ਯੁਵਾ ਮਾਮਲੇ ਤੇ ਖੇਡ ਮੰਤਰਾਲਾ

ਸ਼ੀਤਲ ਦੇਵੀ ਅਤੇ ਰਾਕੇਸ਼ ਕੁਮਾਰ: ਸਫ਼ਲਤਾ 'ਤੇ ਨਿਸ਼ਾਨਾ


ਪੈਰਾ ਤੀਰ-ਅੰਦਾਜ਼ੀ ਵਿੱਚ ਇਤਿਹਾਸਕ ਜਿੱਤ

Posted On: 04 SEP 2024 9:09AM by PIB Chandigarh

ਭਾਰਤ ਦੇ ਪੈਰਾ-ਐਥਲੀਟ ਲਗਾਤਾਰ ਵਿਸ਼ਵ ਪੱਧਰ 'ਤੇ ਦੇਸ਼ ਦਾ ਨਾਂ ਰੌਸ਼ਨ ਕਰ ਰਹੇ ਹਨ। ਪੈਰਿਸ ਵਿੱਚ ਸਰਬੋਤਮ ਪ੍ਰਦਰਸ਼ਨ ਕਰਨ ਵਾਲੇ ਪੈਰਾ-ਐਥਲੀਟਾਂ ਵਿੱਚ ਸ਼ੀਤਲ ਦੇਵੀ ਅਤੇ ਰਾਕੇਸ਼ ਕੁਮਾਰ ਦਾ ਪ੍ਰਦਰਸ਼ਨ ਸ਼ਾਮਲ ਹੈ, ਜਿਨ੍ਹਾਂ ਨੇ ਮਿਸ਼ਰਤ ਟੀਮ ਕੰਪਾਊਂਡ ਓਪਨ ਤੀਰ-ਅੰਦਾਜ਼ੀ ਮੁਕਾਬਲੇ ਵਿੱਚ ਕਾਂਸੀ ਦਾ ਤਮਗਾ ਜਿੱਤਿਆ। ਉਨ੍ਹਾਂ ਦੀ ਜਿੱਤ ਪੈਰਾ ਖੇਡਾਂ ਵਿੱਚ ਭਾਰਤ ਦੀ ਵਧ ਰਹੀ ਵਿਰਾਸਤ ਵਿੱਚ ਇੱਕ ਹੋਰ ਅਧਿਆਇ ਜੋੜਦੀ ਹੈ। 

ਸ਼ੀਤਲ ਦੇਵੀ ਦਾ ਸਫ਼ਰ 

ਸ਼ੀਤਲ ਦੇਵੀ ਦਾ ਜਨਮ 10 ਜਨਵਰੀ, 2007 ਨੂੰ ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਵਿੱਚ ਹੋਇਆ ਸੀ। ਉਸ ਨੇ ਆਪਣੇ ਬੇਮਿਸਾਲ ਸਫ਼ਰ ਨਾਲ ਦੁਨੀਆ ਨੂੰ ਮੰਤਰਮੁਗਧ ਕੀਤਾ ਹੈ। ਬਿਨਾਂ ਹੱਥਾਂ ਤੋਂ ਪੈਦਾ ਹੋਣ ਦੇ ਬਾਵਜੂਦ, ਉਸ ਨੇ ਦਿਖਾਇਆ ਹੈ ਕਿ ਮਹਾਨਤਾ ਪ੍ਰਾਪਤ ਕਰਨ ਵਿੱਚ ਸਰੀਰਕ ਸੀਮਾਵਾਂ ਕੋਈ ਰੁਕਾਵਟ ਨਹੀਂ ਹਨ। ਉਸਦਾ ਮੁਢਲਾ ਜੀਵਨ ਚੁਣੌਤੀਆਂ ਨਾਲ ਭਰਪੂਰ ਸੀ ਪਰ 2019 ਵਿੱਚ ਇੱਕ ਅਹਿਮ ਪਲ ਆਇਆ, ਜਦੋਂ ਭਾਰਤੀ ਫ਼ੌਜ ਨੇ ਇੱਕ ਫ਼ੌਜੀ ਕੈਂਪ ਵਿੱਚ ਉਸਦੀ ਪ੍ਰਤਿਭਾ ਦੀ ਪਛਾਣ ਕੀਤੀ। ਉਸ ਦੀ ਸਮਰੱਥਾ ਨੂੰ ਦੇਖਦੇ ਹੋਏ ਉਸ ਨੂੰ ਵਿੱਦਿਅਕ ਸਹਾਇਤਾ ਅਤੇ ਡਾਕਟਰੀ ਦੇਖਭਾਲ ਪ੍ਰਦਾਨ ਕੀਤੀ।

ਮੰਨੇ-ਪ੍ਰਮੰਨੇ ਕੋਚ ਕੁਲਦੀਪ ਵੇਦਵਾਨ ਦੀ ਦੇਖ-ਰੇਖ ਹੇਠ ਸ਼ੀਤਲ ਨੇ ਕਰੜੀ ਸਿਖਲਾਈ ਸ਼ੁਰੂ ਕੀਤੀ ਅਤੇ ਇਸ ਨਾਲ ਉਹ ਵਿਸ਼ਵ ਦੇ ਪ੍ਰਮੁੱਖ ਪੈਰਾ-ਤੀਰਅੰਦਾਜ਼ਾਂ ਵਿੱਚੋਂ ਇੱਕ ਬਣ ਗਈ। ਉਸ ਦੀਆਂ ਪ੍ਰਾਪਤੀਆਂ ਖ਼ੁਦ ਬੋਲਦੀਆਂ ਹਨ: 2023 ਏਸ਼ੀਅਨ ਪੈਰਾ ਖੇਡਾਂ ਵਿੱਚ ਵਿਅਕਤੀਗਤ ਅਤੇ ਮਿਸ਼ਰਤ ਟੀਮ ਮੁਕਾਬਲਿਆਂ ਵਿੱਚ ਸੋਨ ਤਮਗੇ, 2023 ਵਿਸ਼ਵ ਤੀਰ-ਅੰਦਾਜ਼ੀ ਪੈਰਾ ਚੈਂਪੀਅਨਸ਼ਿਪ ਵਿੱਚ ਚਾਂਦੀ ਦੇ ਤਮਗੇ ਅਤੇ ਏਸ਼ੀਅਨ ਪੈਰਾ ਚੈਂਪੀਅਨਸ਼ਿਪ ਵਿੱਚ ਕਈ ਪੁਰਸਕਾਰ। ਸ਼ੀਤਲ ਦੀ ਕਹਾਣੀ ਹਿੰਮਤ, ਲਗਨ ਅਤੇ ਉਸਦੀ ਕਾਬਲੀਅਤ ਵਿੱਚ ਅਟੁੱਟ ਵਿਸ਼ਵਾਸ ਦੀ ਹੈ।

ਰਾਕੇਸ਼ ਕੁਮਾਰ: ਔਕੜਾਂ ਤੋਂ ਉੱਤਮਤਾ ਤੱਕ

ਰਾਕੇਸ਼ ਕੁਮਾਰ ਦਾ ਜਨਮ 13 ਜਨਵਰੀ, 1985 ਨੂੰ ਜੰਮੂ-ਕਸ਼ਮੀਰ ਦੇ ਕਟੜਾ 'ਚ ਹੋਇਆ ਸੀ। ਉਹ ਲਚਕੀਲੇਪਣ ਦੀ ਸ਼ਕਤੀ ਦੀ ਇੱਕ ਹੋਰ ਉਦਾਹਰਣ ਹੈ। 2010 ਵਿੱਚ ਰਾਕੇਸ਼ ਨੂੰ ਇੱਕ ਦਰਦਨਾਕ ਹਾਦਸੇ ਵਿੱਚ ਕਮਰ ਤੋਂ ਹੇਠਾਂ ਅਧਰੰਗ ਹੋ ਗਿਆ, ਜਿਸ ਕਾਰਨ ਉਹ ਵੀਲ-ਚੇਅਰ ਤੱਕ ਸੀਮਤ ਹੋ ਗਿਆ। ਅਗਲੇ ਕੁਝ ਸਾਲ ਉਸ ਲਈ ਨਿਰਾਸ਼ਾ ਨਾਲ ਭਰੇ ਹੋਏ ਸਨ। ਪਰ 2017 ਵਿੱਚ ਉਸਦੀ ਜ਼ਿੰਦਗੀ ਨੇ ਇੱਕ ਨਵਾਂ ਮੋੜ ਲਿਆ ਜਦੋਂ ਉਸ ਨੂੰ ਸ਼੍ਰੀ ਮਾਤਾ ਵੈਸ਼ਨੋ ਦੇਵੀ ਸ਼ਰਾਈਨ ਬੋਰਡ ਸਪੋਰਟਸ ਕੰਪਲੈਕਸ ਵਿੱਚ ਤੀਰ-ਅੰਦਾਜ਼ੀ ਤੋਂ ਜਾਣੂ ਕਰਵਾਇਆ ਗਿਆ।

ਕੋਚ ਕੁਲਦੀਪ ਕੁਮਾਰ ਦੀ ਰਹਿਨੁਮਾਈ ਹੇਠ ਰਾਕੇਸ਼ ਨੂੰ ਤੀਰ-ਅੰਦਾਜ਼ੀ ਦਾ ਨਵਾਂ ਜਨੂਨ ਮਿਲਿਆ। ਵਿੱਤੀ ਰੁਕਾਵਟਾਂ ਦੇ ਬਾਵਜੂਦ ਉਸਨੇ ਆਪਣੇ ਆਪ ਨੂੰ ਖੇਡ ਲਈ ਸਮਰਪਿਤ ਕਰ ਦਿੱਤਾ ਅਤੇ ਜਲਦੀ ਹੀ ਭਾਰਤ ਦੇ ਚੋਟੀ ਦੇ ਪੈਰਾ ਤੀਰ-ਅੰਦਾਜ਼ਾਂ ਵਿੱਚੋਂ ਇੱਕ ਬਣਨ ਲਈ ਰੈਂਕ ਵਿੱਚ ਵਾਧਾ ਕੀਤਾ। ਉਸ ਦੀਆਂ ਪ੍ਰਾਪਤੀਆਂ ਵਿੱਚ 2023 ਵਿਸ਼ਵ ਤੀਰ-ਅੰਦਾਜ਼ੀ ਪੈਰਾ ਚੈਂਪੀਅਨਸ਼ਿਪ ਵਿੱਚ ਮਿਸ਼ਰਤ ਟੀਮ ਮੁਕਾਬਲੇ ਵਿੱਚ ਸੋਨ ਤਮਗਾ ਅਤੇ 2023 ਏਸ਼ੀਅਨ ਪੈਰਾ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਸ਼ਾਮਲ ਹੈ। ਰਾਕੇਸ਼ ਦਾ ਸਫ਼ਰ ਮਹਾਨਤਾ ਨੂੰ ਪ੍ਰਾਪਤ ਕਰਨ ਲਈ ਅਸੰਭਵ ਔਕੜਾਂ ਨੂੰ ਪਾਰ ਕਰਨ ਦੀ ਕਹਾਣੀ ਹੈ।

 

ਪੈਰਿਸ 2024 ਪੈਰਾਲੰਪਿਕਸ

ਪੈਰਿਸ 2024 ਪੈਰਾਲੰਪਿਕਸ ਸ਼ੀਤਲ ਦੇਵੀ ਅਤੇ ਰਾਕੇਸ਼ ਕੁਮਾਰ ਦੋਵਾਂ ਦੇ ਕਰੀਅਰ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਸਾਬਤ ਹੋਈਆਂ। ਮਿਸ਼ਰਤ ਟੀਮ ਕੰਪਾਊਂਡ ਓਪਨ ਤੀਰ-ਅੰਦਾਜ਼ੀ ਈਵੈਂਟ ਵਿੱਚ ਮੁਕਾਬਲਾ ਕਰਦੇ ਹੋਏ ਇਸ ਜੋੜੀ ਨੂੰ ਦੁਨੀਆ ਦੇ ਕੁਝ ਸਰਬੋਤਮ ਪੈਰਾ ਤੀਰ-ਅੰਦਾਜ਼ਾਂ ਤੋਂ ਕਰੜੇ ਮੁਕਾਬਲੇ ਦਾ ਸਾਹਮਣਾ ਕਰਨਾ ਪਿਆ। ਪੋਡੀਅਮ ਤੱਕ ਉਸ ਦੀ ਯਾਤਰਾ ਇੱਕ ਧੀਰਜ, ਦ੍ਰਿੜ੍ਹਤਾ ਅਤੇ ਨਿਰੰਤਰ ਉੱਤਮਤਾ ਨਾਲ ਭਰਪੂਰ ਸੀ।

ਸ਼ੀਤਲ ਅਤੇ ਰਾਕੇਸ਼ ਨੇ ਇਟਲੀ ਦੇ ਐਲੀਓਨੋਰਾ ਸਾਰਟੀ ਅਤੇ ਮਾਟੇਓ ਬੋਨਾਸੀਨਾ ਦੇ ਖ਼ਿਲਾਫ਼ ਕਰੀਬੀ ਮੁਕਾਬਲੇ ਵਿੱਚ ਕਾਂਸੀ ਦਾ ਤਮਗਾ ਜਿੱਤਿਆ। ਭਾਰਤੀ ਤੀਰ-ਅੰਦਾਜ਼ਾਂ ਨੇ ਦਬਾਅ ਦੇ ਬਾਵਜੂਦ ਬਹੁਤ ਸੰਜਮ ਦਿਖਾਇਆ, ਫਾਈਨਲ ਸੈੱਟ ਵਿੱਚ ਚਾਰ ਸੰਪੂਰਨ 10 ਸਕੋਰ ਬਣਾਏ ਅਤੇ ਤਮਗਾ ਹਾਸਲ ਕੀਤਾ। ਉਨ੍ਹਾਂ ਦੇ ਪ੍ਰਦਰਸ਼ਨ ਨੇ ਨਾ ਸਿਰਫ ਪੋਡੀਅਮ 'ਤੇ ਜਗ੍ਹਾ ਪੱਕੀ ਕੀਤੀ, ਬਲਕਿ 156 ਅੰਕਾਂ ਦੇ ਪੈਰਾਲੰਪਿਕ ਰਿਕਾਰਡ ਦੀ ਬਰਾਬਰੀ ਵੀ ਕੀਤੀ। ਇਹ ਉਨ੍ਹਾਂ ਦੇ ਹੁਨਰ ਅਤੇ ਇਕਾਗਰਤਾ ਦਾ ਪ੍ਰਮਾਣ ਹੈ।

ਸਰਕਾਰੀ ਸਹਾਇਤਾ: ਸਫ਼ਲਤਾ ਦਾ ਇੱਕ ਮਹੱਤਵਪੂਰਨ ਥੰਮ੍ਹ

ਪੈਰਿਸ 2024 ਪੈਰਾਲੰਪਿਕਸ ਵਿੱਚ ਸ਼ੀਤਲ ਦੇਵੀ ਅਤੇ ਰਾਕੇਸ਼ ਕੁਮਾਰ ਦੀ ਸਫ਼ਲਤਾ ਭਾਰਤ ਸਰਕਾਰ ਵੱਲੋਂ ਪ੍ਰਦਾਨ ਕੀਤੇ ਗਏ ਵਿਆਪਕ ਸਹਿਯੋਗ ਤੋਂ ਬਿਨਾਂ ਸੰਭਵ ਨਹੀਂ ਸੀ। ਦੋਵਾਂ ਅਥਲੀਟਾਂ ਨੂੰ ਟਾਰਗੇਟ ਓਲੰਪਿਕ ਪੋਡੀਅਮ ਸਕੀਮ (ਟੌਪਸ) ਦੇ ਤਹਿਤ ਵਿੱਤੀ ਸਹਾਇਤਾ ਮਿਲੀ। ਇਸ ਵਿੱਚ ਸਿਖਲਾਈ, ਸਾਜ਼ੋ-ਸਾਮਾਨ ਦੀ ਖ਼ਰੀਦ ਅਤੇ ਅੰਤਰਰਾਸ਼ਟਰੀ ਮੁਕਾਬਲਿਆਂ ਲਈ ਯਾਤਰਾ ਦੇ ਖ਼ਰਚੇ ਸ਼ਾਮਲ ਸਨ। ਸ਼ੀਤਲ ਨੂੰ ਥਾਈਲੈਂਡ, ਯੂਏਈ, ਚੈੱਕ ਗਣਰਾਜ, ਚੀਨ ਅਤੇ ਫ਼ਰਾਂਸ ਵਿੱਚ ਸਿਖਲਾਈ ਲਈ ਵਿਦੇਸ਼ ਜਾਣ ਦੇ ਛੇ ਮੌਕੇ ਮਿਲੇ, ਜਦੋਂ ਕਿ ਰਾਕੇਸ਼ ਨੂੰ ਵੀਲ-ਚੇਅਰ ਵਰਗੇ ਵਿਸ਼ੇਸ਼ ਉਪਕਰਨਾਂ ਅਤੇ ਸਹੂਲਤਾਂ ਦੀ ਮਦਦ ਮਿਲੀ। ਇਨ੍ਹਾਂ ਦੋਵਾਂ ਐਥਲੀਟਾਂ ਨੇ ਐੱਸਏਆਈ ਸੋਨੀਪਤ ਵਿਖੇ ਰਾਸ਼ਟਰੀ ਕੋਚਿੰਗ ਕੈਂਪ ਵਿਚ ਸਿਖਲਾਈ ਲਈ ਅਤੇ ਇਸ ਨੇ ਉਨ੍ਹਾਂ ਦੇ ਹੁਨਰ ਨੂੰ ਨਿਖਾਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ।

ਪ੍ਰੇਰਨਾ ਦੀ ਵਿਰਾਸਤ

ਸ਼ੀਤਲ ਦੇਵੀ ਅਤੇ ਰਾਕੇਸ਼ ਕੁਮਾਰ ਦਾ ਪੈਰਿਸ 2024 ਪੈਰਾਲੰਪਿਕ ਵਿੱਚ ਕਾਂਸੀ ਦਾ ਤਗਮਾ ਜਿੱਤਣਾ ਨਾ ਸਿਰਫ਼ ਭਾਰਤ ਲਈ ਇੱਕ ਜਿੱਤ ਹੈ, ਸਗੋਂ ਇਹ ਉਮੀਦ ਅਤੇ ਲਗਨ ਦਾ ਇੱਕ ਤਕੜਾ ਸੁਨੇਹਾ ਵੀ ਹੈ। ਸਿਰਫ 17 ਸਾਲ ਦੀ ਉਮਰ ਵਿੱਚ ਸ਼ੀਤਲ ਭਾਰਤ ਦੀ ਸਭ ਤੋਂ ਘੱਟ ਉਮਰ ਦੇ ਪੈਰਾਲੰਪਿਕਸ ਤਮਗਾ ਜੇਤੂ ਬਣ ਗਈ, ਜਦਕਿ 39 ਸਾਲਾ ਰਾਕੇਸ਼ ਨੇ ਆਪਣੀਆਂ ਪ੍ਰਾਪਤੀਆਂ ਦੀ ਪ੍ਰਭਾਵਸ਼ਾਲੀ ਸੂਚੀ ਵਿੱਚ ਇੱਕ ਪੈਰਾਲੰਪਿਕਸ ਤਮਗਾ ਜੋੜਿਆ। ਉਨ੍ਹਾਂ ਦੀਆਂ ਕਹਾਣੀਆਂ ਖੇਡਾਂ ਦੀ ਦੁਨੀਆ ਤੋਂ ਪਰ੍ਹੇ ਹਨ, ਜੋ ਕਿਸੇ ਵੀ ਮੁਸੀਬਤ ਦਾ ਸਾਹਮਣਾ ਕਰ ਰਹੇ ਲੋਕਾਂ ਲਈ ਪ੍ਰੇਰਨਾ ਦੇ ਰੂਪ ਵਿੱਚ ਕੰਮ ਕਰਦੀਆਂ ਹਨ। ਉਨ੍ਹਾਂ ਦੀ ਵਿਰਾਸਤ ਅਥਲੀਟਾਂ ਦੀਆਂ ਪੀੜ੍ਹੀਆਂ ਨੂੰ ਵੱਡੇ ਸੁਪਨੇ ਦੇਖਣ ਅਤੇ ਜੋ ਸੰਭਵ ਹੈ ਉਸ ਦੀਆਂ ਸੀਮਾਵਾਂ ਨੂੰ ਅੱਗੇ ਵਧਾਉਣ ਲਈ ਪ੍ਰੇਰਿਤ ਕਰਦੀ ਰਹੇਗੀ।

ਹਵਾਲਾ

ਭਾਰਤੀ ਅਥਲੀਟ: ਪੈਰਿਸ ਪੈਰਾਲੰਪਿਕਸ 2024 ਪੀਡੀਐੱਫ

https://olympics.com/en/news/paris-2024-paralympics-india-archery-sheetal-devi-rakesh-kumar-medal 

https://pib.gov.in/PressReleaseIframePage.aspx?PRID=2051102 

ਪੀਡੀਐੱਫ ਦੇਖਣ ਲਈ ਇੱਥੇ ਕਲਿੱਕ ਕਰੋ।

************

ਸੰਤੋਸ਼ ਕੁਮਾਰ/ਸਰਲਾ ਮੀਨਾ/ਸ਼ੀਤਲ ਅੰਗਰਾਲ/ਰਿਤੂ ਕਟਾਰੀਆ/ਮਦੀਹਾ ਇਕਬਾਲ



(Release ID: 2053121) Visitor Counter : 16