ਰੱਖਿਆ ਮੰਤਰਾਲਾ
ਸਰਜਨ ਵਾਈਸ ਐਡਮਿਰਲ ਆਰਤੀ ਸਰੀਨ ਆਰਮਡ ਫੋਰਸਿਜ਼ ਮੈਡੀਕਲ ਸਰਵਿਸਿਜ਼ ਦੇ ਡਾਇਰੈਕਟਰ ਜਨਰਲ ਵਜੋਂ ਅਹੁਦਾ ਸੰਭਾਲਣ ਵਾਲੀ ਪਹਿਲੀ ਮਹਿਲਾ ਬਣੀ
Posted On:
01 OCT 2024 12:42PM by PIB Chandigarh
ਸਰਜਨ ਵਾਈਸ ਐਡਮਿਰਲ ਆਰਤੀ ਸਰੀਨ ਨੇ ਅੱਜ ਯਾਨੀ 01 ਅਕਤੂਬਰ, 2024 ਨੂੰ ਆਰਮਡ ਫੋਰਸਿਜ਼ ਮੈਡੀਕਲ ਸਰਵਿਸਿਜ਼ (ਡੀਜੀਏਐੱਫਐੱਮਐੱਸ) ਦੇ ਡਾਇਰੈਕਟਰ ਜਨਰਲ ਵਜੋਂ ਅਹੁਦਾ ਸੰਭਾਲ ਲਿਆ ਹੈ। ਇਹ ਅਹੁਦਾ ਸੰਭਾਲਣ ਵਾਲੀ ਉਹ ਪਹਿਲੀ ਮਹਿਲਾ ਅਧਿਕਾਰੀ ਹੈ। ਡੀਜੀਏਐੱਫਐੱਮਐੱਸ ਹਥਿਆਰਬੰਦ ਬਲਾਂ ਨਾਲ ਸਬੰਧਤ ਸਮੁੱਚੇ ਮੈਡੀਕਲ ਨੀਤੀ ਮਾਮਲਿਆਂ ਲਈ ਰੱਖਿਆ ਮੰਤਰਾਲੇ ਨੂੰ ਸਿੱਧੇ ਤੌਰ 'ਤੇ ਜਵਾਬਦੇਹ ਹੈ।
46ਵੇਂ ਡੀਜੀ ਏਐੱਫਐੱਮਐੱਸ ਦੀ ਨਿਯੁਕਤੀ ਸੰਭਾਲਣ ਤੋਂ ਪਹਿਲਾਂ, ਫਲੈਗ ਅਫ਼ਸਰ ਨੇ ਡੀਜੀ ਮੈਡੀਕਲ ਸੇਵਾਵਾਂ (ਜਲ ਸੈਨਾ), ਡੀਜੀ ਮੈਡੀਕਲ ਸੇਵਾਵਾਂ (ਹਵਾਈ ਸੈਨਾ) ਅਤੇ ਆਰਮਡ ਫੋਰਸਿਜ਼ ਮੈਡੀਕਲ ਕਾਲਜ (ਏਐੱਫਐੱਮਸੀ), ਪੁਣੇ ਦੇ ਡਾਇਰੈਕਟਰ ਅਤੇ ਕਮਾਂਡੈਂਟ ਦੀਆਂ ਪ੍ਰਤਿਸ਼ਠਤ ਨਿਯੁਕਤੀਆਂ ’ਤੇ ਕੰਮ ਕੀਤਾ। ਉਹ ਏਐੱਫਐੱਮਸੀ, ਪੁਣੇ ਦੀ ਸਾਬਕਾ ਵਿਦਿਆਰਥਣ ਹਨ ਅਤੇ ਦਸੰਬਰ, 1985 ਵਿੱਚ ਆਰਮਡ ਫੋਰਸਿਜ਼ ਮੈਡੀਕਲ ਸਰਵਿਸਿਜ਼ ਵਿੱਚ ਭਰਤੀ ਹੋਏ ਸਨ। ਉਹ ਏਐੱਫਐੱਮਸੀ, ਪੁਣੇ ਤੋਂ ਰੇਡੀਓਡਾਇਗਨੋਸਿਸ ਵਿੱਚ ਇੱਕ ਐੱਮਡੀ ਹੈ ਅਤੇ ਅਤੇ ਟਾਟਾ ਮੈਮੋਰੀਅਲ ਹਸਪਤਾਲ, ਮੁੰਬਈ ਤੋਂ ਰੇਡੀਏਸ਼ਨ ਓਨਕੋਲੋਜੀ ਵਿੱਚ ਇੱਕ ਰਾਸ਼ਟਰੀ ਬੋਰਡ ਡਿਪਲੋਮੇਟ ਹਨ, ਉਨ੍ਹਾਂ ਨੇ ਪਿਟਸਬਰਗ ਯੂਨੀਵਰਸਿਟੀ ਤੋਂ ਗਾਮਾ ਨਾਈਫ ਸਰਜਰੀ ਵਿੱਚ ਸਿਖਲਾਈ ਵੀ ਪ੍ਰਾਪਤ ਕੀਤੀ ਹੈ।
ਆਪਣੀ 38 ਸਾਲਾਂ ਦੀ ਸੇਵਾ ਦੌਰਾਨ ਫਲੈਗ ਅਫ਼ਸਰ ਨੇ ਪ੍ਰੋਫ਼ੈਸਰ ਅਤੇ ਮੁਖੀ ਰੇਡੀਏਸ਼ਨ ਓਨਕੋਲੋਜੀ, ਆਰਮੀ ਹਸਪਤਾਲ (ਆਰ ਐਂਡ ਆਰ) ਅਤੇ ਕਮਾਂਡ ਹਸਪਤਾਲ (ਦੱਖਣੀ ਕਮਾਂਡ)/ਏਐੱਫਐੱਮਸੀ ਪੁਣੇ, ਕਮਾਂਡਿੰਗ ਅਫ਼ਸਰ, ਆਈਐੱਨਐੱਚਐੱਸ ਅਸ਼ਵਨੀ ਤੋਂ ਇਲਾਵਾ ਭਾਰਤੀ ਜਲ ਸੈਨਾ ਦੀ ਦੱਖਣੀ ਅਤੇ ਪੱਛਮੀ ਜਲ ਸੈਨਾ ਕਮਾਂਡਾਂ ਵਿੱਚ ਕਈ ਵੱਕਾਰੀ ਅਕਾਦਮਿਕ ਅਤੇ ਪ੍ਰਸ਼ਾਸਨਿਕ ਅਹੁਦਿਆਂ 'ਤੇ ਕੰਮ ਕੀਤਾ ਹੈ।
ਫਲੈਗ ਅਫ਼ਸਰ ਨੂੰ ਭਾਰਤੀ ਹਥਿਆਰਬੰਦ ਬਲਾਂ ਦੀਆਂ ਤਿੰਨੋਂ ਸ਼ਾਖ਼ਾਵਾਂ ਵਿੱਚ ਸੇਵਾ ਕਰਨ ਦਾ ਵਿਲੱਖਣ ਮਾਣ ਪ੍ਰਾਪਤ ਹੈ। ਉਨ੍ਹਾਂ ਕੋਲ ਭਾਰਤੀ ਫੌਜ ਵਿੱਚ ਲੈਫਟੀਨੈਂਟ ਤੋਂ ਕੈਪਟਨ ਤੱਕ, ਭਾਰਤੀ ਜਲ ਸੈਨਾ ਵਿੱਚ ਸਰਜਨ ਲੈਫਟੀਨੈਂਟ ਤੋਂ ਸਰਜਨ ਵਾਈਸ ਐਡਮਿਰਲ ਅਤੇ ਭਾਰਤੀ ਹਵਾਈ ਸੈਨਾ ਵਿੱਚ ਏਅਰ ਮਾਰਸ਼ਲ ਵਜੋਂ ਕੰਮ ਕਰਨ ਦਾ ਤਜਰਬਾ ਹੈ।
ਪੂਰੀ ਲਗਨ ਅਤੇ ਸਰਬਉੱਚ ਵਚਨਬੱਧਤਾ ਨਾਲ ਮਰੀਜ਼ਾਂ ਦੀ ਦੇਖਭਾਲ ਕਰਨ ਲਈ ਉਨ੍ਹਾਂ ਦੇ ਸਮਰਪਣ ਨੂੰ ਮਾਨਤਾ ਦਿੰਦਿਆਂ, ਫਲੈਗ ਅਫ਼ਸਰ ਨੂੰ ਇਸ ਸਾਲ (2024) ਵਿੱਚ ਅਤਿ ਵਿਸ਼ਿਸ਼ਟ ਸੇਵਾ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੂੰ ਸਾਲ 2021 ਵਿੱਚ ਵਿਸ਼ਿਸ਼ਟ ਸੇਵਾ ਮੈਡਲ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ। ਉਨ੍ਹਾਂ ਨੂੰ ਵਿਲੱਖਣ ਸੇਵਾਵਾਂ ਲਈ ਚੀਫ਼ ਆਫ਼ ਆਰਮੀ ਸਟਾਫ਼ ਕਮੇਂਡੇਸ਼ਨ (2017), ਚੀਫ਼ ਆਫ਼ ਨੇਵਲ ਸਟਾਫ਼ ਕਮੇਂਡੇਸ਼ਨ (2001) ਅਤੇ ਵਿਲੱਖਣ ਸੇਵਾ ਲਈ ਜਨਰਲ ਆਫ਼ੀਸਰ ਕਮਾਂਡਿੰਗ-ਇਨ-ਚੀਫ਼ ਕਮੇਂਡੇਸ਼ਨ (2013) ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ।
ਫਲੈਗ ਅਫ਼ਸਰ ਨੂੰ ਹਾਲ ਹੀ ਵਿੱਚ ਮੈਡੀਕਲ ਪੇਸ਼ੇਵਰਾਂ ਲਈ ਸੁਰੱਖਿਅਤ ਰੂਪ ਵਿੱਚ ਕੰਮ ਕਰਨ ਦੀਆਂ ਸਥਿਤੀਆਂ ਅਤੇ ਪ੍ਰੋਟੋਕੋਲ ਬਣਾਉਣ ਲਈ ਸੁਪਰੀਮ ਕੋਰਟ ਵੱਲੋਂ ਨੈਸ਼ਨਲ ਟਾਸਕ ਫੋਰਸ ਦੇ ਮੈਂਬਰ ਵਜੋਂ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਨੇ ਨੌਜਵਾਨ ਔਰਤਾਂ ਨੂੰ ਹਥਿਆਰਬੰਦ ਬਲਾਂ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਤ ਕਰਨ ਵਿੱਚ ਮੋਹਰੀ ਭੂਮਿਕਾ ਨਿਭਾਈ ਹੈ ਅਤੇ ਇਸ ਲਈ ਉਹ ਸਰਕਾਰ ਦੀ ਨਾਰੀ ਸ਼ਕਤੀ ਪਹਿਲਕਦਮੀ ਲਈ ਇੱਕ ਮਹਾਨ ਪ੍ਰਤੀਕ ਬਣ ਗਏ ਹਨ।
*********
ਐੱਸਆਰ/ਸਾਵੀ
(Release ID: 2061429)
Visitor Counter : 30