ਨਵੀਂਨ ਅਤੇ ਨਵਿਆਉਣਯੋਗ ਊਰਜਾ ਮੰਤਰਾਲਾ
azadi ka amrit mahotsav

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗ੍ਰੀਨ ਹਾਈਡ੍ਰੋਜਨ ਲਈ ਭਾਰਤ ਨੂੰ ਗਲੋਬਲ ਹੱਬ ਬਣਾਉਣ ਦੇ ਨਜ਼ਰੀਏ ਦਾ ਪ੍ਰਗਟਾਵਾ ਕੀਤਾ: ਟਿਕਾਊ ਬਾਲਣ ਦੇ ਉਤਪਾਦਨ, ਵਰਤੋਂ ਅਤੇ ਨਿਰਯਾਤ ਵਿੱਚ ਮੋਹਰੀ ਬਣਨ ਲਈ ਅਭਿਲਾਸ਼ੀ ਯੋਜਨਾਵਾਂ ਦੀ ਰੂਪਰੇਖਾ ਦੱਸੀ


ਸਰਕਾਰ ਮਜ਼ਬੂਤ ਨੀਤੀਆਂ, ਅਤਿ-ਆਧੁਨਿਕ ਖੋਜ ਅਤੇ ਰਣਨੀਤਕ ਅੰਤਰਰਾਸ਼ਟਰੀ ਸਹਿਯੋਗ ਨਾਲ ਗ੍ਰੀਨ ਹਾਈਡ੍ਰੋਜਨ ਉਦਯੋਗ ਨੂੰ ਅੱਗੇ ਵਧਾਏਗੀ

ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਗ੍ਰੀਨ ਹਾਈਡ੍ਰੋਜਨ ਲਈ ਭਾਰਤ ਦੇ ਨਜ਼ਰੀਏ ਨੂੰ ਉਜਾਗਰ ਕੀਤਾ: 8 ਲੱਖ ਕਰੋੜ ਰੁਪਏ ਦੇ ਨਿਵੇਸ਼ ਨੂੰ ਖਿੱਚਣ ਅਤੇ 6 ਲੱਖ ਨੌਕਰੀਆਂ ਪੈਦਾ ਕਰਨ ਦਾ ਟੀਚਾ

ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਗ੍ਰੀਨ ਹਾਈਡ੍ਰੋਜਨ ਲਈ ਅਭਿਲਾਸ਼ੀ ਟੀਚਿਆਂ ਦਾ ਖੁਲਾਸਾ ਕੀਤਾ: ਸਾਲ 2030 ਤੱਕ $100 ਅਰਬ ਦਾ ਨਿਵੇਸ਼ ਅਤੇ 5 ਮਿਲੀਅਨ ਮੀਟ੍ਰਿਕ ਟਨ ਉਤਪਾਦਨ

Posted On: 11 SEP 2024 2:33PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਸੰਦੇਸ਼ ਰਾਹੀਂ ਦਿੱਲੀ ਵਿੱਚ ਗ੍ਰੀਨ ਹਾਈਡ੍ਰੋਜਨ (ICGH-2024) ‘ਤੇ ਦੂਜੀ ਅੰਤਰਰਾਸ਼ਟਰੀ ਕਾਨਫਰੰਸ ਦਾ ਉਦਘਾਟਨ ਕੀਤਾ, ਜਿੱਥੇ ਉਨ੍ਹਾਂ ਨੇ ਜਲਵਾਯੂ ਬਦਲਾਅ ਨਾਲ ਨਜਿੱਠਣ ਲਈ ਭਾਰਤ ਦੀ ਵਚਨਬੱਧਤਾ ਅਤੇ ਵਿਸ਼ਵ ਦੇ ਊਰਜਾ ਲੈਂਡਸਕੇਪ ਵਿੱਚ ਗ੍ਰੀਨ ਹਾਈਡ੍ਰੋਜਨ ਦੇ ਇੱਕ ਆਸ਼ਾਵਾਦੀ ਐਡੀਸ਼ਨ ਦੇ ਰੂਪ ਵਿੱਚ ਸਾਹਮਣੇ ਆਉਣ ਨੂੰ ਦੁਹਰਾਇਆ।

 

 ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਇਸ ਗੱਲ ਉੱਤੇ ਚਾਨਣਾ ਪਾਇਆ ਕਿ, “ਭਾਰਤ ਇੱਕ ਸਾਫ਼, ਹਰਿਆ-ਭਰਿਆ ਗ੍ਰਹਿ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।  ਅਸੀਂ ਜੀ-20 ਦੇਸ਼ਾਂ ਵਿੱਚੋਂ ਪਹਿਲੇ ਦੇਸ਼ ਹਾਂ, ਜਿਨ੍ਹਾਂ ਨੇ ਗ੍ਰੀਨ ਊਰਜਾ ’ਤੇ ਪੈਰਿਸ ਸਮਝੌਤੇ ਦੀਆਂ ਸਾਡੀਆਂ ਵਚਨਬੱਧਤਾਵਾਂ ਨੂੰ ਸਮੇਂ ਤੋਂ ਪਹਿਲਾਂ ਪੂਰਾ ਕੀਤਾ। ਅਸੀਂ ਮੌਜੂਦਾ ਹੱਲਾਂ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਨਵੇਂ ਅਤੇ ਨਵੀਨਤਾਕਾਰੀ ਪਹੁੰਚ ਅਪਣਾਉਣ ‘ਤੇ ਕੇਂਦ੍ਰਿਤ ਹਾਂ।  ਗ੍ਰੀਨ ਹਾਈਡ੍ਰੋਜਨ ਇੱਕ ਅਜਿਹੀ ਸਫਲਤਾ ਹੈ, ਜਿਸ ਵਿੱਚ ਰਿਫਾਈਨਰੀ, ਖਾਦ, ਸਟੀਲ ਅਤੇ ਭਾਰੀ-ਡਿਊਟੀ ਆਵਾਜਾਈ ਵਰਗੇ ਹਾਰਡ-ਟੂ-ਇਲੈਕਟ੍ਰੀਫਾਈ ਸੈਕਟਰਾਂ ਨੂੰ ਡੀਕਾਰਬੋਨਾਈਜ਼ ਕਰਨ ਦੀ ਸਮਰੱਥਾ ਹੈ।

 

ਪ੍ਰਧਾਨ ਮੰਤਰੀ ਨੇ ਅੱਗੇ ਕਿਹਾ, “ਸਾਡਾ ਟੀਚਾ ਭਾਰਤ ਨੂੰ ਗ੍ਰੀਨ ਹਾਈਡ੍ਰੋਜਨ ਦੇ ਉਤਪਾਦਨ, ਉਪਯੋਗਤਾ ਅਤੇ ਨਿਰਯਾਤ ਲਈ ਭਾਰਤ ਨੂੰ ਇੱਕ ਗਲੋਬਲ ਹੱਬ ਵਜੋਂ ਸਥਾਪਤ ਕਰਨਾ ਹੈ। ਸਾਲ 2023 ਵਿੱਚ ਸ਼ੁਰੂ ਕੀਤਾ ਗਿਆ ਨੈਸ਼ਨਲ ਗ੍ਰੀਨ ਹਾਈਡ੍ਰੋਜਨ ਮਿਸ਼ਨ ਇਸ ਟੀਚੇ ਨੂੰ ਪੂਰਾ ਕਰਨ ਵੱਲ ਇੱਕ ਅਹਿਮ ਕਦਮ ਹੈ। ਇਹ ਨਵੀਨਤਾ ਨੂੰ ਹੁੰਗਾਰਾ ਦੇਵੇਗਾ, ਬੁਨਿਆਦੀ ਢਾਂਚੇ ਦਾ ਨਿਰਮਾਣ ਕਰੇਗਾ, ਉਦਯੋਗ ਦੇ ਵਿਕਾਸ ਨੂੰ ਉਤਸ਼ਾਹਿਤ ਕਰੇਗਾ, ਅਤੇ ਗ੍ਰੀਨ ਹਾਈਡ੍ਰੋਜਨ ਸੈਕਟਰ ਵਿੱਚ ਨਿਵੇਸ਼ ਨੂੰ ਖਿੱਚੇਗਾ।”

 

ਨਵਿਆਉਣਯੋਗ ਊਰਜਾ ਦੇ ਵਿਕਾਸ ਵਿੱਚ ਭਾਰਤ ਦੀ ਅਗਵਾਈ ‘ਤੇ ਜ਼ੋਰ ਦਿੰਦੇ ਹੋਏ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਿਹਾ, “ਪਿਛਲੇ ਦਹਾਕੇ ਵਿੱਚ ਭਾਰਤ ਦੀ ਗੈਰ-ਜੈਵਿਕ ਬਾਲਣ ਸਮਰੱਥਾ ਵਿੱਚ ਲਗਭਗ 300 ਫ਼ੀਸਦ ਵਾਧਾ ਹੋਇਆ ਹੈ, ਅਤੇ ਇਸੇ ਸਮੇਂ ਵਿੱਚ ਸਾਡੀ ਸੂਰਜੀ ਊਰਜਾ ਸਮਰੱਥਾ ਵਿੱਚ 3000 ਫ਼ੀਸਦ ਦਾ ਹੈਰਾਨੀਜਨਕ ਵਾਧਾ ਵੇਖਿਆ ਗਿਆ ਹੈ।“

 ਇਸ ਮੌਕੇ ‘ਤੇ, ਕੇਂਦਰੀ ਨਵੀਂ ਅਤੇ ਨਵਿਆਉਣਯੋਗ ਊਰਜਾ ਮੰਤਰੀ ਸ਼੍ਰੀ ਪ੍ਰਹਲਾਦ ਵੈਂਕਟੇਸ਼ ਜੋਸ਼ੀ ਨੇ ਨਵਿਆਉਣਯੋਗ ਊਰਜਾ ਸਮਰੱਥਾ ਨੂੰ ਵਧਾਉਣ ਅਤੇ ਗ੍ਰੀਨ ਹਾਈਡ੍ਰੋਜਨ ਵਿਕਾਸ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਸਰਕਾਰ ਦੀਆਂ ਰਣਨੀਤਕ ਪਹਿਲਕਦਮੀਆਂ ਬਾਰੇ ਵਿਸਥਾਰ ਨਾਲ ਦੱਸਿਆ।  ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ‘ਚ ਸਾਡਾ ਦੇਸ਼ ਗ੍ਰੀਨ ਹਾਈਡ੍ਰੋਜਨ ਦੇ ਖੇਤਰ ‘ਚ ਗਲੋਬਲ ਲੀਡਰ ਬਣਨ ਵੱਲ ਅੱਗੇ ਵਧ ਰਿਹਾ ਹੈ।

ਨੈਸ਼ਨਲ ਗ੍ਰੀਨ ਹਾਈਡ੍ਰੋਜਨ ਮਿਸ਼ਨ ਦਾ ਜ਼ਿਕਰ ਕਰਦੇ ਹੋਏ, ਮੰਤਰੀ ਨੇ ਕਿਹਾ ਕਿ ਐਨ.ਜੀ.ਐਚ.ਐਮ ਨੂੰ ਇਸ ਉਭਰ ਰਹੇ ਖੇਤਰ ਵਿੱਚ ਭਾਰਤ ਨੂੰ ਇੱਕ ਮੁੱਖ ਖਿਡਾਰੀ ਵਜੋਂ ਸਥਾਪਿਤ ਕਰਨ ਦੇ ਉਦੇਸ਼ ਨਾਲ ਸ਼ੁਰੂ ਕੀਤਾ ਗਿਆ ਸੀ, ਜਿਸ ਨਾਲ ਊਰਜਾ ਸਵੈ-ਨਿਰਭਰਤਾ ਅਤੇ ਆਰਥਿਕ ਵਿਕਾਸ ਦੋਵਾਂ ਨੂੰ ਯਕੀਨੀ ਬਣਾਇਆ ਜਾ ਸਕਦਾ ਹੈ।  ਉਨ੍ਹਾਂ ਕਿਹਾ, “ਇਹ ਮਿਸ਼ਨ ਨਾ ਸਿਰਫ 8 ਲੱਖ ਕਰੋੜ ਰੁਪਏ ਦੇ ਨਿਵੇਸ਼ ਨੂੰ ਖਿੱਚਣ ਅਤੇ 6 ਲੱਖ ਨੌਕਰੀਆਂ ਪੈਦਾ ਕਰਨ ਦੀ ਸਮਰੱਥਾ ਰੱਖਦਾ ਹੈ, ਸਗੋਂ ਇਹ ਆਯਾਤ ਕੀਤੀ ਜਾਣ ਵਾਲੀ ਕੁਦਰਤੀ ਗੈਸ ਅਤੇ ਅਮੋਨੀਆ ‘ਤੇ ਨਿਰਭਰਤਾ ਨੂੰ ਵੀ ਮਹੱਤਵਪੂਰਣ ਰੂਪ ਨਾਲ ਘਟਾਏਗਾ, ਜਿਸ ਨਾਲ 1 ਲੱਖ ਕਰੋੜ ਰੁਪਏ ਦੀ ਬਚਤ ਹੋਵੇਗੀ। ਜਿਵੇਂ ਜਿਵੇਂ ਅਸੀਂ ਅੱਗੇ ਵਧਾਂਗੇ, ਸਾਡੀਆਂ ਕੋਸ਼ਿਸ਼ਾਂ 2030 ਤੱਕ ਕਾਰਬਨ ਦੇ ਨਿਕਾਸ ਨੂੰ 5 MMT ਤੱਕ ਘਟਾਉਣ ਵਿੱਚ ਯੋਗਦਾਨ ਪਾਉਣਗੀਆਂ, ਇਸ ਤਰ੍ਹਾਂ ਭਾਰਤ ਵਿਸ਼ਵ ਪੱਧਰ ‘ਤੇ ਟਿਕਾਊ ਵਿਕਾਸ ਦੇ ਇੱਕ ਦੀਪ ਵਜੋਂ ਸਥਾਪਿਤ ਹੋਵੇਗਾ।“

ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਸ਼੍ਰੀ ਹਰਦੀਪ ਸਿੰਘ ਪੁਰੀ ਨੇ ਭਾਰਤ ਦੇ ਰਾਸ਼ਟਰੀ ਗ੍ਰੀਨ ਹਾਈਡ੍ਰੋਜਨ ਮਿਸ਼ਨ ਦੁਆਰਾ ਨਿਰਧਾਰਤ ਕੀਤੇ ਗਏ ਅਭਿਲਾਸ਼ੀ ਟੀਚਿਆਂ ‘ਤੇ ਜ਼ੋਰ ਦਿੱਤਾ।  ਉਸਨੇ ਕਿਹਾ, “2070 ਤੱਕ ਸ਼ੁੱਧ-ਜ਼ੀਰੋ ਨਿਕਾਸੀ ਪ੍ਰਾਪਤ ਕਰਨ ਲਈ ਭਾਰਤ ਦੀ ਵਚਨਬੱਧਤਾ ਵਿੱਚ ਇੱਕ ਬਹੁ-ਪੱਖੀ ਪਹੁੰਚ ਸ਼ਾਮਲ ਹੈ, ਜਿਸ ਵਿੱਚ 2030 ਤੱਕ 5 ਮਿਲੀਅਨ ਮੀਟ੍ਰਿਕ ਟਨ ਗ੍ਰੀਨ ਹਾਈਡ੍ਰੋਜਨ ਦਾ ਉਤਪਾਦਨ ਕਰਨ ਦਾ ਸਾਡਾ ਟੀਚਾ ਅਰਥਵਿਵਸਥਾ ਨੂੰ ਕਾਰਬਨ ਮੁਕਤ ਕਰਨ ਵੱਲ ਇੱਕ ਕਦਮ ਹੈ। ਇਸ ਲਈ $100 ਅਰਬ ਦੇ ਨਿਵੇਸ਼ ਅਤੇ 125 ਗੀਗਾਵਾਟ ਨਵੀਂ ਨਵਿਆਉਣਯੋਗ ਊਰਜਾ ਸਮਰੱਥਾ ਨੂੰ ਪ੍ਰਾਪਤ ਕਰਨ ਦੀ ਲੋੜ ਹੋਵੇਗੀ।

ਇਹ ਮਿਸ਼ਨ ਨਾ ਸਿਰਫ਼ ਕਾਰਬਨ ਡਾਈਆਕਸਾਈਡ ਦੇ ਨਿਕਾਸ ਨੂੰ 150 ਲੱਖ ਮੀਟ੍ਰਿਕ ਟਨ ਸਾਲਾਨਾ ਘਟਾਏਗਾ, ਸਗੋਂ ਆਯਾਤ ਵਿੱਚ ਵੀ ਮਹੱਤਵਪੂਰਨ ਬੱਚਤ ਕਰੇਗਾ।  ਅਸੀਂ ਇਸ ਖੇਤਰ ਵਿੱਚ ਨਵੀਨਤਾ ਲਿਆਉਣ ਲਈ ਪਾਇਲਟ ਪ੍ਰੋਜੈਕਟ, ਹਾਈਡ੍ਰੋਜਨ ਹੱਬ ਅਤੇ ਆਰ ਐਂਡ ਡੀ ਪਹਿਲਕਦਮੀਆਂ ਨੂੰ ਲਾਗੂ ਕਰ ਰਹੇ ਹਾਂ, ਜਿਸ ਨੂੰ ਇੱਕ ਮਜ਼ਬੂਤ ਵਿੱਤੀ ਖਰਚੇ ਅਤੇ ਇੱਕ ਵਿਆਪਕ ਪ੍ਰੋਤਸਾਹਨ ਢਾਂਚੇ ਦੁਆਰਾ ਸਮਰਥਤ ਕੀਤਾ ਗਿਆ ਹੈ।  ਇਸ ਮਿਸ਼ਨ ਦੀ ਸਫਲਤਾ ਕੇਂਦਰ ਅਤੇ ਰਾਜ ਸਰਕਾਰਾਂ ਦੇ ਨਾਲ-ਨਾਲ ਉਦਯੋਗਿਕ ਭਾਈਵਾਲਾਂ ਦੇ ਸਹਿਯੋਗੀ ਯਤਨਾਂ ‘ਤੇ ਨਿਰਭਰ ਕਰੇਗੀ।

ਸ਼੍ਰੀ ਭੁਪਿੰਦਰ ਐੱਸ ਭੱਲਾ, ਸਕੱਤਰ, ਨਵੀਂ ਅਤੇ ਨਵਿਆਉਣਯੋਗ ਊਰਜਾ ਮੰਤਰਾਲੇ, ਨੇ ਭਾਰਤ ਦੀਆਂ ਨਵਿਆਉਣਯੋਗ ਊਰਜਾ ਪ੍ਰਾਪਤੀਆਂ ਅਤੇ ਭਵਿੱਖ ਦੇ ਟੀਚਿਆਂ ਉੱਤੇ ਚਾਨਣਾ ਪਾਇਆ। ਉਨ੍ਹਾਂ ਨੇ ਸਿਫਰ ਕਾਰਬਨ ਡਾਈਆਕਸਾਈਡ (CO2) ਨਿਕਾਸੀ ਅਤੇ ਕਈ ਸੈਕਟਰਾਂ ਵਿੱਚ ਇਸ ਦੀਆਂ ਵੱਖੋ ਵੱਖ ਵਿਭਿੰਨ ਐਪਲੀਕੇਸ਼ਨਾਂ ਦੇ ਨਾਲ ਇੱਕ ਸਾਫ਼ ਊਰਜਾ ਸਰੋਤ ਵਜੋਂ ਗ੍ਰੀਨ ਹਾਈਡ੍ਰੋਜਨ ਦੀ ਭੂਮਿਕਾ ਬਾਰੇ ਦੱਸਿਆ। ਸ਼੍ਰੀ ਭੱਲਾ ਨੇ ਪ੍ਰਧਾਨ ਮੰਤਰੀ ਦੀ ਪੰਚਮ੍ਰਿਤ ਯੋਜਨਾ ਦੇ ਅਨੁਸਾਰ ਭਾਰਤ ਦੇ ਅਭਿਲਾਸ਼ੀ ਗ੍ਰੀਨ ਹਾਈਡ੍ਰੋਜਨ ਉਦੇਸ਼ਾਂ ਵੱਲ ਜ਼ੋਰ ਦਿੱਤਾ। ਇਸ ਵਿੱਚ 2030 ਤੱਕ 500 ਗੀਗਾਵਾਟ ਗੈਰ-ਜੈਵਿਕ ਊਰਜਾ ਸਮਰੱਥਾ ਨੂੰ ਹਾਸਲ ਕਰਨ ਅਤੇ 2070 ਤੱਕ ਸ਼ੁੱਧ ਜ਼ੀਰੋ ਨਿਕਾਸ ਤੱਕ ਪਹੁੰਚਣ ਦਾ ਟੀਚਾ ਸ਼ਾਮਲ ਹੈ।

ਸ਼੍ਰੀ ਭੁਪਿੰਦਰ ਐੱਸ ਭੱਲਾ ਨੇ ਆਵਾਜਾਈ ਅਤੇ ਸ਼ਿਪਿੰਗ ਖੇਤਰਾਂ ਵਿੱਚ ਪਾਇਲਟ ਪ੍ਰੋਜੈਕਟਾਂ, ਗ੍ਰੀਨ ਹਾਈਡ੍ਰੋਜਨ ਹੱਬ ਦੀ ਸਿਰਜਣਾ, ਖੋਜ ਅਤੇ ਵਿਕਾਸ, ਹੁਨਰ ਵਿਕਾਸ, ਅਤੇ ਨਾਲ ਹੀ ਸਟੋਰੇਜ ਅਤੇ ਆਵਾਜਾਈ ਵਰਗੇ ਖੇਤਰਾਂ ਲਈ ਅਲਾਟ ਕੀਤੇ ਬਜਟ ਬਾਰੇ ਚਰਚਾ ਕੀਤੀ। ਭਾਰਤ ਵਿੱਚ ਹਾਈਡ੍ਰੋਜਨ ਦੀ ਮੰਗ 2050 ਤੱਕ 29 ਐੱਮਐੱਮਟੀ ਸਲਾਨਾ ਤੱਕ ਪਹੁੰਚਣ ਦੀ ਯੋਜਨਾ ਦੇ ਨਾਲ ਮਹੱਤਵਪੂਰਨ ਤੌਰ ’ਤੇ ਵਧਣ ਦਾ ਅਨੁਮਾਨ ਹੈ। ਉਨ੍ਹਾਂ ਨੇ ਐੱਸਆਈਜੀਐੱਚਟੀ (ਗ੍ਰੀਨ ਹਾਈਡ੍ਰੋਜਨ ਤਬਦੀਲੀ ਲਈ ਰਣਨੀਤਕ ਦਖਲਅੰਦਾਜ਼ੀ) ਪ੍ਰੋਗਰਾਮ, ਨਿਯਮਾਂ, ਤੇ ਕੋਡ ਅਤੇ ਮਿਆਰਾਂ ਬਾਰੇ ਵੀ ਗੱਲ ਕੀਤੀ, ਜਿਸ ਵਿੱਚ ਦੱਸਿਆ ਗਿਆ ਕਿ 152 ਮਿਆਰਾਂ ਦੀ ਸਿਫ਼ਾਰਸ਼ ਕੀਤੀ ਗਈ ਹੈ, 81 ਪਹਿਲਾਂ ਹੀ ਪ੍ਰਕਾਸ਼ਿਤ ਕੀਤੇ ਗਏ ਹਨ।

ਭਾਰਤ ਸਰਕਾਰ ਦੇ ਪ੍ਰਮੁੱਖ ਵਿਗਿਆਨਕ ਸਲਾਹਕਾਰ ਪ੍ਰੋਫੈਸਰ ਅਜੈ ਕੇ ਸੂਦ ਨੇ ਗ੍ਰੀਨ ਹਾਈਡ੍ਰੋਜਨ ਟੈਕਨੋਲੋਜੀ ਨੂੰ ਅੱਗੇ ਵਧਾਉਣ ਵਿੱਚ ਵਿਗਿਆਨਕ ਖੋਜ ਦੀ ਭੂਮਿਕਾ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਨੇ ਜ਼ੋਰ ਦਿੱਤਾ, “ਗ੍ਰੀਨ ਹਾਈਡ੍ਰੋਜਨ ਨੂੰ ਕਿਫਾਇਤੀ ਅਤੇ ਸਕੇਲੇਬਲ ਬਣਾਉਣ ਲਈ ਨਵੀਨਤਕਾਰੀ ਖੋਜ ਅਤੇ ਤਕਨੀਕੀ ਤਰੱਕੀ ਅਹਿਮ ਹਨ। ਸਾਨੂੰ ਚੁਣੌਤੀਆਂ ’ਤੇ ਕਾਬੂ ਪਾਉਣ ਅਤੇ ਗ੍ਰੀਨ ਹਾਈਡ੍ਰੋਜਨ ਦੀ ਪੂਰੀ ਸਮਰੱਥਾ ਨੂੰ ਵਰਤਣ ਲਈ ਆਰਐਂਡਡੀ ਦਾ ਸਮਰਥਨ ਕਰਨਾ ਜਾਰੀ ਰੱਖਣਾ ਚਾਹੀਦਾ ਹੈ।”

ਸੈਸ਼ਨ ਵਿੱਚ “ਗ੍ਰੀਨ ਹਾਈਡ੍ਰੋਜਨ ਅਰਥਵਿਵਸਥਾ ਵੱਲ ਭਾਰਤ ਦੀ ਯਾਤਰਾ” ਸਿਰਲੇਖ ਵਾਲੀ ਇੱਕ ਵੀਡੀਓ ਵੀ ਪੇਸ਼ ਕੀਤੀ ਗਈ, ਜਿਸ ਵਿੱਚ ਗ੍ਰੀਨ ਹਾਈਡ੍ਰੋਜਨ ਸੈਕਟਰ ਵਿੱਚ ਭਾਰਤ ਦੀ ਤਰੱਕੀ ਅਤੇ ਭਵਿੱਖ ਦੀਆਂ ਇੱਛਾਵਾਂ ਨੂੰ ਦਰਸਾਇਆ ਗਿਆ ਹੈ।

ਉਦਘਾਟਨੀ ਸੈਸ਼ਨ ਦਾ ਸਮਾਪਨ ਸੀਐੱਸਆਈਆਰ ਦੇ ਡਾਇਰੈਕਟਰ ਜਨਰਲ ਅਤੇ ਵਿਗਿਆਨਕ ਅਤੇ ਉਦਯੋਗਿਕ ਖੋਜ ਵਿਭਾਗ (ਡੀਐੱਸਆਈਆਰ) ਦੇ ਸਕੱਤਰ, ਡਾ. ਐੱਨ ਕਲਾਈਸੇਲਵੀ ਦੇ ਧੰਨਵਾਦ ਨੋਟ ਨਾਲ ਹੋਇਆ। ਡਾ: ਕਲਾਈਸੇਲਵੀ ਨੇ ਹਿੱਸਾ ਲੈਣ ਵਾਲਿਆਂ ਦਾ ਧੰਨਵਾਦ ਕੀਤਾ ਅਤੇ ਗ੍ਰੀਨ ਹਾਈਡ੍ਰੋਜਨ ਲੀਡਰਸ਼ਿਪ ਨੂੰ ਹਾਸਲ ਕਰਨ ਲਈ ਭਾਰਤ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਉੱਤੇ ਚਾਨਣਾ ਪਾਇਆ। ਉਨ੍ਹਾਂ ਨੇ ਕਿਹਾ, “ਭਾਰਤ ਗ੍ਰੀਨ ਹਾਈਡ੍ਰੋਜਨ ਦੇ ਇਸ ਬਦਲਾਅ ਪੂਰਣ ਯੁੱਗ ਵਿੱਚ ਸਭ ਤੋਂ ਅੱਗੇ ਹੈ। ਭਰਪੂਰ ਨਵਿਆਉਣਯੋਗ ਸਰੋਤਾਂ ਅਤੇ ਰਾਸ਼ਟਰੀ ਗ੍ਰੀਨ ਹਾਈਡ੍ਰੋਜਨ ਮਿਸ਼ਨ ਵਰਗੀਆਂ ਅਭਿਲਾਸ਼ੀ ਪਹਿਲਕਦਮੀਆਂ ਨਾਲ, ਸਾਡਾ ਦੇਸ਼ ਵਿਸ਼ਵ ਪੱਧਰ ’ਤੇ ਅਗਵਾਈ ਕਰਨ ਲਈ ਚੰਗੀ ਸਥਿਤੀ ਵਿੱਚ ਹੈ।”

ਨਵੀਂ ਅਤੇ ਨਵਿਆਉਣਯੋਗ ਊਰਜਾ ਮੰਤਰਾਲੇ ਅਤੇ ਭਾਰਤ ਸਰਕਾਰ ਦੇ ਮੁੱਖ ਵਿਗਿਆਨਕ ਸਲਾਹਕਾਰ ਦੇ ਦਫ਼ਤਰ, ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ, ਵਿਗਿਆਨ ਅਤੇ ਟੈਕਨੋਲੋਜੀ ਵਿਭਾਗ, ਅਤੇ ਵਿਗਿਆਨਕ ਅਤੇ ਉਦਯੋਗਿਕ ਖੋਜ ਵਿਭਾਗ ਦੇ ਸਹਿਯੋਗ ਨਾਲ, ਗ੍ਰੀਨ ਹਾਈਡ੍ਰੋਜਨ 2024 ਦੀ ਦੂਜੀ ਅੰਤਰਰਾਸ਼ਟਰੀ ਕਾਨਫ਼ਰੰਸ (ਆਈਸੀਜੀਐੱਚ 2024) ਦਾ ਆਯੋਜਨ ਕੀਤਾ ਜਾ ਰਿਹਾ ਹੈ। ਸੋਲਰ ਐਨਰਜੀ ਕਾਰਪੋਰੇਸ਼ਨ ਆਫ਼ ਇੰਡੀਆ (ਐੱਸਈਸੀਆਈ) ਅਤੇ ਈਵਾਈ ਲੜੀਵਾਰ ਲਾਗੂ ਕਰਨ ਵਾਲੇ ਅਤੇ ਗਿਆਨ ਦੇ ਭਾਈਵਾਲ ਹਨ। ਫਿੱਕੀ (ਐੱਫ਼ਆਈਸੀਸੀਆਈ) ਉਦਯੋਗ ਭਾਈਵਾਲ ਹੈ।

********

ਸੁਸ਼ੀਲ ਕੁਮਾਰ


(Release ID: 2055969) Visitor Counter : 30