ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਦਿੱਲੀ ਵਿਖੇ ਪਹਿਲੇ ਬੋਡੋਲੈਂਡ ਮਹੋਤਸਵ ਦਾ ਉਦਘਾਟਨ ਕੀਤਾ


ਸਾਡੀ ਸਰਕਾਰ ਜੀਵੰਤ ਬੋਡੋ ਭਾਈਚਾਰੇ ਦੀ ਤਰੱਕੀ ਅਤੇ ਖੁਸ਼ਹਾਲੀ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ: ਪ੍ਰਧਾਨ ਮੰਤਰੀ

ਬੋਡੋ ਲੋਕਾਂ ਦੇ ਉੱਜਵਲ ਭਵਿੱਖ ਲਈ ਇੱਕ ਮਜ਼ਬੂਤ ਨੀਂਹ ਰੱਖੀ ਗਈ ਹੈ: ਪ੍ਰਧਾਨ ਮੰਤਰੀ

ਸਮੁੱਚਾ ਉੱਤਰ-ਪੂਰਬ ਭਾਰਤ ਦੀ ਅਸ਼ਟਲਕਸ਼ਮੀ ਹੈ: ਪ੍ਰਧਾਨ ਮੰਤਰੀ

Posted On: 15 NOV 2024 9:34PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਪਹਿਲੇ ਬੋਡੋਲੈਂਡ ਮਹੋਤਸਵ ਦਾ ਉਦਘਾਟਨ ਕੀਤਾ, ਜੋ ਕਿ ਸ਼ਾਂਤੀ ਨੂੰ ਕਾਇਮ ਰੱਖਣ ਅਤੇ ਇੱਕ ਜੀਵੰਤ ਬੋਡੋ ਸਮਾਜ ਦੇ ਨਿਰਮਾਣ ਲਈ ਭਾਸ਼ਾ, ਸਾਹਿਤ ਅਤੇ ਸੰਸਕ੍ਰਿਤੀ 'ਤੇ ਅਧਾਰਿਤ ਦੋ ਦਿਨਾਂ ਵਿਸ਼ਾਲ ਸਮਾਗਮ ਹੈ।

ਇਕੱਠ ਨੂੰ ਸੰਬੋਧਨ ਕਰਦਿਆਂ ਸ਼੍ਰੀ ਮੋਦੀ ਨੇ ਕਾਰਤਿਕ ਪੂਰਨਿਮਾ ਅਤੇ ਦੇਵ ਦੀਪਾਵਲੀ ਦੇ ਸ਼ੁਭ ਮੌਕੇ 'ਤੇ ਭਾਰਤ ਦੇ ਨਾਗਰਿਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਅੱਜ ਮਨਾਏ ਜਾ ਰਹੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਬ 'ਤੇ ਦੁਨੀਆ ਭਰ ਦੇ ਸਾਰੇ ਸਿੱਖ ਭਰਾਵਾਂ ਅਤੇ ਭੈਣਾਂ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਭਾਰਤ ਦੇ ਨਾਗਰਿਕ ਭਗਵਾਨ ਬਿਰਸਾ ਮੁੰਡਾ ਦੀ 150ਵੀਂ ਜਯੰਤੀ ਦੇ ਮੌਕੇ 'ਤੇ ਜਨਜਾਤੀਯ ਗੌਰਵ ਦਿਵਸ ਮਨਾ ਰਹੇ ਹਨ। ਉਨ੍ਹਾਂ ਨੇ ਪਹਿਲੇ ਬੋਡੋਲੈਂਡ ਮੋਹੋਤਸਵ ਦਾ ਉਦਘਾਟਨ ਕਰਕੇ ਪ੍ਰਸੰਨਤਾ ਪ੍ਰਗਟ ਕੀਤੀ ਅਤੇ ਦੇਸ਼ ਭਰ ਦੇ ਬੋਡੋ ਲੋਕਾਂ ਨੂੰ ਵਧਾਈ ਦਿੱਤੀ ਜੋ ਖੁਸ਼ਹਾਲੀ, ਸੱਭਿਆਚਾਰ ਅਤੇ ਸ਼ਾਂਤੀ ਦੇ ਨਵੇਂ ਭਵਿੱਖ ਦਾ ਜਸ਼ਨ ਮਨਾਉਣ ਆਏ ਸਨ।

ਇਸ ਮੌਕੇ ਨੂੰ ਆਪਣੇ ਲਈ ਇੱਕ ਭਾਵਨਾਤਮਕ ਪਲ ਕਰਾਰ ਦਿੰਦੇ ਹੋਏ, ਸ਼੍ਰੀ ਮੋਦੀ ਨੇ ਟਿੱਪਣੀ ਕੀਤੀ ਕਿ ਇਹ ਇੱਕ ਬਹੁਤ ਵਧੀਆ ਮੌਕਾ ਸੀ ਕਿਉਂਕਿ ਇਸ ਨਾਲ 50 ਸਾਲਾਂ ਦੀ ਹਿੰਸਾ ਦਾ ਅੰਤ ਹੋ ਗਿਆ ਹੈ ਅਤੇ ਬੋਡੋਲੈਂਡ ਏਕਤਾ ਦਾ ਆਪਣਾ ਪਹਿਲਾ ਉਤਸਵ ਮਨਾ ਰਿਹਾ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਰਣਚੰਡੀ ਨਾਚ ਆਪਣੇ ਆਪ ਵਿੱਚ ਬੋਡੋਲੈਂਡ ਦੀ ਤਾਕਤ ਨੂੰ ਪ੍ਰਦਰਸ਼ਿਤ ਕਰਦਾ ਹੈ। ਸ਼੍ਰੀ ਮੋਦੀ ਨੇ ਸਾਲਾਂ ਦੇ ਸੰਘਰਸ਼ ਅਤੇ ਵਿਚੋਲਗੀ ਦੇ ਯਤਨਾਂ ਤੋਂ ਬਾਅਦ ਨਵਾਂ ਇਤਿਹਾਸ ਸਿਰਜਣ ਲਈ ਬੋਡੋ ਦੀ ਸ਼ਲਾਘਾ ਕੀਤੀ।

2020 ਦੇ ਬੋਡੋ ਸ਼ਾਂਤੀ ਸਮਝੌਤੇ ਤੋਂ ਬਾਅਦ ਕੋਕਰਾਝਾਰ ਦਾ ਦੌਰਾ ਕਰਨ ਦੇ ਆਪਣੇ ਮੌਕੇ ਨੂੰ ਯਾਦ ਕਰਦੇ ਹੋਏ, ਸ਼੍ਰੀ ਮੋਦੀ ਨੇ ਟਿੱਪਣੀ ਕੀਤੀ ਕਿ ਉਨ੍ਹਾਂ ਤੋਂ ਮਿਲੇ ਨਿੱਘ ਅਤੇ ਪਿਆਰ ਨਾਲ ਖੁਦ ਨੂੰ ਬੋਡੋ ਲੋਕਾਂ ਵਿੱਚੋਂ ਇੱਕ ਮਹਿਸੂਸ ਕੀਤਾ। ਉਨ੍ਹਾਂ ਨੇ ਕਿਹਾ ਕਿ ਆਪਣੀ ਫੇਰੀ ਦੇ ਚਾਰ ਸਾਲਾਂ ਬਾਅਦ ਵੀ ਅੱਜ ਉਹੀ ਨਿੱਘ ਅਤੇ ਪਿਆਰ ਮਹਿਸੂਸ ਕਰਕੇ ਖੁਸ਼ੀ ਹੋਈ ਹੈ। ਸ਼੍ਰੀ ਮੋਦੀ ਨੇ ਬੋਡੋ ਲੋਕਾਂ ਲਈ ਆਪਣੇ ਸ਼ਬਦਾਂ ਨੂੰ ਯਾਦ ਕੀਤਾ ਕਿ ਬੋਡੋਲੈਂਡ ਵਿੱਚ ਸ਼ਾਂਤੀ ਅਤੇ ਖੁਸ਼ਹਾਲੀ ਦੀ ਇੱਕ ਨਵੀਂ ਸਵੇਰ ਆਈ ਹੈ, ਕਿਉਂਕਿ ਉਨ੍ਹਾਂ ਨੇ ਲੋਕਾਂ ਨੂੰ ਹਥਿਆਰ ਛੱਡਦੇ ਹੋਏ ਅਤੇ ਸ਼ਾਂਤੀ ਦਾ ਰਸਤਾ ਚੁਣਦੇ ਦੇਖਿਆ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਇਹ ਉਨ੍ਹਾਂ ਲਈ ਸਚਮੁੱਚ ਇੱਕ ਭਾਵਨਾਤਮਕ ਪਲ ਸੀ। ਅੱਜ ਖੁਸ਼ਹਾਲ ਲੋਕਾਂ ਅਤੇ ਉਜਵਲ ਜਸ਼ਨਾਂ ਨੂੰ ਦੇਖਣ ਤੋਂ ਬਾਅਦ, ਪ੍ਰਧਾਨ ਮੰਤਰੀ ਨੇ ਰੇਖਾਂਕਿਤ ਕੀਤਾ ਕਿ ਬੋਡੋ ਲੋਕਾਂ ਦੇ ਉੱਜਵਲ ਭਵਿੱਖ ਲਈ ਇੱਕ ਮਜ਼ਬੂਤ ਨੀਂਹ ਰੱਖੀ ਗਈ ਹੈ। ਸ਼੍ਰੀ ਮੋਦੀ ਨੇ ਟਿੱਪਣੀ ਕੀਤੀ ਕਿ ਬੋਡੋਲੈਂਡ ਵਿੱਚ ਪਿਛਲੇ 4 ਸਾਲਾਂ ਵਿੱਚ ਕੀਤਾ ਗਿਆ ਵਿਕਾਸ ਬਹੁਤ ਮਹੱਤਵਪੂਰਨ ਸੀ। ਸ਼੍ਰੀ ਮੋਦੀ ਨੇ ਕਿਹਾ, "ਸ਼ਾਂਤੀ ਸਮਝੌਤੇ ਤੋਂ ਬਾਅਦ ਬੋਡੋਲੈਂਡ ਨੇ ਵਿਕਾਸ ਦੀ ਇੱਕ ਨਵੀਂ ਲਹਿਰ ਵੇਖੀ ਹੈ।" ਉਨ੍ਹਾਂ ਨੇ ਅੱਗੇ ਕਿਹਾ ਕਿ ਉਹ ਬੋਡੋ ਸ਼ਾਂਤੀ ਸਮਝੌਤੇ ਦੇ ਲਾਭਾਂ ਅਤੇ ਬੋਡੋ ਦੇ ਜੀਵਨ 'ਤੇ ਇਸ ਦੇ ਪ੍ਰਭਾਵ ਨੂੰ ਦੇਖ ਕੇ ਅੱਜ ਸੰਤੁਸ਼ਟੀ ਮਹਿਸੂਸ ਕਰ ਰਹੇ ਹਨ। ਉਨ੍ਹਾਂ ਨੇ ਅੱਗੇ ਕਿਹਾ ਕਿ ਬੋਡੋ ਸ਼ਾਂਤੀ ਸਮਝੌਤੇ ਨੇ ਕਈ ਹੋਰ ਸਮਝੌਤਿਆਂ ਲਈ ਨਵੇਂ ਰਾਹ ਖੋਲ੍ਹੇ ਹਨ। ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਸਮਝੌਤੇ ਦੇ ਨਤੀਜੇ ਵਜੋਂ ਇਕੱਲੇ ਅਸਾਮ ਵਿੱਚ 10 ਹਜ਼ਾਰ ਤੋਂ ਵੱਧ ਨੌਜਵਾਨਾਂ ਨੇ ਹਥਿਆਰ ਛੱਡ ਦਿੱਤੇ ਹਨ, ਹਿੰਸਾ ਦਾ ਰਾਹ ਛੱਡ ਦਿੱਤਾ ਹੈ ਅਤੇ ਵਿਕਾਸ ਦੀ ਮੁੱਖ ਧਾਰਾ ਵਿੱਚ ਪਰਤੇ ਹਨ। ਉਨ੍ਹਾਂ ਨੇ ਅੱਗੇ ਕਿਹਾ ਕਿ ਇਹ ਕਿਸੇ ਦੀ ਕਲਪਨਾ ਤੋਂ ਪਰ੍ਹੇ ਸੀ ਕਿ ਕਾਰਬੀ ਐਂਗਲੌਂਗ ਸਮਝੌਤਾ, ਬਰੂ-ਰੇਆਂਗ ਸਮਝੌਤਾ ਅਤੇ ਐੱਨਐੱਲਐੱਫਟੀ-ਤ੍ਰਿਪੁਰਾ ਸਮਝੌਤਾ ਇੱਕ ਦਿਨ ਹਕੀਕਤ ਬਣ ਜਾਵੇਗਾ। ਸ਼੍ਰੀ ਮੋਦੀ ਨੇ ਟਿੱਪਣੀ ਕੀਤੀ ਕਿ ਲੋਕਾਂ ਅਤੇ ਸਰਕਾਰ ਦਰਮਿਆਨ ਆਪਸੀ ਵਿਸ਼ਵਾਸ ਦਾ ਦੋਵਾਂ ਵਲੋਂ ਸਤਿਕਾਰ ਕੀਤਾ ਜਾਂਦਾ ਹੈ ਅਤੇ ਹੁਣ ਕੇਂਦਰ ਸਰਕਾਰ ਅਤੇ ਅਸਾਮ ਸਰਕਾਰ ਬੋਡੋਲੈਂਡ ਅਤੇ ਇਸਦੇ ਲੋਕਾਂ ਦੇ ਵਿਕਾਸ ਵਿੱਚ ਕੋਈ ਕਸਰ ਨਹੀਂ ਛੱਡ ਰਹੀ ਹੈ।

ਬੋਡੋ ਪ੍ਰਾਦੇਸ਼ਿਕ ਖੇਤਰ ਵਿੱਚ ਬੋਡੋ ਭਾਈਚਾਰੇ ਦੀਆਂ ਲੋੜਾਂ ਅਤੇ ਆਸਾਂ ਨੂੰ ਕੇਂਦਰ ਅਤੇ ਰਾਜ ਸਰਕਾਰਾਂ ਵਲੋਂ ਦਿੱਤੀ ਗਈ ਤਰਜੀਹ ਨੂੰ ਉਜਾਗਰ ਕਰਦੇ ਹੋਏ, ਸ਼੍ਰੀ ਮੋਦੀ ਨੇ ਜ਼ਿਕਰ ਕੀਤਾ ਕਿ ਕੇਂਦਰ ਸਰਕਾਰ ਨੇ ਬੋਡੋਲੈਂਡ ਦੇ ਵਿਕਾਸ ਲਈ 1500 ਕਰੋੜ ਰੁਪਏ ਦਾ ਵਿਸ਼ੇਸ਼ ਪੈਕੇਜ ਦਿੱਤਾ ਹੈ ਜਦਕਿ ਅਸਾਮ ਸਰਕਾਰ ਨੇ ਇੱਕ ਵਿਸ਼ੇਸ਼ ਵਿਕਾਸ ਪੈਕੇਜ ਦਿੱਤਾ ਸੀ। ਉਨ੍ਹਾਂ ਨੇ ਕਿਹਾ ਕਿ ਬੋਡੋਲੈਂਡ ਵਿੱਚ ਸਿੱਖਿਆ, ਸਿਹਤ ਅਤੇ ਸੱਭਿਆਚਾਰ ਨਾਲ ਸਬੰਧਿਤ ਬੁਨਿਆਦੀ ਢਾਂਚੇ ਨੂੰ ਵਿਕਸਿਤ ਕਰਨ ਲਈ 700 ਕਰੋੜ ਰੁਪਏ ਤੋਂ ਵੱਧ ਖਰਚ ਕੀਤੇ ਗਏ ਹਨ। ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਸਰਕਾਰ ਨੇ ਹਿੰਸਾ ਛੱਡ ਕੇ ਮੁੱਖ ਧਾਰਾ ਵਿੱਚ ਪਰਤਣ ਵਾਲੇ ਲੋਕਾਂ ਪ੍ਰਤੀ ਬਹੁਤ ਹੀ ਸੰਵੇਦਨਸ਼ੀਲਤਾ ਨਾਲ ਫੈਸਲੇ ਲਏ ਹਨ। ਉਨ੍ਹਾਂ ਨੇ ਕਿਹਾ ਕਿ ਨੈਸ਼ਨਲ ਡੈਮੋਕਰੇਟਿਕ ਫਰੰਟ ਆਫ ਬੋਡੋਲੈਂਡ ਦੇ 4 ਹਜ਼ਾਰ ਤੋਂ ਵੱਧ ਸਾਬਕਾ ਕਾਡਰਾਂ ਦਾ ਮੁੜ ਵਸੇਬਾ ਕੀਤਾ ਗਿਆ ਹੈ ਜਦਕਿ ਬਹੁਤ ਸਾਰੇ ਨੌਜਵਾਨਾਂ ਨੂੰ ਅਸਾਮ ਪੁਲਿਸ ਵਿੱਚ ਨੌਕਰੀਆਂ ਦਿੱਤੀਆਂ ਗਈਆਂ ਹਨ। ਉਨ੍ਹਾਂ ਨੇ ਅੱਗੇ ਕਿਹਾ ਕਿ ਅਸਾਮ ਸਰਕਾਰ ਨੇ ਬੋਡੋ ਸੰਘਰਸ਼ ਤੋਂ ਪ੍ਰਭਾਵਿਤ ਹਰੇਕ ਪਰਿਵਾਰ ਨੂੰ 5 ਲੱਖ ਰੁਪਏ ਦੀ ਸਹਾਇਤਾ ਦਿੱਤੀ ਹੈ। ਪ੍ਰਧਾਨ ਮੰਤਰੀ ਨੇ ਇਹ ਵੀ ਦੱਸਿਆ ਕਿ ਅਸਾਮ ਸਰਕਾਰ ਬੋਡੋਲੈਂਡ ਦੇ ਵਿਕਾਸ ਲਈ ਹਰ ਸਾਲ 800 ਕਰੋੜ ਰੁਪਏ ਤੋਂ ਵੱਧ ਖਰਚ ਕਰ ਰਹੀ ਹੈ।

ਕਿਸੇ ਵੀ ਖੇਤਰ ਦੇ ਵਿਕਾਸ ਲਈ ਹੁਨਰ ਵਿਕਾਸ ਅਤੇ ਨੌਜਵਾਨਾਂ ਅਤੇ ਮਹਿਲਾਵਾਂ ਲਈ ਮੌਕਿਆਂ ਦੀ ਉਪਲਬਧਤਾ ਦੀ ਮਹੱਤਤਾ 'ਤੇ ਜ਼ੋਰ ਦਿੰਦੇ ਹੋਏ, ਸ਼੍ਰੀ ਮੋਦੀ ਨੇ ਰੇਖਾਂਕਿਤ ਕੀਤਾ ਕਿ 'ਸੀਡ ਮਿਸ਼ਨ' ਸ਼ੁਰੂ ਕੀਤਾ ਗਿਆ ਸੀ। ਸੀਡ ਦੀ ਵਿਆਖਿਆ ਕਰਦੇ ਹੋਏ, ਸ਼੍ਰੀ ਮੋਦੀ ਨੇ ਕਿਹਾ ਕਿ ਇਸਦਾ ਅਰਥ ਹੁਨਰ, ਉੱਦਮ, ਰੋਜ਼ਗਾਰ ਅਤੇ ਵਿਕਾਸ ਨਾਲ ਨੌਜਵਾਨਾਂ ਦੀ ਭਲਾਈ ਹੈ ਅਤੇ ਉਨ੍ਹਾਂ ਨੇ  ਵਿਸ਼ਵਾਸ ਪ੍ਰਗਟਾਇਆ ਕਿ ਬੋਡੋ ਨੌਜਵਾਨਾਂ ਨੂੰ ਇਸ ਤੋਂ ਬਹੁਤ ਲਾਭ ਮਿਲ ਰਿਹਾ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਦੇਖ ਕੇ ਖੁਸ਼ੀ ਹੋਈ ਹੈ ਕਿ ਪਹਿਲਾਂ ਬੰਦੂਕ ਚਲਾਉਣ ਵਾਲੇ ਨੌਜਵਾਨ ਹੁਣ ਖੇਡਾਂ ਦੇ ਖੇਤਰ ਵਿੱਚ ਅੱਗੇ ਵੱਧ ਰਹੇ ਹਨ। ਉਨ੍ਹਾਂ ਨੇ ਬੰਗਲਾਦੇਸ਼, ਨੇਪਾਲ ਅਤੇ ਭੂਟਾਨ ਦੀਆਂ ਟੀਮਾਂ ਦੇ ਨਾਲ ਕੋਕਰਾਝਾਰ ਵਿੱਚ ਕਰਵਾਏ ਜਾ ਰਹੇ ਡੁਰੰਡ ਕੱਪ ਦੇ ਦੋ ਐਡੀਸ਼ਨਾਂ ਨੂੰ ਇਤਿਹਾਸਿਕ ਦੱਸਿਆ। ਪ੍ਰਧਾਨ ਮੰਤਰੀ ਨੇ ਰੇਖਾਂਕਿਤ ਕੀਤਾ ਕਿ ਸ਼ਾਂਤੀ ਸਮਝੌਤੇ ਤੋਂ ਬਾਅਦ, ਬੋਡੋਲੈਂਡ ਸਾਹਿਤ ਉਤਸਵ ਵੀ ਪਿਛਲੇ ਤਿੰਨ ਸਾਲਾਂ ਤੋਂ ਲਗਾਤਾਰ ਕੋਕਰਾਝਾਰ ਵਿੱਚ ਆਯੋਜਿਤ ਕੀਤਾ ਗਿਆ ਸੀ, ਜੋ ਬੋਡੋ ਸਾਹਿਤ ਲਈ ਇੱਕ ਮਹਾਨ ਸੇਵਾ ਨੂੰ ਦਰਸਾਉਂਦਾ ਹੈ। ਉਨ੍ਹਾਂ ਨੇ ਅੱਜ ਮਨਾਏ ਜਾ ਰਹੇ ਬੋਡੋ ਸਾਹਿਤ ਸਭਾ ਦੇ 73ਵੇਂ ਸਥਾਪਨਾ ਦਿਵਸ ਮੌਕੇ ਲੋਕਾਂ ਨੂੰ ਵਧਾਈ ਵੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਇਹ ਬੋਡੋ ਸਾਹਿਤ ਅਤੇ ਬੋਡੋ ਭਾਸ਼ਾ ਦੇ ਜਸ਼ਨ ਦਾ ਦਿਨ ਹੈ ਅਤੇ ਭਲਕੇ ਇੱਕ ਸੱਭਿਆਚਾਰਕ ਰੈਲੀ ਕੱਢੀ ਜਾਵੇਗੀ।

ਮਹੋਤਸਵ ਵਿਖੇ ਪ੍ਰਦਰਸ਼ਨੀ ਦੇ ਆਪਣੇ ਤਜ਼ਰਬੇ ਦਾ ਵਰਣਨ ਕਰਦੇ ਹੋਏ, ਸ਼੍ਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਨੇ ਸਮ੍ਰਿੱਧ ਬੋਡੋ ਕਲਾ ਅਤੇ ਸ਼ਿਲਪਕਾਰੀ ਜਿਵੇਂ ਅਰੋਨਨੇ, ਦੋਖੋਨਾ, ਗਾਮਸਾ, ਕਰਾਈ-ਦਖਨੀ, ਥੋਰਖਾ, ਜੌ ਗਿਸ਼ੀ, ਖਾਮ ਅਤੇ ਹੋਰ ਉਤਪਾਦਾਂ ਨੂੰ ਦੇਖਿਆ, ਜਿਨ੍ਹਾਂ ਨੂੰ ਭੂਗੋਲਿਕ ਸੰਕੇਤ (ਜੀਆਈ) ਟੈਗ ਮਿਲਿਆ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਚਾਹੇ ਇਹ ਦੁਨੀਆ ਵਿੱਚ ਕਿਤੇ ਵੀ ਹੋਵੇ, ਜੀਆਈ ਟੈਗ ਦੀ ਮਹੱਤਤਾ ਨੇ ਬੋਡੋਲੈਂਡ ਅਤੇ ਬੋਡੋ ਸੰਸਕ੍ਰਿਤੀ ਨਾਲ ਜੁੜੇ ਰਹਿਣ ਲਈ ਉਤਪਾਦਾਂ ਦੀ ਪਛਾਣ ਬਣਾਈ ਰੱਖਣ ਵਿੱਚ ਮਦਦ ਕੀਤੀ। ਰੇਸ਼ਮ ਦੀ ਕਾਸ਼ਤ ਨੂੰ ਬੋਡੋ ਸੱਭਿਆਚਾਰ ਦਾ ਹਮੇਸ਼ਾ ਤੋਂ ਅਹਿਮ ਹਿੱਸਾ ਦੱਸਦੇ ਹੋਏ, ਸ਼੍ਰੀ ਮੋਦੀ ਨੇ ਰੇਖਾਂਕਿਤ ਕੀਤਾ ਕਿ ਸਰਕਾਰ ਨੇ ਬੋਡੋਲੈਂਡ ਰੇਸ਼ਮ ਉਤਪਾਦਨ ਮਿਸ਼ਨ ਨੂੰ ਲਾਗੂ ਕੀਤਾ ਹੈ। ਇਹ ਨੋਟ ਕਰਦੇ ਹੋਏ ਕਿ ਹਰੇਕ ਬੋਡੋ ਪਰਿਵਾਰ ਵਿੱਚ ਬੁਣਾਈ ਦੀ ਇੱਕ ਪਰੰਪਰਾ ਹੈ, ਸ਼੍ਰੀ ਮੋਦੀ ਨੇ ਕਿਹਾ ਕਿ ਬੋਡੋਲੈਂਡ ਹੈਂਡਲੂਮ ਮਿਸ਼ਨ ਰਾਹੀਂ ਬੋਡੋ ਭਾਈਚਾਰੇ ਦੀ ਸੱਭਿਆਚਾਰਕ ਵਿਰਾਸਤ ਨੂੰ ਉਤਸ਼ਾਹਿਤ ਕਰਨ ਲਈ ਜ਼ਰੂਰੀ ਉਪਰਾਲੇ ਕੀਤੇ ਗਏ ਹਨ।

ਸ਼੍ਰੀ ਮੋਦੀ ਨੇ ਕਿਹਾ, “ਅਸਾਮ ਭਾਰਤ ਦੇ ਟੂਰਿਜ਼ਮ ਖੇਤਰ ਦੀ ਇੱਕ ਵੱਡੀ ਤਾਕਤ ਹੈ, ਜਦੋਂ ਕਿ ਬੋਡੋਲੈਂਡ ਅਸਾਮ ਦੇ ਟੂਰਿਜ਼ਮ ਦੀ ਤਾਕਤ ਹੈ”। ਸ਼੍ਰੀ ਮੋਦੀ ਨੇ ਇਸ ਗੱਲ 'ਤੇ ਖੁਸ਼ੀ ਪ੍ਰਗਟਾਈ ਕਿ ਮਾਨਸ ਨੈਸ਼ਨਲ ਪਾਰਕ, ਰਾਇਮੋਨਾ ਨੈਸ਼ਨਲ ਪਾਰਕ ਅਤੇ ਸਿੱਖਨਾ ਝਾਲਾਓ ਨੈਸ਼ਨਲ ਪਾਰਕ ਦੇ ਸੰਘਣੇ ਜੰਗਲ, ਜੋ ਕਦੇ ਛੁਪਣਗਾਹ ਵਜੋਂ ਵਰਤੇ ਜਾਂਦੇ ਸਨ, ਹੁਣ ਨੌਜਵਾਨਾਂ ਦੀਆਂ ਆਸਾਂ ਨੂੰ ਪੂਰਾ ਕਰਨ ਦਾ ਮਾਧਿਅਮ ਬਣ ਰਹੇ ਹਨ। ਉਨ੍ਹਾਂ ਨੇ ਭਰੋਸਾ ਪ੍ਰਗਟਾਇਆ ਕਿ ਬੋਡੋਲੈਂਡ ਵਿੱਚ ਵਧ ਰਿਹਾ ਟੂਰਿਜ਼ਮ ਨੌਜਵਾਨਾਂ ਲਈ ਰੋਜ਼ਗਾਰ ਦੇ ਕਈ ਨਵੇਂ ਮੌਕੇ ਪੈਦਾ ਕਰੇਗਾ।

ਸ਼੍ਰੀ ਬੋਡੋਫਾ ਉਪੇਂਦਰ ਨਾਥ ਬ੍ਰਹਮਾ ਅਤੇ ਗੁਰੂਦੇਵ ਕਾਲੀਚਰਨ ਬ੍ਰਹਮਾ ਨੂੰ ਉਨ੍ਹਾਂ ਦੇ ਯੋਗਦਾਨ ਲਈ ਯਾਦ ਕਰਦੇ ਹੋਏ, ਸ਼੍ਰੀ ਮੋਦੀ ਨੇ ਟਿੱਪਣੀ ਕੀਤੀ ਕਿ ਬੋਡੋਫਾ ਨੇ ਹਮੇਸ਼ਾ ਭਾਰਤ ਦੀ ਅਖੰਡਤਾ ਅਤੇ ਬੋਡੋ ਲੋਕਾਂ ਦੇ ਸੰਵਿਧਾਨਕ ਅਧਿਕਾਰਾਂ ਲਈ ਲੋਕਤੰਤਰੀ ਢੰਗ ਨੂੰ ਅੱਗੇ ਰੱਖਿਆ, ਜਦਕਿ ਗੁਰੂਦੇਵ ਕਾਲੀਚਰਨ ਬ੍ਰਹਮਾ ਨੇ ਅਹਿੰਸਾ ਅਤੇ ਅਧਿਆਤਮਿਕਤਾ ਦੇ ਮਾਰਗ 'ਤੇ ਚੱਲ ਕੇ ਸਮਾਜ ਨੂੰ ਇਕਜੁੱਟ ਕੀਤਾ। ਉਹ ਇਸ ਗੱਲ ਤੋਂ ਸੰਤੁਸ਼ਟ ਸਨ ਕਿ ਬੋਡੋ ਮਾਤਾਵਾਂ ਅਤੇ ਭੈਣਾਂ ਨੇ ਆਪਣੇ ਬੱਚਿਆਂ ਦੇ ਸੁਨਹਿਰੇ ਭਵਿੱਖ ਦੇ ਸੁਪਨੇ ਵੇਖੇ ਹਨ ਜਦਕਿ ਹਰ ਬੋਡੋ ਪਰਿਵਾਰ ਵਿੱਚ ਹੁਣ ਆਪਣੇ ਬੱਚਿਆਂ ਨੂੰ ਵਧੀਆ ਭਵਿੱਖ ਦੇਣ ਦੀ ਇੱਛਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਉਨ੍ਹਾਂ ਦੇ ਸਾਹਮਣੇ ਸਫਲ ਬੋਡੋ ਸ਼ਖਸੀਅਤਾਂ ਦੀ ਪ੍ਰੇਰਨਾ ਸਦਕਾ ਹੋਇਆ ਹੈ, ਜਿਨ੍ਹਾਂ ਵਿਚੋਂ ਸ਼੍ਰੀ ਹਰੀਸ਼ੰਕਰ ਬ੍ਰਹਮਾ ਨੇ ਸਾਬਕਾ ਮੁੱਖ ਚੋਣ ਕਮਿਸ਼ਨਰ; ਸ਼੍ਰੀ ਰਣਜੀਤ ਸ਼ੇਖਰ ਮੁਸ਼ਹਾਰੀ ਨੇ ਮੇਘਾਲਿਆ ਦੇ ਸਾਬਕਾ ਰਾਜਪਾਲ ਵਰਗੇ ਮਹੱਤਵਪੂਰਨ ਅਹੁਦਿਆਂ 'ਤੇ ਰਹਿ ਕੇ ਦੇਸ਼ ਦੀ ਸੇਵਾ ਕੀਤੀ ਹੈ, ਜਿਨ੍ਹਾਂ ਨੇ ਬੋਡੋ ਭਾਈਚਾਰੇ ਦਾ ਮਾਣ ਵਧਾਇਆ ਹੈ। ਸ਼੍ਰੀ ਮੋਦੀ ਨੇ ਇਸ ਗੱਲ 'ਤੇ ਪ੍ਰਸੰਨਤਾ ਪ੍ਰਗਟਾਈ ਕਿ ਬੋਡੋਲੈਂਡ ਦੇ ਨੌਜਵਾਨ ਇੱਕ ਚੰਗਾ ਕਰੀਅਰ ਬਣਾਉਣ ਦਾ ਸੁਪਨਾ ਦੇਖ ਰਹੇ ਹਨ ਅਤੇ ਕੇਂਦਰ ਅਤੇ ਰਾਜ ਦੋਵਾਂ ਦੀਆਂ ਸਰਕਾਰਾਂ ਉਨ੍ਹਾਂ ਦੀ ਤਰੱਕੀ ਵਿੱਚ ਹਰ ਬੋਡੋ ਪਰਿਵਾਰ ਦੇ ਹਿੱਸੇਦਾਰ ਵਜੋਂ ਖੜ੍ਹੀਆਂ ਹਨ।

ਸ਼੍ਰੀ ਮੋਦੀ ਨੇ ਟਿੱਪਣੀ ਕੀਤੀ ਕਿ ਅਸਾਮ ਸਮੇਤ ਸਮੁੱਚਾ ਉੱਤਰ ਪੂਰਬ ਭਾਰਤ ਦੀ ਅਸ਼ਟਲਕਸ਼ਮੀ ਹੈ ਅਤੇ ਵਿਕਾਸ ਦੀ ਸਵੇਰ ਪੂਰਬੀ ਭਾਰਤ ਤੋਂ ਉੱਠ ਕੇ ਵਿਕਸਿਤ ਭਾਰਤ ਦੇ ਸੰਕਲਪ ਨੂੰ ਨਵੀਂ ਊਰਜਾ ਦੇਵੇਗੀ। ਉਨ੍ਹਾਂ ਨੇ ਕਿਹਾ ਕਿ ਇਸ ਲਈ, ਸਰਕਾਰ ਉੱਤਰ ਪੂਰਬ ਦੇ ਰਾਜਾਂ ਦਰਮਿਆਨ ਸਰਹੱਦੀ ਵਿਵਾਦਾਂ ਦੇ ਸੁਹਿਰਦ ਹੱਲ ਲੱਭਣ ਦੀ ਕੋਸ਼ਿਸ਼ ਕਰਕੇ ਉੱਤਰ ਪੂਰਬ ਵਿੱਚ ਸਥਾਈ ਸ਼ਾਂਤੀ ਲਈ ਨਿਰੰਤਰ ਯਤਨ ਕਰ ਰਹੀ ਹੈ।

ਪਿਛਲੇ ਦਹਾਕੇ ਵਿੱਚ ਅਸਾਮ ਅਤੇ ਉੱਤਰ ਪੂਰਬ ਦੇ ਵਿਕਾਸ ਦੇ ਸੁਨਹਿਰੀ ਦੌਰ ਦੀ ਸ਼ੁਰੂਆਤ ਹੋਣ 'ਤੇ ਜ਼ੋਰ ਦਿੰਦੇ ਹੋਏ, ਸ਼੍ਰੀ ਮੋਦੀ ਨੇ ਕਿਹਾ ਕਿ ਸਰਕਾਰ ਦੀਆਂ ਨੀਤੀਆਂ ਕਾਰਨ 10 ਸਾਲਾਂ ਵਿੱਚ 25 ਕਰੋੜ ਲੋਕ ਗ਼ਰੀਬੀ ਤੋਂ ਬਾਹਰ ਆਏ ਹਨ। ਉਨ੍ਹਾਂ ਨੇ ਕਿਹਾ ਕਿ ਅਸਾਮ ਦੇ ਲੱਖਾਂ ਲੋਕਾਂ ਨੇ ਵੀ ਗ਼ਰੀਬੀ ਨੂੰ ਮਾਤ ਦਿੱਤੀ ਹੈ। ਮੌਜੂਦਾ ਸਰਕਾਰ ਦੇ ਕਾਰਜਕਾਲ ਦੌਰਾਨ ਅਸਾਮ ਵਿਕਾਸ ਦੇ ਨਵੇਂ ਰਿਕਾਰਡ ਕਾਇਮ ਕਰ ਰਿਹਾ ਹੈ, ਇਸ ਗੱਲ ਨੂੰ ਉਜਾਗਰ ਕਰਦੇ ਹੋਏ, ਸ਼੍ਰੀ ਮੋਦੀ ਨੇ ਕਿਹਾ ਕਿ ਸਰਕਾਰ ਨੇ ਵਿਸ਼ੇਸ਼ ਤੌਰ 'ਤੇ ਸਿਹਤ ਬੁਨਿਆਦੀ ਢਾਂਚੇ 'ਤੇ ਧਿਆਨ ਕੇਂਦਰਿਤ ਕੀਤਾ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਪਿਛਲੇ ਡੇਢ ਸਾਲ ਵਿੱਚ ਅਸਾਮ ਨੂੰ 4 ਵੱਡੇ ਹਸਪਤਾਲ ਦਿੱਤੇ ਗਏ ਹਨ, ਜਿਵੇਂ ਕਿ ਗੁਹਾਟੀ ਏਮਜ਼ ਅਤੇ ਕੋਕਰਾਝਾਰ, ਨਲਬਾੜੀ, ਨਗਾਓਂ ਮੈਡੀਕਲ ਕਾਲਜ, ਜਿਸ ਨਾਲ ਲੋਕਾਂ ਦੀਆਂ ਮੁਸ਼ਕਿਲਾਂ ਘਟੀਆਂ ਹਨ। ਉਨ੍ਹਾਂ ਨੇ ਕਿਹਾ ਕਿ ਅਸਾਮ ਵਿੱਚ ਕੈਂਸਰ ਹਸਪਤਾਲ ਖੋਲ੍ਹਣ ਨਾਲ ਉੱਤਰ-ਪੂਰਬ ਦੇ ਮਰੀਜ਼ਾਂ ਨੂੰ ਵੱਡੀ ਰਾਹਤ ਮਿਲੀ ਹੈ। ਸ਼੍ਰੀ ਮੋਦੀ ਨੇ ਟਿੱਪਣੀ ਕੀਤੀ ਕਿ 2014 ਤੋਂ ਪਹਿਲਾਂ ਅਸਾਮ ਵਿੱਚ ਮੈਡੀਕਲ ਕਾਲਜਾਂ ਦੀ ਗਿਣਤੀ 6 ਤੋਂ ਵਧਾ ਕੇ 12 ਕਰ ਦਿੱਤੀ ਗਈ ਸੀ। ਉਨ੍ਹਾਂ ਨੇ ਕਿਹਾ ਕਿ 12 ਹੋਰ ਨਵੇਂ ਮੈਡੀਕਲ ਕਾਲਜ ਖੋਲ੍ਹਣ ਲਈ ਕੰਮ ਚੱਲ ਰਿਹਾ ਹੈ, ਜੋ ਨੌਜਵਾਨਾਂ ਲਈ ਮੌਕਿਆਂ ਦੇ ਨਵੇਂ ਦਰਵਾਜ਼ੇ ਖੋਲ੍ਹਣਗੇ।

ਆਪਣੇ ਭਾਸ਼ਣ ਦੀ ਸਮਾਪਤੀ ਕਰਦੇ ਹੋਏ, ਸ਼੍ਰੀ ਮੋਦੀ ਨੇ ਟਿੱਪਣੀ ਕੀਤੀ ਕਿ ਬੋਡੋ ਸ਼ਾਂਤੀ ਸਮਝੌਤੇ ਰਾਹੀਂ ਦਿਖਾਇਆ ਗਿਆ ਮਾਰਗ ਪੂਰੇ ਉੱਤਰ ਪੂਰਬ ਲਈ ਖੁਸ਼ਹਾਲੀ ਦਾ ਮਾਰਗ ਹੈ। ਇਹ ਨੋਟ ਕਰਦੇ ਹੋਏ ਕਿ ਬੋਡੋਲੈਂਡ ਨੂੰ ਸਦੀਆਂ ਪੁਰਾਣੀ ਸੰਸਕ੍ਰਿਤੀ ਦਾ ਇੱਕ ਸਮ੍ਰਿੱਧ ਨਿਵਾਸ ਮੰਨਿਆ ਜਾਂਦਾ ਹੈ, ਉਨ੍ਹਾਂ ਅੱਗੇ ਕਿਹਾ ਕਿ ਸਾਨੂੰ ਇਸ ਸੰਸਕ੍ਰਿਤੀ ਅਤੇ ਪਰੰਪਰਾਵਾਂ ਨੂੰ ਲਗਾਤਾਰ ਮਜ਼ਬੂਤ ਕਰਨਾ ਹੋਵੇਗਾ। ਉਨ੍ਹਾਂ ਨੇ ਬੋਡੋ ਲੋਕਾਂ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਪਹਿਲੇ ਬੋਡੋਲੈਂਡ ਮਹੋਤਸਵ 'ਤੇ ਸ਼ੁਭਕਾਮਨਾਵਾਂ ਦਿੱਤੀਆਂ।

ਇਸ ਮੌਕੇ ਅਸਾਮ ਦੇ ਰਾਜਪਾਲ ਸ਼੍ਰੀ ਲਕਸ਼ਮਣ ਪ੍ਰਸਾਦ ਅਚਾਰਿਆ, ਬੋਡੋਲੈਂਡ ਪ੍ਰਾਦੇਸ਼ਿਕ ਖੇਤਰ ਦੇ ਮੁਖੀ ਸ਼੍ਰੀ ਪ੍ਰਮੋਦ ਬੋਰੋ, ਆਲ ਬੋਡੋ ਸਟੂਡੈਂਟਸ ਯੂਨੀਅਨ ਦੇ ਪ੍ਰਧਾਨ ਸ਼੍ਰੀ ਦੀਪੇਨ ਬੋਡੋ, ਬੋਡੋ ਸਾਹਿਤ ਸਭਾ ਦੇ ਪ੍ਰਧਾਨ ਡਾ. ਸੂਰਥ ਨਰਜ਼ਰੀ ਆਦਿ ਹਾਜ਼ਰ ਸਨ। ਅਸਾਮ ਦੇ ਮੁੱਖ ਮੰਤਰੀ ਸ਼੍ਰੀ ਹਿਮੰਤਾ ਬਿਸਵਾ ਸਰਮਾ ਵੀਡੀਓ-ਕਾਨਫਰੰਸ ਰਾਹੀਂ ਸ਼ਾਮਲ ਹੋਏ।

ਪਿਛੋਕੜ

ਪਹਿਲਾ ਬੋਡੋਲੈਂਡ ਮਹੋਤਸਵ, 15 ਅਤੇ 16 ਨਵੰਬਰ ਨੂੰ ਆਯੋਜਿਤ ਕੀਤਾ ਜਾ ਰਿਹਾ ਦੋ ਦਿਨਾਂ ਸਮਾਗਮ ਹੈ। ਇਹ ਸ਼ਾਂਤੀ ਨੂੰ ਕਾਇਮ ਰੱਖਣ ਅਤੇ ਇੱਕ ਜੀਵੰਤ ਬੋਡੋ ਸਮਾਜ ਦੇ ਨਿਰਮਾਣ ਲਈ ਭਾਸ਼ਾ, ਸਾਹਿਤ ਅਤੇ ਸੱਭਿਆਚਾਰ 'ਤੇ ਇੱਕ ਵਿਸ਼ਾਲ ਸਮਾਗਮ ਹੈ। ਇਸ ਦਾ ਉਦੇਸ਼ ਨਾ ਸਿਰਫ਼ ਬੋਡੋਲੈਂਡ ਵਿੱਚ ਬਲਕਿ ਅਸਾਮ, ਪੱਛਮ ਬੰਗਾਲ, ਨੇਪਾਲ ਅਤੇ ਉੱਤਰ ਪੂਰਬ ਦੇ ਹੋਰ ਅੰਤਰਰਾਸ਼ਟਰੀ ਸਰਹੱਦੀ ਖੇਤਰਾਂ ਦੇ ਹੋਰ ਹਿੱਸਿਆਂ ਵਿੱਚ ਰਹਿਣ ਵਾਲੇ ਆਦਿਵਾਸੀ ਬੋਡੋ ਲੋਕਾਂ ਨੂੰ ਇਕਜੁੱਟ ਕਰਨਾ ਹੈ। ਮਹੋਤਸਵ ਦਾ ਵਿਸ਼ਾ 'ਖੁਸ਼ਹਾਲ ਭਾਰਤ ਲਈ ਸ਼ਾਂਤੀ ਅਤੇ ਸਦਭਾਵਨਾ' ਬੋਡੋਲੈਂਡ ਟੈਰੀਟੋਰੀਅਲ ਰੀਜਨ (ਬੀਟੀਆਰ) ਦੇ ਹੋਰ ਭਾਈਚਾਰਿਆਂ ਦੇ ਨਾਲ ਬੋਡੋ ਭਾਈਚਾਰੇ ਦੇ ਸਮ੍ਰਿੱਧ ਸੱਭਿਆਚਾਰ, ਭਾਸ਼ਾ ਅਤੇ ਸਿੱਖਿਆ 'ਤੇ ਕੇਂਦ੍ਰਿਤ ਹੈ। ਇਸਦਾ ਉਦੇਸ਼ ਬੋਡੋਲੈਂਡ ਦੀ ਸੱਭਿਆਚਾਰਕ ਅਤੇ ਭਾਸ਼ਾਈ ਵਿਰਾਸਤ, ਵਾਤਾਵਰਣਕ ਜੈਵ ਵਿਭਿੰਨਤਾ ਅਤੇ ਟੂਰਿਜ਼ਮ ਸੰਭਾਵਨਾਵਾਂ ਦੀ ਸਮ੍ਰਿੱਧਤਾ ਦਾ ਲਾਭ ਉਠਾਉਣਾ ਹੈ।

ਮਹੱਤਵਪੂਰਨ ਤੌਰ 'ਤੇ, ਇਹ ਮਹੋਤਸਵ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਗਤੀਸ਼ੀਲ ਅਗਵਾਈ ਹੇਠ 2020 ਵਿੱਚ ਬੋਡੋ ਸ਼ਾਂਤੀ ਸਮਝੌਤੇ 'ਤੇ ਹਸਤਾਖਰ ਕੀਤੇ ਜਾਣ ਦੇ ਬਾਅਦ ਤੋਂ ਮੁੜ ਪ੍ਰਾਪਤੀ ਅਤੇ ਲਚਕੀਲੇਪਣ ਦੀ ਸ਼ਾਨਦਾਰ ਯਾਤਰਾ ਦਾ ਜਸ਼ਨ ਮਨਾਉਣ ਨਾਲ ਸਬੰਧਿਤ ਵੀ ਹੈ। ਇਸ ਸ਼ਾਂਤੀ ਸਮਝੌਤੇ ਨੇ ਨਾ ਸਿਰਫ਼ ਬੋਡੋਲੈਂਡ ਵਿੱਚ ਦਹਾਕਿਆਂ ਦੇ ਸੰਘਰਸ਼, ਹਿੰਸਾ ਅਤੇ ਜਾਨੀ ਨੁਕਸਾਨ ਦਾ ਹੱਲ ਕੀਤਾ ਬਲਕਿ ਹੋਰ ਸ਼ਾਂਤੀ ਸਮਝੌਤਿਆਂ ਲਈ ਵੀ ਇੱਕ ਉਤਪ੍ਰੇਰਕ ਵਜੋਂ ਕੰਮ ਕੀਤਾ।

"ਭਾਰਤੀ ਵਿਰਾਸਤ ਅਤੇ ਪਰੰਪਰਾਵਾਂ ਵਿੱਚ ਸਮ੍ਰਿੱਧ ਬੋਡੋ ਸੱਭਿਆਚਾਰ, ਪਰੰਪਰਾ ਅਤੇ ਸਾਹਿਤ ਦਾ ਯੋਗਦਾਨ" ਵਿਸ਼ੇ 'ਤੇ ਸੈਸ਼ਨ ਮਹੋਤਸਵ ਦਾ ਮੁੱਖ ਵਿਸ਼ਾ ਹੋਵੇਗਾ ਅਤੇ ਬੋਡੋ ਸੱਭਿਆਚਾਰ, ਪਰੰਪਰਾਵਾਂ, ਭਾਸ਼ਾ ਅਤੇ ਸਾਹਿਤ ਦੀ ਇੱਕ ਸ਼੍ਰੇਣੀ 'ਤੇ ਵਿਚਾਰ-ਵਟਾਂਦਰੇ ਦਾ ਗਵਾਹ ਹੋਵੇਗਾ। "ਰਾਸ਼ਟਰੀ ਸਿੱਖਿਆ ਨੀਤੀ, 2020 ਦੁਆਰਾ ਮਾਤ ਭਾਸ਼ਾ ਦੇ ਮਾਧਿਅਮ ਨਾਲ ਸਿੱਖਿਆ ਦੀਆਂ ਚੁਣੌਤੀਆਂ ਅਤੇ ਮੌਕੇ" ਵਿਸ਼ੇ 'ਤੇ ਇੱਕ ਹੋਰ ਸੈਸ਼ਨ ਵੀ ਆਯੋਜਿਤ ਕੀਤਾ ਜਾਵੇਗਾ। ਬੋਡੋਲੈਂਡ ਖੇਤਰ ਦੇ ਟੂਰਿਜ਼ਮ ਅਤੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ "ਸੰਸਕ੍ਰਿਤੀ ਅਤੇ ਟੂਰਿਜ਼ਮ ਰਾਹੀਂ 'ਵਾਈਬ੍ਰੈਂਟ ਬੋਡੋਲੈਂਡ' ਖੇਤਰ ਬਣਾਉਣ 'ਤੇ ਸਵਦੇਸ਼ੀ ਸੱਭਿਆਚਾਰਕ ਮੀਟਿੰਗ ਅਤੇ ਚਰਚਾ" 'ਤੇ ਵਿਸ਼ਾ ਅਧਾਰਿਤ ਚਰਚਾ ਵੀ ਆਯੋਜਿਤ ਕੀਤੀ ਜਾਵੇਗੀ।

ਇਸ ਸਮਾਗਮ ਵਿੱਚ ਬੋਡੋਲੈਂਡ ਖੇਤਰ, ਅਸਾਮ, ਪੱਛਮ ਬੰਗਾਲ, ਤ੍ਰਿਪੁਰਾ, ਨਾਗਾਲੈਂਡ, ਮੇਘਾਲਿਆ, ਅਰੁਣਾਚਲ ਪ੍ਰਦੇਸ਼, ਭਾਰਤ ਦੇ ਹੋਰ ਹਿੱਸਿਆਂ ਅਤੇ ਨੇਪਾਲ ਅਤੇ ਭੂਟਾਨ ਦੇ ਗੁਆਂਢੀ ਰਾਜਾਂ ਤੋਂ ਪੰਜ ਹਜ਼ਾਰ ਤੋਂ ਵੱਧ ਸੱਭਿਆਚਾਰਕ, ਭਾਸ਼ਾਈ ਅਤੇ ਕਲਾ ਪ੍ਰੇਮੀਆਂ ਨੇ ਹਿੱਸਾ ਲਿਆ।

 

* * * * * * * * 

ਐੱਮਜੇਪੀਐੱਸ/ਐੱਸਆਰ


(Release ID: 2073969) Visitor Counter : 3