ਯੁਵਾ ਮਾਮਲੇ ਤੇ ਖੇਡ ਮੰਤਰਾਲਾ
azadi ka amrit mahotsav

ਡਾ. ਮਨਸੁਖ ਮਾਂਡਵੀਆ ਨੇ 75ਵੇਂ ਸੰਵਿਧਾਨ ਦਿਵਸ ਤੋਂ ਪਹਿਲਾਂ ਮਾਈ ਭਾਰਤ ਯੂਥ ਵਲੰਟੀਅਰਾਂ ਵੱਲੋਂ ਆਯੋਜਿਤ 'ਹਮਾਰਾ ਸੰਵਿਧਾਨ ਹਮਾਰਾ ਸਵਾਭੀਮਾਨ' ਪਦ-ਯਾਤਰਾ ਦੀ ਸ਼ੁਰੂਆਤ ਕੀਤੀ


ਨਵੇਂ ਭਾਰਤ ਦੇ ਨੌਜਵਾਨ 'ਵਿਕਸਿਤ ਭਾਰਤ' ਦੇ ਨਿਰਮਾਣ ਵਿੱਚ ਲੱਗੇ ਹਨ: ਡਾ. ਮਾਂਡਵੀਆ

10,000 ਤੋਂ ਵੱਧ "ਮਾਈ ਭਾਰਤ" ਯੁਵਾ ਵਲੰਟੀਅਰਾਂ ਨੇ ਦਿੱਲੀ ਵਿੱਚ 'ਹਮਾਰਾ ਸੰਵਿਧਾਨ ਹਮਾਰਾ ਸਵਾਭੀਮਾਨ' ਪਦ-ਯਾਤਰਾ ਵਿੱਚ ਹਿੱਸਾ ਲਿਆ

ਕੇਂਦਰੀ ਮੰਤਰੀ 75ਵੇਂ ਸੰਵਿਧਾਨ ਦਿਵਸ ਨੂੰ ਮਨਾਉਣ ਲਈ ਇੰਡੀਆ ਗੇਟ ਵਿਖੇ ਇਤਿਹਾਸਕ ਪ੍ਰਸਤਾਵਨਾ ਦੇ ਪਾਠ ਵਿੱਚ "ਮਾਈ ਭਾਰਤ" ਵਲੰਟੀਅਰਾਂ ਨਾਲ ਸ਼ਾਮਲ ਹੋਏ

ਪ੍ਰਧਾਨ ਮੰਤਰੀ ਦੇ ਸਵੱਛ ਭਾਰਤ ਦ੍ਰਿਸ਼ਟੀਕੋਣ ਨਾਲ ਮੇਲ ਖਾਂਦੇ ਹੋਏ "ਮਾਈ ਭਾਰਤ" ਯੂਥ ਵਲੰਟੀਅਰਾਂ ਨੇ ਸੰਵਿਧਾਨ ਦਿਵਸ ਪਦ-ਯਾਤਰਾ ਵਿੱਚ ਸਵੱਛਤਾ ਮੁਹਿੰਮ ਚਲਾਈ

Posted On: 25 NOV 2024 2:45PM by PIB Chandigarh

ਕੇਂਦਰੀ ਯੁਵਾ ਮਾਮਲੇ ਅਤੇ ਖੇਡਾਂ ਅਤੇ ਕਿਰਤ ਅਤੇ ਰੁਜ਼ਗਾਰ ਮੰਤਰੀ ਡਾ. ਮਨਸੁਖ ਮਾਂਡਵੀਆ ਨੇ ਅੱਜ ਨਵੀਂ ਦਿੱਲੀ ਵਿੱਚ 75ਵੇਂ ਸੰਵਿਧਾਨ ਦਿਵਸ ਦੀ ਯਾਦ ਵਿੱਚ "ਮਾਈ ਭਾਰਤ" ਵਲੰਟੀਅਰਾਂ ਵੱਲੋਂ ਆਯੋਜਿਤ 6 ਕਿੱਲੋਮੀਟਰ ਲੰਬੀ ਪਦ-ਯਾਤਰਾ ਵਿੱਚ ਹਿੱਸਾ ਲਿਆ।  "ਹਮਾਰਾ ਸੰਵਿਧਾਨ ਹਮਾਰਾ ਸਵਾਭੀਮਾਨ" ਵਿਸ਼ੇ ਵਾਲੀ ਪਦ-ਯਾਤਰਾ ਮੇਜਰ ਧਿਆਨ ਚੰਦ ਸਟੇਡੀਅਮ ਤੋਂ ਸ਼ੁਰੂ ਹੋਈ, ਜੋ ਕਰਤਵਯ ਪਥ ਅਤੇ ਇੰਡੀਆ ਗੇਟ ਤੋਂ ਹੋ ਕੇ ਲੰਘੀ।  ਪਦ-ਯਾਤਰਾ ਵਿੱਚ 10,000 ਤੋਂ ਵੱਧ "ਮਾਈ ਭਾਰਤ" ਯੁਵਾ ਵਲੰਟੀਅਰਾਂ ਦੇ ਨਾਲ-ਨਾਲ ਪ੍ਰਮੁੱਖ ਯੁਵਾ ਵਲੰਟੀਅਰ, ਕੇਂਦਰੀ ਮੰਤਰੀ ਅਤੇ ਸੰਸਦਾਂ ਦੇ ਮੈਂਬਰ ਸ਼ਾਮਿਲ ਹੋਏ। 

 

 

ਸਮਾਗਮ ਦੀ ਸ਼ੁਰੂਆਤ ‘ਏਕ ਪੇੜ ਮਾਂ ਕੇ ਨਾਮ’ ਪਹਿਲ ਨਾਲ ਹੋਈ, ਜਿਸ ਦੌਰਾਨ ਡਾ. ਮਨਸੁਖ ਮਾਂਡਵੀਆ ਨੇ ਆਪਣੇ ਸੰਸਦੀ ਸਾਥੀਆਂ ਨਾਲ ਮਿਲ ਕੇ ਇੱਕ ਰੁੱਖ ਲਗਾਇਆ। ਇਸ ਤੋਂ ਬਾਅਦ ਕੇਂਦਰੀ ਮੰਤਰੀ ਸ੍ਰੀ ਪੀਯੂਸ਼ ਗੋਇਲ, ਸ੍ਰੀ ਧਰਮਿੰਦਰ ਪ੍ਰਧਾਨ, ਸ੍ਰੀ ਗਜੇਂਦਰ ਸਿੰਘ ਸ਼ੇਖਾਵਤ, ਸ੍ਰੀ ਕਿਰਨ ਰਿਜਿਜੂ, ਸ੍ਰੀ ਅਰਜੁਨ ਰਾਮ ਮੇਘਵਾਲ, ਮਿਸ ਰਕਸ਼ਾ ਨਿਖਿਲ ਖੜਸੇ ਸਮੇਤ ਹੋਰ ਸੰਸਦ ਮੈਂਬਰਾਂ ਨੇ ਹਿੱਸਾ ਲਿਆ।  ਯੋਗੇਸ਼ਵਰ ਦੱਤ, ਮੀਰਾਬਾਈ ਚਾਨੂ, ਰਵੀ ਦਹੀਆ, ਯੋਗੇਸ਼ ਕਥੂਨੀਆ ਵਰਗੇ ਉੱਘੇ ਯੁਵਾ ਪ੍ਰਤੀਕ ਅਤੇ ਓਲੰਪਿਕ ਤਮਗਾ ਜੇਤੂਆਂ ਨੇ ਵੀ ਪਦ-ਯਾਤਰਾ ਵਿੱਚ ਹਿੱਸਾ ਲਿਆ। 

  

 

ਪਦ-ਯਾਤਰਾ ਦੇ ਦੌਰਾਨ ਮੀਡੀਆ ਨਾਲ ਗੱਲ ਕਰਦੇ ਹੋਏ ਡਾ. ਮਾਂਡਵੀਆ ਨੇ 10,000 ਤੋਂ ਵੱਧ 'ਮਾਈ ਭਾਰਤ' ਨੌਜਵਾਨ ਵਲੰਟੀਅਰਾਂ ਦੀ ਹਿਸੇਦਾਰੀ 'ਤੇ ਖ਼ੁਸ਼ੀ ਪ੍ਰਗਟ ਕੀਤੀ।  ਉਹਨਾਂ ਦੱਸਿਆ ਕਿ ਦੇਸ਼ ਦੇ ਨੌਜਵਾਨਾਂ ਨੇ ਨਾ ਸਿਰਫ਼ ਸੰਵਿਧਾਨ ਦੀ ਪ੍ਰਸਤਾਵਨਾ ਪੜ੍ਹੀ ਹੈ ਬਲਕਿ ਇਸ ਪ੍ਰਤੀ ਆਪਣੀ ਵਚਨਬੱਧਤਾ ਦੀ ਪੁਸ਼ਟੀ ਵੀ ਕੀਤੀ ਹੈ।  ਉਹਨਾਂ ਜ਼ੋਰ ਦੇ ਕੇ ਕਿਹਾ ਕਿ ਨਿਊ ਇੰਡੀਆ ਦੇ ਨੌਜਵਾਨ 'ਵਿਕਸਿਤ ਭਾਰਤ' ਬਣਾਉਣ ਵੱਲ ਵਧ ਰਹੇ ਹਨ। 

 

 

ਪ੍ਰੋਗਰਾਮ ਦੀ ਸ਼ੁਰੂ 'ਤੇ ਇੱਕ ਵਿਆਪਕ ਪ੍ਰਦਰਸ਼ਨੀ ਰਾਹੀਂ ਭਾਰਤੀ ਸੰਵਿਧਾਨ ਦੀ ਵਿਕਾਸ ਯਾਤਰਾ ਨੂੰ ਪ੍ਰਦਰਸ਼ਿਤ ਕੀਤਾ ਅਤੇ ਪ੍ਰਮੁੱਖ ਸ਼ਖ਼ਸੀਅਤਾਂ ਦੇ ਯੋਗਦਾਨ ਨੂੰ ਉਜਾਗਰ ਕੀਤਾ।  ਇਤਿਹਾਸਕ ਪੋਸ਼ਾਕਾਂ ਵਿੱਚ ਸਜੇ ਨੌਜਵਾਨਾਂ ਨੇ ਡਾ. ਬੀ.ਆਰ.  ਅੰਬੇਡਕਰ ਅਤੇ ਸਰਦਾਰ ਵੱਲਭ ਭਾਈ ਪਟੇਲ ਵਰਗੇ ਨੇਤਾਵਾਂ ਦਾ ਚਿਤਰਣ ਕਰਕੇ ਇਤਿਹਾਸ ਨੂੰ ਉਜਾਗਰ ਕੀਤਾ। ਪੂਰੇ ਮਾਰਗ ਦੇ ਨਾਲ-ਨਾਲ, ਪਦ-ਯਾਤਰਾ ਦੇ ਵੱਖ-ਵੱਖ ਸਥਾਨਾਂ 'ਤੇ ਜੀਵੰਤ ਸਭਿਆਚਾਰਕ ਪ੍ਰਦਰਸ਼ਨੀਆਂ ਨੂੰ ਪ੍ਰਦਰਸ਼ਿਤ ਕੀਤਾ।  ਭਾਗੀਦਾਰਾਂ ਨੇ ਰਵਾਇਤੀ ਗੁਜਰਾਤੀ ਨਾਚ, ਰਾਜਸਥਾਨੀ ਲੋਕ ਨਾਚ ਅਤੇ ਜੋਸ਼ੀਲੇ ਪੰਜਾਬੀ ਭੰਗੜੇ ਸਮੇਤ ਮਨਮੋਹਕ ਸਭਿਆਚਾਰਕ ਪੇਸ਼ਕਾਰੀਆਂ ਦਾ ਆਨੰਦ ਲਿਆ। 

  

 

ਇਸ ਪਦ-ਯਾਤਰਾ ਦਾ ਉਦੇਸ਼ ਨੌਜਵਾਨਾਂ ਅੰਦਰ ਸੰਵਿਧਾਨਕ ਭਾਵਨਾ ਵਧਾਉਣਾ ਸੀ। ਇਸ ਮੌਕੇ 'ਤੇ ਇੰਡੀਆ ਗੇਟ ਵਿਖੇ ਇੱਕ ਵਿਸ਼ੇਸ਼ ਸਮਾਰੋਹ ਦਾ ਆਯੋਜਨ ਕੀਤਾ ਗਿਆ, ਜਿੱਥੇ ਨੌਜਵਾਨਾਂ ਨੇ ਸਮੂਹਿਕ ਰੂਪ ਵਿੱਚ ਪ੍ਰਸਤਾਵਨਾ ਪੜ੍ਹੀ।  ਇਸ ਗਤੀਵਿਧੀ ਨੇ ਭਾਰਤ ਦੇ ਸੰਵਿਧਾਨ ਦੀ ਨੀਂਹ ਦੇ ਰੂਪ ਵਿੱਚ ਪ੍ਰਸਤਾਵਨਾ ਦੀ ਭੂਮਿਕਾ ਅਤੇ ਨਿਆਂ, ਆਜ਼ਾਦੀ, ਸਮਾਨਤਾ ਅਤੇ ਭਾਈਚਾਰੇ ਦੇ ਇਸ ਦੇ ਮੂਲ ਮੁੱਲਾਂ ਨੂੰ ਉਜਾਗਰ ਕੀਤਾ।  ਕੇਂਦਰੀ ਮੰਤਰੀਆਂ ਅਤੇ ਸੰਸਦ ਮੈਂਬਰਾਂ ਦੇ ਨਾਲ ਇਸ ਸਮਾਗਮ ਨੇ ਭਾਰਤੀ ਲੋਕਤੰਤਰ ਵਿੱਚ ਇਨ੍ਹਾਂ ਸਿਧਾਂਤਾਂ ਦੀ ਮਹੱਤਤਾ ਨੂੰ ਉਜਾਗਰ ਕੀਤਾ ਗਿਆ। ਰਾਸ਼ਟਰੀ ਏਕਤਾ ਦੇ ਪ੍ਰਤੀਕ ਇੰਡੀਆ ਗੇਟ ਵਿਖੇ ਹੋਏ ਇਸ ਸਮਾਗਮ ਨੇ ਸਮਾਰੋਹ ਨੂੰ ਹੋਰ ਪ੍ਰਭਾਵਸ਼ਾਲੀ ਬਣਾ ਦਿੱਤਾ। ਪ੍ਰਸਤਾਵਨਾ ਪੜ੍ਹਨ ਤੋਂ ਬਾਅਦ ਡਾ. ਮਾਂਡਵੀਆ ਨੇ ਆਪਣੇ ਸੰਸਦੀ ਸਹਿਯੋਗੀਆਂ ਦੇ ਨਾਲ ਨੇਤਾਜੀ ਸੁਭਾਸ਼ ਚੰਦਰ ਬੋਸ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। 

   

   

 

ਪੂਰੇ ਪ੍ਰੋਗਰਾਮ ਦੌਰਾਨ "ਮਾਈ ਭਾਰਤ" ਰਜਿਸਟ੍ਰੇਸ਼ਨ ਅਭਿਆਨ ਦੇ ਨਾਲ ਨੌਜਵਾਨਾਂ ਦੀ ਸ਼ਮੂਲੀਅਤ ਇਸ ਸਮਾਗਮ ਦਾ ਕੇਂਦਰੀ ਹਿੱਸਾ ਸੀ।  ਭਾਗੀਦਾਰ ਪ੍ਰਸਤਾਵਨਾ ਦੇ ਥੀਮ ਵਾਲੇ ਸੈਲਫੀ ਪੁਆਇੰਟਾਂ ਨਾਲ ਇਸ ਇਤਿਹਾਸਕ ਦਿਨ ਦੀਆਂ ਯਾਦਗਾਰ ਤਸਵੀਰਾਂ ਲੈ ਸਕਦੇ ਸਨ।  ਪੂਰੇ ਰਾਹ "ਮਾਈ ਭਾਰਤ" ਦੇ ਵਲੰਟੀਅਰਾਂ ਨੇ ਭਾਗ ਲੈਣ ਵਾਲਿਆਂ ਲਈ ਰਿਫਰੈਸ਼ਮੈਂਟ ਸਟਾਲ ਲਗਾ ਕੇ ਅਤੇ ਸਵੱਛ ਭਾਰਤ ਅਭਿਆਨ ਵਿੱਚ ਸਰਗਰਮੀ ਨਾਲ ਹਿੱਸਾ ਲੈ ਕੇ, ਪਦ-ਯਾਤਰਾ ਦੇ ਪੂਰੇ ਰੂਟ ਵਿੱਚ ਸਫ਼ਾਈ ਨੂੰ ਯਕੀਨੀ ਬਣਾਉਣ ਲਈ ਮਹੱਤਵਪੂਰਨ ਯੋਗਦਾਨ ਪਾਇਆ। 

 

   

 

ਇਸ ਪਦ-ਯਾਤਰਾ ਵਿੱਚ ਐੱਨਸੀਆਰ ਖੇਤਰ ਦੇ 125 ਤੋਂ ਵੱਧ ਕਾਲਜਾਂ ਅਤੇ ਐੱਨਵਾਈਕੇਐੱਸ, ਐੱਨਐੱਸਐੱਸ, ਐੱਨਸੀਸੀ ਅਤੇ ਭਾਰਤ ਸਕਾਊਟਸ ਅਤੇ ਗਾਈਡਸ ਸਮੇਤ ਵੱਖ-ਵੱਖ ਸੰਸਥਾਵਾਂ ਦੇ ਨੌਜਵਾਨ ਭਾਗੀਦਾਰਾਂ ਨੇ ਸਫਲਤਾਪੂਰਵਕ ਸ਼ਮੂਲੀਅਤ ਕੀਤੀ।  ਇਸ ਨੇ ਸੰਵਿਧਾਨ ਦੇ 75ਵੇਂ ਸਾਲ ਦੇ ਜਸ਼ਨ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਵਜੋਂ ਕੰਮ ਕੀਤਾ।  ਇਸ ਸਮਾਗਮ ਨੇ ਵਿਕਸਿਤ ਭਾਰਤ ਲਈ ਸੰਵਿਧਾਨਕ ਕਦਰਾਂ-ਕੀਮਤਾਂ ਨੂੰ ਸੰਭਾਲਣ ਅਤੇ ਉਤਸ਼ਾਹਿਤ ਕਰਨ ਵਿੱਚ ਨੌਜਵਾਨਾਂ ਦੀ ਭੂਮਿਕਾ 'ਤੇ ਜ਼ੋਰ ਦਿੱਤਾ।

*** *** *** *** 


(Release ID: 2077821) Visitor Counter : 3