ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਰਕਸ਼ਾ ਮੰਤਰੀ ਨੇ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਦੇ ਆਪਣੇ ਦੂਜੇ ਸਾਲ ਦੇ ਕਾਰਜਕਾਲ ਦੌਰਾਨ ਦਿੱਤੇ ਗਏ 51 ਭਾਸ਼ਣਾਂ ਦਾ ਸੰਗ੍ਰਹਿ ਜਾਰੀ ਕੀਤਾ
‘ਵਿੰਗਜ਼ ਟੂ ਅਵਰ ਹੋਪਸ (ਭਾਗ-II)’ ਵਿਕਸਿਤ ਭਾਰਤ ਦੇ ਨਿਰਮਾਣ ਲਈ ਇੱਕ ਮਾਰਗਦਰਸ਼ਕ ਰੌਸ਼ਨੀ ਹੋਵੇਗੀ: ਸ਼੍ਰੀ ਰਾਜਨਾਥ ਸਿੰਘ
“ਰਾਸ਼ਟਰਪਤੀ ਮੁਰਮੂ ਭਾਰਤ ਵਿੱਚ ਮਹਿਲਾਵਾਂ ਦੀ ਅਗਵਾਈ ਵਾਲੇ ਵਿਕਾਸ ਦੀ ਸਰਵੋਤਮ ਉਦਾਹਰਣ ਹਨ”
ਸੂਚਨਾ ਅਤੇ ਪ੍ਰਸਾਰਣ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਨੇ ਕਿਹਾ ਕਿ ਇਹ ਪੁਸਤਕ ਰਾਸ਼ਟਰਪਤੀ ਦੇ ਲੋਕ ਭਲਾਈ ਵਿਚਾਰਾਂ ਨੂੰ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚਾਏਗੀ
Posted On:
23 JUN 2025 5:56PM by PIB Chandigarh
ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ 23 ਜੂਨ, 2025 ਨੂੰ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਦੇ ਹਿੰਦੀ ਅਤੇ ਅੰਗਰੇਜ਼ੀ ਵਿੱਚ 51 ਭਾਸ਼ਣਾਂ ਦਾ ਸੰਗ੍ਰਹਿ ‘ਵਿੰਗਜ਼ ਟੂ ਅਵਰ ਹੋਪਸ (ਭਾਗ-II)’ ਈ-ਸੰਸਕਰਣ ਦੇ ਨਾਲ ਜਾਰੀ ਕੀਤਾ। ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਅਤੇ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਰਾਜ ਮੰਤਰੀ ਸ਼੍ਰੀ ਐੱਲ.ਮੁਰੂਗਨ ਨੇ ਵੀ ਰਾਸ਼ਟਰਪਤੀ ਭਵਨ, ਨਵੀਂ ਦਿੱਲੀ ਵਿਖੇ ਆਯੋਜਿਤ ਇਸ ਸਮਾਗਮ ਵਿੱਚ ਸ਼ਿਰਕਤ ਕੀਤੀ। ਇਹ ਪੁਸਤਕ ਰਾਸ਼ਟਰਪਤੀ ਦੇ ਆਪਣੇ ਕਾਰਜਕਾਲ ਦੇ ਦੂਜੇ ਸਾਲ (ਅਗਸਤ 2023 - ਜੁਲਾਈ 2024) ਦੌਰਾਨ ਉਨ੍ਹਾਂ ਦੇ ਦ੍ਰਿਸ਼ਟੀਕੋਣ, ਦਰਸ਼ਨ ਅਤੇ ਤਰਜੀਹਾਂ ਦੀ ਝਲਕ ਪੇਸ਼ ਕਰਦੀ ਹੈ।
ਆਪਣੇ ਸੰਬੋਧਨ ਵਿੱਚ, ਰਕਸ਼ਾ ਮੰਤਰੀ ਨੇ ਰਾਸ਼ਟਰ ਨੂੰ ਸੰਬੋਧਨ ਤੋਂ ਲੈ ਕੇ ਯੂਨੀਵਰਸਿਟੀਆਂ ਵਿੱਚ ਨਵੀਨਤਾ, ਦੇਸ਼ ਦੇ ਵਿਕਾਸ ਵਿੱਚ ਮਹਿਲਾਵਾਂ ਦੇ ਯੋਗਦਾਨ, ਸਮਾਨਤਾ ਅਤੇ ਸੱਭਿਆਚਾਰਕ ਵਿਰਾਸਤ ਵਰਗੇ ਭਾਸ਼ਣਾਂ ਦੇ ਸੰਗ੍ਰਹਿ ਨੂੰ 2047 ਤੱਕ ਭਾਰਤ ਨੂੰ ਇੱਕ ਵਿਕਸਿਤ ਰਾਸ਼ਟਰ ਬਣਾਉਣ ਦੇ ਸਰਕਾਰ ਦੇ ਦ੍ਰਿਸ਼ਟੀਕੋਣ ਦਾ ਸਾਰ ਦੱਸਿਆ। ਉਨ੍ਹਾਂ ਕਿਹਾ ਕਿ "ਇਹ ਪੁਸਤਕ ਸਾਡੀ ਸ਼ਾਨਦਾਰ ਵਿਰਾਸਤ ਨੂੰ ਸੁਰੱਖਿਅਤ ਰੱਖਦੇ ਹੋਏ ਪ੍ਰਗਤੀਸ਼ੀਲ ਵਿਚਾਰਾਂ ਨਾਲ ਵਿਕਸਿਤ ਭਾਰਤ ਬਣਾਉਣ ਲਈ ਇੱਕ ਮਾਰਗਦਰਸ਼ਕ ਰੌਸ਼ਨੀ ਬਣੇਗੀ। ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਸਾਡੇ ਦੇਸ਼ ਵਿੱਚ ਵਿਭਿੰਨਤਾ ਦੇ ਮਹੱਤਵ ਨੂੰ ਜਾਣਦੇ ਹਨ ਅਤੇ ਵਾਂਝੇ ਲੋਕਾਂ ਦੇ ਦਰਦ ਨੂੰ ਪਛਾਣਦੇ ਹਨ। ਉਨ੍ਹਾਂ ਕਿਹਾ, "ਇਹ ਪੁਸਤਕ ਸਮਾਨਤਾ ਦੀ ਭਾਵਨਾ ਦਾ ਸੱਦਾ ਦਿੰਦੀ ਹੈ,"।
ਸ਼੍ਰੀ ਰਾਜਨਾਥ ਸਿੰਘ ਨੇ ਅੱਗੇ ਕਿਹਾ ਕਿ ਇਹ ਪੁਸਤਕ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਦੇ ਵਿਭਿੰਨ ਖੇਤਰਾਂ - ਸੱਭਿਅਤਾ ਤੋਂ ਸੱਭਿਆਚਾਰ, ਧਰਮ ਤੋਂ ਵਿਗਿਆਨ, ਕਲਾ ਤੋਂ ਸਾਹਿਤ, ਸਿੱਖਿਆ ਤੋਂ ਸਿਹਤ ਅਤੇ ਭੂਤਕਾਲ ਤੋਂ ਭਵਿੱਖ ਤੱਕ ਦੇ ਗਿਆਨ ਅਤੇ ਵਿਚਾਰਾਂ ਦਾ ਸੁਮੇਲ ਹੈ। ਉਨ੍ਹਾਂ ਨੇ ਇਸ ਸਮਾਵੇਸ਼ ਨੂੰ ਭਾਰਤ ਦੇ ਚਰਿੱਤਰ ਦਾ ਪ੍ਰਤੀਬਿੰਬ ਦੱਸਿਆ, ਜੋ ਆਉਣ ਵਾਲੀਆਂ ਪੀੜ੍ਹੀਆਂ ਲਈ ਲਾਭਦਾਇਕ ਸਾਬਤ ਹੋ ਸਕਦਾ ਹੈ।
ਰਕਸ਼ਾ ਮੰਤਰੀ ਨੇ ਰਾਸ਼ਟਰਪਤੀ ਦੇ ਕੁਝ ਵਿਚਾਰਾਂ ਦਾ ਉਚੇਚਾ ਜ਼ਿਕਰ ਕੀਤਾ, ਉਨ੍ਹਾਂ ਨੂੰ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਦੀਆਂ ਰਾਸ਼ਟਰੀ ਤਰਜੀਹਾਂ ਕਰਾਰ ਦਿੱਤਾ। ਇਨ੍ਹਾਂ ਵਿੱਚ ਸ਼ਾਮਲ ਹਨ:
-
ਵਿਰਾਸਤ ਦੇ ਨਾਲ ਵਿਕਾਸ ਸਾਡੇ ਸੱਭਿਆਚਾਰ ਅਤੇ ਸੱਭਿਅਤਾ ਦੀ ਪਛਾਣ ਹੈ।
-
ਨੈਤਿਕਤਾ ਸਾਡੇ ਨਿਜੀ ਅਤੇ ਜਨਤਕ ਜੀਵਨ ਦਾ ਥੰਮ੍ਹ ਹੈ।
-
ਹਰ ਕਿਸੇ ਨੂੰ, ਖਾਸ ਕਰਕੇ ਲੋਕ ਸੇਵਕਾਂ ਅਤੇ ਅਧਿਕਾਰੀਆਂ ਨੂੰ ਨਿਰਸੁਆਰਥ ਸੇਵਾ ਅਤੇ ਪਰਉਪਕਾਰ ਦੀ ਭਾਵਨਾ ਦਾ ਧਾਰਨੀ ਹੋਣਾ ਚਾਹੀਦਾ ਹੈ।
-
ਨਿਆਂ ਪ੍ਰਣਾਲੀ ਅਤੇ ਪ੍ਰਸ਼ਾਸਨ ਨੂੰ ਆਮ ਲੋਕਾਂ ਪ੍ਰਤੀ ਸੰਵੇਦਨਸ਼ੀਲ ਹੋਣ ਦੀ ਜ਼ਰੂਰਤ ਹੈ।
-
ਵਿਕਾਸ ਦੇ ਸਾਰੇ ਪਹਿਲੂਆਂ ਵਿੱਚ ਨਵੀਨਤਾ ਨੂੰ ਉਤਸ਼ਾਹਿਤ ਕਰਨ ਦੀ ਜ਼ਰੂਰਤ ਹੈ।
-
ਭਾਰਤ ਆਧੁਨਿਕ ਆਲਮੀ ਵਿਵਸਥਾ ਨੂੰ ਬਿਹਤਰ ਬਣਾਉਣ ਵਿੱਚ 'ਵਸੁਧੈਵ ਕੁਟੁੰਬਕਮ' ਦੀ ਭਾਵਨਾ ਨਾਲ ਮੋਹਰੀ ਭੂਮਿਕਾ ਨਿਭਾ ਰਿਹਾ ਹੈ।
ਸ਼੍ਰੀ ਰਾਜਨਾਥ ਸਿੰਘ ਨੇ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਨੂੰ ਭਾਰਤ ਵਿੱਚ ਮਹਿਲਾਵਾਂ ਦੀ ਅਗਵਾਈ ਵਾਲੇ ਵਿਕਾਸ ਦੀ ਸਭ ਤੋਂ ਵਧੀਆ ਉਦਾਹਰਣ ਦੱਸਿਆ, ਉਨ੍ਹਾਂ ਕਿਹਾ ਕਿ ਹਥਿਆਰਬੰਦ ਫੌਜਾਂ ਦੇ ਸੁਪਰੀਮ ਕਮਾਂਡਰ ਦੀ ਅਗਵਾਈ ਹੇਠ, ਭਾਰਤੀ ਜਵਾਨਾਂ ਨੇ ਇਤਿਹਾਸਕ ਆਪ੍ਰੇਸ਼ਨ ਸਿੰਦੂਰ ਨੂੰ ਅੰਜਾਮ ਦਿੱਤਾ, ਸਾਰੇ ਉਦੇਸ਼ਾਂ ਨੂੰ ਪ੍ਰਾਪਤ ਕੀਤਾ ਅਤੇ ਅੱਤਵਾਦੀਆਂ ਦੇ ਮਨਾਂ ਵਿੱਚ ਖੌਫ਼ ਪੈਦਾ ਕੀਤਾ। ਉਨ੍ਹਾਂ ਨੇ ਹਥਿਆਰਬੰਦ ਫੌਜਾਂ ਦੇ ਜਵਾਨਾਂ ਨੂੰ ਲਗਾਤਾਰ ਉਤਸ਼ਾਹਿਤ ਕਰਨ ਅਤੇ ਨਾਲ ਹੀ ਸਮਾਜ ਦੇ ਵਾਂਝੇ ਵਰਗਾਂ ਦੇ ਸਸ਼ਕਤੀਕਰਣ ਲਈ ਵੀ ਨਿਰੰਤਰ ਕੰਮ ਕਰਨ ਲਈ ਉਨ੍ਹਾਂ ਦੀ ਪ੍ਰਸ਼ੰਸਾ ਕੀਤੀ। "ਆਪਣੇ ਜੀਵਨ ਦੌਰਾਨ, ਰਾਸ਼ਟਰਪਤੀ ਮੁਰਮੂ ਨੇ ਸਿੱਖਿਆ ਅਤੇ ਬਰਾਬਰ ਅਧਿਕਾਰਾਂ ਅਤੇ ਮੌਕਿਆਂ ਤੱਕ ਪਹੁੰਚ ਲਈ ਹਰ ਕਿਸੇ ਲਈ ਇੱਕ ਪ੍ਰੇਰਨਾਦਾਇਕ ਮਿਸਾਲ ਕਾਇਮ ਕੀਤੀ ਹੈ। ਉਨ੍ਹਾਂ ਅੱਗੇ ਕਿਹਾ, "ਹਿੰਮਤ, ਸਖ਼ਤ ਮਿਹਨਤ, ਲੋਕ ਸੇਵਾ ਅਤੇ ਅਧਿਆਤਮਕਤਾ ਦੇ ਆਦਰਸ਼ ਉਨ੍ਹਾਂ ਦੇ ਜੀਵਨ ਵਿੱਚ ਦਿਖਾਈ ਦਿੰਦੇ ਹਨ ਅਤੇ ਇਨ੍ਹਾਂ ਨੂੰ ਉਨ੍ਹਾਂ ਦੇ ਭਾਸ਼ਣਾਂ ਵਿੱਚ ਵੀ ਪੜ੍ਹਿਆ ਜਾ ਸਕਦਾ ਹੈ।"
ਇਸ ਮੌਕੇ ‘ਤੇ ਬੋਲਦਿਆਂ, ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਨੇ 'ਵਿੰਗਜ਼ ਟੂ ਅਵਰ ਹੋਪਸ (ਭਾਗ-II)' ਨੂੰ ਦੇਸ਼ ਦੇ 'ਪਹਿਲੇ ਨਾਗਰਿਕ' ਦੇ ਦ੍ਰਿਸ਼ਟੀਕੋਣ ਤੋਂ ਸਮਕਾਲੀ ਮੁੱਦਿਆਂ ਨੂੰ ਸਮਝਣ ਦਾ ਇੱਕ ਮਾਧਿਅਮ ਦੱਸਿਆ ਅਤੇ ਉਮੀਦ ਪ੍ਰਗਟਾਈ ਕਿ ਇਹ ਰਾਸ਼ਟਰਪਤੀ ਦੇ ਲੋਕ ਭਲਾਈ ਵਿਚਾਰਾਂ ਨੂੰ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚਾਏਗਾ।
ਰਾਸ਼ਟਰਪਤੀ ਦੇ ਜੀਵਨ ਦੇ ਕੁਝ ਪ੍ਰੇਰਨਾਦਾਇਕ ਪਲਾਂ ਦਾ ਜ਼ਿਕਰ ਕਰਦੇ ਹੋਏ, ਸ਼੍ਰੀ ਅਸ਼ਵਿਨੀ ਵੈਸ਼ਣਵ ਨੇ ਸ਼੍ਰੀਮਤੀ ਦ੍ਰੌਪਦੀ ਮੁਰਮੂ ਦੇ 20 ਜੂਨ ਨੂੰ ਉਨ੍ਹਾਂ ਦੇ ਜਨਮਦਿਨ ਦੇ ਮੌਕੇ 'ਤੇ ਦੇਹਰਾਦੂਨ ਸਥਿਤ ਰਾਸ਼ਟਰੀ ਦ੍ਰਿਸ਼ਟੀਗਤ ਦਿਵਯਾਂਗਜਨਾਂ ਦੇ ਸਸ਼ਕਤੀਕਰਣ ਲਈ ਸੰਸਥਾਨ ਦੇ ਦੌਰੇ ਨੂੰ ਯਾਦ ਕੀਤਾ, ਜਿੱਥੇ ਉਹ ਨੇਤਰਹੀਣ ਬੱਚਿਆਂ ਦੇ ਪ੍ਰਦਰਸ਼ਨ ਤੋਂ ਬਹੁਤ ਪ੍ਰਭਾਵਿਤ ਹੋਏ ਸਨ। ਉਨ੍ਹਾਂ ਅੱਗੇ ਕਿਹਾ, "ਉਨ੍ਹਾਂ ਦੀ ਸਾਦਗੀ, ਸੰਵੇਦਨਸ਼ੀਲਤਾ ਅਤੇ ਲੋਕਾਂ ਪ੍ਰਤੀ ਸੇਵਾ ਦੀ ਭਾਵਨਾ ਸਾਰਿਆਂ ਲਈ ਇੱਕ ਪ੍ਰੇਰਨਾ ਹੈ।"
ਰਾਸ਼ਟਰਪਤੀ ਭਵਨ ਵਲੋਂ ਸੰਗ੍ਰਹਿ ਕੀਤੇ ਅਤੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਪ੍ਰਕਾਸ਼ਨ ਵਿਭਾਗ ਵਲੋਂ ਪ੍ਰਕਾਸ਼ਿਤ ਇਹ ਦੂਜਾ ਭਾਗ ਸ਼ਾਸਨ, ਸਮਾਵੇਸ਼ ਅਤੇ ਰਾਸ਼ਟਰੀ ਉਮੀਦਾਂ 'ਤੇ ਵਿਕਸਿਤ ਹੋ ਰਹੇ ਸੰਵਾਦ ਦਾ ਬਿਰਤਾਂਤ ਸਿਰਜਣ ਵਿੱਚ ਆਪਣੇ ਪਹਿਲੇ ਭਾਗ ਨਾਲ ਜੁੜਿਆ ਹੋਇਆ ਹੈ।
ਇਸ ਮੌਕੇ 'ਤੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਐਡੀਸ਼ਨਲ ਸਕੱਤਰ ਸ਼੍ਰੀ ਪ੍ਰਭਾਤ ਅਤੇ ਪ੍ਰਕਾਸ਼ਨ ਵਿਭਾਗ ਦੇ ਪ੍ਰਮੁੱਖ ਡਾਇਰੈਕਟਰ ਜਨਰਲ ਸ਼੍ਰੀ ਭੂਪੇਂਦਰ ਕੈਂਥੋਲਾ ਅਤੇ ਹੋਰ ਸੀਨੀਅਰ ਅਧਿਕਾਰੀ ਸ਼ਾਮਲ ਹੋਏ।
*****
ਵੀਕੇ/ਐੱਸਆਰ/ਸੈਵੀ
(Release ID: 2139260)