ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਅਕਾਲ ਚਲਾਣੇ ‘ਤੇ ਸੋਗ ਵਿਅਕਤ ਕੀਤਾ


ਡਾ. ਸਿੰਘ ਦਾ ਜੀਵਨ ਭਾਵੀ ਪੀੜ੍ਹੀਆਂ ਨੂੰ ਸਿਖਾਉਂਦਾ ਹੈ ਕਿ ਕਿਵੇਂ ਮੁਸੀਬਤਾਂ ਤੋਂ ਉੱਪਰ ਉੱਠ ਕੇ ਮਹਾਨ ਉਚਾਈਆਂ ਨੂੰ ਪ੍ਰਾਪਤ ਕਰਨਾ ਹੈ: ਪ੍ਰਧਾਨ ਮੰਤਰੀ

ਡਾ. ਸਿੰਘ ਨੂੰ ਹਮੇਸ਼ਾ ਇੱਕ ਦਿਆਲੂ ਵਿਆਕਤੀ, ਇੱਕ ਵਿਦਵਾਨ ਅਰਥਸ਼ਾਸਤਰੀ ਅਤੇ ਸੁਧਾਰਾਂ ਦੇ ਲਈ ਸਮਰਪਿਤ ਨੇਤਾ ਦੇ ਰੂਪ ਵਿੱਚ ਯਾਦ ਕੀਤਾ ਜਾਵੇਗਾ: ਪ੍ਰਧਾਨ ਮੰਤਰੀ

ਡਾ. ਸਿੰਘ ਦਾ ਵਿਸ਼ਿਸ਼ਟ ਸੰਸਦੀ ਜੀਵਨ ਉਨ੍ਹਾਂ ਦੀ ਨਿਮਰਤਾ, ਕੋਮਲਤਾ ਅਤੇ ਸਿਆਣਪ ਨਾਲ ਪਰਿਪੂਰਨ ਰਿਹਾ: ਪ੍ਰਧਾਨ ਮੰਤਰੀ

ਡਾ. ਸਿੰਘ ਹਮੇਸ਼ਾ ਦਲਗਤ ਰਾਜਨੀਤੀ ਤੋਂ ਉੱਪਰ ਉੱਠ ਕੇ ਸਾਰੇ ਦਲਾਂ ਦੇ ਵਿਆਕਤੀਆਂ ਦੇ ਨਾਲ ਸੰਪਰਕ ਬਣਾਈ ਰੱਖਦੇ ਸਨ ਅਤੇ ਸਭ ਦੇ ਲਈ ਅਸਾਨੀ ਨਾਲ ਉਪਲਬਧ ਰਹਿੰਦੇ ਸਨ: ਪ੍ਰਧਾਨ ਮੰਤਰੀ

Posted On: 27 DEC 2024 11:37AM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਇੱਕ ਵੀਡੀਓ ਸੰਦੇਸ਼ ਜਾਰੀ ਕਰਕੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਅਕਾਲ ਚਲਾਣੇ ‘ਤੇ ਗਹਿਰਾ ਦੁਖ ਵਿਅਕਤ ਕੀਤਾ। ਉਨ੍ਹਾਂ ਨੇ ਕਿਹਾ ਕਿ ਡਾ. ਸਿੰਘ ਦਾ ਅਕਾਲ ਚਲਾਣਾ ਰਾਸ਼ਟਰ ਦੇ ਲਈ ਇੱਕ ਬੜਾ ਘਾਟਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜੀਵਨ ਦੇ ਹਰ ਖੇਤਰ ਵਿੱਚ ਸਫ਼ਲਤਾ ਪ੍ਰਾਪਤ ਕਰਨਾ ਕੋਈ ਸਾਧਾਰਣ ਉਪਲਬਧੀ ਨਹੀਂ ਹੈ ਅਤੇ ਵੰਡ ਦੇ ਦੌਰਾਨ ਭਾਰਤ ਆਉਣ ਦੇ ਬਾਅਦ ਬਹੁਤ ਕੁਝ ਗੁਆਉਣ ਦੇ ਬਾਵਜੂਦ ਡਾ. ਸਿੰਘ ਇੱਕ ਸਫ਼ਲ ਵਿਅਕਤੀ ਸਨ। ਉਨ੍ਹਾਂ ਨੇ ਕਿਹਾ ਕਿ ਡਾ. ਸਿੰਘ ਦਾ ਜੀਵਨ ਭਾਵੀ ਪੀੜ੍ਹੀਆਂ ਨੂੰ ਸਿਖਾਉਂਦਾ ਹੈ ਕਿ ਕਿਵੇਂ ਮੁਸੀਬਤਾਂ ਤੋਂ ਉੱਪਰ ਉੱਠ ਕੇ ਮਹਾਨ ਉਚਾਈਆਂ ਨੂੰ ਪ੍ਰਾਪਤ ਕੀਤਾ ਜਾਵੇ।

ਸ਼੍ਰੀ ਮੋਦੀ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਡਾ. ਸਿੰਘ ਨੂੰ ਹਮੇਸ਼ਾ ਇੱਕ ਦਿਆਲੂ ਵਿਅਕਤੀ, ਇੱਕ ਵਿਦਵਾਨ ਅਰਥਸ਼ਾਸਤਰੀ ਅਤੇ ਸੁਧਾਰਾਂ ਦੇ ਲਈ ਸਮਰਪਿਤ ਨੇਤਾ ਦੇ ਰੂਪ ਵਿੱਚ ਯਾਦ ਕੀਤਾ ਜਾਵੇਗਾ। ਉਨ੍ਹਾਂ ਨੇ ਅਰਥਸ਼ਾਸਤਰੀ ਦੇ ਰੂਪ ਵਿੱਚ ਵਿਭਿੰਨ ਪੱਧਰਾਂ ‘ਤੇ ਭਾਰਤ ਸਰਕਾਰ ਵਿੱਚ ਡਾ. ਸਿੰਘ ਦੇ ਕਈ ਯੋਗਦਾਨਾਂ ‘ਤੇ ਪ੍ਰਕਾਸ਼ ਪਾਇਆ। ਪ੍ਰਧਾਨ ਮੰਤਰੀ ਨੇ ਚੁਣੌਤੀਪੂਰਨ ਸਮੇਂ ਦੇ ਦੌਰਾਨ ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਦੇ ਰੂਪ ਵਿੱਚ ਡਾ. ਸਿੰਘ ਦੀ ਭੂਮਿਕਾ ਦੀ ਸ਼ਲਾਘਾ ਕੀਤੀ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਅਤੇ ਭਾਰਤ ਰਤਨ ਸ਼੍ਰੀ ਪੀ.ਵੀ. ਨਰਸਿਮਹਾ ਰਾਓ ਦੀ ਸਰਕਾਰ ਵਿੱਚ ਵਿੱਤ ਮੰਤਰੀ ਦੇ ਰੂਪ ਵਿੱਚ ਡਾ. ਮਨਮੋਹਨ ਸਿੰਘ ਨੇ ਦੇਸ਼ ਨੂੰ ਵਿੱਤੀ ਸੰਕਟ ਤੋਂ ਕੱਢ ਕੇ ਇੱਕ ਨਵੇਂ ਆਰਥਿਕ ਮਾਰਗ ‘ਤੇ ਅੱਗੇ ਵਧਾਇਆ। ਉਨ੍ਹਾਂ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਦੇਸ਼ ਦੇ ਵਿਕਾਸ ਅਤੇ ਪ੍ਰਗਤੀ ਵਿੱਚ ਡਾ. ਸਿੰਘ ਦੇ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਨਾਗਰਿਕਾਂ ਅਤੇ ਦੇਸ਼ ਦੇ ਵਿਕਾਸ ਦੇ ਪ੍ਰਤੀ ਡਾ. ਸਿੰਘ ਦੀ ਪ੍ਰਤੀਬੱਧਤਾ ਨੂੰ ਹਮੇਸ਼ਾ ਉੱਚ ਸਨਮਾਨ ਦਿੱਤਾ ਗਿਆ। 

ਸ਼੍ਰੀ ਮੋਦੀ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਡਾ. ਸਿੰਘ ਦਾ ਜੀਵਨ ਉਨ੍ਹਾਂ ਦੀ ਇਮਾਨਦਾਰੀ ਅਤੇ ਸਾਦਗੀ ਦਾ ਪ੍ਰਤੀਬਿੰਬ ਸੀ। ਉਨ੍ਹਾਂ ਨੇ ਡਾ. ਸਿੰਘ ਦਾ ਵਿਸ਼ਿਸ਼ਟ ਸੰਸਦੀ ਕਰੀਅਰ ਉਨ੍ਹਾਂ ਦੀ ਨਿਮਰਤਾ, ਕੋਮਲਤਾ ਅਤੇ ਸਿਆਣਪ ਨਾਲ ਨਾਲ ਪਰਿਪੂਰਨ ਰਿਹਾ। ਪ੍ਰਧਾਨ ਮੰਤਰੀ ਨੇ ਯਾਦ ਕੀਤਾ ਕਿ ਇਸ ਵਰ੍ਹੇ ਦੀ ਸ਼ੁਰੂਆਤ ਵਿੱਚ ਰਾਜ ਸਭਾ ਵਿੱਚ ਡਾ. ਸਿੰਘ ਦੇ ਕਾਰਜਕਾਲ ਦੇ ਅੰਤ ਵਿੱਚ ਭੀ ਉਨ੍ਹਾਂ ਨੇ ਡਾ. ਸਿੰਘ ਦੇ ਸਮਰਪਣ ਦੀ ਪ੍ਰਸ਼ੰਸਾ ਕਰਦੇ ਹੋਏ ਉਨ੍ਹਾਂ ਨੂੰ ਸਭ ਦੇ ਲਈ ਪ੍ਰੇਰਣਾ ਸਰੋਤ ਦੱਸਿਆ ਸੀ। ਆਪਣੀਆਂ ਸਰੀਰਕ ਚੁਣੌਤੀਆਂ ਦੇ ਬਾਵਜੂਦ ਡਾ. ਸਿੰਘ ਨੇ ਵ੍ਹੀਲਚੇਅਰ ‘ਤੇ ਬੈਠ ਕੇ ਮਹੱਤਵਪੂਰਨ ਸੈਸ਼ਨਾਂ ਵਿੱਚ ਹਿੱਸਾ ਲਿਆ ਅਤੇ ਆਪਣੇ ਸੰਸਦੀ ਕਰਤੱਵ ਨਿਭਾਏ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਪ੍ਰਤਿਸ਼ਠਿਤ ਆਲਮੀ ਸੰਸਥਾਵਾਂ ਤੋਂ ਸਿੱਖਿਆ ਪ੍ਰਾਪਤ ਕਰਨ ਅਤੇ ਸਿਖਰਲੇ ਸਰਕਾਰੀ ਪਦਾਂ ‘ਤੇ ਰਹਿਣ ਦੇ ਬਾਵਜੂਦ ਡਾ. ਸਿੰਘ ਨੇ ਆਪਣੇ ਸਾਧਾਰਣ ਪਿਛੋਕੜ ਦੀਆਂ ਕਦਰਾਂ-ਕੀਮਤਾਂ ਨੂੰ ਕਦੇ ਨਹੀਂ ਭੁਲਾਇਆ। ਉਨ੍ਹਾਂ ਨੇ  ਕਿਹਾ ਕਿ ਡਾ. ਸਿੰਘ ਹਮੇਸ਼ਾ ਦਲਗਤ ਰਾਜਨੀਤੀ ਤੋਂ ਉੱਪਰ ਰਹੇ, ਸਾਰੇ ਦਲਾਂ ਦੇ ਲੋਕਾਂ ਨਾਲ ਸੰਪਰਕ ਬਣਾਈ ਰੱਖਿਆ ਅਤੇ ਸਭ ਦੇ ਲਈ ਅਸਾਨੀ ਨਾਲ ਉਪਲਬਧ ਰਹੇ। ਸ਼੍ਰੀ ਮੋਦੀ ਨੇ ਮੁੱਖ ਮੰਤਰੀ ਦੇ ਰੂਪ ਵਿੱਚ ਆਪਣੇ ਕਾਰਜਕਾਲ ਦੇ ਸਮੇਂ  ਅਤੇ ਬਾਅਦ ਵਿੱਚ ਦਿੱਲੀ ਵਿੱਚ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੁੱਦਿਆਂ ‘ਤੇ ਡਾ. ਸਿੰਘ ਦੇ ਨਾਲ ਆਪਣੀ ਸੁਤੰਤਰ ਚਰਚਾ ਨੂੰ ਯਾਦ ਕੀਤਾ। ਉਨ੍ਹਾਂ ਨੇ ਡਾ. ਸਿੰਘ ਦੇ ਪਰਿਵਾਰ ਦੇ ਪ੍ਰਤੀ ਆਪਣੀ ਸੰਵੇਦਨਾ ਵਿਅਕਤ ਕੀਤੀ ਅਤੇ ਸਾਰੇ ਨਾਗਰਿਕਾਂ (ਦੇਸ਼ਵਾਸੀਆਂ) ਦੀ ਤਰਫ਼ੋਂ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ।

***

ਐੱਮਜੇਪੀਐੱਸ/ਐੱਸਆਰ/ਐੱਸਕੇਐੱਸ


(Release ID: 2088516) Visitor Counter : 9