ਖੇਤੀਬਾੜੀ ਮੰਤਰਾਲਾ
ਕੇਂਦਰੀ ਖੇਤੀਬਾੜੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ 'ਨੈਸ਼ਨਲ ਐਗਰੋ-ਆਰਈ ਸੰਮੇਲਨ 2025' ਵਿੱਚ ਸ਼ਿਰਕਤ ਕੀਤੀ
ਖੇਤੀਬਾੜੀ ਅਤੇ ਨਵਿਆਉਣਯੋਗ ਊਰਜਾ ਨੂੰ ਜੋੜ ਕੇ ਨਵੇਂ ਮਾਡਲ ਵਿਕਸਿਤ ਕਰਨ 'ਤੇ ਚਰਚਾ ਕੀਤੀ ਗਈ
ਅੰਨਦਾਤਾ ਹੋਣ ਦੇ ਨਾਲ-ਨਾਲ, ਸਾਡੇ ਕਿਸਾਨ ਊਰਜਾ ਪ੍ਰਦਾਤਾ ਵੀ ਬਣ ਸਕਦੇ ਹਨ - ਸ਼੍ਰੀ ਸ਼ਿਵਰਾਜ ਸਿੰਘ
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਅਹੁਦਾ ਸੰਭਾਲਣ ਤੋਂ ਬਾਅਦ ਉਤਪਾਦਨ ਵਿੱਚ 40 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ - ਸ਼੍ਰੀ ਸ਼ਿਵਰਾਜ ਸਿੰਘ ਚੌਹਾਨ
ਸੂਰਜੀ ਊਰਜਾ ਵਾਤਾਵਰਣ ਨੂੰ ਬਚਾਉਣ ਵਿੱਚ ਇੱਕ ਮੀਲ ਪੱਥਰ ਸਾਬਤ ਹੋ ਸਕਦੀ ਹੈ - ਸ਼੍ਰੀ ਸ਼ਿਵਰਾਜ ਸਿੰਘ ਚੌਹਾਨ
ਸੀਮਾਂਤ ਕਿਸਾਨਾਂ ਲਈ ਏਕੀਕ੍ਰਿਤ ਖੇਤੀ ਨੂੰ ਉਤਸ਼ਾਹਿਤ ਕਰਨਾ ਹੋਵੇਗਾ - ਸ਼੍ਰੀ ਸ਼ਿਵਰਾਜ ਸਿੰਘ
Posted On:
04 JUN 2025 6:08PM by PIB Chandigarh
ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਅੱਜ ਨਵੀਂ ਦਿੱਲੀ ਵਿੱਚ ਨੈਸ਼ਨਲ ਸੋਲਰ ਐਨਰਜੀ ਫੈੱਡਰੇਸ਼ਨ ਆਫ਼ ਇੰਡੀਆ (ਐਨਐਸਈਐਫਆਈ) ਦੁਆਰਾ ਆਯੋਜਿਤ 'ਰਾਸ਼ਟਰੀ ਖੇਤੀਬਾੜੀ-ਨਵਿਆਉਣਯੋਗ ਊਰਜਾ ਸੰਮੇਲਨ 2025' ਵਿੱਚ ਸ਼ਿਰਕਤ ਕੀਤੀ। ਇਸ ਮੌਕੇ 'ਤੇ ਉਨ੍ਹਾਂ ਨੇ ਫੈਡਰੇਸ਼ਨ ਦੁਆਰਾ ਤਿਆਰ ਕੀਤੀ ਗਈ ਖੇਤੀਬਾੜੀ ਅਤੇ ਨਵਿਆਉਣਯੋਗ ਊਰਜਾ ਬਾਰੇ ਰਿਪੋਰਟ ਅਤੇ ਸਲਾਨਾ ਸੰਦਰਭ ਪੁਸਤਕ ਵੀ ਜਾਰੀ ਕੀਤੀ। ਇਹ ਕਾਨਫਰੰਸ ਦੇਸ਼ ਦੇ ਨੀਤੀ ਨਿਰਮਾਤਾਵਾਂ, ਮਾਹਿਰਾਂ ਅਤੇ ਕਿਸਾਨਾਂ ਵਿਚਕਾਰ ਖੇਤੀਬਾੜੀ ਖੇਤਰ ਵਿੱਚ ਨਵਿਆਉਣਯੋਗ ਊਰਜਾ ਨੂੰ ਸ਼ਾਮਲ ਕਰਨ ਸਬੰਧੀ ਸੰਵਾਦ ਅਤੇ ਸਹਿਯੋਗ ਲਈ ਆਯੋਜਿਤ ਕੀਤੀ ਗਈ ਸੀ।

ਇਸ ਮੌਕੇ 'ਤੇ ਸੰਬੋਧਨ ਕਰਦਿਆਂ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਮੈਨੂੰ ਖੇਤੀਬਾੜੀ ਅਤੇ ਕਿਸਾਨ ਭਲਾਈ ਅਤੇ ਪੇਂਡੂ ਵਿਕਾਸ ਮੰਤਰਾਲੇ ਦੀ ਜ਼ਿੰਮੇਵਾਰੀ ਸੌਂਪੀ ਹੈ। ਮੈਨੂੰ ਜੋ ਵੀ ਜ਼ਿੰਮੇਵਾਰੀ ਮਿਲਦੀ ਹੈ, ਮੈਂ ਉਸ ਨੂੰ ਪੂਰੀ ਲਗਨ ਨਾਲ ਨਿਭਾਉਣ ਦੀ ਕੋਸ਼ਿਸ਼ ਕਰਦਾ ਹਾਂ। 15 ਦਿਨਾਂ ਦਾ 'ਵਿਕਸਿਤ ਕ੍ਰਿਸ਼ੀ ਸੰਕਲਪ ਅਭਿਆਨ' 29 ਮਈ ਤੋਂ ਚੱਲ ਰਿਹਾ ਹੈ, ਜਿਸ ਦੇ ਤਹਿਤ ਮੈਂ ਹੁਣ ਤੱਕ ਓਡੀਸ਼ਾ, ਜੰਮੂ, ਹਰਿਆਣਾ, ਉੱਤਰ ਪ੍ਰਦੇਸ਼, ਪਟਨਾ ਅਤੇ ਮਹਾਰਾਸ਼ਟਰ ਦਾ ਦੌਰਾ ਕਰ ਚੁੱਕਾ ਹਾਂ ਅਤੇ ਅੱਗੇ ਵੀ ਪੂਰੇ ਦੇਸ਼ ਦੀ ਪਰਿਕ੍ਰਮਾ ਕਰਕੇ ਕਿਸਾਨ ਭਰਾਵਾਂ ਅਤੇ ਭੈਣਾਂ ਨੂੰ ਮਿਲਾਂਗਾ। ਕਿਸਾਨਾਂ ਨੂੰ ਖੁਸ਼ਹਾਲ ਬਣਾਉਣ ਲਈ ਛੇ ਪ੍ਰਭਾਵਸ਼ਾਲੀ ਉਪਾਅ, ਜਿਨ੍ਹਾਂ ਵਿੱਚ ਉਤਪਾਦਨ ਵਧਾਉਣਾ, ਉਤਪਾਦਨ ਦੀ ਲਾਗਤ ਘਟਾਉਣਾ, ਉਤਪਾਦਨ ਦੀ ਸਹੀ ਕੀਮਤ ਨੂੰ ਯਕੀਨੀ ਨੂੰ ਬਣਾਉਣਾ, ਨੁਕਸਾਨ ਦੀ ਸਥਿਤੀ ਵਿੱਚ ਮੁਆਵਜ਼ੇ ਦਾ ਪ੍ਰਬੰਧ ਕਰਨਾ, ਵਿਭਿੰਨਤਾ ਅਤੇ ਖਾਦਾਂ ਦੀ ਸੰਤੁਲਿਤ ਵਰਤੋਂ ਨਾਲ ਆਉਣ ਵਾਲੀ ਪੀੜ੍ਹੀ ਲਈ ਧਰਤੀ ਦੀ ਰੱਖਿਆ ਕਰਨਾ ਸਾਡੇ ਮੁੱਖ ਉਦੇਸ਼ਾਂ ਵਿੱਚ ਸ਼ਾਮਲ ਹਨ। ਮਿੱਟੀ ਦੀ ਉਪਜਾਊ ਸ਼ਕਤੀ ਨੂੰ ਬਚਾਉਣ ਲਈ ਜੈਵਿਕ ਖੇਤੀ ਵੀ ਬਹੁਤ ਮਹੱਤਵਪੂਰਨ ਹੈ।

ਸ਼੍ਰੀ ਸ਼ਿਵਰਾਜ ਸਿੰਘ ਨੇ ਦੱਸਿਆ ਕਿ 2014-15 ਤੋਂ ਬਾਅਦ, ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਉਤਪਾਦਨ ਵਿੱਚ ਕਾਫ਼ੀ ਜ਼ਿਆਦਾ ਵਾਧਾ ਹੋਇਆ ਹੈ। ਉਤਪਾਦਨ ਵਿੱਚ 40 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਕਣਕ, ਚੌਲ, ਮੱਕੀ ਅਤੇ ਮੂੰਗਫਲੀ ਦਾ ਉਤਪਾਦਨ ਵਧ ਰਿਹਾ ਹੈ ਪਰ ਹੁਣ ਸਾਨੂੰ ਦਾਲਾਂ ਅਤੇ ਤੇਲ ਬੀਜਾਂ ਦੇ ਉਤਪਾਦਨ ਨੂੰ ਵਧਾਉਣ ਲਈ ਕਦਮ ਚੁੱਕਣੇ ਪੈਣਗੇ।

ਸ਼੍ਰੀ ਸ਼ਿਵਰਾਜ ਸਿੰਘ ਨੇ ਕਿਹਾ ਕਿ ਖੇਤੀਬਾੜੀ ਤੋਂ ਬਿਨਾ ਭਾਰਤ ਦਾ ਕੰਮ ਨਹੀਂ ਚੱਲ ਸਕਦਾ। 50 ਪ੍ਰਤੀਸ਼ਤ ਲੋਕਾਂ ਨੂੰ ਅੱਜ ਵੀ ਖੇਤੀਬਾੜੀ ਤੋਂ ਰੋਜ਼ਗਾਰ ਮਿਲਦਾ ਹੈ। ਬਦਲਦੇ ਸਮੇਂ ਦੇ ਅਨੁਸਾਰ, ਹੁਣ ਇੰਟੀਗ੍ਰੇਟਿਡ ਫਾਰਮਿੰਗ ਯਾਨੀ ਏਕੀਕ੍ਰਿਤ ਖੇਤੀ ਪ੍ਰਣਾਲੀ ਨੂੰ ਵੀ ਅਪਣਾਉਣਾ ਪਵੇਗਾ, ਇਸ ਰਾਹੀਂ ਸੀਮਾਂਤ ਕਿਸਾਨ ਆਪਣੀ ਜ਼ਮੀਨ ਦੇ ਹਰ ਹਿੱਸੇ ਦੀ ਸਹੀ ਵਰਤੋਂ ਕਰਕੇ ਖੁਸ਼ਹਾਲੀ ਦੇ ਰਾਹ 'ਤੇ ਤੇਜ਼ੀ ਨਾਲ ਅੱਗੇ ਵਧ ਸਕਦੇ ਹਨ।

ਸ਼੍ਰੀ ਸ਼ਿਵਰਾਜ ਸਿੰਘ ਨੇ ਕਿਹਾ ਕਿ ਕਿਸਾਨਾਂ ਨੂੰ ਬਿਜਲੀ ਉਪਲਬਧ ਕਰਵਾਉਣ ਦੇ ਲਈ ਸੋਲਰ ਪੈਨਲ ਵੱਡਾ ਜ਼ਰੀਆ ਬਣ ਸਕਦਾ ਹੈ। ਕਿਸਾਨਾਂ ਦੇ ਲਈ ਊਰਜਾ ਨੂੰ ਯਕੀਨੀ ਬਣਾਉਣ ਲਈ ਪੀਐੱਮ ਕੁਸੁਮ ਯੋਜਨਾ ਇਸ ਦਿਸ਼ਾ ਵਿੱਚ ਕੰਮ ਕਰ ਰਹੀ ਹੈ।
ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਖੇਤਾਂ ਵਿੱਚ ਉਚਾਈ 'ਤੇ ਸੋਲਰ ਪੈਨਲਾਂ ਦੇ ਮਾਡਲ ਅਤੇ ਉਸੇ ਤੋਂ ਹੇਠਾਂ ਖੇਤੀ ਦੇ ਮਾਡਲ 'ਤੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਅਜਿਹਾ ਕਦਮ ਸਾਡੇ ਛੋਟੇ ਅਤੇ ਦਰਮਿਆਨੇ ਪੱਧਰ ਦੇ ਕਿਸਾਨਾਂ ਨੂੰ ਭੋਜਨ ਪ੍ਰਦਾਤਾ ਦੇ ਨਾਲ-ਨਾਲ ਊਰਜਾ ਪ੍ਰਦਾਤਾ ਵੀ ਬਣਾਏਗਾ। ਇਸ ਮਾਡਲ ਨੂੰ ਹੋਰ ਜ਼ਿਆਦਾ ਵਿਕਸਿਤ ਕਰਨ ਦੇ ਨਾਲ-ਨਾਲ, ਇਸ 'ਤੇ ਗੰਭੀਰਤਾ ਨਾਲ ਵਿਚਾਰ ਕੀਤਾ ਜਾਣਾ ਚਾਹੀਦਾ ਹੈ। ਭਵਿੱਖ ਵਿੱਚ, ਜੇਕਰ ਇਸ ਦੇ ਪ੍ਰਭਾਵਸ਼ਾਲੀ ਅਤੇ ਸਭ ਤੋਂ ਆਧੁਨਿਕ ਮਾਡਲ ਨੂੰ ਧਿਆਨ ਵਿੱਚ ਲਿਆਂਦਾ ਜਾਂਦਾ ਹੈ, ਤਾਂ ਸਰਕਾਰ ਇਸ ਨੂੰ ਅੱਗੇ ਵਧਾਉਣ ਵਿੱਚ ਜ਼ਰੂਰ ਮਦਦ ਕਰੇਗੀ।
ਅੰਤ ਵਿੱਚ, ਸ਼੍ਰੀ ਚੌਹਾਨ ਨੇ ਕੱਲ੍ਹ 5 ਜੂਨ ਨੂੰ ਵਿਸ਼ਵ ਵਾਤਾਵਰਣ ਦਿਵਸ ਨੂੰ ਸਾਰਥਕ ਬਣਾਉਣ ਦਾ ਸੱਦਾ ਦਿੱਤਾ ਅਤੇ ਕਿਹਾ ਕਿ ਸੂਰਜੀ ਊਰਜਾ ਵਾਤਾਵਰਣ ਨੂੰ ਬਚਾਉਣ ਵਿੱਚ ਇੱਕ ਮੀਲ ਪੱਥਰ ਸਾਬਤ ਹੋ ਸਕਦੀ ਹੈ।
*******
ਪੀਐੱਸਐੱਫ/ਏਆਰ/ਏਕੇ
(Release ID: 2134371)