ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਅਸਾਮੀ ਫਿਲਮ ਨਿਰਮਾਤਾ ਅਤੇ ਅਦਾਕਾਰ ਵੇਵਸ 2025 ਵਿੱਚ "ਉੱਤਰ-ਪੂਰਬ ਭਾਰਤ ਵਿੱਚ ਸਿਨੇਮਾ ਦੀਆਂ ਚੁਣੌਤੀਆਂ ਅਤੇ ਸੰਭਾਵਨਾਵਾਂ" ਵਿਸ਼ੇ 'ਤੇ ਚਰਚਾ ਵਿੱਚ ਸ਼ਾਮਲ ਹੋਏ
ਉੱਤਰ-ਪੂਰਬ ਭਾਰਤ ਪ੍ਰਤਿਭਾ ਦਾ ਭੰਡਾਰ ਹੈ: ਜਾਹਨੂ ਬਰੂਆ
ਜਤਿਨ ਬੋਰਾ ਨੇ ਕਿਹਾ - ਅਸਾਮ ਨੂੰ ਆਪਣੀਆਂ ਫਿਲਮਾਂ ਨੂੰ ਬਿਹਤਰ ਤਰੀਕੇ ਨਾਲ ਬਾਜ਼ਾਰ ਵਿੱਚ ਉਤਾਰਨ ਦੇ ਲਈ ਓਟੀਟੀ ਪਲੈਟਫਾਰਮਾਂ ਦੀ ਜ਼ਰੂਰਤ ਹੈ
ਸਾਡੀਆਂ ਭਾਸ਼ਾਵਾਂ ਵਿੱਚ ਸਦੀਆਂ ਪੁਰਾਣਾ ਮੌਖਿਕ ਇਤਿਹਾਸ ਹੈ: ਐਮੀ ਬਰੂਆ
Posted On:
01 MAY 2025 8:36PM
|
Location:
PIB Chandigarh
ਉੱਤਰ-ਪੂਰਬ ਭਾਰਤੀ ਸਿਨੇਮਾ ਦੇ ਲਈ ਇੱਕ ਇਤਿਹਾਸਕ ਪਲ ਵਿੱਚ, ਮੁੰਬਈ ਦੇ ਜਿਓ ਵਰਲਡ ਸੈਂਟਰ ਵਿੱਚ ਵਰਲਡ ਆਡੀਓ ਵਿਜ਼ੂਅਲ ਅਤੇ ਐਂਟਰਟੇਨਮੈਂਟ ਸਮਿਟ 2025 - (ਵੇਵਸ 2025) ਵਿੱਚ "ਉੱਤਰ-ਪੂਰਬੀ ਭਾਰਤ ਵਿੱਚ ਸਿਨੇਮਾ ਦੀਆਂ ਚੁਣੌਤੀਆਂ ਅਤੇ ਸੰਭਾਵਨਾਵਾਂ" ਸਿਰਲੇਖ ਹੇਠ ਇੱਕ ਪੈਨਲ ਚਰਚਾ ਆਯੋਜਿਤ ਕੀਤੀ ਗਈ। ਇਸ ਸੈਸ਼ਨ ਵਿੱਚ ਖੇਤਰ ਦੇ ਫਿਲਮ ਉਦਯੋਗ ਦੀਆਂ ਕੁਝ ਸਭ ਤੋਂ ਪ੍ਰਮੁੱਖ ਸ਼ਖਸੀਅਤਾਂ ਇਕੱਠੀਆਂ ਹੋਈਆਂ ਅਤੇ ਇਸ ਦੇ ਜੀਵੰਤ ਸਿਨੇਮਾਈ ਦ੍ਰਿਸ਼ ਦੇ ਬਾਰੇ ਗੱਲ ਕੀਤੀ।

ਪੈਨਲ ਵਿੱਚ ਜਾਹਨੂ ਬਰੂਆ, ਜਤਿਨ ਬੋਰਾ, ਰਵੀ ਸਰਮਾ, ਐਮੀ ਬਰੂਆ, ਹਾਓਬਮ ਪਬਨ ਕੁਮਾਰ ਅਤੇ ਡੋਮਿਨਿਕ ਸੰਗਮਾ ਜਿਹੇ ਬਿਹਤਰੀਨ ਫਿਲਮ ਨਿਰਮਾਤਾ ਅਤੇ ਅਦਾਕਾਰ ਸ਼ਾਮਲ ਸਨ, ਜਿਨ੍ਹਾਂ ਸਾਰਿਆਂ ਨੇ ਉੱਤਰ-ਪੂਰਬ ਦੇ ਫਿਲਮ ਸੱਭਿਆਚਾਰ ਨੂੰ ਆਕਾਰ ਦੇਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ।
ਇਸ ਚਰਚਾ ਵਿੱਚ ਖੇਤਰ ਵਿੱਚ ਫਿਲਮ ਨਿਰਮਾਤਾਵਾਂ ਦੇ ਸਾਹਮਣੇ ਆਉਣ ਵਾਲੀਆਂ ਨਿਰਮਾਣ ਨਾਲ ਸਬੰਧਿਤ ਨਾਕਾਫ਼ੀ ਬੁਨਿਆਦੀ ਢਾਂਚਾ, ਭਾਸ਼ਾ ਸੰਬੰਧੀ ਬੰਦਿਸ਼ਾਂ, ਸੀਮਤ ਬਾਜ਼ਾਰ ਪਹੁੰਚ ਅਤੇ ਸੰਸਥਾਗਤ ਸਮਰਥਨ ਦੀ ਕਮੀ ਜਿਹੀਆਂ ਕਈ ਚੁਣੌਤੀਆਂ ’ਤੇ ਚਰਚਾ ਕੀਤੀ ਗਈ। ਇਨ੍ਹਾਂ ਬੰਦਿਸ਼ਾਂ ਦੇ ਬਾਵਜੂਦ, ਪੈਨਲਿਸਟ ਸਰਬਸੰਮਤੀ ਨਾਲ ਇਸ ਗੱਲ ’ਤੇ ਸਹਿਮਤ ਹੋਏ ਕਿ ਉੱਤਰ-ਪੂਰਬ ਸਿਨੇਮਾਈ ਇਨੋਵੇਸ਼ਨ ਅਤੇ ਸੱਭਿਆਚਾਰਕ ਕਹਾਣੀ ਕਹਿਣ (ਸਟੋਰੀਟੈਲਿੰਗ) ਦੇ ਲਈ ਉਪਜਾਊ ਜ਼ਮੀਨ ਬਣਿਆ ਹੋਇਆ ਹੈ।
ਸੀਨੀਅਰ ਫਿਲਮ ਨਿਰਮਾਤਾ ਜਾਹਨੂ ਬਰੂਆ ਨੇ ਕਿਹਾ ਕਿ ਉੱਤਰ-ਪੂਰਬ ਖੇਤਰ ਪ੍ਰਤਿਭਾਵਾਂ ਦਾ ਭੰਡਾਰ ਹੈ। ਇਸ ਖੇਤਰ ਦੇ ਫਿਲਮ ਨਿਰਮਾਤਾ ਜ਼ਿਕਰਯੋਗ ਕੰਮ ਕਰ ਰਹੇ ਹਨ। ਉਨ੍ਹਾਂ ਨੇ ਇਸ ਖੇਤਰ ਦੇ ਖੁਸ਼ਹਾਲ ਸਮਾਜਿਕ-ਸੱਭਿਆਚਾਰਕ ਤਾਣੇ-ਬਾਣੇ ਅਤੇ ਅਣਕਹੀਆਂ ਕਹਾਣੀਆਂ ਦੀ ਭਰਮਾਰ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਉੱਤਰ-ਪੂਰਬ ਸਿਨੇਮਾ ਦਾ ਭਵਿੱਖ ਬਹੁਤ ਉੱਜਵਲ ਹੈ, ਜਿਸ ਵਿੱਚ ਕਈ ਨੌਜਵਾਨ ਪ੍ਰਤਿਭਾਵਾਂ ਉੱਭਰ ਰਹੀਆਂ ਹਨ।
ਅਸਾਮ ਦੇ ਮਸ਼ਹੂਰ ਅਦਾਕਾਰ ਜਤਿਨ ਬੋਰਾ ਨੇ ਖੇਤਰੀ ਸੀਮਾਵਾਂ ਤੋਂ ਪਰੇ ਉੱਤਰ-ਪੂਰਬੀ ਫਿਲਮਾਂ ਦੀ ਸੀਮਤ ਪਹੁੰਚ ’ਤੇ ਚਾਨਣਾ ਪਾਇਆ। ਡਿਜੀਟਲ ਵੰਡ ਦੀ ਜ਼ਰੂਰਤ 'ਤੇ ਬੋਲਦੇ ਹੋਏ ਉਨ੍ਹਾਂ ਨੇ ਕਿਹਾ, ਅਸਾਮ ਨੂੰ ਆਪਣੀਆਂ ਫਿਲਮਾਂ ਦੀ ਬਿਹਤਰ ਢੰਗ ਨਾਲ ਬਾਜ਼ਾਰ ਵਿੱਚ ਉਤਾਰਨ ਦੇ ਲਈ ਓਟੀਟੀ ਪਲੈਟਫਾਰਮਾਂ ਦੀ ਜ਼ਰੂਰਤ ਹੈ। ਉਨ੍ਹਾਂ ਨੇ ਸਰਕਾਰ ਨੂੰ ਖੇਤਰੀ ਫਿਲਮਾਂ ਨੂੰ ਵਿਆਪਕ ਪੱਧਰ ’ਤੇ ਦਰਸ਼ਕਾਂ ਤੱਕ ਪਹੁੰਚਾਉਣ ਵਿੱਚ ਮਦਦ ਕਰਨ ਦੇ ਲਈ ਅਜਿਹੇ ਪਲੇਟਫਾਰਮ ਬਣਾਉਣ ਦਾ ਸਮਰਥਨ ਕਰਨ ਦੀ ਬੇਨਤੀ ਕੀਤੀ। ਉਨ੍ਹਾਂ ਨੇ ਮਜ਼ਬੂਤ ਵੰਡ ਨੈੱਟਵਰਕ ਤੋਂ ਬਿਨਾਂ, ਬਿਹਤਰੀਨ ਫਿਲਮਾਂ ਵੀ ਸੂਬੇ ਦੀਆਂ ਸੀਮਾਵਾਂ ਨੂੰ ਪਾਰ ਕਰਨ ਦੇ ਲਈ ਸੰਘਰਸ਼ ਕਰਨ ’ਤੇ ਜ਼ੋਰ ਦਿੰਦੇ ਹੋਏ, ਕੇਂਦਰ ਅਤੇ ਰਾਜ ਸਰਕਾਰਾਂ ਨੂੰ ਖੇਤਰੀ ਫਿਲਮ ਈਕੋਸਿਸਟਮ ਦਾ ਸਮਰਥਨ ਕਰਨ ਦੇ ਲਈ ਲੰਬੇ ਸਮੇਂ ਦੀਆਂ ਨੀਤੀਆਂ ਵਿਕਸਿਤ ਕਰਨ ਦਾ ਸੱਦਾ ਦਿੱਤਾ।
ਰਵੀ ਸਰਮਾ ਨੇ ਖੇਤਰ ਦੇ ਕ੍ਰਿਏਟਿਵ ਬੁਨਿਆਦੀ ਢਾਂਚੇ ਵਿੱਚ ਯੋਜਨਾਬੱਧ ਨਿਵੇਸ਼ ਦੀ ਤੁਰੰਤ ਜ਼ਰੂਰਤ ਬਾਰੇ ਗੱਲ ਕੀਤੀ। ਖੇਤਰੀ ਉਦਯੋਗ ਦੇ ਵਿਕਾਸ ਲਈ ਵਿੱਤੀ ਸਹਾਇਤਾ ਅਤੇ ਮਾਰਕੀਟਿੰਗ ਬੁਨਿਆਦੀ ਢਾਂਚਾ ਬਹੁਤ ਮਹੱਤਵਪੂਰਨ ਹੈ। ਉਨ੍ਹਾਂ ਨੇ ਕਿਹਾ ਕਿ ਉੱਤਰ-ਪੂਰਬ ਵਿੱਚ ਲੱਖਾਂ ਸੁੰਦਰ ਅਤੇ ਵਿਲੱਖਣ ਕਹਾਣੀਆਂ ਮੌਜੂਦ ਹਨ।
ਅਦਾਕਾਰ-ਨਿਰਦੇਸ਼ਕ ਐਮੀ ਬਰੂਆ ਨੇ ਭਾਸ਼ਾਈ ਵਿਭਿੰਨਤਾ ਨੂੰ ਸੁਰੱਖਿਅਤ ਰੱਖਣ ਵਿੱਚ ਸਿਨੇਮਾ ਦੀ ਭੂਮਿਕਾ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ, "ਸਾਡੀਆਂ ਭਾਸ਼ਾਵਾਂ ਵਿੱਚ ਸਦੀਆਂ ਪੁਰਾਣਾ ਮੌਖਿਕ ਇਤਿਹਾਸ ਹੈ। ਫ਼ਿਲਮ ਉਨ੍ਹਾਂ ਨੂੰ ਸੁਰੱਖਿਅਤ ਕਰਨ ਅਤੇ ਉਤਸ਼ਾਹਿਤ ਕਰਨ ਦਾ ਇੱਕ ਸ਼ਕਤੀਸ਼ਾਲੀ ਮਾਧਿਅਮ ਹੈ।"
ਫਿਲਮ ਨਿਰਮਾਤਾ ਹਾਓਬਮ ਪਬਨ ਕੁਮਾਰ ਅਤੇ ਡੋਮਿਨਿਕ ਸੰਗਮਾ ਨੇ ਖੇਤਰ ਵਿੱਚ ਜ਼ਮੀਨੀ ਪੱਧਰ 'ਤੇ ਫਿਲਮ ਨਿਰਮਾਣ ਦੇ ਬਾਰੇ ਜਾਣਕਾਰੀ ਸਾਂਝੀ ਕੀਤੀ, ਅਤੇ ਦੱਸਿਆ ਕਿ ਕਿਵੇਂ ਕਈ ਕਹਾਣੀਕਾਰ ਰਸਮੀ ਸਮਰਥਨ ਪ੍ਰਣਾਲੀਆਂ ਤੋਂ ਬਿਨਾਂ ਵੀ ਲਗਾਤਾਰ ਕੰਮ ਕਰ ਰਹੇ ਹਨ।
ਸੈਸ਼ਨ ਇੱਕ ਆਸ਼ਾਵਾਦੀ ਨਜ਼ਰੀਏ ਦੇ ਨਾਲ ਸਮਾਪਤ ਹੋਇਆ, ਜਿਸ ਵਿੱਚ ਪੈਨਲਿਸਟਾਂ ਨੇ ਰਵਾਇਤੀ ਬੰਦਿਸ਼ਾਂ ਨੂੰ ਤੋੜਨ ਦੇ ਲਈ ਨੀਤੀਗਤ ਸੁਧਾਰਾਂ, ਖੇਤਰੀ ਸਹਿਯੋਗ ਅਤੇ ਓਟੀਟੀ ਪਲੈਟਫਾਰਮਾਂ ਦੀ ਰਣਨੀਤਕ ਵਰਤੋਂ ਦਾ ਸੱਦਾ ਦਿੱਤਾ। ਉਨ੍ਹਾਂ ਨੇ ਸਾਰੇ ਹਿਤਧਾਰਕਾਂ, ਸਰਕਾਰੀ ਸੰਸਥਾਵਾਂ, ਨਿੱਜੀ ਨਿਵੇਸ਼ਕਾਂ ਅਤੇ ਰਾਸ਼ਟਰੀ ਸਟੂਡੀਓਜ਼ ਨੂੰ ਉੱਤਰ-ਪੂਰਬ ਦੀਆਂ ਸਿਨੇਮਾਈ ਅਵਾਜ਼ਾਂ ਨੂੰ ਪਹਿਚਾਨਣ ਅਤੇ ਉਨ੍ਹਾਂ ਨੂੰ ਉੱਚਾ ਚੁੱਕਣ ਦੇ ਲਈ ਇਕੱਠੇ ਹੋਣ ਦੀ ਬੇਨਤੀ ਕੀਤੀ।
****
ਪੀਆਈਬੀ ਟੀਮ ਵੇਵਸ 2025 | ਰਜਿਥ / ਲਕਸ਼ਮੀਪ੍ਰਿਆ / ਬਰਨਾਲੀ / ਸੀਸ਼ੇਖਰ |134
Release ID:
(Release ID: 2126370)
| Visitor Counter:
10