ਖੇਤੀਬਾੜੀ ਮੰਤਰਾਲਾ
azadi ka amrit mahotsav

ਕੇਂਦਰੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਦੀ ਮੌਜੂਦਗੀ ਵਿੱਚ ਪੂਸਾ, ਦਿੱਲੀ ਵਿੱਚ ਹੋਇਆ ਇੱਕ ਵਿਸ਼ਾਲ "ਕਰਮਚਾਰੀ ਸੰਕਲਪ ਸੰਮੇਲਨ"


ਖੇਤੀਬਾੜੀ ਅਤੇ ਕਿਸਾਨ ਭਲਾਈ ਅਤੇ ਪੇਂਡੂ ਵਿਕਾਸ ਮੰਤਰਾਲੇ ਦੇ ਕਰਮਚਾਰੀਆਂ ਅਤੇ ਅਧਿਕਾਰੀਆਂ ਨੇ ਹਿੱਸਾ ਲਿਆ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਆਜ਼ਾਦੀ ਦਿਵਸ 'ਤੇ ਕਿਹਾ - "ਸਰਕਾਰ ਨੂੰ ਲੋਕਾਂ ਦੇ ਜੀਵਨ ਵਿੱਚ ਦੇਖਿਆ ਜਾਣਾ ਚਾਹੀਦਾ ਹੈ, ਫਾਈਲਾਂ ਵਿੱਚ ਨਹੀਂ", ਸਾਨੂੰ ਇਸ ਦਿਸ਼ਾ ਵਿੱਚ ਦ੍ਰਿੜ੍ਹਤਾ ਨਾਲ ਅੱਗੇ ਵਧਣਾ ਚਾਹੀਦਾ ਹੈ - ਸ਼੍ਰੀ ਸ਼ਿਵਰਾਜ ਸਿੰਘ

ਸਕਾਰਾਤਮਕ ਰਵੱਈਏ ਨਾਲ ਹਰ ਦਿਨ ਦੇ ਹਰ ਪਲ ਨੂੰ ਬਿਹਤਰ ਢੰਗ ਨਾਲ ਉਪਯੋਗ ਕਰੋ, ਰਾਸ਼ਟਰ ਨਿਰਮਾਣ ਵਿੱਚ ਯੋਗਦਾਨ ਪਾਓ - ਸ਼੍ਰੀ ਚੌਹਾਨ

ਕੰਮ ਅਤੇ ਨਿਜੀ ਜੀਵਨ ਵਿੱਚ ਸੰਤੁਲਨ ਬਣਾਈ ਰੱਖਦੇ ਹੋਏ ਖੁਸ਼ੀ ਨਾਲ ਕੰਮ ਕਰੋ - ਸ਼੍ਰੀ ਸ਼ਿਵਰਾਜ ਸਿੰਘ

ਸੰਯੁਕਤ ਯਤਨਾਂ ਅਤੇ ਟੀਮ ਭਾਵਨਾ ਨਾਲ ਕੰਮ ਕਰਨਾ ਵੱਡੇ ਬਦਲਾਅ ਦਾ ਅਧਾਰ ਬਣ ਸਕਦਾ ਹੈ - ਸ਼੍ਰੀ ਚੌਹਾਨ

Posted On: 21 AUG 2025 4:54PM by PIB Chandigarh

ਕੇਂਦਰੀ ਖੇਤੀਬਾੜੀ, ਕਿਸਾਨ ਭਲਾਈ ਅਤੇ ਪੇਂਡੂ ਵਿਕਾਸ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਦੀ ਮੌਜੂਦਗੀ ਵਿੱਚ, ਅੱਜ ਨਵੀਂ ਦਿੱਲੀ ਦੇ ਪੂਸਾ ਸਥਿਤ ਸੀ. ਸੁਬ੍ਰਾਹਮਣਿਅਮ ਹਾਲ ਵਿਖੇ ਇੱਕ ਵਿਸ਼ਾਲ 'ਕਰਮਚਾਰੀ ਸੰਕਲਪ ਸੰਮੇਲਨ' ਦਾ ਆਯੋਜਨ ਕੀਤਾ ਗਿਆ। ਇਸ ਮੌਕੇ 'ਤੇ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਰਾਜ ਮੰਤਰੀ ਸ਼੍ਰੀ ਭਾਗੀਰਥ ਚੌਧਰੀ, ਖੇਤੀਬਾੜੀ ਮੰਤਰਾਲੇ ਦੇ ਸਕੱਤਰ ਸ਼੍ਰੀ ਦੇਵੇਸ਼ ਚਤੁਰਵੇਦੀ, ਪੇਂਡੂ ਵਿਕਾਸ ਮੰਤਰਾਲੇ ਦੇ ਸਕੱਤਰ ਸ਼੍ਰੀ ਸ਼ੈਲੇਸ਼ ਕੁਮਾਰ ਸਿੰਘ, ਭਾਰਤੀ ਖੇਤੀਬਾੜੀ ਖੋਜ ਪ੍ਰੀਸ਼ਦ ਦੇ ਡਾਇਰੈਕਟਰ ਜਨਰਲ ਡਾ. ਐੱਮ.ਐੱਲ. ਜਾਟ ਅਤੇ ਦੋਵਾਂ ਮੰਤਰਾਲਿਆਂ ਦੇ ਕਰਮਚਾਰੀ ਅਤੇ ਅਧਿਕਾਰੀ ਮੌਜੂਦ ਸਨ।

ਇਸ ਮੌਕੇ 'ਤੇ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਸੰਬੋਧਨ ਕਰਦਿਆਂ ਕੇਂਦਰੀ ਮੰਤਰੀ ਨੇ ਕਿਹਾ ਕਿ ਜ਼ਿੰਦਗੀ ਵਿੱਚ ਹਰ ਦਿਨ, ਹਰ ਪਲ ਮਹੱਤਵਪੂਰਨ ਹੁੰਦਾ ਹੈ, ਸਾਰਿਆਂ ਨੂੰ ਲੋਕਾਂ ਦੇ ਜੀਵਨ ਨੂੰ ਬਿਹਤਰ ਬਣਾਉਣ ਵਿੱਚ ਯੋਗਦਾਨ ਪਾਉਣਾ ਚਾਹੀਦਾ ਹੈ। ਸਾਡਾ ਕੰਮ ਰਾਸ਼ਟਰ ਦਾ ਨਿਰਮਾਣ ਕਰਨਾ ਹੈ, ਟੀਮ ਭਾਵਨਾ ਨਾਲ ਮਿਲ ਕੇ ਕੰਮ ਕਰਨ ਨਾਲ ਸਵੈ-ਨਿਰਭਰ ਭਾਰਤ ਦੀ ਸਿਰਜਣਾ ਮਜ਼ਬੂਤ ​​ਹੋਵੇਗੀ। ਉਨ੍ਹਾਂ ਕਿਹਾ ਕਿ ਜੇਕਰ ਇਸ ਸੰਮੇਲਨ ਨੂੰ ਅਗਲੇ ਵਰ੍ਹੇ 'ਕਰਮਯੋਗੀ ਸੰਕਲਪ ਸੰਮੇਲਨ' ਦਾ ਨਾਮ ਦਿੱਤਾ ਜਾਵੇ, ਤਾਂ ਇਹ ਖੁਸ਼ੀ ਦੀ ਗੱਲ ਹੋਵੇਗੀ। ਉਨ੍ਹਾਂ ਕਿਹਾ ਕਿ ਦਫ਼ਤਰ ਵਿੱਚ ਹਰ ਭੂਮਿਕਾ ਨਿਭਾਉਣ ਵਾਲੇ ਕਰਮਚਾਰੀ ਅਤੇ ਅਧਿਕਾਰੀ ਮਹੱਤਵਪੂਰਨ ਹਨ। ਮੈਂ ਸਾਰਿਆਂ ਦੇ ਮਨੁੱਖੀ ਸਨਮਾਨ ਦਾ ਸਤਿਕਾਰ ਕਰਦਾ ਹਾਂ।

ਕੇਂਦਰੀ ਮੰਤਰੀ ਨੇ ਕਿਹਾ ਕਿ ਦੇਸ਼ ਦੇ ਵਿਕਾਸ ਵਿੱਚ ਖੇਤੀਬਾੜੀ ਵਿਭਾਗ, ਆਈਸੀਏਆਰ ਅਤੇ ਪੇਂਡੂ ਵਿਕਾਸ ਮੰਤਰਾਲੇ ਦੀ ਮਹੱਤਵਪੂਰਨ ਭੂਮਿਕਾ ਹੈ। ਸਾਉਣੀ ਦੀ ਫਸਲ ਲਈ 'ਵਿਕਸਿਤ ਕ੍ਰਿਸ਼ੀ ਸੰਕਲਪ ਅਭਿਆਨ' ਨੂੰ ਇਤਿਹਾਸਕ ਦੱਸਦਿਆਂ ਉਨ੍ਹਾਂ ਕਿਹਾ ਕਿ ਇਸ ਮੁਹਿੰਮ ਨੇ ਖੇਤੀਬਾੜੀ ਖੇਤਰ ਦੇ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਅਜਿਹੀ ਮੁਹਿੰਮ ਪਹਿਲਾਂ ਕਦੇ ਵੀ ਇੰਨੇ ਵੱਡੇ ਪੱਧਰ 'ਤੇ ਨਹੀਂ ਚਲਾਈ ਗਈ। ਵਿਗਿਆਨੀਆਂ ਦੀਆਂ 2,170 ਟੀਮਾਂ ਨੇ ਪਿੰਡਾਂ ਦਾ ਦੌਰਾ ਕੀਤਾ ਅਤੇ ਕਿਸਾਨਾਂ ਨਾਲ ਗੱਲਬਾਤ ਕੀਤੀ। ਇਸ ਮੁਹਿੰਮ ਰਾਹੀਂ 500 ਤੋਂ ਵੱਧ ਖੋਜ ਵਿਸ਼ੇ ਸਾਹਮਣੇ ਆਏ। ਇਹ ਇੱਕ ਵੱਡੀ ਪ੍ਰਾਪਤੀ ਹੈ।

ਸ਼੍ਰੀ ਸ਼ਿਵਰਾਜ ਸਿੰਘ ਨੇ ਕਿਹਾ ਕਿ ਅੱਜ ਦੇਸ਼ ਵਿੱਚ ਅਨਾਜ ਭੰਡਾਰ ਭਰੇ ਹੋਏ ਹਨ, ਪਰ ਕੁਝ ਚੁਣੌਤੀਆਂ ਵੀ ਹਨ। ਸਾਨੂੰ ਦਾਲਾਂ, ਤੇਲ ਬੀਜਾਂ, ਕਪਾਹ ਅਤੇ ਕੁਦਰਤੀ ਖੇਤੀ ਦੇ ਉਤਪਾਦਨ ਨੂੰ ਵਧਾਉਣ ਵੱਲ ਹੋਰ ਮਜ਼ਬੂਤੀ ਨਾਲ ਅੱਗੇ ਵਧਣਾ ਪਵੇਗਾ। ਇਸ ਵਿੱਚ ਤੁਹਾਡੇ ਸਹਿਯੋਗ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਰਾਜ ਸਰਕਾਰਾਂ ਦੇ ਸਹਿਯੋਗ ਨਾਲ ਖੇਤੀਬਾੜੀ ਲਈ ਇੱਕ ਰੋਡਮੈਪ ਤਿਆਰ ਕੀਤਾ ਜਾ ਰਿਹਾ ਹੈ। ਉਮੀਦ ਹੈ ਕਿ ਸਾਂਝੇ ਯਤਨਾਂ ਨਾਲ ਖੇਤੀਬਾੜੀ ਹੋਰ ਅੱਗੇ ਵਧੇਗੀ।

ਕੇਂਦਰੀ ਮੰਤਰੀ ਨੇ ਦੀਨਦਿਆਲ ਅੰਤਯੋਦਯ ਯੋਜਨਾ-ਰਾਸ਼ਟਰੀ ਪੇਂਡੂ ਆਜੀਵਿਕਾ ਮਿਸ਼ਨ ਅਧੀਨ ਲਖਪਤੀ ਦੀਦੀਆਂ ਦੇ ਵਿਕਾਸ ਬਾਰੇ ਵੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 3 ਕਰੋੜ ਲਖਪਤੀ ਦੀਦੀਆਂ ਬਣਾਉਣ ਦਾ ਟੀਚਾ ਰੱਖਿਆ ਸੀ। ਮੈਂ ਤੁਹਾਨੂੰ ਸਾਰਿਆਂ ਨੂੰ ਮਾਣ ਅਤੇ ਖੁਸ਼ੀ ਨਾਲ ਦੱਸਣਾ ਚਾਹੁੰਦਾ ਹਾਂ ਕਿ ਲਖਪਤੀ ਦੀਦੀਆਂ ਦੀ ਗਿਣਤੀ ਸਮੇਂ ਤੋਂ ਪਹਿਲਾਂ ਹੀ ਲਗਭਗ 2 ਕਰੋੜ 80 ਲੱਖ ਦੇ ਕਰੀਬ ਪਹੁੰਚ ਗਈ ਹੈ। ਇਹ ਇੱਕ ਅਸਾਧਾਰਣ ਘਟਨਾ ਹੈ। ਘਰ ਦੀਆਂ ਚਾਰ ਦੀਵਾਰਾਂ ਵਿੱਚ ਜੋ ਮਹਿਲਾਵਾਂ ਬੰਦ ਰਹਿੰਦੀਆਂ ਸਨ, ਅੱਜ ਆਤਮਨਿਰਭਰ ਹੋ ਕੇ ਆਪਣੀ ਪਛਾਣ ਸਥਾਪਿਤ ਕਰ ਰਹੀਆਂ ਹਨ। ਹੁਣ ਦੀਦੀਆਂ ਵੀ ਕਰੋੜਪਤੀ ਦੀਦੀਆਂ ਬਣ ਰਹੀਆਂ ਹਨ।

ਸ਼੍ਰੀ ਸ਼ਿਵਰਾਜ ਸਿੰਘ ਨੇ ਕਿਹਾ ਕਿ ਪਿੰਡਾਂ ਵਿੱਚ ਲੋਕਾਂ ਨੂੰ ਘਰ ਮੁਹੱਈਆ ਕਰਵਾਉਣ ਦਾ ਕੰਮ ਵੀ ਤੇਜ਼ ਰਫ਼ਤਾਰ ਨਾਲ ਕੀਤਾ ਜਾ ਰਿਹਾ ਹੈ। 114 ਦਿਨਾਂ ਦੇ ਰਿਕਾਰਡ ਸਮੇਂ ਵਿੱਚ ਘਰ ਬਣਾਉਣ ਦਾ ਕੰਮ ਵੀ ਕੀਤਾ ਗਿਆ ਹੈ। ਪੇਂਡੂ ਸੜਕਾਂ ਅਤੇ ਰਿਹਾਇਸ਼ ਲੋਕਾਂ ਦੇ ਜੀਵਨ ਵਿੱਚ ਸਕਾਰਾਤਮਕ ਬਦਲਾਅ ਲਿਆ ਰਹੇ ਹਨ।

ਕੇਂਦਰੀ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਲਾਲ ਕਿਲੇ ਦੀ ਫਸੀਲ ਤੋਂ ਕਿਹਾ ਹੈ ਕਿ ‘ਸਰਕਾਰ ਲੋਕਾਂ ਦੇ ਜੀਵਨ ਵਿੱਚ ਦੇਖੀ ਜਾਣੀ ਚਾਹੀਦੀ ਹੈ, ਫਾਈਲਾਂ ਵਿੱਚ ਨਹੀਂ।‘ਪ੍ਰਧਾਨ ਮੰਤਰੀ ਦਾ ਇਹ ਸੰਕਲਪ ਉਦੋਂ ਹੀ ਪੂਰਾ ਹੋ ਸਕਦਾ ਹੈ ਜਦੋਂ ਅਸੀਂ ਇਮਾਨਦਾਰੀ ਨਾਲ ਲੋਕਾਂ ਦੀ ਸੇਵਾ ਲਈ ਸਮਰਪਿਤ ਰਹੀਏ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਸਰਕਾਰੀ ਸੇਵਾ ਵਿੱਚ ਆਉਣਾ ਖੁਸ਼ਕਿਸਮਤੀ ਦੀ ਗੱਲ ਹੈ। ਤੁਹਾਨੂੰ ਲੋਕਾਂ ਦੇ ਜੀਵਨ ਵਿੱਚ ਬਦਲਾਅ ਲਿਆਉਣ, ਇਸ ਦਾ ਚੰਗਾ ਇਸਤੇਮਾਲ ਕਰਨ ਅਤੇ ਜਨਹਿਤ ਵਿੱਚ ਵੱਧ ਤੋਂ ਵੱਧ ਕੰਮ ਕਰਨ ਦਾ ਮੌਕਾ ਮਿਲਿਆ ਹੈ। ਜਦੋਂ ਇਮਾਨਦਾਰੀ ਅਤੇ ਮਿਹਨਤ ਨਾਲ ਕੰਮ ਕੀਤਾ ਜਾਵੇਗਾ, ਤਾਂ ਹੀ ਫਾਈਲਾਂ ਅਸਲ ਅਰਥਾਂ ਵਿੱਚ ਲੋਕਾਂ ਦੇ ਜੀਵਨ ਵਿੱਚ ਦਿਖਾਈ ਦੇਣ ਲੱਗ ਪੈਣਗੀਆਂ।

ਕੇਂਦਰੀ ਮੰਤਰੀ ਨੇ ਕਿਹਾ ਕਿ ਫਾਈਲ ਦੇ ਕੰਮ ਨੂੰ ਵਿਵਹਾਰਕ ਕਾਰਵਾਈ ਵਿੱਚ ਬਦਲ ਕੇ ਬਾਇਓ ਸਟਿਮੂਲੈਂਟਸ ਵਿਰੁੱਧ ਕਾਰਵਾਈ ਕੀਤੀ ਗਈ ਹੈ। ਬਾਇਓ ਸਟਿਮੂਲੈਂਟਸ ਦੇ ਨਾਮ 'ਤੇ ਵੇਚੀਆਂ ਜਾ ਰਹੀਆਂ 30 ਹਜ਼ਾਰ ਦਵਾਈਆਂ 'ਤੇ ਪਾਬੰਦੀ ਲਗਾਈ ਗਈ। ਇਹ ਯਕੀਨੀ ਬਣਾਉਣ ਲਈ ਇੱਕ ਪ੍ਰਬੰਧ ਕੀਤਾ ਗਿਆ ਹੈ ਕਿ ਕੋਈ ਵੀ ਬਾਇਓ ਸਟਿਮੂਲੈਂਟਸ ਤਿੰਨ ਪੱਧਰਾਂ 'ਤੇ ਆਈਸੀਏਆਰ ਦੁਆਰਾ ਪ੍ਰਮਾਣਿਤ ਕੀਤੇ ਬਿਨਾ ਨਾ ਵੇਚਿਆ ਜਾਵੇ। ਅਜਿਹੀਆਂ ਕਾਰਵਾਈਆਂ ਫਾਈਲ ਨੂੰ ਜੀਵਨ ਵਿੱਚ ਪ੍ਰਦਰਸ਼ਿਤ ਕਰਨ ਦਾ ਕੰਮ ਕਰਨਗੀਆਂ।

ਕੇਂਦਰੀ ਮੰਤਰੀ ਨੇ ਕਿਹਾ ਕਿ 'ਪ੍ਰਭਾਵਸ਼ਾਲੀ ਸ਼ਾਸਨ' ਜ਼ਰੂਰੀ ਹੈ। ਨਕਲੀ ਖਾਦਾਂ, ਬੀਜਾਂ ਅਤੇ ਕੀਟਨਾਸ਼ਕਾਂ ਵਿਰੁੱਧ ਵੀ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਕਿਸਾਨ ਇਸ ਸਮੱਸਿਆ ਤੋਂ ਬਹੁਤ ਪ੍ਰੇਸ਼ਾਨ ਹਨ। ਕਿਸਾਨਾਂ ਨਾਲ ਧੋਖਾ ਕਰਨ ਵਾਲਿਆਂ ਨੂੰ ਬਿਲਕੁਲ ਵੀ ਬਖਸ਼ਿਆ ਨਹੀਂ ਜਾਵੇਗਾ।

ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਪ੍ਰਧਾਨ ਮੰਤਰੀ ਦੇ 'ਰਾਸ਼ਟਰ ਸਰਵਉੱਚ ਹੈ' ਦੇ ਆਦਰਸ਼ ਵਾਕ ਦੀ ਵਿਆਖਿਆ ਕਰਦੇ ਹੋਏ ਕਿਹਾ ਕਿ ਭਾਰਤ ਨੇ ਹਮੇਸ਼ਾ ਦੁਨੀਆ ਦੇ ਸਾਹਮਣੇ ਆਪਣੀ ਮਜ਼ਬੂਤ ​​ਛਵੀ ਪੇਸ਼ ਕੀਤੀ ਹੈ। ਭਾਰਤ 'ਵਸੁਧੈਵ ਕੁਟੁੰਬਕਮ' ਦੀ ਭਾਵਨਾ ਵਾਲਾ ਦੇਸ਼ ਹੈ, ਪਰ ਜਦੋਂ ਰਾਸ਼ਟਰੀ ਹਿਤ ਦੀ ਗੱਲ ਆਉਂਦੀ ਹੈ, ਤਾਂ ਅਸੀਂ ਇਹ ਵੀ ਜਾਣਦੇ ਹਾਂ ਕਿ ਆਪਣਾ ਪੱਖ ਕਿਵੇਂ ਮਜ਼ਬੂਤੀ ਨਾਲ ਪੇਸ਼ ਕਰਨਾ ਹੈ। ਪ੍ਰਧਾਨ ਮੰਤਰੀ ਦੇ ਫੈਸਲੇ ਨੇ ਦੇਸ਼ ਦੇ ਕਿਸਾਨਾਂ, ਪਸ਼ੂ ਪਾਲਕਾਂ ਅਤੇ ਮਛੇਰਿਆਂ ਦੇ ਹਿਤਾਂ ਦੀ ਰੱਖਿਆ ਕੀਤੀ ਹੈ।

ਕੇਂਦਰੀ ਮੰਤਰੀ ਨੇ ਸਾਰੇ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਪ੍ਰਧਾਨ ਮੰਤਰੀ ਦੇ ਸਵਦੇਸ਼ੀ ਉਤਪਾਦਾਂ ਦੀ ਵਰਤੋਂ ਕਰਨ ਦੇ ਸੱਦੇ ਦੀ ਪਾਲਣਾ ਕਰਨ ਲਈ ਵੀ ਕਿਹਾ ਅਤੇ ਨਾਲ ਹੀ ਸਵਦੇਸ਼ੀ ਉਤਪਾਦਾਂ ਦੀ ਵੱਧ ਤੋਂ ਵੱਧ ਵਰਤੋਂ ਕਰਨ ਦਾ ਪ੍ਰਣ ਦਿਵਾਇਆ। ਉਨ੍ਹਾਂ ਕਿਹਾ ਕਿ ਸਵਦੇਸ਼ੀ ਉਤਪਾਦਾਂ ਨੂੰ ਅਪਣਾਉਣ ਨਾਲ ਦੇਸ਼ ਦੇ ਲੋੜਵੰਦ ਵਰਗਾਂ ਨੂੰ ਰੋਜ਼ਗਾਰ ਮਿਲੇਗਾ ਅਤੇ ਆਰਥਿਕਤਾ ਮਜ਼ਬੂਤ ​​ਹੋਵੇਗੀ।

ਅੰਤ ਵਿੱਚ, ਕੇਂਦਰੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਸਾਰੇ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਆਪਣੀ ਨਿਜੀ ਜ਼ਿੰਦਗੀ ਵੱਲ ਵੀ ਧਿਆਨ ਦੇਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਰੁਝੇਵਿਆਂ ਦੇ ਦਰਮਿਆਨ, ਆਪਣੇ ਲਈ, ਆਪਣੇ ਬੱਚਿਆਂ ਲਈ ਅਤੇ ਪਰਿਵਾਰ ਲਈ ਸਮਾਂ ਕੱਢਣਾ ਚਾਹੀਦਾ ਹੈ। ਦਫ਼ਤਰੀ ਕੰਮ ਅਤੇ ਨਿਜੀ ਜ਼ਿੰਦਗੀ ਵਿੱਚ ਸੰਤੁਲਨ ਬਣਾਈ ਰੱਖਦੇ ਹੋਏ ਅੱਗੇ ਵਧੋ, ਇਹੀ ਜ਼ਿੰਦਗੀ ਜਿਉਣ ਦਾ ਅਸਲ ਫਾਰਮੂਲਾ ਹੈ। ਉਨ੍ਹਾਂ ਕਿਹਾ ਕਿ ਜ਼ਿੰਦਗੀ ਜਿਉਣ ਦੇ ਤਿੰਨ ਤਰੀਕੇ ਹਨ, ਇੱਕ ਉਦਾਸ ਹੁੰਦੇ ਹੋਏ ਕੰਮ ਕਰਨ ਦਾ ਤਰੀਕਾ, ਦੂਜਾ ਸੰਤੁਸ਼ਟ ਰਵੱਈਏ ਨਾਲ ਕੰਮ ਕਰਨ ਦਾ ਤਰੀਕਾ ਅਤੇ ਤੀਜਾ ਖੁਸ਼ੀ, ਊਰਜਾ ਅਤੇ ਸਖ਼ਤ ਮਿਹਨਤ ਨਾਲ ਅੱਗੇ ਵਧਣ ਦਾ ਤਰੀਕਾ। ਤੀਜਾ ਤਰੀਕਾ ਜ਼ਿੰਦਗੀ ਵਿੱਚ ਬਦਲਾਅ ਦੀ ਇੱਕ ਨਵੀਂ ਕਹਾਣੀ ਲਿਖ ਸਕਦਾ ਹੈ।

 

***************

ਆਰਸੀ/ਕੇਐੱਸਆਰ/ਏਆਰ


(Release ID: 2159598)