ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਐੱਨਐੱਚਏਆਈ ਨੈਸ਼ਨਲ ਹਾਈਵੇਅਜ਼ ‘ਤੇ ਟ੍ਰੈਫਿਕ ਵਿਘਨ ਰਹਿਤ ਬਣਾਉਣ ਲਈ ਜੀਆਈਐੱਸ ਅਧਾਰਿਤ ਸੌਫਟਵੇਅਰ ਦੇ ਨਾਲ ਲਗਭਗ 100 ਟੋਲ ਪਲਾਜ਼ਿਆਂ ਨੂੰ ਟ੍ਰੈਕ ਕਰੇਗਾ


ਇਨ੍ਹਾਂ ਟੋਲ ਪਲਾਜ਼ਿਆਂ ਦੀ ਪਹਿਚਾਣ 1033 ਨੈਸ਼ਨਲ ਹਾਈਵੇਅ ਹੈਲਪਲਾਈਨ ਰਾਹੀਂ ਪ੍ਰਾਪਤ ਭੀੜ ਸਬੰਧੀ ਫੀਡਬੈਕ ਦੇ ਅਧਾਰ ‘ਤੇ ਕੀਤੀ ਗਈ ਹੈ

Posted On: 02 SEP 2024 4:53PM by PIB Chandigarh

ਹਾਈਵੇਅ ਅਥਾਰਿਟੀ ਆਫ਼ ਇੰਡੀਆ ਦੁਆਰਾ ਪ੍ਰਮੋਟ ਕੀਤੀ ਗਈ ਕੰਪਨੀ ਇੰਡੀਅਨ ਹਾਈਵੇਜ਼ ਮੈਨੇਜਮੈਂਟ ਕੰਪਨੀ ਲਿਮਿਟਿਡ (ਆਈਐੱਚਐੱਮਸੀਐੱਲ) ਨੇ ਟੋਲ ਪਲਾਜ਼ਾ ‘ਤੇ ਟ੍ਰੈਫਿਕ ਨੂੰ ਵਿਘਨ ਰਹਿਤ ਬਣਾਉਣ ਲਈ, ਟੋਲ ਪਲਾਜ਼ਾ ‘ਤੇ ਉਡੀਕ ਸਮੇਂ ਦੀ ‘ਰੀਅਲ ਟਾਈਮ ਮੌਨੀਟਰਿੰਗ’ ਲਈ ਜੀਆਈਐੱਸ-ਅਧਾਰਿਤ ਸੌਫਟਵੇਅਰ ਵਿਕਸਿਤ ਕੀਤਾ ਹੈ। ਸ਼ੁਰੂਆਤ ਵਿੱਚ, ਐੱਨਐੱਚਏਆਈ ਨੇ ਵੈੱਬ-ਅਧਾਰਿਤ ਸੌਫਟਵੇਅਰ ‘ਤੇ ਲਾਈਵ ਮੌਨੀਟਰਿੰਗ ਲਈ ਲਗਭਗ 100 ਟੋਲ ਪਲਾਜ਼ਿਆਂ ਦੀ ਪਹਿਚਾਣ ਕੀਤੀ ਹੈ। ਇਨ੍ਹਾਂ ਟੋਲ ਪਲਾਜ਼ਿਆਂ ਦੀ ਚੋਣ 1033 ਨੈਸ਼ਨਲ ਹਾਈਵੇਅ ਹੈਲਪਲਾਈਨ ਦੇ ਮਾਧਿਅਮ ਨਾਲ ਪ੍ਰਾਪਤ ਭੀੜ ਸਬੰਧੀ ਫੀਡਬੈਕ ਦੇ ਅਧਾਰ ‘ਤੇ ਕੀਤੀ ਗਈ ਹੈ। ਨਿਗਰਾਨੀ ਸੇਵਾ ਨੂੰ ਪੜਾਅਵਾਰ ਰੂਪ ਨਾਲ ਵੱਧ ਟੋਲ ਪਲਾਜ਼ਿਆਂ ਤੱਕ ਵਧਾਇਆ ਜਾਵੇਗਾ।

ਟੋਲ ਪਲਾਜ਼ਾ ਦਾ ਨਾਮ ਅਤੇ ਸਥਾਨ ਦੀ ਜਾਣਕਾਰੀ ਪ੍ਰਦਾਨ ਕਰਨ ਦੇ ਇਲਾਵਾ, ਸੌਫਟਵੇਅਰ ਕਤਾਰ ਦੀ ਲੰਬਾਈ ਦੀ ਲਾਈਵ ਸਥਿਤੀ, ਕੁੱਲ ਉਡੀਕ ਸਮਾਂ ਅਤੇ ਟੋਲ ਪਲਾਜ਼ਾ ‘ਤੇ ਵਾਹਨ ਦੀ ਗਤੀ ਸਬੰਧਿਤ ਵੇਰਵਾ ਵੀ ਸਾਂਝਾ ਕਰੇਗਾ। ਇਹ ਭੀੜ ਚੇਤਾਵਨੀ ਅਤੇ ਲੇਨ ਵੰਡ ਦੀ ਸਿਫ਼ਾਰਿਸ਼ ਵੀ ਪ੍ਰਦਾਨ ਕਰੇਗਾ, ਟੋਲ ਪਲਾਜ਼ਾ ‘ਤੇ ਵਾਹਨਾਂ  ਦੀ ਕਤਾਰ ਨਿਰਧਾਰਿਤ ਸੀਮਾ ਤੋਂ ਜ਼ਿਆਦਾ ਹੋ ਜਾਂਦੀ ਹੈ।

ਪੂਰੇ ਦੇਸ਼ ਵਿੱਚ ਸਬੰਧਿਤ ਐੱਨਐੱਚਏਆਈ ਫੀਲਡ ਦਫ਼ਤਰਾਂ ਲਈ ਵੈੱਬ-ਅਧਾਰਿਤ ਸੌਫਟਵੇਅਰ ਵਿੱਚ ਟੋਲ ਪਲਾਜ਼ਾ ਨੂੰ ਮੈਪਡ ਕੀਤਾ ਗਿਆ ਹੈ। ਸੌਫਟਵੇਅਰ ਐੱਨਐੱਚਏਆਈ ਦੇ ਅਧਿਕਾਰੀਆਂ ਨੂੰ ਵਾਹਨਾਂ ਦੀ ਕਤਾਰ ਅਤੇ ਭੀੜ ਦੇ ਲਈ ਪ੍ਰਤੀ ਘੰਟਾ, ਰੋਜ਼ਾਨਾ, ਸਪਤਾਹਿਕ (ਹਫ਼ਤਾਵਾਰੀ) ਅਤੇ ਮਾਸਿਕ ਅਧਾਰ ‘ਤੇ ਤੁਲਨਾਤਮਕ ਟ੍ਰੈਫਿਕ ਸਥਿਤੀ ਵਿਸ਼ਲੇਸ਼ਣ ਪ੍ਰਦਾਨ ਕਰਕੇ ਅੰਤਰਦ੍ਰਿਸ਼ਟੀ ਪ੍ਰਾਪਤ ਕਰਨ ਵਿੱਚ ਸਹਾਇਤਾ ਪ੍ਰਦਾਨ ਕਰੇਗਾ।

ਇਸ ਦੇ ਇਲਾਵਾ, ਸੌਫਟਵੇਅਰ ਮੌਸਮ ਦੀ ਵਰਤਮਾਨ ਸਥਿਤੀ ਅਤੇ ਸਥਾਨਕ ਪਰਵ-ਤਿਉਹਾਰਾਂ ਨਾਲ ਸਬੰਧਿਤ ਜਾਣਕਾਰੀ ਪ੍ਰਦਾਨ ਕਰੇਗਾ, ਜਿਸ ਨਾਲ ਐੱਨਐੱਚਏਆਈ ਦੇ ਅਧਿਕਾਰੀ ਟ੍ਰੈਫਿਕ ਦਾ ਪ੍ਰਬੰਧਨ ਕਰਨ ਅਤੇ ਟੋਲ ਪਲਾਜ਼ਾ ‘ਤੇ ਭੀੜ ਨੂੰ ਘੱਟ ਕਰਨ ਲਈ ਪਹਿਲਾਂ ਤੋਂ ਉਪਾਅ ਕਰਨ ਵਿੱਚ ਯੋਗ ਬਣਨਗੇ।

ਟੋਲ ਪਲਾਜ਼ਿਆਂ ‘ਤੇ ਲਾਈਵ ਮੌਨੀਟਰਿੰਗ ਅਤੇ ਟ੍ਰੈਕਿੰਗ ਸਿਸਟਮ ਟ੍ਰੈਫਿਕ ਦੇ ਮੁਕਤ ਪ੍ਰਵਾਹ ਅਤੇ ਦੇਸ਼ ਵਿੱਚ ਫ਼ੀਸ ਪਲਾਜ਼ਿਆਂ ‘ਤੇ ਨੈਸ਼ਨਲ ਹਾਈਵੇਅ ਉਪਯੋਗਕਰਤਾਵਾਂ ਲਈ ਪਰੇਸ਼ਾਨੀ ਮੁਕਤ ਟੋਲਿੰਗ ਸੁਨਿਸ਼ਚਿਤ ਕਰਨ ਵਿੱਚ ਮਦਦ ਕਰੇਗੀ।

*****

ਐੱਨਬੀ/ਜੀਐੱਸ



(Release ID: 2051384) Visitor Counter : 17