ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਮਨ ਕੀ ਬਾਤ ਦੇ 122ਵੇਂ ਐਪੀਸੋਡ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ (25.05.2025)

Posted On: 25 MAY 2025 11:38AM by PIB Chandigarh

ਮੇਰੇ ਪਿਆਰੇ ਦੇਸਵਾਸੀਓ ਨਮਸਕਾਰ। ਅੱਜ ਪੂਰਾ ਦੇਸ਼ ਆਤੰਕਵਾਦ ਦੇ ਖ਼ਿਲਾਫ਼ ਇਕਜੁੱਟ ਹੈ, ਗੁੱਸੇ ਨਾਲ ਭਰਿਆ ਹੋਇਆ ਹੈ, ਪ੍ਰਤੀਬੱਧ ਹੈ। ਅੱਜ ਹਰ ਭਾਰਤੀ ਦਾ ਇਹੀ ਸੰਕਲਪ ਹੈ, ਅਸੀਂ ਆਤੰਕਵਾਦ ਨੂੰ ਖ਼ਤਮ ਕਰਨਾ ਹੀ ਹੈ। ਸਾਥੀਓ, ‘ਅਪ੍ਰੇਸ਼ਨ ਸਿੰਦੂਰ’ ਦੇ ਦੌਰਾਨ ਸਾਡੀਆਂ ਫ਼ੌਜਾਂ ਨੇ ਜੋ ਬਹਾਦਰੀ ਦਿਖਾਈ ਹੈ, ਉਸ ਨੇ ਹਰ ਹਿੰਦੁਸਤਾਨੀ ਦਾ ਸਿਰ ਉੱਚਾ ਕਰ ਦਿੱਤਾ ਹੈ, ਜਿਸ ਸਫ਼ਾਈ ਦੇ ਨਾਲ, ਜਿਸ ਸਟੀਕਤਾ ਦੇ ਨਾਲ ਸਾਡੀਆਂ ਫ਼ੌਜਾਂ ਨੇ ਸੀਮਾ ਪਾਰ ਦੇ ਆਤੰਕਵਾਦੀ ਟਿਕਾਣਿਆਂ ਨੂੰ ਨਸ਼ਟ ਕੀਤਾ, ਉਹ ਅਨੋਖਾ ਹੈ। ‘ਅਪ੍ਰੇਸ਼ਨ ਸਿੰਦੂਰ’ ਨੇ ਦੁਨੀਆ ਭਰ ਵਿੱਚ ਆਤੰਕਵਾਦ ਦੇ ਖ਼ਿਲਾਫ਼ ਲੜਾਈ ਨੂੰ ਨਵਾਂ ਵਿਸ਼ਵਾਸ ਅਤੇ ਉਤਸ਼ਾਹ ਦਿੱਤਾ ਹੈ।

ਸਾਥੀਓ, ‘ਅਪ੍ਰੇਸ਼ਨ ਸਿੰਦੂਰ’ ਸਿਰਫ਼ ਇੱਕ ਫ਼ੌਜੀ ਮਿਸ਼ਨ ਨਹੀਂ ਹੈ, ਇਹ ਸਾਡੇ ਸੰਕਲਪ, ਹੌਸਲੇ ਅਤੇ ਬਦਲਦੇ ਭਾਰਤ ਦੀ ਤਸਵੀਰ ਹੈ ਅਤੇ ਇਸ ਤਸਵੀਰ ਨੂੰ ਪੂਰੇ ਦੇਸ਼ ਨੂੰ ਦੇਸ਼ ਭਗਤੀ ਦੇ ਭਾਵਾਂ ਨਾਲ ਭਰ ਦਿੱਤਾ ਹੈ, ਤਿਰੰਗੇ ਵਿੱਚ ਰੰਗ ਦਿੱਤਾ ਹੈ। ਤੁਸੀਂ ਦੇਖਿਆ ਹੋਵੇਗਾ ਦੇਸ਼ ਦੇ ਕਈ ਸ਼ਹਿਰਾਂ ਵਿੱਚ, ਪਿੰਡਾਂ ਵਿੱਚ, ਛੋਟੇ-ਛੋਟੇ ਕਸਬਿਆਂ ਵਿੱਚ ਤਿਰੰਗਾ ਯਾਤਰਾਵਾਂ ਕੱਢੀਆਂ ਗਈਆਂ, ਹਜ਼ਾਰਾਂ ਲੋਕ ਹੱਥਾਂ ’ਚ ਤਿਰੰਗਾ ਲੈ ਕੇ ਦੇਸ਼ ਦੀ ਸੈਨਾ, ਉਸ ਦੇ ਪ੍ਰਤੀ ਨਮਨ ਕਰਦੇ ਹੋਏ, ਵਧਾਈ ਦਿੰਦੇ ਹੋਏ ਨਿਕਲ ਪਏ। ਕਿੰਨੇ ਹੀ ਸ਼ਹਿਰਾਂ ਵਿੱਚ Civil Defence Volunteer ਬਣਨ ਦੇ ਲਈ ਵੱਡੀ ਗਿਣਤੀ ਵਿੱਚ ਨੌਜਵਾਨ ਇਕੱਠੇ ਹੋ ਗਏ ਅਤੇ ਅਸੀਂ ਦੇਖਿਆ ਕਿ ਚੰਡੀਗੜ੍ਹ ਦੇ ਵੀਡੀਓ ਤਾਂ ਕਾਫੀ ਵਾਇਰਲ ਹੋਏ ਸਨ। ਸੋਸ਼ਲ ਮੀਡੀਆ ’ਤੇ ਕਵਿਤਾਵਾਂ ਲਿਖੀਆਂ ਜਾ ਰਹੀਆਂ ਸਨ, ਸੰਕਲਪ ਗੀਤ ਗਾਏ ਜਾ ਰਹੇ ਸਨ, ਛੋਟੇ-ਛੋਟੇ ਬੱਚੇ ਪੇਂਟਿੰਗ ਬਣਾ ਰਹੇ ਸਨ, ਜਿਨ੍ਹਾਂ ਵਿੱਚ ਵੱਡੇ ਸੰਦੇਸ਼ ਲੁਕੇ ਸਨ। ਮੈਂ ਅਜੇ 3 ਦਿਨ ਪਹਿਲਾਂ ਬੀਕਾਨੇਰ ਗਿਆ ਸੀ, ਉੱਥੇ ਬੱਚਿਆਂ ਨੇ ਮੈਨੂੰ ਅਜਿਹੀ ਹੀ ਇੱਕ ਪੇਂਟਿੰਗ ਭੇਂਟ ਕੀਤੀ ਸੀ। ‘ਅਪ੍ਰੇਸ਼ਨ ਸਿੰਦੂਰ’ ਨੇ ਦੇਸ਼ ਦੇ ਲੋਕਾਂ ਨੂੰ ਇੰਨਾ ਪ੍ਰਭਾਵਿਤ ਕੀਤਾ ਹੈ ਕਿ ਕਈ ਪਰਿਵਾਰਾਂ ਨੇ ਇਸ ਨੂੰ ਆਪਣੇ ਜੀਵਨ ਦਾ ਹਿੱਸਾ ਬਣਾ ਲਿਆ। ਬਿਹਾਰ ਦੇ ਕਟਿਹਾਰ ਵਿੱਚ, ਯੂ. ਪੀ. ਦੇ ਕੁਸ਼ੀਨਗਰ ਵਿੱਚ ਅਤੇ ਹੋਰ ਵੀ ਕਈ ਸ਼ਹਿਰਾਂ ਵਿੱਚ ਉਸ ਦੌਰਾਨ ਜਨਮ ਲੈਣ ਵਾਲੇ ਬੱਚਿਆਂ ਦਾ ਨਾਮ ‘ਸਿੰਦੂਰ’ ਰੱਖਿਆ ਗਿਆ ਹੈ।

ਸਾਥੀਓ, ਸਾਡੇ ਜਵਾਨਾਂ ਨੇ ਆਤੰਕਵਾਦ ਦੇ ਅੱਡਿਆਂ ਨੂੰ ਤਬਾਹ ਕੀਤਾ, ਇਹ ਉਨ੍ਹਾਂ ਦਾ ਅਨੋਖਾ ਹੌਸਲਾ ਸੀ ਅਤੇ ਉਸ ਵਿੱਚ ਸ਼ਾਮਿਲ ਸੀ ਭਾਰਤ ਵਿੱਚ ਬਣੇ ਹਥਿਆਰਾਂ, ਉਪਕਰਣਾਂ ਅਤੇ ਟੈਕਨੋਲੋਜੀ ਦੀ ਤਾਕਤ। ਉਸ ਵਿੱਚ ਆਤਮਨਿਰਭਰ ਭਾਰਤ ਦਾ ਸੰਕਲਪ ਵੀ ਸੀ। ਸਾਡੇ ਇੰਜੀਨੀਅਰਸ, ਸਾਡੇ ਟੈਕਨੀਸ਼ੀਅਨ ਹਰ ਕਿਸੇ ਦਾ ਪਸੀਨਾ ਇਸ ਜਿੱਤ ਵਿੱਚ ਸ਼ਾਮਲ ਹੈ। ਇਸ ਮੁਹਿੰਮ ਤੋਂ ਬਾਅਦ ਪੂਰੇ ਦੇਸ਼ ਵਿੱਚ ‘Vocal for Local’ ਨੂੰ ਲੈ ਕੇ ਇੱਕ ਨਵੀਂ ਊਰਜਾ ਦਿਖਾਈ ਦੇ ਰਹੀ ਹੈ। ਕਈ ਗੱਲਾਂ ਮਨ ਨੂੰ ਛੂਹ ਜਾਂਦੀਆਂ ਹਨ। ਇੱਕ ਮਾਂ-ਬਾਪ ਨੇ ਕਿਹਾ - ‘ਹੁਣ ਅਸੀਂ ਆਪਣੇ ਬੱਚਿਆਂ ਦੇ ਲਈ ਸਿਰਫ਼ ਭਾਰਤ ’ਚ ਬਣੇ ਖਿਡੌਣੇ ਹੀ ਲਵਾਂਗੇ। ਦੇਸ਼ ਭਗਤੀ ਦੀ ਸ਼ੁਰੂਆਤ ਬਚਪਨ ਤੋਂ ਹੋਵੇਗੀ। ਕੁਝ ਪਰਿਵਾਰਾਂ ਨੇ ਸਹੁੰ ਖਾਧੀ ਹੈ - ਅਸੀਂ ਆਪਣੀਆਂ ਅਗਲੀਆਂ ਛੁੱਟੀਆਂ ਦੇਸ਼ ਦੀ ਕਿਸੇ ਖੂਬਸੂਰਤ ਜਗ੍ਹਾ ’ਤੇ ਹੀ ਬਿਤਾਵਾਂਗੇ। ਕਈ ਨੌਜਵਾਨਾਂ ਨੇ ‘Wed in India’ ਦਾ ਸੰਕਲਪ ਲਿਆ ਹੈ, ਉਹ ਦੇਸ਼ ਵਿੱਚ ਹੀ ਵਿਆਹ ਕਰਨਗੇ। ਕਿਸੇ ਨੇ ਇਹ ਵੀ ਕਿਹਾ ਹੈ - ‘‘ਹੁਣ ਜੋ ਵੀ ਗਿਫਟ ਦਿਆਂਗੇ, ਉਹ ਕਿਸੇ ਭਾਰਤੀ ਸ਼ਿਲਪਕਾਰ ਦੇ ਹੱਥਾਂ ਨਾਲ ਬਣਿਆ ਹੋਵੇਗਾ।’’

ਸਾਥੀਓ, ਇਹੀ ਤਾਂ ਹੈ ਭਾਰਤ ਦੀ ਅਸਲੀ ਤਾਕਤ। ‘ਜਨ-ਮਨ ਦਾ ਜੁੜਾਅ, ਜਨ ਭਾਗੀਦਾਰੀ।’ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਹਾਂ, ਆਓ ਇਸ ਮੌਕੇ ’ਤੇ ਇੱਕ ਸੰਕਲਪ ਲਈਏ - ਅਸੀਂ ਆਪਣੇ ਜੀਵਨ ਵਿੱਚ ਜਿੱਥੋਂ ਤੱਕ ਸੰਭਵ ਹੋਇਆ, ਦੇਸ਼ ਵਿੱਚ ਬਣੀਆਂ ਚੀਜ਼ਾਂ ਨੂੰ ਪਹਿਲ ਦਿਆਂਗੇ। ਇਹ ਸਿਰਫ਼ ਆਰਥਿਕ ਆਤਮਨਿਰਭਰਤਾ ਦੀ ਗੱਲ ਨਹੀਂ ਹੈ, ਇਹ ਰਾਸ਼ਟਰ ਦੇ ਨਿਰਮਾਣ ਵਿੱਚ ਭਾਗੀਦਾਰੀ ਦਾ ਭਾਵ ਹੈ। ਸਾਡਾ ਇੱਕ ਕਦਮ ਭਾਰਤ ਦੀ ਤਰੱਕੀ ਵਿੱਚ ਬਹੁਤ ਵੱਡਾ ਯੋਗਦਾਨ ਦੇ ਸਕਦਾ ਹੈ।

ਸਾਥੀਓ, ਬੱਸ ’ਤੇ ਕਿਤੇ ਆਉਣਾ-ਜਾਣਾ ਕਿੰਨੀ ਆਮ ਗੱਲ ਹੈ, ਲੇਕਿਨ ਮੈਂ ਤੁਹਾਨੂੰ ਇੱਕ ਅਜਿਹੇ ਪਿੰਡ ਦੇ ਬਾਰੇ ਦੱਸਣਾ ਚਾਹੁੰਦਾ ਹਾਂ, ਜਿੱਥੇ ਪਹਿਲੀ ਵਾਰ ਇੱਕ ਬੱਸ ਪਹੁੰਚੀ। ਇਸ ਦਿਨ ਦਾ ਉੱਥੋਂ ਦੇ ਲੋਕ ਵਰ੍ਹਿਆਂ ਤੋਂ ਇੰਤਜ਼ਾਰ ਕਰ ਰਹੇ ਸਨ ਅਤੇ ਜਦ ਪਿੰਡ ਵਿੱਚ ਪਹਿਲੀ ਵਾਰ ਬੱਸ ਪਹੁੰਚੀ ਤਾਂ ਲੋਕਾਂ ਨੇ ਢੋਲ-ਨਗਾਰੇ ਨਾਲ ਉਸ ਦਾ ਸੁਆਗਤ ਕੀਤਾ। ਬੱਸ ਨੂੰ ਦੇਖ ਕੇ ਲੋਕਾਂ ਦੀ ਖੁਸ਼ੀ ਦਾ ਠਿਕਾਣਾ ਨਹੀਂ ਸੀ। ਪਿੰਡ ਵਿੱਚ ਪੱਕੀ ਸੜਕ ਸੀ, ਲੋਕਾਂ ਨੂੰ ਲੋੜ ਸੀ, ਲੇਕਿਨ ਪਹਿਲਾਂ ਇੱਥੇ ਕਦੇ ਬੱਸ ਨਹੀਂ ਚਲ ਪਾਈ ਸੀ, ਕਿਉਂਕਿ ਇਹ ਪਿੰਡ ਮਾਓਵਾਦੀ ਹਿੰਸਾ ਨਾਲ ਪ੍ਰਭਾਵਿਤ ਸੀ। ਇਹ ਜਗ੍ਹਾ ਹੈ ਮਹਾਰਾਸ਼ਟਰ ਦੇ ਗੜ੍ਹਚਿਰੌਲੀ ਜ਼ਿਲ੍ਹੇ ਵਿੱਚ ਅਤੇ ਇਸ ਪਿੰਡ ਦਾ ਨਾਮ ਹੈ, ਕਾਟੇਝਰੀ। ਕਾਟੇਝਰੀ ਵਿੱਚ ਆਏ ਇਸ ਬਦਲਾਅ ਨੂੰ ਆਲੇ-ਦੁਆਲੇ ਦੇ ਪੂਰੇ ਖੇਤਰ ਵਿੱਚ ਮਹਿਸੂਸ ਕੀਤਾ ਜਾ ਰਿਹਾ ਹੈ। ਹੁਣ ਇੱਥੇ ਹਾਲਾਤ ਤੇਜ਼ੀ ਨਾਲ ਆਮ ਵਰਗੇ ਹੋ ਰਹੇ ਹਨ। ਮਾਓਵਾਦ ਦੇ ਖ਼ਿਲਾਫ਼ ਸਮੂਹਿਕ ਲੜਾਈ ਨਾਲ ਹੁਣ ਅਜਿਹੇ ਖੇਤਰਾਂ ਤੱਕ ਵੀ ਬੁਨਿਆਦੀ ਸਹੂਲਤਾਂ ਪਹੁੰਚਣ ਲਗੀਆਂ ਹਨ। ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਬੱਸ ਦੇ ਆਉਣ ਨਾਲ ਉਨ੍ਹਾਂ ਲੋਕਾਂ ਦਾ ਜੀਵਨ ਬਹੁਤ ਅਸਾਨ ਹੋ ਜਾਵੇਗਾ।

ਸਾਥੀਓ, ‘ਮਨ ਕੀ ਬਾਤ’ ਵਿੱਚ ਅਸੀਂ ਛੱਤੀਸਗੜ੍ਹ ਵਿੱਚ ਹੋਏ ਬਸਤਰ ਓਲੰਪਿਕਸ ਅਤੇ ਮਾਓਵਾਦ ਪ੍ਰਭਾਵਿਤ ਖੇਤਰਾਂ ਵਿੱਚ ਸਾਇੰਸ ਲੈਬ ’ਤੇ ਚਰਚਾ ਕਰ ਚੁੱਕੇ ਹਾਂ। ਇੱਥੋਂ ਦੇ ਬੱਚਿਆਂ ਵਿੱਚ ਸਾਇੰਸ ਦਾ ਜਨੂਨ ਹੈ। ਉਹ ਖੇਡਾਂ ਵਿੱਚ ਵੀ ਕਮਾਲ ਕਰ ਰਹੇ ਹਨ। ਅਜਿਹੇ ਯਤਨਾਂ ਨਾਲ ਪਤਾ ਲਗਦਾ ਹੈ ਕਿ ਇਨ੍ਹਾਂ ਇਲਾਕਿਆਂ ਵਿੱਚ ਰਹਿਣ ਵਾਲੇ ਲੋਕ ਕਿੰਨੇ ਸਾਹਸੀ ਹੁੰਦੇ ਹਨ। ਇਨ੍ਹਾਂ ਲੋਕਾਂ ਨੇ ਤਮਾਮ ਚੁਣੌਤੀਆਂ ਦੇ ਵਿਚਕਾਰ ਆਪਣੇ ਜੀਵਨ ਨੂੰ ਬਿਹਤਰ ਬਣਾਉਣ ਦੀ ਰਾਹ ਚੁਣੀ ਹੈ। ਮੈਨੂੰ ਇਹ ਜਾਣ ਕੇ ਵੀ ਬਹੁਤ ਖੁਸ਼ੀ ਹੋਈ ਕਿ 10ਵੀਂ ਅਤੇ 12ਵੀਂ ਦੇ ਇਮਤਿਹਾਨਾਂ ਵਿੱਚ ਦੰਤੇਵਾੜਾ ਜ਼ਿਲ੍ਹੇ ਦੇ ਨਤੀਜੇ ਬਹੁਤ ਸ਼ਾਨਦਾਰ ਰਹੇ ਹਨ। ਲਗਭਗ 95 ਫੀਸਦੀ ਰਿਜ਼ਲਟ ਦੇ ਨਾਲ ਇਹ ਜ਼ਿਲ੍ਹਾ 10ਵੀਂ ਦੇ ਨਤੀਜਿਆਂ ਵਿੱਚ ਟੌਪ ’ਤੇ ਰਿਹਾ ਹੈ। ਉੱਥੇ ਹੀ 12ਵੀਂ ਦੇ ਇਮਤਿਹਾਨ ਵਿੱਚ ਇਸ ਜ਼ਿਲ੍ਹੇ ਨੇ ਛੱਤੀਸਗੜ੍ਹ ਵਿੱਚ 6ਵਾਂ ਸਥਾਨ ਹਾਸਿਲ ਕੀਤਾ। ਸੋਚੋ! ਜਿਸ ਦੰਤੇਵਾੜਾ ਵਿੱਚ ਮਾਓਵਾਦ ਕਦੇ ਸ਼ਿਖਰ ’ਤੇ ਸੀ, ਉੱਥੇ ਅੱਜ ਸਿੱਖਿਆ ਦਾ ਝੰਡਾ ਲਹਿਰਾ ਰਿਹਾ ਹੈ। ਅਜਿਹੇ ਬਦਲਾਅ ਸਾਨੂੰ ਸਾਰਿਆਂ ਨੂੰ ਮਾਣ ਨਾਲ ਭਰ ਦਿੰਦੇ ਹਨ।

ਮੇਰੇ ਪਿਆਰੇ ਦੇਸ਼ਵਾਸੀਓ, ਹੁਣ ਮੈਂ Lions, ਸ਼ੇਰਾਂ ਨਾਲ ਜੁੜੀ ਇੱਕ ਬੜੀ ਚੰਗੀ ਖਬਰ ਤੁਹਾਨੂੰ ਦੱਸਣਾ ਚਾਹੁੰਦੇ ਹਾਂ, ਪਿਛਲੇ ਸਿਰਫ਼ 5 ਸਾਲਾਂ ਵਿੱਚ ਗੁਜਰਾਤ ਦੇ ਗਿਰ ਵਿੱਚ ਸ਼ੇਰਾਂ ਦੀ ਆਬਾਦੀ 674 ਤੋਂ ਵਧ ਕੇ 891 ਹੋ ਗਈ ਹੈ। Six Hundred Seventy Hour ਤੋਂ Eight Hundred Ninety One! Lion census ਤੋਂ ਬਾਅਦ ਸਾਹਮਣੇ ਆਈ ਸ਼ੇਰਾਂ ਦੀ ਇਹ ਗਿਣਤੀ ਬਹੁਤ ਉਤਸ਼ਾਹਿਤ ਕਰਨ ਵਾਲੀ ਹੈ। ਸਾਥੀਓ, ਤੁਹਾਡੇ ਵਿੱਚੋਂ ਬਹੁਤ ਸਾਰੇ ਲੋਕ ਇਹ ਜਾਨਣਾ ਚਾਹੁੰਦੇ ਹੋਣਗੇ ਕਿ ਆਖਿਰ ਇਹ Animal census ਹੁੰਦੀ ਕਿਵੇਂ ਹੈ? ਇਹ ਕੰਮ ਬਹੁਤ ਹੀ ਚੁਣੌਤੀਪੂਰਨ ਹੈ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ Lion Census 11 ਜ਼ਿਲ੍ਹਿਆਂ ਵਿੱਚ, 35 ਹਜ਼ਾਰ ਵਰਗ ਕਿਲੋਮੀਟਰ ਦੇ ਦਾਇਰੇ ਵਿੱਚ ਕੀਤੀ ਗਈ ਸੀ। Census ਦੇ ਲਈ ਟੀਮਾਂ ਨੇ Round the Clock ਯਾਨੀ 24 ਘੰਟੇ ਇਨ੍ਹਾਂ ਖੇਤਰਾਂ ਦੀ ਨਿਗਰਾਨੀ ਕੀਤੀ। ਇਸ ਪੂਰੀ ਮੁਹਿੰਮ ਵਿੱਚ verification ਅਤੇ cross verification ਦੋਵੇਂ ਕੀਤੇ ਗਏ। ਇਸ ਨਾਲ ਪੂਰੀ ਬਰੀਕੀ ਨਾਲ ਸ਼ੇਰਾਂ ਦੀ ਗਿਣਤੀ ਦਾ ਕੰਮ ਪੂਰਾ ਹੋ ਸਕਿਆ।

ਸਾਥੀਓ, Asiatic Lion ਦੀ ਆਬਾਦੀ ਵਿੱਚ ਵਾਧਾ ਇਹ ਦਿਖਾਉਂਦਾ ਹੈ ਕਿ ਜਦੋਂ ਸਮਾਜ ਵਿੱਚ ownership ਦਾ ਭਾਵ ਮਜ਼ਬੂਤ ਹੁੰਦਾ ਹੈ ਤਾਂ ਕਿੰਨੇ ਸ਼ਾਨਦਾਰ ਨਤੀਜੇ ਆਉਂਦੇ ਹਨ। ਕੁਝ ਦਹਾਕੇ ਪਹਿਲਾਂ ਗਿਰ ਵਿੱਚ ਹਾਲਾਤ ਬਹੁਤ challenging ਸਨ, ਲੇਕਿਨ ਉੱਥੋਂ ਦੇ ਲੋਕਾਂ ਨੇ ਮਿਲ ਕੇ ਬਦਲਾਅ ਲਿਆਉਣ ਦੀ ਠਾਣ ਲਈ। ਉੱਥੇ latest technology ਦੇ ਨਾਲ ਹੀ global best practices ਨੂੰ ਵੀ ਅਪਣਾਇਆ ਗਿਆ। ਇਸੇ ਦੌਰਾਨ ਗੁਜਰਾਤ ਅਜਿਹਾ ਪਹਿਲਾ ਰਾਜ ਬਣਿਆ, ਜਿੱਥੇ ਵੱਡੇ ਪੈਮਾਨੇ ’ਤੇ Forest Officers ਦੇ ਅਹੁਦੇ ’ਤੇ ਮਹਿਲਾਵਾਂ ਦੀ ਤੈਨਾਤੀ ਕੀਤੀ ਗਈ। ਅੱਜ ਅਸੀਂ ਜੋ ਨਤੀਜੇ ਦੇਖ ਰਹੇ ਹਾਂ, ਉਸ ਵਿੱਚ ਇਨ੍ਹਾਂ ਸਾਰਿਆਂ ਦਾ ਯੋਗਦਾਨ ਹੈ। Wild Life Protection ਦੇ ਲਈ ਸਾਨੂੰ ਇਸੇ ਤਰ੍ਹਾਂ ਹੀ ਹਮੇਸ਼ਾ ਜਾਗਰੂਕ ਅਤੇ ਸੁਚੇਤ ਰਹਿਣਾ ਹੋਵੇਗਾ।

ਮੇਰੇ ਪਿਆਰੇ ਦੇਸ਼ਵਾਸੀਓ, 2-3 ਦਿਨ ਪਹਿਲਾਂ ਹੀ ਮੈਂ ਪਹਿਲੀ Rising North East Summit ਵਿੱਚ ਗਿਆ ਸੀ। ਉਸ ਤੋਂ ਪਹਿਲਾਂ ਅਸੀਂ North East ਦੀ ਸਮਰੱਥਾ ਨੂੰ ਸਮਰਪਿਤ ‘ਅਸ਼ਟਲਕਸ਼ਮੀ ਮਹੋਤਸਵ’ ਵੀ ਮਨਾਇਆ ਸੀ। North East ਦੀ ਗੱਲ ਹੀ ਕੁਝ ਹੋਰ ਹੈ, ਉੱਥੋਂ ਦੀ ਸਮਰੱਥਾ, ਉੱਥੋਂ ਦਾ talent ਵਾਕਿਆ ਹੀ ਅਨੋਖਾ ਹੈ। ਮੈਨੂੰ ਇੱਕ ਦਿਲਚਸਪ ਕਹਾਣੀ ਪਤਾ ਲਗੀ ਹੈ crafted fibers ਦੀ। Crafted fibers ਇਹ ਸਿਰਫ਼ ਇੱਕ ਬਰਾਂਡ ਨਹੀਂ, ਸਿੱਕਿਮ ਦੀ ਪਰੰਪਰਾ, ਬੁਨਾਈ ਦੀ ਕਲਾ ਅਤੇ ਅੱਜ ਦੇ ਫੈਸ਼ਨ ਦੀ ਸੋਚ - ਤਿੰਨਾਂ ਦਾ ਸੁੰਦਰ ਸੰਗਮ ਹੈ। ਇਸ ਦੀ ਸ਼ੁਰੂਆਤ ਕੀਤੀ ਡਾ. ਚੇਵਾਂਗ ਨੋਰਬੂ ਭੂਟੀਆ ਨੇ। ਪੇਸ਼ੇ ਤੋਂ ਉਹ Veterinary Doctor ਹਨ ਅਤੇ ਦਿਲ ਤੋਂ ਸਿੱਕਿਮ ਦੀ ਸੰਸਕ੍ਰਿਤੀ ਦੇ ਸੱਚੇ Brand Ambassador। ਉਨ੍ਹਾਂ ਨੇ ਸੋਚਿਆ ਕਿਉਂ ਨਾ ਬੁਣਾਈ ਨੂੰ ਇੱਕ ਨਵੀਂ ਦਿਸ਼ਾ ਦਿੱਤੀ ਜਾਵੇ ਅਤੇ ਇਸੇ ਸੋਚ ਨਾਲ ਜਨਮ ਹੋਇਆ Crafted fibers ਦਾ। ਉਨ੍ਹਾਂ ਨੇ ਰਵਾਇਤੀ ਬੁਣਾਈ ਨੂੰ modern fashion ਨਾਲ ਜੋੜਿਆ ਅਤੇ ਇਸ ਨੂੰ ਬਣਾਇਆ ਇੱਕ Social Enterprise। ਹੁਣ ਉਨ੍ਹਾਂ ਦੇ ਉੱਥੇ ਸਿਰਫ਼ ਕੱਪੜੇ ਹੀ ਨਹੀਂ ਬਣਦੇ, ਉਨ੍ਹਾਂ ਦੇ ਉੱਥੇ ਜ਼ਿੰਦਗੀਆਂ ਬੁਣੀਆਂ ਜਾਂਦੀਆਂ ਹਨ। ਉਹ ਲੋਕਲ ਲੋਕਾਂ ਨੂੰ skill training ਦਿੰਦੇ ਹਨ, ਉਨ੍ਹਾਂ ਨੂੰ ਆਤਮ-ਨਿਰਭਰ ਬਣਾਉਂਦੇ ਹਨ। ਪਿੰਡਾਂ ਦੇ ਬੁਨਕਰ, ਪਸ਼ੂ ਪਾਲਕ ਅਤੇ self-help groups ਇਨ੍ਹਾਂ ਸਾਰਿਆਂ ਨੂੰ ਜੋੜ ਕੇ ਡਾ. ਭੂਟੀਆ ਨੇ ਰੋਜ਼ਗਾਰ ਦੇ ਨਵੇਂ ਰਸਤੇ ਬਣਾਏ ਹਨ। ਅੱਜ ਸਥਾਨਕ ਮਹਿਲਾਵਾਂ ਅਤੇ ਕਾਰੀਗਰ ਆਪਣੇ ਹੁਨਰ ਨਾਲ ਚੰਗੀ ਕਮਾਈ ਕਰ ਰਹੇ ਹਨ। ਣrafted fibers ਦੇ ਸ਼ਾਲ, ਸਟੋਲ, ਦਸਤਾਨੇ, ਜਰਾਬਾਂ ਸਾਰੇ local handloom ਨਾਲ ਬਣੇ ਹੁੰਦੇ ਹਨ। ਇਸ ਵਿੱਚ ਜਿਹੜੀ ਉੱਨ ਦਾ ਇਸਤੇਮਾਲ ਹੁੰਦਾ ਹੈ, ਉਹ ਸਿੱਕਿਮ ਦੇ ਖਰਗੋਸ਼ਾਂ ਅਤੇ ਭੇਡਾਂ ਤੋਂ ਆਉਂਦੀ ਹੈ। ਰੰਗ ਵੀ ਪੂਰੀ ਤਰ੍ਹਾਂ ਕੁਦਰਤੀ ਹੁੰਦੇ ਹਨ - ਕੋਈ ਕੈਮੀਕਲ ਨਹੀਂ ਸਿਰਫ਼ ਕੁਦਰਤ ਦੀ ਰੰਗਤ। ਡਾ. ਭੂਟੀਆ ਨੇ ਸਿੱਕਿਮ ਦੀ ਰਵਾਇਤੀ ਬੁਣਾਈ ਅਤੇ ਸੰਸਕ੍ਰਿਤੀ ਨੂੰ ਇੱਕ ਨਵੀਂ ਪਛਾਣ ਦਿੱਤੀ ਹੈ। ਡਾ. ਭੂਟੀਆ ਦਾ ਕੰਮ ਸਾਨੂੰ ਸਿਖਾਉਂਦਾ ਹੈ ਕਿ ਜਦੋਂ ਰਵਾਇਤ ਨੂੰ ਜਨੂੰਨ ਨਾਲ ਜੋੜਿਆ ਜਾਵੇ ਤਾਂ ਉਹ ਦੁਨੀਆ ਨੂੰ ਕਿੰਨਾ ਮੋਹ ਸਕਦੀ ਹੈ।

ਮੇਰੇ ਪਿਆਰੇ ਦੇਸ਼ਵਾਸੀਓ, ਅੱਜ ਮੈਂ ਤੁਹਾਨੂੰ ਇੱਕ ਅਜਿਹੇ ਸ਼ਾਨਦਾਰ ਵਿਅਕਤੀ ਦੇ ਬਾਰੇ ਦੱਸਣਾ ਚਾਹੁੰਦਾ ਹਾਂ ਜੋ ਕਿ ਇੱਕ ਕਲਾਕਾਰ ਵੀ ਹੈ ਅਤੇ ਜਿਊਂਦੀ-ਜਾਗਦੀ ਪ੍ਰੇਰਣਾ ਵੀ ਹੈ। ਨਾਮ ਹੈ - ਜੀਵਨ ਜੋਸ਼ੀ, ਉਮਰ 65 ਸਾਲ। ਹੁਣ ਸੋਚੋ, ਜਿਨ੍ਹਾਂ ਦੇ ਨਾਮ ਵਿੱਚ ਹੀ ਜੀਵਨ ਹੋਵੇ, ਇਹ ਕਿੰਨੀ ਜੀਵੰਤਤਾ ਨਾਲ ਭਰੇ ਹੋਣਗੇ। ਜੀਵਨ ਜੀ ਉੱਤਰਾਖੰਡ ਦੇ ਹਲਦਵਾਨੀ ਵਿੱਚ ਰਹਿੰਦੇ ਹਨ। ਬੱਚਪਨ ਵਿੱਚ ਪੋਲੀਓ ਨੇ ਉਨ੍ਹਾਂ ਦੇ ਪੈਰਾਂ ਦੀ ਤਾਕਤ ਖੋਹ ਲਈ ਸੀ, ਲੇਕਿਨ ਪੋਲੀਓ ਉਨ੍ਹਾਂ ਦੇ ਹੌਸਲੇ ਨੂੰ ਨਹੀਂ ਖੋਹ ਸਕਿਆ। ਉਨ੍ਹਾਂ ਦੇ ਤੁਰਨ ਦੀ ਰਫ਼ਤਾਰ ਭਾਵੇਂ ਕੁਝ ਮੱਧਮ ਹੋ ਗਈ, ਲੇਕਿਨ ਉਨ੍ਹਾਂ ਦਾ ਮਨ ਕਲਪਨਾ ਦੀ ਹਰ ਉਡਾਣ ਉੱਡਦਾ ਰਿਹਾ। ਇਸੇ ਉਡਾਣ ਵਿੱਚ ਜੀਵਨ ਜੀ ਨੇ ਇੱਕ ਅਨੋਖੀ ਕਲਾ ਨੂੰ ਜਨਮ ਦਿੱਤਾ - ਨਾਂ ਰੱਖਿਆ ‘ਬਗੇਟ’। ਇਸ ਵਿੱਚ ਉਹ ਪਾਇਨ ਦੇ ਰੁੱਖਾਂ ਤੋਂ ਡਿੱਗਣ ਵਾਲੀ ਸੁੱਕੇ ਸੱਕਾਂ ਨਾਲ ਸੁੰਦਰ ਕਲਾਕ੍ਰਿਤੀਆਂ ਬਣਾਉਂਦੇ ਹਨ। ਉਹ ਸੱਕ, ਜਿਸ ਨੂੰ ਲੋਕ ਆਮ ਤੌਰ ’ਤੇ ਬੇਕਾਰ ਸਮਝਦੇ ਹਨ - ਜੀਵਨ ਜੀ ਦੇ ਹੱਥਾਂ ਵਿੱਚ ਆਉਂਦਿਆਂ ਹੀ ਧਰੋਹਰ ਬਣ ਜਾਂਦੀ ਹੈ। ਉਨ੍ਹਾਂ ਦੀ ਹਰ ਰਚਨਾ ਵਿੱਚ ਉੱਤਰਾਖੰਡ ਦੀ ਮਿੱਟੀ ਦੀ ਖੁਸ਼ਬੂ ਹੁੰਦੀ ਹੈ। ਕਦੇ ਪਹਾੜਾਂ ਦੇ ਲੋਕਸਾਜ਼ ਤਾਂ ਕਦੇ ਲਗਦਾ ਹੈ ਜਿਵੇਂ ਪਹਾੜਾਂ ਦੀ ਆਤਮਾ ਉਸ ਲੱਕੜ ਵਿੱਚ ਸਮਾ ਗਈ ਹੋਵੇ। ਜੀਵਨ ਜੀ ਦਾ ਕੰਮ ਸਿਰਫ਼ ਕਲਾ ਨਹੀਂ, ਇੱਕ ਸਾਧਨਾ ਹੈ। ਉਨ੍ਹਾਂ ਨੇ ਇਸ ਕਲਾ ਵਿੱਚ ਆਪਣਾ ਪੂਰਾ ਜੀਵਨ ਸਮਰਪਿਤ ਕਰ ਦਿੱਤਾ ਹੈ। ਜੀਵਨ ਜੋਸ਼ੀ ਵਰਗੇ ਕਲਾਕਾਰ ਸਾਨੂੰ ਯਾਦ ਦਿਵਾਉਂਦੇ ਹਨ ਕਿ ਪਰਿਸਥਿਤੀਆਂ ਭਾਵੇਂ ਜਿਵੇਂ ਵੀ ਹੋਣ, ਜੇਕਰ ਇਰਾਦਾ ਮਜ਼ਬੂਤ ਹੋਵੇ ਤਾਂ ਨਾਮੁਮਕਿਨ ਕੁਝ ਨਹੀਂ। ਉਨ੍ਹਾਂ ਦਾ ਨਾਮ ਜੀਵਨ ਹੈ ਅਤੇ ਉਨ੍ਹਾਂ ਨੇ ਸੱਚੀ ਦਿਖਾ ਦਿੱਤਾ ਕਿ ਜੀਵਨ ਜਿਊਣਾ ਕੀ ਹੁੰਦਾ ਹੈ।

ਮੇਰੇ ਪਿਆਰੇ ਦੇਸ਼ਵਾਸੀਓ, ਅੱਜ ਕਈ ਅਜਿਹੀਆਂ ਮਹਿਲਾਵਾਂ ਹਨ, ਜੋ ਖੇਤੀ ਦੇ ਨਾਲ ਹੀ ਹੁਣ ਅਸਮਾਨ ਦੀਆਂ ਉਚਾਈਆਂ ’ਤੇ ਕੰਮ ਕਰ ਰਹੀਆਂ ਹਨ। ਜੀ ਹਾਂ! ਤੁਸੀਂ ਸਹੀ ਸੁਣਿਆ, ਹੁਣ ਪਿੰਡ ਦੀਆਂ ਮਹਿਲਾਵਾਂ ਡ੍ਰੋਨ ਦੀਦੀ ਬਣ ਕੇ ਡ੍ਰੋਨ ਉਡਾ ਰਹੀਆਂ ਹਨ ਅਤੇ ਉਸ ਨਾਲ ਖੇਤੀ ਵਿੱਚ ਨਵੀਂ ਕ੍ਰਾਂਤੀ ਲਿਆ ਰਹੀਆਂ ਹਨ।

ਸਾਥੀਓ, ਤੇਲੰਗਾਨਾ ਦੇ ਸੰਗਾਰੈੱਡੀ ਜ਼ਿਲ੍ਹੇ ਵਿੱਚ ਕੁਝ ਸਮਾਂ ਪਹਿਲਾਂ ਤੱਕ ਜਿਨ੍ਹਾਂ ਮਹਿਲਾਵਾਂ ਨੂੰ ਦੂਸਰਿਆਂ ’ਤੇ ਨਿਰਭਰ ਰਹਿਣਾ ਪੈਂਦਾ ਸੀ, ਅੱਜ ਉਹੀ ਮਹਿਲਾਵਾਂ ਡ੍ਰੋਨ ਤੋਂ 50 ਏਕੜ ਜ਼ਮੀਨ ’ਤੇ ਦਵਾਈ ਦਾ ਛਿੜਕਾਅ ਦਾ ਕੰਮ ਪੂਰਾ ਕਰ ਰਹੀਆਂ ਹਨ। ਸਵੇਰੇ 3 ਘੰਟੇ, ਸ਼ਾਮ 2 ਘੰਟੇ ਅਤੇ ਕੰਮ ਖ਼ਤਮ। ਧੁੱਪ ਦੀ ਤਪਸ਼ ਨਹੀਂ, ਜ਼ਹਿਰ ਵਰਗੇ ਕੈਮੀਕਲ ਦਾ ਖਤਰਾ ਨਹੀਂ। ਸਾਥੀਓ, ਪਿੰਡ ਵਾਲਿਆਂ ਨੇ ਵੀ ਇਸ ਬਦਲਾਅ ਨੂੰ ਦਿਲ ਤੋਂ ਸਵੀਕਾਰ ਕੀਤਾ ਹੈ। ਹੁਣ ਇਹ ਮਹਿਲਾਵਾਂ ‘drone operator’ ਨਹੀਂ, ‘sky warriors’ ਦੇ ਨਾਮ ਨਾਲ ਜਾਣੀਆਂ ਜਾਂਦੀਆਂ ਹਨ। ਇਹ ਮਹਿਲਾਵਾਂ ਸਾਨੂੰ ਦੱਸ ਰਹੀਆਂ ਹਨ - ਬਦਲਾਅ ਤਾਂ ਆਉਂਦਾ ਹੈ ਜਦੋਂ ਤਕਨੀਕ ਅਤੇ ਸੰਕਲਪ ਇਕੱਠੇ ਚਲਦੇ ਹਨ।

ਮੇਰੇ ਪਿਆਰੇ ਦੇਸ਼ਵਾਸੀਓ, ‘ਅੰਤਰਰਾਸ਼ਟਰੀ ਯੋਗ ਦਿਵਸ’ ਵਿੱਚ ਹੁਣ ਇੱਕ ਮਹੀਨੇ ਤੋਂ ਵੀ ਘੱਟ ਸਮਾਂ ਬਚਿਆ ਹੈ। ਇਹ ਮੌਕਾ ਯਾਦ ਦਿਵਾਉਂਦਾ ਹੈ ਕਿ ਜੇਕਰ ਤੁਸੀਂ ਹੁਣ ਵੀ ਯੋਗ ਤੋਂ ਦੂਰ ਹੋ ਤਾਂ ਹੁਣ ਯੋਗ ਨਾਲ ਜੁੜੋ। ਯੋਗ ਤੁਹਾਡਾ ਜੀਵਨ ਜਿਊਣ ਦਾ ਤਰੀਕਾ ਬਦਲ ਦੇਵੇਗਾ। ਸਾਥੀਓ, 21 ਜੂਨ 2015 ਵਿੱਚ ‘ਯੋਗ ਦਿਵਸ’ ਦੀ ਸ਼ੁਰੂਆਤ ਦੇ ਬਾਅਦ ਤੋਂ ਹੀ ਇਸ ਦਾ ਆਕਰਸ਼ਣ ਲਗਾਤਾਰ ਵਧ ਰਿਹਾ ਹੈ। ਇਸ ਵਾਰ ਵੀ ਯੋਗ ਦਿਵਸ ਨੂੰ ਲੈ ਕੇ ਦੁਨੀਆ ਭਰ ਵਿੱਚ ਲੋਕਾਂ ਦਾ ਜੋਸ਼ ਅਤੇ ਉਤਸਾਹ ਨਜ਼ਰ ਆ ਰਿਹਾ ਹੈ। ਵੱਖ-ਵੱਖ ਸੰਸਥਾਨ ਆਪਣੀਆਂ ਤਿਆਰੀਆਂ ਸਾਂਝੀਆਂ ਕਰ ਰਹੇ ਹਨ। ਬੀਤੇ ਸਾਲਾਂ ਦੀਆਂ ਤਸਵੀਰਾਂ ਨੇ ਬਹੁਤ ਪ੍ਰੇਰਿਤ ਕੀਤਾ। ਅਸੀਂ ਦੇਖਿਆ ਹੈ ਕਿ ਵੱਖ-ਵੱਖ ਦੇਸ਼ਾਂ ਵਿੱਚ ਕਿਸੇ ਸਾਲ ਲੋਕਾਂ ਨੇ ਯੋਗ ਚੇਨ ਬਣਾਈ, ਯੋਗ ਰਿੰਗ ਬਣਾਈ। ਅਜਿਹੀਆਂ ਬਹੁਤ ਹੀ ਤਸਵੀਰਾਂ ਹਨ, ਜਿੱਥੇ ਇਕੱਠੀਆਂ 4 ਪੀੜ੍ਹੀਆਂ ਮਿਲ ਕੇ ਯੋਗ ਕਰ ਰਹੀਆਂ ਹਨ। ਬਹੁਤ ਸਾਰੇ ਲੋਕਾਂ ਨੇ ਆਪਣੇ ਸ਼ਹਿਰ ਦੀਆਂ iconic places ਨੂੰ ਯੋਗ ਦੇ ਲਈ ਚੁਣਿਆ। ਤੁਸੀਂ ਵੀ ਇਸ ਵਾਰ ਕੁਝ ਦਿਲਚਸਪ ਢੰਗ ਨਾਲ ਯੋਗ ਦਿਵਸ ਮਨਾਉਣ ਬਾਰੇ ਸੋਚ ਸਕਦੇ ਹੋ।

ਸਾਥੀਓ, ਆਂਧਰ ਪ੍ਰਦੇਸ਼ ਦੀ ਸਰਕਾਰ ਨੇ ਯੋਗਆਂਧਰ ਮੁਹਿੰਮ ਸ਼ੁਰੂ ਕੀਤੀ ਹੈ। ਇਸ ਦਾ ਟੀਚਾ ਪੂਰੇ ਰਾਜ ਵਿੱਚ ਯੋਗ ਸੰਸਕ੍ਰਿਤੀ ਦਾ ਵਿਕਾਸ ਕਰਨਾ ਹੈ। ਇਸ ਮੁਹਿੰਮ ਦੇ ਤਹਿਤ ਯੋਗ ਕਰਨ ਵਾਲੇ 10 ਲੱਖ ਲੋਕਾਂ ਦਾ ਇੱਕ ਪੂਲ ਬਣਾਇਆ ਜਾ ਰਿਹਾ ਹੈ। ਮੈਨੂੰ ਇਸ ਸਾਲ ਵਿਸ਼ਾਖਾਪਟਨਮ ਵਿੱਚ ਯੋਗ ਦਿਵਸ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਦਾ ਮੌਕਾ ਮਿਲੇਗਾ। ਮੈਨੂੰ ਇਹ ਜਾਣ ਕੇ ਚੰਗਾ ਲੱਗਾ ਕਿ ਇਸ ਵਾਰ ਵੀ ਸਾਡੇ ਨੌਜਵਾਨ ਸਾਥੀ ਦੇਸ਼ ਦੀ ਵਿਰਾਸਤ ਨਾਲ ਜੁੜੀਆਂ iconic places ’ਤੇ ਯੋਗ ਕਰਨ ਵਾਲੇ ਹਨ। ਕਈ ਨੌਜਵਾਨਾਂ ਨੇ ਨਵੇਂ ਰਿਕਾਰਡ ਬਣਾਉਣ ਅਤੇ ਯੋਗ ਚੇਨ ਦਾ ਹਿੱਸਾ ਬਣਨ ਦਾ ਸੰਕਲਪ ਲਿਆ ਹੈ। ਸਾਡੇ ਕਾਰਪੋਰੇਟਸ ਵੀ ਇਸ ਵਿੱਚ ਪਿੱਛੇ ਨਹੀਂ ਹਨ। ਕੁਝ ਸੰਸਥਾਵਾਂ ਨੇ ਆਫ਼ਿਸ ਵਿੱਚ ਹੀ ਯੋਗ ਅਭਿਆਸ ਦੇ ਲਈ ਵੱਖ ਸਥਾਨ ਤੈਅ ਕਰ ਦਿੱਤਾ ਹੈ। ਕੁਝ start-ups ਨੇ ਆਪਣੇ ਇੱਥੇ ‘office ਯੋਗ hours’ ਤੈਅ ਕਰ ਦਿੱਤੇ ਹਨ। ਅਜਿਹੇ ਵੀ ਲੋਕ ਹਨ ਜੋ ਪਿੰਡਾਂ ਵਿੱਚ ਜਾ ਕੇ ਯੋਗ ਸਿਖਾਉਣ ਦੀ ਤਿਆਰੀ ਕਰ ਰਹੇ ਹਨ। ਹੈਲਥ ਅਤੇ ਫਿਟਨਸ ਨੂੰ ਲੈ ਕੇ ਲੋਕਾਂ ਦੀ ਇਹ ਜਾਗਰੂਕਤਾ ਮੈਨੂੰ ਬਹੁਤ ਆਨੰਦ ਦਿੰਦੀ ਹੈ।

ਸਾਥੀਓ, ‘ਯੋਗ ਦਿਵਸ’ ਦੇ ਨਾਲ-ਨਾਲ ਆਯੁਰਵੇਦ ਦੇ ਖੇਤਰ ਵਿੱਚ ਵੀ ਕੁਝ ਅਜਿਹਾ ਹੋਇਆ ਹੈ, ਜਿਸ ਦੇ ਬਾਰੇ ਜਾਣ ਕੇ ਤੁਹਾਨੂੰ ਬਹੁਤ ਖੁਸ਼ੀ ਹੋਵੇਗੀ। ਕੱਲ੍ਹ ਹੀ ਯਾਨੀ 24 ਮਈ ਨੂੰ WHO ਦੇ ਡਾਇਰੈਕਟਰ ਜਨਰਲ ਅਤੇ ਮੇਰੇ ਮਿੱਤਰ, ਤੁਲਸੀ ਭਾਈ ਦੀ ਮੌਜੂਦਗੀ ਵਿੱਚ ਇੱਕ MoU sign ਕੀਤਾ ਗਿਆ ਹੈ। ਇਸ ਐਗਰੀਮੈਂਟ ਦੇ ਨਾਲ ਹੀ International Classification of Health Interventions ਦੇ ਤਹਿਤ ਇੱਕ dedicated traditional medicine module ’ਤੇ ਕੰਮ ਸ਼ੁਰੂ ਹੋ ਗਿਆ ਹੈ। ਇਸ ਪਹਿਲ ਨਾਲ ਆਯੁਸ਼ ਨੂੰ ਪੂਰੀ ਦੁਨੀਆ ਵਿੱਚ ਵਿਗਿਆਨਕ ਤਰੀਕੇ ਨਾਲ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤੱਕ ਪਹੁੰਚਾਉਣ ਵਿੱਚ ਮਦਦ ਮਿਲੇਗੀ।

ਸਾਥੀਓ, ਤੁਸੀਂ ਸਕੂਲਾਂ ਵਿੱਚ ਬਲੈਕਬੋਰਡ ਤਾਂ ਦੇਖਿਆ ਹੋਵੇਗਾ, ਲੇਕਿਨ ਹੁਣ ਕੁਝ ਸਕੂਲਾਂ ਵਿੱਚ ‘sugar board’ ਵੀ ਲਗਾਇਆ ਜਾ ਰਿਹਾ ਹੈ। ਬਲੈਕਬੋਰਡ ਨਹੀਂ ‘sugar board’। ਸੀਬੀਐੱਸਈ ਦੀ ਇਸ ਅਨੋਖੀ ਪਹਿਲ ਦਾ ਮਨੋਰਥ ਹੈ - ਬੱਚਿਆਂ ਨੂੰ ਉਨ੍ਹਾਂ ਦੇ sugar intake ਦੇ ਪ੍ਰਤੀ ਜਾਗਰੂਕ ਕਰਨਾ। ਕਿੰਨੀ ਖੰਡ ਲੈਣੀ ਚਾਹੀਦੀ ਹੈ ਅਤੇ ਕਿੰਨੀ ਖੰਡ ਖਾਧੀ ਜਾ ਰਹੀ ਹੈ, ਇਹ ਜਾਣ ਕੇ ਬੱਚੇ ਖੁਦ ਹੀ healthy ਵਿਕਲਪ ਚੁਣਨ ਲਗੇ ਹਨ, ਇਹ ਅਨੋਖਾ ਯਤਨ ਹੈ ਅਤੇ ਇਸ ਦਾ ਅਸਰ ਵੀ ਬੜਾ ਸਕਾਰਾਤਮਕ ਹੋਵੇਗਾ। ਬਚਪਨ ਤੋਂ ਹੀ ਸਿਹਤਮੰਦ ਜੀਵਨਸ਼ੈਲੀ ਦੀਆਂ ਆਦਤਾਂ ਅਪਨਾਉਣ ਵਿੱਚ ਇਹ ਕਾਫੀ ਮਦਦਗਾਰ ਸਾਬਿਤ ਹੋ ਸਕਦਾ ਹੈ। ਕਈ ਮਾਪਿਆਂ ਨੇ ਇਸ ਦੀ ਸ਼ਲਾਘਾ ਕੀਤੀ ਹੈ ਅਤੇ ਮੇਰਾ ਮੰਨਣਾ ਹੈ - ਅਜਿਹੀ ਪਹਿਲ ਦਫ਼ਤਰਾਂ, ਕੰਟੀਨਾਂ ਅਤੇ ਸੰਸਥਾਵਾਂ ਵਿੱਚ ਵੀ ਹੋਣੀ ਚਾਹੀਦੀ ਹੈ। ਆਖਰਕਾਰ ਸਿਹਤ ਹੈ ਤਾਂ ਸਭ ਕੁਝ ਹੈ। Fit India ਹੀ strong India ਦੀ ਨੀਂਹ ਹੈ।

ਮੇਰੇ ਪਿਆਰੇ ਦੇਸ਼ਵਾਸੀਓ, ਸਵੱਛ ਭਾਰਤ ਦੀ ਗੱਲ ਹੋਵੇ ਅਤੇ ‘ਮਨ ਕੀ ਬਾਤ’ ਦੇ ਸਰੋਤੇ ਪਿੱਛੇ ਰਹਿਣ, ਇੰਝ ਕਿਵੇਂ ਹੋ ਸਕਦਾ ਹੈ ਭਲਾ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਤੁਸੀਂ ਸਾਰੇ ਆਪਣੇ-ਆਪਣੇ ਪੱਧਰ ’ਤੇ ਇਸ ਮੁਹਿੰਮ ਨੂੰ ਮਜ਼ਬੂਤ ਕਰ ਰਹੇ ਹੋ, ਲੇਕਿਨ ਅੱਜ ਮੈਂ ਤੁਹਾਨੂੰ ਇੱਕ ਅਜਿਹੀ ਮਿਸਾਲ ਦੇ ਬਾਰੇ ਦੱਸਣਾ ਚਾਹੁੰਦਾ ਹਾਂ, ਜਿੱਥੇ ਸਵੱਛਤਾ ਦੇ ਸੰਕਲਪ ਨੇ ਪਹਾੜ ਵਰਗੀਆਂ ਚੁਣੌਤੀਆਂ ਨੂੰ ਵੀ ਮਾਤ ਦੇ ਦਿੱਤੀ। ਜ਼ਰਾ ਸੋਚੋ ਕੋਈ ਵਿਅਕਤੀ ਬਰਫੀਲੀਆਂ ਪਹਾੜੀਆਂ ’ਤੇ ਚੜ੍ਹਾਈ ਕਰ ਰਿਹਾ ਹੈ, ਜਿੱਥੇ ਸਾਹ ਲੈਣਾ ਮੁਸ਼ਕਿਲ ਹੋਵੇ, ਪੈਰ-ਪੈਰ ’ਤੇ ਜਾਨ ਦਾ ਖ਼ਤਰਾ ਹੋਵੇ, ਫਿਰ ਵੀ ਉਹ ਵਿਅਕਤੀ ਉੱਥੇ ਸਫ਼ਾਈ ਵਿੱਚ ਜੁਟਿਆ ਹੋਵੇ। ਅਜਿਹਾ ਹੀ ਕੁਝ ਕੀਤਾ ਹੈ ਸਾਡੀ ਆਈਟੀਬੀਪੀ ਦੀਆਂ ਟੀਮ ਦੇ ਮੈਂਬਰਾਂ ਨੇ। ਇਹ ਟੀਮ, ਮਾਊਂਟ ਮਕਾਲੂ ਵਰਗੇ ਵਿਸ਼ਵ ਦੀ ਸਭ ਤੋਂ ਔਖੀ ਚੋਟੀ ’ਤੇ ਚੜ੍ਹਾਈ ਦੇ ਲਈ ਗਈ ਸੀ। ਪਰ ਸਾਥੀਓ, ਉਨ੍ਹਾਂ ਨੇ ਸਿਰਫ਼ ਪਰਬਤ ’ਤੇ ਚੜ੍ਹਾਈ ਹੀ ਨਹੀਂ ਕੀਤੀ, ਉਨ੍ਹਾਂ ਨੇ ਆਪਣੇ ਟੀਚੇ ਵਿੱਚ ਇੱਕ ਮਿਸ਼ਨ ਹੋਰ ਜੋੜਿਆ ਸਵੱਛਤਾ ਦਾ। ਚੋਟੀ ਦੇ ਕੋਲ ਜੋ ਕੂੜਾ ਪਿਆ ਸੀ, ਉਨ੍ਹਾਂ ਨੇ ਇਸ ਨੂੰ ਹਟਾਉਣ ਬਾਰੇ ਸੋਚਿਆ। ਤੁਸੀਂ ਕਲਪਨਾ ਕਰੋ 150 ਕਿਲੋ ਤੋਂ ਜ਼ਿਆਦਾ non-biodegradable waste ਇਸ ਟੀਮ ਦੇ ਮੈਂਬਰ ਆਪਣੇ ਨਾਲ ਹੇਠਾਂ ਲਿਆਏ। ਇੰਨੀ ਉਚਾਈ ’ਤੇ ਸਫ਼ਾਈ ਕਰਨਾ ਕੋਈ ਅਸਾਨ ਕੰਮ ਨਹੀਂ ਹੈ। ਲੇਕਿਨ ਇਹ ਦਿਖਾਉਂਦਾ ਹੈ ਕਿ ਜਿੱਥੇ ਸੰਕਲਪ ਹੁੰਦਾ ਹੈ, ਉੱਥੇ ਰਸਤੇ ਆਪਣੇ ਆਪ ਹੀ ਬਣ ਜਾਂਦੇ ਹਨ।

ਸਾਥੀਓ, ਇਸ ਨਾਲ ਜੁੜਿਆ ਇੱਕ ਹੋਰ ਜ਼ਰੂਰੀ ਵਿਸ਼ਾ ਹੈ - ਪੇਪਰ ਵੇਸਟ ਅਤੇ ਰੀਸਾਇਕਲਿੰਗ। ਸਾਡੇ ਘਰਾਂ ਅਤੇ ਦਫਤਰਾਂ ਵਿੱਚ ਹਰ ਰੋਜ਼ ਬਹੁਤ ਸਾਰਾ ਪੇਪਰ ਵੇਸਟ ਨਿਕਲਦਾ ਹੈ, ਸ਼ਾਇਦ ਅਸੀਂ ਇਸ ਨੂੰ ਸਾਧਾਰਣ ਮੰਨਦੇ ਹਾਂ, ਲੇਕਿਨ ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਦੇਸ਼ ਦੇ ਲੈਂਡਫਿਲ ਵੇਸਟ ਦਾ ਲਗਭਗ ਇੱਕ ਚੌਥਾਈ ਹਿੱਸਾ ਕਾਗਜ਼ ਨਾਲ ਜੁੜਿਆ ਹੁੰਦਾ ਹੈ। ਅੱਜ ਲੋੜ ਹੈ, ਹਰ ਵਿਅਕਤੀ ਇਸ ਦਿਸ਼ਾ ਵਿੱਚ ਜ਼ਰੂਰ ਸੋਚੇ। ਮੈਨੂੰ ਇਹ ਜਾਣ ਕੇ ਚੰਗਾ ਲਗਾ ਕਿ ਭਾਰਤ ਦੇ ਕਈ ਸਟਾਰਟਅਪਸ ਇਸ ਖੇਤਰ ਵਿੱਚ ਸ਼ਾਨਦਾਰ ਕੰਮ ਕਰ ਰਹੇ ਹਨ। ਵਿਸ਼ਾਖਾਪਟਨਮ, ਗੁਰੂਗ੍ਰਾਮ ਵਰਗੇ ਕਈ ਸ਼ਹਿਰਾਂ ਵਿੱਚ ਕਈ ਸਟਾਰਟਅਪ ਪੇਪਰ ਰੀਸਾਇਕਲਿੰਗ ਦੇ ਇਨੋਵੇਟਿਵ ਤਰੀਕੇ ਅਪਣਾ ਰਹੇ ਹਨ। ਕੋਈ ਰੀਸਾਇਕਲ ਪੇਪਰ ਨਾਲ ਪੈਕੇਜਿੰਗ ਬੋਰਡ ਬਣਾ ਰਿਹਾ ਹੈ। ਕੋਈ ਡਿਜੀਟਲ ਤਰੀਕੇ ਨਾਲ ਨਿਊਜ਼ਪੇਪਰ ਰੀਸਾਇਕਲਿੰਗ ਨੂੰ ਅਸਾਨ ਬਣਾ ਰਿਹਾ ਹੈ। ਜਾਲਨਾ ਵਰਗੇ ਸ਼ਹਿਰਾਂ ਵਿੱਚ ਕੁਝ ਸਟਾਰਟਅਪ 100 ਪ੍ਰਤੀਸ਼ਤ ਰੀਸਾਇਕਲਡ ਮਟੀਰੀਅਲ ਨਾਲ ਪੈਕੇਜਿੰਗ ਰੋਲ ਅਤੇ ਪੇਪਰ ਕੋਰ ਬਣਾ ਰਹੇ ਹਨ। ਤੁਸੀਂ ਇਹ ਵੀ ਜਾਣ ਕੇ ਪ੍ਰੇਰਿਤ ਹੋਵੋਗੇ ਕਿ ਇੱਕ ਟਨ ਕਾਗਜ਼ ਦੀ ਰੀਸਾਇਕਲਿੰਗ ਨਾਲ 17 ਦਰੱਖਤ ਕੱਟੇ ਜਾਣ ਤੋਂ ਬਚਦੇ ਹਨ ਅਤੇ ਹਜ਼ਾਰਾਂ ਲੀਟਰ ਪਾਣੀ ਦੀ ਬੱਚਤ ਹੁੰਦੀ ਹੈ। ਹੁਣ ਸੋਚੋ, ਜਦੋਂ ਪਰਵਤਾਰੋਹੀ ਇੰਨੇ ਮੁਸ਼ਕਿਲ ਹਾਲਾਤ ਵਿੱਚ ਕੂੜਾ ਵਾਪਸ ਲਿਆ ਸਕਦੇ ਹਨ ਤਾਂ ਸਾਨੂੰ ਵੀ ਆਪਣੇ ਘਰ ਜਾਂ ਦਫ਼ਤਰ ਵਿੱਚ ਪੇਪਰ ਨੂੰ ਵੱਖ ਕਰਕੇ ਰੀਸਾਇਕਲਿੰਗ ਵਿੱਚ ਆਪਣਾ ਯੋਗਦਾਨ ਜ਼ਰੂਰ ਦੇਣਾ ਚਾਹੀਦਾ ਹੈ, ਜਦੋਂ ਦੇਸ਼ ਦਾ ਹਰ ਨਾਗਰਿਕ ਇਹ ਸੋਚੇਗਾ ਕਿ ਦੇਸ਼ ਦੇ ਲਈ ਮੈਂ ਕੀ ਬਿਹਤਰ ਕਰ ਸਕਦਾ ਹਾਂ ਤਾਂ ਹੀ ਮਿਲ ਕੇ ਅਸੀਂ ਵੱਡਾ ਬਦਲਾਅ ਲਿਆ ਸਕਦੇ ਹਾਂ।

ਸਾਥੀਓ, ਪਿਛਲੇ ਦਿਨੀਂ ਖੇਲੋ ਇੰਡੀਆ ਗੇਮਸ ਦੀ ਬੜੀ ਧੂਮ ਰਹੀ। ਖੇਲੋ ਇੰਡੀਆ ਦੇ ਦੌਰਾਨ ਬਿਹਾਰ ਦੇ 5 ਸ਼ਹਿਰਾਂ ਨੇ ਮੇਜ਼ਬਾਨੀ ਕੀਤੀ ਸੀ। ਉੱਥੇ ਵੱਖ-ਵੱਖ ਕੈਟਾਗਰੀ ਦੇ ਮੈਚ ਹੋਏ ਸਨ। ਪੂਰੇ ਭਾਰਤ ਤੋਂ ਉੱਥੇ ਪਹੁੰਚੇ ਐਥਲੀਟਾਂ ਦੀ ਗਿਣਤੀ 5 ਹਜ਼ਾਰ ਤੋਂ ਵੀ ਜ਼ਿਆਦਾ ਸੀ। ਇਨ੍ਹਾਂ ਖਿਡਾਰੀਆਂ ਨੇ ਬਿਹਾਰ ਦੀ ਸਪੋਰਟਿੰਗ ਸਪੀਰਿਟ ਦੀ, ਬਿਹਾਰ ਦੇ ਲੋਕਾਂ ਤੋਂ ਮਿਲੇ ਆਪਣੇਪਨ ਦੀ ਬਹੁਤ ਸ਼ਲਾਘਾ ਕੀਤੀ ਹੈ।

ਸਾਥੀਓ, ਬਿਹਾਰ ਦੀ ਧਰਤੀ ਬਹੁਤ ਖਾਸ ਹੈ। ਇਸ ਆਯੋਜਨ ਵਿੱਚ ਇੱਥੇ ਕਈ ਵਿਲੱਖਣ ਚੀਜ਼ਾਂ ਹੋਈਆਂ ਹਨ। ਖੇਲੋ ਇੰਡੀਆ ਯੂਥ ਗੇਮਸ ਦਾ ਇਹ ਪਹਿਲਾ ਆਯੋਜਨ ਸੀ ਜੋ ਓਲੰਪਿਕ ਚੈਨਲ ਦੇ ਜ਼ਰੀਏ ਦੁਨੀਆ ਭਰ ਵਿੱਚ ਪਹੁੰਚਿਆ। ਪੂਰੇ ਵਿਸ਼ਵ ਦੇ ਲੋਕਾਂ ਨੇ ਸਾਡੇ ਨੌਜਵਾਨ ਖਿਡਾਰੀਆਂ ਦੀ ਪ੍ਰਤਿਭਾ ਨੂੰ ਦੇਖਿਆ ਅਤੇ ਸ਼ਲਾਘਾ ਕੀਤੀ। ਮੈਂ ਸਾਰੇ ਪਦਕ ਜੇਤੂਆਂ, ਖਾਸ ਕਰਕੇ ਟਾਪ ਦੇ 3 ਜੇਤੂਆਂ ਮਹਾਰਾਸ਼ਟਰ, ਹਰਿਆਣਾ ਅਤੇ ਰਾਜਸਥਾਨ ਨੂੰ ਵਧਾਈ ਦਿੰਦਾ ਹਾਂ।

ਸਾਥੀਓ, ਇਸ ਵਾਰ ਖੇਲੋ ਇੰਡੀਆ ਵਿੱਚ ਕੁਲ 26 ਰਿਕਾਡ ਬਣੇ। ਵੇਟ ਲਿਫਟਿੰਗ ਮੁਕਾਬਲਿਆਂ ਵਿੱਚ ਮਹਾਰਾਸ਼ਟਰ ਦੀ ਅਸਮਿਤਾ ਧੋਨੇ, ਓਡੀਸ਼ਾ ਦੇ ਹਰਸ਼ਵਰਧਨ ਸਾਹੂ ਅਤੇ ਉੱਤਰ ਪ੍ਰਦੇਸ਼ ਦੇ ਤੁਸ਼ਾਰ ਚੌਧਰੀ ਦੇ ਸ਼ਾਨਦਾਰ ਪ੍ਰਦਰਸਨ ਨੇ ਸਾਰਿਆਂ ਦਾ ਦਿਲ ਜਿੱਤ ਲਿਆ। ਉੱਥੇ ਹੀ ਮਹਾਰਾਸ਼ਟਰ ਦੇ ਸਾਈਰਾਜ ਪਰਦੇਸ਼ੀ ਨੇ ਤਾਂ 3 ਰਿਕਾਰਡ ਬਣਾ ਦਿੱਤੇ। ਐਥਲੈਟਿਕਸ ਵਿੱਚ ਉੱਤਰ ਪ੍ਰਦੇਸ਼ ਦੇ ਕਾਦਿਰ ਖਾਨ ਅਤੇ ਸ਼ੇਖ ਜੀਸ਼ਾਨ ਅਤੇ ਰਾਜਸਥਾਨ ਦੇ ਹੰਸਰਾਜ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਵਾਰ ਬਿਹਾਰ ਨੇ ਵੀ 36 ਮੈਡਲ ਆਪਣੇ ਨਾਮ ਕੀਤੇ। ਸਾਥੀਓ, ਜੋ ਖੇਡਦਾ ਹੈ ਉਹੀ ਖਿੜਦਾ ਹੈ। ਯੰਗ ਸਪੋਰਟਿੰਗ ਟੇਲੈਂਟ ਦੇ ਲਈ ਟੂਰਨਾਮੈਂਟ ਬਹੁਤ ਮਹੱਤਵ ਰੱਖਦਾ ਹੈ। ਇਸ ਤਰ੍ਹਾਂ ਦੇ ਆਯੋਜਨ ਭਾਰਤੀ ਖੇਡਾਂ ਦੇ ਭਵਿੱਖ ਨੂੰ ਹੋਰ ਸੰਵਾਰਨ ਵਾਲੇ ਹਨ।

ਮੇਰੇ ਪਿਆਰੇ ਦੇਸ਼ਵਾਸੀਓ, 20 ਮਈ ਨੂੰ ‘World Bee Day’ ਮਨਾਇਆ ਗਿਆ। ਯਾਨੀ ਇੱਕ ਅਜਿਹਾ ਦਿਨ ਜੋ ਸਾਨੂੰ ਯਾਦ ਦਿਵਾਉਂਦਾ ਹੈ ਕਿ ਸ਼ਹਿਦ ਸਿਰਫ਼ ਮਿਠਾਸ ਨਹੀਂ, ਬਲਕਿ ਸਿਹਤ, ਸਵੈ-ਰੋਜ਼ਗਾਰ ਅਤੇ ਆਤਮ-ਨਿਰਭਰਤਾ ਦੀ ਮਿਸਾਲ ਵੀ ਹੈ। ਪਿਛਲੇ 11 ਸਾਲਾਂ ਵਿੱਚ, ਮਧੂਮੱਖੀ ਪਾਲਨ ਵਿੱਚ ਭਾਰਤ ’ਚ ਇੱਕ sweet revolution ਹੋਇਆ ਹੈ। ਅੱਜ ਤੋਂ 10-11 ਸਾਲ ਪਹਿਲਾਂ ਭਾਰਤ ਵਿੱਚ ਸ਼ਹਿਦ ਉਤਪਾਦਨ ਇੱਕ ਸਾਲ ਵਿੱਚ 70-75 ਹਜ਼ਾਰ ਮੀਟ੍ਰਿਕ ਟਨ ਹੁੰਦਾ ਸੀ। ਅੱਜ ਇਹ ਵਧ ਕੇ ਲਗਭਗ ਸਵਾ ਲੱਖ ਮੀਟ੍ਰਿਕ ਟਨ ਦੇ ਆਸ-ਪਾਸ ਹੋ ਗਿਆ ਹੈ। ਯਾਨੀ ਸ਼ਹਿਦ ਉਤਪਾਦਨ ਵਿੱਚ ਕਰੀਬ 60 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਅਸੀਂ honey ਪ੍ਰੋਡਕਸ਼ਨ ਅਤੇ ਐਕਸਪੋਰਟ ਵਿੱਚ ਦੁਨੀਆ ਦੇ ਮੂਹਰਲੇ ਦੇਸ਼ਾਂ ਵਿੱਚ ਆ ਚੁੱਕੇ ਹਾਂ। ਸਾਥੀਓ, ਇਸ ਸਕਾਰਾਤਮਕ ਪ੍ਰਭਾਵ ਵਿੱਚ ‘ਰਾਸ਼ਟਰੀ ਮਧੂਮੱਖੀ ਪਾਲਨ’ ਅਤੇ ‘ਸ਼ਹਿਦ ਮਿਸ਼ਨ’ ਦੀ ਵੱਡੀ ਭੂਮਿਕਾ ਹੈ। ਇਸ ਦੇ ਤਹਿਤ ਮਧੂਮੱਖੀ ਪਾਲਨ ਨਾਲ ਜੁੜੇ ਹਜ਼ਾਰਾਂ ਕਿਸਾਨਾਂ ਨੂੰ ਟਰੇਨਿੰਗ ਦਿੱਤੀ ਗਈ, ਉਪਕਰਣ ਦਿੱਤੇ ਗਏ ਅਤੇ ਬਾਜ਼ਾਰ ਤੱਕ ਉਨ੍ਹਾਂ ਦੀ ਸਿੱਧੀ ਪਹੁੰਚ ਬਣਾਈ ਗਈ।

ਸਾਥੀਓ, ਇਹ ਬਦਲਾਅ ਸਿਰਫ਼ ਅੰਕੜਿਆਂ ਵਿੱਚ ਨਹੀਂ ਦਿਖਦਾ, ਇਹ ਪਿੰਡ ਦੀ ਜ਼ਮੀਨ ’ਤੇ ਵੀ ਸਾਫ਼ ਨਜ਼ਰ ਆਉਂਦਾ ਹੈ। ਛੱਤੀਸਗੜ੍ਹ ਦੇ ਕੋਰੀਆ ਜ਼ਿਲ੍ਹੇ ਦਾ ਇੱਕ ਉਦਾਹਰਣ ਹੈ, ਉੱਥੇ ਆਦਿਵਾਸੀ ਕਿਸਾਨਾਂ ਨੇ ‘ਸੋਨ ਹਨੀ’ ਨਾਮ ਨਾਲ ਇੱਕ ਸ਼ੁਧ ਜੈਵਿਕ ਸ਼ਹਿਦ ਬਰਾਂਡ ਬਣਾਇਆ ਹੈ। ਅੱਜ ਇਹ ਸ਼ਹਿਦ GeM ਸਮੇਤ ਅਨੇਕਾਂ ਔਨਲਾਇਨ ਪੋਰਟਸ ’ਤੇ ਵਿਕ ਰਿਹਾ ਹੈ। ਯਾਨੀ ਪਿੰਡ ਦੀ ਮਿਹਨਤ ਹੁਣ ਗਲੋਬਲ ਹੋ ਗਈ ਹੈ। ਇਸੇ ਤਰ੍ਹਾਂ ਉੱਤਰ ਪ੍ਰਦੇਸ਼, ਗੁਜਰਾਤ, ਜੰਮੂ-ਕਸ਼ਮੀਰ, ਪੱਛਮੀ ਬੰਗਾਲ ਅਤੇ ਅਰੁਣਾਚਲ ਪ੍ਰਦੇਸ਼ ਵਿੱਚ ਹਜ਼ਾਰਾਂ ਮਹਿਲਾਵਾਂ ਅਤੇ ਨੌਜਵਾਨ ਹੁਣ honey ਉੱਦਮੀ ਬਣ ਚੁੱਕੇ ਹਨ। ਸਾਥੀਓ, ਅਤੇ ਹੁਣ ਸ਼ਹਿਦ ਦੀ ਸਿਰਫ਼ ਮਾਤਰਾ ਹੀ ਨਹੀਂ, ਉਸ ਦੀ ਸ਼ੁੱਧਤਾ ’ਤੇ ਵੀ ਕੰਮ ਹੋ ਰਿਹਾ ਹੈ। ਕੁਝ ਸਟਾਰਟਅਪ ਹੁਣ 19 ਅਤੇ ਡਿਜੀਟਲ ਟੈਕਨਾਲੋਜੀ ਨਾਲ ਸ਼ਹਿਦ ਦੀ ਗੁਣਵੱਤਾ ਨੂੰ ਪ੍ਰਮਾਣਿਤ ਕਰ ਰਹੇ ਹਨ। ਤੁਸੀਂ ਅਗਲੀ ਵਾਰ ਜਦੋਂ ਵੀ ਸ਼ਹਿਦ ਖਰੀਦੋ ਤਾਂ ਇਨ੍ਹਾਂ honey ਉੱਦਮੀਆਂ ਦੁਆਰਾ ਬਣਾਏ ਗਏ ਸ਼ਹਿਦ ਨੂੰ ਜ਼ਰੂਰ ਅਜ਼ਮਾਓ, ਕੋਸ਼ਿਸ ਕਰੋ ਕਿ ਕਿਸੇ ਲੋਕਲ ਕਿਸਾਨ ਤੋਂ, ਕਿਸੇ ਮਹਿਲਾ ਉੱਦਮੀ ਤੋਂ ਵੀ ਸ਼ਹਿਦ ਖਰੀਦੋ, ਕਿਉਂਕਿ ਉਸ ਹਰ ਬੂੰਦ ਵਿੱਚ ਸੁਆਦ ਹੀ ਨਹੀਂ, ਭਾਰਤ ਦੀ ਮਿਹਨਤ ਅਤੇ ਉਮੀਦਾਂ ਘੁਲੀਆਂ ਹੁੰਦੀਆਂ ਹਨ। ਸ਼ਹਿਦ ਦੀ ਇਹ ਮਿਠਾਸ - ਆਤਮਨਿਰਭਰ ਭਾਰਤ ਦਾ ਸੁਆਦ ਹੈ।

ਸਾਥੀਓ, ਜਦੋਂ ਅਸੀਂ ਸ਼ਹਿਦ ਨਾਲ ਜੁੜੇ ਦੇਸ਼ਾਂ ਦੇ ਯਤਨਾਂ ਦੀ ਗੱਲ ਕਰ ਰਹੇ ਹਾਂ ਤਾਂ ਮੈਂ ਤੁਹਾਨੂੰ ਇੱਕ ਹੋਰ ਪਹਿਲ ਦੇ ਬਾਰੇ ਦੱਸਣਾ ਚਾਹੁੰਦਾ ਹਾਂ। ਇਹ ਸਾਨੂੰ ਯਾਦ ਦਿਵਾਉਂਦੀ ਹੈ ਕਿ Honeybees ਦੀ ਸੁਰੱਖਿਆ ਸਿਰਫ਼ ਵਾਤਾਵਰਣ ਦੀ ਨਹੀਂ, ਸਾਡੀ ਖੇਤੀ ਅਤੇ ਆਉਣ ਵਾਲੀ ਪੀੜ੍ਹੀ ਦੀ ਵੀ ਜ਼ਿੰਮੇਵਾਰੀ ਹੈ। ਇਹ ਉਦਾਹਰਣ ਹੈ ਪੁਣੇ ਸ਼ਹਿਰ ਦਾ, ਜਿੱਥੇ ਇੱਕ ਹਾਊਸਿੰਗ ਸੁਸਾਇਟੀ ਵਿੱਚ ਮਧੂਮੱਖੀਆਂ ਦਾ ਇੱਕ ਛੱਤਾ ਹਟਾਇਆ ਗਿਆ - ਸ਼ਾਇਦ ਸੁਰੱਖਿਆ ਦੇ ਕਾਰਣ ਜਾਂ ਡਰ ਦੀ ਵਜ੍ਹਾ ਨਾਲ। ਲੇਕਿਨ ਇਸ ਘਟਨਾ ਨੇ ਕਿਸੇ ਨੂੰ ਕੁਝ ਸੋਚਣ ’ਤੇ ਮਜਬੂਰ ਕਰ ਦਿੱਤਾ। ਅਮਿਤ ਨਾਮ ਇੱਕ ਨੌਜਵਾਨ ਨੇ ਤੈਅ ਕੀਤਾ ਕਿ ਮਧੂਮੱਖੀਆਂ ਨੂੰ ਹਟਾਉਣਾ ਨਹੀਂ, ਉਨ੍ਹਾਂ ਨੂੰ ਬਚਾਉਣਾ ਚਾਹੀਦਾ ਹੈ। ਉਨ੍ਹਾਂ ਨੇ ਖੁਦ ਸਿੱਖਿਆ, ਮਧੂਮੱਖੀਆਂ ’ਤੇ ਸਰਚ ਕੀਤੀ ਅਤੇ ਦੂਸਰਿਆਂ ਨੂੰ ਵੀ ਜੋੜਨਾ ਸ਼ੁਰੂ ਕੀਤਾ। ਹੌਲ਼ੀ-ਹੌਲ਼ੀ ਉਨ੍ਹਾਂ ਨੇ ਇੱਕ ਟੀਮ ਬਣਾਈ, ਜਿਸ ਨੂੰ ਉਨ੍ਹਾਂ ਨੇ ਨਾਮ ਦਿੱਤਾ Bee Friends ਯਾਨੀ ‘ਬੀ-ਮਿੱਤਰ’। ਹੁਣ ਇਹ Bee Friends ਮਧੂਮੱਖੀਆਂ ਦੇ ਛੱਤਿਆਂ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਸੁਰੱਖਿਅਤ ਤਰੀਕੇ ਨਾਲ ਟ੍ਰਾਂਸਫਰ ਕਰਦੇ ਹਨ ਤਾਂ ਕਿ ਲੋਕਾਂ ਨੂੰ ਖ਼ਤਰਾ ਨਾ ਹੋਵੇ ਅਤੇ ਮਧੂਮੱਖੀਆਂ ਵੀ ਜਿਊਂਦੀਆਂ ਰਹਿਣ। ਅਮਿਤ ਜੀ ਦੇ ਇਸ ਯਤਨ ਦਾ ਅਸਰ ਵੀ ਬੜਾ ਸ਼ਾਨਦਾਰ ਹੋਇਆ ਹੈ। ਸ਼ਹਿਦ ਦੀਆਂ ਮੱਖੀਆਂ ਦੀਆਂ ਕਲੋਨੀਆਂ ਬਚ ਰਹੀਆਂ ਹਨ, ਸ਼ਹਿਦ ਦਾ ਉਤਪਾਦਨ ਵਧ ਰਿਹਾ ਹੈ ਅਤੇ ਸਭ ਤੋਂ ਜ਼ਰੂਰੀ ਹੈ ਲੋਕਾਂ ਵਿੱਚ ਜਾਗਰੂਕਤਾ ਵੀ ਵਧ ਰਹੀ ਹੈ। ਇਹ ਪਹਿਲ ਸਾਨੂੰ ਸਿਖਾਉਂਦੀ ਹੈ ਕਿ ਜਦੋਂ ਅਸੀਂ ਕੁਦਰਤ ਦੇ ਨਾਲ ਤਾਲਮੇਲ ਕਰਦੇ ਹਾਂ ਤਾਂ ਉਸ ਦਾ ਫਾਇਦਾ ਸਭ ਨੂੰ ਮਿਲਦਾ ਹੈ।

ਮੇਰੇ ਪਿਆਰੇ ਦੇਸ਼ਵਾਸੀਓ, ‘ਮਨ ਕੀ ਬਾਤ’ ਦੇ ਇਸ ਐਪੀਸੋਡ ਵਿੱਚ ਇਸ ਵਾਰ ਇੰਨਾ ਹੀ, ਤੁਸੀਂ ਇਸੇ ਤਰ੍ਹਾਂ ਦੇਸ਼ ਦੇ ਲੋਕਾਂ ਦੀਆਂ ਪ੍ਰਾਪਤੀਆਂ ਨੂੰ ਸਮਾਜ ਦੇ ਲਈ ਉਨ੍ਹਾਂ ਦੇ ਯਤਨਾਂ ਨੂੰ ਮੈਨੂੰ ਭੇਜਦੇ ਰਹੋ। ‘ਮਨ ਕੀ ਬਾਤ’ ਦੇ ਅਗਲੇ ਐਪੀਸੋਡ ਵਿੱਚ ਫਿਰ ਮਿਲਾਂਗੇ, ਕਈ ਨਵੇਂ ਵਿਸ਼ਿਆਂ ਅਤੇ ਦੇਸ਼ਵਾਸੀਆਂ ਦੀਆਂ ਨਵੀਆਂ ਪ੍ਰਾਪਤੀਆਂ ਦੀ ਚਰਚਾ ਕਰਾਂਗੇ। ਮੈਨੂੰ ਤੁਹਾਡੇ ਸੁਨੇਹਿਆਂ ਦਾ ਇੰਤਜ਼ਾਰ ਹੈ। ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਨਮਸਕਾਰ।

 

****

 

 

ਐੱਮਜੇਪੀਐੱਸ/ਐੱਸਟੀ/ਵੀਕੇ


(Release ID: 2131100)