ਰੱਖਿਆ ਮੰਤਰਾਲਾ
azadi ka amrit mahotsav

ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਚੀਨ ਦੇ ਕਿੰਗਦਾਓ ਵਿੱਚ ਐੱਸਸੀਓ ਰੱਖਿਆ ਮੰਤਰੀਆਂ ਦੀ ਮੀਟਿੰਗ ਵਿੱਚ ਹਿੱਸਾ ਲੈਣਗੇ


ਸ਼੍ਰੀ ਰਾਜਨਾਥ ਸਿੰਘ ਵਿਸ਼ਵ ਸ਼ਾਂਤੀ ਅਤੇ ਸੁਰੱਖਿਆ 'ਤੇ ਭਾਰਤ ਦਾ ਦ੍ਰਿਸ਼ਟੀਕੋਣ ਪੇਸ਼ ਕਰਨਗੇ, ਅੱਤਵਾਦ ਨੂੰ ਜੜ੍ਹੋਂ ਖ਼ਤਮ ਕਰਨ ਲਈ ਸਾਂਝੇ ਯਤਨਾਂ ਦਾ ਸੱਦਾ ਦੇਣਗੇ ਅਤੇ ਐੱਸਸੀਓ ਦੇਸ਼ਾਂ ਦਰਮਿਆਨ ਵਪਾਰ, ਆਰਥਿਕ ਸਹਿਯੋਗ ਅਤੇ ਸੰਪਰਕ ਨੂੰ ਉਤਸ਼ਾਹਿਤ ਕਰਨ 'ਤੇ ਜ਼ੋਰ ਦੇਣਗੇ

ਰਕਸ਼ਾ ਮੰਤਰੀ ਚੀਨ ਅਤੇ ਰੂਸ ਸਮੇਤ ਕੁਝ ਭਾਈਵਾਲ ਦੇਸ਼ਾਂ ਦੇ ਆਪਣੇ ਹਮਰੁਤਬਿਆਂ ਨਾਲ ਦੁਵੱਲੀ ਗੱਲਬਾਤ ਕਰਨਗੇ

Posted On: 24 JUN 2025 11:03AM by PIB Chandigarh

ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ 25-26 ਜੂਨ, 2025 ਨੂੰ ਚੀਨ ਦੇ ਕਿੰਗਦਾਓ ਵਿੱਚ ਹੋਣ ਵਾਲੀ ਸ਼ੰਘਾਈ ਸਹਿਯੋਗ ਸੰਗਠਨ (ਐੱਸਸੀਓ) ਦੇ ਰੱਖਿਆ ਮੰਤਰੀਆਂ ਦੀ ਮੀਟਿੰਗ ਵਿੱਚ ਇੱਕ ਉੱਚ ਪੱਧਰੀ ਭਾਰਤੀ ਵਫ਼ਦ ਦੀ ਅਗਵਾਈ ਕਰਨਗੇ। ਇਸ ਮੀਟਿੰਗ ਵਿੱਚ ਖੇਤਰੀ ਅਤੇ ਅੰਤਰਰਾਸ਼ਟਰੀ ਸ਼ਾਂਤੀ ਅਤੇ ਸੁਰੱਖਿਆ, ਅੱਤਵਾਦ ਵਿਰੋਧੀ ਯਤਨਾਂ ਅਤੇ ਐੱਸਸੀਓ ਮੈਂਬਰ ਦੇਸ਼ਾਂ ਦੇ ਰੱਖਿਆ ਮੰਤਰਾਲਿਆਂ ਦਰਮਿਆਨ ਸਹਿਯੋਗ ਸਮੇਤ ਕਈ ਮੁੱਦਿਆਂ 'ਤੇ ਚਰਚਾ ਹੋਣ ਦੀ ਉਮੀਦ ਹੈ।

ਇਸ ਮੀਟਿੰਗ ਵਿੱਚ ਰਕਸ਼ਾ ਮੰਤਰੀ ਐੱਸਸੀਓ ਦੇ ਸਿਧਾਂਤਾਂ ਪ੍ਰਤੀ ਭਾਰਤ ਦੀ ਵਚਨਬੱਧਤਾ ਪ੍ਰਗਟ ਕਰਨਗੇ, ਅੰਤਰਰਾਸ਼ਟਰੀ ਸ਼ਾਂਤੀ ਅਤੇ ਸੁਰੱਖਿਆ ਲਈ ਭਾਰਤ ਦੇ ਦ੍ਰਿਸ਼ਟੀਕੋਣ ਦੀ ਰੂਪ-ਰੇਖਾ ਪੇਸ਼ ਕਰਨਗੇ, ਖੇਤਰ ਵਿੱਚ ਅੱਤਵਾਦ ਅਤੇ ਕੱਟੜਤਾ ਨੂੰ ਖਤਮ ਕਰਨ ਲਈ ਸਾਂਝੇ ਯਤਨਾਂ ਦਾ ਸੱਦਾ ਦੇਣਗੇ, ਨਾਲ ਹੀ ਐੱਸਸੀਓ ਦੇਸ਼ਾਂ ਦੇ ਅੰਦਰ ਵਧੇਰੇ ਵਪਾਰ, ਆਰਥਿਕ ਸਹਿਯੋਗ ਅਤੇ ਸੰਪਰਕ ਦੀ ਜ਼ਰੂਰਤ 'ਤੇ ਜ਼ੋਰ ਦੇਣਗੇ। ਉਹ ਚੀਨ ਅਤੇ ਰੂਸ ਸਮੇਤ ਕੁਝ ਭਾਈਵਾਲ ਦੇਸ਼ਾਂ ਦੇ ਰੱਖਿਆ ਮੰਤਰੀਆਂ ਨਾਲ ਦੁਵੱਲੀਆਂ ਮੀਟਿੰਗਾਂ ਵੀ ਕਰਨਗੇ।

ਭਾਰਤ ਖੇਤਰ ਵਿੱਚ ਬਹੁਪੱਖੀਵਾਦ, ਰਾਜਨੀਤਿਕ, ਸੁਰੱਖਿਆ, ਆਰਥਿਕ ਅਤੇ ਲੋਕਾਂ ਦਰਮਿਆਨ ਆਪਸੀ ਸੰਪਰਕ ਨੂੰ ਉਤਸ਼ਾਹਿਤ ਕਰਨ ਵਿੱਚ ਐੱਸਸੀਓ ਨੂੰ ਵਿਸ਼ੇਸ਼ ਮਹੱਤਵ ਦਿੰਦਾ ਹੈ। ਐੱਸਸੀਓ ਰਾਸ਼ਟਰਾਂ ਦੀ ਪ੍ਰਭੂਸੱਤਾ, ਖੇਤਰੀ ਅਖੰਡਤਾ, ਅੰਦਰੂਨੀ ਮਾਮਲਿਆਂ ਵਿੱਚ ਦਖਲਅੰਦਾਜ਼ੀ ਨਾ ਕਰਨ, ਆਪਸੀ ਸਤਿਕਾਰ, ਸਮਝ ਅਤੇ ਸਾਰੇ ਮੈਂਬਰ ਦੇਸ਼ਾਂ ਦੀ ਸਮਾਨਤਾ ਦੇ ਸਿਧਾਂਤਾਂ 'ਤੇ ਅਧਾਰਿਤ ਆਪਣੀ ਨੀਤੀ ਦੀ ਪਾਲਣਾ ਕਰਦਾ ਹੈ।

2001 ਵਿੱਚ ਬਣਿਆ ਐੱਸਸੀਓ, ਇੱਕ ਅੰਤਰ-ਸਰਕਾਰੀ ਸੰਗਠਨ ਹੈ। ਭਾਰਤ ਵਰ੍ਹੇ 2017 ਵਿੱਚ ਇਸ ਦਾ ਪੂਰਨ ਤੌਰ ‘ਤੇ ਮੈਂਬਰ ਬਣਿਆ ਅਤੇ 2023 ਵਿੱਚ ਇਸ ਦੀ ਪ੍ਰਧਾਨਗੀ ਸੰਭਾਲੀ। ਭਾਰਤ ਤੋਂ ਇਲਾਵਾ, ਐੱਸਸੀਓ ਦੇ ਮੈਂਬਰਾਂ ਵਿੱਚ ਕਜ਼ਾਕਿਸਤਾਨ, ਚੀਨ, ਕਿਰਗਿਸਤਾਨ, ਪਾਕਿਸਤਾਨ, ਰੂਸ, ਤਾਜਿਕਸਤਾਨ, ਉਜ਼ਬੇਕਿਸਤਾਨ, ਈਰਾਨ ਅਤੇ ਬੇਲਾਰੂਸ ਸ਼ਾਮਲ ਹਨ। ਚੀਨ ਨੇ 'ਸ਼ੰਘਾਈ ਭਾਵਨਾ ਦੀ ਨਿਰੰਤਰਤਾ: ਐੱਸਸੀਓ ਔਨ ਦ ਮੂਵ' ਥੀਮ ਦੇ ਤਹਿਤ ਵਰ੍ਹੇ 2025 ਲਈ ਐੱਸਸੀਓ ਦੀ ਪ੍ਰਧਾਨਗੀ ਸੰਭਾਲੀ ਹੈ।  

 

****

ਵੀਕੇ/ਸੈਵੀ


(Release ID: 2139581) Visitor Counter : 4