ਰਾਸ਼ਟਰਪਤੀ ਸਕੱਤਰੇਤ
ਭਾਰਤ ਦੇ ਰਾਸ਼ਟਰਪਤੀ ਨੇ ਇੰਸਟੀਟਿਊਟ ਆਫ਼ ਕੋਸਟ ਅਕਾਉਂਟਸ ਆਫ਼ ਇੰਡੀਆ (Institute of Cost Accountants of India) ਦੇ ਨੈਸ਼ਨਲ ਸਟੂਡੈਂਟਸ ਕਨਵੋਕੇਸ਼ਨ ਦੀ ਸ਼ੋਭਾ ਵਧਾਈ
Posted On:
23 JUN 2025 1:25PM by PIB Chandigarh
ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ ਨਵੀਂ ਦਿੱਲੀ ਵਿੱਚ ਇੰਸਟੀਟਿਊਟ ਆਫ਼ ਕੋਸਟ ਅਕਾਉਂਟਸ ਆਫ਼ ਇੰਡੀਆ (Institute of Cost Accountants of India) ਦੇ ਨੈਸ਼ਨਲ ਸਟੂਡੈਂਟਸ ਕਨਵੋਕੇਸ਼ਨ ਦੀ ਸ਼ੋਭਾ ਵਧਾਈ।

ਰਾਸ਼ਟਰਪਤੀ ਨੇ ਇਸ ਮੌਕੇ ‘ਤੇ ਕਿਹਾ ਕਿ ਸਾਡੇ ਇਤਿਹਾਸ ਵਿੱਚ ਲੇਖਾਕਾਰਾਂ ਨੂੰ ਸਾਡੇ ਸਮਾਜ ਵਿੱਚ ਬਹੁਤ ਸਨਮਾਨ ਮਿਲਿਆ ਹੈ। ਇਸ ਦਾ ਕਾਰਨ ਇਹ ਹੈ ਕਿ ਲੇਖਾਕਾਰੀ ਅਤੇ ਜਵਾਬਦੇਹੀ ਡੂੰਘੇ ਤੌਰ 'ਤੇ ਜੁੜੇ ਹੋਏ ਹਨ। ਅਸੀਂ ਜਵਾਬਦੇਹੀ ਦੀ ਕਦਰ ਕਰਦੇ ਹਾਂ; ਇਸ ਲਈ, ਅਸੀਂ ਲੇਖਾਕਾਰੀ (ਲੇਖਾ-ਜੋਖਾ) ਨੂੰ ਵਿਸ਼ੇਸ਼ ਮਹੱਤਵ ਦਿੰਦੇ ਹਾਂ।

ਰਾਸ਼ਟਰਪਤੀ ਨੇ ਕਿਹਾ ਕਿ ਆਧੁਨਿਕ ਸਮੇਂ ਵਿੱਚ, ਇਸ ਸਮ੍ਰਿੱਧ ਵਿਰਾਸਤ ਨੂੰ ਹੋਰ ਸੰਸਥਾਵਾਂ ਤੋਂ ਇਲਾਵਾ, ਇੰਸਟੀਟਿਊਟ ਆਫ਼ ਕੋਸਟ ਅਕਾਉਂਟਸ ਆਫ਼ ਇੰਡੀਆ ਨੂੰ ਅੱਗੇ ਵਧਾਇਆ ਜਾ ਰਿਹਾ ਹੈ। ਰਾਸ਼ਟਰਪਤੀ ਨੇ ਕਿਹਾ ਕਿ ਇਸ ਸੰਸਥਾਨ ਦੀ ਸਥਾਪਨਾ ਵਰ੍ਹੇ 1944 ਵਿੱਚ ਦੇਸ਼ ਵਿੱਚ ਲਾਗਤ ਅਤੇ ਪ੍ਰਬੰਧਨ ਲੇਖਾਕਾਰਾਂ ਦੇ ਰੈਗੂਲੇਸ਼ਨ ਅਤੇ ਵਿਕਾਸ ਲਈ ਕੀਤੀ ਗਈ ਸੀ ਅਤੇ ਸੁਤੰਤਰਤਾ ਤੋਂ ਬਾਅਦ ਇਹ ਨਾ ਸਿਰਫ਼ ਆਰਥਿਕ ਪਰਿਵਰਤਨ ਦਾ ਗਵਾਹ ਹੈ, ਸਗੋਂ ਭਾਰਤੀ ਅਰਥਵਿਵਸਥਾ ਨੂੰ ਅੱਜ ਦੁਨੀਆ ਦੀ ਸਭ ਤੋਂ ਮਜ਼ਬੂਤ ਅਰਥਵਿਵਸਥਾਵਾਂ ਵਿੱਚੋਂ ਇੱਕ ਬਣਾਉਣ ਵਿੱਚ ਬਹੁਤ ਹੀ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਆਰਥਿਕ ਅਤੇ ਕਾਰਪੋਰੇਟ ਮਾਹਿਰ ਦੇਸ਼ ਦੇ ਉਦਯੋਗਿਕ ਵਿਕਾਸ ਵਿੱਚ ਲਾਗਤ ਅਤੇ ਪ੍ਰਬੰਧਨ ਲੇਖਾਕਾਰਾਂ ਦੇ ਕਾਰਜ ਦੀ ਸ਼ਲਾਘਾ ਕਰਦੇ ਹਨ।

ਰਾਸ਼ਟਰਪਤੀ ਨੇ ਕਿਹਾ ਕਿ ਇੰਸਟੀਟਿਊਟ ਆਫ਼ ਕੋਸਟ ਅਕਾਉਂਟਸ ਆਫ਼ ਇੰਡੀਆ ਦੇਸ਼ ਦੀ ਪ੍ਰਗਤੀ ਵਿੱਚ ਭਾਗੀਦਾਰ ਰਿਹਾ ਹੈ। ਇਹ ਨੀਤੀ ਨਿਰਮਾਤਾਵਾਂ, ਕੇਂਦਰ ਅਤੇ ਰਾਜ ਸਰਕਾਰਾਂ ਦੇ ਨਾਲ-ਨਾਲ ਵੱਖ-ਵੱਖ ਸੰਗਠਨਾਂ ਨੂੰ ਲਾਗਤ –ਕੁਸ਼ਲ ਰਣਨੀਤੀਆਂ, ਪ੍ਰਣਾਲੀਆਂ ਵਿਕਸਿਤ ਕਰਨ ਵਿੱਚ ਅਤਿਅਧਿਕ ਵਡਮੁੱਲੀ ਸਹਾਇਤਾ ਪ੍ਰਦਾਨ ਕਰਦਾ ਹੈ ਅਤੇ ਇਸ ਸੰਸਥਾਨ ਨੇ ਆਪਣੇ ਕਾਰਜਾਂ ਨੂੰ ਕਾਰਖਾਨਿਆਂ ਵਿੱਚ ਲਾਗਤ ਅਕਾਉਂਟਿੰਗ ਤੋਂ ਲੈ ਕੇ ਮੈਨੇਜਮੈਂਟ ਅਕਾਉਂਟਿੰਗ ਤੱਕ ਵਧਦੇ ਦੇਖਿਆ ਹੈ।

ਰਾਸ਼ਟਰਪਤੀ ਨੇ ਕਿਹਾ ਕਿ ਵਿਸ਼ਵ ਜਲਵਾਯੂ ਪਰਿਵਰਤਨ ਦਾ ਸਾਹਮਣਾ ਕਰ ਰਿਹਾ ਹੈ ਅਤੇ ਸਥਿਰਤਾ ਹੁਣ ਇੱਕ ਜ਼ਰੂਰਤ ਬਣ ਗਈ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਕਾਰਪੋਰੇਟ ਸੰਗਠਨਾਂ ਨੂੰ ਸਿਰਫ਼ ਲਾਭ ਦੇ ਉਦੇਸ਼ ਨਾਲ ਕੰਮ ਕਰਨ ਤੋਂ ਇਲਾਵਾ ਵਾਤਾਵਰਣ ਦੀ ਲਾਗਤ ਨੂੰ ਵੀ ਧਿਆਨ ਵਿੱਚ ਰੱਖਣਾ ਹੋਵੇਗਾ ਅਤੇ ਇੰਸਟੀਟਿਊਟ ਆਫ਼ ਕੋਸਟ ਅਕਾਉਂਟਸ ਆਫ਼ ਇੰਡੀਆ ਆਪਣੇ ਕੌਸ਼ਲ ਨਾਲ ਇਸ ਦਿਸ਼ਾ ਵਿੱਚ ਵੱਡਾ ਬਦਲਾਅ ਲਿਆ ਸਕਦਾ ਹੈ।

ਰਾਸ਼ਟਰਪਤੀ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਉਨ੍ਹਾਂ ਦੀਆਂ ਜ਼ਿੰਮੇਦਾਰੀਆਂ ਵਿੱਤੀ ਅਕਾਉਂਟਿੰਗ ਤੋਂ ਕਿਤੇ ਵੱਧ ਹਨ ਅਤੇ ਲਾਗਤ ਲੇਖਾਕਾਰ ਦੇ ਰੂਪ ਵਿੱਚ, ਉਹ ਸਾਲ 2047 ਤੱਕ ਭਾਰਤ ਨੂੰ ਵਿਕਸਿਤ ਬਣਾਉਣ ਵਿੱਚ ਯੋਗਦਾਨ ਦੇਣ ਲਈ ਅਦੁੱਤੀ ਸਥਿਤੀ ਵਿੱਚ ਹਨ। ਰਾਸ਼ਟਰਪਤੀ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਸੰਸਥਾਨ ਦੁਆਰਾ ਦਿੱਤੀ ਜਾਣ ਵਾਲੀ ਸਿੱਖਿਆ ਵਿਦਿਆਰਥੀਆਂ ਨੂੰ ਨਾ ਸਿਰਫ਼ ਇੱਕ ਸਫ਼ਲ ਪੇਸ਼ੇਵਰ ਸਗੋਂ ਰਾਸ਼ਟਰ-ਨਿਰਮਾਤਾ ਵੀ ਬਣਾਏਗੀ।
ਰਾਸ਼ਟਰਪਤੀ ਦਾ ਭਾਸ਼ਣ ਦੇਖਣ ਲਈ ਇੱਥੇ ਕਲਿੱਕ ਕਰੋ-
************
ਐੱਮਜੇਪੀਐੱ/ਐੱਸਆਰ/ਐੱਸਕੇਐੱਸ
(Release ID: 2139115)