ਗ੍ਰਹਿ ਮੰਤਰਾਲਾ
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ, ਸ਼੍ਰੀ ਅਮਿਤ ਸ਼ਾਹ ਨੇ, ਨਵੀਂ ਦਿੱਲੀ ਵਿੱਚ ਭਾਰਤ ਵਿਕਾਸ ਪ੍ਰੀਸ਼ਦ ਦੇ 63ਵੇਂ ਸਥਾਪਨਾ ਦਿਵਸ ਸਮਾਰੋਹ ਨੂੰ ਮੁੱਖ ਮਹਿਮਾਨ ਵਜੋਂ ਸੰਬੋਧਨ ਕੀਤਾ
ਮੋਦੀ ਜੀ ਨੇ ਰਾਮ ਮੰਦਿਰ ਦੀ ਉਸਾਰੀ ਨੂੰ ਯਕੀਨੀ ਬਣਾ ਕੇ ਅਤੇ ਡਿਜੀਟਲ ਭੁਗਤਾਨ ਪ੍ਰਣਾਲੀਆਂ ਨੂੰ ਰੇਹੜੀ-ਪਟੜੀ ਵਾਲਿਆਂ ਤੱਕ ਪਹੁੰਚਾ ਕੇ, ਵਿਕਾਸ ਅਤੇ ਵਿਰਾਸਤ ਦੋਵਾਂ ਨੂੰ ਇਕੱਠੇ ਅੱਗੇ ਵਧਾਇਆ ਹੈ
ਭਾਰਤ ਵਿਕਾਸ ਪ੍ਰੀਸ਼ਦ ਸੇਵਾ ਕਰਨ ਵਾਲਿਆਂ ਅਤੇ ਲੋੜਵੰਦਾਂ ਦਰਮਿਆ ਇੱਕ ਪੁਲ ਵਜੋਂ ਕੰਮ ਕਰ ਰਹੀ ਹੈ
ਭਾਰਤ ਵਿਕਾਸ ਪ੍ਰੀਸ਼ਦ ਨੇ ਸੇਵਾ ਨੂੰ ਸੰਗਠਨ ਨਾਲ, ਸੰਗਠਨ ਨੂੰ ਕਦਰਾਂ-ਕੀਮਤਾਂ ਨਾਲ ਅਤੇ ਕਦਰਾਂ-ਕੀਮਤਾਂ ਨੂੰ ਰਾਸ਼ਟਰ ਨਿਰਮਾਣ ਨਾਲ ਜੋੜਿਆ ਹੈ
ਭਾਰਤ ਵਿਕਾਸ ਪ੍ਰੀਸ਼ਦ ਇੱਕ ਅਜਿਹਾ ਵਿਚਾਰ ਹੈ ਜਿਸ ਦਾ ਉਦੇਸ਼ ਹਰੇਕ ਭਾਰਤੀ ਨੂੰ ਉਨ੍ਹਾਂ ਦੀ ਭਾਰਤੀ ਪਛਾਣ ਨਾਲ ਜੋੜਨ ਦਾ ਵਿਚਾਰ ਹੈ
ਸਵਾਮੀ ਵਿਵੇਕਾਨੰਦ ਦੇ ਆਦਰਸ਼ਾਂ ਦੀ ਪਾਲਣਾ ਕਰਦੇ ਹੋਏ ਅਤੇ 'ਸਮਰਪਣ,' 'ਸੰਗਠਨ' ਅਤੇ 'ਸੰਸਕਾਰ' ਦੇ ਗੁਣਾਂ ਨੂੰ ਅਪਣਾਉਂਦੇ ਹੋਏ, ਭਾਰਤ ਵਿਕਾਸ ਪ੍ਰੀਸ਼ਦ ਸਮਾਜ ਵਿੱਚ ਚੰਗਿਆਈ ਦੀ ਰਚਨਾਤਮਕ ਸ਼ਕਤੀ ਦਾ ਨਿਰਮਾਣ ਕਰ ਰਹੀ ਹੈ
ਜਦੋਂ ਮੋਦੀ ਸਰਕਾਰ ਨੇ ਭਾਰਤੀ ਜਲ ਸੈਨਾ ਵਿੱਚ ਬ੍ਰਿਟਿਸ਼ ਨਿਸ਼ਾਨ ਨੂੰ ਛਤਰਪਤੀ ਸ਼ਿਵਾਜੀ ਮਹਾਰਾਜ ਦੀ ਤਲਵਾਰ ਦੇ ਪ੍ਰਤੀਕ ਨਾਲ ਬਦਲ ਦਿੱਤਾ, ਤਾਂ ਹਰ ਭਾਰਤੀ ਨੇ ਮਾਣ ਦੀ ਡੂੰਘੀ ਭਾਵਨਾ ਮਹਿਸੂਸ ਕੀਤੀ
ਨਵੀਂ ਸਿੱਖਿਆ ਨੀਤੀ ਰਾਹੀਂ ਮਾਤ੍ਰਿ ਭਾਸ਼ਾ ਵਿੱਚ ਸਿੱਖਿਆ ਨੂੰ ਉਤਸ਼ਾਹਿਤ ਕਰਨ ਦੇ ਨਾਲ-ਨਾਲ, ਮੋਦੀ ਸਰਕਾਰ ਨੇ ਰਾਸ਼ਟਰ ਲਈ ਏਆਈ ਅਤੇ ਸਾਈਬਰ ਸੁਰੱਖਿਆ ਦੇ ਖੇਤਰਾਂ ਨੂੰ ਵੀ ਨਵੀਂ ਗਤੀ ਦਿ
Posted On:
14 JUL 2025 9:23PM by PIB Chandigarh
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ, ਸ਼੍ਰੀ ਅਮਿਤ ਸ਼ਾਹ ਨੇ ਅੱਜ ਨਵੀਂ ਦਿੱਲੀ ਵਿੱਚ ਭਾਰਤ ਵਿਕਾਸ ਪ੍ਰੀਸ਼ਦ (ਬੀਵੀਪੀ) ਦੇ 63ਵੇਂ ਸਥਾਪਨਾ ਦਿਵਸ ਸਮਾਰੋਹ ਨੂੰ ਮੁੱਖ ਮਹਿਮਾਨ ਵਜੋਂ ਸੰਬੋਧਨ ਕੀਤਾ। ਇਸ ਮੌਕੇ 'ਤੇ ਸੁਪਰੀਮ ਕੋਰਟ ਦੇ ਸਾਬਕਾ ਜੱਜ ਅਤੇ ਭਾਰਤੀ ਵਿਕਾਸ ਪ੍ਰੀਸ਼ਦ ਦੇ ਰਾਸ਼ਟਰੀ ਪ੍ਰਧਾਨ, ਸੇਵਾਮੁਕਤ ਜਸਟਿਸ ਸ਼੍ਰੀ ਆਦਰਸ਼ ਕੁਮਾਰ ਗੋਇਲ ਸਮੇਤ ਕਈ ਹੋਰ ਪਤਵੰਤੇ ਮੌਜੂਦ ਸਨ।

ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ, ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ, ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਭਾਰਤ ਵਿਕਾਸ ਪ੍ਰੀਸ਼ਦ ਦਾ 63ਵਾਂ ਸਥਾਪਨਾ ਦਿਵਸ ਉਨ੍ਹਾਂ ਲੋਕਾਂ ਲਈ ਇੱਕ ਬਹੁਤ ਮਹੱਤਵਪੂਰਨ ਦਿਨ ਹੈ ਜੋ ਭਾਰਤੀ ਦ੍ਰਿਸ਼ਟੀਕੋਣ ਪੱਖੋਂ ਭਾਰਤ ਦੇ ਵਿਕਾਸ ਦੀ ਇੱਛਾ ਰੱਖਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਕੋਈ ਸੰਗਠਨ 63 ਸਾਲਾਂ ਤੱਕ ਨਿਰਵਿਵਾਦ ਤੌਰ 'ਤੇ ਚਲਦਾ ਹੈ, ਤਾਂ ਇਹ ਆਪਣੇ ਆਪ ਵਿੱਚ ਇੱਕ ਮਹੱਤਵਪੂਰਨ ਪ੍ਰਾਪਤੀ ਹੈ। ਹਾਲਾਂਕਿ, ਜਦੋਂ ਰਚਨਾਤਮਕ ਊਰਜਾ ਨਾਲ ਲੋਕਾਂ ਦੀ ਸੇਵਾ ਲਈ ਸਮਰਪਿਤ ਕੋਈ ਸੰਗਠਨ 63 ਸਾਲ ਅਤੇ ਉਸ ਤੋਂ ਜ਼ਿਆਦਾ ਸਮੇਂ ਲਈ ਚਲਦਾ ਹੈ, ਤਾਂ ਇਸ ਦੇ ਪਿੱਛੇ ਅਣਗਿਣਤ ਸਮਰਪਿਤ ਵਿਅਕਤੀਆਂ ਦਾ ਅਥਾਹ ਸਮਰਪਣ ਅਤੇ ਬਲੀਦਾਨ ਹੁੰਦਾ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਜਦੋਂ 63 ਸਾਲਾਂ ਨੂੰ ਇੱਕ ਵਿਅਕਤੀ ਦੇ ਜੀਵਨ ਵਿੱਚ ਇੱਕ ਉੱਨਤ ਉਮਰ ਮੰਨਿਆ ਜਾਂਦਾ ਹੈ, ਇੱਕ ਸੁਚੱਜੇ ਢੰਗ ਨਾਲ ਸੰਗਠਿਤ ਅਤੇ ਪ੍ਰਭਾਵਸ਼ਾਲੀ ਸੰਸਥਾ ਲਈ, 63 ਸਾਲ ਇਸ ਦੀ ਜਵਾਨੀ ਨੂੰ ਦਰਸਾਉਂਦੇ ਹਨ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਭਾਰਤ ਵਿਕਾਸ ਪ੍ਰੀਸ਼ਦ ਸਵਾਮੀ ਵਿਵੇਕਾਨੰਦ ਦੇ ਜੀਵਨ ਅਤੇ ਆਦਰਸ਼ਾਂ ਤੋਂ ਸੇਧ ਲੈ ਰਹੀ ਹੈ। ਪ੍ਰੀਸ਼ਦ ਨੇ ਸਮਾਜ ਦੀ ਰਚਨਾਤਮਕ ਊਰਜਾ ਨੂੰ ਵਰਤਣ ਲਈ ਸਮਰਪਣ, ਸੰਗਠਨ ਅਤੇ ਸੰਸਕਾਰ ਦੇ ਤਿੰਨ ਗੁਣਾਂ ਨੂੰ ਅਪਣਾਇਆ ਹੈ। ਉਨ੍ਹਾਂ ਕਿਹਾ ਕਿ ਸੰਗਠਨਾਤਮਕ ਤਾਕਤ ਰਾਹੀਂ ਪੈਦਾ ਹੋਈ ਊਰਜਾ ਨੇ ਲੱਖਾਂ ਭਾਰਤੀਆਂ ਦੇ ਜੀਵਨ ਵਿੱਚ ਰੌਸ਼ਨੀ ਲਿਆਂਦੀ ਹੈ ਅਤੇ ਉਨ੍ਹਾਂ ਲੋਕਾਂ ਦੇ ਜੀਵਨ ਨੂੰ ਛੂਹਿਆ ਹੈ ਜਿਨ੍ਹਾਂ ਨੂੰ ਸਮਾਜਿਕ ਸੰਗਠਨ ਦੀ ਸ਼ਕਤੀ ਦੀ ਸਭ ਤੋਂ ਵੱਧ ਜ਼ਰੂਰਤ ਹੈ। ਸ਼੍ਰੀ ਸ਼ਾਹ ਨੇ ਅੱਗੇ ਕਿਹਾ ਕਿ ਭਾਰਤ ਵਿਕਾਸ ਪ੍ਰੀਸ਼ਦ ਨੇ ਸੇਵਾ ਕਰਨ ਵਾਲਿਆਂ ਅਤੇ ਸੇਵਾ ਦੀ ਜ਼ਰੂਰਤ ਵਾਲੇ ਲੋਕਾਂ ਦਰਮਿਆ ਇੱਕ ਪੁਲ ਦਾ ਕੰਮ ਕੀਤਾ ਹੈ। ਭਾਰਤ ਵਿਕਾਸ ਪ੍ਰੀਸ਼ਦ ਸਿਰਫ਼ ਇੱਕ ਸੰਗਠਨ ਨਹੀਂ ਹੈ, ਸਗੋਂ ਇੱਕ ਵਿਚਾਰ ਹੈ। ਇਹ ਹਰੇਕ ਭਾਰਤੀ ਨੂੰ ਭਾਰਤ ਦੇ ਤੱਤਾਂ ਨਾਲ ਜੋੜਨ ਦਾ ਯਤਨ ਹੈ।

ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਆਪਣੀ ਸਥਾਪਨਾ ਤੋਂ ਛੇ ਦਹਾਕਿਆਂ ਬਾਅਦ ਵੀ, ਭਾਰਤ ਵਿਕਾਸ ਪ੍ਰੀਸ਼ਦ ਸਾਰਥਕਤਾ ਅਤੇ ਢੁਕਵੇਂਪਣ ਨਾਲ ਕੰਮ ਕਰ ਰਹੀ ਹੈ। ਸੰਗਠਨ ਨੇ ਇੱਕ ਸ਼ਾਨਦਾਰ ਕਾਰਜ ਸੱਭਿਆਚਾਰ ਵਿਕਸਿਤ ਕੀਤਾ ਹੈ ਜੋ ਸੇਵਾ ਨੂੰ ਸੰਗਠਨ ਨਾਲ, ਸੰਗਠਨ ਨੂੰ ਕਦਰਾਂ-ਕੀਮਤਾਂ ਨਾਲ ਅਤੇ ਕਦਰਾਂ-ਕੀਮਤਾਂ ਨੂੰ ਰਾਸ਼ਟਰ ਨਿਰਮਾਣ ਨਾਲ ਜੋੜਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਵਿਕਾਸ ਪ੍ਰੀਸ਼ਦ ਨੇ 63 ਸਾਲਾਂ ਤੋਂ ਬਿਨਾ ਕਿਸੇ ਪ੍ਰਸਿੱਧੀ ਦੀ ਇੱਛਾ ਦੇ ਲੋੜਵੰਦਾਂ ਦੀ ਸੇਵਾ ਕੀਤੀ ਹੈ, ਅਤੇ ਅੱਜ ਦੁਨੀਆ ਨੂੰ ਅਜਿਹੇ ਸੰਗਠਨਾਂ ਦੀ ਜ਼ਰੂਰਤ ਹੈ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਅੱਜ ਦੇ ਸਮਾਗਮ ਵਿੱਚ, ਮਣੀਪੁਰ ਦੇ ਸੁਤੰਤਰਤਾ ਸੈਨਾਨੀ ਸ਼੍ਰੀ ਹੇਮਾਮ ਨੀਲਾਮਣੀ ਸਿੰਘ ਨੂੰ ਮਰਨ ਉਪਰੰਤ ਸਨਮਾਨਿਤ ਕੀਤਾ ਗਿਆ। ਉਨ੍ਹਾਂ ਸਾਂਝਾ ਕੀਤਾ ਕਿ ਹੇਮਾਮ ਨੀਲਾਮਣੀ ਸਿੰਘ 1944 ਵਿੱਚ ਨੇਤਾਜੀ ਸੁਭਾਸ਼ ਚੰਦਰ ਬੋਸ ਦੇ ਸੱਦੇ ਤੋਂ ਪ੍ਰੇਰਿਤ ਹੋਏ ਸਨ ਅਤੇ ਆਜ਼ਾਦ ਹਿੰਦ ਫੌਜ ਵਿੱਚ ਸ਼ਾਮਲ ਹੋਏ ਸਨ। ਉਨ੍ਹਾਂ ਨੇ ਆਪਣੀ ਸਾਰੀ ਪੂੰਜੀ ਨੇਤਾਜੀ ਨੂੰ ਸਮਰਪਿਤ ਕਰ ਦਿੱਤੀ ਅਤੇ 1945 ਤੱਕ ਉਹ ਗ੍ਰਿਫ਼ਤਾਰ ਨਹੀਂ ਹੋਏ। 1946 ਵਿੱਚ, ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ, ਉਹ ਮੋਇਰੰਗ ਵਾਪਸ ਆ ਗਏ ਅਤੇ ਬਾਅਦ ਵਿੱਚ ਸੇਵਾ, ਸਿੱਖਿਆ ਅਤੇ ਸਹਿਯੋਗ ਨੂੰ ਆਪਣੇ ਜੀਵਨ ਦੀ ਨੀਂਹ ਬਣਾ ਲਿਆ। ਸ਼੍ਰੀ ਸ਼ਾਹ ਨੇ ਯਾਦ ਕੀਤਾ ਕਿ ਜਦੋਂ ਉਹ ਪਹਿਲੀ ਵਾਰ ਮਣੀਪੁਰ ਗਏ ਸਨ, ਤਾਂ ਉਨ੍ਹਾਂ ਨੇ ਉੱਥੋਂ ਦੇ ਨੌਜਵਾਨਾਂ ਨੂੰ ਹਿੰਦੀ ਵਿੱਚ ਚੰਗੀ ਤਰ੍ਹਾਂ ਬੋਲਦੇ ਦੇਖਿਆ। ਜਦੋਂ ਉਨ੍ਹਾਂ ਨੇ ਨੌਜਵਾਨਾਂ ਨੂੰ ਪੁੱਛਿਆ ਕਿ ਉਹ ਇੰਨੀ ਚੰਗੀ ਹਿੰਦੀ ਕਿਵੇਂ ਬੋਲਦੇ ਹਨ, ਤਾਂ ਉਨ੍ਹਾਂ ਨੇ ਇਸ ਦਾ ਕ੍ਰੈਡਿਟ ਸ਼੍ਰੀ ਹੇਮਾਮ ਨੀਲਾਮਣੀ ਸਿੰਘ ਨੂੰ ਦਿੱਤਾ। ਗ੍ਰਹਿ ਮੰਤਰੀ ਨੇ ਕਿਹਾ ਕਿ ਸ਼੍ਰੀ ਹੇਮਾਮ ਨੀਲਾਮਣੀ ਸਿੰਘ ਨੇ ਜੀਵਨ ਭਰ ਭਾਸ਼ਾਈ ਏਕਤਾ ਲਈ ਕੰਮ ਕੀਤਾ।
ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਅੱਜ ਭਾਰਤ ਵਿਕਾਸ ਪ੍ਰੀਸ਼ਦ ਇੱਕ ਬਹੁਤ ਵੱਡਾ ਸੰਗਠਨ ਬਣ ਗਿਆ ਹੈ। ਦੇਸ਼ ਦੇ 412 ਜ਼ਿਲ੍ਹਿਆਂ ਵਿੱਚ ਇਸ ਦੀਆਂ 1,600 ਤੋਂ ਵੱਧ ਸ਼ਾਖਾਵਾਂ ਹਨ, ਅਤੇ 84,000 ਤੋਂ ਵੱਧ ਪਰਿਵਾਰ ਇਸ ਸੇਵਾ ਨਾਲ ਜੁੜੇ ਹੋਏ ਹਨ। ਉਨ੍ਹਾਂ ਕਿਹਾ ਕਿ ਇਸ ਸੰਗਠਨ ਨੇ ਉਨ੍ਹਾਂ ਲੋਕਾਂ ਨੂੰ ਇੱਕ ਮੰਚ ਪ੍ਰਦਾਨ ਕੀਤਾ ਹੈ ਜੋ ਸੇਵਾ ਦੀ ਭਾਵਨਾ ਨਾਲ ਕੰਮ ਕਰਦੇ ਹਨ, ਉਨ੍ਹਾਂ ਨਾਲ ਇੱਕ ਮਜ਼ਬੂਤ ਸਬੰਧ ਬਣਾਉਂਦੇ ਹਨ। ਸ਼੍ਰੀ ਸ਼ਾਹ ਨੇ ਕਿਹਾ ਕਿ ਭਾਰਤ ਵਿਕਾਸ ਪ੍ਰੀਸ਼ਦ ਦੇ ਵਰਕਰ ਆਫ਼ਤਾਂ ਦੌਰਾਨ ਰਾਹਤ ਪ੍ਰਦਾਨ ਕਰਨ, ਮਰੀਜ਼ਾਂ ਦੀ ਮਦਦ ਲਈ ਖੂਨਦਾਨ ਕੈਂਪ ਲਗਾਉਣ, ਪਿੰਡਾਂ ਵਿੱਚ ਕਦਰਾਂ-ਕੀਮਤਾਂ ਅਧਾਰਿਤ ਕੈਂਪ ਲਗਾਉਣ ਅਤੇ ਕਈ ਸਕੂਲਾਂ ਵਿੱਚ ਆਦਰਸ਼ਾਂ ਦਾ ਦੀਵਾ ਜਗਾਉਣ ਲਈ ਅੱਗੇ ਆਉਂਦੇ ਹਨ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਦੇਸ਼ ਵਾਸੀਆਂ ਸਾਹਮਣੇ 2047 ਤੱਕ ਭਾਰਤ ਨੂੰ ਇੱਕ ਵਿਕਸਿਤ ਭਾਰਤ ਬਣਾਉਣ ਅਤੇ ਹਰ ਖੇਤਰ ਵਿੱਚ ਦੁਨੀਆ ਦਾ ਮੋਹਰੀ ਬਣਾਉਣ ਦਾ ਪ੍ਰਣ ਲਿਆ ਹੈ। ਇਸ ਪ੍ਰਣ ਵਿੱਚ ਕਲਪਨਾ ਅਤੇ ਦ੍ਰਿੜ੍ਹਤਾ ਦੇ ਨਾਲ-ਨਾਲ ਇਸ ਪ੍ਰਣ ਨੂੰ ਸਾਬਿਤ ਕਰਨ ਲਈ ਇੱਕ ਕਾਰਜ ਯੋਜਨਾ ਵੀ ਹੈ। ਉਨ੍ਹਾਂ ਕਿਹਾ ਕਿ ਮੋਦੀ ਜੀ ਨੇ ਸਾਰਿਆਂ ਦੇ ਸਾਹਮਣੇ ਪੰਜ ਟੀਚੇ ਰੱਖੇ ਹਨ, ਜਿਨ੍ਹਾਂ ਵਿੱਚ ਵਿਕਾਸ ਭਾਰਤ ਦਾ ਟੀਚਾ, ਗੁਲਾਮੀ ਦੇ ਹਰ ਅੰਸ਼ ਤੋਂ ਆਜ਼ਾਦੀ, ਆਪਣੀ ਵਿਰਾਸਤ ‘ਤੇ ਮਾਣ, ਏਕਤਾ ਅਤੇ ਇਕਸੁਰਤਾ ਦੀ ਭਾਵਨਾ ਅਤੇ ਨਾਗਰਿਕਾਂ ਵਿੱਚ ਫਰਜ਼ ਦੀ ਭਾਵਨਾ ਦਾ ਨਿਰਮਾਣ ਕਰਨਾ ਸ਼ਾਮਲ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਭਾਰਤ ਵਿਕਾਸ ਪ੍ਰੀਸ਼ਦ ਲੰਬੇ ਸਮੇਂ ਤੋਂ ਇਨ੍ਹਾਂ ਪੰਜ ਟੀਚਿਆਂ 'ਤੇ ਇੱਕ 'ਸੇਵਕ' ਵਾਂਗ ਕੰਮ ਕਰ ਰਹੀ ਹੈ।
ਕੇਂਦਰੀ ਗ੍ਰਹਿ ਮੰਤਰੀ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਇਹ ਪ੍ਰਧਾਨ ਮੰਤਰੀ ਵਜੋਂ ਸ਼੍ਰੀ ਨਰੇਂਦਰ ਮੋਦੀ ਦਾ 11ਵਾਂ ਸਾਲ ਹੈ। ਇਤਿਹਾਸਕਾਰ ਮੋਦੀ ਜੀ ਦੇ ਕਾਰਜਕਾਲ ਦੇ ਇਨ੍ਹਾਂ 11 ਵਰ੍ਹਿਆਂ ਬਾਰੇ ਸੁਨਹਿਰੀ ਅੱਖਰਾਂ ਵਿੱਚ ਲਿਖਣਗੇ। ਉਨ੍ਹਾਂ ਕਿਹਾ ਕਿ ਪਿਛਲੇ 11 ਸਾਲਾਂ ਵਿੱਚ 55 ਕਰੋੜ ਤੋਂ ਵੱਧ ਲੋਕਾਂ ਦੇ ਬੈਂਕ ਖਾਤੇ ਖੋਲ੍ਹੇ ਗਏ, 15 ਕਰੋੜ ਘਰਾਂ ਨੂੰ ਸ਼ੁੱਧ ਪੀਣ ਵਾਲਾ ਪਾਣੀ ਮੁਹੱਈਆ ਕਰਵਾਇਆ ਗਿਆ, 12 ਕਰੋੜ ਤੋਂ ਵੱਧ ਘਰਾਂ ਵਿੱਚ ਪਖਾਨੇ ਬਣਾਏ ਗਏ। ਸ਼੍ਰੀ ਸ਼ਾਹ ਨੇ ਕਿਹਾ ਕਿ 10 ਕਰੋੜ ਤੋਂ ਵੱਧ ਘਰਾਂ ਨੂੰ ਗੈਸ ਸਿਲੰਡਰ ਮੁਹੱਈਆ ਕਰਵਾਏ ਗਏ ਅਤੇ 4 ਕਰੋੜ ਤੋਂ ਵੱਧ ਲੋਕਾਂ ਨੂੰ ਉਨ੍ਹਾਂ ਦੇ ਆਪਣੇ ਘਰ ਦਿੱਤੇ ਗਏ। ਮੁਦ੍ਰਾ ਯੋਜਨਾ ਤਹਿਤ ਕਰੋੜਾਂ ਕਰਜ਼ੇ ਦਿੱਤੇ ਗਏ, ਜਿਨ੍ਹਾਂ ਵਿੱਚੋਂ ਦੋ ਤਿਹਾਈ ਕਰਜ਼ੇ ਦੇਸ਼ ਦੇ ਵਿਕਾਸ ਨਾਲ ਜੋੜਨ ਲਈ ਮਹਿਲਾ ਸ਼ਕਤੀ ਨੂੰ ਦਿੱਤੇ ਗਏ। ਉਨ੍ਹਾਂ ਕਿਹਾ ਕਿ 'ਲਖਪਤੀ ਦੀਦੀ' ਰਾਹੀਂ ਮਹਿਲਾ ਸ਼ਕਤੀ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਪਿਛਲੇ 11 ਸਾਲਾਂ ਵਿੱਚ, ਪ੍ਰਧਾਨ ਮੰਤਰੀ ਮੋਦੀ ਦੀ ਸਰਕਾਰ ਨੇ ਵੱਡੇ-ਵੱਡੇ ਨਾਅਰੇ ਦਿੱਤੇ ਬਗੈਰ, ਸੇਵਾ ਦੀ ਭਾਵਨਾ ਅਤੇ ਸੇਵਾ ਕਰਨ ਦੇ ਇਰਾਦੇ ਨਾਲ ਇੱਕ 'ਸੇਵਕ' ਵਾਂਗ ਚੁੱਪਚਾਪ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਮੋਦੀ ਜੀ ਨੇ ਬਸਤੀਵਾਦੀ ਵਿਰਾਸਤ (Colonial Legacy) ਤੋਂ ਛੁਟਕਾਰਾ ਪਾਉਣ ਲਈ ਬਹੁਤ ਕੰਮ ਕੀਤਾ ਹੈ। ਰਾਜਪਥ ਦਾ ਨਾਮ ਬਦਲ ਕੇ ਕਰਤਵਯ ਮਾਰਗ ਕਰਕੇ, ਇਹ ਕਰੋੜਾਂ ਨਾਗਰਿਕਾਂ ਨੂੰ ਭਾਰਤ ਦੇ ਸੰਵਿਧਾਨ ਵਿੱਚ ਦੱਸੇ ਗਏ ਫਰਜ਼ਾਂ ਦੀ ਯਾਦ ਦਿਵਾਉਂਦਾ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਲੋਕਤੰਤਰ ਵਿੱਚ, ਜੇਕਰ ਕੋਈ ਉਨ੍ਹਾਂ ਲੋਕਾਂ ਵਿੱਚੋਂ ਫਰਜ਼ਾਂ ਦੀ ਯਾਦ ਦਿਵਾਉਂਦਾ ਹੈ ਜੋ ਅਧਿਕਾਰਾਂ ਨੂੰ ਆਪਣੀ ਰਾਜਨੀਤੀ ਦਾ ਸਾਧਨ ਬਣਾਉਂਦੇ ਹਨ, ਤਾਂ ਸੰਵਿਧਾਨ ਦੀ ਭਾਵਨਾ ਧਰਤੀ 'ਤੇ ਉਤਰ ਆਉਂਦੀ ਹੈ। ਉਨ੍ਹਾਂ ਕਿਹਾ ਕਿ ਜਦੋਂ ਦੇਸ਼ ਦੀ ਜਲ ਸੈਨਾ ਬ੍ਰਿਟਿਸ਼ ਫੌਜ ਦੇ ਪ੍ਰਤੀਕ ਨੂੰ ਸ਼ਿਵਾਜੀ ਮਹਾਰਾਜ ਦੇ ਪ੍ਰਤੀਕ ਨੂੰ ਅਪਣਾਉਂਦੀ ਹੈ, ਤਾਂ ਹਰ ਭਾਰਤੀ ਮਾਣ ਮਹਿਸੂਸ ਕਰਦਾ ਹੈ। ਆਜ਼ਾਦੀ ਤੋਂ ਬਾਅਦ, ਸ਼ਹੀਦ ਹੋਏ ਸੈਨਿਕਾਂ ਦੀ ਯਾਦ ਵਿੱਚ ਇੱਕ ਯੁੱਧ ਸਮਾਰਕ ਬਣਾਇਆ ਗਿਆ ਸੀ। ਸੰਸਦ ਵਿੱਚ ਸੇਂਗੋਲ ਦੀ ਸਥਾਪਨਾ ਰਾਹੀਂ, ਭਾਰਤ ਕਿਸ ਦਿਸ਼ਾ ਵਿੱਚ ਅੱਗੇ ਵਧ ਰਿਹਾ ਹੈ, ਇਸ ਬਾਰੇ ਇੱਕ ਦ੍ਰਿਸ਼ਟੀਕੋਣ ਪੇਸ਼ ਕੀਤਾ ਗਿਆ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਜਦੋਂ ਪ੍ਰਧਾਨ ਮੰਤਰੀ ਮੋਦੀ ਜੀ ਦੇ ਹੱਥੋਂ ਸੰਸਦ ਵਿੱਚ ਸੇਂਗੋਲ ਸਥਾਪਿਤ ਕੀਤਾ ਜਾ ਰਿਹਾ ਸੀ, ਤਾਂ ਕਰੋੜਾਂ ਭਾਰਤੀਆਂ ਦੇ ਮਨ ਵਿੱਚ ਇਹ ਆਇਆ ਕਿ ਅਸੀਂ ਉਸ ਭਾਰਤ ਦੇ ਰਸਤੇ 'ਤੇ ਅੱਗੇ ਵਧੇ ਹਾਂ ਜਿਸ ਦੀ ਕਲਪਨਾ ਸਾਡੇ ਸੰਤਾਂ- ਮੁਨੀਆਂ ਨੇ ਕੀਤੀ ਸੀ।
ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਅੰਡੇਮਾਨ-ਨਿਕੋਬਾਰ ਟਾਪੂਆਂ ਨੂੰ ਅੰਗਰੇਜ਼ਾਂ ਦੁਆਰਾ ਦਿੱਤੇ ਗਏ ਨਾਮ ਨੂੰ ਬਦਲ ਕੇ ਸੁਭਾਸ਼ ਦੀਪ ਅਤੇ ਸ਼ਹੀਦ ਦੀਪ ਨਾਮ ਦਿੱਤਾ ਗਿਆ। ਨਾਲ ਹੀ, ਰੇਸ ਕੋਰਸ ਰੋਡ ਦਾ ਨਾਮ ਬਦਲ ਕੇ ਲੋਕ ਕਲਿਆਣ ਮਾਰਗ ਕਰਨਾ ਵੀ ਇੱਕ ਵੱਡੀ ਤਬਦੀਲੀ ਦਾ ਸੰਕੇਤ ਹੈ। ਉਨ੍ਹਾਂ ਕਿਹਾ ਕਿ ਮੋਦੀ ਜੀ ਨੇ ਵਿਰਾਸਤ ਅਤੇ ਵਿਕਾਸ ਦੋਵਾਂ ਨੂੰ ਬਿਨਾ ਕਿਸੇ ਟਕਰਾਅ ਦੇ ਅੱਗੇ ਵਧਾਇਆ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਖੱਬੇਪੱਖੀ ਵਿਚਾਰਧਾਰਾ ਵਾਲੇ ਲੋਕ ਪੁੱਛਦੇ ਹਨ ਕਿ ਰਾਮ ਮੰਦਿਰ ਬਣਾਉਣ ਨਾਲ ਦੇਸ਼ ਨੂੰ ਕੀ ਲਾਭ ਹੋਵੇਗਾ। ਉਨ੍ਹਾਂ ਕਿਹਾ ਕਿ ਉਹ ਸਮਝਦੇ ਹਨ ਕਿ ਉਹ ਇਹ ਨਹੀਂ ਸਮਝਣਗੇ ਕਿ ਇਸ ਨਾਲ ਕੀ ਲਾਭ ਹੋਵੇਗਾ। ਪਰ ਮੋਦੀ ਜੀ ਨੇ ਰਾਮ ਮੰਦਿਰ ਨਿਰਮਾਣ ਯਕੀਨੀ ਕਰਨ ਦੇ ਨਾਲ - ਨਾਲ 5G ਲਿਆਉਣ ਲਈ ਵੀ ਕੰਮ ਕੀਤਾ। ਇਸ ਦੇ ਨਾਲ ਹੀ, ਉਨ੍ਹਾਂ ਨੇ ਡਿਜੀਟਲ ਭੁਗਤਾਨ ਪ੍ਰਣਾਲੀ ਨੂੰ ਰੇਹੜੀ ਪਟੜੀ ਵਾਲਿਆਂ ਤੱਕ ਪਹੁੰਚ ਕੇ ਵਿਕਾਸ - ਵਿਰਾਸਤ ਨੂੰ ਇਕੱਠਿਆਂ ਅੱਗੇ ਵਧਾਇਆ ਹੈ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਇੱਕ ਪਾਸੇ ਕਾਸ਼ੀ, ਉੱਜੈਨ, ਸ਼ਾਰਦਾਪੀਠ ਵਿੱਚ ਮੰਦਿਰਾਂ ਦਾ ਨਵੀਨੀਕਰਣ ਕੀਤਾ ਗਿਆ ਹੈ ਅਤੇ ਕਰਤਾਰਪੁਰ ਕੌਰੀਡੋਰ ਦਾ ਨਿਰਮਾਣ ਹੋਇਆ, ਤਾਂ ਦੂਜੇ ਪਾਸੇ, ਆਈਆਈਐੱਮ (IIM), ਆਈਆਈਟੀ (IIT) ਅਤੇ ਏਮਸ (AIIMS) ਦੀ ਗਿਣਤੀ ਵਿੱਚ ਵੀ ਤਿੰਨ ਗੁਣਾ ਵਾਧਾ ਹੋਇਆ ਹੈ। ਨਵੀਂ ਸਿੱਖਿਆ ਨੀਤੀ ਨੇ ਜਿੱਥੇ ਮਾਤ੍ਰਿ ਭਾਸ਼ਾ ਵਿੱਚ ਸਿੱਖਿਆ ਨੂੰ ਸਮਰਥਨ ਦਿੱਤਾ ਹੈ, ਉੱਥੇ ਹੀ ਭਾਰਤ ਅੱਜ ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਸਾਈਬਰ ਸੁਰੱਖਿਆ ਦੇ ਖੇਤਰ ਵਿੱਚ ਰਾਸ਼ਟਰ ਨੂੰ ਨਵੀਂ ਰਾਹ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜਿੱਥੇ ਇੱਕ ਪਾਸੇ ਮੋਦੀ ਸਰਕਾਰ ਨੇ ਯੋਗ ਨੂੰ ਵਿਸ਼ਵਵਿਆਪੀ ਮਾਨਤਾ ਦਿੱਤੀ ਹੈ, ਉੱਥੇ ਦੂਜੇ ਪਾਸੇ ਭਾਰਤ ਨੇ ਗ੍ਰੀਨ ਹਾਈਡ੍ਰੋਜਨ, ਡਰੋਨ ਸਮੇਤ ਕਈ ਪੁਲਾੜ ਟੈਕਨੋਲੋਜੀਆਂ ਨੂੰ ਅਪਣਾਇਆ ਹੈ। ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਮਨਾ ਕੇ, ਅਸੀਂ 140 ਕਰੋੜ ਭਾਰਤੀਆਂ ਨੂੰ ਆਜ਼ਾਦੀ ਅੰਦੋਲਨ ਦੀ ਅਗਵਾਈ ਦੀ ਧਾਰਨਾ ਦੀ ਯਾਦ ਦਿਵਾਉਂਦੇ ਹਾਂ ਅਤੇ ਪ੍ਰਧਾਨ ਮੰਤਰੀ ਗਤੀਸ਼ਕਤੀ ਦਾ ਮਾਸਟਰ ਪਲਾਨ ਵੀ ਬਣਾਉਂਦੇ ਹਾਂ। ਅਸੀਂ ਧਾਰਾ 370 ਨੂੰ ਖਤਮ ਕਰਕੇ ਕਸ਼ਮੀਰ ਨੂੰ ਅੱਤਵਾਦ ਤੋਂ ਮੁਕਤ ਕਰਨ ਲਈ ਕੰਮ ਕਰਦੇ ਹਾਂ, CAA ਲਿਆਉਂਦੇ ਹਾਂ ਅਤੇ ਦੇਸ਼ ਨੂੰ ਨਕਸਲਵਾਦ ਤੋਂ ਮੁਕਤ ਕਰਨ ਦੀ ਕਗਾਰ 'ਤੇ ਹਾਂ। ਇਸ ਨਾਲ, ਸਹਿਕਾਰਤਾ ਮੰਤਰਾਲਾ ਸ਼ੁਰੂ ਕਰਕੇ, ਅਸੀਂ ਛੋਟੇ ਕਿਸਾਨਾਂ ਅਤੇ ਪਿੰਡ ਦੇ ਗ਼ਰੀਬਾਂ ਲਈ ਕੰਮ ਕਰਨ ਦੀ ਦਿਸ਼ਾ ਵਿੱਚ ਵੀ ਅੱਗੇ ਵਧਦੇ ਹਾਂ।
ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਸਮਾਂ ਆ ਗਿਆ ਹੈ ਕਿ ਅਸੀਂ ਆਪਣੀ ਵਿਰਾਸਤ ਨੂੰ ਭੁੱਲੇ ਬਗੈਰ ਵਿਕਾਸ ਦੇ ਅਧਾਰ 'ਤੇ ਅੱਗੇ ਵਧੀਏ ਅਤੇ ਉਸ ਭਾਰਤ ਦਾ ਨਿਰਮਾਣ ਕਰੀਏ ਜਿਸ ਦੀ ਕਲਪਨਾ ਸਾਡੇ ਸਾਰੇ ਆਜ਼ਾਦੀ ਘੁਲਾਟੀਆਂ ਨੇ ਕੀਤੀ ਸੀ। ਉਨ੍ਹਾਂ ਕਿਹਾ ਕਿ ਸਰਕਾਰਾਂ ਇਕੱਲੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਨਹੀਂ ਕਰ ਸਕਦੀਆਂ ਜਦੋਂ ਤੱਕ ਸੇਵਾ ਨਾਲ ਜੁੜੇ ਸੰਗਠਨ ਇੱਕੋ ਟੀਚੇ ਨਾਲ ਇਸ ਰਸਤੇ 'ਤੇ ਨਹੀਂ ਚਲਦੇ। ਸ਼੍ਰੀ ਸ਼ਾਹ ਨੇ ਕਿਹਾ ਕਿ ਭਾਰਤ ਵਿਕਾਸ ਪ੍ਰੀਸ਼ਦ ਮੌਜੂਦਾ ਯੁੱਗ ਦੀ ਸ਼ੁਰੂਆਤ ਤੋਂ ਪਹਿਲਾਂ ਤੋਂ ਹੀ ਇਸ ਰਸਤੇ 'ਤੇ ਚੱਲ ਰਹੀ ਹੈ, ਅੱਜ ਵੀ ਇਸ ਰਸਤੇ 'ਤੇ ਚੱਲ ਰਹੀ ਹੈ ਅਤੇ ਭਵਿੱਖ ਵਿੱਚ ਵੀ ਇਸ ਰਸਤੇ 'ਤੇ ਚਲਦੀ ਰਹੇਗੀ।
******
ਆਰਕੇ/ਵੀਵੀ/ਪੀਆਰ/ਪੀਐਸ
(Release ID: 2144756)