ਭਾਰਤ ਨੇ ਪੈਂਤੀ ਵਰ੍ਹਿਆਂ ਵਿੱਚ ਸਿਰਫ਼ 42 ਪੁਲਾੜ ਮਿਸ਼ਨ ਸੰਚਾਲਿਤ ਕੀਤੇ। ਉਨ੍ਹਾਂ ਨੇ ਮਾਣ ਨਾਲ ਕਿਹਾ ਕਿ ਪਿਛਲੇ ਗਿਆਰਾਂ ਵਰ੍ਹਿਆਂ ਵਿੱਚ ਸੱਠ ਤੋਂ ਜ਼ਿਆਦਾ ਮਿਸ਼ਨ ਪੂਰੇ ਕੀਤੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਕਈ ਮਿਸ਼ਨ ਪੂਰੇ ਹੋਣ ਵਾਲੇ ਹਨ। ਉਨ੍ਹਾਂ ਨੇ ਐਲਾਨ ਕੀਤਾ ਕਿ ਭਾਰਤ ਨੇ ਇਸ ਸਾਲ ਪੁਲਾੜ ਡੌਕਿੰਗ ਸਮਰੱਥਾ ਹਾਸਲ ਕਰ ਲਈ ਹੈ ਅਤੇ ਇਸਨੂੰ ਭਵਿੱਖ ਦੇ ਮਿਸ਼ਨਾਂ ਲਈ ਇੱਕ ਵੱਡੀ ਉਪਲਬਧੀ ਦੱਸਿਆ। ਉਨ੍ਹਾਂ ਨੇ ਅੱਗੇ ਕਿਹਾ ਕਿ ਭਾਰਤ ਗਗਨਯਾਨ ਮਿਸ਼ਨ ਤਹਿਤ ਆਪਣੇ ਪੁਲਾੜ ਯਾਤਰੀਆਂ ਨੂੰ ਪੁਲਾੜ ਵਿੱਚ ਭੇਜਣ ਦੀ ਤਿਆਰੀ ਕਰ ਰਿਹਾ ਹੈ ਅਤੇ ਸਵੀਕਾਰ ਕੀਤਾ ਕਿ ਗਰੁੱਪ ਕੈਪਟਨ ਸ਼ੁਭਾਂਸ਼ੂ ਸ਼ੁਕਲਾ ਦਾ ਤਜ਼ਰਬਾ ਇਸ ਯਤਨ ਵਿੱਚ ਬਹੁਤ ਮਦਦਗਾਰ ਸਾਬਤ ਹੋਵੇਗਾ।

ਸ਼੍ਰੀ ਮੋਦੀ ਨੇ ਕਿਹਾ, “ਪੁਲਾੜ ਖੇਤਰ ਵਿੱਚ ਨਵੀਂ ਊਰਜਾ ਦਾ ਸੰਚਾਰ ਕਰਨ ਲਈ, ਇਸਨੂੰ ਸਾਰੀਆਂ ਬੰਦਸ਼ਾਂ ਤੋਂ ਮੁਕਤ ਕਰਨਾ ਲਾਜ਼ਮੀ ਸੀ।” ਉਨ੍ਹਾਂ ਨੇ ਇਸ ਗੱਲ 'ਤੇ ਚਾਨਣਾ ਪਾਇਆ ਕਿ ਪਹਿਲੀ ਵਾਰ ਪੁਲਾੜ ਖੇਤਰ ਵਿੱਚ ਨਿੱਜੀ ਭਾਗੀਦਾਰੀ ਲਈ ਸਪਸ਼ਟ ਨਿਯਮ ਬਣਾਏ ਗਏ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਪੈਕਟ੍ਰਮ ਵੰਡ ਨੂੰ ਪਹਿਲੀ ਵਾਰ ਪਾਰਦਰਸ਼ੀ ਬਣਾਇਆ ਗਿਆ ਹੈ ਅਤੇ ਪੁਲਾੜ ਖੇਤਰ ਵਿੱਚ ਵਿਦੇਸ਼ੀ ਨਿਵੇਸ਼ ਨੂੰ ਪਹਿਲੀ ਵਾਰ ਉਦਾਰ ਬਣਾਇਆ ਗਿਆ ਹੈ। ਉਨ੍ਹਾਂ ਨੇ ਅੱਗੇ ਐਲਾਨ ਕੀਤਾ ਕਿ ਇਸ ਸਾਲ ਦੇ ਬਜਟ ਵਿੱਚ 1,000 ਕਰੋੜ ਰੁਪਏ ਦਾ ਵੈਂਚਰ ਕੈਪੀਟਲ ਫੰਡ ਸ਼ਾਮਲ ਹੈ, ਜੋ ਪੁਲਾੜ ਸਟਾਰਟਅੱਪਸ ਦੇ ਲਈ ਸਮਰਪਿਤ ਹੈ।

ਪ੍ਰਧਾਨ ਮੰਤਰੀ ਨੇ ਕਿਹਾ, “ਭਾਰਤ ਦਾ ਪੁਲਾੜ ਖੇਤਰ ਹੁਣ ਸੁਧਾਰਾਂ ਦੀ ਸਫ਼ਲਤਾ ਦੇਖ ਰਿਹਾ ਹੈ। 2014 ਵਿੱਚ, ਭਾਰਤ ਵਿੱਚ ਸਿਰਫ਼ ਇੱਕ ਪੁਲਾੜ ਸਟਾਰਟਅੱਪ ਸੀ, ਜਦੋਂ ਕਿ ਅੱਜ 300 ਤੋਂ ਜ਼ਿਆਦਾ ਸਟਾਰਟਅੱਪ ਹਨ।” ਉਨ੍ਹਾਂ ਨੇ ਕਿਹਾ ਕਿ ਉਹ ਦਿਨ ਦੂਰ ਨਹੀਂ ਜਦੋਂ ਭਾਰਤ ਦਾ ਔਰਬਿਟ ਵਿੱਚ ਆਪਣਾ ਪੁਲਾੜ ਸਟੇਸ਼ਨ ਹੋਵੇਗਾ।

ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ, “ਭਾਰਤ ਦਾ ਟੀਚਾ ਵਾਧੇ ਵਾਲਾ ਪਰਿਵਰਤਨ ਨਹੀਂ, ਸਗੋਂ ਲੰਬੀ ਛਾਲ ਦੇ ਨਾਲ ਅੱਗੇ ਵਧਣਾ ਹੈ।” ਉਨ੍ਹਾਂ ਨੇ ਕਿਹਾ ਕਿ ਭਾਰਤ ਵਿੱਚ ਸੁਧਾਰ ਨਾ ਤਾਂ ਕਿਸੇ ਮਜਬੂਰੀ ਤੋਂ ਸੰਚਾਲਿਤ ਹੋਇਆ ਹੈ ਅਤੇ ਨਾ ਹੀ ਕਿਸੇ ਸੰਕਟ ਦੁਆਰਾ। ਉਨ੍ਹਾਂ ਨੇ ਕਿਹਾ ਕਿ ਸੁਧਾਰ ਭਾਰਤ ਦੀ ਪ੍ਰਤੀਬੱਧਤਾ ਅਤੇ ਦ੍ਰਿੜ ਵਿਸ਼ਵਾਸ ਦੇ ਪ੍ਰਤੀਬਿੰਬ ਹਨ। ਇਸ ਗੱਲ 'ਤੇ ਜ਼ੋਰ ਦਿੰਦੇ ਹੋਏ ਕਿ ਸਰਕਾਰ ਵੱਖ-ਵੱਖ ਖੇਤਰਾਂ ਦੀ ਡੂੰਘੀ ਸਮੀਖਿਆ ਕਰਕੇ ਇੱਕ ਸੰਪੂਰਨ ਦ੍ਰਿਸ਼ਟੀਕੋਣ ਅਪਣਾਉਂਦੀ ਹੈ, ਸ਼੍ਰੀ ਮੋਦੀ ਨੇ ਕਿਹਾ ਕਿ ਫਿਰ ਉਨ੍ਹਾਂ ਖੇਤਰਾਂ ਵਿੱਚ ਇੱਕ-ਇੱਕ ਕਰਕੇ ਸੁਧਾਰ ਲਾਗੂ ਕੀਤੇ ਜਾਂਦੇ ਹਨ।

ਇਹ ਜ਼ਿਕਰ ਕਰਦੇ ਹੋਏ ਕਿ ਸੰਸਦ ਦਾ ਹਾਲ ਹੀ ਵਿੱਚ ਸਮਾਪਤ ਹੋਇਆ ਮਾਨਸੂਨ ਸੈਸ਼ਨ ਸੁਧਾਰਾਂ ਦੀ ਨਿਰੰਤਰਤਾ ਨੂੰ ਦਰਸਾਉਂਦਾ ਹੈ, ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਵਿਰੋਧੀ ਧਿਰ ਦੁਆਰਾ ਕਈ ਰੁਕਾਵਟਾਂ ਦੇ ਬਾਵਜੂਦ, ਸਰਕਾਰ ਸੁਧਾਰਾਂ ਨੂੰ ਅੱਗੇ ਵਧਾਉਣ ਲਈ ਪੂਰੀ ਤਰ੍ਹਾਂ ਪ੍ਰਤੀਬੱਧ ਰਹੀ ਹੈ। ਉਨ੍ਹਾਂ ਨੇ ਜਨ ਵਿਸ਼ਵਾਸ 2.0 ਪਹਿਲ ਨੂੰ ਵਿਸ਼ਵਾਸ-ਅਧਾਰਿਤ ਅਤੇ ਜਨ-ਹਿਤੈਸ਼ੀ ਸ਼ਾਸਨ ਨਾਲ ਜੁੜੇ ਇੱਕ ਵੱਡੇ ਸੁਧਾਰ ਦੇ ਰੂਪ ਵਿੱਚ ਰੇਖਾਂਕਿਤ ਕੀਤਾ, ਅਤੇ ਯਾਦ ਦਿਵਾਇਆ ਕਿ ਜਨ ਵਿਸ਼ਵਾਸ ਦੇ ਪਹਿਲੇ ਸੰਸਕਰਣ ਦੇ ਤਹਿਤ ਲਗਭਗ 200 ਛੋਟੇ ਅਪਰਾਧਾਂ ਨੂੰ ਅਪਰਾਧ ਦੀ ਸ਼੍ਰੇਣੀ ਤੋਂ ਬਾਹਰ ਕਰ ਦਿੱਤਾ ਗਿਆ ਸੀ। ਉਨ੍ਹਾਂ ਨੇ ਅੱਗੇ ਐਲਾਨ ਕੀਤਾ ਕਿ ਦੂਜੇ ਸੰਸਕਰਣ ਵਿੱਚ ਹੁਣ 300 ਤੋਂ ਵੱਧ ਛੋਟੇ ਅਪਰਾਧਾਂ ਨੂੰ ਅਪਰਾਧ ਦੀ ਸ਼੍ਰੇਣੀ ਤੋਂ ਬਾਹਰ ਕਰ ਦਿੱਤਾ ਗਿਆ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਆਮਦਨ ਟੈਕਸ ਕਾਨੂੰਨ, ਜੋ 60 ਵਰ੍ਹਿਆਂ ਤੋਂ ਨਹੀਂ ਬਦਲਿਆ ਸੀ, ਉਸ ਵਿੱਚ ਵੀ ਇਸ ਸੈਸ਼ਨ ਵਿੱਚ ਸੁਧਾਰ ਕੀਤਾ ਗਿਆ ਹੈ ਅਤੇ ਹੁਣ ਕਾਨੂੰਨ ਨੂੰ ਬਹੁਤ ਸਰਲ ਬਣਾ ਦਿੱਤਾ ਗਿਆ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਪਹਿਲਾਂ ਕਾਨੂੰਨ ਦੀ ਭਾਸ਼ਾ ਅਜਿਹੀ ਸੀ ਕਿ ਸਿਰਫ ਵਕੀਲ ਜਾਂ ਚਾਰਟਰਡ ਅਕਾਊਂਟੈਂਟ ਹੀ ਇਸਨੂੰ ਸਹੀ ਢੰਗ ਨਾਲ ਸਮਝ ਪਾਉਂਦੇ ਸੀ। ਉਨ੍ਹਾਂ ਨੇ ਕਿਹਾ, “ਹੁਣ ਆਮਦਨ ਟੈਕਸ ਬਿਲ ਨੂੰ ਆਮ ਟੈਕਸਦਾਤਾ ਦੀ ਸਮਝ ਵਿੱਚ ਆਉਣ ਵਾਲੀ ਭਾਸ਼ਾ ਵਿੱਚ ਤਿਆਰ ਕੀਤਾ ਗਿਆ ਹੈ। ਇਹ ਨਾਗਰਿਕਾਂ ਦੇ ਹਿਤਾਂ ਪ੍ਰਤੀ ਸਰਕਾਰ ਦੀ ਡੂੰਘੀ ਸੰਵੇਦਨਸ਼ੀਲਤਾ ਨੂੰ ਦਰਸਾਉਂਦਾ ਹੈ।”

ਸ਼੍ਰੀ ਮੋਦੀ ਨੇ ਹਾਲ ਹੀ ਦੇ ਮਾਨਸੂਨ ਸੈਸ਼ਨ ਦਾ ਜ਼ਿਕਰ ਕੀਤਾ, ਜਿਸ ਵਿੱਚ ਮਾਈਨਿੰਗ ਨਾਲ ਸਬੰਧਿਤ ਕਾਨੂੰਨਾਂ ਵਿੱਚ ਮਹੱਤਵਪੂਰਨ ਸੋਧਾਂ ਕੀਤੀਆਂ ਗਈਆਂ। ਉਨ੍ਹਾਂ ਨੇ ਇਸ ਗੱਲ 'ਤੇ ਚਾਨਣਾ ਪਾਇਆ ਕਿ ਜਹਾਜ਼ਰਾਨੀ ਅਤੇ ਬੰਦਰਗਾਹਾਂ ਨਾਲ ਸਬੰਧਿਤ ਬਸਤੀਵਾਦੀ ਯੁੱਗ ਤੋਂ ਚੱਲੇ ਆ ਰਹੇ ਕਾਨੂੰਨਾਂ ਵਿੱਚ ਵੀ ਸੋਧ ਕੀਤੀ ਗਈ ਹੈ। ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਇਹ ਸੁਧਾਰ ਭਾਰਤ ਦੀ ਨੀਲੀ ਅਰਥਵਿਵਸਥਾ ਨੂੰ ਮਜ਼ਬੂਤ ਕਰਨਗੇ ਅਤੇ ਬੰਦਰਗਾਹ-ਅਧਾਰਿਤ ਵਿਕਾਸ ਨੂੰ ਉਤਸ਼ਾਹਿਤ ਕਰਨਗੇ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਖੇਡ ਖੇਤਰ ਵਿੱਚ ਵੀ ਨਵੇਂ ਸੁਧਾਰ ਕੀਤੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਭਾਰਤ ਨੂੰ ਪ੍ਰਮੁੱਖ ਅੰਤਰਰਾਸ਼ਟਰੀ ਆਯੋਜਨਾਂ ਦੀ ਮੇਜ਼ਬਾਨੀ ਲਈ ਤਿਆਰ ਕੀਤਾ ਜਾ ਰਿਹਾ ਹੈ ਅਤੇ ਇੱਕ ਵਿਆਪਕ ਖੇਡ ਅਰਥਵਿਵਸਥਾ ਈਕੋਸਿਸਟਮ ਵਿਕਸਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਐਲਾਨ ਕੀਤਾ ਕਿ ਸਰਕਾਰ ਨੇ ਇਸ ਵਿਜ਼ਨ ਦਾ ਸਮਰਥਨ ਕਰਨ ਲਈ ਇੱਕ ਨਵੀਂ ਰਾਸ਼ਟਰੀ ਖੇਡ ਨੀਤੀ - ਖੇਲੋ ਭਾਰਤ ਨੀਤੀ - ਪੇਸ਼ ਕੀਤੀ ਹੈ।

ਪ੍ਰਧਾਨ ਮੰਤਰੀ ਨੇ ਕਿਹਾ, “ਪਹਿਲਾਂ ਪ੍ਰਾਪਤ ਕੀਤੇ ਗਏ ਟੀਚਿਆਂ ਤੋਂ ਸੰਤੁਸ਼ਟ ਹੋਣਾ ਮੇਰੇ ਸੁਭਾਅ ਵਿੱਚ ਨਹੀਂ ਹੈ। ਸੁਧਾਰਾਂ ਲਈ ਵੀ ਇਹੀ ਨਜ਼ਰੀਆ ਹੈ ਅਤੇ ਸਰਕਾਰ ਅੱਗੇ ਵਧਣ ਲਈ ਦ੍ਰਿੜ ਸੰਕਲਪਿਤ ਹੈ।” ਉਨ੍ਹਾਂ ਨੇ ਇਸ ਗੱਲ 'ਤੇ ਚਾਨਣਾ ਪਾਇਆ ਕਿ ਇਸ ਏਜੰਡੇ ਨੂੰ ਅੱਗੇ ਵਧਾਉਣ ਲਈ ਇੱਕ ਵਿਆਪਕ ਸੰਗ੍ਰਹਿ ਤਿਆਰ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਏਜੰਡੇ ਨੂੰ ਅੱਗੇ ਵਧਾਉਣ ਲਈ ਕਈ ਮੋਰਚਿਆਂ 'ਤੇ ਕੰਮ ਚੱਲ ਰਿਹਾ ਹੈ। ਪ੍ਰਧਾਨ ਮੰਤਰੀ ਨੇ ਬੇਲੋੜੇ ਕਾਨੂੰਨਾਂ ਨੂੰ ਰੱਦ ਕਰਨ, ਨਿਯਮਾਂ ਅਤੇ ਪ੍ਰਕਿਰਿਆਵਾਂ ਨੂੰ ਸਰਲ ਬਣਾਉਣ ਜਿਹੇ ਪ੍ਰਮੁੱਖ ਕਦਮਾਂ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਅੱਗੇ ਕਿਹਾ ਕਿ ਪ੍ਰਕਿਰਿਆਵਾਂ ਅਤੇ ਪ੍ਰਵਾਨਗੀਆਂ ਦਾ ਡਿਜੀਟਲੀਕਰਨ ਕੀਤਾ ਜਾ ਰਿਹਾ ਹੈ, ਜਦੋਂ ਕਿ ਕਈ ਪ੍ਰਾਵਧਾਨਾਂ ਨੂੰ ਅਪਰਾਧ-ਮੁਕਤ ਕੀਤਾ ਜਾ ਰਿਹਾ ਹੈ। ਸ਼੍ਰੀ ਮੋਦੀ ਨੇ ਐਲਾਨ ਕਰਦੇ ਹੋਏ ਕਿਹਾ, "ਜੀਐੱਸਟੀ ਵਿਵਸਥਾ ਵਿੱਚ ਇੱਕ ਵੱਡਾ ਸੁਧਾਰ ਕੀਤਾ ਜਾ ਰਿਹਾ ਹੈ ਅਤੇ ਇਹ ਪ੍ਰਕਿਰਿਆ ਦੀਵਾਲੀ ਤੱਕ ਪੂਰੀ ਹੋ ਜਾਵੇਗੀ।" ਉਨ੍ਹਾਂ ਨੇ ਕਿਹਾ ਕਿ ਜੀਐੱਸਟੀ ਪ੍ਰਣਾਲੀ ਸਰਲ ਹੋ ਜਾਵੇਗੀ ਅਤੇ ਕੀਮਤਾਂ ਘੱਟ ਹੋ ਜਾਣਗੀਆਂ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਅਗਲੀ ਪੀੜ੍ਹੀ ਦੇ ਸੁਧਾਰਾਂ ਨਾਲ ਪੂਰੇ ਭਾਰਤ ਵਿੱਚ ਮੈਨੁਫੈਕਚਰਿੰਗ ਖੇਤਰ ਵਿੱਚ ਵਾਧਾ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਬਾਜ਼ਾਰ ਵਿੱਚ ਮੰਗ ਵਧੇਗੀ ਅਤੇ ਉਦਯੋਗਾਂ ਨੂੰ ਨਵੀਂ ਊਰਜਾ ਮਿਲੇਗੀ। ਸ਼੍ਰੀ ਮੋਦੀ ਨੇ ਇਸ ਗੱਲ 'ਤੇ ਚਾਨਣਾ ਪਾਇਆ ਕਿ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ ਅਤੇ ਕਿਹਾ ਕਿ ਇਨ੍ਹਾਂ ਸੁਧਾਰਾਂ ਦੇ ਨਤੀਜੇ ਵਜੋਂ ਜੀਵਨ ਦੀ ਸੌਖ ਅਤੇ ਕਾਰੋਬਾਰ ਕਰਨ ਦੀ ਸੌਖ ਦੋਵਾਂ ਵਿੱਚ ਸੁਧਾਰ ਹੋਵੇਗਾ।

ਇਹ ਰੇਖਾਂਕਿਤ ਕਰਦੇ ਹੋਏ ਕਿ ਭਾਰਤ 2047 ਤੱਕ ਇੱਕ ਵਿਕਸਿਤ ਰਾਸ਼ਟਰ ਬਣਨ ਲਈ ਪੂਰੀ ਤਰ੍ਹਾਂ ਪ੍ਰਤੀਬੱਧ ਹੈ, ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਕਸਿਤ ਭਾਰਤ ਦੀ ਨੀਂਹ ਆਤਮਨਿਰਭਰ ਭਾਰਤ ਹੈ। ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਆਤਮਨਿਰਭਰ ਭਾਰਤ ਦਾ ਮੁਲਾਂਕਣ ਤਿੰਨ ਪ੍ਰਮੁੱਖ ਮਾਪਦੰਡਾਂ 'ਤੇ ਕੀਤਾ ਜਾਣਾ ਚਾਹੀਦਾ ਹੈ: ਗਤੀ, ਪੈਮਾਨਾ ਅਤੇ ਦਾਇਰਾ। ਇਹ ਯਾਦ ਕਰਦੇ ਹੋਏ ਕਿ ਵਿਸ਼ਵਵਿਆਪੀ ਮਹਾਮਾਰੀ ਦੌਰਾਨ, ਭਾਰਤ ਨੇ ਤਿੰਨੋਂ - ਗਤੀ, ਪੈਮਾਨਾ ਅਤੇ ਦਾਇਰੇ - ਦਾ ਪ੍ਰਦਰਸ਼ਨ ਕੀਤਾ, ਸ਼੍ਰੀ ਮੋਦੀ ਨੇ ਦੱਸਿਆ ਕਿ ਕਿਵੇਂ ਜ਼ਰੂਰੀ ਵਸਤਾਂ ਦੀ ਮੰਗ ਵਿੱਚ ਅਚਾਨਕ ਵਾਧਾ ਹੋਇਆ, ਜਦੋਂਕਿ ਵਿਸ਼ਵਵਿਆਪੀ ਸਪਲਾਈ ਚੇਨਾਂ ਠੱਪ ਹੋ ਗਈਆਂ ਸੀ। ਉਨ੍ਹਾਂ ਨੇ ਕਿਹਾ ਕਿ ਭਾਰਤ ਨੇ ਜ਼ਰੂਰੀ ਵਸਤਾਂ ਦੇ ਘਰੇਲੂ ਪੱਧਰ 'ਤੇ ਨਿਰਮਾਣ ਲਈ ਫੈਸਲਾਕੁੰਨ ਕਦਮ ਚੁੱਕੇ। ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਚਾਨਣਾ ਪਾਇਆ ਕਿ ਭਾਰਤ ਨੇ ਵੱਡੀ ਮਾਤਰਾ ਵਿੱਚ ਟੈਸਟਿੰਗ ਕਿੱਟਾਂ ਅਤੇ ਵੈਂਟੀਲੇਟਰ ਦਾ ਤੇਜ਼ੀ ਨਾਲ ਉਤਪਾਦਨ ਕੀਤਾ ਅਤੇ ਦੇਸ਼ ਭਰ ਦੇ ਹਸਪਤਾਲਾਂ ਵਿੱਚ ਆਕਸੀਜਨ ਪਲਾਂਟ ਸਥਾਪਿਤ ਕੀਤੇ – ਜੋ ਭਾਰਤ ਦੀ ਗਤੀ ਦਾ ਪ੍ਰਦਰਸ਼ਨ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਦੇਸ਼ ਦੇ ਕੋਨੇ-ਕੋਨੇ ਵਿਚ ਨਾਗਰਿਕਾਂ ਨੂੰ 220 ਕਰੋੜ ਤੋਂ ਜ਼ਿਆਦਾ ਭਾਰਤ-ਨਿਰਮਿਤ ਟੀਕੇ ਮੁਫ਼ਤ ਵਿੱਚ ਲਗਾਏ ਗਏ ਹਨ – ਜੋ ਭਾਰਤ ਦੇ ਵਿਆਪਕ ਦਾਇਰੇ ਨੂੰ ਦਰਸਾਉਂਦਾ ਹੈ। ਸ਼੍ਰੀ ਮੋਦੀ ਨੇ ਅੱਗੇ ਕਿਹਾ ਕਿ ਲੱਖਾਂ ਲੋਕਾਂ ਦਾ ਤੇਜ਼ੀ ਨਾਲ ਟੀਕਾਕਰਨ ਕਰਨ ਲਈ, ਭਾਰਤ ਨੇ ਕੋ-ਵਿਨ ਪਲੈਟਫਾਰਮ ਵਿਕਸਿਤ ਕੀਤਾ, ਜੋ ਭਾਰਤ ਦੇ ਵਿਆਪਕ ਦਾਇਰੇ ਨੂੰ ਦਰਸਾਉਂਦਾ ਹੈ। ਉਨ੍ਹਾਂ ਨੇ ਪੁਸ਼ਟੀ ਕੀਤੀ ਕਿ ਕੋ-ਵਿਨ ਇੱਕ ਵਿਸ਼ਵ ਪੱਧਰ 'ਤੇ ਵਿਲੱਖਣ ਪ੍ਰਣਾਲੀ ਹੈ, ਜਿਸ ਨੇ ਭਾਰਤ ਨੂੰ ਰਿਕਾਰਡ ਸਮੇਂ ਵਿੱਚ ਆਪਣਾ ਟੀਕਾਕਰਨ ਅਭਿਯਾਨ ਪੂਰਾ ਕਰਨ ਦੇ ਸਮਰੱਥ ਬਣਾਇਆ।

ਇਸ ਗੱਲ 'ਤੇ ਜ਼ੋਰ ਦਿੰਦੇ ਹੋਏ ਕਿ ਦੁਨੀਆ ਊਰਜਾ ਖੇਤਰ ਵਿੱਚ ਭਾਰਤ ਦੀ ਗਤੀ, ਪੈਮਾਨੇ ਅਤੇ ਦਾਇਰੇ ਨੂੰ ਦੇਖ ਰਹੀ ਹੈ, ਸ਼੍ਰੀ ਮੋਦੀ ਨੇ ਰੇਖਾਂਕਿਤ ਕੀਤਾ ਕਿ ਭਾਰਤ ਨੇ 2030 ਤੱਕ ਆਪਣੀ ਕੁੱਲ ਬਿਜਲੀ ਸਮਰੱਥਾ ਦਾ 50 ਪ੍ਰਤੀਸ਼ਤ ਗੈਰ-ਜੀਵਾਸ਼ਮ ਬਾਲਣਾਂ ਤੋਂ ਪੈਦਾ ਕਰਨ ਦਾ ਟੀਚਾ ਨਿਰਧਾਰਿਤ ਕੀਤਾ ਹੈ। ਉਨ੍ਹਾਂ ਨੇ ਐਲਾਨ ਕੀਤਾ ਕਿ ਇਹ ਟੀਚਾ 2025 ਵਿੱਚ ਹੀ ਹਾਸਲ ਕਰ ਲਿਆ ਗਿਆ ਹੈ – ਨਿਰਧਾਰਿਤ ਸਮੇਂ ਤੋਂ ਪੰਜ ਸਾਲ ਪਹਿਲਾਂ।

ਇਸ ਗੱਲ ਦਾ ਜ਼ਿਕਰ ਕਰਦੇ ਹੋਏ ਕਿ ਪਹਿਲਾਂ ਦੀਆਂ ਨੀਤੀਆਂ ਨਿੱਜੀ ਹਿਤਾਂ ਦੇ ਕਾਰਨ ਆਯਾਤ ’ਤੇ ਬਹੁਤ ਜ਼ਿਆਦਾ ਕੇਂਦ੍ਰਿਤ ਸਨ, ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਅੱਜ, ਇੱਕ ਆਤਮਨਿਰਭਰ ਭਾਰਤ ਨਿਰਯਾਤ ਵਿੱਚ ਨਵੇਂ ਕੀਰਤੀਮਾਨ ਸਥਾਪਿਤ ਕਰ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਪਿਛਲੇ ਸਾਲ, ਭਾਰਤ ਨੇ 4 ਲੱਖ ਕਰੋੜ ਰੁਪਏ ਮੁੱਲ ਦੇ ਖੇਤੀਬਾੜੀ ਉਤਪਾਦਾਂ ਦਾ ਨਿਰਯਾਤ ਕੀਤਾ ਸੀ। ਸ਼੍ਰੀ ਮੋਦੀ ਨੇ ਦੱਸਿਆ ਕਿ ਪਿਛਲੇ ਸਾਲ ਵਿਸ਼ਵ ਪੱਧਰ 'ਤੇ ਉਤਪਾਦਿਤ 800 ਕਰੋੜ ਵੈਕਸੀਨ ਖੁਰਾਕਾਂ ਵਿੱਚੋਂ 400 ਕਰੋੜ ਭਾਰਤ ਵਿੱਚ ਨਿਰਮਿਤ ਕੀਤੀਆਂ ਗਈਆਂ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਆਜ਼ਾਦੀ ਤੋਂ ਬਾਅਦ ਤੋਂ ਸਾਢੇ ਛੇ ਦਹਾਕਿਆਂ ਵਿੱਚ ਭਾਰਤ ਦਾ ਇਲੈਕਟ੍ਰੋਨਿਕਸ ਨਿਰਯਾਤ ਲਗਭਗ 35,000 ਕਰੋੜ ਰੁਪਏ ਤੱਕ ਪਹੁੰਚ ਗਿਆ ਸੀ, ਜਦੋਂ ਕਿ ਅੱਜ ਇਹ ਅੰਕੜਾ ਲਗਭਗ 3.25 ਲੱਖ ਕਰੋੜ ਰੁਪਏ ਹੋ ਗਿਆ ਹੈ।

ਸ਼੍ਰੀ ਮੋਦੀ ਨੇ ਕਿਹਾ ਕਿ 2014 ਤੱਕ ਭਾਰਤ ਦਾ ਆਟੋਮੋਬਾਈਲ ਨਿਰਯਾਤ ਲਗਭਗ 50,000 ਕਰੋੜ ਰੁਪਏ ਪ੍ਰਤੀ ਸਾਲ ਸੀ ਅਤੇ ਅੱਜ ਭਾਰਤ ਇੱਕ ਸਾਲ ਵਿੱਚ 1.2 ਲੱਖ ਕਰੋੜ ਰੁਪਏ ਮੁੱਲ ਦੇ ਆਟੋਮੋਬਾਈਲ ਨਿਰਯਾਤ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਹੁਣ ਮੈਟਰੋ ਕੋਚ, ਰੇਲ ਕੋਚ ਅਤੇ ਰੇਲ ਇੰਜਣਾਂ ਦਾ ਨਿਰਯਾਤ ਸ਼ੁਰੂ ਕਰ ਚੁੱਕਿਆ ਹੈ। ਪ੍ਰਧਾਨ ਮੰਤਰੀ ਨੇ ਇਹ ਵੀ ਦੱਸਿਆ ਕਿ ਭਾਰਤ 100 ਦੇਸ਼ਾਂ ਨੂੰ ਇਲੈਕਟ੍ਰਿਕ ਵਾਹਨ ਨਿਰਯਾਤ ਕਰਕੇ ਇੱਕ ਹੋਰ ਉਪਲਬਧੀ ਹਾਸਲ ਕਰਨ ਲਈ ਤਿਆਰ ਹੈ। ਉਨ੍ਹਾਂ ਨੇ ਐਲਾਨ ਕੀਤਾ ਕਿ ਇਸ ਉਪਲਬਧੀ ਨਾਲ ਸਬੰਧਿਤ ਇੱਕ ਵੱਡਾ ਸਮਾਗਮ 26 ਅਗਸਤ ਨੂੰ ਆਯੋਜਿਤ ਕੀਤਾ ਜਾਵੇਗਾ।

ਪ੍ਰਧਾਨ ਮੰਤਰੀ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਖੋਜ ਰਾਸ਼ਟਰ ਦੀ ਪ੍ਰਗਤੀ ਦਾ ਇੱਕ ਪ੍ਰਮੁੱਖ ਥੰਮ੍ਹ ਹੈ। ਉਨ੍ਹਾਂ ਨੇ ਕਿਹਾ ਕਿ ਆਯਾਤ ਕੀਤੀ ਖੋਜ ਭਾਵੇਂ ਹੋਂਦ ਦੇ ਲਈ ਜ਼ਰੂਰੀ ਹੋਵੇ, ਪਰ ਇਹ ਭਾਰਤ ਦੀਆਂ ਇੱਛਾਵਾਂ ਨੂੰ ਪੂਰਾ ਨਹੀਂ ਕਰ ਸਕਦੀ। ਉਨ੍ਹਾਂ ਨੇ ਖੋਜ ਦੇ ਖੇਤਰ ਵਿੱਚ ਤੱਤਪਰਤਾ ਅਤੇ ਇੱਕ ਕੇਂਦ੍ਰਿਤ ਮਾਨਸਿਕਤਾ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਇਸ ਗੱਲ 'ਤੇ ਚਾਨਣਾ ਪਾਇਆ ਕਿ ਸਰਕਾਰ ਨੇ ਖੋਜ ਨੂੰ ਉਤਸ਼ਾਹਿਤ ਕਰਨ ਲਈ ਤੇਜ਼ੀ ਨਾਲ ਕੰਮ ਕੀਤਾ ਹੈ ਅਤੇ ਜ਼ਰੂਰੀ ਨੀਤੀਆਂ ਅਤੇ ਪਲੈਟਫਾਰਮਾਂ ਦਾ ਨਿਰੰਤਰ ਵਿਕਾਸ ਕੀਤਾ ਹੈ। ਸ਼੍ਰੀ ਮੋਦੀ ਨੇ ਦੱਸਿਆ ਕਿ ਖੋਜ ਅਤੇ ਵਿਕਾਸ 'ਤੇ ਖਰਚ 2014 ਦੀ ਤੁਲਨਾ ਵਿੱਚ ਦੁੱਗਣੇ ਤੋਂ ਵੀ ਵੱਧ ਹੋ ਗਿਆ ਹੈ, ਜਦੋਂ ਕਿ ਦਾਖਲ ਕੀਤੇ ਗਏ ਪੇਟੈਂਟਾਂ ਦੀ ਸੰਖਿਆ 2014 ਤੋਂ 17 ਗੁਣਾ ਵਧ ਗਈ ਹੈ। ਪ੍ਰਧਾਨ ਮੰਤਰੀ ਨੇ ਐਲਾਨ ਕਰਦੇ ਹੋਏ ਕਿਹਾ ਕਿ ਲਗਭਗ 6,000 ਉੱਚ ਸਿੱਖਿਆ ਸੰਸਥਾਵਾਂ ਵਿੱਚ ਖੋਜ ਅਤੇ ਵਿਕਾਸ ਸੈੱਲ ਸਥਾਪਿਤ ਕੀਤੇ ਗਏ ਹਨ। ਉਨ੍ਹਾਂ ਨੇ ਕਿਹਾ ਕਿ 'ਇੱਕ ਰਾਸ਼ਟਰ, ਇੱਕ ਸਬਸਕ੍ਰਿਪਸ਼ਨ' ਪਹਿਲ ਨੇ ਵਿਦਿਆਰਥੀਆਂ ਲਈ ਗਲੋਬਲ ਖੋਜ ਰਸਾਲਿਆਂ ਨੂੰ ਹੋਰ ਵਧੇਰੇ ਪਹੁੰਚਯੋਗ ਬਣਾ ਦਿੱਤਾ ਹੈ। ਸ਼੍ਰੀ ਮੋਦੀ ਨੇ ਅੱਗੇ ਕਿਹਾ ਕਿ 50,000 ਕਰੋੜ ਰੁਪਏ ਦੇ ਬਜਟ ਨਾਲ ਇੱਕ ਰਾਸ਼ਟਰੀ ਖੋਜ ਫਾਊਂਡੇਸ਼ਨ ਬਣਾਈ ਗਈ ਹੈ ਅਤੇ 1 ਲੱਖ ਕਰੋੜ ਰੁਪਏ ਮੁੱਲ ਦੀ ਇੱਕ ਖੋਜ ਵਿਕਾਸ ਅਤੇ ਨਵੀਨਤਾ ਯੋਜਨਾ ਨੂੰ ਵੀ ਮਨਜ਼ੂਰੀ ਦਿੱਤੀ ਗਈ ਹੈ। ਉਨ੍ਹਾਂ ਨੇ ਪੁਸ਼ਟੀ ਕੀਤੀ ਕਿ ਇਸ ਦਾ ਉਦੇਸ਼ ਨਿੱਜੀ ਖੇਤਰ, ਖਾਸ ਤੌਰ ’ਤੇ ਉੱਭਰਦੇ ਅਤੇ ਰਣਨੀਤਕ ਖੇਤਰਾਂ ਵਿੱਚ ਨਵੀਂ ਖੋਜ ਨੂੰ ਸਮਰਥਨ ਦੇਣਾ ਹੈ।

ਸਮਿਟ ਵਿੱਚ ਉਦਯੋਗ ਜਗਤ ਦੀਆਂ ਪ੍ਰਮੁੱਖ ਸ਼ਖਸੀਅਤਾਂ ਦੀ ਮੌਜੂਦਗੀ ਨੂੰ ਸਵੀਕਾਰ ਕਰਦੇ ਹੋਏ, ਸ਼੍ਰੀ ਮੋਦੀ ਨੇ ਕਿਹਾ ਕਿ ਵਰਤਮਾਨ ਸਮਾਂ ਉਦਯੋਗ ਅਤੇ ਨਿੱਜੀ ਖੇਤਰ ਦੀ ਸਰਗਰਮ ਭਾਗੀਦਾਰੀ ਦੀ ਮੰਗ ਕਰਦਾ ਹੈ। ਉਨ੍ਹਾਂ ਨੇ ਖਾਸ ਤੌਰ ’ਤੇ ਸਵੱਛ ਊਰਜਾ, ਕੁਆਂਟਮ ਟੈਕਨੋਲੋਜੀ, ਬੈਟਰੀ ਸਟੋਰੇਜ, ਉੱਨਤ ਸਮੱਗਰੀ ਅਤੇ ਬਾਇਓਟੈਕਨੋਲੋਜੀ ਜਿਹੇ ਖੇਤਰਾਂ ਵਿੱਚ ਖੋਜ ਅਤੇ ਨਿਵੇਸ਼ ਵਧਾਉਣ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ, "ਅਜਿਹੇ ਯਤਨ ਇੱਕ ਵਿਕਸਿਤ ਭਾਰਤ ਦੇ ਵਿਜ਼ਨ ਵਿੱਚ ਨਵੀਂ ਊਰਜਾ ਦਾ ਸੰਚਾਰ ਕਰਨਗੇ।"

ਪ੍ਰਧਾਨ ਮੰਤਰੀ ਨੇ ਕਿਹਾ, "ਸੁਧਾਰ, ਪ੍ਰਦਰਸ਼ਨ ਅਤੇ ਪਰਿਵਰਤਨ ਦੇ ਮੰਤਰ ਦੇ ਮਾਰਗਦਰਸ਼ਨ ਵਿੱਚ ਭਾਰਤ ਹੁਣ ਦੁਨੀਆ ਨੂੰ ਹੌਲੀ ਵਿਕਾਸ ਦਰ ਦੀ ਜਕੜ ਤੋਂ ਬਾਹਰ ਕੱਢਣ ਵਿੱਚ ਮਦਦ ਕਰਨ ਦੀ ਸਥਿਤੀ ਵਿੱਚ ਹੈ।" ਉਨ੍ਹਾਂ ਨੇ ਕਿਹਾ ਕਿ ਭਾਰਤ ਦੁੱਕੇ ਹੋਏ ਪਾਣੀ ਵਿੱਚ ਕੰਕਰ ਸੁੱਟਣ ਵਾਲਾ ਦੇਸ਼ ਨਹੀਂ ਹੈ, ਸਗੋਂ ਇਹ ਦੇਸ਼ ਹੈ ਜਿਸ ਕੋਲ ਤੇਜ਼ ਵਗਦੀਆਂ ਧਾਰਾਵਾਂ ਨੂੰ ਮੋੜਨ ਦੀ ਸਮਰੱਥਾ ਹੈ। ਪ੍ਰਧਾਨ ਮੰਤਰੀ ਨੇ ਲਾਲ ਕਿਲ੍ਹੇ ਤੋਂ ਦਿੱਤੇ ਆਪਣੇ ਸੰਬੋਧਨ ਨੂੰ ਯਾਦ ਕਰਦੇ ਹੋਏ ਆਪਣੇ ਸੰਬੋਧਨ ਦੀ ਸਮਾਪਤੀ ਕੀਤੀ ਅਤੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਭਾਰਤ ਹੁਣ ਸਮੇਂ ਦੀ ਧਾਰਾ ਨੂੰ ਵੀ ਨਵਾਂ ਰੂਪ ਦੇਣ ਦੀ ਸਮਰੱਥਾ ਰੱਖਦਾ ਹੈ।

https://x.com/narendramodi/status/1959267618029732334 

https://x.com/PMOIndia/status/1959268565061603538 

https://x.com/PMOIndia/status/1959269483698119167 

https://x.com/PMOIndia/status/1959271212779024565 

https://x.com/PMOIndia/status/1959271578991989115 

https://x.com/PMOIndia/status/1959271879023202725 

https://x.com/PMOIndia/status/1959272461796597790 

https://x.com/PMOIndia/status/1959272939506880861 

https://x.com/PMOIndia/status/1959274062192033987 

https://x.com/PMOIndia/status/1959275223842222261 

https://x.com/PMOIndia/status/1959275723551642061 

https://x.com/PMOIndia/status/1959276180089012378 

***

ਐੱਮਜੇਪੀਐੱਸ/ ਐੱਸਆਰ


(Release ID: 2160365)