ਵਾਤਾਵਰਣ,ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ
azadi ka amrit mahotsav

ਵਿਸ਼ਵ ਹਾਥੀ ਦਿਵਸ 2025 ਤਮਿਲ ਨਾਡੂ ਦੇ ਕੋਇੰਬਟੂਰ ਵਿੱਚ 12 ਅਗਸਤ ਨੂੰ ਮਨਾਇਆ ਜਾਵੇਗਾ


ਕੇਂਦਰੀ ਮੰਤਰੀ ਸ਼੍ਰੀ ਭੂਪੇਂਦਰ ਯਾਦਵ ਵਿਸ਼ਵ ਹਾਥੀ ਦਿਵਸ-2025 ਸਮਾਰੋਹ ਦੀ ਪ੍ਰਧਾਨਗੀ ਕਰਨਗੇ

ਭਾਰਤ ਵਿੱਚ ਦੁਨੀਆ ਦੇ 60 ਫੀਸਦੀ ਜੰਗਲੀ ਹਾਥੀਆਂ ਦੀ ਆਬਾਦੀ ਹੈ

33 ਐਲੀਫੈਂਟ ਰਿਜ਼ਰਵਸ ਅਤੇ 150 ਕੌਰੀਡੋਰਸ ਭਾਰਤ ਦੇ ਮਜ਼ਬੂਤ ਪ੍ਰੋਟੈਕਸ਼ਨ ਫ੍ਰੇਮਵਰਕ ਨੂੰ ਦਰਸਾਉਂਦੇ ਹਨ

ਕੋਇੰਬਟੂਰ ਵਿੱਚ ਹੋਣ ਵਾਲੇ ਪ੍ਰੋਗਰਾਮ ਵਿੱਚ ਮਨੁੱਖ ਅਤੇ ਹਾਥੀ ਦਰਮਿਆਨ ਸੰਘਰਸ਼ ਨੂੰ ਘਟਾਉਣ ‘ਤੇ ਧਿਆਨ ਕੇਂਦ੍ਰਿਤ ਕੀਤਾ ਜਾਵੇਗਾ

ਤਮਿਲ ਨਾਡੂ ਵਿੱਚ ਵਿਸ਼ਵ ਹਾਥੀ ਦਿਵਸ ਸਮਾਰੋਹ ਵਿੱਚ 5000 ਸਕੂਲਾਂ ਦੇ 12 ਲੱਖ ਵਿਦਿਆਰਥੀ ਸ਼ਾਮਲ ਹੋਣਗੇ

Posted On: 11 AUG 2025 1:34PM by PIB Chandigarh

ਵਾਤਾਵਰਣ, ਵਣ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ, ਤਮਿਲ ਨਾਡੂ ਜੰਗਲਾਤ ਵਿਭਾਗ ਨਾਲ ਮਿਲ ਕੇ 12 ਅਗਸਤ ਨੂੰ ਕੋਇੰਬਟੂਰ ਵਿੱਚ ਵਿਸ਼ਵ ਹਾਥੀ ਦਿਵਸ ਸਮਾਰੋਹ ਦਾ ਆਯੋਜਨ ਕਰਨਗੇ। ਇਹ ਸਲਾਨਾ ਆਯੋਜਨ, ਹਾਥੀਆਂ ਦੀ ਸੰਭਾਲ ਅਤੇ ਉਨ੍ਹਾਂ ਦੀ ਦੀਰਘਕਾਲੀ ਹੋਂਦ ਨੂੰ ਯਕੀਨੀ ਬਣਾਉਣ ਦੇ ਉਪਾਵਾਂ ਨੂੰ ਮਜ਼ਬੂਤ ਕਰਨ ਦੀ ਆਲਮੀ ਪ੍ਰਤੀਬੱਧਤਾ ਨੂੰ ਦਰਸਾਉਂਦਾ ਹੈ। 

ਭਾਰਤ ਵਿੱਚ ਐਲੀਫੈਂਟ ਕੌਰੀਡੋਰਸ ਬਾਰੇ 2023 ਦੀ ਰਿਪੋਰਟ ਦੇ ਅਨੁਸਾਰ, ਦੁਨੀਆ ਦੇ ਲਗਭਗ 60 ਫੀਸਦੀ ਜੰਗਲੀ ਹਾਥੀਆਂ ਦੀ ਆਬਾਦੀ  ਭਾਰਤ ਵਿੱਚ ਰਹਿੰਦੀ ਹੈ, ਜਿਸ ਵਿੱਚ 33 ਐਲੀਫੈਂਟ ਰਿਜ਼ਰਵ ਅਤੇ 150 ਪਛਾਣੇ ਗਏ ਹਾਥੀ ਕੌਰੀਡੋਰਸ ਹਨ। ਮਜ਼ਬੂਤ ਕਾਨੂੰਨੀ ਸੁਰੱਖਿਆ, ਮਜ਼ਬੂਤ ਸੰਸਥਾਗਤ ਢਾਂਚੇ ਅਤੇ ਵਿਆਪਕ ਜਨਤਕ ਸਮਰਥਨ ਦੇ ਨਾਲ, ਦੇਸ਼ ਨੂੰ ਮਨੁੱਖੀ ਭਲਾਈ ਅਤੇ ਜੰਗਲੀ ਜੀਵ ਸੰਭਾਲ ਦਰਮਿਆਨ ਤਾਲਮੇਲ ਸਥਾਪਤ ਕਰਨ ਵਿੱਚ ਦੁਨੀਆ ਭਰ ਵਿੱਚ ਮੋਹਰੀ ਮੰਨਿਆ ਜਾਂਦਾ ਹੈ। ਹਾਥੀਆਂ ਨੂੰ ਇੱਕ ਰਾਸ਼ਟਰੀ ਵਿਰਾਸਤੀ ਜਾਨਵਰ ਦਾ ਦਰਜਾ ਪ੍ਰਾਪਤ ਹੈ ਅਤੇ ਉਹ ਦੇਸ਼ ਦੀਆਂ ਪਰੰਪਰਾਵਾਂ ਅਤੇ ਸੱਭਿਆਚਾਰ ਨਾਲ ਡੂੰਘਾਈ ਨਾਲ ਜੁੜੇ ਹੋਏ ਹਨ।

ਆਪਣੀ ਜੈਵਿਕ ਅਤੇ ਸੱਭਿਆਚਾਰਕ ਸਮ੍ਰਿੱਧੀ ਲਈ ਪ੍ਰਸਿੱਧ ਤਮਿਲ ਨਾਡੂ, ਹਾਥੀਆਂ ਦੀ ਇੱਕ ਮਹੱਤਵਪੂਰਨ ਆਬਾਦੀ ਦਾ ਸਮਰਥਨ ਕਰਦਾ ਹੈ ਅਤੇ ਮਨੁੱਖ-ਹਾਥੀ ਸੰਘਰਸ਼ ਨੂੰ ਘਟਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਕੋਇੰਬਟੂਰ ਵਿੱਚ ਹੋਣ ਵਾਲਾ ਇਹ ਸਮਾਗਮ ਜੰਗਲਾਤ ਅਧਿਕਾਰੀਆਂ, ਨੀਤੀ ਨਿਰਮਾਤਾਵਾਂ, ਨਾਗਰਿਕ ਸਮਾਜ ਦੇ ਪ੍ਰਤੀਨਿਧੀਆਂ ਅਤੇ ਜੰਗਲੀ ਜੀਵ ਮਾਹਿਰਾਂ ਲਈ ਸੰਭਾਲ ਰਣਨੀਤੀਆਂ ਅਤੇ ਟਕਰਾਅ ਦੇ ਹੱਲ 'ਤੇ ਵਿਚਾਰਾਂ ਦਾ ਅਦਾਨ-ਪ੍ਰਦਾਨ ਕਰਨ ਲਈ ਇੱਕ ਪਲੈਟਫਾਰਮ ਵਜੋਂ ਕੰਮ ਕਰੇਗਾ।

ਇਸ ਸਮਾਗਮ ਦਾ ਉਦਘਾਟਨ ਕੇਂਦਰੀ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰੀ ਸ਼੍ਰੀ ਭੂਪੇਂਦਰ ਯਾਦਵ ਕਰਨਗੇ। ਇਸ ਮੌਕੇ ਕੇਂਦਰੀ ਵਾਤਾਵਰਣ, ਵਣ ਅਤੇ ਜਲਵਾਯੂ ਪਰਿਵਰਤਨ ਰਾਜ ਮੰਤਰੀ ਸ਼੍ਰੀ ਕ੍ਰਿਤੀ ਵਰਧਨ ਸਿੰਘ ਅਤੇ ਤਮਿਲ ਨਾਡੂ ਸਰਕਾਰ ਦੇ ਜੰਗਲਾਤ ਅਤੇ ਖਾਦੀ ਮੰਤਰੀ ਥਿਰੂ ਆਰ.ਐੱਸ. ਰਾਜਾਕੰਨੱਪਨ ਵੀ ਮੌਜੂਦ ਰਹਿਣਗੇ। ਇਸ ਵਿੱਚ ਵਾਤਾਵਰਣ, ਵਣ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ, ਤਮਿਲ ਨਾਡੂ ਜੰਗਲਾਤ ਵਿਭਾਗ, ਰੇਲਵੇ ਮੰਤਰਾਲੇ ਅਤੇ ਹੋਰ ਰਾਜਾਂ ਦੇ ਸੀਨੀਅਰ ਅਧਿਕਾਰੀ ਵੀ ਹਿੱਸਾ ਲੈਣਗੇ।

ਕੱਲ੍ਹ ਵਿਸ਼ਵ ਹਾਥੀ ਦਿਵਸ ਸਮਾਰੋਹ ਦੇ ਤਹਿਤ, ਕੋਇੰਬਟੂਰ ਵਿੱਚ ਮਨੁੱਖ-ਹਾਥੀ ਸੰਘਰਸ਼ ‘ਤੇ ਕੇਂਦ੍ਰਿਤ ਇੱਕ ਵਰਕਸ਼ਾਪ ਦਾ ਵੀ ਆਯੋਜਨ ਕੀਤਾ ਜਾਵੇਗਾ। ਇਸ ਵਰਕਸ਼ਾਪ ਦਾ ਟੀਚਾ ਹਾਥੀ-ਖੇਤਰ ਵਾਲੇ ਰਾਜਾਂ ਨੂੰ ਮਨੁੱਖ-ਹਾਥੀ ਸਹਿ ਹੋਂਦ ਨਾਲ ਸਬੰਧਿਤ ਆਪਣੀਆਂ ਚੁਣੌਤੀਆਂ ਨੂੰ ਸਾਂਝਾ ਕਰਨ ਅਤੇ ਆਪਣੇ-ਆਪਣੇ ਖੇਤਰਾਂ ਵਿੱਚ ਲਾਗੂ ਕੀਤੇ ਜਾ ਰਹੇ ਸੰਘਰਸ਼ ਦੇ ਸਮਾਧਾਨ ਉਪਾਵਾਂ ਬਾਰੇ ਚਰਚਾ ਕਰਨ ਲਈ ਇੱਕ ਪਲੈਟਫਾਰਮ ਪ੍ਰਦਾਨ ਕਰਦਾ ਹੈ। ਇਹ ਪਹਿਲ ਪ੍ਰੋਜੈਕਟ ਐਲੀਫੈਂਟ ਦੇ ਤਹਿਤ ਚੱਲ ਰਹੇ ਯਤਨਾਂ ਦੇ ਅਨੁਸਾਰ ਹੈ, ਜੋ ਮਨੁੱਖ ਅਤੇ ਹਾਥੀਆਂ ਦਰਮਿਆਨ ਸੰਘਰਸ਼ ਨੂੰ ਦੂਰ ਕਰਨ ਲਈ ਭਾਈਚਾਰਕ ਭਾਗੀਦਾਰੀ ਅਤੇ ਵਿਗਿਆਨਕ ਦ੍ਰਿਸ਼ਟੀਕੋਣ ‘ਤੇ ਜ਼ੋਰ ਦਿੰਦਾ ਹੈ। 

ਇਹ ਵਰਕਸ਼ਾਪ ਅਜਿਹੇ ਸਮੇਂ ਵਿੱਚ ਆਯੋਜਿਤ ਕੀਤੀ ਜਾ ਰਹੀ ਹੈ ਜਦੋਂ ਭੋਜਨ ਅਤੇ ਪਾਣੀ ਦੀ ਭਾਲ ਵਿੱਚ ਹਾਥੀਆਂ ਦੇ ਮਨੁੱਖੀ ਬਸਤੀਆਂ ਵਿੱਚ ਵੜਣ ਦੀਆਂ ਘਟਨਾਵਾਂ ਵਧੀਆਂ ਹਨ। ਇਸ ਮਾਮਲੇ ਵਿੱਚ ਰਾਜਾਂ ਦਰਮਿਆਨ ਨਵੇਂ ਸਮਾਧਾਨਾਂ ਅਤੇ ਸਹਿਯੋਗ ਦੀ ਲੋੜ ਹੈ। ਮਾਹਿਰ, ਨੀਤੀ-ਨਿਰਮਾਤਾ, ਸੰਭਾਲਵਾਦੀ ਅਤੇ ਜੰਗਲਾਤ ਅਧਿਕਾਰੀ, ਰਿਹਾਇਸ਼ ਪ੍ਰਬੰਧਨ ਅਤੇ ਕੌਰੀਡੋਰਸ ਦੇ ਰੱਖ-ਰਖਾਅ, ਉੱਚ-ਵਿਰੋਧੀ ਖੇਤਰਾਂ ਵਿੱਚ ਜਾਗਰੂਕਤਾ ਪੈਦਾ ਕਰਨ ਅਤੇ ਸਮਰੱਥਾ ਨਿਰਮਾਣ ਦੇ ਮਾਮਲੇ ਵਿੱਚ ਸਭ ਤੋਂ ਵਧੀਆ ਅਭਿਆਸਾਂ 'ਤੇ ਵਿਚਾਰ-ਵਟਾਂਦਰਾ ਕਰਨਗੇ। ਇਸ ਸਹਿਯੋਗਪੂਰਨ ਦ੍ਰਿਸ਼ਟੀਕੋਣ ਦਾ ਟੀਚਾ, ਜੰਗਲੀ ਜੀਵਾਂ ਦੀ ਸੰਭਾਲ ਅਤੇ ਮਨੁੱਖੀ ਭਲਾਈ ਦਰਮਿਆਨ ਸੰਤੁਲਨ ਸਥਾਪਿਤ ਕਰਨ ਅਤੇ ਭਾਈਚਾਰਿਆਂ ਅਤੇ ਹਾਥੀਆਂ ਦਰਮਿਆਨ ਦੀਰਘਕਾਲੀ ਸਹਿ-ਹੋਂਦ ਨੂੰ ਉਤਸ਼ਾਹਿਤ ਕਰਨਾ ਹੈ। 

ਇਸ ਮੌਕੇ ਇੱਕ ਰਾਸ਼ਟਰਵਿਆਪੀ ਜਾਗਰੂਕਤਾ ਪ੍ਰੋਗਰਾਮ ਸ਼ੁਰੂ ਕੀਤਾ ਜਾਵੇਗਾ ਜਿਸ ਵਿੱਚ ਲਗਭਗ 5000 ਸਕੂਲਾਂ ਦੇ ਕਰੀਬ 12 ਲੱਖ ਸਕੂਲੀ ਬੱਚਿਆਂ ਨੂੰ ਸ਼ਾਮਲ ਕੀਤਾ ਜਾਵੇਗਾ। ਇਹ ਪਹਿਲਕਦਮੀ, ਹਾਥੀਆਂ ਦੀ ਸੰਭਾਲ ਪ੍ਰਤੀ ਵਿਆਪਕ ਜਨਤਕ ਪਹੁੰਚ ਅਤੇ ਵਚਨਬੱਧਤਾ ਨੂੰ ਦਰਸਾਉਂਦੀ ਹੈ। 

*****

ਜੀਐੱਸ


(Release ID: 2155337)