ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਮੱਧ ਪ੍ਰਦੇਸ਼ ਦੇ ਭੋਪਾਲ ਵਿੱਚ ਗਲੋਬਲ ਇਨਵੈਸਟਰਸ ਸਮਿਟ 2025 ਦਾ ਉਦਘਾਟਨ ਕੀਤਾ


ਮੱਧ ਪ੍ਰਦੇਸ਼ ਵਿੱਚ ਗਲੋਬਲ ਇਨਵੈਸਟਰਸ ਸਮਿਟ ਇੱਕ ਸ਼ਲਾਘਾਯੋਗ ਪਹਿਲ ਹੈ; ਇਹ ਉਦਯੋਗ, ਇਨੋਵੇਸ਼ਨ ਅਤੇ ਇਨਫ੍ਰਾਸਟ੍ਰਕਚਰ ਦੇ ਖੇਤਰ ਵਿੱਚ ਰਾਜ ਦੀਆਂ ਅਪਾਰ ਸੰਭਾਵਨਾਵਾਂ ਨੂੰ ਪ੍ਰਦਰਸ਼ਿਤ ਕਰਨ ਲਈ ਇੱਕ ਮਹੱਤਵਪੂਰਨ ਮੰਚ ਦੇ ਰੂਪ ਵਿੱਚ ਕੰਮ ਕਰਦਾ ਹੈ: ਪ੍ਰਧਾਨ ਮੰਤਰੀ

ਗਲੋਬਲ ਇਨਵੈਸਟਰਸ ਨੂੰ ਆਕਰਸ਼ਿਤ ਕਰਕੇ, ਇਹ ਆਰਥਿਕ ਵਿਕਾਸ ਅਤੇ ਰੋਜ਼ਗਾਰ ਸਿਰਜਣ ਦਾ ਮਾਰਗ ਪੱਧਰਾ ਕਰ ਰਿਹਾ ਹੈ, ਮੱਧ ਪ੍ਰਦੇਸ਼ ਨੂੰ ਕਾਰੋਬਾਰ ਅਤੇ ਉੱਦਮਤਾ ਦੇ ਲਈ ਇੱਕ ਪ੍ਰਮੁੱਖ ਕੇਂਦਰ ਵਜੋਂ ਉਭਰਦੇ ਹੋਏ ਦੇਖ ਕੇ ਪ੍ਰਸੰਨਤਾ ਹੋਈ: ਪ੍ਰਧਾਨ ਮੰਤਰੀ

ਦੁਨੀਆ ਦਾ ਭਵਿੱਖ ਭਾਰਤ ਵਿੱਚ ਹੈ! ਆਓ, ਸਾਡੇ ਦੇਸ਼ ਵਿੱਚ ਵਿਕਾਸ ਦੇ ਅਵਸਰਾਂ ਦਾ ਪਤਾ ਲਗਾਈਏ: ਪ੍ਰਧਾਨ ਮੰਤਰੀ

ਮੱਧ ਪ੍ਰਦੇਸ਼ ਨੂੰ ਐੱਨਡੀਏ ਸਰਕਾਰ ਦੇ ਇਨਫ੍ਰਾਸਟ੍ਰਕਚਰ ਨਾਲ ਜੁੜੇ ਪ੍ਰਯਾਸਾਂ ਤੋਂ ਬਹੁਤ ਲਾਭ ਹੋਵੇਗਾ: ਪ੍ਰਧਾਨ ਮੰਤਰੀ

ਕੇਂਦਰ ਅਤੇ ਮੱਧ ਪ੍ਰਦੇਸ਼ ਵਿੱਚ ਸਾਡੀਆਂ ਸਰਕਾਰਾਂ ਜਲ ਸੁਰੱਖਿਆ ‘ਤੇ ਧਿਆਨ ਕੇਂਦ੍ਰਿਤ ਕਰ ਰਹੀਆਂ ਹਨ, ਜੋ ਵਿਕਾਸ ਲਈ ਜ਼ਰੂਰੀ ਹੈ: ਪ੍ਰਧਾਨ ਮੰਤਰੀ

2025 ਦੇ ਪਹਿਲੇ 50 ਦਿਨਾਂ ਵਿੱਚ ਤੇਜ਼ੀ ਨਾਲ ਵਿਕਾਸ ਹੋਇਆ ਹੈ: ਪ੍ਰਧਾਨ ਮੰਤਰੀ

ਪਿਛਲੇ ਦਹਾਕੇ ਭਾਰਤ ਦੇ ਊਰਜਾ ਖੇਤਰ ਲਈ ਬੇਮਿਸਾਲ ਵਿਕਾਸ ਦਾ ਦੌਰ ਰਿਹਾ ਹੈ: ਪ੍ਰਧਾਨ ਮੰਤਰੀ

ਇਸ ਵਰ੍ਹੇ ਦੇ ਬਜਟ ਵਿੱਚ, ਅਸੀਂ ਭਾਰਤ ਦੇ ਵਿਕਾਸ ਦੇ ਹਰ ਉਤਪ੍ਰੇਰਕ ਨੂੰ ਊਰਜਾ ਦਿੱਤੀ ਹੈ: ਪ੍ਰਧਾਨ ਮੰਤਰੀ

ਰਾਸ਼ਟਰੀ ਪੱਧਰ ਤੋਂ ਬਾਅਦ, ਹੁਣ ਰਾਜ ਅਤੇ ਸ

Posted On: 24 FEB 2025 3:24PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਮੱਧ ਪ੍ਰਦੇਸ਼ ਦੇ ਭੋਪਾਲ ਵਿੱਚ ਗਲੋਬਲ ਇਨਵੈਸਟਰਸ ਸਮਿਟ (ਜੀਆਈਐੱਸ) 2025 ਦਾ ਉਦਘਾਟਨ ਕੀਤਾ। ਇਕੱਠ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਨੇ ਪ੍ਰੋਗਰਾਮ ਵਿੱਚ ਦੇਰੀ ਲਈ ਮੁਆਫ਼ੀ ਮੰਗੀ, ਕਿਉਂਕਿ 10ਵੀਂ ਅਤੇ 12ਵੀਂ ਦੇ ਵਿਦਿਆਰਥੀਆਂ ਦੀਆਂ ਬੋਰਡ ਪ੍ਰੀਖਿਆਵਾਂ ਚਲ ਰਹੀਆਂ ਸਨ ਅਤੇ ਪ੍ਰੋਗਰਾਮ ਵਿੱਚ ਜਾਣ ਦੌਰਾਨ ਉਨ੍ਹਾਂ ਦੇ ਸੁਰੱਖਿਆ ਸਬੰਧੀ ਉਪਾਵਾਂ ਦੇ ਕਾਰਨ ਵਿਦਿਆਰਥੀਆਂ ਨੂੰ ਅਸੁਵਿਧਾ ਹੋ ਸਕਦੀ ਸੀ। ਸ਼੍ਰੀ ਮੋਦੀ ਨੇ ਕਿਹਾ ਕਿ ਰਾਜਾ ਭੋਜ ਦੀ ਧਰਤੀ ‘ਤੇ ਨਿਵੇਸ਼ਕਾਂ ਅਤੇ ਵਪਾਰ ਜਗਤ ਦੇ ਦਿੱਗਜਾਂ ਦਾ ਸੁਆਗਤ ਕਰਨਾ ਉਨ੍ਹਾਂ ਦੇ ਲਈ ਬਹੁਤ ਮਾਣ ਦੀ ਗੱਲ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਦਾ ਪ੍ਰੋਗਰਾਮ ਮਹੱਤਵਪੂਰਣ ਸੀ, ਕਿਉਂਕਿ ਵਿਕਸਿਤ ਭਾਰਤ ਦੀ ਯਾਤਰਾ ਵਿੱਚ ਵਿਕਸਿਤ ਮੱਧ ਪ੍ਰਦੇਸ਼ ਦੀ ਜ਼ਰੂਰਤ ਹੈ। ਉਨ੍ਹਾਂ ਨੇ ਸਮਿਟ ਦੇ ਸ਼ਾਨਦਾਰ ਆਯੋਜਨ ਲਈ ਮੱਧ ਪ੍ਰਦੇਸ਼ ਸਰਕਾਰ ਨੂੰ ਵਧਾਈ ਦਿੱਤੀ।

ਸ਼੍ਰੀ ਮੋਦੀ ਨੇ ਕਿਹਾ, “ਪੂਰੀ ਦੁਨੀਆ ਭਾਰਤ ਨੂੰ ਲੈ ਕੇ ਆਸ਼ਾਵਾਦੀ ਹੈ।” ਉਨ੍ਹਾਂ ਨੇ ਕਿਹਾ ਕਿ ਭਾਰਤ ਦੇ ਇਤਿਹਾਸ ਵਿੱਚ ਅਜਿਹਾ ਅਵਸਰ ਪਹਿਲੀ ਵਾਰ ਆਇਆ ਹੈ। ਉਨ੍ਹਾਂ ਨੇ ਕਿਹਾ ਕਿ ਆਮ ਨਾਗਰਿਕ ਹੋਣ ਜਾਂ ਨੀਤੀ ਮਾਹਿਰ ਜਾਂ ਸੰਸਥਾਵਾਂ ਜਾਂ ਦੁਨੀਆ ਦੇ ਦੇਸ਼, ਸਾਰਿਆਂ ਨੂੰ ਭਾਰਤ ਤੋਂ ਬਹੁਤ ਉਮੀਦਾਂ ਹਨ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ  ਦਿੱਤਾ ਕਿ ਪਿਛਲੇ ਕੁਝ ਹਫ਼ਤਿਆਂ ਵਿੱਚ  ਭਾਰਤ ਬਾਰੇ ਜੋ ਟਿੱਪਣੀਆਂ ਮਿਲੀਆਂ ਹਨ, ਉਨ੍ਹਾਂ ਨਾਲ ਨਿਵੇਸ਼ਕਾਂ ਦਾ ਉਤਸ਼ਾਹ ਵਧੇਗਾ। ਵਿਸ਼ਵ ਬੈਂਕ ਦੁਆਰਾ ਹਾਲ ਹੀ ਵਿੱਚ ਦਿੱਤੇ ਗਏ ਉਸ ਬਿਆਨ ਨੂੰ ਯਾਦ ਕਰਦੇ ਹੋਏ ਕਿ ਭਾਰਤ ਸਭ ਤੋਂ ਤੇਜ਼ੀ ਨਾਲ ਵਧਦੀ ਅਰਥਵਿਵਸਥਾ ਬਣਿਆ ਰਹੇਗਾ, ਪ੍ਰਧਾਨ ਮੰਤਰੀ ਨੇ ਇਸ ਗੱਲ ਨੂੰ ਉਜਾਗਰ ਕੀਤਾ ਕਿ ਓਈਸੀਡੀ ਦੇ ਇੱਕ ਪ੍ਰਤੀਨਿਧੀ ਨੇ ਟਿੱਪਣੀ ਵਿੱਚ ਕਿਹਾ, “ਦੁਨੀਆ ਦਾ ਭਵਿੱਖ ਭਾਰਤ ਵਿੱਚ ਹੈ।” ਉਨ੍ਹਾਂ ਨੇ ਕਿਹਾ ਕਿ ਹਾਲ ਹੀ ਵਿੱਚ, ਜਲਵਾਯੂ ਪਰਿਵਰਤਨ ‘ਤੇ ਸੰਯੁਕਤ ਰਾਸ਼ਟਰ ਦੇ ਇੱਕ ਸੰਗਠਨ ਨੇ ਭਾਰਤ ਨੂੰ ਸੋਲਰ ਐਨਰਜੀ ਮਹਾਸ਼ਕਤੀ ਐਲਾਨ ਕੀਤਾ ਹੈ।

ਇਸ ਸੰਗਠਨ  ਨੇ ਇਹ ਵੀ ਜ਼ਿਕਰ ਕੀਤਾ ਕਿ ਜਿੱਥੇ ਕਈ ਦੇਸ਼ ਕੇਵਲ ਗੱਲਾਂ ਕਰਦੇ ਹਨ, ਉੱਥੇ ਭਾਰਤ ਨਤੀਜਾ ਦਿੰਦਾ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਇੱਕ ਨਵੀਂ ਰਿਪੋਰਟ ਤੋਂ ਪਤਾ ਚਲਿਆ ਹੈ ਕਿ ਕਿਵੇਂ ਭਾਰਤ ਗਲੋਬਲ ਏਅਰੋਸਪੇਸ ਫਰਮਾਂ ਲਈ ਇੱਕ ਉਤਕ੍ਰਿਸ਼ਟ ਸਪਲਾਈ ਚੇਨ ਦੇ ਰੂਪ ਵਿੱਚ ਉਭਰ ਰਿਹਾ ਹੈ। ਇਹ ਫਰਮ ਭਾਰਤ ਨੂੰ ਗਲੋਬਲ ਸਪਲਾਈ ਚੇਨ ਚੁਣੌਤੀਆਂ ਦੇ ਸਮਾਧਾਨ ਦੇ ਰੂਪ ਵਿੱਚ ਦੇਖਦੀਆਂ ਹਨ। ਪ੍ਰਧਾਨ ਮੰਤਰੀ ਨੇ ਭਾਰਤ ਵਿੱਚ ਦੁਨੀਆ ਦੇ ਵਿਸ਼ਵਾਸ ਨੂੰ ਪ੍ਰਦਰਸ਼ਿਤ ਕਰਨ ਵਾਲੀਆਂ ਵਿਭਿੰਨ ਉਦਾਹਰਣਾਂ ਦਾ ਹਵਾਲਾ ਦਿੱਤਾ, ਜੋ ਹਰ ਭਾਰਤੀ ਰਾਜ ਦਾ ਆਤਮਵਿਸ਼ਵਾਸ ਵੀ ਵਧਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਮੱਧ ਪ੍ਰਦੇਸ਼ ਵਿੱਚ ਆਯੋਜਿਤ ਗਲੋਬਲ ਸਮਿਟ ਵਿੱਚ ਇਹ ਆਤਮਵਿਸ਼ਵਾਸ ਸਪਸ਼ਟ ਤੌਰ ‘ਤੇ ਦਿਖਾਈ ਦਿੰਦਾ ਹੈ।

ਇਹ ਦੱਸਦੇ ਹੋਏ ਕਿ ਮੱਧ ਪ੍ਰਦੇਸ਼ ਜਨਸੰਖਿਆ ਦੇ ਹਿਸਾਬ ਨਾਲ ਭਾਰਤ ਦਾ ਪੰਜਵਾਂ ਸਭ ਤੋਂ ਵੱਡਾ ਰਾਜ ਹੈ, ਸ਼੍ਰੀ ਮੋਦੀ ਨੇ ਕਿਹਾ, “ਮੱਧ ਪ੍ਰਦੇਸ਼ ਖੇਤੀਬਾੜੀ ਅਤੇ ਖਣਿਜ ਦੇ ਮਾਮਲਿਆਂ ਵਿੱਚ ਭਾਰਤ ਦੇ ਟੌਪ ਰਾਜਾਂ ਵਿੱਚੋਂ ਇੱਕ ਹੈ।” ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਮੱਧ ਪ੍ਰਦੇਸ਼ ਨੂੰ ਜੀਵਨਦਾਤਾ ਨਰਮਦਾ ਨਦੀ ਦਾ ਅਸ਼ੀਰਵਾਦ ਪ੍ਰਾਪਤ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਮੱਧ ਪ੍ਰਦੇਸ਼ ਵਿੱਚ ਕੁੱਲ ਘਰੇਲੂ ਉਤਪਾਦ (ਜੀਡੀਪੀ) ਦੇ ਹਿਸਾਬ ਨਾਲ ਭਾਰਤ ਦੇ ਟੌਪ ਪੰਜ ਰਾਜਾਂ ਵਿੱਚੋਂ ਇੱਕ ਬਣਨ ਦੀ ਸਮਰੱਥਾ ਹੈ।

ਪਿਛਲੇ ਦੋ ਦਹਾਕਿਆਂ ਵਿੱਚ ਮੱਧ ਪ੍ਰਦੇਸ਼ ਦੀ ਪਰਿਵਰਤਨਕਾਰੀ ਯਾਤਰਾ ਵੱਲ ਇਸ਼ਾਰਾ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਇੱਕ ਸਮਾਂ ਸੀ ਜਦੋਂ ਰਾਜ ਨੂੰ ਬਿਜਲੀ ਅਤੇ ਪਾਣੀ ਦੀਆਂ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਸੀ ਅਤੇ ਕਾਨੂੰਨ-ਵਿਵਸਥਾ ਦੀ ਸਥਿਤੀ ਹੋਰ ਵੀ ਖਰਾਬ ਸੀ। ਇਨ੍ਹਾਂ ਸਥਿਤੀਆਂ ਨੇ ਉਦਯੋਗਿਕ ਵਿਕਾਸ ਨੂੰ ਮੁਸ਼ਕਲ ਬਣਾ ਦਿੱਤਾ ਸੀ। ਸ਼੍ਰੀ ਮੋਦੀ ਨੇ ਕਿਹਾ ਕਿ ਲੋਕਾਂ ਦੇ ਸਮਰਥਨ ਨਾਲ, ਮੱਧ ਪ੍ਰਦੇਸ਼ ਵਿੱਚ ਉਨ੍ਹਾਂ ਦੀ ਸਰਕਾਰ ਨੇ ਪਿਛਲੇ ਦੋ ਦਹਾਕਿਆਂ ਵਿੱਚ ਸ਼ਾਸਨ ‘ਤੇ ਧਿਆਨ ਕੇਂਦ੍ਰਿਤ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਦੋ ਦਹਾਕੇ ਪਹਿਲਾਂ ਲੋਕ ਮੱਧ ਪ੍ਰਦੇਸ਼ ਵਿੱਚ ਨਿਵੇਸ਼ ਕਰਨ ਤੋਂ ਝਿਜਕਦੇ ਸਨ, ਜਦਕਿ ਅੱਜ ਮੱਧ ਪ੍ਰਦੇਸ਼ ਨਿਵੇਸ਼ ਦੇ ਲਈ ਦੇਸ਼ ਦੇ ਟੌਪ ਰਾਜਾਂ ਵਿੱਚੋਂ ਇੱਕ ਬਣ ਗਿਆ ਹੈ। ਉਨ੍ਹਾਂ ਨੇ ਇਸ ਗੱਲ ਨੂੰ ਉਜਾਗਰ ਕੀਤਾ ਕਿ ਰਾਜ, ਜੋ ਕਦੇ ਖਰਾਬ ਸੜਕਾਂ ਨਾਲ ਜੁਝ ਰਿਹਾ ਸੀ, ਹੁਣ ਭਾਰਤ ਦੀ ਈਵੀ ਕ੍ਰਾਂਤੀ ਵਿੱਚ ਮੋਹਰੀ ਰਾਜਾਂ ਵਿੱਚੋਂ ਇੱਕ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਜਨਵਰੀ 2025 ਤੱਕ, ਮੱਧ ਪ੍ਰਦੇਸ਼ ਵਿੱਚ ਲਗਭਗ 2 ਲੱਖ ਇਲੈਕਟ੍ਰਿਕ ਵਾਹਨ ਰਜਿਸਟਰਡ ਕੀਤੇ ਗਏ ਹਨ, ਜੋ ਲਗਭਗ 90 ਪ੍ਰਤੀਸ਼ਤ ਦੇ ਵਾਧੇ ਨੂੰ ਦਰਸਾਉਂਦਾ ਹੈ, ਜੋ ਇਸ ਗੱਲ ਦਾ ਸੰਕੇਤ ਹੈ ਕਿ ਮੱਧ ਪ੍ਰਦੇਸ਼ ਨਵੇਂ ਮੈਨੂਫੈਕਚਰਿੰਗ ਸੈਕਟਰਾਂ ਲਈ ਇੱਕ ਸ਼ਾਨਦਾਰ ਮੰਜ਼ਿਲ ਬਣ ਰਿਹਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ, “ਭਾਰਤ ਨੇ ਪਿਛਲੇ ਇੱਕ ਦਹਾਕੇ ਵਿੱਚ ਇਨਫ੍ਰਾਸਟ੍ਰਕਚਰ ਦੇ ਖੇਤਰ ਵਿੱਚ ਤੇਜ਼ੀ ਦੇਖੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਮੱਧ ਪ੍ਰਦੇਸ਼ ਨੂੰ ਇਸ ਵਿਕਾਸ ਨਾਲ ਬਹੁਤ ਲਾਭ ਹੋਇਆ ਹੈ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਦਿੱਲੀ-ਮੁੰਬਈ ਐਕਸਪ੍ਰੈੱਸਵੇਅ, ਜੋ ਦੋ ਪ੍ਰਮੁੱਖ ਸ਼ਹਿਰਾਂ ਨੂੰ ਜੋੜਦਾ ਹੈ, ਮੱਧ ਪ੍ਰਦੇਸ਼ ਤੋਂ ਹੋ ਕੇ ਗੁਜ਼ਰਦਾ ਹੈ, ਜੋ ਮੁੰਬਈ ਦੇ ਪੋਰਟਸ ਅਤੇ ਉੱਤਰ ਭਾਰਤ ਦੇ ਬਜ਼ਾਰਾਂ ਨੂੰ ਬਿਹਤਰ ਕਨੈਕਟੀਵਿਟੀ ਪ੍ਰਦਾਨ ਕਰਦਾ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਮੱਧ ਪ੍ਰਦੇਸ਼ ਵਿੱਚ ਹੁਣ ਪੰਜ ਲੱਖ ਕਿਲੋਮੀਟਰ ਤੋਂ ਜ਼ਿਆਦਾ ਦਾ ਰੋਡ ਨੈੱਟਵਰਕ ਹੈ। ਉਨ੍ਹਾਂ ਨੇ ਕਿਹਾ ਕਿ ਮੱਧ ਪ੍ਰਦੇਸ਼ ਦੇ ਉਦਯੋਗਿਕ ਕੌਰੀਡੋਰ ਆਧੁਨਿਕ ਐਕਸਪ੍ਰੈੱਸਵੇਅ ਨਾਲ ਜੁੜੇ ਹੋਏ ਹਨ, ਜਿਸ ਨਾਲ ਲੌਜਿਸਟਿਕਸ ਸੈਕਟਰ ਵਿੱਚ ਤੇਜ਼ੀ ਨਾਲ ਵਿਕਾਸ ਸੁਨਿਸ਼ਚਿਤ ਹੋ ਰਿਹਾ ਹੈ।

ਸ਼੍ਰੀ ਮੋਦੀ ਨੇ ਏਅਰ ਕਨੈਕਟੀਵਿਟੀ ‘ਤੇ ਗੱਲ ਕਰਦੇ ਹੋਏ ਕਿਹਾ ਕਿ ਏਅਰ ਕਨੈਕਟੀਵਿਟੀ ਨੂੰ ਬਿਹਤਰ ਬਣਾਉਣ ਲਈ ਗਵਾਲੀਅਰ ਅਤੇ ਜਬਲਪੁਰ ਏਅਰਪੋਰਟਸ ਦੇ ਟਰਮੀਨਲਸ ਦਾ ਵਿਸਤਾਰ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਮੱਧ ਪ੍ਰਦੇਸ਼ ਦੇ ਰੇਲ ਨੈੱਟਵਰਕ ਦਾ ਵਿਆਪਕ ਤੌਰ ‘ਤੇ ਆਧੁਨਿਕੀਕਰਣ ਵੀ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਮੱਧ ਪ੍ਰਦੇਸ਼ ਵਿੱਚ ਰੇਲ ਨੈੱਟਵਰਕ ਨੇ ਸ਼ਤ-ਪ੍ਰਤੀਸ਼ਤ, 100 ਪਰਸੈਂਟ ਬਿਜਲੀਕਰਣ ਦਾ ਟੀਚਾ ਹਾਸਲ ਕਰ ਲਿਆ ਹੈ। ਉਨ੍ਹਾਂ ਨੇ ਕਿਹਾ ਕਿ ਭੋਪਾਲ ਦੇ ਰਾਣੀ ਕਮਲਾਪਤੀ ਰੇਲਵੇ ਸਟੇਸ਼ਨ ਦੀਆਂ ਤਸਵੀਰਾਂ ਸਾਰੀਆਂ ਨੂੰ ਆਕਰਸ਼ਿਤ ਕਰਦੀਆਂ ਹਨ। ਇਸੇ ਮਾਡਲ  ‘ਤੇ ਚਲਦੇ ਹੋਏ ਅੰਮ੍ਰਿਤ ਭਾਰਤ ਸਟੇਸ਼ਨ ਸਕੀਮ ਦੇ ਤਹਿਤ ਮੱਧ ਪ੍ਰਦੇਸ਼ ਦੇ 80 ਰੇਲਵੇ ਸਟੇਸ਼ਨਾਂ ਦਾ ਆਧੁਨਿਕੀਕਰਣ ਕੀਤਾ ਜਾ ਰਿਹਾ ਹੈ।

ਸ਼੍ਰੀ ਮੋਦੀ ਨੇ ਕਿਹਾ,ׅ“ ਪਿਛਲੇ ਦਹਾਕੇ ਵਿੱਚ ਭਾਰਤ ਦੇ ਊਰਜਾ ਖੇਤਰ ਵਿੱਚ ਬੇਮਿਸਾਲ ਵਾਧਾ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਨੇ ਗ੍ਰੀਨ ਐਨਰਜੀ ਦੇ ਖੇਤਰ ਵਿੱਚ ਮਹੱਤਵਪੂਰਨ ਪ੍ਰਗਤੀ ਕੀਤੀ ਹੈ, ਜੋ ਕਦੇ ਕਲਪਨਾਯੋਗ ਨਹੀਂ ਸੀ। ਉਨ੍ਹਾਂ ਨੇ ਕਿਹਾ ਕਿ 10 ਵਰ੍ਹਿਆਂ ਵਿੱਚ ਰੀਨਿਊਬਲ ਐਨਰਜੀ ਸੈਕਟਰ ਵਿੱਚ 70 ਬਿਲੀਅਨ ਡਾਲਰ (5 ਟ੍ਰਿਲੀਅਨ ਰੁਪਏ ਤੋਂ ਅਧਿਕ) ਤੋਂ ਵੱਧ ਦਾ ਨਿਵੇਸ਼ ਕੀਤਾ ਗਿਆ ਹੈ, ਅਤੇ ਇਸ ਨਿਵੇਸ਼ ਨੇ ਪਿਛਲੇ ਸਾਲ ਹੀ ਕਲੀਨ ਐਨਰਜੀ ਸਪੇਸ ਵਿੱਚ 10 ਲੱਖ ਤੋਂ ਵੱਧ ਰੋਜ਼ਗਾਰ ਦਾ ਸਿਰਜਣ ਕੀਤਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਐਨਰਜੀ ਸੈਕਟਰ ਵਿੱਚ ਇਸ ਤੇਜ਼ੀ ਨਾਲ ਮੱਧ ਪ੍ਰਦੇਸ਼ ਨੂੰ ਬਹੁਤ ਲਾਭ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਮੱਧ ਪ੍ਰਦੇਸ਼ ਲਗਭਗ 31,000 ਮੈਗਾਵਾਟ ਪਾਵਰ ਜੈਨਰੇਸ਼ਨ ਕੈਪੇਸਿਟੀ ਦੇ ਨਾਲ ਬਿਜਲੀ ਦੀ ਮੰਗ ਤੋਂ ਵੱਧ ਉਤਪਾਦਨ ਕਰਨ ਵਾਲਾ ਰਾਜ ਹੈ, ਜਿਸ ਵਿੱਚੋਂ 30 ਪਰਸੈਂਟ ਕਲੀਨ ਐਨਰਜੀ ਹੈ। ਉਨ੍ਹਾਂ ਨੇ ਇਸ ਗੱਲ ਨੂੰ ਉਜਾਗਰ ਕੀਤਾ ਕਿ  ਰੀਵਾ ਸੋਲਰ ਪਾਰਕ ਦੇਸ਼ ਦੇ ਸਭ ਤੋਂ ਵੱਡੇ ਪਾਰਕਾਂ ਵਿੱਚੋਂ ਇੱਕ ਹੈ, ਅਤੇ ਹਾਲ ਹੀ ਵਿੱਚ ਓਂਕਾਰੇਸ਼ਵਰ ਵਿੱਚ ਇੱਕ ਫਲੋਟਿੰਗ ਸੋਲਰ ਪਲਾਂਟ ਦਾ ਉਦਘਾਟਨ ਕੀਤਾ ਗਿਆ। ਸ਼੍ਰੀ ਮੋਦੀ ਨੇ ਕਿਹਾ ਕਿ  ਸਰਕਾਰ ਨੇ  ਬੀਨਾ ਰਿਫਾਇਨਰੀ ਪੈਟ੍ਰੋਕੈਮੀਕਲ ਕੰਪਲੈਕਸ ‘ਤੇ ਕਰੀਬ 50 ਹਜ਼ਾਰ ਕਰੋੜ ਰੁਪਏ ਦਾ ਇਨਵੈਸਟਮੈਂਟ ਕੀਤਾ ਹੈ, ਜੋ ਮੱਧ ਪ੍ਰਦੇਸ਼ ਨੂੰ ਪੈਟਰੋਕੈਮੀਕਲ  ਦਾ ਕੇਂਦਰ ਬਣਾਉਣ ਵਿੱਚ ਮਦਦ ਕਰੇਗਾ।  ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਮੱਧ ਪ੍ਰਦੇਸ਼ ਸਰਕਾਰ ਆਧੁਨਿਕ ਨੀਤੀਆਂ ਅਤੇ ਵਿਸ਼ੇਸ਼ ਇੰਡਸਟ੍ਰੀਅਲ ਇਨਫ੍ਰਾਸਟ੍ਰਕਚਰ ਨਾਲ ਇਸ ਦਾ ਸਮਰਥਨ ਕਰਦੀ ਹੈ। ਉਨ੍ਹਾਂ ਨੇ ਕਿਹਾ ਕਿ ਮੱਧ ਪ੍ਰਦੇਸ਼  ਵਿੱਚ 300 ਤੋਂ ਜ਼ਿਆਦਾ ਇੰਡਸਟ੍ਰੀਅਲ ਜ਼ੋਨਸ ਹਨ ਅਤੇ ਪੀਥਮਪੁਰ, ਰਤਲਾਮ ਅਤੇ ਦੇਵਾਸ ਵਿੱਚ ਹਜ਼ਾਰਾਂ ਏਕੜ ਦੇ ਇਨਵੈਸਟਮੈਂਟ ਜ਼ੋਨਸ ਵੀ ਡਿਵੈਲਪ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਮੱਧ ਪ੍ਰਦੇਸ਼ ਦੇ  ਇਨਵੈਸਟਰਸ ਦੇ ਲਈ ਬਿਹਤਰ ਲਾਭ ਦੀਆਂ ਅਪਾਰ ਸੰਭਾਵਨਾਵਾਂ ਤੋਂ ਜਾਣੂ ਕਰਵਾਇਆ।

 

ਪ੍ਰਧਾਨ ਮੰਤਰੀ ਨੇ ਉਦਯੋਗਿਕ ਵਿਕਾਸ ਦੇ ਲਈ ਵਾਟਰ ਸਕਿਓਰਿਟੀ ਦੇ ਮਹੱਤਵ ‘ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਇੱਕ ਤਰਫ ਪਾਣੀ ਦੀ ਸੰਭਾਲ਼ ਦੀ ਦਿਸ਼ਾ ਵਿੱਚ ਪ੍ਰਯਾਸ ਕੀਤੇ ਜਾ ਰਹੇ ਹਨ, ਉੱਥੇ ਹੀ ਦੂਸਰੀ ਤਰਫ ਨਦੀਆਂ ਨੂੰ ਆਪਸ ਵਿੱਚ ਜੋੜਨ ਲਈ ਇੱਕ ਵੱਡੇ ਅਭਿਯਾਨ ਨੂੰ ਅੱਗੇ ਵਧਾਇਆ ਜਾ ਰਿਹਾ ਹੈ। ਉਨ੍ਹਾਂ ਨੇ ਇਸ ਗੱਲ ਨੂੰ ਉਜਾਗਰ ਕੀਤਾ ਕਿ  ਮੱਧ ਪ੍ਰਦੇਸ਼ ਵਿੱਚ ਖੇਤੀਬਾੜੀ ਅਤੇ ਉਦਯੋਗ ਖੇਤਰ ਨੂੰ ਇਨ੍ਹਾਂ ਪਹਿਲਕਦਮੀਆਂ ਨਾਲ ਬਹੁਤ ਲਾਭ ਹੋਵੇਗਾ। ਸ਼੍ਰੀ ਮੋਦੀ ਨੇ ਕਿਹਾ ਕਿ 45 ਹਜ਼ਾਰ ਕਰੋੜ ਰੁਪਏ ਦੇ ਕੇਨ-ਬੇਤਵਾ ਨਦੀ ਜੋੜੋ ਪ੍ਰੋਜੈਕਟ ਹਾਲ ਹੀ ਵਿੱਚ ਸ਼ੁਰੂ ਹੋਇਆ ਹੈ, ਜੋ ਲਗਭਗ 10 ਲੱਖ ਹੈਕਟੇਅਰ ਐਗ੍ਰੀਕਲਚਰ ਲੈਂਡ ਦੀ ਪ੍ਰੋਡਕਟੀਵਿਟੀ ਵਧਾਏਗੀ ਅਤੇ ਮੱਧ ਪ੍ਰਦੇਸ਼ ਵਿੱਚ ਵਾਟਰ ਮੈਨੇਜਮੈਂਟ ਨੂੰ ਮਜ਼ਬੂਤ ਕਰੇਗੀ। ਉਨ੍ਹਾਂ ਨੇ ਕਿਹਾ ਕਿ ਇਹ ਸੁਵਿਧਾਵਾਂ  ਫੂਡ ਪ੍ਰੋਸੈੱਸਿੰਗ, ਐਗ੍ਰੋ ਇੰਡਸਟ੍ਰੀ ਅਤੇ ਟੈਕਸਟਾਈਲ ਸੈਕਟਰ ਵਿੱਚ ਮਹੱਤਵਪੂਰਨ ਸੰਭਾਵਨਾਵਾਂ ਦੇ ਦ੍ਵਾਰ ਖੋਲ੍ਹਣਗੀਆਂ।

 

ਇਹ ਦੱਸਦੇ ਹੋਏ ਕਿ ਮੱਧ ਪ੍ਰਦੇਸ਼ ਵਿੱਚ ਉਨ੍ਹਾਂ ਦੀ ਸਰਕਾਰ ਬਣਨ ਦੇ ਬਾਅਦ ਵਿਕਾਸ ਦੀ ਗਤੀ ਦੁੱਗਣੀ ਹੋ ਗਈ ਹੈ, ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਕੇਂਦਰ ਸਰਕਾਰ ਰਾਜ ਅਤੇ ਦੇਸ਼ ਦੇ ਵਿਕਾਸ ਲਈ ਮੱਧ ਪ੍ਰਦੇਸ਼ ਸਰਕਾਰ ਦੇ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਕੰਮ ਕਰ ਰਹੀ ਹੈ। ਉਨ੍ਹਾਂ ਨੇ ਆਪਣੇ ਤੀਸਰੇ ਟਰਮ ਵਿੱਚ ਤਿੰਨ ਗੁਣਾ ਤੇਜ਼ੀ ਨਾਲ ਕੰਮ ਕਰਕੇ ਚੋਣਾਂ ਦੌਰਾਨ ਆਪਣੇ ਵਾਅਦੇ ਨੂੰ ਯਾਦ ਕਰਦੇ ਹੋਏ ਕਿਹਾ,  ׅ“ਇਹ ਸਪੀਡ 2025 ਦੇ ਪਹਿਲੇ 50 ਦਿਨਾਂ ਵਿੱਚ ਸਪਸ਼ਟ ਹੈ।”

ਸ਼੍ਰੀ ਮੋਦੀ ਨੇ ਹਾਲ ਹੀ ਵਿੱਚ ਪੇਸ਼ ਕੀਤੇ ਗਏ ਬਜਟ ਨੂੰ ਉਜਾਗਰ ਕੀਤਾ, ਜਿਸ ਨੇ ਭਾਰਤ ਦੇ ਵਿਕਾਸ ਲਈ ਹਰ ਉਤਪ੍ਰੇਰਕ ਨੂੰ ਊਰਜਾ ਪ੍ਰਦਾਨ ਕੀਤੀ ਹੈ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਮੱਧ ਵਰਗ ਸਭ ਤੋਂ ਵੱਡਾ ਟੈਕਸਪੇਅਰ ਹੋਣ ਦੇ ਨਾਤੇ ਸੇਵਾਵਾਂ ਅਤੇ ਮੈਨੂਫੈਕਚਰਿੰਗ ਦੇ ਲਈ ਮੰਗ ਪੈਦਾ ਕਰਦਾ ਹੈ। ਇਸ ਬਜਟ ਵਿੱਚ ਮੱਧ ਵਰਗ ਨੂੰ ਸਸ਼ਕਤ ਬਣਾਉਣ ਲਈ ਕਈ ਕਦਮ ਚੁੱਕੇ ਗਏ ਹਨ, ਜਿਸ ਵਿੱਚ 12 ਲੱਖ ਰੁਪਏ ਤੱਕ ਦੀ ਆਮਦਨ ਨੂੰ ਟੈਕਸ-ਮੁਕਤ ਕਰਨਾ ਅਤੇ ਟੈਕਸ ਸਲੈਬ ਦਾ ਪੁਨਰ ਨਿਰਧਾਰਣ ਕਰਨਾ ਸ਼ਾਮਲ ਹੈ।

 

ਸ਼੍ਰੀ ਮੋਦੀ ਨੇ ਕਿਹਾ ਕਿ ਬਜਟ ਵਿੱਚ ਮੈਨੂਫੈਕਚਰਿੰਗ ਵਿੱਚ ਪੂਰਨ ਆਤਮਨਿਰਭਰਤਾ ਪ੍ਰਾਪਤ ਕਰਨ ਲਈ ਸਥਾਨਕ ਸਪਲਾਈ ਚੇਨ ਦੇ ਨਿਰਮਾਣ ‘ਤੇ ਜ਼ੋਰ ਦਿੱਤਾ ਗਿਆ ਹੈ। ਉਨ੍ਹਾਂ  ਨੇ ਕਿਹਾ ਕਿ ਇੱਕ ਸਮਾਂ ਸੀ ਜਦੋਂ ਪਿਛਲੀਆਂ ਸਰਕਾਰਾਂ ਨੇ ਐੱਮਐੱਸਐੱਮਈ ਦੀ ਸਮਰੱਥਾ ਨੂੰ ਸੀਮਿਤ ਕਰ ਦਿੱਤਾ ਸੀ, ਜਿਸ ਨਾਲ ਸਥਾਨਕ ਸਪਲਾਈ ਚੇਨਸ ਦਾ ਮਨ ਅਨੁਕੂਲ ਵਿਕਾਸ ਨਹੀਂ ਹੋ ਪਾਇਆ ਸੀ। ਉਨ੍ਹਾਂ ਨੇ ਇਸ ਗੱਲ ਨੂੰ ਉਜਾਗਰ ਕੀਤਾ ਕਿ ਐੱਮਐੱਸਐੱਮਈ ਦੀ ਅਗਵਾਈ ਵਾਲੀ ਸਥਾਨਕ ਸਪਲਾਈ ਚੇਨਸ ਦਾ ਨਿਰਮਾਣ ਕਰਨਾ ਸਾਡੀ ਮੌਜੂਦਾ ਪ੍ਰਾਥਮਿਕਤਾ ਹੈ। ਉਨ੍ਹਾਂ ਨੇ ਕਿਹਾ ਕਿ ਐੱਮਐੱਸਐੱਮਈ ਦੀ ਪਰਿਭਾਸ਼ਾ ਵਿੱਚ ਸੁਧਾਰ ਕੀਤਾ ਗਿਆ ਹੈ ਅਤੇ ਕ੍ਰੈਡਿਟ-ਲਿੰਕਡ ਪ੍ਰੋਤਸਾਹਨ ਪ੍ਰਦਾਨ ਕੀਤੇ ਜਾ ਰਹੇ ਹਨ, ਨਾਲ ਹੀ ਕ੍ਰੈਡਿਟ ਤੱਕ ਪਹੁੰਚ ਨੂੰ ਅਸਾਨ ਬਣਾਇਆ ਜਾ ਰਿਹਾ ਹੈ ਅਤੇ ਮੁੱਲ ਜੋੜਨ ਅਤੇ ਨਿਰਯਾਤ ਦੇ ਲਈ ਸਮਰਥਨ ਵਧਾਇਆ ਗਿਆ ਹੈ।

ਪ੍ਰਧਾਨ ਮੰਤਰੀ ਨੇ ਬਜਟ ਵਿੱਚ ਸ਼ਾਮਲ ਸਟੇਟ ਰੈਗੂਲੇਟਰੀ ਕਮਿਸ਼ਨ ‘ਤੇ ਚਰਚਾ ਕਰਦੇ ਹੋਏ ਕਿਹਾ, “ਪਿਛਲੇ ਇੱਕ ਦਹਾਕੇ ਵਿੱਚ ਰਾਸ਼ਟਰੀ ਪੱਧਰ ‘ਤੇ ਮਹੱਤਵਪੂਰਨ ਸੁਧਾਰਾਂ ਨੂੰ ਗਤੀ ਦਿੱਤੀ ਗਈ ਹੈ, ਹੁਣ ਰਾਜ ਅਤੇ ਸਥਾਨਕ ਪੱਧਰ ‘ਤੇ ਵੀ ਸੁਧਾਰਾਂ ਨੂੰ ਪ੍ਰੋਤਸਾਹਿਤ ਕੀਤਾ ਜਾ ਰਿਹਾ ਹੈ।” ਉਨ੍ਹਾਂ ਨੇ ਕਿਹਾ ਕਿ ਰਾਜਾਂ ਦੇ ਨਾਲ ਨਿਰੰਤਰ ਸੰਵਾਦ ਬਣਾਏ ਰੱਖਿਆ ਜਾ ਰਿਹਾ ਹੈ ਅਤੇ ਰਾਜਾਂ ਦੇ ਸਹਿਯੋਗ ਨਾਲ ਹਾਲ ਦੇ ਵਰ੍ਹਿਆਂ ਵਿੱਚ 40,000 ਤੋਂ ਵੱਧ ਪਾਲਣਾ ਕੰਮ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ 1,500 ਪੁਰਾਣੇ ਕਾਨੂੰਨਾਂ ਨੂੰ ਸਮਾਪਤ ਕਰ ਦਿੱਤਾ ਗਿਆ ਹੈ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਇਸ ਦਾ ਉਦੇਸ਼ ਉਨ੍ਹਾਂ ਨਿਯਮਾਂ ਦੀ ਪਹਿਚਾਣ ਕਰਨਾ ਹੈ, ਜੋ ਕਾਰੋਬਾਰੀ ਪਹੁੰਚਯੋਗਤਾ ਦੇ ਰਾਹ ‘ਤੇ ਰੁਕਾਵਟਾਂ ਪੈਦਾ ਕਰਦੇ ਹਨ ਅਤੇ ਰੈਗੂਲੇਸ਼ਨ ਕਮਿਸ਼ਨ ਰਾਜਾਂ ਵਿੱਚ ਨਿਵੇਸ਼ ਦੇ ਅਨੁਕੂਲ ਰੈਗੂਲੇਟਰੀ ਈਕੋਸਿਸਟਮ ਬਣਾਉਣ ਵਿੱਚ ਮਦਦ ਕਰੇਗਾ।

ਇਸ ਗੱਲ ‘ਤੇ ਜ਼ੋਰ ਦਿੰਦੇ ਹੋਏ ਕਿ ਬਜਟ ਨੇ ਬੁਨਿਆਦੀ ਕਸਟਮ਼ ਡਿਊਟੀ ਢਾਂਚੇ ਨੂੰ ਸਰਲ ਬਣਾਇਆ ਹੈ ਅਤੇ ਉਦਯੋਗ ਦੇ ਲਈ ਕਈ ਜ਼ਰੂਰੀ ਇਨਪੁਟ ‘ਤੇ ਦਰਾਂ ਨੂੰ ਘੱਟ ਕੀਤਾ ਹੈ, ਸ਼੍ਰੀ ਮੋਦੀ ਨੇ ਕਿਹਾ ਕਿ ਕਸਟਮ ਡਿਊਟੀ ਮਾਮਲਿਆਂ ਦੇ ਮੁਲਾਂਕਣ ਲਈ ਸਮਾਂ ਸੀਮਾ ਨਿਰਧਾਰਿਤ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਨਿਜੀ ਉੱਦਮਤਾ ਅਤੇ ਨਿਵੇਸ਼ ਲਈ ਨਵੇਂ ਖੇਤਰਾਂ ਨੂੰ ਖੋਲ੍ਹਣ ਲਈ ਮੌਜੂਦਾ ਪ੍ਰਯਾਸਾਂ ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਕਿਹਾ ਕਿ ਇਸ ਸਾਲ ਪਰਮਾਣੂ ਊਰਜਾ, ਬਾਇਓ-ਮੈਨੂਫੈਕਚਰਿੰਗ, ਮਹੱਤਵਪੂਰਨ ਖਣਿਜਾਂ ਦੀ ਪ੍ਰੋਸੈੱਸਿੰਗ ਅਤੇ ਲਿਥੀਅਮ ਬੈਟਰੀ ਨਿਰਮਾਣ ਜਿਹੇ ਰਸਤੇ ਨਿਵੇਸ਼ ਦੇ ਲਈ ਖੋਲ੍ਹੇ ਗਏ ਹਨ। ਉਨ੍ਹਾਂ ਨੇ ਕਿਹਾ, ׅ“ਇਹ ਕਦਮ ਸਰਕਾਰ ਦੇ ਇਰਾਦੇ ਅਤੇ ਪ੍ਰਤੀਬੱਧਤਾ ਨੂੰ ਪ੍ਰਦਰਸ਼ਿਤ ਕਰਦੇ ਹਨ।”

ਪ੍ਰਧਾਨ ਮੰਤਰੀ ਨੇ ਕਿਹਾ,“ "ਟੈਕਸਟਾਈਲ, ਟੂਰਿਜ਼ਮ ਅਤੇ ਟੈਕਨੋਲੋਜੀ ਸੈਕਟਰ ਭਾਰਤ ਦੇ ਵਿਕਸਿਤ ਭਵਿੱਖ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣਗੇ ਅਤੇ ਕਰੋੜਾਂ ਨਵੇਂ ਰੋਜ਼ਗਾਰ ਸਿਰਜਿਤ ਕਰਨਗੇ।" ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਭਾਰਤ ਕਪਾਹ, ਰੇਸ਼ਮ, ਪੋਲਿਸਟਰ ਅਤੇ ਵਿਸਕੋਸ ਦਾ ਦੂਸਰਾ ਸਭ ਤੋਂ ਵੱਡਾ ਉਤਪਾਦਕ ਹੈ। ਉਨ੍ਹਾਂ ਨੇ ਕਿਹਾ ਕਿ ਟੈਕਸਟਾਈਲ ਸੈਕਟਰ ਕਰੋੜਾਂ ਲੋਕਾਂ ਨੂੰ ਰੋਜ਼ਗਾਰ ਦਿੰਦਾ ਹੈ ਅਤੇ ਭਾਰਤ ਵਿੱਚ ਟੈਕਸਟਾਈਲ ਉਦਯੋਗ ਦੀ ਸਮ੍ਰਿੱਧ ਪਰੰਪਰਾ, ਹੁਨਰ ਅਤੇ ਉੱਦਮਤਾ ਹੈ। ਉਨ੍ਹਾਂ ਨੇ ਕਿਹਾ ਕਿ ਮੱਧ ਪ੍ਰਦੇਸ਼ ਭਾਰਤ ਦੀ ਕੌਟਨ ਕੈਪੀਟਲ ਹੋਣ ਦੇ ਨਾਤੇ ਦੇਸ਼ ਦੀ ਜੈਵਿਕ ਕਪਾਹ ਸਪਲਾਈ ਵਿੱਚ ਲਗਭਗ 25 ਪ੍ਰਤੀਸ਼ਤ ਦਾ ਯੋਗਦਾਨ ਦਿੰਦਾ ਹੈ ਅਤੇ ਮਲਬੇਰੀ ਰੇਸ਼ਮ ਦਾ ਸਭ ਤੋਂ ਵੱਡਾ ਉਤਪਾਦਕ ਹੈ, ਜਦੋਂ ਕਿ ਰਾਜ ਦੀਆਂ ਚੰਦੇਰੀ ਅਤੇ ਮਹੇਸ਼ਵਰੀ ਸਾੜੀਆਂ ਦੀ ਬਹੁਤ ਪ੍ਰਸ਼ੰਸਾ ਕੀਤੀ ਜਾਂਦੀ ਹੈ ਅਤੇ ਉਨ੍ਹਾਂ ਨੂੰ ਜੀਆਈ ਟੈਗ ਪ੍ਰਾਪਤ ਹੋਇਆ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਇਸ ਖੇਤਰ ਵਿੱਚ ਨਿਵੇਸ਼ ਨਾਲ ਮੱਧ ਪ੍ਰਦੇਸ਼ ਦੇ ਟੈਕਸਟਾਈਲ ਨੂੰ ਵਿਸ਼ਵਵਿਆਪੀ ਤੌਰ ‘ਤੇ ਸਥਾਪਿਤ ਕਰਨ ਵਿੱਚ ਬਹੁਤ ਮਦਦ ਮਿਲੇਗੀ।

 

ਭਾਰਤ ਵੱਲੋਂ ਪਰੰਪਰਿਕ ਟੈਕਸਟਾਈਲ ਦੇ ਇਲਾਵਾ ਨਵੇਂ ਰਸਤੇ ਖੋਜਣ ਬਾਰੇ ਗੱਲ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਐਗਰੋ ਟੈਕਸਟਾਈਲ, ਮੈਡੀਕਲ ਟੈਕਸਟਾਈਲ ਅਤੇ ਜੀਓ-ਟੈਕਸਟਾਈਲ ਵਰਗੇ ਤਕਨੀਕੀ ਟੈਕਸਟਾਈਲ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਅਤੇ ਇਸ ਉਦੇਸ਼ ਲਈ ਇੱਕ ਰਾਸ਼ਟਰੀ ਮਿਸ਼ਨ ਸ਼ੁਰੂ ਕੀਤਾ ਗਿਆ ਹੈ, ਜਿਸ ਨੂੰ ਬਜਟ ਵਿੱਚ ਹੁਲਾਰਾ ਦਿੱਤਾ ਗਿਆ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਸਰਕਾਰ ਦੀ ਪੀਐੱਮ ਮਿੱਤ੍ਰ ਯੋਜਨਾ ਸੁਪ੍ਰਸਿੱਧ ਹੈ। ਅਤੇ ਦੇਸ਼ ਭਰ ਵਿੱਚ ਸੱਤ ਵੱਡੇ ਟੈਕਸਟਾਈਲ ਪਾਰਕ ਵਿਕਸਿਤ ਕੀਤੇ ਜਾ ਰਹੇ ਹਨ, ਜਿਨ੍ਹਾਂ ਵਿੱਚੋਂ ਇੱਕ ਮੱਧ ਪ੍ਰਦੇਸ਼ ਵਿੱਚ ਹੈ। ਇਹ ਪਹਿਲ ਟੈਕਸਟਾਈਲ ਸੈਕਟਰ ਦੇ ਵਿਕਾਸ ਨੂੰ ਨਵੀਆਂ ਉਚਾਈਆਂ 'ਤੇ ਲੈ ਜਾਵੇਗੀ। ਪ੍ਰਧਾਨ ਮੰਤਰੀ ਨੇ ਨਿਵੇਸ਼ਕਾਂ ਨੂੰ ਟੈਕਸਟਾਈਲ ਸੈਕਟਰ ਲਈ ਐਲਾਨੀ ਗਈ ਪੀਐੱਲਆਈ ਸਕੀਮ ਦਾ ਲਾਭ ਉਠਾਉਣ ਦੀ ਤਾਕੀਦ ਕੀਤੀ।

ਇਹ ਦੱਸਦੇ ਹੋਏ ਕਿ ਜਿਸ ਤਰ੍ਹਾਂ ਭਾਰਤ ਆਪਣੇ ਟੈਕਸਟਾਈਲ ਸੈਕਟਰ ਵਿੱਚ ਨਵੇਂ ਆਯਾਮ ਜੋੜ ਰਿਹਾ ਹੈ, ਉਸੇ ਤਰ੍ਹਾਂ ਇਹ ਟੂਰਿਜ਼ਮ ਸੈਕਟਰ ਨੂੰ ਵੀ ਹੁਲਾਰਾ ਦੇ ਰਿਹਾ ਹੈ, ਸ਼੍ਰੀ ਮੋਦੀ ਨੇ ਐੱਮਪੀ ਟੂਰਿਜ਼ਮ ਮੁਹਿੰਮ, "ਐੱਮਪੀ ਅਜਬ ਹੈ, ਸਭਸੇ ਗਜਬ ਹੈ" ਨੂੰ ਯਾਦ ਕੀਤਾ, ਜਿਸ ਵਿੱਚ ਨਰਮਦਾ ਨਦੀ ਦੇ ਆਲੇ ਦੁਆਲੇ ਅਤੇ ਮੱਧ ਪ੍ਰਦੇਸ਼ ਦੇ ਕਬਾਇਲੀ ਖੇਤਰਾਂ ਵਿੱਚ ਟੂਰਿਜ਼ਮ  ਸਬੰਧੀ ਇਨਫ੍ਰਾਸਟ੍ਰਕਚਰ ਦੇ ਮਹੱਤਵਪੂਰਨ ਵਿਕਾਸ ਨੂੰ ਉਜਾਗਰ ਕੀਤਾ।

ਪ੍ਰਧਾਨ ਮੰਤਰੀ ਨੇ ਰਾਜ ਵਿੱਚ ਕਈ ਰਾਸ਼ਟਰੀ ਪਾਰਕਾਂ ਅਤੇ ਹੈਲਥ ਐਂਡ ਵੈਲਨੈੱਸ ਟੂਰਿਜ਼ਮ ਦੀਆਂ ਅਪਾਰ ਸੰਭਾਵਨਾਵਾਂ ਬਾਰੇ ਦੱਸਿਆ। ਉਨ੍ਹਾਂ ਨੇ ਕਿਹਾ ਕਿ "ਹੀਲ ਇਨ ਇੰਡੀਆ" ਮੰਤਰ ਵਿਸ਼ਵਵਿਆਪੀ ਪ੍ਰਸਿੱਧੀ ਪ੍ਰਾਪਤ ਕਰ ਰਿਹਾ ਹੈ, ਅਤੇ ਸਿਹਤ ਅਤੇ ਤੰਦਰੁਸਤੀ ਖੇਤਰ ਵਿੱਚ ਨਿਵੇਸ਼ ਦੇ ਅਵਸਰ ਲਗਾਤਾਰ ਵਧ ਰਹੇ ਹਨ। ਸਰਕਾਰ ਇਸ ਖੇਤਰ ਵਿੱਚ ਜਨਤਕ-ਨਿਜੀ ਭਾਗੀਦਾਰੀ ਨੂੰ ਉਤਸ਼ਾਹਿਤ ਕਰ ਰਹੀ ਹੈ। ਸ਼੍ਰੀ ਮੋਦੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਭਾਰਤ ਦੇ ਰਵਾਇਤੀ ਇਲਾਜਾਂ ਅਤੇ ਆਯੁਸ਼ ਨੂੰ ਵੱਡੇ ਪੱਧਰ 'ਤੇ ਉਤਸ਼ਾਹਿਤ ਕੀਤਾ ਜਾ ਰਿਹਾ ਹੈ, ਅਤੇ ਵਿਸ਼ੇਸ਼ ਆਯੂਸ਼ ਵੀਜ਼ੇ ਜਾਰੀ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਇਨ੍ਹਾਂ ਪਹਿਲਕਦਮੀਆਂ ਤੋਂ ਮੱਧ ਪ੍ਰਦੇਸ਼ ਨੂੰ ਬਹੁਤ ਲਾਭ ਹੋਵੇਗਾ। ਉਨ੍ਹਾਂ ਨੇ ਵਿਜ਼ਿਟਰਾਂ ਨੂੰ ਉਜੈਨ ਵਿੱਚ ਮਹਾਕਾਲ ਦਾ ਦਰਸ਼ਨ ਕਰਨ ਲਈ ਉਤਸ਼ਾਹਿਤ ਕੀਤਾ, ਜਿੱਥੇ ਉਨ੍ਹਾਂ ਨੂੰ ਮਹਾਕਾਲ ਤੋਂ ਅਸ਼ੀਰਵਾਦ ਮਿਲੇਗਾ ਅਤੇ ਇਹ ਅਨੁਭਵ ਹੋਵੇਗਾ ਕਿ ਦੇਸ਼ ਆਪਣੇ ਟੂਰਿਜ਼ਮ ਅਤੇ ਪ੍ਰਾਹੁਣਚਾਰੀ ਖੇਤਰ ਦਾ ਵਿਸਤਾਰ ਕਿਵੇਂ ਕਰ ਰਿਹਾ ਹੈ।

 

ਲਾਲ ਕਿਲ੍ਹੇ ਤੋਂ  ਦਿੱਤੇ ਗਏ ਆਪਣੇ ਬਿਆਨ ਨੂੰ ਦੁਹਰਾਉਂਦੇ ਹੋਏ, ਪ੍ਰਧਾਨ ਮੰਤਰੀ ਨੇ ਸਿੱਟਾ ਕੱਢਿਆ ਕਿ ਮੱਧ ਪ੍ਰਦੇਸ਼ ਵਿੱਚ ਨਿਵੇਸ਼ ਅਤੇ ਹੋਰ ਵੱਧ ਚੜ੍ਹ ਕੇ ਨਿਵੇਸ਼ ਕਰਨ ਦਾ ਸਹੀ ਸਮਾਂ ਹੈ।

ਇਸ ਸਮਾਗਮ ਵਿੱਚ ਮੱਧ ਪ੍ਰਦੇਸ਼ ਦੇ ਰਾਜਪਾਲ ਸ਼੍ਰੀ ਮੰਗੂਭਾਈ ਛਗਨਭਾਈ ਪਟੇਲ, ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਮੋਹਨ ਯਾਦਵ ਸਮੇਤ ਹੋਰ ਪਤਵੰਤੇ ਮੌਜੂਦ ਸਨ।

 

ਪਿਛੋਕੜ

ਭੋਪਾਲ ਵਿੱਚ ਦੋ-ਦਿਨਾਂ ਗਲੋਬਲ ਇਨਵੈਸਟਰਜ਼ ਸਮਿਟ (GIS) 2025 ਮੱਧ ਪ੍ਰਦੇਸ਼ ਨੂੰ ਇੱਕ ਗਲੋਬਲ ਨਿਵੇਸ਼ ਕੇਂਦਰ ਵਜੋਂ ਸਥਾਪਿਤ ਕਰਨ ਲਈ ਇੱਕ ਮਹੱਤਵਪੂਰਨ ਪਲੈਟਫਾਰਮ ਵਜੋਂ ਕੰਮ ਕਰਦਾ ਹੈ। ਜੀਆਈਐੱਸ ਵਿੱਚ ਵਿਭਾਗੀ ਸੰਮੇਲਨ; ਫਾਰਮਾ ਅਤੇ ਮੈਡੀਕਲ ਡਿਵਾਈਸਾਂ, ਟ੍ਰਾਂਸਪੋਰਟ ਅਤੇ ਲੌਜਿਸਟਿਕਸ, ਉਦਯੋਗ, ਹੁਨਰ ਵਿਕਾਸ,ਟੂਰਿਜ਼ਮ ਅਤੇ ਐੱਮਐੱਸਐੱਮਈ ਆਦਿ 'ਤੇ ਵਿਸ਼ੇਸ਼ ਸੈਸ਼ਨ ਸ਼ਾਮਲ ਹਨ। ਇਸ ਵਿੱਚ ਗਲੋਬਲ ਸਾਊਥ ਕੰਟਰੀਜ਼ ਕਾਨਫਰੰਸ, ਲੇਟੀਨ  ਅਮਰੀਕਾ ਅਤੇ ਕੈਰੇਬੀਅਨ ਸੈਸ਼ਨ ਅਤੇ ਪ੍ਰਮੁੱਖ ਭਾਗੀਦਾਰ ਦੇਸ਼ਾਂ ਲਈ ਵਿਸ਼ੇਸ਼ ਸੈਸ਼ਨ ਜਿਵੇਂ ਅੰਤਰਰਾਸ਼ਟਰੀ ਸੈਸ਼ਨ ਵੀ ਸ਼ਾਮਲ ਹਨ ।

ਸਮਿਟ ਦੌਰਾਨ ਤਿੰਨ ਪ੍ਰਮੁੱਖ ਉਦਯੋਗ ਪ੍ਰਦਰਸ਼ਨੀਆਂ ਆਯੋਜਿਤ ਕੀਤੀਆਂ ਜਾ ਰਹੀਆਂ ਹਨ। ਆਟੋ ਸ਼ੋਅ ਵਿੱਚ ਮੱਧ ਪ੍ਰਦੇਸ਼ ਦੀਆਂ ਆਟੋਮੋਟਿਵ ਸਮਰੱਥਾਵਾਂ ਅਤੇ ਭਵਿੱਖ ਦੇ ਸਸ਼ਕਤ ਸਮਾਧਾਨਾਂ ਨੂੰ ਪ੍ਰਦਰਸ਼ਿਤ ਕੀਤਾ ਜਾਵੇਗਾ। ਟੈਕਸਟਾਈਲ ਅਤੇ ਫੈਸ਼ਨ ਐਕਸਪੋ ਵਿੱਚ ਪਰੰਪਰਾਗਤ ਅਤੇ ਆਧੁਨਿਕ ਟੈਕਸਟਾਈਲ ਨਿਰਮਾਣ ਦੋਵਾਂ ਵਿੱਚ ਰਾਜ ਦੀ ਮੁਹਾਰਤ ਨੂੰ ਦਰਸਾਇਆ ਜਾਵੇਗਾ। "ਇੱਕ ਜ਼ਿਲ੍ਹਾ-ਇੱਕ ਉਤਪਾਦ" (ODOP) ਪਿੰਡ ਰਾਜ ਦੀ ਵਿਲੱਖਣ ਸ਼ਿਲਪਕਾਰੀ ਅਤੇ ਸੱਭਿਆਚਾਰਕ ਵਿਰਾਸਤ ਨੂੰ ਪ੍ਰਦਰਸ਼ਿਤ ਕਰੇਗਾ।

ਸਮਿਟ ਵਿੱਚ 60 ਤੋਂ ਵੱਧ ਦੇਸ਼ਾਂ ਦੇ ਡੈਲੀਗੇਟ, ਵੱਖ-ਵੱਖ ਅੰਤਰਰਾਸ਼ਟਰੀ ਸੰਗਠਨਾਂ ਦੇ ਅਧਿਕਾਰੀ, ਭਾਰਤ ਦੇ 300 ਤੋਂ ਵੱਧ ਪ੍ਰਮੁੱਖ ਉਦਯੋਗਪਤੀ ਅਤੇ ਨੀਤੀ ਨਿਰਮਾਤਾ ਹਿੱਸਾ ਲੈ ਰਹੇ ਹਨ।

 

***************

ਐੱਮਜੇਪੀਐੱਸ/ਐੱਸਆਰ


(Release ID: 2105983) Visitor Counter : 7