ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਖੇਤੀਬਾੜੀ ਅਤੇ ਪੇਂਡੂ ਖੁਸ਼ਹਾਲੀ ਬਾਰੇ ਬਜਟ ਤੋਂ ਬਾਅਦ ਵੈਬੀਨਾਰ ਨੂੰ ਸੰਬੋਧਨ ਕੀਤਾ
ਵਿਕਸਿਤ ਭਾਰਤ ਦੇ ਟੀਚੇ ਵੱਲ ਵਧਣ ਦਾ ਸਾਡਾ ਸੰਕਲਪ ਬਹੁਤ ਸਪਸ਼ਟ ਹੈ: ਪ੍ਰਧਾਨ ਮੰਤਰੀ
ਅਸੀਂ ਇਕੱਠੇ ਮਿਲ ਕੇ ਇੱਕ ਅਜਿਹੇ ਭਾਰਤ ਦੇ ਨਿਰਮਾਣ ਦੀ ਦਿਸ਼ਾ ਵੱਲ ਕੰਮ ਕਰ ਰਹੇ ਹਾਂ, ਜਿੱਥੇ ਕਿਸਾਨ ਖੁਸ਼ਹਾਲ ਅਤੇ ਸਸ਼ਕਤ ਬਣਨ: ਪ੍ਰਧਾਨ ਮੰਤਰੀ
ਅਸੀਂ ਖੇਤੀਬਾੜੀ ਨੂੰ ਵਿਕਾਸ ਦਾ ਪਹਿਲਾ ਇੰਜਣ ਮੰਨਿਆ ਹੈ, ਜਿਸ ਕਾਰਨ ਕਿਸਾਨਾਂ ਨੂੰ ਇੱਕ ਵਿਸ਼ੇਸ਼ ਸਥਾਨ ਦਿੱਤਾ ਗਿਆ ਹੈ: ਪ੍ਰਧਾਨ ਮੰਤਰੀ
ਅਸੀਂ ਇੱਕਠੇ ਦੋ ਵੱਡੇ ਟੀਚਿਆਂ 'ਤੇ ਕੰਮ ਕਰ ਰਹੇ ਹਾਂ - ਖੇਤੀਬਾੜੀ ਖੇਤਰ ਦਾ ਵਿਕਾਸ ਅਤੇ ਸਾਡੇ ਪਿੰਡਾਂ ਦੀ ਖੁਸ਼ਹਾਲੀ: ਪ੍ਰਧਾਨ ਮੰਤਰੀ
ਅਸੀਂ ਬਜਟ ਵਿੱਚ 'ਪੀਐੱਮ ਧਨ ਧਾਨਯ ਕ੍ਰਿਸ਼ੀ ਯੋਜਨਾ' ਦਾ ਐਲਾਨ ਕੀਤਾ ਹੈ, ਇਸ ਦੇ ਤਹਿਤ ਦੇਸ਼ ਵਿੱਚ ਸਭ ਤੋਂ ਘੱਟ ਖੇਤੀਬਾੜੀ ਉਤਪਾਦਕਤਾ ਵਾਲੇ 100 ਜ਼ਿਲ੍ਹਿਆਂ ਦੇ ਵਿਕਾਸ 'ਤੇ ਧਿਆਨ ਕੇਂਦ੍ਰਿਤ ਕੀਤਾ ਜਾਵੇਗਾ: ਪ੍ਰਧਾਨ ਮੰਤਰੀ
ਅੱਜ ਲੋਕ ਪੋਸ਼ਣ ਪ੍ਰਤੀ ਬਹੁਤ ਜਾਗਰੂਕ ਹੋ ਗਏ ਹਨ, ਇਸ ਲਈ ਬਾਗਬਾਨੀ, ਡੇਅਰੀ ਅਤੇ ਮੱਛੀ ਪਾਲਣ ਉਤਪਾਦਾਂ ਦੀ ਵਧਦੀ ਮੰਗ ਨੂੰ ਧਿਆਨ ਵਿੱਚ ਰੱਖਦੇ ਹੋਏ, ਇਨ੍ਹਾਂ ਖੇਤਰਾਂ ਵਿੱਚ ਭਾਰੀ ਨਿਵੇਸ਼ ਕੀਤਾ ਗਿਆ ਹੈ; ਫਲਾਂ ਅਤੇ ਸਬਜ਼ੀਆਂ ਦੇ ਉਤਪਾਦਨ ਨੂੰ ਵਧਾਉਣ ਲਈ ਕਈ ਪ੍ਰੋਗਰਾਮ ਚਲਾਏ ਜਾ ਰਹੇ ਹਨ: ਪ੍ਰਧਾਨ ਮੰਤਰੀ
ਅਸੀਂ ਬਿਹਾਰ ਵਿੱਚ ਮਖਾਨਾ ਬੋਰਡ ਦੇ ਗਠਨ ਦਾ ਐਲਾਨ ਕੀਤਾ ਹੈ: ਪ੍ਰਧਾਨ ਮੰਤਰੀ
ਸਾਡੀ ਸਰਕਾਰ ਪੇਂਡੂ ਅਰਥਵਿਵਸਥਾ ਨੂੰ ਖੁਸ਼ਹਾਲ ਬਣਾਉਣ ਲਈ
Posted On:
01 MAR 2025 1:59PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਖੇਤੀਬਾੜੀ ਅਤੇ ਪੇਂਡੂ ਖੁਸ਼ਹਾਲੀ ਬਾਰੇ ਬਜਟ ਤੋਂ ਬਾਅਦ ਵੈਬੀਨਾਰ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਸੰਬੋਧਨ ਕੀਤਾ। ਬਜਟ ਤੋਂ ਬਾਅਦ ਦੇ ਵੈਬੀਨਾਰ ਵਿੱਚ ਭਾਗੀਦਾਰੀ ਦੀ ਮਹੱਤਤਾ 'ਤੇ ਜ਼ੋਰ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਇਸ ਸਮਾਗਮ ਵਿੱਚ ਸ਼ਾਮਲ ਹੋਣ ਲਈ ਸਾਰਿਆਂ ਦਾ ਧੰਨਵਾਦ ਕੀਤਾ ਅਤੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਇਸ ਵਰ੍ਹੇ ਦਾ ਬਜਟ ਸਰਕਾਰ ਦੇ ਤੀਜੇ ਕਾਰਜਕਾਲ ਦਾ ਪਹਿਲਾ ਪੂਰਾ ਬਜਟ ਹੈ, ਜੋ ਨੀਤੀਆਂ ਵਿੱਚ ਨਿਰੰਤਰਤਾ ਅਤੇ ਵਿਕਸਿਤ ਭਾਰਤ ਦੇ ਦ੍ਰਿਸ਼ਟੀਕੋਣ ਦੇ ਇੱਕ ਨਵੇਂ ਵਿਸਤਾਰ ਨੂੰ ਦਰਸਾਉਂਦਾ ਹੈ। ਉਨ੍ਹਾਂ ਨੇ ਬਜਟ ਤੋਂ ਪਹਿਲਾਂ ਸਾਰੇ ਹਿਤਧਾਰਕਾਂ ਤੋਂ ਪ੍ਰਾਪਤ ਕੀਮਤੀ ਜਾਣਕਾਰੀਆਂ ਅਤੇ ਸੁਝਾਵਾਂ ਨੂੰ ਸਵੀਕਾਰ ਕੀਤਾ, ਜੋ ਕਿ ਬਹੁਤ ਉਪਯੋਗੀ ਸਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਸ ਬਜਟ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਵਿੱਚ ਹਿਤਧਾਰਕਾਂ ਦੀ ਭੂਮਿਕਾ ਹੋਰ ਵੀ ਮਹੱਤਵਪੂਰਨ ਹੋ ਗਈ ਹੈ।
ਸ਼੍ਰੀ ਮੋਦੀ ਨੇ ਕਿਹਾ, "ਇੱਕ ਵਿਕਸਿਤ ਭਾਰਤ ਦੇ ਟੀਚੇ ਪ੍ਰਤੀ ਸਾਡਾ ਸੰਕਲਪ ਬਹੁਤ ਸਪਸ਼ਟ ਹੈ ਅਤੇ ਅਸੀਂ ਸਭ ਇਕੱਠੇ ਮਿਲ ਕੇ ਇੱਕ ਅਜਿਹਾ ਭਾਰਤ ਬਣਾ ਰਹੇ ਹਾਂ ਜਿੱਥੇ ਕਿਸਾਨ ਖੁਸ਼ਹਾਲ ਅਤੇ ਸਸ਼ਕਤ ਹੋਣ।" ਉਨ੍ਹਾਂ ਨੇ ਇਸ ਗੱਲ਼ ‘ਤੇ ਜ਼ੋਰ ਦੇ ਕੇ ਕਿਹਾ ਕਿ ਸਾਡਾ ਯਤਨ ਇਹ ਯਕੀਨੀ ਬਣਾਉਣਾ ਹੈ ਕਿ ਕੋਈ ਵੀ ਕਿਸਾਨ ਪਿੱਛੇ ਨਾ ਰਹੇ ਅਤੇ ਹਰ ਕਿਸਾਨ ਨੂੰ ਅੱਗੇ ਵਧਾਇਆ ਜਾਵੇ। ਉਨ੍ਹਾਂ ਕਿਹਾ ਕਿ ਖੇਤੀਬਾੜੀ ਨੂੰ ਵਿਕਾਸ ਦਾ ਪਹਿਲਾ ਇੰਜਣ ਮੰਨਿਆ ਜਾਂਦਾ ਹੈ, ਜਿਸ ਨਾਲ ਕਿਸਾਨਾਂ ਨੂੰ ਇੱਕ ਮਾਣ ਦਾ ਸਥਾਨ ਮਿਲਿਆ ਹੈ। ਉਨ੍ਹਾਂ ਕਿਹਾ, "ਭਾਰਤ ਇੱਕੋ ਸਮੇਂ ਦੋ ਵੱਡੇ ਟੀਚਿਆਂ ਵੱਲ ਕੰਮ ਕਰ ਰਿਹਾ ਹੈ: ਖੇਤੀਬਾੜੀ ਖੇਤਰ ਦਾ ਵਿਕਾਸ ਅਤੇ ਪਿੰਡਾਂ ਦੀ ਖੁਸ਼ਹਾਲੀ।"
ਸ਼੍ਰੀ ਮੋਦੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਛੇ ਸਾਲ ਪਹਿਲਾਂ ਲਾਗੂ ਕੀਤੀ ਗਈ ਪੀਐੱਮ ਕਿਸਾਨ ਸਨਮਾਨ ਨਿਧੀ ਯੋਜਨਾ ਦੇ ਤਹਿਤ ਕਿਸਾਨਾਂ ਨੂੰ ਲਗਭਗ 3.75 ਲੱਖ ਕਰੋੜ ਰੁਪਏ ਪ੍ਰਦਾਨ ਕੀਤੇ ਗਏ ਹਨ ਅਤੇ ਇਹ ਰਕਮ ਸਿੱਧੀ 11 ਕਰੋੜ ਕਿਸਾਨਾਂ ਦੇ ਖਾਤਿਆਂ ਵਿੱਚ ਟ੍ਰਾਂਸਫਰ ਕੀਤੀ ਗਈ ਹੈ। ਉਨ੍ਹਾਂ ਇਸ ਗੱਲ ‘ਤੇ ਜ਼ੋਰ ਦਿੱਤਾ ਕਿ 6,000 ਰੁਪਏ ਦੀ ਸਲਾਨਾ ਵਿੱਤੀ ਸਹਾਇਤਾ ਪੇਂਡੂ ਅਰਥਵਿਵਸਥਾ ਨੂੰ ਮਜ਼ਬੂਤ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਭਰ ਦੇ ਕਿਸਾਨਾਂ ਤੱਕ ਇਸ ਯੋਜਨਾ ਦੇ ਲਾਭ ਪਹੁੰਚਾਉਣ ਲਈ ਇੱਕ ਕਿਸਾਨ-ਕੇਂਦ੍ਰਿਤ ਡਿਜੀਟਲ ਬੁਨਿਆਦੀ ਢਾਂਚਾ ਬਣਾਇਆ ਗਿਆ ਹੈ, ਜਿਸ ਵਿੱਚ ਵਿਚੋਲਿਆਂ ਜਾਂ ਲੀਕੇਜ਼ ਲਈ ਕੋਈ ਗੁੰਜਾਇਸ਼ ਨਹੀਂ ਰਹਿ ਗਈ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅਜਿਹੀਆਂ ਯੋਜਨਾਵਾਂ ਦੀ ਸਫਲਤਾ ਮਾਹਿਰਾਂ ਅਤੇ ਦੂਰਦਰਸ਼ੀ ਲੋਕਾਂ ਦੇ ਸਹਿਯੋਗ ਨਾਲ ਸੰਭਵ ਹੈ। ਉਨ੍ਹਾਂ ਨੇ ਉਨ੍ਹਾਂ ਦੇ ਯੋਗਦਾਨ ਦੀ ਸ਼ਲਾਘਾ ਕਰਦੇ ਹੋਏ ਅਤੇ ਕਿਹਾ ਕਿ ਉਨ੍ਹਾਂ ਦੀ ਮਦਦ ਨਾਲ ਕੋਈ ਵੀ ਯੋਜਨਾ ਪੂਰੀ ਤਾਕਤ ਅਤੇ ਪਾਰਦਰਸ਼ਤਾ ਨਾਲ ਲਾਗੂ ਕੀਤੀ ਜਾ ਸਕਦੀ ਹੈ। ਉਨ੍ਹਾਂ ਨੇ ਉਨ੍ਹਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਸਰਕਾਰ ਹੁਣ ਇਸ ਵਰ੍ਹੇ ਦੇ ਬਜਟ ਵਿੱਚ ਕੀਤੇ ਐਲਾਨਾਂ ਨੂੰ ਲਾਗੂ ਕਰਨ ਲਈ ਤੇਜ਼ ਰਫ਼ਤਾਰ ਨਾਲ ਕੰਮ ਕਰ ਰਹੀ ਹੈ ਅਤੇ ਉਨ੍ਹਾਂ ਤੋਂ ਨਿਰੰਤਰ ਸਹਿਯੋਗ ਦੀ ਉਮੀਦ ਕਰਦੀ ਹੈ।
ਇਸ ਗੱਲ ‘ਤੇ ਜ਼ੋਰ ਦਿੰਦੇ ਹੋਏ ਕਿ ਭਾਰਤ ਦਾ ਖੇਤੀਬਾੜੀ ਉਤਪਾਦਨ ਰਿਕਾਰਡ ਪੱਧਰ 'ਤੇ ਪਹੁੰਚ ਗਿਆ ਹੈ, ਪ੍ਰਧਾਨ ਮੰਤਰੀ ਨੇ ਕਿਹਾ ਕਿ 10-11 ਵਰ੍ਹੇ ਪਹਿਲਾਂ ਖੇਤੀਬਾੜੀ ਉਤਪਾਦਨ ਲਗਭਗ 265 ਮਿਲੀਅਨ ਟਨ ਸੀ, ਜੋ ਹੁਣ ਵਧ ਕੇ 330 ਮਿਲੀਅਨ ਟਨ ਤੋਂ ਵੱਧ ਹੋ ਗਿਆ ਹੈ। ਇਸੇ ਤਰ੍ਹਾਂ, ਬਾਗਬਾਨੀ ਉਤਪਾਦਨ 350 ਮਿਲੀਅਨ ਟਨ ਤੋਂ ਜ਼ਿਆਦਾ ਹੋ ਗਿਆ ਹੈ। ਉਨ੍ਹਾਂ ਨੇ ਇਸ ਸਫਲਤਾ ਦਾ ਕ੍ਰੈਡਿਟ ਬੀਜ-ਤੋਂ-ਬਜ਼ਾਰ ਤੱਕ ਸਰਕਾਰ ਦੇ ਵਿਜ਼ਨ, ਖੇਤੀਬਾੜੀ ਸੁਧਾਰਾਂ, ਕਿਸਾਨ ਸਸ਼ਕਤੀਕਰਣ ਅਤੇ ਇੱਕ ਮਜ਼ਬੂਤ ਵੈਲਿਊ ਚੇਨ ਨੂੰ ਦਿੱਤਾ। ਸ਼੍ਰੀ ਮੋਦੀ ਨੇ ਦੇਸ਼ ਦੀ ਖੇਤੀਬਾੜੀ ਸਮਰੱਥਾ ਦਾ ਪੂਰੀ ਤਰ੍ਹਾਂ ਉਪਯੋਗ ਕਰਨ ਅਤੇ ਹੋਰ ਵੀ ਵੱਡੇ ਟੀਚਿਆਂ ਨੂੰ ਪ੍ਰਾਪਤ ਕਰਨ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਇਸ ਦਿਸ਼ਾ ਵਿੱਚ, ਬਜਟ ਵਿੱਚ ਪੀਐੱਮ ਧਨ ਧਾਨਯ ਕ੍ਰਿਸ਼ੀ ਯੋਜਨਾ ਦਾ ਐਲਾਨ ਕੀਤਾ ਗਿਆ ਹੈ, ਜੋ ਕਿ 100 ਸਭ ਤੋਂ ਘੱਟ ਉਤਪਾਦਕ ਖੇਤੀਬਾੜੀ ਜ਼ਿਲ੍ਹਿਆਂ ਦੇ ਵਿਕਾਸ 'ਤੇ ਕੇਂਦ੍ਰਿਤ ਹੈ। ਪ੍ਰਧਾਨ ਮੰਤਰੀ ਨੇ ਵੱਖ-ਵੱਖ ਵਿਕਾਸ ਮਾਪਦੰਡਾਂ 'ਤੇ ਖਾਹਿਸ਼ੀ ਜ਼ਿਲ੍ਹਿਆਂ ਦੇ ਪ੍ਰੋਗਰਾਮ ਦੁਆਰਾ ਪ੍ਰਾਪਤ ਸਕਾਰਾਤਮਕ ਨਤੀਜਿਆਂ ਦਾ ਜ਼ਿਕਰ ਕੀਤਾ, ਜਿਨ੍ਹਾਂ ਨੂੰ ਸਹਿਯੋਗ, ਸਦਭਾਵਨਾ ਅਤੇ ਸਿਹਤਮੰਦ ਮੁਕਾਬਲੇ ਤੋਂ ਲਾਭ ਪ੍ਰਾਪਤ ਹੋਇਆ ਹੈ। ਉਨ੍ਹਾਂ ਨੇ ਸਾਰਿਆਂ ਨੂੰ ਇਨ੍ਹਾਂ ਜ਼ਿਲ੍ਹਿਆਂ ਦੇ ਨਤੀਜਿਆਂ ਦਾ ਅਧਿਐਨ ਕਰਨ ਅਤੇ ਪੀਐੱਮ ਧਨ ਧਾਨਯ ਕ੍ਰਿਸ਼ੀ ਯੋਜਨਾ ਨੂੰ ਅੱਗੇ ਵਧਾਉਣ ਲਈ ਇਸ ਤੋਂ ਪ੍ਰਾਪਤ ਤਜਰਬੇ ਅਤੇ ਜਾਣਕਾਰੀ ਨੂੰ ਅਮਲ ਵਿੱਚ ਲਿਆਉਣ ਦੀ ਅਪੀਲ ਕੀਤੀ, ਜੋ ਇਨ੍ਹਾਂ 100 ਜ਼ਿਲ੍ਹਿਆਂ ਦੇ ਕਿਸਾਨਾਂ ਦੀ ਆਮਦਨ ਨੂੰ ਵਧਾਉਣ ਵਿੱਚ ਮਦਦ ਕਰੇਗਾ।
ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਜ਼ੋਰ ਦੇ ਕੇ ਕਿਹਾ ਕਿ ਹਾਲ ਹੀ ਦੇ ਵਰ੍ਹਿਆਂ ਵਿੱਚ ਕੀਤੇ ਗਏ ਯਤਨਾਂ ਨਾਲ ਦੇਸ਼ ਵਿੱਚ ਦਾਲਾਂ ਦਾ ਉਤਪਾਦਨ ਵਧਿਆ ਹੈ, ਪਰ ਘਰੇਲੂ ਖਪਤ ਦਾ 20 ਪ੍ਰਤੀਸ਼ਤ ਹਿੱਸਾ ਅਜੇ ਵੀ ਆਯਾਤ 'ਤੇ ਨਿਰਭਰ ਹੈ, ਜਿਸ ਲਈ ਦਾਲਾਂ ਦਾ ਉਤਪਾਦਨ ਵਧਾਉਣ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਭਾਰਤ ਨੇ ਛੋਲੇ ਅਤੇ ਮੂੰਗੀ ਦੇ ਮਾਮਲੇ ਵਿੱਚ ਆਤਮਨਿਰਭਰਤਾ ਹਾਸਲ ਕਰ ਲਈ ਹੈ, ਪਰ ਅਰਹਰ, ਉੜਦ ਅਤੇ ਮਸਰ ਦੇ ਉਤਪਾਦਨ ਨੂੰ ਵਧਾਉਣ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਦਾਲਾਂ ਦੇ ਉਤਪਾਦਨ ਨੂੰ ਉਤਸ਼ਾਹਿਤ ਕਰਨ ਲਈ, ਉੱਨਤ ਬੀਜਾਂ ਦੀ ਸਪਲਾਈ ਬਣਾਏ ਰੱਖਣਾ ਅਤੇ ਹਾਈਬ੍ਰਿਡ ਕਿਸਮਾਂ ਨੂੰ ਹੁਲਾਰਾ ਦੇਣਾ ਜ਼ਰੂਰੀ ਹੈ। ਉਨ੍ਹਾਂ ਨੇ ਜਲਵਾਯੂ ਪਰਿਵਰਤਨ, ਬਜ਼ਾਰ ਦੀ ਅਨਿਸ਼ਚਿਤਤਾ ਅਤੇ ਕੀਮਤਾਂ ਦੇ ਉਤਾਰ-ਚੜ੍ਹਾਅ ਵਰਗੀਆਂ ਚੁਣੌਤੀਆਂ ਨੂੰ ਹੱਲ ਕਰਨ 'ਤੇ ਧਿਆਨ ਕੇਂਦ੍ਰਿਤ ਕਰਨ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ।
ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਪਿਛਲੇ ਦਹਾਕੇ ਦੌਰਾਨ, ਆਈਸੀਏਆਰ ਨੇ ਆਪਣੇ ਪ੍ਰਜਨਨ ਪ੍ਰੋਗਰਾਮ ਵਿੱਚ ਆਧੁਨਿਕ ਉਪਕਰਣਾਂ ਅਤੇ ਅਤਿ-ਆਧੁਨਿਕ ਟੈਕਨੋਲੋਜੀ ਦੀ ਵਰਤੋਂ ਕੀਤੀ ਹੈ, ਅਤੇ ਇਸ ਦੇ ਨਤੀਜੇ ਵਜੋਂ, 2014 ਤੋਂ 2024 ਦੇ ਦਰਮਿਆਨ ਅਨਾਜ, ਤੇਲ ਬੀਜ, ਦਾਲਾਂ, ਚਾਰਾ ਅਤੇ ਗੰਨੇ ਸਮੇਤ 2,900 ਤੋਂ ਵੱਧ ਨਵੀਆਂ ਕਿਸਮਾਂ ਵਿਕਸਿਤ ਕੀਤੀਆਂ ਗਈਆਂ ਹਨ। ਉਨ੍ਹਾਂ ਨੇ ਇਹ ਯਕੀਨੀ ਬਣਾਉਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ ਕਿ ਇਹ ਨਵੀਆਂ ਕਿਸਮਾਂ ਕਿਸਾਨਾਂ ਨੂੰ ਕਿਫਾਇਤੀ ਦਰਾਂ 'ਤੇ ਉਪਲਬਧ ਹੋਣ ਅਤੇ ਮੌਸਮ ਦੇ ਉਤਾਰ-ਚੜ੍ਹਾਅ ਨਾਲ ਉਨ੍ਹਾਂ ਦੀ ਪੈਦਾਵਾਰ ਪ੍ਰਭਾਵਿਤ ਨਾ ਹੋਵੇ। ਉਨ੍ਹਾਂ ਨੇ ਇਸ ਵਰ੍ਹੇ ਦੇ ਬਜਟ ਵਿੱਚ ਉੱਚ-ਉਪਜ ਵਾਲੇ ਬੀਜਾਂ ਲਈ ਇੱਕ ਰਾਸ਼ਟਰੀ ਮਿਸ਼ਨ ਦੇ ਐਲਾਨ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਨਿਜੀ ਖੇਤਰ ਦੇ ਭਾਗੀਦਾਰਾਂ ਨੂੰ ਇਨ੍ਹਾਂ ਬੀਜਾਂ ਦੇ ਪ੍ਰਸਾਰ 'ਤੇ ਧਿਆਨ ਕੇਂਦ੍ਰਿਤ ਕਰਨ ਅਤੇ ਬੀਜ ਲੜੀ ਦਾ ਹਿੱਸਾ ਬਣ ਕੇ ਛੋਟੇ ਕਿਸਾਨਾਂ ਤੱਕ ਪਹੁੰਚਣ ਦੀ ਅਪੀਲ ਕੀਤੀ।
ਸ਼੍ਰੀ ਮੋਦੀ ਨੇ ਕਿਹਾ ਕਿ ਅੱਜ ਲੋਕਾਂ ਵਿੱਚ ਪੋਸ਼ਣ ਪ੍ਰਤੀ ਜਾਗਰੂਕਤਾ ਵਧ ਰਹੀ ਹੈ ਅਤੇ ਇਸ ਗੱਲ ‘ਤੇ ਜ਼ੋਰ ਦੇ ਕੇ ਕਿਹਾ ਕਿ ਵਧਦੀ ਮੰਗ ਨੂੰ ਪੂਰਾ ਕਰਨ ਲਈ ਬਾਗਬਾਨੀ, ਡੇਅਰੀ ਅਤੇ ਮੱਛੀ ਪਾਲਣ ਉਤਪਾਦਾਂ ਵਰਗੇ ਖੇਤਰਾਂ ਵਿੱਚ ਭਾਰੀ ਨਿਵੇਸ਼ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਫਲਾਂ ਅਤੇ ਸਬਜ਼ੀਆਂ ਦੇ ਉਤਪਾਦਨ ਨੂੰ ਉਤਸ਼ਾਹਿਤ ਕਰਨ ਲਈ ਕਈ ਪ੍ਰੋਗਰਾਮ ਲਾਗੂ ਕੀਤੇ ਜਾ ਰਹੇ ਹਨ ਅਤੇ ਬਿਹਾਰ ਵਿੱਚ ਮਖਾਨਾ ਬੋਰਡ ਦੇ ਗਠਨ ਦਾ ਐਲਾਨ ਕੀਤਾ ਗਿਆ ਹੈ। ਉਨ੍ਹਾਂ ਸਾਰੇ ਹਿੱਸੇਦਾਰਾਂ ਨੂੰ ਅਪੀਲ ਕੀਤੀ ਕਿ ਉਹ ਵਿਭਿੰਨ ਪੌਸ਼ਟਿਕ ਭੋਜਨਾਂ ਨੂੰ ਉਤਸ਼ਾਹਿਤ ਕਰਨ ਲਈ ਨਵੇਂ ਤਰੀਕੇ ਲੱਭਣ ਤਾਂ ਜੋ ਦੇਸ਼ ਦੇ ਹਰ ਕੋਨੇ ਅਤੇ ਵਿਸ਼ਵ ਬਜ਼ਾਰ ਤੱਕ ਉਨ੍ਹਾਂ ਦੀ ਪਹੁੰਚ ਯਕੀਨੀ ਬਣਾਈ ਜਾ ਸਕੇ।
ਪ੍ਰਧਾਨ ਮੰਤਰੀ ਮਤਸਯ ਸੰਪਦਾ ਯੋਜਨਾ ਦੀ 2019 ਵਿੱਚ ਸ਼ੁਰੂਆਤ ਨੂੰ ਯਾਦ ਕਰਦੇ ਹੋਏ, ਜਿਸ ਦਾ ਉਦੇਸ਼ ਵੈਲਿਊ ਚੇਨ, ਬੁਨਿਆਦੀ ਢਾਂਚੇ ਅਤੇ ਮੱਛੀ ਪਾਲਣ ਖੇਤਰ ਦੇ ਆਧੁਨਿਕੀਕਰਣ ਨੂੰ ਮਜ਼ਬੂਤ ਕਰਨਾ ਹੈ, ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਪਹਿਲਕਦਮੀ ਨੇ ਮੱਛੀ ਪਾਲਣ ਖੇਤਰ ਵਿੱਚ ਉਤਪਾਦਨ, ਮੱਛੀ ਫੜਨ ਤੋਂ ਬਾਅਦ ਪ੍ਰੋਸੈੱਸਿੰਗ ਅਤੇ ਮਾਰਕੀਟਿੰਗ ਦੇ ਕੰਮ ਵਿੱਚ ਸੁਧਾਰ ਕੀਤਾ ਹੈ, ਜਦਕਿ ਵੱਖ ਵੱਖ ਯੋਜਨਾਵਾਂ ਦੇ ਮਾਧਿਅਮ ਨਾਲ ਇਸ ਖੇਤਰ ਵਿੱਚ ਨਿਵੇਸ਼ ਵਧਿਆ ਹੈ,ਜਿਸ ਦੇ ਸਿੱਟੇ ਵਜੋਂ ਮੱਛੀ ਉਤਪਾਦਨ ਅਤੇ ਨਿਰਯਾਤ ਵਿੱਚ ਦੁੱਗਣਾ ਵਾਧਾ ਹੋਇਆ ਹੈ। ਉਨ੍ਹਾਂ ਨੇ ਭਾਰਤੀ ਵਿਸ਼ੇਸ਼ ਆਰਥਿਕ ਖੇਤਰ ਅਤੇ ਖੁੱਲ੍ਹੇ ਸਮੁੰਦਰਾਂ ਵਿੱਚ ਮੱਛੀ ਪਾਲਣ ਨੂੰ ਨਿਰੰਤਰ ਉਤਸ਼ਾਹਿਤ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ ਅਤੇ ਇਸ ਉਦੇਸ਼ ਲਈ ਇੱਕ ਯੋਜਨਾ ਤਿਆਰ ਕੀਤੀ ਜਾਵੇਗੀ। ਸ਼੍ਰੀ ਮੋਦੀ ਨੇ ਹਿਤਧਾਰਕਾਂ ਨੂੰ ਇਸ ਖੇਤਰ ਵਿੱਚ ਈਜ਼ ਆਫ ਡੂਇੰਗ ਬਿਜ਼ਨਿਸ ਨੂੰ ਉਤਸ਼ਾਹਿਤ ਕਰਨ ਲਈ ਵਿਚਾਰਾਂ 'ਤੇ ਮੰਥਨ ਕਰਨ ਅਤੇ ਉਨ੍ਹਾਂ 'ਤੇ ਜਲਦੀ ਤੋਂ ਜਲਦੀ ਕੰਮ ਸ਼ੁਰੂ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਰਵਾਇਤੀ ਮਛੇਰਿਆਂ ਦੇ ਹਿਤਾਂ ਦੀ ਰੱਖਿਆ ਦੀ ਮਹੱਤਤਾ 'ਤੇ ਵੀ ਜ਼ੋਰ ਦਿੱਤਾ।
ਪ੍ਰਧਾਨ ਮੰਤਰੀ ਨੇ ਕਿਹਾ, "ਸਾਡੀ ਸਰਕਾਰ ਪੇਂਡੂ ਅਰਥਵਿਵਸਥਾ ਨੂੰ ਖੁਸ਼ਹਾਲ ਬਣਾਉਣ ਲਈ ਵਚਨਬੱਧ ਹੈ", ਉਨ੍ਹਾਂ ਨੇ ਇਸ ਗੱਲ ਨੂੰ ਉਜਾਗਰ ਕਰਦੇ ਹੋਏ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ -ਗ੍ਰਾਮੀਣ ਦੇ ਤਹਿਤ ਕਰੋੜਾਂ ਗਰੀਬ ਲੋਕਾਂ ਨੂੰ ਘਰ ਪ੍ਰਦਾਨ ਕੀਤੇ ਜਾ ਰਹੇ ਹਨ ਅਤੇ ਸਵਾਮਿਤਵ ਯੋਜਨਾ ਨੇ ਸੰਪਤੀ ਮਾਲਕਾਂ ਨੂੰ 'ਰਿਕਾਰਡ ਆਫ ਰਾਈਟਸ' ਦਿੱਤਾ ਹੈ। ਉਨ੍ਹਾਂ ਨੇ ਦੱਸਿਆ ਕਿ ਸਵੈ-ਸਹਾਇਤਾ ਸਮੂਹਾਂ ਦੀ ਆਰਥਿਕ ਤਾਕਤ ਵਧੀ ਹੈ ਅਤੇ ਉਨ੍ਹਾਂ ਨੂੰ ਵਾਧੂ ਸਹਾਇਤਾ ਮਿਲੀ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਨਾਲ ਛੋਟੇ ਕਿਸਾਨਾਂ ਅਤੇ ਕਾਰੋਬਾਰਾਂ ਨੂੰ ਲਾਭ ਹੋਇਆ ਹੈ। 3 ਕਰੋੜ ਲਖਪਤੀ ਦੀਦੀਆਂ ਬਣਾਉਣ ਦੇ ਟੀਚੇ ਨੂੰ ਦੁਹਰਾਉਂਦੇ ਹੋਏ, ਜਦਕਿ ਯਤਨਾਂ ਦੇ ਨਤੀਜੇ ਵਜੋਂ 1.25 ਕਰੋੜ ਮਹਿਲਾਵਾਂ ਪਹਿਲਾਂ ਹੀ ਲਖਪਤੀ ਦੀਦੀ ਬਣ ਚੁੱਕੀਆਂ ਹਨ, ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਪੇਂਡੂ ਖੁਸ਼ਹਾਲੀ ਅਤੇ ਵਿਕਾਸ ਪ੍ਰੋਗਰਾਮਾਂ ਲਈ ਇਸ ਬਜਟ ਵਿੱਚ ਕੀਤੇ ਗਏ ਐਲਾਨਾਂ ਨਾਲ ਰੋਜ਼ਗਾਰ ਦੇ ਬਹੁਤ ਸਾਰੇ ਨਵੇਂ ਮੌਕੇ ਪੈਦਾ ਹੋਏ ਹਨ। ਉਨ੍ਹਾਂ ਕਿਹਾ ਕਿ ਸਕਿੱਲ ਅਤੇ ਟੈਕਨੋਲੋਜੀ ਵਿੱਚ ਨਿਵੇਸ਼ ਨਾਲ ਨਵੇਂ ਮੌਕੇ ਪੈਦਾ ਹੋ ਰਹੇ ਹੈ। ਪ੍ਰਧਾਨ ਮੰਤਰੀ ਨੇ ਸਾਰਿਆਂ ਨੂੰ ਮੌਜੂਦਾ ਯੋਜਨਾਵਾਂ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਬਾਰੇ ਚਰਚਾ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਉਨ੍ਹਾਂ ਦੇ ਸੁਝਾਵਾਂ ਅਤੇ ਯੋਗਦਾਨ ਨਾਲ ਸਕਾਰਾਤਮਕ ਨਤੀਜੇ ਨਿਕਲਣਗੇ। ਉਨ੍ਹਾਂ ਨੇ ਇਹ ਕਹਿ ਕੇ ਆਪਣੀ ਗੱਲ ਖਤਮ ਕੀਤੀ ਕਿ ਸਾਰਿਆਂ ਦੀ ਸਰਗਰਮ ਭਾਗੀਦਾਰੀ ਨਾਲ ਪਿੰਡ ਸਸ਼ਕਤ ਹੋਣਗੇ ਅਤੇ ਪੇਂਡੂ ਪਰਿਵਾਰ ਖੁਸ਼ਹਾਲ ਹੋਣਗੇ। ਉਨ੍ਹਾਂ ਨੇ ਵਿਸ਼ਵਾਸ ਪ੍ਰਗਟਾਇਆ ਕਿ ਇਹ ਵੈਬੀਨਾਰ ਬਜਟ ਯੋਜਨਾਵਾਂ ਨੂੰ ਤੇਜ਼ੀ ਨਾਲ ਲਾਗੂ ਕਰਨ ਵਿੱਚ ਮਦਦ ਕਰੇਗਾ। ਉਨ੍ਹਾਂ ਨੇ ਬਜਟ ਦੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਸਾਰੇ ਹਿੱਸੇਦਾਰਾਂ ਨੂੰ ਇਕਜੁੱਟ ਹੋ ਕੇ ਕੰਮ ਕਰਨ ਦੀ ਅਪੀਲ ਕੀਤੀ।
***************
ਐੱਮਜੇਪੀਐੱਸ/ਐੱਸਆਰ
(Release ID: 2107464)
Visitor Counter : 8
Read this release in:
Odia
,
English
,
Urdu
,
Marathi
,
Hindi
,
Manipuri
,
Bengali
,
Assamese
,
Gujarati
,
Tamil
,
Telugu
,
Kannada
,
Malayalam