ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਸੈਨਾ ਦਿਵਸ ਪਰੇਡ 2025 ਦੀ ਇੱਕ ਝਲਕ: 55ਵੇਂ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਵ੍ ਇੰਡੀਆ (IFFI-ਇੱਫੀ) ਵਿੱਚ ਪ੍ਰੋਮੋ ਦਾ ਉਦਘਾਟਨ
ਪੁਣੇ ਪਹਿਲੀ ਵਾਰ ਪ੍ਰਤਿਸ਼ਠਿਤ ਸੈਨਾ ਦਿਵਸ ਪਰੇਡ ਦੀ ਮੇਜ਼ਬਾਨੀ ਕਰੇਗਾ
#IFFIWood, 24 ਨਵੰਬਰ 2024
ਆਪਣੀ ਸਮ੍ਰਿੱਧ ਸੈਨਾ ਵਿਰਾਸਤ ਦੇ ਲਈ ਪ੍ਰਸਿੱਧ ਸ਼ਹਿਰ ਪੁਣੇ, 15 ਜਨਵਰੀ 2025 ਨੂੰ ਪਹਿਲੀ ਵਾਰ ਪ੍ਰਤਿਸ਼ਠਿਤ ਸੈਨਾ ਦਿਵਸ ਪਰੇਡ ਦੀ ਮੇਜ਼ਬਾਨੀ ਕਰਨ ਦੇ ਲਈ ਤਿਆਰ ਹੈ, ਜੋ ਇੱਕ ਇਤਿਹਾਸਿਕ ਮੀਲ ਦਾ ਪੱਥਰ ਸਾਬਤ ਹੋਵੇਗੀ। ਭਾਰਤੀ ਸੈਨਾ ਨੇ ਗੋਆ ਵਿੱਚ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਵ੍ ਇੰਡੀਆ (IFFI-ਇੱਫੀ) ਦੇ ਦੌਰਾਨ ਆਗਾਮੀ ਪਰੇਡ ਦੇ ਲਈ ਇੱਕ ਪ੍ਰਚਾਰ ਵੀਡੀਓ ਤੋਂ ਪਰਦਾ ਹਟਾਇਆ, ਜਿਸ ਨੂੰ ਸਿਨੇਪ੍ਰੇਮੀਆਂ, ਅੰਤਰਰਾਸ਼ਟਰੀ ਪ੍ਰਤੀਨਿਧੀਆਂ ਅਤੇ ਉਦਯੋਗ ਜਗਤ ਦੇ ਪ੍ਰਮੁੱਖ ਲੋਕਾਂ ਤੋਂ ਉਤਸ਼ਾਹਜਨਕ ਹੁੰਗਾਰਾ ਮਿਲਿਆ।
ਸੰਨ 1949 ਵਿੱਚ ਭਾਰਤੀ ਸੈਨਾ ਦੇ ਪਹਿਲੇ ਭਾਰਤੀ ਕਮਾਂਡਰ-ਇਨ-ਚੀਫ਼ ਦੇ ਰੂਪ ਵਿੱਚ ਫੀਲਡ ਮਾਰਸ਼ਲ ਕੇ. ਐੱਮ ਕਰਿਅੱਪਾ ਦੀ ਨਿਯੁਕਤੀ ਦੀ ਯਾਦ ਵਿੱਚ ਸੈਨਾ ਦਿਵਸ ਪਰੇਡ (ਆਰਮੀ ਡੇ ਪਰੇਡ) ਦਾ ਆਯੋਜਨ ਕੀਤਾ ਜਾਂਦਾ ਹੈ, ਜੋ ਆਜ਼ਾਦੀ ਤੋਂ ਬਾਅਦ ਦੇ ਭਾਰਤ ਦੀ ਮਿਲਿਟਰੀ ਲੀਡਰਸ਼ਿਪ ਦਾ ਪ੍ਰਤੀਕ ਹੈ। ਰਵਾਇਤੀ ਤੌਰ ’ਤੇ ਦਿੱਲੀ ਵਿੱਚ ਆਯੋਜਿਤ ਹੋਣ ਵਾਲੀ ਪਰੇਡ 2023 ਵਿੱਚ ਵੱਖ-ਵੱਖ ਸ਼ਹਿਰਾਂ ਵਿੱਚ ਘੁੰਮਣ ਲਗੀ, ਜਿਸ ਦੀ ਸ਼ੁਰੂਆਤ ਬੰਗਲੁਰੂ ਤੋਂ ਹੋਈ ਅਤੇ ਉਸ ਤੋਂ ਬਾਅਦ 2024 ਵਿੱਚ ਲਖਨਊ ਵਿੱਚ ਇਹ ਪਰੇਡ ਹੋਈ। ਸੰਨ 2025 ਦੀ ਪਰੇਡ ਦੇ ਲਈ ਪੁਣੇ ਦੀ ਚੋਣ ਸ਼ਹਿਰ ਦੇ ਹਥਿਆਰਬੰਦ ਬਲਾਂ ਦੇ ਨਾਲ ਇਤਿਹਾਸਿਕ ਸਬੰਧਾਂ ਅਤੇ ਭਾਰਤੀ ਸੈਨਾ ਦੀ ਦੱਖਣੀ ਕਮਾਂਡ ਦੇ ਮੁੱਖ ਦਫ਼ਤਰ ਦੇ ਰੂਪ ਵਿੱਚ ਇਸ ਦੀ ਭੂਮਿਕਾ ਨੂੰ ਦਰਸਾਉਂਦੀ ਹੈ।
ਇਸ ਸਾਲ ਦੀ ਪਰੇਡ ਬਾਂਬੇ ਇੰਜੀਨੀਅਰਿੰਗ ਗਰੁੱਪ ਐਂਡ ਸੈਂਟਰ ਵਿਖੇ ਹੋਵੇਗੀ, ਜਿਸ ਵਿੱਚ ਮਾਰਚਿੰਗ ਟੁਕੜੀਆਂ, ਮਸ਼ੀਨੀਕ੍ਰਿਤ ਥੰਮ੍ਹ ਅਤੇ ਤਕਨੀਕੀ ਪ੍ਰਦਰਸ਼ਨ ਸ਼ਾਮਲ ਹੋਣਗੇ। ਇਸ ਦੇ ਮੁੱਖ ਆਕਰਸ਼ਣਾਂ ਵਿੱਚ ਡ੍ਰੋਨ ਅਤੇ ਰੋਬੋਟਿਕਸ ਜਿਹੀਆਂ ਅਤਿ-ਆਧੁਨਿਕ ਰੱਖਿਆ ਤਕਨੀਕਾਂ ਦੇ ਪ੍ਰਦਰਸ਼ਨ ਦੇ ਨਾਲ-ਨਾਲ ਜੰਗ ਦੇ ਪ੍ਰਦਰਸ਼ਨ ਅਤੇ ਮਾਰਸ਼ਲ ਆਰਟਸ ਜਿਹੇ ਦਿਲਚਸਪ ਪ੍ਰਦਰਸ਼ਨ ਸ਼ਾਮਲ ਹੋਣਗੇ।
ਪਰੇਡ ਤੋਂ ਪਹਿਲਾਂ, ਪੁਣੇ ਵਿੱਚ ਜਨਵਰੀ ਦੀ ਸ਼ੁਰੂਆਤ ਵਿੱਚ ਹੋਣ ਵਾਲੀ “ਆਪਣੀ ਸੈਨਾ ਨੂੰ ਜਾਣੋ” (“Know Your Army”) ਪ੍ਰਦਰਸ਼ਨੀ ਜਿਹੇ ਸਮਾਗਮ ਨਿਵਾਸੀਆਂ ਨੂੰ ਉੱਨਤ ਹਥਿਆਰਾਂ ਦੇ ਬਾਰੇ ਜਾਣਨ ਅਤੇ ਦੇਸ਼ ਦੀ ਰੱਖਿਆ ਕਰਨ ਵਾਲੇ ਸੈਨਿਕਾਂ ਦੇ ਨਾਲ ਗੱਲਬਾਤ ਕਰਨ ਦਾ ਮੌਕਾ ਦੇਣਗੇ। ਇਸ ਤਰ੍ਹਾਂ ਦੀਆਂ ਪਹਿਲਾਂ ਸਮਾਵੇਸ਼ਤਾ ਅਤੇ ਏਕਤਾ ’ਤੇ ਜ਼ੋਰ ਦਿੰਦੀਆਂ ਹਨ, ਜਿਸ ਨਾਲ ਸੈਨਾ ਦਿਵਸ ਪਰੇਡ ਸਿਰਫ਼ ਇੱਕ ਰਸਮੀ ਮੌਕਾ ਨਹੀਂ, ਬਲਕਿ ਸਾਹਸ, ਸਮਰਪਣ ਅਤੇ ਤਕਨੀਕੀ ਪ੍ਰਗਤੀ ਦਾ ਰਾਸ਼ਟਰੀ ਉਤਸਵ ਬਣ ਜਾਂਦੀਆਂ ਹਨ।
ਭਾਰਤੀ ਸੈਨਾ ਵਿਭਿੰਨ ਸ਼ਹਿਰਾਂ ਵਿੱਚ ਸੈਨਾ ਦਿਵਸ ਪਰੇਡ ਨੂੰ ਘੁੰਮਾ ਕੇ ਦੇਸ਼ ਭਰ ਦੇ ਨਾਗਰਿਕਾਂ ਦੇ ਨਾਲ ਇੱਕ ਮਜ਼ਬੂਤ ਸਬੰਧ ਬਣਾਉਂਦੀ ਹੈ। ਇਹ ਪਹਿਲ ਉਤਸਵ ਨੂੰ ਵਿਕੇਂਦਰੀਕਰਣ ਕਰਦੀ ਹੈ, ਜਿਸ ਨਾਲ ਸਥਾਨਕ ਭਾਈਚਾਰਿਆਂ ਨੂੰ ਹਥਿਆਰਬੰਦ ਬਲਾਂ ਦੇ ਨਾਲ ਸਿੱਧੇ ਤੌਰ ’ਤੇ ਜੁੜਨ ਦੇ ਅਵਸਰ ਮਿਲਦੇ ਹਨ।
*********
ਪੀਆਈਬੀ ਇੱਫੀ ਕਾਸਟ ਅਤੇ ਕਰਿਊ | ਰਜਿਤ/ ਸੁਪਰਿਆ/ ਦੇਬਯਾਨ/ ਦਰਸ਼ਨਾ | ਇਫੀ 55 – 70
(Release ID: 2076714)
Visitor Counter : 5