ਰਾਸ਼ਟਰਪਤੀ ਸਕੱਤਰੇਤ
ਭਾਰਤ ਦੇ ਰਾਸ਼ਟਰਪਤੀ ਨੇ 'ਨਾਰੀ ਸ਼ਕਤੀ ਸੇ ਵਿਕਾਸ ਭਾਰਤ' ਵਿਸ਼ੇ 'ਤੇ ਰਾਸ਼ਟਰੀ ਸੰਮੇਲਨ ਦਾ ਉਦਘਾਟਨ ਕੀਤਾ
Posted On:
08 MAR 2025 1:39PM by PIB Chandigarh
ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (8 ਮਾਰਚ, 2025) ਨਵੀਂ ਦਿੱਲੀ ਵਿੱਚ 'ਨਾਰੀ ਸ਼ਕਤੀ ਸੇ ਵਿਕਾਸ ਭਾਰਤ' ਵਿਸ਼ੇ 'ਤੇ ਇੱਕ ਰਾਸ਼ਟਰੀ ਸੰਮੇਲਨ ਦਾ ਉਦਘਾਟਨ ਕੀਤਾ। ਇਹ ਸੰਮੇਲਨ ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਦੁਆਰਾ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਉਣ ਲਈ ਆਯੋਜਿਤ ਕੀਤਾ ਜਾ ਰਿਹਾ ਹੈ।

ਇਸ ਮੌਕੇ 'ਤੇ ਰਾਸ਼ਟਰਪਤੀ ਨੇ ਅੰਤਰਰਾਸ਼ਟਰੀ ਮਹਿਲਾ ਦਿਵਸ 'ਤੇ ਸਾਥੀ ਨਾਗਰਿਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਕਿਹਾ ਕਿ ਇਹ ਦਿਨ ਮਹਿਲਾਵਾਂ ਦੀਆਂ ਉਪਲਬਧੀਆਂ ਦਾ ਸਨਮਾਨ ਕਰਨ, ਉਨ੍ਹਾਂ ਦੇ ਅਧਿਕਾਰਾਂ ਪ੍ਰਤੀ ਜਾਗਰੂਕਤਾ ਪੈਦਾ ਕਰਨ ਅਤੇ ਲਿੰਗ ਸਮਾਨਤਾ ਨੂੰ ਉਤਸ਼ਾਹਿਤ ਕਰਨ ਲਈ ਆਪਣੇ ਆਪ ਨੂੰ ਸਮਰਪਿਤ ਕਰਨ ਦਾ ਮੌਕਾ ਹੈ।

ਰਾਸ਼ਟਰਪਤੀ ਨੇ ਕਿਹਾ ਕਿ ਅੱਜ ਅਸੀਂ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ 50 ਸਾਲ ਪੂਰੇ ਹੋਣ ਦਾ ਜਸ਼ਨ ਮਨਾ ਰਹੇ ਹਾਂ। ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਇਸ ਸਮੇਂ ਦੌਰਾਨ, ਮਹਿਲਾ ਭਾਈਚਾਰੇ ਨੇ ਬੇਮਿਸਾਲ ਤਰੱਕੀ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਉਹ ਆਪਣੀ ਜੀਵਨ ਯਾਤਰਾ ਨੂੰ ਇਸ ਤਰੱਕੀ ਦਾ ਹਿੱਸਾ ਮੰਨਦੀ ਹੈ। ਉਨ੍ਹਾਂ ਨੇ ਕਿਹਾ ਕਿ ਓਡੀਸ਼ਾ ਦੇ ਇੱਕ ਸਾਧਾਰਣ ਪਰਿਵਾਰ ਅਤੇ ਪਿਛੜੇ ਖੇਤਰ ਵਿੱਚ ਜਨਮ ਲੈਣ ਤੋਂ ਲੈ ਕੇ ਰਾਸ਼ਟਰਪਤੀ ਭਵਨ ਤੱਕ ਦੀ ਉਨ੍ਹਾਂ ਦੀ ਯਾਤਰਾ ਭਾਰਤੀ ਸਮਾਜ ਵਿੱਚ ਮਹਿਲਾਵਾਂ ਲਈ ਬਰਾਬਰ ਮੌਕਿਆਂ ਅਤੇ ਸਮਾਜਿਕ ਨਿਆਂ ਦੀ ਕਹਾਣੀ ਹੈ। ਉਨ੍ਹਾਂ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਮਹਿਲਾਵਾਂ ਦੀ ਸਫਲਤਾ ਦੀਆਂ ਉਦਾਹਰਣਾਂ ਵਧਦੀਆਂ ਰਹਿਣਗੀਆਂ।

ਰਾਸ਼ਟਰਪਤੀ ਨੇ ਕਿਹਾ ਕਿ ਵਿਕਸਤ ਭਾਰਤ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਕੁੜੀਆਂ ਲਈ ਅੱਗੇ ਵਧਣ ਲਈ ਇੱਕ ਬਿਹਤਰ ਮਾਹੌਲ ਜ਼ਰੂਰੀ ਹੈ। ਉਨ੍ਹਾਂ ਨੂੰ ਅਜਿਹਾ ਮਾਹੌਲ ਮਿਲਣਾ ਚਾਹੀਦਾ ਹੈ ਜਿੱਥੇ ਉਹ ਬਿਨਾਂ ਕਿਸੇ ਦਬਾਅ ਜਾਂ ਡਰ ਦੇ ਆਪਣੇ ਜੀਵਨ ਬਾਰੇ ਸੁਤੰਤਰ ਫੈਸਲੇ ਲੈ ਸਕਣ। ਸਾਨੂੰ ਇੱਕ ਅਜਿਹਾ ਆਦਰਸ਼ ਸਮਾਜ ਬਣਾਉਣਾ ਹੋਵੇਗਾ ਜਿੱਥੇ ਕੋਈ ਵੀ ਧੀ ਜਾਂ ਭੈਣ ਕਿਤੇ ਵੀ ਇਕੱਲੀ ਜਾਣ ਜਾਂ ਰਹਿਣ ਤੋਂ ਨਾ ਡਰੇ। ਮਹਿਲਾਵਾਂ ਪ੍ਰਤੀ ਸਤਿਕਾਰ ਦੀ ਭਾਵਨਾ ਹੀ ਇੱਕ ਡਰ-ਮੁਕਤ ਸਮਾਜਿਕ ਮਾਹੌਲ ਦਾ ਨਿਰਮਾਣ ਕਰੇਗੀ। ਅਜਿਹੇ ਮਾਹੌਲ ਵਿੱਚ ਕੁੜੀਆਂ ਨੂੰ ਜੋਂ ਆਤਮਵਿਸ਼ਵਾਸ ਮਿਲੇਗਾ ਉਹ ਸਾਡੇ ਦੇਸ਼ ਨੂੰ ਨਵੀਆਂ ਉਚਾਈਆਂ 'ਤੇ ਲੈ ਜਾਵੇਗਾ।

ਰਾਸ਼ਟਰਪਤੀ ਨੇ ਕਿਹਾ ਕਿ ਜਦੋਂ ਵੀ ਅਸੀਂ ਮਹਿਲਾਵਾਂ ਦੀ ਪ੍ਰਤਿਭਾ ਦਾ ਸਤਿਕਾਰ ਕੀਤਾ ਹੈ, ਉਨ੍ਹਾਂ ਨੇ ਸਾਨੂੰ ਕਦੇ ਨਿਰਾਸ਼ ਨਹੀਂ ਕੀਤਾ। ਅਸੀਂ ਸਰੋਜਨੀ ਨਾਇਡੂ, ਰਾਜਕੁਮਾਰੀ ਅੰਮ੍ਰਿਤ ਕੌਰ, ਸੁਚੇਤਾ ਕ੍ਰਿਪਲਾਨੀ ਅਤੇ ਹੰਸਾਬੇਨ ਮਹਿਤਾ ਜਿਹੀਆਂ ਉੱਘੀਆਂ ਸ਼ਖਸੀਅਤਾਂ ਦੇ ਯੋਗਦਾਨ ਨੂੰ ਨਹੀਂ ਭੁੱਲ ਸਕਦੇ, ਜੋ ਸੰਵਿਧਾਨ ਸਭਾ ਦੀਆਂ ਮੈਂਬਰ ਸਨ। ਅਜਿਹੀਆਂ ਬਹੁਤ ਸਾਰੀਆਂ ਉਦਾਹਰਣਾਂ ਹਨ ਜਿੱਥੇ ਮਹਿਲਾਵਾਂ ਨੇ ਨਾ ਸਿਰਫ਼ ਆਪਣੀ ਬੁੱਧੀ, ਵਿਵੇਕ ਅਤੇ ਗਿਆਨ ਦੇ ਬਲ 'ਤੇ ਪ੍ਰਸਿੱਧੀ ਕਮਾ ਕੇ ਉੱਚਤਮ ਸਥਾਨ ਪ੍ਰਾਪਤ ਕੀਤਾ ਹੈ, ਸਗੋਂ ਦੇਸ਼ ਅਤੇ ਸਮਾਜ ਦਾ ਮਾਣ ਵੀ ਵਧਾਇਆ ਹੈ। ਭਾਵੇਂ ਉਹ ਵਿਗਿਆਨ ਹੋਵੇ, ਖੇਡ ਹੋਵੇ, ਰਾਜਨੀਤੀ ਹੋਵੇ ਜਾਂ ਸਮਾਜ ਸੇਵਾ - ਸਾਰੇ ਖੇਤਰਾਂ ਵਿੱਚ ਮਹਿਲਾਵਾਂ ਨੇ ਆਪਣੀ ਪ੍ਰਤਿਭਾ ਨਾਲ ਸਤਿਕਾਰ ਪ੍ਰਾਪਤ ਕੀਤਾ ਹੈ।
ਰਾਸ਼ਟਰਪਤੀ ਨੇ ਕਿਹਾ ਕਿ ਜਦੋਂ ਭਾਰਤ ਦੁਨੀਆ ਦੀ ਤੀਸਰੀ ਸਭ ਤੋਂ ਵੱਡੀ ਅਰਥਵਿਵਸਥਾ ਬਣਨ ਵੱਲ ਵਧ ਰਿਹਾ ਹੈ, ਤਾਂ ਦੇਸ਼ ਦੇ ਕਾਰਜਬਲ ਵਿੱਚ ਮਹਿਲਾਵਾਂ ਦੀ ਭਾਗੀਦਾਰੀ ਤੇਜ਼ੀ ਨਾਲ ਵਧਣੀ ਚਾਹੀਦੀ ਹੈ। ਉਨ੍ਹਾਂ ਨੇ ਦੱਸਿਆ ਕਿ ਨਾ ਸਿਰਫ਼ ਭਾਰਤ ਵਿੱਚ, ਸਗੋਂ ਹੋਰ ਦੇਸ਼ਾਂ ਵਿੱਚ ਵੀ, ਕਾਰਜਬਲ ਵਿੱਚ ਮਹਿਲਾਵਾਂ ਦੀ ਘੱਟ ਭਾਗੀਦਾਰੀ ਦਾ ਇੱਕ ਕਾਰਨ ਇਹ ਵਿਸ਼ਵਾਸ ਹੈ ਕਿ ਮਹਿਲਾਵਾਂ ਆਪਣੇ ਬੱਚਿਆਂ ਦੀ ਦੇਖਭਾਲ ਲਈ ਛੁੱਟੀ ਲੈਣਗੀਆਂ ਜਾਂ ਕੰਮ ਵੱਲ ਘੱਟ ਧਿਆਨ ਦੇਣ ਦੇ ਯੋਗ ਹੋਣਗੀਆਂ। ਪਰ ਇਹ ਸੋਚ ਸਹੀ ਨਹੀਂ ਹੈ। ਸਾਨੂੰ ਆਪਣੇ ਆਪ ਤੋਂ ਪੁੱਛਣਾ ਪਵੇਗਾ ਕਿ ਕੀ ਸਮਾਜ ਦੀ ਬੱਚਿਆਂ ਪ੍ਰਤੀ ਕੋਈ ਜ਼ਿੰਮੇਵਾਰੀ ਨਹੀਂ ਹੈ। ਅਸੀਂ ਸਾਰੇ ਜਾਣਦੇ ਹਾਂ ਕਿ ਪਰਿਵਾਰ ਵਿੱਚ ਪਹਿਲੀ ਅਧਿਆਪਕ ਮਾਂ ਹੁੰਦੀ ਹੈ। ਜੇਕਰ ਕੋਈ ਮਾਂ ਬੱਚਿਆਂ ਦੀ ਦੇਖਭਾਲ ਲਈ ਛੁੱਟੀ ਲੈਂਦੀ ਹੈ, ਤਾਂ ਉਸਦਾ ਇਹ ਯਤਨ ਸਮਾਜ ਦੀ ਬਿਹਤਰੀ ਲਈ ਵੀ ਹੈ। ਇੱਕ ਮਾਂ ਆਪਣੇ ਯਤਨਾਂ ਰਾਹੀਂ ਆਪਣੇ ਬੱਚੇ ਨੂੰ ਇੱਕ ਆਦਰਸ਼ ਨਾਗਰਿਕ ਬਣਾ ਸਕਦੀ ਹੈ।
ਰਾਸ਼ਟਰਪਤੀ ਨੇ ਕਿਹਾ ਕਿ ਇੱਕ ਵਿਕਸਿਤ ਭਾਰਤ ਦਾ ਨਿਰਮਾਣ ਸਿਰਫ਼ ਸਵੈ-ਨਿਰਭਰ, ਸਵੈ-ਮਾਣ ਵਾਲੀ, ਸੁਤੰਤਰ ਅਤੇ ਸਸ਼ਕਤ ਮਹਿਲਾਵਾਂ ਦੀ ਤਾਕਤ 'ਤੇ ਹੀ ਕੀਤਾ ਜਾ ਸਕਦਾ ਹੈ। ਇੱਕ ਵਿਕਸਿਤ ਭਾਰਤ ਦਾ ਸੰਕਲਪ ਸਾਡਾ ਸਾਰਿਆਂ ਦਾ ਸੰਕਲਪ ਹੈ, ਜਿਸਨੂੰ ਸਾਨੂੰ ਸਾਰਿਆਂ ਨੂੰ ਮਿਲ ਕੇ ਪੂਰਾ ਕਰਨਾ ਹੈ। ਇਸ ਲਈ, ਮਰਦਾਂ ਨੂੰ ਮਜ਼ਬੂਤ, ਸਸ਼ਕਤ ਅਤੇ ਸਵੈ-ਨਿਰਭਰ ਬਣਨ ਲਈ ਹਰ ਕਦਮ 'ਤੇ ਮਹਿਲਾਵਾਂ ਦਾ ਸਮਰਥਨ ਕਰਨਾ ਚਾਹੀਦਾ ਹੈ। ਮਹਿਲਾਵਾਂ ਨੂੰ ਆਪਣੇ ਜੀਵਨ ਵਿੱਚ ਪੂਰੇ ਵਿਸ਼ਵਾਸ, ਸਮਰਪਣ ਅਤੇ ਸਖ਼ਤ ਮਿਹਨਤ ਨਾਲ ਅੱਗੇ ਵਧਣਾ ਚਾਹੀਦਾ ਹੈ ਅਤੇ ਦੇਸ਼ ਅਤੇ ਸਮਾਜ ਦੇ ਵਿਕਾਸ ਵਿੱਚ ਯੋਗਦਾਨ ਦੇਣਾ ਚਾਹੀਦਾ ਹੈ।
ਰਾਸ਼ਟਰਪਤੀ ਦਾ ਭਾਸ਼ਣ ਦੇਖਣ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ-
******
ਐਮਜੇਪੀਐਸ/ਐਸਆਰ
(Release ID: 2109503)
Visitor Counter : 17
Read this release in:
Odia
,
Bengali
,
English
,
Urdu
,
Hindi
,
Marathi
,
Bengali-TR
,
Gujarati
,
Tamil
,
Kannada
,
Malayalam