ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਗਲੋਬਲ ਸਾਊਥ ਦੀਆਂ ਮਹਿਲਾ ਸ਼ਾਂਤੀ ਸੈਨਿਕਾਂ ਦੇ ਸੰਮੇਲਨ ਦੇ ਭਾਗੀਦਾਰਾਂ ਨੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ

Posted On: 24 FEB 2025 3:34PM by PIB Chandigarh

ਗਲੋਬਲ ਸਾਊਥ ਦੀਆਂ ਮਹਿਲਾ ਸ਼ਾਂਤੀ ਸੈਨਿਕਾਂ ਦੇ ਸੰਮੇਲਨ ਵਿੱਚ ਹਿੱਸਾ ਲੈਣ ਵਾਲਿਆਂ ਦੇ ਇੱਕ ਸਮੂਹ ਨੇ ਅੱਜ (24 ਫਰਵਰੀ, 2025) ਰਾਸ਼ਟਰਪਤੀ ਭਵਨ ਵਿਖੇ ਰਾਸ਼ਟਰਪਤੀ ਸ਼੍ਰੀਮਤੀ ਦ੍ਰੋਪਦੀ ਮੁਰਮੂ ਨਾਲ ਮੁਲਾਕਾਤ ਕੀਤੀ।

ਭਾਗੀਦਾਰਾਂ ਨੂੰ ਸੰਬੋਧਨ ਕਰਦੇ ਹੋਏ ਰਾਸ਼ਟਰਪਤੀ ਨੇ ਕਿਹਾ ਕਿ ਮਹਿਲਾਵਾਂ ਦੀ ਮੌਜੂਦਗੀ ਸ਼ਾਂਤੀ ਸਥਾਪਨਾ ਮਿਸ਼ਨ ਨੂੰ ਹੋਰ ਵਧੇਰੇ ਵਿਭਿੰਨਤਾਪੂਰਣ ਅਤੇ ਸਮਾਵੇਸ਼ੀ ਬਣਾਉਂਦੀ ਹੈ। ਮਹਿਲਾ ਸ਼ਾਂਤੀ ਰੱਖਿਅਕਾਂ ਦੀ ਅਕਸਰ ਸਥਾਨਕ ਸਮੁਦਾਇਆਂ ਤੱਕ ਬਿਹਤਰ ਪਹੁੰਚ ਹੁੰਦੀ ਹੈ ਅਤੇ ਉਹ ਮਹਿਲਾਵਾਂ ਅਤੇ ਬੱਚਿਆਂ ਦੇ ਲਈ ਰੋਲ ਮਾਡਲ ਦੇ ਰੂਪ ਵਿੱਚ ਕੰਮ ਕਰ ਸਕਦੀਆਂ ਹਨ। ਉਹ ਲਿੰਗ-ਅਧਾਰਿਤ ਹਿੰਸਾ ਨਾਲ ਨਜਿੱਠਣ, ਵਿਸ਼ਵਾਸ ਬਣਾਉਣ ਅਤੇ ਸੰਵਾਦ ਨੂੰ ਉਤਸ਼ਾਹਿਤ ਕਰਨ ਦੇ ਲਈ ਬਿਹਤਰ ਢੰਗ ਨਾਲ ਲੈਸ ਹਨ।

ਰਾਸ਼ਟਰਪਤੀ ਨੇ ਕਿਹਾ ਕਿ ਮਹਿਲਾ ਕਰਮਚਾਰੀਆਂ ਦੇ ਉੱਚ ਪ੍ਰਤੀਸ਼ਤ ਵਾਲੇ ਸ਼ਾਂਤੀ ਮਿਸ਼ਨ ਹਿੰਸਾ ਨੂੰ ਘੱਟ ਕਰਨ ਅਤੇ ਲੰਬੇ ਸਮੇਂ ਦੇ ਸ਼ਾਂਤੀ ਸਮਝੌਤਿਆਂ ਨੂੰ ਹਾਸਲ ਕਰਨ ਵਿੱਚ ਵਧੇਰੇ ਪ੍ਰਭਾਵਸ਼ਾਲੀ ਰਹੇ ਹਨ। ਇਸ ਲਈ ਇਹ ਜ਼ਰੂਰੀ ਹੈ ਕਿ ਅਸੀਂ ਸੰਯੁਕਤ ਰਾਸ਼ਟਰ ਸ਼ਾਂਤੀ ਮਿਸ਼ਨਾਂ ਵਿੱਚ ਵਧੇਰੇ ਮਹਿਲਾਵਾਂ ਨੂੰ ਸ਼ਾਮਲ ਕਰੀਏ।

ਰਾਸ਼ਟਰਪਤੀ ਨੇ ਸੰਯੁਕਤ ਰਾਸ਼ਟਰ ਸ਼ਾਂਤੀ ਸਥਾਪਨਾ ਵਿੱਚ ਭਾਰਤ ਦੇ ਯੋਗਦਾਨ ਦੇ ਸ਼ਾਨਦਾਰ ਇਤਿਹਾਸ ਨੂੰ ਯਾਦ ਕੀਤਾ, ਜਿਸ ਵਿੱਚ 2,90,000 ਤੋਂ ਵੱਧ ਭਾਰਤੀ ਸ਼ਾਂਤੀ ਸੈਨਿਕਾਂ ਨੇ 50 ਤੋਂ ਵੱਧ ਸੰਯੁਕਤ ਰਾਸ਼ਟਰ ਸ਼ਾਂਤੀ ਮਿਸ਼ਨਾਂ ਵਿੱਚ ਸੇਵਾ ਕੀਤੀ ਹੈ। ਅੱਜ, ਅੰਤਰਰਾਸ਼ਟਰੀ ਸ਼ਾਂਤੀ ਅਤੇ ਸੁਰੱਖਿਆ ਦੇ ਲਈ, ਅਕਸਰ ਪ੍ਰਤੀਕੂਲ ਸਥਿਤੀਆਂ ਵਿੱਚ ਤੈਨਾਤ 9 ਸਰਗਰਮ ਮਿਸ਼ਨਾਂ ਵਿੱਚ 5,000 ਤੋਂ ਵੱਧ ਭਾਰਤੀ ਸ਼ਾਂਤੀ ਸੈਨਿਕ ਹਨ।  ਉਨ੍ਹਾਂ ਨੂੰ ਇਹ ਜਾਣ ਕੇ ਖੁਸ਼ੀ ਹੋਈ ਕਿ ਭਾਰਤੀ ਮਹਿਲਾ ਸ਼ਾਂਤੀ ਸੈਨਿਕ ਕਰਤੱਵ ਦੇ ਸੱਦੇ ’ਤੇ ਸਭ ਤੋਂ ਅੱਗੇ ਰਹੀਆਂ ਹਨ। ਅੱਜ ਚੱਲ ਰਹੇ ਛੇ ਸੰਯੁਕਤ ਰਾਸ਼ਟਰ ਮਿਸ਼ਨਾਂ ਵਿੱਚ 154 ਤੋਂ ਵੱਧ ਭਾਰਤੀ ਮਹਿਲਾ ਸ਼ਾਂਤੀ ਸੈਨਿਕ ਤੈਨਾਤ ਹਨ। 1960 ਦੇ ਦਹਾਕੇ ਵਿੱਚ ਕਾਂਗੋ ਤੋਂ ਲੈ ਕੇ 2007 ਵਿੱਚ ਲਾਇਬੇਰੀਆ ਵਿੱਚ ਵਿਵਸਥਾ ਤੱਕ, ਸਾਡੀਆਂ ਮਹਿਲਾ ਸ਼ਾਂਤੀ ਸੈਨਿਕਾਂ ਨੇ ਪੇਸ਼ੇਵਰਤਾ ਅਤੇ ਆਚਰਣ ਦੀਆਂ ਉੱਚਤਮ ਪਰੰਪਰਾਵਾਂ ਦਾ ਪ੍ਰਦਰਸ਼ਨ ਕੀਤਾ ਹੈ।

ਮਹਿਲਾ ਸ਼ਾਂਤੀ ਸੈਨਿਕ ਨਵੀਂ ਦਿੱਲੀ ਵਿੱਚ “ਸ਼ਾਂਤੀ ਸਥਾਪਨਾ ਵਿੱਚ ਮਹਿਲਾਵਾਂ: ਗਲੋਬਲ ਸਾਊਥ ਦਾ ਦ੍ਰਿਸ਼ਟੀਕੋਣ” ਵਿਸ਼ੇ ’ਤੇ ਆਯੋਜਿਤ ਸੰਮੇਲਨ ਵਿੱਚ ਹਿੱਸਾ ਲੈਣ ਦੇ ਲਈ ਆਈਆਂ ਹਨ। ਇਹ ਸੰਮੇਲਨ ਦਾ ਆਯੋਜਨ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਦੁਆਰਾ ਰੱਖਿਆ ਮੰਤਰਾਲੇ ਅਤੇ ਸੰਯੁਕਤ ਰਾਸ਼ਟਰ ਸ਼ਾਂਤੀ ਸਥਾਪਨਾ ਕੇਂਦਰ, ਨਵੀਂ ਦਿੱਲੀ ਦੇ ਨਾਲ ਸਾਂਝੇਦਾਰੀ ਵਿੱਚ ਕੀਤਾ ਜਾ ਰਿਹਾ ਹੈ। ਇਸ ਸੰਮੇਲਨ ਦਾ ਉਦੇਸ਼ ਵਿਸ਼ਵ ਪੱਧਰ ’ਤੇ ਦੱਖਣ ਤੋਂ ਮਹਿਲਾ ਅਧਿਕਾਰੀਆਂ ਨੂੰ ਸ਼ਾਂਤੀ ਸਥਾਪਨਾ ਦੇ ਲਈ ਸਮਕਾਲੀ ਪ੍ਰਸੰਗਿਕਤਾ ਦੇ ਮੁੱਦਿਆਂ ਅਤੇ ਸ਼ਾਂਤੀ ਸਥਾਪਨਾ ਮਿਸ਼ਨਾਂ ਦੇ ਸਾਹਮਣੇ ਆਉਣ ਵਾਲੀਆਂ ਵਿਭਿੰਨ ਚੁਣੌਤੀਆਂ ’ਤੇ ਚਰਚਾ ਕਰਨ ਦੇ ਲਈ ਇਕੱਠੇ ਕਰਨਾ ਹੈ।

************

ਐੱਮਜੇਪੀਐੱਸ/ ਐੱਸਆਰ


(Release ID: 2106018) Visitor Counter : 21