ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ
ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਦੇ ਲਾਭਾਰਥੀਆਂ ਦੁਆਰਾ ਐੱਲਪੀਜੀ ਦੀ ਬਿਹਤਰ ਖਪਤ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਦੇ ਕਦਮ
Posted On:
28 JUL 2025 2:21PM by PIB Chandigarh
ਪ੍ਰਧਾਨ ਮੰਤਰੀ ਉੱਜਵਲਾ ਯੋਜਨਾ (ਪੀਐੱਮਯੂਵਾਈ) ਮਈ, 2016 ਵਿੱਚ ਦੇਸ਼ ਭਰ ਦੇ ਗ਼ਰੀਬ ਪਰਿਵਾਰਾਂ ਦੀਆਂ ਬਾਲਗ ਮਹਿਲਾਵਾਂ ਨੂੰ ਜਮ੍ਹਾਂ ਰਾਸ਼ੀ ਮੁਕਤ ਐੱਲਪੀਜੀ ਕਨੈਕਸ਼ਨ ਪ੍ਰਦਾਨ ਕਰਨ ਦੇ ਉਦੇਸ਼ ਨਾਲ ਸ਼ੁਰੂ ਕੀਤੀ ਗਈ ਸੀ। ਪੀਐੱਮਯੂਵਾਈ ਦੇ ਤਹਿਤ 8 ਕਰੋੜ ਕਨੈਕਸ਼ਨ ਜਾਰੀ ਕਰਨ ਦਾ ਟੀਚਾ ਸਤੰਬਰ 2019 ਵਿੱਚ ਹਾਸਲ ਕੀਤਾ ਗਿਆ ਸੀ। ਬਾਕੀ ਗ਼ਰੀਬ ਪਰਿਵਾਰਾਂ ਨੂੰ ਕਵਰ ਕਰਨ ਦੇ ਲਈ, ਉੱਜਵਲਾ 2.0 ਨੂੰ ਅਗਸਤ 2021 ਵਿੱਚ 1 ਕਰੋੜ ਵਾਧੂ ਪੀਐੱਮਯੂਵਾਈ ਕਨੈਕਸ਼ਨ ਜਾਰੀ ਕਰਨ ਦੇ ਟੀਚੇ ਨਾਲ ਲਾਂਚ ਕੀਤਾ ਗਿਆ ਸੀ। ਇਹ ਟੀਚਾ ਵੀ ਜਨਵਰੀ 2022 ਵਿੱਚ ਹਾਸਲ ਕੀਤਾ ਗਿਆ। ਇਸ ਤੋਂ ਬਾਅਦ, ਸਰਕਾਰ ਨੇ ਉੱਜਵਲਾ 2.0 ਦੇ ਤਹਿਤ 60 ਲੱਖ ਅਤੇ ਐੱਲਪੀਜੀ ਕਨੈਕਸ਼ਨ ਜਾਰੀ ਕਰਨ ਦਾ ਫੈਸਲ ਕੀਤਾ ਅਤੇ ਦਸੰਬਰ 2022 ਦੌਰਾਨ 1.60 ਕਰੋੜ ਉੱਜਵਲਾ 2.0 ਕਨੈਕਸ਼ਨ ਦਾ ਟੀਚਾ ਵੀ ਹਾਸਲ ਕਰ ਲਿਆ ਗਿਆ। ਇਸ ਤੋਂ ਇਲਾਵਾ, ਸਰਕਾਰ ਨੇ ਪੀਐੱਮਯੂਵਾਈ ਯੋਜਨਾ ਦੇ ਤਹਿਤ ਵਾਧੂ 75 ਲੱਖ ਕਨੈਕਸ਼ਨ ਜਾਰੀ ਕਰਨ ਦੀ ਮਨਜ਼ੂਰੀ ਦਿੱਤੀ ਜਿਸ ਨੂੰ ਜੁਲਾਈ 2024 ਤੱਕ ਹਾਸਲ ਕਰ ਲਿਆ ਗਿਆ।
ਪੀਐਮਯੂਵਾਈ ਲਾਭਾਰਥੀਆਂ ਦੀ ਐਲਪੀਜੀ ਖਪਤ ਦੀ ਨਿਯਮਿਤ ਤੌਰ 'ਤੇ ਪੀਪੀਏਸੀ, ਕੌਮਨ ਐੱਲਪੀਜੀ ਡੇਟਾ ਪਲੈਟਫਾਰਮ (ਸੀਐੱਲਡੀਪੀ) ਦੀਆਂ ਖਪਤ ਰਿਪੋਰਟਾਂ ਅਤੇ ਓਐੱਮਸੀਜ਼ ਨਾਲ ਮੀਟਿੰਗਾਂ ਰਾਹੀਂ ਨਿਯਮਿਤ ਤੌਰ ‘ਤੇ ਨਿਗਰਾਨੀ ਕੀਤੀ ਜਾਂਦੀ ਹੈ। ਪਰਿਵਾਰਾਂ ਦੁਆਰਾ ਘਰੇਲੂ ਐੱਲਪੀਜੀ ਖਪਤ ਕਈ ਕਾਰਕਾਂ 'ਤੇ ਨਿਰਭਰ ਕਰਦੀ ਹੈ ਜਿਵੇਂ ਕਿ ਭੋਜਨ ਦੀਆਂ ਆਦਤਾਂ, ਪਰਿਵਾਰ ਦਾ ਆਕਾਰ, ਖਾਣਾ ਬਣਾਉਣ ਦੀਆਂ ਆਦਤਾਂ, ਪਰੰਪਰਾ, ਸੁਆਦ, ਪਸੰਦ, ਕੀਮਤ, ਵਿਕਲਪਿਕ ਈਂਧਣ ਦੀ ਉਪਲਬਧਤਾ ਆਦਿ। ਯੋਜਨਾ ਬਾਰੇ ਜਾਗਰੂਕਤਾ ਪੈਦਾ ਕਰਨ ਅਤੇ ਐੱਲਪੀਜੀ ਵਰਤੋਂ ਨਾਲ ਸਬੰਧਿਤ ਕਿਸੇ ਵੀ ਮੁੱਦੇ ਨੂੰ ਹੱਲ ਕਰਨ ਲਈ, ਓਐੱਮਸੀਜ਼ ਨਿਯਮਿਤ ਤੌਰ 'ਤੇ ਗ੍ਰਾਹਕਾਂ ਲਈ ਐੱਲਪੀਜੀ ਪੰਚਾਇਤਾਂ ਦਾ ਆਯੋਜਨ ਕਰਦੇ ਹਨ। ਸਰਕਾਰ ਨੇ ਪੀਐੱਮਯੂਵਾਈ ਲਾਭਾਰਥੀਆਂ ਦੁਆਰਾ ਐੱਲਪੀਜੀ ਦੀ ਬਿਹਤਰ ਖਪਤ ਨੂੰ ਉਤਸ਼ਾਹਿਤ ਕਰਨ ਲਈ ਕਈ ਕਦਮ ਚੁੱਕੇ ਹਨ, ਜਿਸ ਵਿੱਚ ਸਬਸਿਡੀ ਦੀ ਰਕਮ ਤੋਂ ਕਰਜ਼ੇ ਦੀ ਵਸੂਲੀ ਨੂੰ ਮੁਲਤਵੀ ਕਰਨਾ, ਪਹਿਲਾਂ ਤੋਂ ਨਕਦੀ ਖਰਚ ਨੂੰ ਘਟਾਉਣ ਲਈ 14.2 ਕਿਲੋਗ੍ਰਾਮ ਦੀ ਬਜਾਏ 5 ਕਿਲੋਗ੍ਰਾਮ ਸਿਲੰਡਰ ਦਾ ਵਿਕਲਪ, 5 ਕਿਲੋਗ੍ਰਾਮ ਡਬਲ ਬੋਤਲ ਕਨੈਕਸ਼ਨ ਦਾ ਵਿਕਲਪ, ਪ੍ਰਧਾਨ ਮੰਤਰੀ ਐੱਲਪੀਜੀ ਪੰਚਾਇਤਾਂ ਦਾ ਆਯੋਜਨ ਅਤੇ ਲਾਭਾਰਥੀਆਂ ਨੂੰ ਨਿਰੰਤਰ ਅਧਾਰ 'ਤੇ ਐੱਲਪੀਜੀ ਦੀ ਵਰਤੋਂ ਕਰਨ ਲਈ ਮਨਾਉਣ ਲਈ ਜਾਗਰੂਕਤਾ ਮੁਹਿੰਮਾਂ ਸ਼ਾਮਲ ਹਨ।
ਪੀਐੱਮਯੂਵਾਈ ਖਪਤਕਾਰਾਂ ਲਈ ਐੱਲਪੀਜੀ ਨੂੰ ਹੋਰ ਕਿਫਾਇਤੀ ਬਣਾਉਣ ਅਤੇ ਉਨ੍ਹਾਂ ਦੁਆਰਾ ਐੱਲਪੀਜੀ ਦੀ ਨਿਰੰਤਰ ਵਰਤੋਂ ਨੂੰ ਯਕੀਨੀ ਬਣਾਉਣ ਲਈ, ਸਰਕਾਰ ਨੇ ਮਈ 2022 ਵਿੱਚ ਪੀਐੱਮਯੂਵਾਈ ਖਪਤਕਾਰਾਂ ਨੂੰ ਪ੍ਰਤੀ ਵਰ੍ਹੇ 12 ਰਿਫਿਲ (ਅਤੇ 5 ਕਿਲੋਗ੍ਰਾਮ ਕਨੈਕਸ਼ਨਾਂ ਲਈ ਅਨੁਪਾਤਕ) ਲਈ ਪ੍ਰਤੀ 14.2 ਕਿਲੋਗ੍ਰਾਮ ਸਿਲੰਡਰ 200 ਰੁਪਏ ਦੀ ਟੀਚਾਬੱਧ ਸਬਸਿਡੀ ਸ਼ੁਰੂ ਕੀਤੀ। ਅਕਤੂਬਰ 2023 ਵਿੱਚ, ਸਰਕਾਰ ਨੇ ਟੀਚਾਬੱਧ ਸਬਸਿਡੀ ਵਧਾ ਕੇ 300 ਰੁਪਏ ਪ੍ਰਤੀ 14.2 ਕਿਲੋਗ੍ਰਾਮ ਸਿਲੰਡਰ ਕਰ ਦਿੱਤੀ। ਪੀਐੱਮਯੂਵਾਈ ਖਪਤਕਾਰਾਂ ਨੂੰ ਪ੍ਰਤੀ ਸਿਲੰਡਰ 300 ਰੁਪਏ ਦੀ ਟੀਚਾਬੱਧ ਸਬਸਿਡੀ ਤੋਂ ਬਾਅਦ, ਭਾਰਤ ਸਰਕਾਰ ਦਿੱਲੀ ਵਿੱਚ 553 ਰੁਪਏ ਪ੍ਰਤੀ ਸਿਲੰਡਰ ਦੀ ਪ੍ਰਭਾਵਸ਼ਾਲੀ ਕੀਮਤ 'ਤੇ 14.2 ਕਿਲੋਗ੍ਰਾਮ ਐੱਲਪੀਜੀ ਸਿਲੰਡਰ ਪ੍ਰਦਾਨ ਕਰ ਰਹੀ ਹੈ। ਇਨ੍ਹਾਂ ਯਤਨਾਂ ਦੇ ਨਤੀਜੇ ਵਜੋਂ, ਪੀਐੱਮਯੂਵਾਈ ਲਾਭਾਰਥੀਆਂ ਦੀ ਪ੍ਰਤੀ ਵਿਅਕਤੀ ਖਪਤ (ਪ੍ਰਤੀ ਵਰ੍ਹੇ ਲਏ ਗਏ 14.2 ਕਿਲੋਗ੍ਰਾਮ ਐੱਲਪੀਜੀ ਸਿਲੰਡਰਾਂ ਦੀ ਗਿਣਤੀ ਦੇ ਰੂਪ ਵਿੱਚ) 3.68 (ਵਿੱਤੀ ਸਾਲ 2021-22) ਤੋਂ ਵਧ ਕੇ 4.47 (ਵਿੱਤੀ ਵਰ੍ਹੇ 2024-25) ਹੋ ਗਈ ਹੈ।
ਪੀਐੱਮਯੂਵਾਈ ਕਨੈਕਸ਼ਨਾਂ ਦੀ ਅਕਿਰਿਆਸ਼ੀਲਤਾ ਦਾ ਮੁਲਾਂਕਣ ਉਨ੍ਹਾਂ ਉਪਭੋਗਤਾਵਾਂ ਰਾਹੀਂ ਕੀਤਾ ਜਾ ਸਕਦਾ ਹੈ ਜਿਨ੍ਹਾਂ ਨੇ ਕਨੈਕਸ਼ਨ ਲਗਵਾਉਣ ਤੋਂ ਬਾਅਦ ਕੋਈ ਰਿਫਿਲ ਨਹੀਂ ਲਿਆ ਹੈ। 01.07.2025 ਤੱਕ, ਲਗਭਗ 1.3 ਪ੍ਰਤੀਸ਼ਤ ਪੀਐੱਮਯੂਵਾਈ ਉਪਭੋਗਤਾਵਾਂ ਨੇ ਆਪਣੇ ਕਨੈਕਸ਼ਨ ਲਗਵਾਉਣ ਦੇ ਬਾਅਦ ਤੋਂ ਕੋਈ ਰਿਫਿਲ ਨਹੀਂ ਲਿਆ ਹੈ।
ਵੱਖ-ਵੱਖ ਸੁਤੰਤਰ ਅਧਿਐਨਾਂ ਅਤੇ ਰਿਪੋਰਟਾਂ ਤੋਂ ਪਤਾ ਲੱਗਦਾ ਹੈ ਕਿ ਪੀਐੱਮਯੂਵਾਈ ਯੋਜਨਾ ਦਾ ਗ੍ਰਾਮੀਣ ਪਰਿਵਾਰਾਂ, ਖਾਸ ਕਰਕੇ ਗ੍ਰਾਮੀਣ ਅਤੇ ਦੂਰ-ਦੁਰਾਡੇ ਦੇ ਇਲਾਕਿਆਂ ਵਿੱਚ ਰਹਿਣ ਵਾਲੀਆਂ ਮਹਿਲਾਵਾਂ ਅਤੇ ਪਰਿਵਾਰਾਂ ਦੇ ਜੀਵਨ ‘ਤੇ ਮਹੱਤਵਪੂਰਨ ਸਕਾਰਾਤਮਕ ਪ੍ਰਭਾਵ ਪਿਆ ਹੈ। ਕੁਝ ਪ੍ਰਮੁੱਖ ਲਾਭਾਂ ਦਾ ਸੰਖੇਪ ਵਿੱਚ ਹੇਠਾਂ ਵੇਰਵਾ ਦਿੱਤਾ ਗਿਆ ਹੈ:
(i) ਪੀਐੱਮਯੂਵਾਈ ਦੇ ਨਤੀਜੇ ਵਜੋਂ ਖਾਣਾ ਬਣਾਉਣ ਦੇ ਰਵਾਇਤੀ ਤਰੀਕਿਆਂ ਵਿੱਚ ਬਦਲਾਅ ਆਇਆ ਹੈ ਜਿਨ੍ਹਾਂ ਵਿੱਚ ਲੱਕੜੀ, ਗੋਬਰ ਅਤੇ ਫਸਲਾਂ ਦੀ ਰਹਿੰਦ-ਖੁੰਹਦ ਨੂੰ ਜਲਾਉਣਾ ਸ਼ਾਮਲ ਹੈ। ਸਵੱਛ ਈਂਧਣ ਦੀ ਵਰਤੋਂ ਨਾਲ ਘਰ ਦੇ ਅੰਦਰ ਦਾ ਹਵਾ ਪ੍ਰਦੂਸ਼ਣ ਘੱਟ ਹੁੰਦਾ ਹੈ, ਜਿਸ ਨਾਲ ਸਾਹ ਸਬੰਧੀ ਸਿਹਤ ਵਿੱਚ ਸੁਧਾਰ ਹੁੰਦਾ ਹੈ, ਖਾਸ ਕਰਕੇ ਮਹਿਲਾਵਾਂ ਅਤੇ ਬੱਚਿਆਂ ਵਿੱਚ ਜੋ ਪਰੰਪਰਾਗਤ ਤੌਰ ‘ਤੇ ਘਰੇਲੂ ਧੂੰਏਂ ਦੇ ਸੰਪਰਕ ਵਿੱਚ ਜ਼ਿਆਦਾ ਆਉਂਦੇ ਹਨ।
(ii) ਪੇਂਡੂ ਖੇਤਰਾਂ ਵਿੱਚ, ਖਾਸ ਕਰਕੇ ਦੂਰ-ਦੁਰਾਡੇ ਇਲਾਕਿਆਂ ਵਿੱਚ, ਪਰਿਵਾਰ ਅਕਸਰ ਆਪਣਾ ਕਾਫੀ ਸਮਾਂ ਅਤੇ ਊਰਜਾ ਰਵਾਇਤੀ ਖਾਣਾ ਬਣਾਉਣ ਦਾ ਈਂਧਣ ਇਕੱਠਾ ਕਰਨ ਵਿੱਚ ਲਗਾਉਂਦੇ ਹਨ। ਐੱਲਪੀਜੀ ਨੇ ਗ਼ਰੀਬ ਪਰਿਵਾਰਾਂ ਦੀਆਂ ਮਹਿਲਾਵਾਂ ਦੀ ਮਿਹਨਤ ਅਤੇ ਖਾਣਾ ਬਣਾਉਣ ਵਿੱਚ ਲੱਗਣ ਵਾਲੇ ਸਮੇਂ ਨੂੰ ਘਟਾਇਆ ਹੈ। ਇਸ ਪ੍ਰਕਾਰ, ਉਨ੍ਹਾਂ ਕੋਲ ਉਪਬਲਧ ਖਾਲੀ ਸਮੇਂ ਦੀ ਵਰਤੋਂ ਆਰਥਿਕ ਉਤਪਾਦਕਤਾ ਵਧਾਉਣ ਲਈ ਕਈ ਖੇਤਰਾਂ ਵਿੱਚ ਕੀਤਾ ਜਾ ਸਕਦਾ ਹੈ।
(iii) ਬਾਇਓਮਾਸ ਅਤੇ ਰਵਾਇਤੀ ਈਂਧਣ ਨੂੰ ਛੱਡ ਕੇ ਐੱਲਪੀਜੀ ਅਪਣਾਉਣ ਨਾਲ ਖਾਣਾ ਪਕਾਉਣ ਲਈ ਲੱਕੜੀ ਅਤੇ ਹੋਰ ਬਾਇਓਮਾਸ ‘ਤੇ ਨਿਰਭਰਤਾ ਘੱਟ ਹੋ ਜਾਂਦੀ ਹੈ, ਜਿਸ ਨਾਲ ਜੰਗਲਾਂ ਦੀ ਕਟਾਈ ਅਤੇ ਵਾਤਾਵਰਣ ਦੇ ਵਿਗਾੜ ਵਿੱਚ ਕਮੀ ਆਉਂਦੀ ਹੈ। ਇਸ ਨਾਲ ਨਾ ਸਿਰਫ਼ ਪਰਿਵਾਰਾਂ ਨੂੰ ਲਾਭ ਹੁੰਦਾ ਹੈ, ਸਗੋਂ ਵਿਆਪਕ ਵਾਤਾਵਰਣ ਦੀ ਸੰਭਾਲ ਦੇ ਯਤਨਾਂ ਵਿੱਚ ਵੀ ਯੋਗਦਾਨ ਮਿਲਦਾ ਹੈ।
(iv) ਖਾਣਾ ਬਣਾਉਣ ਦੀਆਂ ਬਿਹਤਰ ਸੁਵਿਧਾਵਾਂ ਨਾਲ ਪੋਸ਼ਣ ‘ਤੇ ਸਕਾਰਾਤਮਕ ਪ੍ਰਭਾਵ ਪੈਣ ਦੀ ਸੰਭਾਵਨਾ ਹੈ। ਪਰਿਵਾਰਾਂ ਲਈ ਵੱਖ-ਵੱਖ ਤਰ੍ਹਾਂ ਦੇ ਪੌਸ਼ਟਿਕ ਭੋਜਣ ਪਕਾਉਣਾ ਅਸਾਨ ਹੋ ਸਕਦਾ ਹੈ ਜਿਸ ਨਾਲ ਸਮੁੱਚੀ ਸਿਹਤ ਬਿਹਤਰ ਹੋਵੇਗੀ।
ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਰਾਜ ਮੰਤਰੀ ਸ਼੍ਰੀ ਸੁਰੇਸ਼ ਗੋਪੀ ਨੇ ਅੱਜ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਇਹ ਜਾਣਕਾਰੀ ਦਿੱਤੀ।
****************
ਮੋਨਿਕਾ
(Release ID: 2149564)