ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਤਮਿਲ ਨਾਡੂ ਦੇ ਥੂਥੁਕੁਡੀ (Thoothukudi) ਵਿੱਚ 4800 ਕਰੋੜ ਰੁਪਏ ਤੋਂ ਵੱਧ ਮੁੱਲ ਦੇ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਿਆ, ਉਦਘਾਟਨ ਕੀਤਾ ਅਤੇ ਲੋਕ ਅਰਪਣ ਕੀਤਾ


ਬੁਨਿਆਦੀ ਢਾਂਚਾ ਅਤੇ ਊਰਜਾ ਕਿਸੇ ਵੀ ਰਾਜ ਦੇ ਵਿਕਾਸ ਦਾ ਆਧਾਰ ਹੁੰਦੇ ਹਨ; ਪਿਛਲੇ 11 ਸਾਲਾਂ ਵਿੱਚ, ਇਨ੍ਹਾਂ ਖੇਤਰਾਂ 'ਤੇ ਸਾਡਾ ਫੋਕਸ ਦਰਸਾਉਂਦਾ ਹੈ ਕਿ ਤਮਿਲ ਨਾਡੂ ਦਾ ਵਿਕਾਸ ਸਾਡੀ ਸਰਵਉੱਚ ਪ੍ਰਾਥਮਿਕਤਾ ਹੈ: ਪ੍ਰਧਾਨ ਮੰਤਰੀ

ਅੱਜ, ਦੁਨੀਆ ਭਾਰਤ ਦੇ ਵਿਕਾਸ ਵਿੱਚ ਆਪਣਾ ਵਿਕਾਸ ਦੇਖ ਰਹੀ ਹੈ: ਪ੍ਰਧਾਨ ਮੰਤਰੀ

ਭਾਰਤ ਸਰਕਾਰ ਤਮਿਲ ਨਾਡੂ ਦੇ ਬੁਨਿਆਦੀ ਢਾਂਚੇ ਦੇ ਆਧੁਨਿਕੀਕਰਨ ਦੇ ਲਈ ਕੰਮ ਕਰ ਰਹੀ ਹੈ; ਅਸੀਂ ਰਾਜ ਦੇ ਬੰਦਰਗਾਹ ਸਬੰਧੀ ਬੁਨਿਆਦੀ ਢਾਂਚੇ ਨੂੰ ਅਤਿ-ਆਧੁਨਿਕ ਬਣਾ ਰਹੇ ਹਾਂ, ਨਾਲ ਹੀ ਨਿਰਵਿਘਨ ਕਨੈਕਟੀਵਿਟੀ ਦੇ ਲਈ ਹਵਾਈ ਅੱਡਿਆਂ, ਰਾਜਮਾਰਗਾਂ ਅਤੇ ਸੜਕਾਂ ਨੂੰ ਵੀ ਏਕੀਕ੍ਰਿਤ ਕਰ ਰਹੇ ਹਾਂ: ਪ੍ਰਧਾਨ ਮੰਤਰੀ

ਅੱਜ, ਦੇਸ਼ ਭਰ ਵਿੱਚ ਮੈਗਾ ਅਤੇ ਅਤਿ-ਆਧੁਨਿਕ ਬੁਨਿਆਦੀ ਢਾਂਚਾ ਵਿਕਸਿਤ ਕਰਨ ਦਾ ਮਹਾਅਭਿਯਾਨ ਚੱਲ ਰਿਹਾ ਹੈ: ਪ੍ਰਧਾਨ ਮੰਤਰੀ

Posted On: 26 JUL 2025 9:54PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਤਮਿਲ ਨਾਡੂ ਦੇ ਥੂਥੁਕੁਡੀ ਵਿੱਚ 4800 ਕਰੋੜ ਰੁਪਏ ਤੋਂ ਵੱਧ ਲਾਗਤ ਦੇ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਿਆ, ਉਦਘਾਟਨ ਕੀਤਾ ਅਤੇ ਲੋਕ ਅਰਪਣ ਕੀਤਾ। ਵਿਭਿੰਨ ਖੇਤਰਾਂ ਵਿੱਚ ਅਨੇਕ ਇਤਿਹਾਸਕ ਪ੍ਰੋਜੈਕਟ ਖੇਤਰੀ ਸੰਪਰਕ ਨੂੰ ਮਹੱਤਵਪੂਰਨ ਰੂਪ ਨਾਲ ਵਧਾਉਣਗੇ, ਲੌਜਿਸਟਿਕਸ ਕੁਸ਼ਲਤਾ ਨੂੰ ਹੁਲਾਰਾ ਦੇਣਗੇ, ਸਵੱਛ ਊਰਜਾ ਬੁਨਿਆਦੀ ਢਾਂਚੇ ਨੂੰ ਮਜ਼ਬੂਤੀ ਪ੍ਰਦਾਨ ਕਰਨਗੇ ਅਤੇ ਪੂਰੇ ਤਮਿਲ ਨਾਡੂ ਵਿੱਚ ਨਾਗਰਿਕਾਂ ਦੇ ਜੀਵਨ ਦੀ ਗੁਣਵੱਤਾ ਵਿੱਚ ਸੁਧਾਰ ਲਿਆਉਣਗੇ। ਕਾਰਗਿਲ ਵਿਜੈ ਦਿਵਸ ਦੇ ਮੌਕੇ 'ਤੇ ਸ਼੍ਰੀ ਮੋਦੀ ਨੇ ਕਾਰਗਿਲ ਦੇ ਬਹਾਦਰ ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਬਹਾਦਰ ਯੋਧਿਆਂ ਨੂੰ ਨਮਨ ਕੀਤਾ ਅਤੇ ਦੇਸ਼ ਦੇ ਲਈ ਸਰਵਉੱਚ ਬਲੀਦਾਨ ਦੇਣ ਵਾਲੇ ਸ਼ਹੀਦਾਂ ਨੂੰ ਦਿਲੋਂ ਸ਼ਰਧਾਂਜਲੀ ਭੇਟ ਕੀਤੀ।

ਸਭਾ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਚਾਰ ਦਿਨਾਂ ਦੀ ਵਿਦੇਸ਼ ਯਾਤਰਾ ਤੋਂ ਬਾਅਦ ਸਿੱਧਾ ਭਗਵਾਨ ਰਾਮੇਸ਼ਵਰ ਦੀ ਪਵਿੱਤਰ ਧਰਤੀ 'ਤੇ ਪਹੁੰਚਣਾ ਉਨ੍ਹਾਂ ਦੇ ਲਈ ਸੁਭਾਗ ਦੀ ਗੱਲ ਹੈ। ਉਨ੍ਹਾਂ ਨੇ ਆਪਣੀ ਵਿਦੇਸ਼ ਯਾਤਰਾ ਦੇ ਦੌਰਾਨ ਭਾਰਤ ਅਤੇ ਬ੍ਰਿਟੇਨ ਦੇ ਵਿੱਚ ਹੋਏ ਇਤਿਹਾਸਕ ਮੁਕਤ ਵਪਾਰ ਸਮਝੌਤੇ ਨੂੰ ਰੇਖਾਂਕਿਤ ਕੀਤਾ। ਇਸ ਨੂੰ ਭਾਰਤ ’ਤੇ ਦੁਨੀਆ ਦੇ ਵਧਦੇ ਭਰੋਸੇ ਅਤੇ ਭਾਰਤ ਦੇ ਨਵੇਂ ਆਤਮਵਿਸ਼ਵਾਸ ਦਾ ਪ੍ਰਤੀਕ ਕਰਾਰ ਦਿੰਦੇ ਹੋਏ ਸ਼੍ਰੀ ਮੋਦੀ ਨੇ ਕਿਹਾ ਕਿ ਇਹ ਆਤਮਵਿਸ਼ਵਾਸ ਵਿਕਸਿਤ ਭਾਰਤ ਅਤੇ ਵਿਕਸਿਤ ਤਮਿਲ ਨਾਡੂ ਦੇ ਨਿਰਮਾਣ ਨੂੰ ਗਤੀ ਦੇਵੇਗਾ। ਉਨ੍ਹਾਂ ਨੇ ਕਿਹਾ ਕਿ ਅੱਜ ਭਗਵਾਨ ਰਾਮੇਸ਼ਵਰ ਅਤੇ ਭਗਵਾਨ ਤਿਰੂਚੇਂਦੁਰ ਮੁਰੂਗਨ ਦੇ ਆਸ਼ੀਰਵਾਦ ਨਾਲ ਥੂਥੁਕੁਡੀ ਵਿੱਚ ਵਿਕਾਸ ਦਾ ਇੱਕ ਨਵਾਂ ਅਧਿਆਇ ਸ਼ੁਰੂ ਹੋ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ, "ਤਮਿਲ ਨਾਡੂ ਨੂੰ ਵਿਕਾਸ ਦੇ ਸਿਖਰ 'ਤੇ ਲਿਜਾਣ ਦਾ ਜੋ ਮਿਸ਼ਨ 2014 ਵਿੱਚ ਸ਼ੁਰੂ ਹੋਇਆ ਸੀ, ਥੂਥੁਕੁਡੀ ਲਗਾਤਾਰ ਉਸ ਦਾ ਗਵਾਹ ਬਣ ਰਿਹਾ ਹੈ।"

ਫਰਵਰੀ 2024 ਵਿੱਚ ‘ਵੀ.ਓ. ਚਿਦੰਬਰਨਾਰ ਬੰਦਰਗਾਹ’ ਦੇ ਲਈ ‘ਆਊਟਰ ਹਾਰਬਰ ਕੰਟੇਨਰ ਟਰਮੀਨਲ’ ਦਾ ਨੀਂਹ ਪੱਥਰ ਰੱਖੇ ਜਾਣ ਨੂੰ ਯਾਦ ਕਰਦੇ ਹੋਏ ਸ਼੍ਰੀ ਮੋਦੀ ਨੇ ਉਸ ਯਾਤਰਾ ਦੇ ਦੌਰਾਨ ਸੈਂਕੜੇ ਕਰੋੜ ਰੁਪਏ ਦੇ ਅਨੇਕ ਪ੍ਰੋਜੈਕਟਾਂ ਦਾ ਉਦਘਾਟਨ ਕੀਤੇ ਜਾਣ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਦੱਸਿਆ ਕਿ ਸਤੰਬਰ 2024 ਵਿੱਚ ਨਵੇਂ ਥੂਥੁਕੁਡੀ ਅੰਤਰਰਾਸ਼ਟਰੀ ਕੰਟੇਨਰ ਟਰਮੀਨਲ ਦਾ ਵੀ ਉਦਘਾਟਨ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਅੱਜ ਇੱਕ ਵਾਰ ਫਿਰ, ਥੂਥੁਕੁਡੀ ਵਿੱਚ 4,800 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਲੋਕਅਰਪਣ ਅਤੇ ਨੀਂਹ ਪੱਥਰ ਰੱਖਿਆ ਗਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਨ੍ਹਾਂ ਪਹਿਲਾਂ ਦਾ ਵਿਸਥਾਰ ਹਵਾਈ ਅੱਡਿਆਂ, ਰਾਜਮਾਰਗਾਂ, ਬੰਦਰਗਾਹਾਂ, ਰੇਲਵੇ ਅਤੇ ਬਿਜਲੀ ਖੇਤਰ ਦੀ ਮਹੱਤਵਪੂਰਨ ਪ੍ਰਗਤੀ ਸਮੇਤ ਪ੍ਰਮੁੱਖ ਖੇਤਰਾਂ ਵਿੱਚ ਹੋਇਆ ਹੈ। ਉਨ੍ਹਾਂ ਨੇ ਵਿਕਾਸ ਦੀ ਦਿਸ਼ਾ ਵਿੱਚ ਚੁੱਕੇ ਗਏ ਇਨ੍ਹਾਂ ਮਹੱਤਵਪੂਰਨ ਕਦਮਾਂ ਦੇ ਲਈ ਤਮਿਲ ਨਾਡੂ ਦੀ ਜਨਤਾ ਨੂੰ ਵਧਾਈ ਦਿੱਤੀ।

ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ, "ਬੁਨਿਆਦੀ ਢਾਂਚਾ ਅਤੇ ਊਰਜਾ ਕਿਸੇ ਵੀ ਰਾਜ ਦੇ ਵਿਕਾਸ ਦਾ ਆਧਾਰ ਹੁੰਦੇ ਹਨ। ਪਿਛਲੇ 11 ਸਾਲਾਂ ਵਿੱਚ, ਇਨ੍ਹਾਂ ਖੇਤਰਾਂ 'ਤੇ ਸਾਡਾ ਫੋਕਸ ਦਰਸਾਉਂਦਾ ਹੈ ਕਿ ਤਮਿਲ ਨਾਡੂ ਦਾ ਵਿਕਾਸ ਸਾਡੀ ਸਰਵਉੱਚ ਪ੍ਰਾਥਮਿਕਤਾ ਹੈ।" ਉਨ੍ਹਾਂ ਨੇ ਕਿਹਾ ਕਿ ਅੱਜ ਉਦਘਾਟਨ ਕੀਤੇ ਗਏ ਪ੍ਰੋਜੈਕਟ ਥੂਥੁਕੁਡੀ ਅਤੇ ਤਮਿਲ ਨਾਡੂ ਨੂੰ ਬਿਹਤਰ ਕਨੈਕਟੀਵਿਟੀ, ਸਵੱਛ ਊਰਜਾ ਅਤੇ ਨਵੇਂ ਮੌਕਿਆਂ ਦਾ ਕੇਂਦਰ ਬਣਾਉਣਗੇ।

ਸ਼੍ਰੀ ਮੋਦੀ ਨੇ ਖੁਸ਼ਹਾਲ ਅਤੇ ਸਸ਼ਕਤ ਭਾਰਤ ਦੇ ਨਿਰਮਾਣ ਵਿੱਚ ਤਮਿਲ ਨਾਡੂ ਅਤੇ ਥੂਥੁਕੁਡੀ ਦੇ ਸਥਾਈ ਯੋਗਦਾਨ ਨੂੰ ਸਵੀਕਾਰ ਕਰਦੇ ਹੋਏ ਇੱਥੋਂ ਦੇ ਅਮੀਰ ਸੱਭਿਆਚਾਰਕ ਅਤੇ ਇਤਿਹਾਸਕ ਵਿਰਾਸਤ ਦੇ ਪ੍ਰਤੀ ਸਨਮਾਨ ਪ੍ਰਗਟ ਕੀਤਾ। ਉਨ੍ਹਾਂ ਨੇ ਦੂਰਦਰਸ਼ੀ ਆਜ਼ਾਦੀ ਘੁਲਾਟੀਏ ਸ਼੍ਰੀ ਵੀ.ਓ. ਚਿਦੰਬਰਮ ਪਿੱਲਈ ਦੀ ਪ੍ਰਸ਼ੰਸਾ ਕੀਤੀ, ਜਿਨ੍ਹਾਂ ਨੇ ਬਸਤੀਵਾਦੀ ਕਾਲ ਵਿੱਚ ਸਮੁੰਦਰੀ ਵਪਾਰ ਦੀ ਤਾਕਤ ਨੂੰ ਮਹਿਸੂਸ ਕੀਤਾ ਸੀ ਅਤੇ ਸਮੁੰਦਰ ਵਿੱਚ ਸਵਦੇਸ਼ੀ ਜਹਾਜ਼ ਚਲਾ ਕੇ ਬ੍ਰਿਟਿਸ਼ ਦਬਦਬੇ ਨੂੰ ਚੁਣੌਤੀ ਦਿੱਤੀ ਸੀ। ਪ੍ਰਧਾਨ ਮੰਤਰੀ ਨੇ ਹਿੰਮਤ ਅਤੇ ਦੇਸ਼ ਭਗਤੀ 'ਤੇ ਅਧਾਰਿਤ ਸੁਤੰਤਰ ਅਤੇ ਸਸ਼ਕਤ ਭਾਰਤ ਦੇ ਸੁਪਨੇ ਬੁਣਨ ਲਈ ਵੀਰ-ਪਾਂਡਿਯਾ ਕੱਟਾ-ਬੋਮਨ ਅਤੇ ਅਲਗੂ-ਮੁਥੂ ਕੋਨ ਜਿਹੀਆਂ ਮਹਾਨ ਸ਼ਖਸੀਅਤਾਂ ਦੇ ਪ੍ਰਤੀ ਸਨਮਾਨ ਪ੍ਰਗਟ ਕੀਤਾ। ਥੂਥੁਕੁਡੀ ਦੇ ਨੇੜੇ ਰਾਸ਼ਟਰੀ ਕਵੀ ਸੁਬਰਮਣੀਅਮ ਭਾਰਤੀ ਦਾ ਜਨਮ ਸਥਾਨ ਹੋਣ ਨੂੰ ਯਾਦ ਕਰਦੇ ਹੋਏ ਸ਼੍ਰੀ ਮੋਦੀ ਨੇ ਥੂਥੁਕੁਡੀ ਅਤੇ ਆਪਣੇ ਹਲਕੇ ਕਾਸ਼ੀ ਦੇ ਵਿੱਚ ਡੂੰਘੇ ਭਾਵਨਾਤਮਕ ਸਬੰਧ ’ਤੇ ਚਾਨਣਾ ਪਾਇਆ। ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਕਾਸ਼ੀ-ਤਮਿਲ ਸੰਗਮਮ ਜਿਹੇ ਸੱਭਿਆਚਾਰਕ ਉਪਰਾਲੇ ਭਾਰਤ ਦੀ ਸਾਂਝੀ ਵਿਰਾਸਤ ਅਤੇ ਏਕਤਾ ਨੂੰ ਮਜ਼ਬੂਤੀ ਪ੍ਰਦਾਨ ਕਰਨਾ ਜਾਰੀ ਰੱਖੇ ਹੋਏ ਹਨ।

ਪਿਛਲੇ ਸਾਲ ਸ਼੍ਰੀ ਬਿਲ ਗੇਟਸ ਨੂੰ ਥੂਥੁਕੁਡੀ ਦੇ ਪ੍ਰਸਿੱਧ ਮੋਤੀ ਤੋਹਫ਼ੇ ਦੇਣ ਦੇ ਬਾਰੇ ਵਿੱਚ ਯਾਦ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਸ਼੍ਰੀ ਗੇਟਸ ਨੇ ਇਨ੍ਹਾਂ ਮੋਤੀਆਂ ਦੀ ਬਹੁਤ ਸ਼ਲਾਘਾ ਕੀਤੀ ਸੀ। ਉਨ੍ਹਾਂ ਕਿਹਾ ਕਿ ਇਸ ਖੇਤਰ ਦੇ ਪਾਂਡਿਯਾ ਮੋਤੀ ਕਦੇ ਦੁਨੀਆ ਭਰ ਵਿੱਚ ਭਾਰਤ ਦੀ ਆਰਥਿਕ ਸ਼ਕਤੀ ਦਾ ਪ੍ਰਤੀਕ ਮੰਨੇ ਜਾਂਦੇ ਸਨ।

ਸ਼੍ਰੀ ਮੋਦੀ ਨੇ ਕਿਹਾ, "ਭਾਰਤ ਆਪਣੇ ਨਿਰੰਤਰ ਯਤਨਾਂ ਦੇ ਮਾਧਿਅਮ ਨਾਲ ਇੱਕ ਵਿਕਸਿਤ ਤਮਿਲ ਨਾਡੂ ਅਤੇ ਵਿਕਸਿਤ ਭਾਰਤ ਦੇ ਵਿਜਨ ਨੂੰ ਅੱਗੇ ਵਧਾ ਰਿਹਾ ਹੈ।" ਉਨ੍ਹਾਂ ਨੇ ਕਿਹਾ ਕਿ ਭਾਰਤ ਅਤੇ ਬ੍ਰਿਟੇਨ ਦੇ ਵਿੱਚ ਹਸਤਾਖਰ ਕੀਤਾ ਗਿਆ ਮੁਕਤ ਵਪਾਰ ਸਮਝੌਤਾ (ਐੱਫਟੀਏ) ਇਸ ਵਿਜਨ ਨੂੰ ਹੋਰ ਗਤੀ ਪ੍ਰਦਾਨ ਕਰੇਗਾ। ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ, "ਅੱਜ ਦੁਨੀਆ ਭਾਰਤ ਦੇ ਵਿਕਾਸ ਵਿੱਚ ਆਪਣਾ ਵਿਕਾਸ ਦੇਖ ਰਹੀ ਹੈ।" ਉਨ੍ਹਾਂ ਨੇ ਕਿਹਾ ਕਿ ਐੱਫਟੀਏ ਭਾਰਤ ਦੀ ਅਰਥਵਿਵਸਥਾ ਨੂੰ ਮਜ਼ਬੂਤ ਬਣਾਏਗਾ ਅਤੇ ਦੁਨੀਆ ਦੀ ਤੀਸਰੀ ਸਭ ਤੋਂ ਵੱਡੀ ਅਰਥਵਿਵਸਥਾ ਬਣਨ ਦੀ ਦਿਸ਼ਾ ਵਿੱਚ ਦੇਸ਼ ਦੀ ਯਾਤਰਾ ਨੂੰ ਗਤੀ ਪ੍ਰਦਾਨ ਕਰੇਗਾ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਮੁਕਤ ਵਪਾਰ ਸਮਝੌਤੇ ਤੋਂ ਬਾਅਦ, ਬ੍ਰਿਟੇਨ ਵਿੱਚ ਵਿਕਣ ਵਾਲੇ 99 ਪ੍ਰਤੀਸ਼ਤ ਭਾਰਤੀ ਉਤਪਾਦ ਟੈਕਸ-ਮੁਕਤ ਹੋਣਗੇ। ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਬ੍ਰਿਟੇਨ ਵਿੱਚ ਭਾਰਤੀ ਵਸਤਾਂ ਦੇ ਜ਼ਿਆਦਾ ਕਿਫਾਇਤੀ ਹੋਣ ਨਾਲ ਮੰਗ ਵਧੇਗੀ, ਜਿਸ ਨਾਲ ਭਾਰਤ ਵਿੱਚ ਮੈਨੁਫੈਕਚਰਿੰਗ ਦੇ ਮੌਕੇ ਵਧਣਗੇ। ਸ਼੍ਰੀ ਮੋਦੀ ਨੇ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਭਾਰਤ-ਬ੍ਰਿਟੇਨ ਮੁਕਤ ਵਪਾਰ ਸਮਝੌਤੇ ਨਾਲ ਤਮਿਲ ਨਾਡੂ ਦੇ ਨੌਜਵਾਨਾਂ, ਲਘੂ ਉਦਯੋਗਾਂ, ਐੱਮਐੱਸਐੱਮਈ ਅਤੇ ਸਟਾਰਟਅੱਪਸ ਨੂੰ ਕਾਫੀ ਫਾਇਦਾ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਇਹ ਸਮਝੌਤਾ ਉਦਯੋਗ ਜਗਤ, ਮਛੇਰੇ ਸਮੁਦਾਇ ਅਤੇ ਖੋਜ ਅਤੇ ਨਵੀਨਤਾ ਜਿਹੇ ਖੇਤਰਾਂ ਨੂੰ ਵਿਆਪਕ ਲਾਭ ਪਹੁੰਚਾਏਗਾ।

ਸਰਕਾਰ ਦੁਆਰਾ ਮੇਕ ਇਨ ਇੰਡੀਆ ਅਤੇ ਮਿਸ਼ਨ ਮੈਨੁਫੈਕਚਰਿੰਗ 'ਤੇ ਜ਼ੋਰ ਦਿੱਤੇ ਜਾਣ ਨੂੰ ਰੇਖਾਂਕਿਤ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਆਪ੍ਰੇਸ਼ਨ ਸਿੰਦੂਰ ਦੇ ਦੌਰਾਨ ਮੇਕ ਇਨ ਇੰਡੀਆ ਦੀ ਤਾਕਤ ਸਾਫ਼ ਤੌਰ 'ਤੇ ਪ੍ਰਦਰਸ਼ਿਤ ਹੋਈ। ਉਨ੍ਹਾਂ ਨੇ ਕਿਹਾ ਕਿ ਅੱਤਵਾਦੀਆਂ ਦੇ ਟਿਕਾਣਿਆਂ ਨੂੰ ਤਬਾਹ ਕਰਨ ਵਿੱਚ ਸਵਦੇਸ਼ੀ ਹਥਿਆਰਾਂ ਦੀ ਵੱਡੀ ਭੂਮਿਕਾ ਰਹੀ ਹੈ। ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਵਿੱਚ ਬਣੇ ਹਥਿਆਰ ਅੱਜ ਵੀ ਅੱਤਵਾਦ ਦੇ ਆਕਾਵਾਂ ਦੀ ਨੀਂਦ ਹਰਾਮ ਕਰ ਰਹੇ ਹਨ।

ਇਹ ਦਾਅਵਾ ਕਰਦੇ ਹੋਏ ਕਿ ਤਮਿਲ ਨਾਡੂ ਦੇ ਬੁਨਿਆਦੀ ਢਾਂਚੇ ਦੇ ਆਧੁਨਿਕੀਕਰਨ ਦੇ ਜ਼ਰੀਏ ਰਾਜ ਦੀ ਸਮਰੱਥਾ ਦਾ ਪੂਰਾ ਇਸਤੇਮਾਲ ਕਰਨਾ ਕੇਂਦਰ ਸਰਕਾਰ ਦੀ ਪ੍ਰਤੀਬੱਧਤਾ ਰਹੀ ਹੈ, ਸ਼੍ਰੀ ਮੋਦੀ ਨੇ ਕਿਹਾ ਕਿ ਅਤਿ-ਆਧੁਨਿਕ ਤਕਨੀਕਾਂ ਨਾਲ ਭਰਭੂਰ ਬੰਦਰਗਾਹ ਸਹੂਲਤਾਂ ਨੂੰ ਉੱਨਤ ਬਣਾਉਣ ਦੀ ਦਿਸ਼ਾ ਵਿੱਚ ਮਹੱਤਵਪੂਰਨ ਕਦਮ ਚੁੱਕੇ ਜਾ ਰਹੇ ਹਨ। ਇਸ ਦੇ ਨਾਲ ਹੀ, ਰਾਜ ਭਰ ਵਿੱਚ ਨਿਰਵਿਘਨ ਸੰਪਰਕ ਵਧਾਉਣ ਲਈ ਹਵਾਈ ਅੱਡਿਆਂ, ਰਾਜਮਾਰਗਾਂ ਅਤੇ ਰੇਲਵੇ ਨੂੰ ਏਕੀਕ੍ਰਿਤ ਕਰਨ ਦੇ ਯਤਨ ਵੀ ਜਾਰੀ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਥੂਥੁਕੁਡੀ ਹਵਾਈ ਅੱਡੇ 'ਤੇ ਨਵੇਂ ਉੱਨਤ ਟਰਮੀਨਲ ਦਾ ਉਦਘਾਟਨ ਇਸ ਦਿਸ਼ਾ ਵਿੱਚ ਇੱਕ ਹੋਰ ਮਹੱਤਵਪੂਰਨ ਉਪਲਬਧੀ ਹੈ। ਉਨ੍ਹਾਂ ਨੇ ਦੱਸਿਆ ਕਿ 450 ਕਰੋੜ ਰੁਪਏ ਦੀ ਲਾਗਤ ਨਾਲ ਨਿਰਮਿਤ ਇਹ ਟਰਮੀਨਲ ਹੁਣ ਸਲਾਨਾ 20 ਲੱਖ ਤੋਂ ਜ਼ਿਆਦਾ ਯਾਤਰੀਆਂ ਦੀ ਮੇਜ਼ਬਾਨੀ ਦੀ ਸਮਰੱਥਾ ਰੱਖਦਾ ਹੈ, ਜਦੋਂ ਕਿ ਪਹਿਲਾਂ ਇਸ ਦੀ ਸਮਰੱਥਾ ਸਿਰਫ਼ 3 ਲੱਖ ਯਾਤਰੀਆਂ ਦੀ ਸੀ।

ਨਵੇਂ ਉਦਘਾਟਨ ਕੀਤੇ ਟਰਮੀਨਲ ਦੁਆਰਾ ਭਾਰਤ ਭਰ ਦੇ ਕਈ ਸਥਾਨਾਂ ਨਾਲ ਥੂਥੁਕੁਡੀ ਦੀ ਕਨੈਕਟੀਵਿਟੀ ਨੂੰ ਮਹੱਤਵਪੂਰਨ ਤੌਰ 'ਤੇ ਵਧਾਉਣ ਦਾ ਜ਼ਿਕਰ ਕਰਦੇ ਹੋਏ ਸ਼੍ਰੀ ਮੋਦੀ ਨੇ ਇਸ ਗੱਲ ਨੂੰ ਰੇਖਾਂਕਿਤ ਕੀਤਾ ਕਿ ਇਸ ਵਿਕਾਸ ਨਾਲ ਪੂਰੇ ਤਮਿਲ ਨਾਡੂ ਵਿੱਚ ਕਾਰਪੋਰੇਟ ਟ੍ਰੈਵਲ, ਵਿਦਿਅਕ ਕੇਂਦਰਾਂ ਅਤੇ ਸਿਹਤ ਸੰਭਾਲ ਦੇ ਬੁਨਿਆਦੀ ਢਾਂਚੇ ਨੂੰ ਲਾਭ ਹੋਵੇਗਾ। ਇਸ ਤੋਂ ਇਲਾਵਾ, ਉਨ੍ਹਾਂ ਨੇ ਕਿਹਾ ਕਿ ਇਸ ਬਿਹਤਰ ਪਹੁੰਚ ਦੇ ਮਾਧਿਅਮ ਨਾਲ ਖੇਤਰ ਦੀ ਸੈਰ-ਸਪਾਟਾ ਸਮਰੱਥਾ ਨੂੰ ਨਵੀਂ ਗਤੀ ਮਿਲਣ ਦੀ ਉਮੀਦ ਹੈ।

ਪ੍ਰਧਾਨ ਮੰਤਰੀ ਨੇ ਤਮਿਲ ਨਾਡੂ ਵਿੱਚ ਦੋ ਪ੍ਰਮੁੱਖ ਸੜਕ ਪ੍ਰੋਜੈਕਟਾਂ ਨੂੰ ਜਨਤਾ ਨੂੰ ਸਮਰਪਿਤ ਕਰਨ ਦਾ ਐਲਾਨ ਕੀਤਾ। ਲਗਭਗ 2,500 ਕਰੋੜ ਰੁਪਏ ਦੇ ਨਿਵੇਸ਼ ਨਾਲ ਵਿਕਸਿਤ ਕੀਤੀਆਂ ਗਈਆਂ ਇਹ ਸੜਕਾਂ ਦੋ ਪ੍ਰਮੁੱਖ ਵਿਕਾਸ ਖੇਤਰਾਂ ਨੂੰ ਚੇਨਈ ਦੇ ਨਾਲ ਜੋੜਨ ਲਈ ਡਿਜ਼ਾਇਨ ਕੀਤੀਆਂ ਗਈਆਂ ਹਨ। ਉਨ੍ਹਾਂ ਨੇ ਕਿਹਾ ਕਿ ਬਿਹਤਰ ਸੜਕੀ ਬੁਨਿਆਦੀ ਢਾਂਚੇ ਨੇ ਡੈਲਟਾ ਜ਼ਿਲ੍ਹਿਆਂ ਅਤੇ ਰਾਜ ਦੀ ਰਾਜਧਾਨੀ ਦੇ ਵਿਚਕਾਰ ਸੰਪਰਕ ਵਿੱਚ ਕਾਫ਼ੀ ਸੁਧਾਰ ਕੀਤਾ ਹੈ, ਜਿਸ ਨਾਲ ਵਿਆਪਕ ਆਰਥਿਕ ਏਕੀਕਰਨ ਅਤੇ ਪਹੁੰਚ ਦਾ ਰਾਹ ਪੱਧਰਾ ਹੋਇਆ ਹੈ।

ਇਸ ਗੱਲ 'ਤੇ ਜ਼ੋਰ ਦਿੰਦੇ ਹੋਏ ਕਿ ਸੜਕ ਪ੍ਰੋਜੈਕਟਾਂ ਨੇ ਥੂਥੁਕੁਡੀ ਬੰਦਰਗਾਹ ਨਾਲ ਕਨੈਕਟੀਵਿਟੀ ਨੂੰ ਕਾਫੀ ਹੁਲਾਰਾ ਦਿੱਤਾ ਹੈ, ਸ਼੍ਰੀ ਮੋਦੀ ਨੇ ਕਿਹਾ ਕਿ ਇਨ੍ਹਾਂ ਨਾਲ ਪੂਰੇ ਖੇਤਰ ਦੇ ਨਿਵਾਸੀਆਂ ਲਈ ਜੀਵਨ ਜਿਉਣ ਦੀ ਸੌਖ ਵਧਾਉਣ ਅਤੇ ਵਪਾਰ ਅਤੇ ਰੋਜ਼ਗਾਰ ਦੇ ਨਵੇਂ ਰਸਤੇ ਖੋਲ੍ਹਣ ਦੀ ਉਮੀਦ ਹੈ।

ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਕੇਂਦਰ ਸਰਕਾਰ ਰੇਲਵੇ ਨੈੱਟਵਰਕ ਨੂੰ ਉਦਯੋਗਿਕ ਵਿਕਾਸ ਅਤੇ ਆਤਮਨਿਰਭਰ ਭਾਰਤ ਦੀ ਜੀਵਨ ਰੇਖਾ ਮੰਨਦੀ ਹੈ। ਇਸ ਗੱਲ ’ਤੇ ਗੌਰ ਕਰਦੇ ਹੋਏ ਕਿ ਪਿਛਲੇ ਗਿਆਰਾਂ ਵਰ੍ਹਿਆਂ ਵਿੱਚ, ਭਾਰਤ ਵਿੱਚ ਰੇਲਵੇ ਦਾ ਬੁਨਿਆਦੀ ਢਾਂਚਾ ਆਧੁਨਿਕੀਕਰਨ ਦੇ ਪਰਿਵਰਤਨਸ਼ੀਲ ਪੜਾਅ ਵਿੱਚ ਦਾਖਲ ਹੋ ਗਿਆ ਹੈ, ਜਿਸ ਨਾਲ ਤਮਿਲ ਨਾਡੂ ਇਸ ਮੁਹਿੰਮ ਦਾ ਪ੍ਰਮੁੱਖ ਕੇਂਦਰ ਬਣ ਕੇ ਉੱਭਰਿਆ ਹੈ, ਪ੍ਰਧਾਨ ਮੰਤਰੀ ਨੇ ਕਿਹਾ ਕਿ ਅਮਰੂਤ ਭਾਰਤ ਸਟੇਸ਼ਨ ਯੋਜਨਾ ਦੇ ਤਹਿਤ, ਤਮਿਲ ਨਾਡੂ ਭਰ ਦੇ ਸਤੱਤਰ ਸਟੇਸ਼ਨਾਂ ਦਾ ਵਿਆਪਕ ਪੁਨਰ-ਵਿਕਾਸ ਕੀਤਾ ਜਾ ਰਿਹਾ ਹੈ। ਆਧੁਨਿਕ ਵੰਦੇ ਭਾਰਤ ਟ੍ਰੇਨਾਂ ਹੁਣ ਤਮਿਲ ਨਾਡੂ ਦੇ ਨਾਗਰਿਕਾਂ ਨੂੰ ਨਵਾਂ ਯਾਤਰਾ ਅਨੁਭਵ ਪ੍ਰਦਾਨ ਕਰ ਰਹੀਆਂ ਹਨ। ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਦਾ ਪਹਿਲਾ ਵਰਟੀਕਲ ਲਿਫਟ ਰੇਲ ਬ੍ਰਿਜ-ਪੰਬਨ ਬ੍ਰਿਜ - ਵੀ ਤਮਿਲ ਨਾਡੂ ਵਿੱਚ ਹੀ ਬਣਾਇਆ ਗਿਆ ਸੀ, ਜੋ ਇੱਕ ਵਿਲੱਖਣ ਇੰਜੀਨੀਅਰਿੰਗ ਉਪਲਬਧੀ ਹੈ ਜਿਸ ਨਾਲ ਇਸ ਖੇਤਰ ਵਿੱਚ ਕਾਰੋਬਾਰ ਕਰਨ ਦੀ ਸੌਖ ਅਤੇ ਯਾਤਰਾ ਵਿੱਚ ਸੌਖ, ਦੋਵਾਂ ਵਿੱਚ ਸੁਧਾਰ ਕੀਤਾ ਹੈ।

ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ, "ਅੱਜ, ਦੇਸ਼ ਭਰ ਵਿੱਚ ਮੈਗਾ ਅਤੇ ਅਤਿ-ਆਧੁਨਿਕ ਬੁਨਿਆਦੀ ਢਾਂਚਾ ਵਿਕਸਿਤ ਕਰਨ ਦਾ ਮਹਾਅਭਿਯਾਨ ਚੱਲ ਰਿਹਾ ਹੈ।" ਉਨ੍ਹਾਂ ਨੇ ਜੰਮੂ-ਕਸ਼ਮੀਰ ਵਿੱਚ ਹਾਲ ਹੀ ਵਿੱਚ ਉਦਘਾਟਨ ਕੀਤੇ ਗਏ ਚਨਾਬ ਪੁਲ ਨੂੰ ਇੰਜੀਨੀਅਰਿੰਗ ਦਾ ਚਮਤਕਾਰ ਕਰਾਰ ਦਿੰਦੇ ਹੋਏ ਕਿਹਾ ਕਿ ਇਸ ਨੇ ਪਹਿਲੀ ਵਾਰ ਜੰਮੂ ਅਤੇ ਸ਼੍ਰੀਨਗਰ ਨੂੰ ਰੇਲ ਮਾਰਗ ਨਾਲ ਜੋੜਿਆ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਇਸ ਤੋਂ ਇਲਾਵਾ, ਭਾਰਤ ਨੇ ਕਈ ਇਤਿਹਾਸਕ ਪ੍ਰੋਜੈਕਟਾਂ ਜਿਵੇਂ ਦੇਸ਼ ਦਾ ਸਭ ਤੋਂ ਲੰਬਾ ਸਮੁੰਦਰੀ ਪੁਲ - ਅਟਲ ਸੇਤੂ, ਅਸਾਮ ਵਿੱਚ ਬੋਗੀਬੀਲ ਪੁਲ ਅਤੇ ਛੇ ਕਿਲੋਮੀਟਰ ਤੋਂ ਜ਼ਿਆਦਾ ਲੰਬੀ ਸੋਨਮਾਰਗ ਸੁਰੰਗ ਪੂਰੀ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਪਹਿਲਕਦਮੀਆਂ ਏਕੀਕ੍ਰਿਤ ਵਿਕਾਸ ਦੇ ਪ੍ਰਤੀ ਕੇਂਦਰ ਸਰਕਾਰ ਦੀ ਪ੍ਰਤੀਬੱਧਤਾ ਨੂੰ ਦਰਸਾਉਂਦੀਆਂ ਹਨ ਅਤੇ ਇਨ੍ਹਾਂ ਨਾਲ ਦੇਸ਼ ਭਰ ਵਿੱਚ ਰੋਜ਼ਗਾਰ ਦੇ ਹਜ਼ਾਰਾਂ ਮੌਕਿਆਂ ਦੀ ਸਿਰਜਣਾ ਹੋਈ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਤਮਿਲ ਨਾਡੂ ਵਿੱਚ ਸਮਰਪਿਤ ਕੀਤੇ ਗਏ ਨਵੇਂ ਰੇਲਵੇ ਪ੍ਰੋਜੈਕਟਾਂ ਨਾਲ ਰਾਜ ਦੇ ਦੱਖਣੀ ਖੇਤਰ ਦੇ ਲੱਖਾਂ ਲੋਕਾਂ ਨੂੰ ਲਾਭ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਮਦੁਰੈ-ਬੋਡਿਨਾਯਕਨੂਰ ਰੇਲਵੇ ਲਾਈਨ ਦੇ ਬਿਜਲੀਕਰਨ ਨਾਲ ਹੁਣ ਇਸ ਖੇਤਰ ਵਿੱਚ ਵੰਦੇ ਭਾਰਤ ਜਿਹੀਆਂ ਅਤਿ-ਆਧੁਨਿਕ ਟ੍ਰੇਨਾਂ ਦੇ ਸੰਚਾਲਨ ਦਾ ਰਾਹ ਪੱਧਰਾ ਹੋ ਗਿਆ ਹੈ। ਸ਼੍ਰੀ ਮੋਦੀ ਨੇ ਕਿਹਾ, "ਇਹ ਰੇਲਵੇ ਪ੍ਰੋਜੈਕਟ ਤਮਿਲ ਨਾਡੂ ਦੀ ਪ੍ਰਗਤੀ ਦੀ ਗਤੀ ਨੂੰ ਤੇਜ਼ ਕਰਨ ਅਤੇ ਇਸ ਦੇ ਵਿਕਾਸ ਦੇ ਪੈਮਾਨੇ ਨੂੰ ਨਵੀਂ ਸ਼ਕਤੀ ਦੇਣ ਦੇ ਲਈ ਤਿਆਰ ਹਨ।"

ਪ੍ਰਧਾਨ ਮੰਤਰੀ ਨੇ ਤਮਿਲ ਨਾਡੂ ਵਿੱਚ 2,000 ਮੈਗਾਵਾਟ ਦੇ ਕੁਡਨਕੁਲਮ ਪ੍ਰਮਾਣੂ ਊਰਜਾ ਪ੍ਰੋਜੈਕਟ ਨਾਲ ਜੁੜੇ ਇੱਕ ਪ੍ਰਮੁੱਖ ਟ੍ਰਾਂਸਮਿਸ਼ਨ ਪ੍ਰੋਜੈਕਟ ਦਾ ਨੀਂਹ ਪੱਥਰ ਵੀ ਰੱਖਿਆ। 550 ਕਰੋੜ ਰੁਪਏ ਦੀ ਅਨੁਮਾਨਤ ਲਾਗਤ ਨਾਲ ਨਿਰਮਿਤ ਇਸ ਪ੍ਰਣਾਲੀ ਦੁਆਰਾ ਆਉਣ ਵਾਲੇ ਵਰ੍ਹਿਆਂ ਵਿੱਚ ਸਵੱਛ ਊਰਜਾ ਦੀ ਸਪਲਾਈ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣ ਦੀ ਸੰਭਾਵਨਾ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਇਹ ਊਰਜਾ ਪਹਿਲਕਦਮੀ ਭਾਰਤ ਦੇ ਵਿਸ਼ਵਵਿਆਪੀ ਊਰਜਾ ਟੀਚਿਆਂ ਅਤੇ ਵਾਤਾਵਰਣ ਪ੍ਰਤੀਬੱਧਤਾਵਾਂ ਵਿੱਚ ਸਾਰਥਕ ਯੋਗਦਾਨ ਦੇਣਗੀਆਂ। ਬਿਜਲੀ ਉਤਪਾਦਨ ਵਧਾਉਣ ਨਾਲ ਤਮਿਲ ਨਾਡੂ ਵਿੱਚ ਉਦਯੋਗਿਕ ਖੇਤਰਾਂ ਅਤੇ ਘਰੇਲੂ ਉਪਭੋਗਤਾਵਾਂ, ਦੋਵਾਂ ਨੂੰ ਬਿਹਤਰ ਊਰਜਾ ਉਪਲਬਧਤਾ ਤੋਂ ਢੁਕਵਾਂ ਲਾਭ ਪ੍ਰਾਪਤ ਹੋਵੇਗਾ।

ਤਮਿਲ ਨਾਡੂ ਵਿੱਚ ਪ੍ਰਧਾਨ ਮੰਤਰੀ ਸੂਰਯ ਘਰ ਮੁਫ਼ਤ ਬਿਜਲੀ ਯੋਜਨਾ ਦੀ ਤੇਜ਼ ਪ੍ਰਗਤੀ 'ਤੇ ਸੰਤੁਸ਼ਟੀ ਵਿਅਕਤ ਕਰਦੇ ਹੋਏ ਸ਼੍ਰੀ ਮੋਦੀ ਨੇ ਕਿਹਾ ਕਿ ਸਰਕਾਰ ਨੂੰ ਇਸ ਯੋਜਨਾ ਦੇ ਤਹਿਤ ਲਗਭਗ ਇੱਕ ਲੱਖ ਅਰਜ਼ੀਆਂ ਪਹਿਲਾਂ ਹੀ ਪ੍ਰਾਪਤ ਹੋ ਚੁੱਕੀਆਂ ਹਨ। ਉਨ੍ਹਾਂ ਨੇ ਦੱਸਿਆ ਕਿ ਹੁਣ ਤੱਕ ਚਾਲੀ ਹਜ਼ਾਰ ਤੋਂ ਜ਼ਿਆਦਾ ਸੂਰਜੀ ਰੂਫਟੌਪ ਸਥਾਪਿਤ ਕੀਤੇ ਜਾ ਚੁੱਕੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਯੋਜਨਾ ਨਾ ਸਿਰਫ਼ ਮੁਫ਼ਤ ਅਤੇ ਸਵੱਛ ਬਿਜਲੀ ਪ੍ਰਦਾਨ ਕਰਦੀ ਹੈ, ਬਲਕਿ ਹਰਿਤ ਰੋਜ਼ਗਾਰ ਦੇ ਹਜ਼ਾਰਾਂ ਮੌਕਿਆਂ ਦੀ ਵੀ ਸਿਰਜਣਾ ਕਰ ਰਹੀ ਹੈ।

ਤਮਿਲ ਨਾਡੂ ਦੇ ਵਿਕਾਸ ਅਤੇ ਵਿਕਸਿਤ ਤਮਿਲ ਨਾਡੂ ਦੇ ਵਿਜਨ ਨੂੰ ਕੇਂਦਰ ਸਰਕਾਰ ਦੀ ਪ੍ਰਮੁੱਖ ਪ੍ਰਤੀਬੱਧਤਾ ਕਰਾਰ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਤਮਿਲ ਨਾਡੂ ਦੇ ਵਿਕਾਸ ਨਾਲ ਜੁੜੀਆਂ ਨੀਤੀਆਂ ਨੂੰ ਲਗਾਤਾਰ ਸਰਵਉੱਚ ਪ੍ਰਾਥਮਿਕਤਾ ਦਿੱਤੀ ਗਈ ਹੈ। ਉਨ੍ਹਾਂ ਨੇ ਇਸ ਗੱਲ ਨੂੰ ਰੇਖਾਂਕਿਤ ਕੀਤਾ ਕਿ ਪਿਛਲੇ ਇੱਕ ਦਹਾਕੇ ਵਿੱਚ, ਕੇਂਦਰ ਸਰਕਾਰ ਨੇ ਤਮਿਲ ਨਾਡੂ ਨੂੰ 3 ਲੱਖ ਕਰੋੜ ਰੁਪਏ ਟ੍ਰਾਂਸਫਰ ਕੀਤੇ ਹਨ - ਜੋ ਪਿਛਲੀ ਸਰਕਾਰ ਦੁਆਰਾ ਵੰਡੀ ਗਈ ਰਕਮ ਨਾਲੋਂ ਤਿੰਨ ਗੁਣਾ ਤੋਂ ਵੀ ਵੱਧ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਇਨ੍ਹਾਂ ਗਿਆਰਾਂ ਵਰ੍ਹਿਆਂ ਵਿੱਚ, ਤਮਿਲ ਨਾਡੂ ਨੂੰ ਗਿਆਰਾਂ ਨਵੇਂ ਮੈਡੀਕਲ ਕਾਲਜ ਮਿਲੇ ਹਨ। ਉਨ੍ਹਾਂ ਨੇ ਕਿਹਾ ਕਿ ਪਹਿਲੀ ਵਾਰ ਕਿਸੇ ਸਰਕਾਰ ਨੇ ਤੱਟਵਰਤੀ ਖੇਤਰਾਂ ਵਿੱਚ ਮੱਛੀ ਪਾਲਣ ਨਾਲ ਜੁੜੇ ਭਾਈਚਾਰਿਆਂ ਦੇ ਲਈ ਇੰਨੀ ਚਿੰਤਾ ਦਿਖਾਈ ਹੈ। ਉਨ੍ਹਾਂ ਨੇ ਕਿਹਾ ਕਿ ਨੀਲੀ ਕ੍ਰਾਂਤੀ ਦੇ ਮਾਧਿਅਮ ਰਾਹੀਂ, ਸਰਕਾਰ ਸਮਾਵੇਸ਼ੀ ਵਿਕਾਸ ਨੂੰ ਸੁਨਿਸ਼ਚਿਤ ਕਰਦੇ ਹੋਏ ਤੱਟਵਰਤੀ ਅਰਥਵਿਵਸਥਾ ਦਾ ਵਿਸਥਾਰ ਕਰ ਰਹੀ ਹੈ।

ਸ਼੍ਰੀ ਮੋਦੀ ਨੇ ਕਿਹਾ, " ਥੂਥੁਕੁਡੀ ਵਿਕਾਸ ਦੇ ਇੱਕ ਨਵੇਂ ਅਧਿਆਏ ਦੀ ਸ਼ੁਰੂਆਤ ਦਾ ਗਵਾਹ ਬਣ ਰਿਹਾ ਹੈ।" ਉਨ੍ਹਾਂ ਨੇ ਇਸ ਗੱਲ ਨੂੰ ਰੇਖਾਂਕਿਤ ਕੀਤਾ ਕਿ ਕਨੈਕਟੀਵਿਟੀ, ਪਾਵਰ ਟ੍ਰਾਂਸਮਿਸ਼ਨ ਅਤੇ ਬੁਨਿਆਦੀ ਢਾਂਚੇ ਵਿੱਚ ਕੀਤੀਆਂ ਗਈਆਂ ਪਹਿਲਕਦਮੀਆਂ ਵਿਕਸਿਤ ਤਮਿਲ ਨਾਡੂ ਅਤੇ ਵਿਕਸਿਤ ਭਾਰਤ ਦੀ ਮਜ਼ਬੂਤ ਨੀਂਹ ਰੱਖ ਰਹੀਆਂ ਹਨ। ਉਨ੍ਹਾਂ ਨੇ ਇਨ੍ਹਾਂ ਪਰਿਵਰਤਨਸ਼ੀਲ ਪ੍ਰੋਜੈਕਟਾਂ ਦੇ ਲਈ ਤਮਿਲ ਨਾਡੂ ਦੇ ਸਾਰੇ ਲੋਕਾਂ ਨੂੰ ਵਧਾਈ ਦਿੰਦੇ ਹੋਏ ਆਪਣੇ ਸੰਬੋਧਨ ਦੀ ਸਮਾਪਤੀ ਕੀਤੀ।

ਇਸ ਸਮਾਗਮ ਵਿੱਚ ਤਮਿਲ ਨਾਡੂ ਦੇ ਰਾਜਪਾਲ ਸ਼੍ਰੀ ਆਰਐੱਨ ਰਵੀ, ਕੇਂਦਰੀ ਮੰਤਰੀ ਸ਼੍ਰੀ ਰਾਮਮੋਹਨ ਨਾਇਡੂ ਕਿੰਜਰਾਪੂ, ਡਾ. ਐੱਲ ਮੁਰੂਗਨ ਸਮੇਤ ਹੋਰ ਪਤਵੰਤੇ ਵਿਅਕਤੀ ਵੀ ਮੌਜੂਦ ਸਨ।

ਪਿਛੋਕੜ

ਵਿਸ਼ਵ ਪੱਧਰੀ ਹਵਾਈ ਬੁਨਿਆਦੀ ਢਾਂਚੇ ਨੂੰ ਵਿਕਸਿਤ ਕਰਨ ਅਤੇ ਸੰਪਰਕ ਵਧਾਉਣ ਦੀ ਆਪਣੀ ਪ੍ਰਤੀਬੱਧਤਾ ਦੇ ਅਨੁਸਾਰ ਪ੍ਰਧਾਨ ਮੰਤਰੀ ਨੇ ਤੁਤੂਕੁੜੀ ਹਵਾਈ ਅੱਡੇ 'ਤੇ ਲਗਭਗ 450 ਕਰੋੜ ਰੁਪਏ ਦੀ ਲਾਗਤ ਨਾਲ ਨਿਰਮਿਤ ਨਵੇਂ ਟਰਮੀਨਲ ਭਵਨ ਦਾ ਉਦਘਾਟਨ ਕੀਤਾ, ਜਿਸ ਨੂੰ ਦੱਖਣੀ ਖੇਤਰ ਦੀਆਂ ਵਧਦੀਆਂ ਹਵਾਬਾਜ਼ੀ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਤਿਆਰ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਨੇ ਥੂਥੁਕੁਡੀ ਹਵਾਈ ਅੱਡੇ 'ਤੇ ਨਵੇਂ ਟਰਮੀਨਲ ਭਵਨ ਦਾ ਨਿਰੀਖਣ ਵੀ ਕੀਤਾ।

17,340 ਵਰਗ ਮੀਟਰ ਵਿੱਚ ਫੈਲਿਆ ਇਹ ਟਰਮੀਨਲ ਵਿਅਸਤ ਸਮੇਂ ਵਿੱਚ 1,350 ਯਾਤਰੀਆਂ ਅਤੇ ਸਲਾਨਾ 20 ਲੱਖ ਯਾਤਰੀਆਂ ਨੂੰ ਸੰਭਾਲਣ ਦੀ ਸਮਰੱਥਾ ਨਾਲ ਲੈਸ ਹੋਵੇਗਾ, ਭਵਿੱਖ ਵਿੱਚ ਇਸ ਦੀ ਸਮਰੱਥਾ ਵਧਾ ਕੇ ਵਿਅਸਤ ਸਮੇਂ ਵਿੱਚ 1,800 ਯਾਤਰੀ ਅਤੇ ਸਲਾਨਾ 25 ਲੱਖ ਯਾਤਰੀ ਕੀਤੀ ਜਾ ਸਕੇਗੀ। 100 ਪ੍ਰਤੀਸ਼ਤ ਐੱਲਈਡੀ ਲਾਈਟਿੰਗ, ਊਰਜਾ-ਕੁਸ਼ਲ ਈਐਂਡਐੱਮ ਸਿਸਟਮ ਅਤੇ ਔਨ-ਸਾਈਟ ਸੀਵੇਜ ਟ੍ਰੀਟਮੈਂਟ ਪਲਾਂਟ ਦੇ ਮਾਧਿਅਮ ਰਾਹੀਂ ਟ੍ਰੀਟ ਕੀਤੇ ਪਾਣੀ ਦੀ ਮੁੜ ਵਰਤੋਂ ਦੇ ਨਾਲ, ਟਰਮੀਨਲ ਨੂੰ ਜੀਆਰਆਈਐੱਚਏ-4 ਸਥਾਈ ਰੇਟਿੰਗ ਪ੍ਰਾਪਤ ਕਰਨ ਦੇ ਲਈ ਤਿਆਰ ਕੀਤਾ ਗਿਆ ਹੈ। ਇਸ ਆਧੁਨਿਕ ਬੁਨਿਆਦੀ ਢਾਂਚੇ ਦੀ ਬਦੌਲਤ ਖੇਤਰੀ ਹਵਾਈ ਸੰਪਰਕ ਵਿੱਚ ਜ਼ਿਕਰਯੋਗ ਵਾਧਾ ਹੋਣ ਅਤੇ ਦੱਖਣੀ ਤਮਿਲ ਨਾਡੂ ਵਿੱਚ ਸੈਰ-ਸਪਾਟਾ, ਵਪਾਰ ਅਤੇ ਨਿਵੇਸ਼ ਨੂੰ ਹੁਲਾਰਾ ਮਿਲਣ ਦੀ ਉਮੀਦ ਹੈ।

ਸੜਕ ਬੁਨਿਆਦੀ ਢਾਂਚਾ ਖੇਤਰ ਵਿੱਚ, ਪ੍ਰਧਾਨ ਮੰਤਰੀ ਨੇ ਰਣਨੀਤਕ ਤੌਰ 'ਤੇ ਮਹੱਤਵਪੂਰਨ ਦੋ ਰਾਜਮਾਰਗ ਪ੍ਰੋਜੈਕਟਾਂ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ। ਪਹਿਲਾ ਪ੍ਰੋਜੈਕਟ ਐੱਨਐੱਚ-36 ਦੇ 50 ਕਿਲੋਮੀਟਰ ਲੰਬੇ ਸੇਠਿਯਾਥੋਪ-ਚੋਲਾਪੁਰਮ ਖੰਡ ਨੂੰ 4-ਲੇਨ ਬਣਾਉਣ ਨਾਲ ਸਬੰਧਿਤ ਹੈ, ਜਿਸ ਨੂੰ ਵਿਕ੍ਰਵੰਡੀ-ਤੰਜਾਵੁਰ ਕੋਰੀਡੋਰ ਦੇ ਤਹਿਤ 2,350 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਵਿਕਸਿਤ ਕੀਤਾ ਗਿਆ ਹੈ। ਇਸ ਵਿੱਚ ਤਿੰਨ ਬਾਈਪਾਸ, ਕੋਲੀਡਮ ਨਦੀ ’ਤੇ 1 ਕਿਲੋਮੀਟਰ ਲੰਬਾ ਚਾਰ-ਲੇਨ ਦਾ ਪੁਲ, ਚਾਰ ਵੱਡੇ ਪੁਲ, ਸੱਤ ਫਲਾਈਓਵਰ ਅਤੇ ਕਈ ਅੰਡਰਪਾਸ ਸ਼ਾਮਲ ਹਨ, ਜੀ ਨਾਲ ਸੇਠਿਯਾਥੋਪ-ਚੋਲਾਪੁਰਮ ਦੇ ਵਿੱਚ ਯਾਤਰਾ ਦਾ ਸਮਾਂ 45 ਮਿੰਟ ਘੱਟ ਹੋ ਜਾਵੇਗਾ ਅਤੇ ਡੈਲਟਾ ਖੇਤਰ ਦੇ ਸੱਭਿਆਚਾਰਕ ਅਤੇ ਖੇਤੀਬਾੜੀ ਕੇਂਦਰਾਂ ਨਾਲ ਸੰਪਰਕ ਵਧੇਗਾ। ਦੂਸਰਾ ਪ੍ਰੋਜੈਕਟ 5.16 ਕਿਲੋਮੀਟਰ ਐੱਨਐੱਚ-138 ਤੁਤੂਕੁੜੀ ਬੰਦਰਗਾਹ ਮਾਰਗ ਨੂੰ 6 ਲੇਨ ਦਾ ਬਣਾਉਣਾ ਹੈ, ਜਿਸ ਨੂੰ ਲਗਭਗ 200 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਗਿਆ ਹੈ। ਅੰਡਰਪਾਸਾਂ ਅਤੇ ਪੁਲਾਂ ਦੇ ਨਿਰਮਾਣ ਨਾਲ ਮਾਲ ਢੁਆਈ ਆਸਾਨ ਹੋਵੇਗੀ, ਲੌਜਿਸਟਿਕਸ ਦੀ ਲਾਗਤ ਵਿੱਚ ਕਟੌਤੀ ਹੋਵੇਗੀ ਅਤੇ ਵੀਓ ਚਿਦੰਬਰਨਾਰ ਬੰਦਰਗਾਹ ਦੇ ਆਲੇ-ਦੁਆਲੇ ਬੰਦਰਗਾਹ-ਅਧਾਰਿਤ ਉਦਯੋਗਿਕ ਵਿਕਾਸ ਨੂੰ ਹੁਲਾਰਾ ਮਿਲੇਗਾ।

ਬੰਦਰਗਾਹ ਦੇ ਬੁਨਿਆਦੀ ਢਾਂਚੇ ਅਤੇ ਸਵੱਛ ਊਰਜਾ ਪਹਿਲਕਦਮੀਆਂ ਨੂੰ ਹੁਲਾਰਾ ਦੇਣ ਦੇ ਲਈ ਪ੍ਰਧਾਨ ਮੰਤਰੀ ਨੇ ਵੀਓ ਚਿਦੰਬਰਨਾਰ ਬੰਦਰਗਾਹ 'ਤੇ ਲਗਭਗ 285 ਕਰੋੜ ਰੁਪਏ ਮੁੱਲ ਦੇ 6.96 ਐੱਮਐੱਮਟੀਪੀਏ ਕਾਰਗੋ ਹੈਂਡਲਿੰਗ ਸਮਰੱਥਾ ਵਾਲੇ ਨੌਰਥ ਕਾਰਗੋ ਬਰਥ-III ਦਾ ਉਦਘਾਟਨ ਕੀਤਾ। ਇਸ ਨਾਲ ਖੇਤਰ ਵਿੱਚ ਡ੍ਰਾਈ ਬਲਕ ਕਾਰਗੋ ਦੀਆਂ ਵਧਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਵਿੱਚ ਸਹਾਇਤਾ ਮਿਲੇਗੀ, ਜਿਸ ਨਾਲ ਸਮੁੱਚੀ ਬੰਦਰਗਾਹ ਕੁਸ਼ਲਤਾ ਵਿੱਚ ਸੁਧਾਰ ਹੋਵੇਗਾ ਅਤੇ ਕਾਰਗੋ ਸੰਚਾਲਨ ਲੌਜਿਸਟਿਕਸ ਦੇ ਅਨੁਕੂਲ ਹੋਵੇਗਾ।

ਪ੍ਰਧਾਨ ਮੰਤਰੀ ਨੇ ਸਥਾਈ ਅਤੇ ਕੁਸ਼ਲ ਸੰਪਰਕ ਨੂੰ ਉਤਸ਼ਾਹਿਤ ਕਰਨ ਲਈ ਦੱਖਣੀ ਤਮਿਲ ਨਾਡੂ ਵਿੱਚ ਤਿੰਨ ਪ੍ਰਮੁੱਖ ਰੇਲਵੇ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਦਾ ਲੋਕਅਰਪਣ ਕੀਤਾ। 90 ਕਿਲੋਮੀਟਰ ਲੰਬੀ ਮਦੁਰੈ- ਬੋਡਿਨਾਯਕਨੂਰ ਲਾਈਨ ਦੇ ਬਿਜਲੀਕਰਨ ਨਾਲ ਵਾਤਾਵਰਣ ਦੇ ਅਨੁਕੂਲ ਆਵਾਜਾਈ ਨੂੰ ਹੁਲਾਰਾ ਮਿਲੇਗਾ ਅਤੇ ਮਦੁਰੈ ਅਤੇ ਥੇਨੀ ਵਿੱਚ ਸੈਰ-ਸਪਾਟਾ ਅਤੇ ਆਉਣ-ਜਾਣ ਨੂੰ ਹੁਲਾਰਾ ਮਿਲੇਗਾ। ਤਿਰੂਵਨੰਤਪੁਰਮ-ਕੰਨਿਆਕੁਮਾਰੀ ਪ੍ਰੋਜੈਕਟ ਦੇ ਤਹਿਤ, 21 ਕਿਲੋਮੀਟਰ ਲੰਬੇ ਨਾਗਰਕੋਇਲ ਟਾਊਨ-ਕੰਨਿਆਕੁਮਾਰੀ ਖੰਡ ਦਾ 650 ਕਰੋੜ ਰੁਪਏ ਦੀ ਲਾਗਤ ਨਾਲ ਦੋਹਰੀਕਰਨ, ਤਮਿਲ ਨਾਡੂ ਅਤੇ ਕੇਰਲ ਵਿਚਕਾਰ ਸੰਪਰਕ ਨੂੰ ਮਜ਼ਬੂਤ ਕਰੇਗਾ। ਇਸ ਤੋਂ ਇਲਾਵਾ, ਅਰਲਵਯਮੋਝੀ-ਨਾਗਰਕੋਇਲ ਜੰਕਸ਼ਨ (12.87 ਕਿਲੋਮੀਟਰ) ਅਤੇ ਤਿਰੂਨੇਲਵੇਲੀ-ਮੇਲਾਪਲਾਯਮ (3.6 ਕਿਲੋਮੀਟਰ) ਖੰਡਾਂ ਦੇ ਦੋਹਰੀਕਰਨ ਨਾਲ ਚੇਨਈ-ਕੰਨਿਆਕੁਮਾਰੀ ਜਿਹੇ ਪ੍ਰਮੁੱਖ ਦੱਖਣੀ ਮਾਰਗਾਂ 'ਤੇ ਯਾਤਰਾ ਦਾ ਸਮਾਂ ਘੱਟ ਹੋਵੇਗਾ ਅਤੇ ਯਾਤਰੀ ਅਤੇ ਮਾਲ ਢੁਆਈ ਦੀ ਸਮਰੱਥਾ ਵਿੱਚ ਸੁਧਾਰ ਦੇ ਮਾਧਿਅਮ ਰਾਹੀਂ ਖੇਤਰੀ ਆਰਥਿਕ ਏਕੀਕਰਨ ਨੂੰ ਹੁਲਾਰਾ ਮਿਲੇਗਾ।

ਰਾਜ ਦੇ ਬਿਜਲੀ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਅਤੇ ਸੁਨਿਸ਼ਚਿਤ ਕਰਨ ਲਈ ਪ੍ਰਧਾਨ ਮੰਤਰੀ ਨੇ ਇੱਕ ਪ੍ਰਮੁੱਖ ਬਿਜਲੀ ਟ੍ਰਾਂਸਮਿਸ਼ਨ ਪ੍ਰੋਜੈਕਟ – ਕੁਡਨਕੁਲਮ ਪਰਮਾਣੂ ਊਰਜਾ ਪਲਾਂਟ ਦੀ ਇਕਾਈ 3 ਅਤੇ 4 (2x1000 ਮੈਗਾਵਾਟ) ਤੋਂ ਬਿਜਲੀ ਦੀ ਨਿਕਾਸੀ ਸਬੰਧੀ ਅੰਤਰ-ਰਾਜੀ ਟ੍ਰਾਂਸਮਿਸ਼ਨ ਪ੍ਰਣਾਲੀ (ਆਈਐੱਸਟੀਐੱਸ) ਦਾ ਨੀਂਹ ਪੱਥਰ ਰੱਖਿਆ। ਲਗਭਗ 550 ਕਰੋੜ ਰੁਪਏ ਦੀ ਲਾਗਤ ਨਾਲ ਵਿਕਸਿਤ ਕੀਤੇ ਇਸ ਪ੍ਰੋਜੈਕਟ ਵਿੱਚ ਕੁਡਨਕੁਲਮ ਤੋਂ ਥੂਥੁਕੁਡੀ -II ਜੀਆਈਐੱਸ ਸਬਸਟੇਸ਼ਨ ਅਤੇ ਸਬੰਧਿਤ ਟਰਮੀਨਲ ਉਪਕਰਣਾਂ ਤੱਕ 400 ਕੇਵੀ (ਕਵਾਡ) ਡਬਲ-ਸਰਕਟ ਟ੍ਰਾਂਸਮਿਸ਼ਨ ਲਾਈਨ ਸ਼ਾਮਲ ਹੋਵੇਗੀ। ਇਹ ਰਾਸ਼ਟਰੀ ਗਰਿੱਡ ਨੂੰ ਮਜ਼ਬੂਤ ਕਰਨ, ਭਰੋਸੇਯੋਗ ਸਵੱਛ ਊਰਜਾ ਡਿਲੀਵਰੀ ਸੁਨਿਸ਼ਚਿਤ ਕਰਨ ਅਤੇ ਤਮਿਲ ਨਾਡੂ ਅਤੇ ਹੋਰ ਲਾਭਾਰਥੀ ਰਾਜਾਂ ਦੀਆਂ ਵਧਦੀਆਂ ਬਿਜਲੀ ਮੰਗਾਂ ਨੂੰ ਪੂਰਾ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗਾ।

https://x.com/narendramodi/status/1949119312897167426 

https://x.com/PMOIndia/status/1949121686613418159 

https://x.com/PMOIndia/status/1949123468856881192 

https://x.com/PMOIndia/status/1949125284084478180 

https://x.com/PMOIndia/status/1949127014855721193 

https://x.com/narendramodi/status/1949134381622218914 

https://x.com/narendramodi/status/1949134936809636244 

https://x.com/narendramodi/status/1949135532

522434958 

****

ਐੱਮਜੇਪੀਐੱਸ/ ਐੱਸਆਰ


(Release ID: 2149119)