ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਮਨ ਕੀ ਬਾਤ ਦੀ 121ਵੀਂ ਕੜੀ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ (27.04.2025)

Posted On: 27 APR 2025 11:47AM by PIB Chandigarh

ਮੇਰੇ ਪਿਆਰੇ ਦੇਸ਼ਵਾਸੀਓ, ਨਮਸਕਾਰ। ਅੱਜ ਜਦੋਂ ਮੈਂ ਤੁਹਾਡੇ ਨਾਲ ‘ਮਨ ਕੀ ਬਾਤ’ ਕਰ ਰਿਹਾ ਹਾਂ ਤਾਂ ਮਨ ਵਿੱਚ ਡੂੰਘੀ ਪੀੜ ਹੈ। 22 ਅਪ੍ਰੈਲ ਨੂੰ ਪਹਿਲਗਾਮ ਵਿੱਚ ਹੋਈ ਅੱਤਵਾਦੀ ਹਮਲੇ ਨੇ ਦੇਸ਼ ਦੇ ਹਰ ਨਾਗਰਿਕ ਨੂੰ ਦੁੱਖ ਪਹੁੰਚਾਇਆ ਹੈ। ਪੀੜ੍ਹਤ ਪਰਿਵਾਰਾਂ ਦੇ ਪ੍ਰਤੀ ਹਰ ਭਾਰਤੀ ਦੇ ਮਨ ਵਿੱਚ ਡੂੰਘੀ ਸੰਵੇਦਨਾ ਹੈ। ਭਾਵੇਂ ਉਹ ਕਿਸੇ ਵੀ ਰਾਜ ਦਾ ਹੋਵੇ, ਉਹ ਕੋਈ ਵੀ ਭਾਸ਼ਾ ਬੋਲਦਾ ਹੋਵੇ, ਲੇਕਿਨ ਉਹ ਉਨ੍ਹਾਂ ਲੋਕਾਂ ਦੇ ਦਰਦ ਨੂੰ ਮਹਿਸੂਸ ਕਰ ਰਿਹਾ ਹੈ, ਜਿਨ੍ਹਾਂ ਨੇ ਇਸ ਹਮਲੇ ਵਿੱਚ ਆਪਣੇ ਅਜ਼ੀਜਾਂ ਨੂੰ ਗੁਆਇਆ ਹੈ। ਮੈਨੂੰ ਅਹਿਸਾਸ ਹੈ ਕਿ ਹਰ ਭਾਰਤੀ ਦਾ ਖੂਨ ਅੱਤਵਾਦੀ ਹਮਲੇ ਦੀਆਂ ਤਸਵੀਰਾਂ ਨੂੰ ਵੇਖ ਕੇ ਖੌਲ ਰਿਹਾ ਹੈ। ਪਹਿਲਗਾਮ ਵਿੱਚ ਹੋਇਆ ਇਹ ਹਮਲਾ ਅੱਤਵਾਦ ਨੂੰ ਸ਼ੈਅ ਦੇਣ ਵਾਲਿਆਂ ਦੀ ਨਿਰਾਸ਼ਾ ਨੂੰ ਦਿਖਾਉਂਦਾ ਹੈ, ਉਨ੍ਹਾਂ ਦੀ ਬੁਜ਼ਦਿਲੀ ਨੂੰ ਦਰਸਾਉਂਦਾ ਹੈ। ਅਜਿਹੇ ਸਮੇਂ ਵਿੱਚ ਜਦੋਂ ਕਸ਼ਮੀਰ ਵਿੱਚ ਸ਼ਾਂਤੀ ਹੋ ਰਹੀ ਸੀ, ਸਕੂਲਾਂ-ਕਾਲਜਾਂ ਵਿੱਚ ਇੱਕ vibrancy ਸੀ, ਨਿਰਮਾਣ ਕਾਰਜਾਂ ਵਿੱਚ ਅਨੋਖੀ ਗਤੀ ਆਈ ਸੀ, ਲੋਕਤੰਤਰ ਮਜ਼ਬੂਤ ਹੋ ਰਿਹਾ ਸੀ, ਸੈਲਾਨੀਆਂ ਦੀ ਗਿਣਤੀ ਵਿੱਚ ਰਿਕਾਰਡ ਵਾਧਾ ਹੋ ਰਿਹਾ ਸੀ, ਲੋਕਾਂ ਦੀ ਕਮਾਈ ਵਧ ਰਹੀ ਸੀ, ਨੌਜਵਾਨਾਂ ਦੇ ਲਈ ਨਵੇਂ ਮੌਕੇ ਤਿਆਰ ਹੋ ਰਹੇ ਸਨ। ਦੇਸ਼ ਦੇ ਦੁਸ਼ਮਣਾਂ ਨੂੰ, ਜੰਮੂ-ਕਸ਼ਮੀਰ ਦੇ ਦੁਸ਼ਮਣਾਂ ਨੂੰ ਇਹ ਰਾਸ ਨਹੀਂ ਆਇਆ। ਅੱਤਵਾਦੀ ਅਤੇ ਅੱਤਵਾਦ ਦੇ ਆਕਾ ਚਾਹੁੰਦੇ ਹਨ ਕਿ ਕਸ਼ਮੀਰ ਫਿਰ ਤੋਂ ਤਬਾਹ ਹੋ ਜਾਵੇ, ਇਸ ਲਈ ਇੰਨੀ ਵੱਡੀ ਸਾਜ਼ਿਸ਼ ਨੂੰ ਅੰਜਾਮ ਦਿੱਤਾ। ਅੱਤਵਾਦ ਦੇ ਖਿਲਾਫ ਇਸ ਯੁੱਧ ਵਿੱਚ ਦੇਸ਼ ਦੀ ਏਕਤਾ, 140 ਕਰੋੜ ਭਾਰਤੀਆਂ ਦੀ ਇੱਕਜੁੱਟਤਾ, ਸਾਡੀ ਸਭ ਤੋਂ ਵੱਡੀ ਤਾਕਤ ਹੈ। ਇਹੀ ਏਕਤਾ ਅੱਤਵਾਦ ਦੇ ਖਿਲਾਫ ਸਾਡੀ ਫੈਸਲਾਕੁੰਨ ਲੜਾਈ ਦਾ ਅਧਾਰ ਹੈ। ਅਸੀਂ ਦੇਸ਼ ਦੇ ਸਾਹਮਣੇ ਆਈ ਇਸ ਚੁਣੌਤੀ ਦਾ ਸਾਹਮਣਾ ਕਰਨ ਲਈ ਆਪਣੇ ਸੰਕਲਪਾਂ ਨੂੰ ਮਜ਼ਬੂਤ ਕਰਨਾ ਹੈ। ਅਸੀਂ ਇੱਕ ਰਾਸ਼ਟਰ ਦੇ ਰੂਪ ਵਿੱਚ ਦ੍ਰਿੜ੍ਹ ਇੱਛਾ ਸ਼ਕਤੀ ਦਾ ਪ੍ਰਦਰਸ਼ਨ ਕਰਨਾ ਹੈ। ਅੱਜ ਦੁਨੀਆ ਵੇਖ ਰਹੀ ਹੈ, ਇਸ ਅੱਤਵਾਦੀ ਹਮਲੇ ਤੋਂ ਬਾਅਦ ਪੂਰਾ ਦੇਸ਼ ਇੱਕ ਸੁਰ ਵਿੱਚ ਬੋਲ ਰਿਹਾ ਹੈ। 

ਸਾਥੀਓ, ਭਾਰਤ ਦੇ ਸਾਡੇ ਲੋਕਾਂ ਵਿੱਚ ਜੋ ਗੁੱਸਾ ਹੈ, ਉਹ ਗੁੱਸਾ ਪੂਰੀ ਦੁਨੀਆ ਵਿੱਚ ਹੈ। ਇਸ ਅੱਤਵਾਦੀ ਹਮਲੇ ਤੋਂ ਬਾਅਦ ਲਗਾਤਾਰ ਦੁਨੀਆ ਭਰ ਤੋਂ ਹਮਦਰਦੀ ਦੇ ਸੁਨੇਹੇ ਮਿਲ ਰਹੇ ਹਨ। ਮੈਨੂੰ ਵੀ Global leaders ਨੇ ਫੋਨ ਕੀਤੇ ਹਨ, ਪੱਤਰ ਲਿਖੇ ਹਨ, ਸੰਦੇਸ਼ ਭੇਜੇ ਹਨ। ਇਸ ਘਿਣਾਉਣੇ ਤਰੀਕੇ ਨਾਲ ਕੀਤੇ ਗਏ ਅੱਤਵਾਦੀ ਹਮਲੇ ਦੀ ਸਾਰਿਆਂ ਨੇ ਸਖ਼ਤ ਨਿਖੇਧੀ ਕੀਤੀ ਹੈ। ਉਨ੍ਹਾਂ ਨੇ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਪ੍ਰਤੀ ਹਮਦਰਦੀ ਪ੍ਰਗਟ ਕੀਤੀ ਹੈ, ਪੂਰਾ ਵਿਸ਼ਵ ਅੱਤਵਾਦ ਦੇ ਖਿਲਾਫ ਸਾਡੀ ਲੜਾਈ ਵਿੱਚ, 140 ਕਰੋੜ ਭਾਰਤੀਆਂ ਦੇ ਨਾਲ ਖੜ੍ਹਾ ਹੈ। ਮੈਂ ਪੀੜ੍ਹਤ ਪਰਿਵਾਰਾਂ ਨੂੰ ਫਿਰ ਭਰੋਸਾ ਦਿੰਦਾ ਹਾਂ ਕਿ ਉਨ੍ਹਾਂ ਨੂੰ ਨਿਆਂ ਮਿਲੇਗਾ, ਨਿਆਂ ਮਿਲ ਕੇ ਰਹੇਗਾ, ਇਸ ਹਮਲੇ ਦੇ ਦੋਸ਼ੀਆਂ ਅਤੇ ਸਾਜ਼ਿਸ਼ ਰਚਣ ਵਾਲਿਆਂ ਨੂੰ ਸਖ਼ਤ ਤੋਂ ਸਖ਼ਤ ਜਵਾਬ ਦਿੱਤਾ ਜਾਵੇਗਾ। 

ਸਾਥੀਓ, ਦੋ ਦਿਨ ਪਹਿਲਾਂ ਦੇਸ਼ ਦੇ ਮਹਾਨ ਵਿਗਿਆਨਕ ਡਾ. ਕੇ. ਕਸਤੂਰੀਰੰਗਨ ਜੀ ਸਾਨੂੰ ਸਦੀਵੀ ਵਿਛੋੜਾ ਦੇ ਗਏ ਹਨ, ਜਦੋਂ ਵੀ ਕਸਤੂਰੀਰੰਗਨ ਜੀ ਨਾਲ ਮੁਲਾਕਾਤ ਹੋਈ, ਅਸੀਂ ਭਾਰਤ ਦੇ ਨੌਜਵਾਨਾਂ ਦੇ talent, ਆਧੁਨਿਕ ਸਿੱਖਿਆ, ਸਪੇਸ ਸਾਇੰਸ ਵਰਗੇ ਵਿਸ਼ਿਆਂ ’ਤੇ ਕਾਫੀ ਚਰਚਾ ਕਰਦੇ ਸੀ। ਵਿਗਿਆਨ, ਸਿੱਖਿਆ ਅਤੇ ਭਾਰਤ ਦੇ ਪੁਲਾੜ ਪ੍ਰੋਗਰਾਮ ਨੂੰ ਨਵੀਆਂ ਉਚਾਈਆਂ ਦੇਣ ਵਿੱਚ ਉਨ੍ਹਾਂ ਦੇ ਯੋਗਦਾਨ ਨੂੰ ਹਮੇਸ਼ਾ ਯਾਦ ਕੀਤਾ ਜਾਵੇਗਾ। ਉਨ੍ਹਾਂ ਦੀ ਅਗਵਾਈ ਵਿੱਚ ISRO ਨੂੰ ਇੱਕ ਨਵੀਂ ਪਛਾਣ ਮਿਲੀ। ਉਨ੍ਹਾਂ ਦੇ ਮਾਰਗ ਦਰਸ਼ਨ ਵਿੱਚ ਜੋ ਸਪੇਸ ਪ੍ਰੋਗਰਾਮ ਅੱਗੇ ਵਧੇ, ਉਸ ਨਾਲ ਭਾਰਤ ਦੇ ਯਤਨਾਂ ਨੂੰ global ਮਾਨਤਾ ਮਿਲੀ। ਅੱਜ ਭਾਰਤ ਜਿਨ੍ਹਾਂ ਸੈਟੇਲਾਈਟਸ ਦੀ ਵਰਤੋਂ ਕਰਦਾ ਹੈ, ਉਨ੍ਹਾਂ ਵਿੱਚੋਂ ਕਈ ਡਾ. ਕਸਤੂਰੀਰੰਗਨ ਦੀ ਨਿਗਰਾਨੀ ਵਿੱਚ ਹੀ ਲਾਂਚ ਕੀਤੇ ਗਏ। ਉਨ੍ਹਾਂ ਦੀ ਸ਼ਖਸੀਅਤ ਦੀ ਇੱਕ ਹੋਰ ਗੱਲ ਬਹੁਤ ਖਾਸ ਸੀ, ਜਿਸ ਤੋਂ ਨੌਜਵਾਨ ਪੀੜ੍ਹੀ ਉਨ੍ਹਾਂ ਤੋਂ ਸਿੱਖ ਸਕਦੀ ਹੈ। ਉਨ੍ਹਾਂ ਨੇ ਹਮੇਸ਼ਾ ਇਨੋਵੇਸ਼ਨ ਨੂੰ ਮਹੱਤਵ ਦਿੱਤਾ। ਕੁਝ ਨਵਾਂ ਸਿੱਖਣ, ਜਾਨਣ ਅਤੇ ਨਵਾਂ ਕਰਨ ਦਾ vision ਬਹੁਤ ਪ੍ਰੇਰਿਤ ਕਰਨ ਵਾਲਾ ਹੈ। ਡਾ.ਕੇ. ਕਸਤੂਰੀਰੰਗਨ ਜੀ ਨੇ ਦੇਸ਼ ਦੀ ਰਾਸ਼ਟਰੀ ਸਿੱਖਿਆ ਨੀਤੀ ਤਿਆਰ ਕਰਨ ਵਿੱਚ ਵੀ ਬਹੁਤ ਵੱਡੀ ਭੂਮਿਕਾ ਨਿਭਾਈ ਸੀ। ਡਾ. ਕਸਤੂਰੀਰੰਗਨ 21ਵੀਂ ਸਦੀ ਦੀਆਂ ਆਧੁਨਿਕ ਜ਼ਰੂਰਤਾਂ ਦੇ ਮੁਤਾਬਕ forward looking education ਦਾ ਵਿਚਾਰ ਲੈ ਕੇ ਆਏ ਸਨ। ਦੇਸ਼ ਦੀ ਨਿਰਸੁਆਰਥ ਸੇਵਾ ਅਤੇ ਰਾਸ਼ਟਰ ਨਿਰਮਾਣ ਵਿੱਚ ਉਨ੍ਹਾਂ ਦੇ ਯੋਗਦਾਨ ਨੂੰ ਹਮੇਸ਼ਾ ਯਾਦ ਕੀਤਾ ਜਾਵੇਗਾ। ਮੈਂ ਡਾ. ਕੇ. ਕਸਤੂਰੀਰੰਗਨ ਜੀ ਨੂੰ ਨਿਮਰ ਭਾਵ ਨਾਲ ਸ਼ਰਧਾਂਜਲੀ ਦਿੰਦਾ ਹਾਂ।

ਮੇਰੇ ਪਿਆਰੇ ਦੇਸ਼ਵਾਸੀਓ, ਇਸ ਮਹੀਨੇ ਅਪ੍ਰੈਲ ਵਿੱਚ ਆਰਿਆ ਭੱਟ ਸੈਟੇਲਾਈਟ ਦੀ ਲਾਂਚਿੰਗ ਦੇ 50 ਸਾਲ ਪੂਰੇ ਹੋਏ ਹਨ। ਅੱਜ ਜਦੋਂ ਅਸੀਂ ਪਿੱਛੇ ਮੁੜ ਕੇ ਵੇਖਦੇ ਹਾਂ, 50 ਵਰ੍ਹਿਆਂ ਦੀ ਇਸ ਯਾਤਰਾ ਨੂੰ ਯਾਦ ਕਰਦੇ ਹਾਂ ਤਾਂ ਲਗਦਾ ਹੈ ਕਿ ਅਸੀਂ ਕਿੰਨੀ ਲੰਬੀ ਦੂਰੀ ਤੈਅ ਕੀਤੀ ਹੈ। ਪੁਲਾੜ ਵਿੱਚ ਭਾਰਤ ਦੇ ਸੁਪਨਿਆਂ ਦੀ ਇਹ ਉਡਾਣ ਇੱਕ ਸਮੇਂ ਸਿਰਫ਼ ਹੌਂਸਲਿਆਂ ਨਾਲ ਸ਼ੁਰੂ ਹੋਈ ਸੀ। ਰਾਸ਼ਟਰ ਦੇ ਲਈ ਕੁਝ ਕਰ ਗੁਜ਼ਰਨ ਦਾ ਜਜ਼ਬਾ ਪਾਲਣ ਵਾਲੇ ਕੁਝ ਨੌਜਵਾਨ ਵਿਗਿਆਨਕ - ਉਨ੍ਹਾਂ ਕੋਲ ਨਾ ਤਾਂ ਅੱਜ ਵਰਗੇ ਆਧੁਨਿਕ ਸਾਧਨ ਸਨ ਨਾ ਹੀ ਦੁਨੀਆ ਦੀ ਟੈਕਨਾਲੋਜੀ ਤੱਕ ਅਜਿਹੀ ਪਹੁੰਚ ਸੀ, ਜੇਕਰ ਕੁਝ ਸੀ ਤਾਂ ਉਹ ਸੀ ਯੋਗਤਾ, ਲਗਨ, ਮਿਹਨਤ ਅਤੇ ਦੇਸ਼ ਲਈ ਕੁਝ ਕਰਨ ਦਾ ਜਜ਼ਬਾ। ਬਲਦ ਗੱਡੀਆਂ ਅਤੇ ਸਾਈਕਲਾਂ ਤੋਂ Critical Equipment  ਨੂੰ ਖੁਦ ਲੈ ਕੇ ਜਾਂਦੇ ਸਾਡੇ ਵਿਗਿਆਨੀਆਂ ਦੀਆਂ ਤਸਵੀਰਾਂ ਨੂੰ ਤੁਸੀਂ ਵੀ ਵੇਖਿਆ ਹੋਵੇਗਾ। ਉਸੇ ਲਗਨ ਅਤੇ ਰਾਸ਼ਟਰ ਸੇਵਾ ਦੀ ਭਾਵਨਾ ਦਾ ਨਤੀਜਾ ਹੈ ਕਿ ਅੱਜ ਇੰਨਾ ਕੁਝ ਬਦਲ ਗਿਆ ਹੈ। ਅੱਜ ਭਾਰਤ ਇੱਕ Global Space Power ਬਣ ਚੁੱਕਾ ਹੈ। ਅਸੀਂ ਇਕੱਠੇ 104 ਸੈਟੇਲਾਈਟਸ ਨੂੰ ਲਾਂਚ ਕਰਕੇ ਰਿਕਾਰਡ ਬਣਾਇਆ ਹੈ। ਅਸੀਂ ਚੰਦ੍ਰਮਾ ਦੇ South Pole ’ਤੇ ਪਹੁੰਚਣ ਵਾਲੇ ਪਹਿਲੇ ਦੇਸ਼ ਬਣੇ ਹਾਂ। ਭਾਰਤ ਨੇ Mars Orbiter Mission Launch ਕੀਤਾ ਹੈ ਅਤੇ ਅਸੀਂ ਆਦਿਤਯ -L1 Mission ਦੇ ਜ਼ਰੀਏ ਸੂਰਜ ਦੇ ਕਾਫੀ ਨਜ਼ਦੀਕ ਪਹੁੰਚੇ ਹਾਂ। ਅੱਜ ਭਾਰਤ ਪੂਰੀ ਦੁਨੀਆ ਵਿੱਚ ਸਭ ਤੋਂ ਜ਼ਿਆਦਾ cost effective ਲੇਕਿਨ Successful Space Program ਦੀ ਅਗਵਾਈ ਕਰ ਰਿਹਾ ਹੈ। ਦੁਨੀਆ ਦੇ ਕਈ ਦੇਸ਼ ਆਪਣੇ ਸੈਟੇਲਾਈਟਸ ਅਤੇ ਸਪੇਸ ਮਿਸ਼ਨ ਦੇ ਲਈ ਇਸਰੋ ਦੀ ਮਦਦ ਲੈਂਦੇ ਹਨ।

ਸਾਥੀਓ, ਅੱਜ ਜਦੋਂ ਇਸਰੋ ਦੁਆਰਾ ਕਿਸੇ ਸੈਟੇਲਾਈਟ ਨੂੰ ਲਾਂਚ ਕਰਦੇ ਵੇਖਦੇ ਹਾਂ ਤਾਂ ਅਸੀਂ ਮਾਣ ਨਾਲ ਭਰ ਜਾਂਦੇ ਹਾਂ। ਅਜਿਹਾ ਹੀ ਅਹਿਸਾਸ ਮੈਨੂੰ ਉਦੋਂ ਹੋਇਆ ਸੀ, ਜਦੋਂ ਮੈਂ 2014 ਵਿੱਚ PSLV-3-23 ਦੀ ਲਾਂਚਿੰਗ ਦਾ ਗਵਾਹ ਬਣਿਆ ਸੀ। 2019 ਵਿੱਚ ਚੰਦ੍ਰਯਾਨ-2 ਦੀ ਲੈਂਡਿੰਗ ਦੇ ਦੌਰਾਨ ਵੀ ਮੈਂ ਬੰਗਲੂਰੂ ਦੇ ਇਸਰੋ ਸੈਂਟਰ ਵਿੱਚ ਮੌਜੂਦ ਸੀ। ਉਸ ਸਮੇਂ ਚੰਦ੍ਰਯਾਨ ਨੂੰ ਉਹ ਉਚਿਤ ਸਫਲਤਾ ਨਹੀਂ ਮਿਲੀ ਸੀ, ਉਦੋਂ ਵਿਗਿਆਨੀਆਂ ਦੇ ਲਈ ਉਹ ਬਹੁਤ ਮੁਸ਼ਕਲ ਘੜੀ ਸੀ। ਲੇਕਿਨ ਮੈਂ ਆਪਣੀਆਂ ਅੱਖਾਂ ਨਾਲ ਵਿਗਿਆਨੀਆਂ ਦੇ ਹੌਂਸਲੇ, ਸਬਰ ਅਤੇ ਕੁਝ ਕਰ ਗੁਜ਼ਰਨ ਦਾ ਜਜ਼ਬਾ ਵੀ ਵੇਖ ਰਿਹਾ ਸੀ ਅਤੇ ਕੁਝ ਸਾਲ ਬਾਅਦ ਪੂਰੀ ਦੁਨੀਆ ਨੇ ਵੀ ਵੇਖਿਆ, ਕਿਵੇਂ ਉਨ੍ਹਾਂ ਹੀ ਵਿਗਿਆਨੀਆਂ ਨੇ ਚੰਦ੍ਰਯਾਨ-3 ਨੂੰ ਸਫ਼ਲ ਕਰਕੇ ਵਿਖਾਇਆ।

ਸਾਥੀਓ, ਹੁਣ ਭਾਰਤ ਨੇ ਆਪਣੇ ਸਪੇਸ ਸੈਕਟਰ ਨੂੰ ਪ੍ਰਾਈਵੇਟ ਸੈਕਟਰ ਦੇ ਲਈ ਵੀ ਓਪਨ ਕਰ ਦਿੱਤਾ ਹੈ। ਅੱਜ ਬਹੁਤ ਸਾਰੇ ਨੌਜਵਾਨ ਸਪੇਸ ਸਟਾਰਟਅੱਪ ਵਿੱਚ ਨਵੇਂ ਝੰਡੇ ਲਹਿਰਾ ਰਹੇ ਹਨ। 10 ਸਾਲ ਪਹਿਲਾਂ ਇਸ ਖੇਤਰ ਵਿੱਚ ਸਿਰਫ਼ ਇੱਕ ਕੰਪਨੀ ਸੀ, ਲੇਕਿਨ ਅੱਜ ਦੇਸ਼ ਵਿੱਚ ਸਵਾ ਤਿੰਨ ਸੌ ਤੋਂ ਜ਼ਿਆਦਾ ਸਪੇਸ ਸਟਾਰਟਅੱਪਸ ਕੰਮ ਕਰ ਰਹੇ ਹਨ। ਆਉਣ ਵਾਲਾ ਸਮਾਂ ਸਪੇਸ ਵਿੱਚ ਬਹੁਤ ਸਾਰੀਆਂ ਨਵੀਆਂ ਸੰਭਾਵਨਾਵਾਂ ਲੈ ਕੇ ਆ ਰਿਹਾ ਹੈ। ਭਾਰਤ ਨਵੀਆਂ ਉਚਾਈਆਂ ਨੂੰ ਛੂਹਣ ਵਾਲਾ ਹੈ। ਦੇਸ਼ ਗਗਨਯਾਨ SpaDeX ਅਤੇ ਚੰਦ੍ਰਯਾਨ-4 ਵਰਗੇ ਕਈ ਅਹਿਮ ਮਿਸ਼ਨਾਂ ਦੀਆਂ ਤਿਆਰੀਆਂ ਵਿੱਚ ਜੁਟਿਆ ਹੈ। ਅਸੀਂ Venus Orbiter Mission ਅਤੇ Mars Lander Mission ਦੇ ਲਈ ਕੰਮ ਕਰ ਰਹੇ ਹਾਂ। ਸਾਡੇ Space Scientists ਆਪਣੀਆਂ innovations ਨਾਲ ਦੇਸ਼ਵਾਸੀਆਂ ਨੂੰ ਮਾਣ ਨਾਲ ਭਰਨ ਵਾਲੇ ਹਨ। 

ਸਾਥੀਓ, ਪਿਛਲੇ ਮਹੀਨੇ ਮਿਆਂਮਾਰ ਵਿੱਚ ਆਏ ਭੂਚਾਲ ਦੀਆਂ ਖੌਫਨਾਕ ਤਸਵੀਰਾਂ ਤੁਸੀਂ ਜ਼ਰੂਰ ਵੇਖੀਆਂ ਹੋਣਗੀਆਂ। ਭੂਚਾਲ ਨਾਲ ਉੱਥੇ ਬਹੁਤ ਵੱਡੀ ਤਬਾਹੀ ਹੋਈ, ਮਲਬੇ ਵਿੱਚ ਫਸੇ ਲੋਕਾਂ ਦੇ ਲਈ ਇੱਕ-ਇੱਕ ਸਾਹ, ਇੱਕ-ਇੱਕ ਪਲ ਕੀਮਤੀ ਸੀ, ਇਸ ਲਈ ਭਾਰਤ ਨੇ ਮਿਆਂਮਾਰ ਦੇ ਆਪਣੇ ਭੈਣ-ਭਰਾਵਾਂ ਦੇ ਲਈ ਤੁਰੰਤ Operation Brahma ਸ਼ੁਰੂ ਕੀਤਾ। ਏਅਰਫੋਰਸ ਦੇ ਏਅਰਕ੍ਰਾਫਟ ਤੋਂ ਲੈ ਕੇ ਨੇਵੀ ਦੇ ਜਹਾਜ਼ ਤੱਕ ਮਿਆਂਮਾਰ ਦੀ ਮਦਦ ਦੇ ਲਈ ਰਵਾਨਾ ਹੋ ਗਏ। ਉੱਥੇ ਭਾਰਤੀ ਟੀਮ ਨੇ ਇੱਕ ਫੀਲਡ ਹਸਪਤਾਲ ਤਿਆਰ ਕੀਤਾ। ਇੰਜੀਨੀਅਰਾਂ ਦੀ ਇੱਕ ਟੀਮ ਨੇ ਮਹੱਤਵਪੂਰਣ ਇਮਾਰਤਾਂ ਅਤੇ infrastructures ਨੂੰ ਹੋਏ ਨੁਕਸਾਨ ਦੇ ਮੁਲਾਂਕਣ ਕਰਨ ਵਿੱਚ ਮਦਦ ਕੀਤੀ। ਭਾਰਤੀ ਟੀਮ ਨੇ ਉੱਥੇ ਕੰਬਲ, ਟੈਂਟ, ਸਲੀਪਿੰਗ ਬੈਗਸ, ਦਵਾਈਆਂ, ਖਾਣ-ਪੀਣ ਦੇ ਸਮਾਨ ਦੇ ਨਾਲ-ਨਾਲ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਦੀ ਸਪਲਾਈ ਕੀਤੀ। ਇਸ ਦੌਰਾਨ ਭਾਰਤੀ ਟੀਮ ਨੂੰ ਉੱਥੋਂ ਦੇ ਲੋਕਾਂ ਤੋਂ ਬਹੁਤ ਸਾਰੀ ਤਾਰੀਫ ਵੀ ਮਿਲੀ।

ਸਾਥੀਓ, ਇਸ ਸੰਕਟ ਵਿੱਚ ਸਾਹਸ, ਸਬਰ ਅਤੇ ਸੂਝ-ਬੂਝ ਦੀਆਂ ਕਈ ਦਿਲ ਨੂੰ ਛੂਹਣ ਵਾਲੀਆਂ ਉਦਾਹਰਣਾਂ ਸਾਹਮਣੇ ਆਈਆਂ। ਭਾਰਤ ਦੀ ਟੀਮ ਨੇ 70 ਸਾਲਾਂ ਤੋਂ ਜ਼ਿਆਦਾ ਉਮਰ ਦੀ ਇੱਕ ਬਜ਼ੁਰਗ ਔਰਤ ਨੂੰ ਬਚਾਇਆ ਜੋ ਮਲਬੇ ਵਿੱਚ 18 ਘੰਟਿਆਂ ਤੋਂ ਦੱਬੀ ਹੋਈ ਸੀ। ਜੋ ਲੋਕ ਇਸ ਵੇਲੇ ਟੀ.ਵੀ. ’ਤੇ ‘ਮਨ ਕੀ ਬਾਤ’ ਵੇਖ ਰਹੇ ਹਨ,  ਉਨ੍ਹਾਂ ਨੂੰ ਉਸ ਬਜ਼ੁਰਗ ਔਰਤ ਦਾ ਚਿਹਰਾ ਵੀ ਦਿਸ ਰਿਹਾ ਹੋਵੇਗਾ। ਭਾਰਤ ਤੋਂ ਗਈ ਟੀਮ ਨੇ ਉਨ੍ਹਾਂ ਦੇ ਆਕਸੀਜਨ ਲੈਵਲ ਨੂੰ stable ਕਰਨ ਤੋਂ ਲੈ ਕੇ fracture ਦੇ treatment ਤੱਕ, ਇਲਾਜ ਦੀ ਹਰ ਸਹੂਲਤ ਮੁਹੱਈਆ ਕਰਵਾਈ। ਜਦੋਂ ਇਸ ਬਜ਼ੁਰਗ ਔਰਤ ਨੂੰ ਹਸਪਤਾਲ ਤੋਂ ਛੁੱਟੀ ਮਿਲੀ ਤਾਂ ਉਨ੍ਹਾਂ ਨੇ ਸਾਡੀ ਟੀਮ ਦਾ ਬਹੁਤ ਧੰਨਵਾਦ ਕੀਤਾ। ਉਹ ਬੋਲੀ ਕਿ ਭਾਰਤੀ ਬਚਾਅ ਦਲ ਦੀ ਵਜ੍ਹਾ ਨਾਲ ਉਨ੍ਹਾਂ ਨੂੰ ਨਵਾਂ ਜੀਵਨ ਮਿਲਿਆ ਹੈ। ਬਹੁਤ ਸਾਰੇ ਲੋਕਾਂ ਨੇ ਸਾਡੀ ਟੀਮ ਨੂੰ ਦੱਸਿਆ ਕਿ ਉਨ੍ਹਾਂ ਦੀ ਵਜ੍ਹਾ ਨਾਲ ਉਹ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨੂੰ ਲੱਭ ਸਕੇ।

ਸਾਥੀਓ, ਭੂਚਾਲ ਤੋਂ ਬਾਅਦ ਮਿਆਂਮਾਰ ਵਿੱਚ ਮਾਂਡਲੇ ਦੀ monastery ਵਿੱਚ ਵੀ ਕਈ ਲੋਕਾਂ ਦੇ ਫਸੇ ਹੋਣ ਦੀ ਸ਼ੰਕਾ ਸੀ। ਸਾਡੇ ਸਾਥੀਆਂ ਨੇ ਇੱਥੇ ਵੀ ਰਾਹਤ ਅਤੇ ਬਚਾਅ ਮੁਹਿੰਮ ਚਲਾਈ। ਇਸੇ ਕਰਕੇ ਉਨ੍ਹਾਂ ਨੂੰ ਬੌਧ ਭਿਕਸ਼ੂਆਂ ਦਾ ਢੇਰ ਸਾਰਾ ਅਸ਼ੀਰਵਾਦ ਮਿਲਿਆ। ਸਾਨੂੰ Operation Brahma ਵਿੱਚ ਹਿੱਸਾ ਲੈਣ ਵਾਲੇ ਸਾਰੇ ਲੋਕਾਂ ’ਤੇ ਬਹੁਤ ਮਾਣ ਹੈ। ਸਾਡੀ ਰਵਾਇਤ ਹੈ, ਸਾਡੇ ਸੰਸਕਾਰ ਹਨ, ‘ਵਸੁਧੈਵ ਕੁਟੁੰਬਕਮ’ ਦੀ ਭਾਵਨਾ - ਪੂਰੀ ਦੁਨੀਆ ਇੱਕ ਪਰਿਵਾਰ ਹੈ। ਸੰਕਟ ਦੇ ਸਮੇਂ ਵਿਸ਼ਵ-ਮਿੱਤਰ ਦੇ ਰੂਪ ਵਿੱਚ ਭਾਰਤ ਦੀ ਤਤਪਰਤਾ ਅਤੇ ਮਨੁੱਖਤਾ ਦੇ ਲਈ ਭਾਰਤ ਦੀ ਵਚਨਬੱਧਤਾ ਸਾਡੀ ਪਛਾਣ ਬਣ ਰਹੀ ਹੈ।

ਸਾਥੀਓ, ਮੈਨੂੰ ਅਫਰੀਕਾ ਦੇ Ethiopia ਵਿੱਚ ਪ੍ਰਵਾਸੀ ਭਾਰਤੀਆਂ ਦੇ ਇੱਕ ਨਵੇਂ ਯਤਨ ਦਾ ਪਤਾ ਲੱਗਾ ਹੈ। Ethiopia ਵਿੱਚ ਰਹਿਣ ਵਾਲੇ ਭਾਰਤੀਆਂ ਨੇ ਅਜਿਹੇ ਬੱਚਿਆਂ ਨੂੰ ਇਲਾਜ ਦੇ ਲਈ ਭਾਰਤ ਭੇਜਣ ਦੀ ਪਹਿਲ ਕੀਤੀ ਹੈ ਜੋ ਜਨਮ ਤੋਂ ਹੀ ਦਿਲ ਦੀ ਬਿਮਾਰੀ ਨਾਲ ਪੀੜ੍ਹਤ ਸਨ, ਅਜਿਹੇ ਬਹੁਤ ਸਾਰੇ ਬੱਚਿਆਂ ਦੀ ਭਾਰਤੀ ਪਰਿਵਾਰਾਂ ਵੱਲੋਂ ਆਰਥਿਕ ਮਦਦ ਵੀ ਕੀਤੀ ਜਾ ਰਹੀ ਹੈ। ਜੇਕਰ ਕਿਸੇ ਬੱਚੇ ਦਾ ਪਰਿਵਾਰ ਪੈਸੇ ਦੀ ਵਜ੍ਹਾ ਨਾਲ ਭਾਰਤ ਆਉਣ ਵਿੱਚ ਅਸਮਰੱਥ ਹੈ ਤਾਂ ਇਸ ਦਾ ਵੀ ਇੰਤਜਾਮ ਸਾਡੇ ਭਾਰਤੀ ਭੈਣ-ਭਰਾ ਕਰ ਰਹੇ ਹਨ। ਕੋਸ਼ਿਸ਼ ਇਹ ਹੈ ਕਿ ਗੰਭੀਰ ਬਿਮਾਰੀ ਨਾਲ ਜੂਝ ਰਹੇ Ethiopia ਦੇ ਹਰ ਜ਼ਰੂਰਤਮੰਦ ਬੱਚੇ ਨੂੰ ਬਿਹਤਰ ਇਲਾਜ ਮਿਲੇ। ਪ੍ਰਵਾਸੀ ਭਾਰਤੀਆਂ ਦੇ ਇਸ ਨੇਕ ਕੰਮ ਨੂੰ Ethiopia ਤੋਂ ਭਰਪੂਰ ਸ਼ਲਾਘਾ ਮਿਲ ਰਹੀ ਹੈ। ਤੁਸੀਂ ਜਾਣਦੇ ਹੋ ਕਿ ਭਾਰਤ ਵਿੱਚ ਮੈਡੀਕਲ ਸਹੂਲਤਾਂ ਲਗਾਤਾਰ ਬਿਹਤਰ ਹੋ ਰਹੀਆਂ ਹਨ। ਇਸ ਦਾ ਲਾਭ ਦੂਸਰੇ ਦੇਸ਼ ਦੇ ਨਾਗਰਿਕ ਵੀ ਚੁੱਕ ਰਹੇ ਹਨ।

ਸਾਥੀਓ, ਕੁਝ ਹੀ ਦਿਨ ਪਹਿਲਾਂ ਭਾਰਤ ਨੇ ਅਫਗਾਨਿਸਤਾਨ ਦੇ ਲੋਕਾਂ ਲਈ ਵੱਡੀ ਮਾਤਰਾ ਵਿੱਚ ਵੈਕਸੀਨ ਵੀ ਭੇਜੀ ਹੈ। ਇਹ Vaccine, Rabies, “tetanus, Hepatitis B ਅਤੇ Influenza ਵਰਗੀਆਂ ਖਤਰਨਾਕ ਬਿਮਾਰੀਆਂ ਤੋਂ ਬਚਾਅ ਵਿੱਚ ਕੰਮ ਆਏਗੀ। ਭਾਰਤ ਨੇ ਇਸੇ ਹਫਤੇ ਨੇਪਾਲ ਦੀ ਬੇਨਤੀ ’ਤੇ ਉੱਥੇ ਦਵਾਈਆਂ ਅਤੇ ਵੈਕਸੀਨ ਦੀ ਵੱਡੀ ਖੇਪ ਭੇਜੀ ਹੈ। ਇਨ੍ਹਾਂ ਨਾਲ thalassemia ਅਤੇ sickle cell disease ਦੇ ਮਰੀਜ਼ਾਂ ਨੂੰ ਬਿਹਤਰ ਇਲਾਜ ਮਿਲੇਗਾ। ਜਦੋਂ ਵੀ ਮਨੁੱਖਤਾ ਦੀ ਸੇਵਾ ਦੀ ਗੱਲ ਆਉਂਦੀ ਹੈ ਤਾਂ ਭਾਰਤ ਹਮੇਸ਼ਾ ਅੱਗੇ ਰਹਿੰਦਾ ਹੈ ਅਤੇ ਭਵਿੱਖ ਵਿੱਚ ਵੀ ਅਜਿਹੀ ਹਰ ਜ਼ਰੂਰਤ ਵਿੱਚ ਹਮੇਸ਼ਾ ਅੱਗੇ ਰਹੇਗਾ। 

ਸਾਥੀਓ, ਹੁਣੇ ਅਸੀਂ disaster Management ਦੀ ਗੱਲ ਕਰ ਰਹੇ ਸੀ ਜੋ ਕਿਸੇ ਵੀ ਕੁਦਰਤੀ ਆਫ਼ਤ ਨਾਲ ਨਿਪਟਣ ਵਿੱਚ ਬਹੁਤ ਅਹਿਮ ਹੁੰਦੀ ਹੈ - ਤੁਹਾਡੀ alertness, ਤੁਹਾਡਾ ਸੁਚੇਤ ਰਹਿਣਾ। ਇਸ alertness ਵਿੱਚ ਹੁਣ ਤੁਹਾਨੂੰ ਆਪਣੇ ਮੋਬਾਈਲ ਦੇ ਇੱਕ ਸਪੈਸ਼ਲ APP ਤੋਂ ਮਦਦ ਮਿਲ ਸਕਦੀ ਹੈ। ਇਹ APP ਤੁਹਾਨੂੰ ਕਿਸੇ ਕੁਦਰਤੀ ਆਫ਼ਤ ਵਿੱਚ ਫਸਣ ਤੋਂ ਬਚਾਅ ਸਕਦੀ ਹੈ ਅਤੇ ਇਸ ਦਾ ਨਾਮ ਵੀ ਹੈ ‘ਸਚੇਤ’। ‘ਸਚੇਤ APP’ ਭਾਰਤ ਦੀ National disaster Management Authority (NdMA) ਨੇ ਤਿਆਰ ਕੀਤਾ ਹੈ। ਹੜ੍ਹ, cyclone, Land-slide, “sunami, ਜੰਗਲਾਂ ਦੀ ਅੱਗ, ਬਰਫਬਾਰੀ, ਹਨ੍ਹੇਰੀ, ਤੂਫਾਨ ਜਾਂ ਫਿਰ ਬਿਜਲੀ ਡਿੱਗਣ ਵਰਗੀਆਂ ਆਫ਼ਤਾਂ ਹੋਣ, ‘ਸਚੇਤ ਐਪ’ ਤੁਹਾਨੂੰ ਹਰ ਤਰ੍ਹਾਂ ਨਾਲ ਸੂਚਨਾ ਦੇਣ ਅਤੇ ਬਚਾਅ ਕਰਨ ਦਾ ਯਤਨ ਕਰਦੀ ਹੈ। ਇਸ ਐਪ ਦੇ ਮਾਧਿਅਮ ਨਾਲ ਤੁਸੀਂ ਮੌਸਮ ਵਿਭਾਗ ਨਾਲ ਜੁੜੇ ਅੱਪਡੇਟਸ ਪ੍ਰਾਪਤ ਕਰ ਸਕਦੇ ਹੋ। ਖਾਸ ਗੱਲ ਇਹ ਹੈ ਕਿ ‘ਸਚੇਤ ਐਪ’ ਖੇਤਰੀ ਭਾਸ਼ਾਵਾਂ ਵਿੱਚ ਵੀ ਕਈ ਸਾਰੀਆਂ ਜਾਣਕਾਰੀਆਂ ਮੁਹੱਈਆ ਕਰਵਾਉਂਦੀ ਹੈ। ਇਸ ਐਪ ਦਾ ਤੁਸੀਂ ਵੀ ਫਾਇਦਾ ਉਠਾਓ ਅਤੇ ਆਪਣੇ ਅਨੁਭਵ ਸਾਡੇ ਨਾਲ ਜ਼ਰੂਰ ਸਾਂਝੇ ਕਰੋ।

ਮੇਰੇ ਪਿਆਰੇ ਦੇਸ਼ਵਾਸੀਓ, ਅੱਜ ਪੂਰੀ ਦੁਨੀਆ ਵਿੱਚ ਭਾਰਤ ਦੇ talent ਦੀ ਸ਼ਲਾਘਾ ਹੁੰਦਿਆਂ ਵੇਖਦੇ ਹਾਂ। ਭਾਰਤ ਦੇ ਨੌਜਵਾਨਾਂ ਨੇ ਭਾਰਤ ਦੇ ਪ੍ਰਤੀ ਦੁਨੀਆ ਦਾ ਨਜ਼ਰੀਆ ਬਦਲ ਦਿੱਤਾ ਹੈ ਅਤੇ ਕਿਸੇ ਵੀ ਦੇਸ਼ ਦੇ ਨੌਜਵਾਨ ਦੀ ਰੁਚੀ ਕਿਸ ਪਾਸੇ ਹੈ, ਕਿੱਧਰ ਹੈ, ਉਸ ਤੋਂ ਪਤਾ ਲੱਗਦਾ ਹੈ ਕਿ ਦੇਸ਼ ਦਾ ਭਵਿੱਖ ਕਿਹੋ ਜਿਹਾ ਹੋਵੇਗਾ। ਅੱਜ ਭਾਰਤ ਦਾ ਨੌਜਵਾਨ ਸਾਇੰਸ, ਟੈਕਨੋਲੋਜੀ ਅਤੇ ਇਨੋਵੇਸ਼ਨ ਵੱਲ ਵਧ ਰਿਹਾ ਹੈ। ਅਜਿਹੇ ਇਲਾਕੇ, ਜਿਨ੍ਹਾਂ ਦੀ ਪਛਾਣ ਪਹਿਲਾਂ ਪਿੱਛੜੇਪਣ ਅਤੇ ਦੂਸਰੇ ਕਾਰਨਾਂ ਨਾਲ ਹੁੰਦੀ ਸੀ, ਉੱਥੇ ਵੀ ਨੌਜਵਾਨਾਂ ਨੇ ਅਜਿਹੀਆਂ ਉਦਾਹਰਣਾਂ ਪੇਸ਼ ਕੀਤੀਆਂ ਹਨ ਜੋ ਸਾਨੂੰ ਨਵਾਂ ਵਿਸ਼ਵਾਸ ਦਿੰਦੀਆਂ ਹਨ। ਛੱਤੀਸਗੜ੍ਹ ਦੇ ਦੰਤੇਵਾੜਾ ਦਾ ਵਿਗਿਆਨ ਕੇਂਦਰ ਅੱਜ-ਕੱਲ੍ਹ ਸਾਰਿਆਂ ਦਾ ਧਿਆਨ ਖਿੱਚ ਰਿਹਾ ਹੈ। ਕੁਝ ਸਮਾਂ ਪਹਿਲਾਂ ਤੱਕ ਦੰਤੇਵਾੜਾ ਦਾ ਨਾਂ ਸਿਰਫ ਹਿੰਸਾ ਅਤੇ ਅਸ਼ਾਂਤੀ ਦੇ ਲਈ ਜਾਣਿਆ ਜਾਂਦਾ ਸੀ, ਲੇਕਿਨ ਹੁਣ ਉੱਥੇ ਇੱਕ ਸਾਇੰਸ ਸੈਂਟਰ, ਬੱਚਿਆਂ ਅਤੇ ਉਨ੍ਹਾਂ ਦੇ ਮਾਤਾ-ਪਿਤਾ ਦੇ ਲਈ ਉਮੀਦ ਦੀ ਨਵੀਂ ਕਿਰਨ ਬਣ ਗਿਆ ਹੈ। ਇਸ ਸਾਇੰਸ ਸੈਂਟਰ ਵਿੱਚ ਜਾਣਾ ਬੱਚਿਆਂ ਨੂੰ ਖੂਬ ਪਸੰਦ ਆ ਰਿਹਾ ਹੈ। ਉਹ ਹੁਣ ਨਵੀਆਂ-ਨਵੀਆਂ ਮਸ਼ੀਨਾਂ ਬਣਾਉਣ ਤੋਂ ਲੈ ਕੇ ਟੈਕਨੋਲੋਜੀ ਦੀ ਵਰਤੋਂ ਕਰਕੇ ਨਵੇਂ products ਬਣਾਉਣਾ ਸਿੱਖ ਰਹੇ ਹਨ। ਉਨ੍ਹਾਂ ਨੂੰ 3d printers ਅਤੇ robotic ਕਾਰਾਂ ਦੇ ਨਾਲ ਹੀ ਦੂਸਰੀਆਂ ਇਨੋਵੇਟਿਵ ਚੀਜ਼ਾਂ ਦੇ ਬਾਰੇ ਵੀ ਜਾਨਣ ਦਾ ਮੌਕਾ ਮਿਲਿਆ ਹੈ। ਹਾਲੇ ਕੁਝ ਸਮਾਂ ਪਹਿਲਾਂ ਮੈਂ ਗੁਜਰਾਤ ਸਾਇੰਸ ਸਿਟੀ ਵਿੱਚ ਵੀ Science Galleries  ਦਾ ਉਦਘਾਟਨ ਕੀਤਾ ਸੀ। ਇਨ੍ਹਾਂ Galleries  ਤੋਂ ਇਹ ਝਲਕ ਮਿਲਦੀ ਹੈ ਕਿ ਆਧੁਨਿਕ ਵਿਗਿਆਨ ਦੀ ਸੰਭਾਵਨਾ ਕੀ ਹੈ, ਵਿਗਿਆਨ ਸਾਡੇ ਲਈ ਕਿੰਨਾ ਕੁਝ ਕਰ ਸਕਦਾ ਹੈ। ਮੈਨੂੰ ਜਾਣਕਾਰੀ ਮਿਲੀ ਹੈ ਕਿ ਇਨ੍ਹਾਂ Galleries ਨੂੰ ਲੈ ਕੇ ਉੱਥੇ ਬੱਚਿਆਂ ਵਿੱਚ ਬਹੁਤ ਉਤਸ਼ਾਹ ਹੈ। ਸਾਇੰਸ ਅਤੇ ਇਨੋਵੇਸ਼ਨ ਦੇ ਪ੍ਰਤੀ ਇਹ ਵਧਦਾ ਆਕਰਸ਼ਣ ਜ਼ਰੂਰ ਭਾਰਤ ਨੂੰ ਨਵੀਂ ਉਚਾਈ ’ਤੇ ਲੈ ਜਾਵੇਗਾ।

ਮੇਰੇ ਪਿਆਰੇ ਦੇਸ਼ਵਾਸੀਓ, ਸਾਡੇ ਦੇਸ਼ ਦੀ ਸਭ ਤੋਂ ਵੱਡੀ ਤਾਕਤ ਸਾਡੇ 140 ਕਰੋੜ ਨਾਗਰਿਕ ਹਨ। ਉਨ੍ਹਾਂ ਦੀ ਸਮਰੱਥਾ ਹੈ। ਉਨ੍ਹਾਂ ਦੀ ਇੱਛਾ-ਸ਼ਕਤੀ ਹੈ ਅਤੇ ਜਦੋਂ ਕਰੋੜਾਂ ਲੋਕ ਇਕੱਠੇ ਕਿਸੇ ਮੁਹਿੰਮ ਨਾਲ ਜੁੜ ਜਾਂਦੇ ਹਨ ਤਾਂ ਉਸ ਦਾ ਪ੍ਰਭਾਵ ਬਹੁਤ ਵੱਡਾ ਹੁੰਦਾ ਹੈ। ਇਸ ਦੀ ਇੱਕ ਉਦਾਹਰਣ ਹੈ ‘ਏਕ ਪੇੜ ਮਾਂ ਕੇ ਨਾਮ’ - ਇਹ ਮੁਹਿੰਮ ਉਸ ਮਾਂ ਦੇ ਨਾਮ ਹੈ, ਜਿਸ ਨੇ ਸਾਨੂੰ ਜਨਮ ਦਿੱਤਾ ਅਤੇ ਇਹ ਉਸ ਧਰਤੀ ਮਾਂ ਦੇ ਲਈ ਵੀ ਹੈ ਜੋ ਸਾਨੂੰ ਆਪਣੀ ਗੋਦ ਵਿੱਚ ਬਿਠਾਈ ਰੱਖਦੀ ਹੈ। ਸਾਥੀਓ, 5 ਜੂਨ ਨੂੰ ‘ਵਿਸ਼ਵ ਵਾਤਾਵਰਣ ਦਿਵਸ’ ’ਤੇ ਇਸ ਮੁਹਿੰਮ ਦਾ ਇੱਕ ਸਾਲ ਪੂਰਾ ਹੋ ਰਿਹਾ ਹੈ। ਇਸ ਇੱਕ ਸਾਲ ਵਿੱਚ ਇਸ ਮੁਹਿੰਮ ਦੇ ਤਹਿਤ ਦੇਸ਼ ਭਰ ਵਿੱਚ ਮਾਂ ਦੇ ਨਾਂ ’ਤੇ 140 ਕਰੋੜ ਤੋਂ ਜ਼ਿਆਦਾ ਰੁੱਖ ਲਗਾਏ ਗਏ ਹਨ। ਭਾਰਤ ਦੀ ਇਸ ਪਹਿਲ ਨੂੰ ਵੇਖਦੇ ਹੋਏ ਦੇਸ਼ ਦੇ ਬਾਹਰ ਵੀ ਲੋਕਾਂ ਨੇ ਆਪਣੀ ਮਾਂ ਦੇ ਨਾਂ ’ਤੇ ਰੁੱਖ ਲਗਾਏ ਹਨ। ਤੁਸੀਂ ਵੀ ਇਸ ਮੁਹਿੰਮ ਦਾ ਹਿੱਸਾ ਬਣੋ ਤਾਕਿ ਇੱਕ ਸਾਲ ਪੂਰਾ ਹੋਣ ’ਤੇ ਆਪਣੀ ਭਾਗੀਦਾਰੀ ’ਤੇ ਤੁਸੀਂ ਮਾਣ ਕਰ ਸਕੋ।

ਸਾਥੀਓ, ਰੁੱਖਾਂ ਨਾਲ ਠੰਡਕ ਮਿਲਦੀ ਹੈ, ਰੁੱਖਾਂ ਦੀ ਛਾਂ ਵਿੱਚ ਗਰਮੀ ਤੋਂ ਰਾਹਤ ਮਿਲਦੀ ਹੈ, ਇਹ ਅਸੀਂ ਸਭ ਜਾਣਦੇ ਹਾਂ। ਲੇਕਿਨ ਬੀਤੇ ਦਿਨੀਂ ਮੈਂ ਇਸ ਦੇ ਨਾਲ ਜੁੜੀ ਇੱਕ ਹੋਰ ਅਜਿਹੀ ਖਬਰ ਵੇਖੀ, ਜਿਸ ਨੇ ਮੇਰਾ ਧਿਆਨ ਖਿੱਚਿਆ। ਗੁਜਰਾਤ ਦੇ ਅਹਿਮਦਾਬਾਦ ਸ਼ਹਿਰ ਵਿੱਚ ਪਿਛਲੇ ਕੁਝ ਸਾਲਾਂ ਵਿੱਚ 70 ਲੱਖ ਤੋਂ ਜ਼ਿਆਦਾ ਰੁੱਖ ਲਗਾਏ ਗਏ ਹਨ। ਇਨ੍ਹਾਂ ਰੁੱਖਾਂ ਨੇ ਅਹਿਮਦਾਬਾਦ ਵਿੱਚ green area ਕਾਫੀ ਵਧਾ ਦਿੱਤਾ ਹੈ। ਇਸ ਦੇ ਨਾਲ-ਨਾਲ ਸਾਬਰਮਤੀ ਨਦੀ ’ਤੇ River F ront ਬਣਨ ਨਾਲ ਅਤੇ ਕਾਂਕਰੀਆ ਝੀਲ ਵਰਗੀਆਂ ਕੁਝ ਝੀਲਾਂ ਦੇ ਪੁਨਰ-ਨਿਰਮਾਣ ਨਾਲ ਇੱਥੇ water bodies ਦੀ ਸੰਖਿਆ ਵੀ ਵੱਧ ਗਈ ਹੈ। ਹੁਣ news reports ਕਹਿੰਦੀਆਂ ਹਨ ਕਿ ਬੀਤੇ ਕੁਝ ਸਾਲਾਂ ਵਿੱਚ ਅਹਿਮਦਾਬਾਦ global warming ਨਾਲ ਲੜਾਈ ਲੜਨ ਵਾਲੇ ਪ੍ਰਮੁੱਖ ਸ਼ਹਿਰਾਂ ਵਿੱਚੋਂ ਇੱਕ ਹੋ ਗਿਆ ਹੈ। ਇਸ ਬਦਲਾਓ ਨੂੰ, ਵਾਤਾਵਰਣ ਵਿੱਚ ਆਈ ਠੰਡਕ ਨੂੰ ਉੱਥੋਂ ਦੇ ਲੋਕ ਵੀ ਮਹਿਸੂਸ ਕਰ ਰਹੇ ਹਨ। ਅਹਿਮਦਾਬਾਦ ਵਿੱਚ ਲੱਗੇ ਰੁੱਖ ਉੱਥੇ ਨਵੀਂ ਖੁਸ਼ਹਾਲੀ ਲਿਆਉਣ ਦੀ ਵਜ੍ਹਾ ਬਣ ਰਹੇ ਹਨ। ਮੇਰੀ ਤੁਹਾਨੂੰ ਸਾਰਿਆਂ ਨੂੰ ਫਿਰ ਬੇਨਤੀ ਹੈ ਕਿ ਧਰਤੀ ਦੀ ਸਿਹਤ ਠੀਕ ਰੱਖਣ ਦੇ ਲਈ ਜਲਵਾਯੂ ਪਰਿਵਰਤਨ ਦੀਆਂ ਚੁਣੌਤੀਆਂ ਨਾਲ ਨਿਪਟਣ ਲਈ ਅਤੇ ਆਪਣੇ ਬੱਚਿਆਂ ਦਾ ਭਵਿੱਖ ਸੁਰੱਖਿਅਤ ਕਰਨ ਲਈ ਰੁੱਖ ਜ਼ਰੂਰ ਲਗਾਓ, ‘ਏਕ ਪੇੜ ਮਾਂ ਕੇ ਨਾਮ’।

ਸਾਥੀਓ, ਇੱਕ ਬੜੀ ਪੁਰਾਣੀ ਕਹਾਵਤ ਹੈ ‘ਜਿੱਥੇ ਚਾਹ-ਉੱਥੇ ਰਾਹ’। ਜਦੋਂ ਅਸੀਂ ਕੁਝ ਨਵਾਂ ਕਰਨ ਦੀ ਠਾਣ ਲੈਂਦੇ ਹਾਂ ਤਾਂ ਮੰਜ਼ਿਲ ਵੀ ਜ਼ਰੂਰ ਮਿਲਦੀ ਹੈ। ਤੁਸੀਂ ਪਹਾੜਾਂ ਵਿੱਚ ਉੱਗਣ ਵਾਲੇ ਸੇਬ ਤਾਂ ਜ਼ਰੂਰ ਖਾਧੇ ਹੋਣਗੇ, ਲੇਕਿਨ ਜੇਕਰ ਮੈਂ ਪੁੱਛਾਂ ਕਿ ਕੀ ਤੁਸੀਂ ਕਰਨਾਟਕ ਦੇ ਸੇਬ ਦਾ ਸੁਆਦ ਵੇਖਿਆ ਹੈ? ਤਾਂ ਤੁਸੀਂ ਹੈਰਾਨ ਹੋ ਜਾਓਗੇ। ਆਮ ਤੌਰ ’ਤੇ ਅਸੀਂ ਸਮਝਦੇ ਹਾਂ ਕਿ ਸੇਬ ਦੀ ਪੈਦਾਵਾਰ ਪਹਾੜਾਂ ਵਿੱਚ ਹੀ ਹੁੰਦੀ ਹੈ। ਲੇਕਿਨ ਕਰਨਾਟਕ ਦੇ ਬਾਗਲਕੋਟ ਵਿੱਚ ਰਹਿਣ ਵਾਲੇ ਸ਼੍ਰੀ ਸ਼ੈਲ ਤੇਲੀ ਜੀ ਨੇ ਮੈਦਾਨਾਂ ਵਿੱਚ ਸੇਬ ਉਗਾ ਦਿੱਤਾ ਹੈ। ਉਨ੍ਹਾਂ ਦੇ ਕੁਲਾਲੀ ਪਿੰਡ ਵਿੱਚ 35 ਡਿਗਰੀ ਤੋਂ ਜ਼ਿਆਦਾ ਤਾਪਮਾਨ ਵਿੱਚ ਵੀ ਸੇਬ ਦੇ ਰੁੱਖ ਫਲ ਦੇਣ ਲਗੇ ਹਨ। ਦਰਅਸਲ ਸ਼੍ਰੀ ਸ਼ੈਲ ਤੇਲੀ ਜੀ ਨੂੰ ਖੇਤੀ ਦਾ ਸ਼ੌਕ ਸੀ ਤਾਂ ਉਨ੍ਹਾਂ ਨੇ ਸੇਬ ਦੀ ਖੇਤੀ ਨੂੰ ਅਜ਼ਮਾਉਣ ਦੀ ਕੋਸ਼ਿਸ਼ ਕੀਤੀ ਅਤੇ ਉਨ੍ਹਾਂ ਨੂੰ ਇਸ ਵਿੱਚ ਸਫ਼ਲਤਾ ਵੀ ਮਿਲ ਗਈ। ਅੱਜ ਉਨ੍ਹਾਂ ਦੇ ਲਗਾਏ ਸੇਬ ਦੇ ਰੁੱਖਾਂ ’ਤੇ ਕਾਫੀ ਮਾਤਰਾ ਵਿੱਚ ਸੇਬ ਉੱਗਦੇ ਹਨ, ਜਿਸ ਨੂੰ ਵੇਚਣ ਨਾਲ ਉਨ੍ਹਾਂ ਨੂੰ ਚੰਗੀ ਕਮਾਈ ਵੀ ਹੋ ਰਹੀ ਹੈ।

ਸਾਥੀਓ, ਹੁਣ ਜਦੋਂ ਸੇਬਾਂ ਦੀ ਚਰਚਾ ਹੋ ਰਹੀ ਹੈ ਤਾਂ ਤੁਸੀਂ ਕਿਨੌਰੀ ਸੇਬ ਦਾ ਨਾਂ ਜ਼ਰੂਰ ਸੁਣਿਆ ਹੋਵੇਗਾ। ਸੇਬ ਦੇ ਲਈ ਮਸ਼ਹੂਰ ਕਿਨੌਰ ਵਿੱਚ ਕੇਸਰ ਦਾ ਉਤਪਾਦਨ ਹੋਣ ਲਗਿਆ ਹੈ। ਆਮ ਤੌਰ ’ਤੇ ਹਿਮਾਚਲ ਵਿੱਚ ਕੇਸਰ ਦੀ ਖੇਤੀ ਘੱਟ ਹੀ ਹੁੰਦੀ ਸੀ, ਲੇਕਿਨ ਹੁਣ ਕਿਨੌਰ ਦੀ ਖੂਬਸੂਰਤ ਸਾਂਗਲਾ ਘਾਟੀ ਵਿੱਚ ਵੀ ਕੇਸਰ ਦੀ ਖੇਤੀ ਹੋਣ ਲਗੀ। ਅਜਿਹੀ ਹੀ ਇੱਕ ਉਦਾਹਰਣ ਕੇਰਲਾ ਦੇ ਵਾਇਨਾਡ ਦੀ ਹੈ। ਇੱਥੇ ਵੀ ਕੇਸਰ ਉਗਾਉਣ ਵਿੱਚ ਸਫ਼ਲਤਾ ਮਿਲੀ ਹੈ ਅਤੇ ਵਾਇਨਾਡ ਵਿੱਚ ਇਹ ਕੇਸਰ ਕਿਸੇ ਖੇਤ ਜਾਂ ਮਿੱਟੀ ਵਿੱਚ ਨਹੀਂ, ਸਗੋਂ Aeroponics 'Technique ਨਾਲ ਉਗਾਏ ਜਾ ਰਹੇ ਹਨ। ਕੁਝ ਅਜਿਹਾ ਹੀ ਹੈਰਾਨੀ ਭਰਿਆ ਕੰਮ ਲੀਚੀ ਦੀ ਪੈਦਾਵਾਰ ਦੇ ਨਾਲ ਹੋਇਆ ਹੈ। ਅਸੀਂ ਤਾਂ ਸੁਣਦੇ ਆ ਰਹੀ ਸੀ ਕਿ ਲੀਚੀ ਬਿਹਾਰ, ਪੱਛਮੀ ਬੰਗਾਲ ਜਾਂ ਝਾਰਖੰਡ ਵਿੱਚ ਉੱਗਦੀ ਹੈ। ਲੇਕਿਨ ਹੁਣ ਲੀਚੀ ਦਾ ਉਤਪਾਦਨ ਦੱਖਣ ਭਾਰਤ ਅਤੇ ਰਾਜਸਥਾਨ ਵਿੱਚ ਵੀ ਹੋ ਰਿਹਾ ਹੈ। ਤਮਿਲ ਨਾਡੂ ਦੇ ਥਿਰੂ ਵੀਰਾ ਅਰਾਸੁ, ਕੌਫੀ ਦੀ ਖੇਤੀ ਕਰਦੇ ਸਨ। ਕੋਡੀਕਨਾਲ ਵਿੱਚ ਉਨ੍ਹਾਂ ਨੇ ਲੀਚੀ ਦੇ ਰੁੱਖ ਲਗਾਏ ਅਤੇ ਉਨ੍ਹਾਂ ਦੀ 7 ਸਾਲ ਦੀ ਮਿਹਨਤ ਤੋਂ ਬਾਅਦ ਹੁਣ ਉਨ੍ਹਾਂ ਰੁੱਖਾਂ ’ਤੇ ਫਲ ਆਉਣ ਲਗੇ। ਲੀਚੀ ਉਗਾਉਣ ਵਿੱਚ ਮਿਲੀ ਸਫ਼ਲਤਾ ਨੇ ਆਲੇ-ਦੁਆਲੇ ਦੇ ਦੂਸਰੇ ਕਿਸਾਨਾਂ ਨੂੰ ਵੀ ਪ੍ਰੇਰਿਤ ਕੀਤਾ ਹੈ। ਰਾਜਸਥਾਨ ਵਿੱਚ ਜਤਿੰਦਰ ਸਿੰਘ ਰਣਾਵਤ ਨੂੰ ਲੀਚੀ ਉਗਾਉਣ ਵਿੱਚ ਸਫ਼ਲਤਾ ਮਿਲੀ ਹੈ। ਇਹ ਸਾਰੀਆਂ ਉਦਾਹਰਣਾਂ ਬਹੁਤ ਪ੍ਰੇਰਿਤ ਕਰਨ ਵਾਲੀਆਂ ਹਨ। ਜੇਕਰ ਅਸੀਂ ਕੁਝ ਨਵਾਂ ਕਰਨ ਦਾ ਇਰਾਦਾ ਕਰ ਲਈ ਅਤੇ ਮੁਸ਼ਕਲਾਂ ਦੇ ਬਾਵਜੂਦ ਡਟੇ ਰਹੀਏ ਤਾਂ ਅਸੰਭਵ ਨੂੰ ਵੀ ਸੰਭਵ ਕੀਤਾ ਜਾ ਸਕਦਾ ਹੈ।

ਮੇਰੇ ਪਿਆਰੇ ਦੇਸਵਾਸੀਓ, ਅੱਜ ਅਪ੍ਰੈਲ ਦਾ ਆਖਰੀ ਐਤਵਾਰ ਹੈ। ਕੁਝ ਦਿਨਾਂ ਵਿੱਚ ਮਈ ਦਾ ਮਹੀਨਾ ਸ਼ੁਰੂ ਹੋ ਜਾਵੇਗਾ। ਮੈਂ ਤੁਹਾਨੂੰ ਅੱਜ ਤੋਂ ਲੱਗਭਗ 108 ਸਾਲ ਪਿੱਛੇ ਲੈ ਕੇ ਚਲਦਾ ਹਾਂ। ਸਾਲ 1917, ਅਪ੍ਰੈਲ ਅਤੇ ਮਈ ਦੇ ਇਹੀ ਦੋ ਮਹੀਨੇ - ਦੇਸ਼ ਵਿੱਚ ਆਜ਼ਾਦੀ ਦੀ ਇੱਕ ਅਨੋਖੀ ਲੜਾਈ ਲੜੀ ਜਾ ਰਹੀ ਸੀ। ਅੰਗਰੇਜ਼ਾਂ ਦੇ ਜ਼ੁਲਮ ਸਿਖਰ ’ਤੇ ਸਨ। ਗ਼ਰੀਬਾਂ, ਵੰਚਿਤਾਂ ਅਤੇ ਕਿਸਾਨਾਂ ਦਾ ਸ਼ੋਸ਼ਣ ਅਣ-ਮਨੁੱਖੀ ਪੱਧਰ ਨੂੰ ਵੀ ਪਾਰ ਚੁੱਕਾ ਸੀ। ਬਿਹਾਰ ਦੀ ਉਪਜਾਊ ਧਰਤੀ ’ਤੇ ਇਹ ਅੰਗਰੇਜ਼ ਕਿਸਾਨਾਂ ਨੂੰ ਨੀਲ ਦੀ ਖੇਤੀ ਲਈ ਮਜਬੂਰ ਕਰ ਰਹੇ ਸਨ। ਨੀਲ ਦੀ ਖੇਤੀ ਨਾਲ ਕਿਸਾਨ ਦੇ ਖੇਤ ਬੰਜ਼ਰ ਹੋ ਗਏ ਸਨ। ਲੇਕਿਨ ਅੰਗ੍ਰੇਜ਼ੀ ਹਕੂਮਤ ਨੂੰ ਇਸ ਨਾਲ ਕੋਈ ਮਤਲਬ ਨਹੀਂ ਸੀ। ਅਜਿਹੇ ਹਾਲਾਤ ਵਿੱਚ 1917 ’ਚ ਗਾਂਧੀ ਜੀ ਬਿਹਾਰ ਦੇ ਚੰਪਾਰਣ ਪਹੁੰਚੇ। ਕਿਸਾਨਾਂ ਨੇ ਗਾਂਧੀ ਜੀ ਨੂੰ ਦੱਸਿਆ - ਸਾਡੀ ਜ਼ਮੀਨ ਮਰ ਰਹੀ ਹੈ, ਖਾਣ ਲਈ ਅਨਾਜ ਨਹੀਂ ਮਿਲ ਰਿਹਾ। ਲੱਖਾਂ ਕਿਸਾਨਾਂ ਦੇ ਇਸ ਦਰਦ ਨਾਲ ਗਾਂਧੀ ਜੀ ਦੇ ਮਨ ਵਿੱਚ ਇੱਕ ਸੰਕਲਪ ਉੱਠਿਆ। ਉੱਥੋਂ ਹੀ ਚੰਪਾਰਣ ਦਾ ਇਤਿਹਾਸਕ ਸੱਤਿਆਗ੍ਰਹਿ ਸ਼ੁਰੂ ਹੋਇਆ। ‘ਚੰਪਾਰਣ ਸੱਤਿਆਗ੍ਰਹਿ’ ਇਹ ਬਾਪੂ ਦਾ ਭਾਰਤ ਵਿੱਚ ਪਹਿਲਾ ਵੱਡਾ ਪ੍ਰਯੋਗ ਸੀ। ਬਾਪੂ ਦੇ ਸੱਤਿਆਗ੍ਰਹਿ ਨਾਲ ਪੂਰੀ ਅੰਗਰੇਜ਼ ਹਕੂਮਤ ਹਿੱਲ ਗਈ। ਅੰਗਰੇਜ਼ਾਂ ਨੂੰ ਨੀਲ ਦੀ ਖੇਤੀ ਦੇ ਲਈ ਕਿਸਾਨਾਂ ਨੂੰ ਮਜਬੂਰ ਕਰਨ ਵਾਲੇ ਕਾਨੂੰਨ ਮੁਅੱਤਲ ਕਰਨੇ ਪਏ। ਇਹ ਇੱਕ ਜਿੱਤ ਸੀ, ਜਿਸ ਨੇ ਆਜ਼ਾਦੀ ਦੀ ਲੜਾਈ ਵਿੱਚ ਨਵੀਂ ਰੂਹ ਫੂਕੀ। ਤੁਸੀਂ ਸਾਰੇ ਜਾਣਦੇ ਹੋਵੋਗੇ  ਇਸ ਸੱਤਿਆਗ੍ਰਹਿ ਵਿੱਚ ਵੱਡਾ ਯੋਗਦਾਨ ਬਿਹਾਰ ਦੇ ਇੱਕ ਹੋਰ ਸਪੁੱਤਰ ਦਾ ਵੀ ਸੀ ਜੋ ਆਜ਼ਾਦੀ ਤੋਂ ਬਾਅਦ ਦੇਸ਼ ਦੇ ਪਹਿਲੇ ਰਾਸ਼ਟਰਪਤੀ ਬਣੇ। ਉਹ ਮਹਾਨ ਸ਼ਖਸੀਅਤ ਸਨ - ਡਾ. ਰਜਿੰਦਰ ਪ੍ਰਸਾਦ। ਉਨ੍ਹਾਂ ਨੇ ‘ਚੰਪਾਰਣ ਸੱਤਿਆਗ੍ਰਹਿ’ ’ਤੇ ਇੱਕ ਕਿਤਾਬ ਵੀ ਲਿਖੀ - ‘Satyagraha in Champaran’, ਇਹ ਕਿਤਾਬ ਹਰ ਨੌਜਵਾਨ ਨੂੰ ਪੜ੍ਹਨੀ ਚਾਹੀਦੀ ਹੈ। ਭੈਣੋ-ਭਰਾਵੋ ਅਪ੍ਰੈਲ ਵਿੱਚ ਹੀ ਸੁਤੰਤਰਤਾ ਸੰਗ੍ਰਾਮ ਦੀ ਲੜਾਈ ਦੇ ਕਈ ਹੋਰ ਅਮਿਟ ਅਧਿਆਏ ਜੁੜੇ ਹੋਏ ਹਨ। ਅਪ੍ਰੈਲ ਦੀ 6 ਤਾਰੀਖ ਨੂੰ ਹੀ ਗਾਂਧੀ ਜੀ ਦੀ ‘ਡਾਂਡੀ ਯਾਤਰਾ’ ਪੂਰੀ ਹੋਈ ਸੀ। 12 ਮਾਰਚ ਤੋਂ ਸ਼ੁਰੂ ਹੋ ਕੇ 24 ਦਿਨਾਂ ਤੱਕ ਚਲੀ ਇਸ ਯਾਤਰਾ ਨੇ ਅੰਗਰੇਜ਼ਾਂ ਨੂੰ ਝੰਜੋੜ ਕੇ ਰੱਖ ਦਿੱਤਾ ਸੀ। ਅਪ੍ਰੈਲ ਵਿੱਚ ਹੀ ਜਲ੍ਹਿਆਂ ਵਾਲਾ ਬਾਗ ਦੀ ਕਤਲੋਗਾਰਤ ਹੋਈ ਸੀ। ਪੰਜਾਬ ਦੀ ਧਰਤੀ ’ਤੇ ਖੂਨੀ ਇਤਿਹਾਸ ਦੇ ਨਿਸ਼ਾਨ ਅੱਜ ਵੀ ਮੌਜੂਦ ਹਨ।

ਸਾਥੀਓ, ਕੁਝ ਹੀ ਦਿਨਾਂ ਵਿੱਚ 10 ਮਈ ਨੂੰ ਪਹਿਲੀ ਆਜ਼ਾਦੀ ਦੀ ਲੜਾਈ ਦੀ ਵਰ੍ਹੇਗੰਢ ਵੀ ਆਉਣ ਵਾਲੀ ਹੈ। ਆਜ਼ਾਦੀ ਦੀ ਇਸ ਪਹਿਲੀ ਲੜਾਈ ਵਿੱਚ ਜੋ ਚੰਗਿਆੜੀ ਉੱਠੀ ਸੀ, ਉਹ ਚੱਲ ਕੇ ਲੱਖਾਂ ਸੈਨਾਨੀਆਂ ਦੇ ਲਈ ਮਸ਼ਾਲ ਬਣ ਗਈ। ਹੁਣੇ 26 ਅਪ੍ਰੈਲ ਨੂੰ ਅਸੀਂ 1857 ਦੀ ਕ੍ਰਾਂਤੀ ਦੇ ਮਹਾਨ ਨਾਇੱਕ ਬਾਬੂ ਵੀਰ ਕੁੰਵਰ ਸਿੰਘ ਜੀ ਦੀ ਬਰਸੀ ਵੀ ਮਨਾਈ ਹੈ। ਬਿਹਾਰ ਦੇ ਮਹਾਨ ਸੈਨਾਨੀ ਤੋਂ ਪੂਰੇ ਦੇਸ਼ ਨੂੰ ਪ੍ਰੇਰਣਾ ਮਿਲਦੀ ਹੈ। ਅਸੀਂ ਅਜਿਹੇ ਲੱਖਾਂ ਸੁਤੰਤਰਤਾ ਸੈਨਾਨੀਆਂ ਦੀਆਂ ਅਮਰ ਪ੍ਰੇਰਣਾਵਾਂ ਨੂੰ ਜਿਉਂਦਾ ਰੱਖਣਾ ਹੈ। ਸਾਨੂੰ ਉਨ੍ਹਾਂ ਤੋਂ ਜੋ ਊਰਜਾ ਮਿਲਦੀ ਹੈ, ਉਹ ਅੰਮ੍ਰਿਤਕਾਲ ਦੇ ਸਾਡੇ ਸੰਕਲਪਾਂ ਨੂੰ ਨਵੀਂ ਮਜ਼ਬੂਤੀ ਦਿੰਦੀ ਹੈ।

ਸਾਥੀਓ, ‘ਮਨ ਕੀ ਬਾਤ’ ਦੀ ਇਸ ਲੰਬੀ ਯਾਤਰਾ ਵਿੱਚ ਤੁਸੀਂ ਇਸ ਪ੍ਰੋਗਰਾਮ ਦੇ ਨਾਲ ਇੱਕ ਗਹਿਰਾ ਰਿਸ਼ਤਾ ਬਣਾ ਲਿਆ ਹੈ। ਦੇਸ਼ਵਾਸੀ ਜੋ ਪ੍ਰਾਪਤੀਆਂ ਦੂਸਰਿਆਂ ਨਾਲ ਸਾਂਝੀਆਂ ਕਰਨਾ ਚਾਹੁੰਦੇ ਹਨ, ਉਸ ਨੂੰ ‘ਮਨ ਕੀ ਬਾਤ’ ਦੇ ਮਾਧਿਅਮ ਨਾਲ ਲੋਕਾਂ ਤੱਕ ਪਹੁੰਚਾਉਂਦੇ ਹਨ। ਅਗਲੇ ਮਹੀਨੇ ਅਸੀਂ ਫਿਰ ਮਿਲ ਕੇ ਦੇਸ਼ ਦੀਆਂ ਵਿਭਿੰਨਤਾਵਾਂ, ਮਾਣਮੱਤੀਆਂ ਪਰੰਪਰਾਵਾਂ ਅਤੇ ਨਵੀਆਂ ਪ੍ਰਾਪਤੀਆਂ ਦੀ ਗੱਲ ਕਰਾਂਗੇ। ਅਸੀਂ ਅਜਿਹੇ ਲੋਕਾਂ ਦੇ ਬਾਰੇ ਜਾਣਾਂਗੇ ਜੋ ਆਪਣੇ ਸਮਰਪਣ ਅਤੇ ਸੇਵਾ ਭਾਵਨਾ ਨਾਲ ਸਮਾਜ ਵਿੱਚ ਪਰਿਵਰਤਨ ਲਿਆ ਰਹੇ ਹਨ। ਹਮੇਸ਼ਾ ਵਾਂਗ ਤੁਸੀਂ ਸਾਨੂੰ ਆਪਣੇ ਵਿਚਾਰ ਅਤੇ ਸੁਝਾਅ ਭੇਜਦੇ ਰਹੋ। ਧੰਨਵਾਦ, ਨਮਸਕਾਰ।

****************


(Release ID: 2124710) Visitor Counter : 12