ਰੱਖਿਆ ਮੰਤਰਾਲਾ
azadi ka amrit mahotsav

ਭਾਰਤੀ ਹਵਾਈ ਸੈਨਾ ਵੱਲੋਂ ਵਾਇਨਾਡ ਵਿੱਚ ਹੋਏ ਲੈਂਡਸਲਾਈਡ ਸਬੰਧੀ ਬਚਾਅ ਅਤੇ ਰਾਹਤ ਕਾਰਜ

Posted On: 01 AUG 2024 10:31AM by PIB Chandigarh

ਕੇਰਲ ਦੇ ਵਾਇਨਾਡ ਵਿੱਚ ਹਾਲ ਹੀ ਵਿੱਚ ਹੋਏ ਵਿਨਾਸ਼ਕਾਰੀ ਜ਼ਮੀਨ ਖਿਸਕਣ ਦੇ ਮੱਦੇਨਜ਼ਰ ਭਾਰਤੀ ਹਵਾਈ ਸੈਨਾ (ਆਈਏਐੱਫ) ਨੇ 30 ਜੁਲਾਈ, 2024 ਦੀ ਸਵੇਰ ਤੋਂ ਰਾਸ਼ਟਰੀ ਆਫ਼ਤ ਰਿਸਪਾਂਸ ਫੋਰਸ (ਐੱਨਡੀਆਰਐੱਫ) ਅਤੇ ਰਾਜ ਪ੍ਰਸ਼ਾਸਨ ਵਰਗੀਆਂ ਹੋਰ ਏਜੰਸੀਆਂ ਦੇ ਤਾਲਮੇਲ ਵਿੱਚ ਬਚਾਅ ਅਤੇ ਰਾਹਤ ਕਾਰਜ ਸ਼ੁਰੂ ਕੀਤੇ।

 

ਆਈਏਐੱਫ ਦੇ ਟਰਾਂਸਪੋਰਟ ਜਹਾਜ਼ਾਂ ਨੇ ਜ਼ਰੂਰੀ ਲੌਜਿਸਟਿਕਸ ਸਪਲਾਈ ਦੇ ਨਾਲ-ਨਾਲ ਨਿਕਾਸੀ ਕਾਰਜਾਂ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਸੀ-17 ਜਹਾਜ਼ਾਂ ਨੇ ਬਚਾਅ ਕਾਰਜਾਂ ਲਈ 53 ਮੀਟ੍ਰਿਕ ਟਨ ਜ਼ਰੂਰੀ ਸਾਜ਼ੋ-ਸਾਮਾਨ ਜਿਵੇਂ ਬੇਲੀ ਬ੍ਰਿਜ, ਡੌਗ ਸਕੁਐਡ, ਡਾਕਟਰੀ ਸਹਾਇਤਾ ਅਤੇ ਹੋਰ ਜ਼ਰੂਰੀ ਉਪਕਰਨਾਂ ਦੀ ਢੋਆ-ਢੁਆਈ ਕੀਤੀ ਹੈ। ਇਸ ਤੋਂ ਇਲਾਵਾ ਐੱਨ-32 ਅਤੇ ਸੀ-130 ਦੀ ਵਰਤੋਂ ਰਾਹਤ ਸਮੱਗਰੀ ਅਤੇ ਕਰਮਚਾਰੀਆਂ ਨੂੰ ਲਿਜਾਣ ਲਈ ਕੀਤੀ ਜਾ ਰਹੀ ਹੈ। ਸਮੂਹਿਕ ਤੌਰ 'ਤੇ ਇਨ੍ਹਾਂ ਆਈਏਐੱਫ ਜਹਾਜ਼ਾਂ ਨੇ ਬਚਾਅ ਟੀਮਾਂ ਨੂੰ ਆਫ਼ਤ ਪ੍ਰਭਾਵਿਤ ਖੇਤਰਾਂ ਵਿੱਚ ਪਹੁੰਚਾਇਆ ਅਤੇ ਵਿਸਥਾਪਿਤ ਵਸਨੀਕਾਂ ਸਮੇਤ 200 ਤੋਂ ਵੱਧ ਲੋਕਾਂ ਨੂੰ ਬਾਹਰ ਕੱਢਿਆ। ਹਾਲਾਂਕਿ ਚੁਣੌਤੀਪੂਰਨ ਮੌਸਮ ਕਾਰਨ ਉਡਾਣਾਂ ਵਿੱਚ ਰੁਕਾਵਟ ਪੈ ਰਹੀ ਹੈ, ਇਸ ਦੇ ਬਾਵਜੂਦ ਭਾਰਤੀ ਹਵਾਈ ਸੈਨਾ ਮਨੁੱਖੀ ਸਹਾਇਤਾ ਅਤੇ ਆਪਦਾ ਰਾਹਤ (ਐੱਚਏਡੀਆਰ) ਓਪਰੇਸ਼ਨਾਂ ਲਈ ਕਾਰਜ ਕਰ ਰਹੇ ਹਨ। 

 

ਆਈਏਐੱਫ ਨੇ ਇਸ ਕੰਮ ਲਈ ਵੱਖ-ਵੱਖ ਹੈਲੀਕਾਪਟਰਾਂ ਦੀ ਤਾਇਨਾਤੀ ਕੀਤੀ ਹੈ। ਐੱਮਆਈ-17 ਅਤੇ ਧਰੁਵ ਐਡਵਾਂਸਡ ਲਾਈਟ ਹੈਲੀਕਾਪਟਰ (ਏਐੱਲਐੱਚ) ਨੂੰ ਐੱਚਏਡੀਆਰ ਆਪਰੇਸ਼ਨ ਕਰਨ ਲਈ ਤਾਇਨਾਤ ਕੀਤਾ ਗਿਆ ਹੈ। ਵਿਆਪਕ ਪੱਧਰ ’ਤੇ ਖ਼ਰਾਬ ਮੌਸਮ ਦੀਆਂ ਸਥਿਤੀਆਂ ਦੇ ਬਾਵਜੂਦ ਭਾਰਤੀ ਹਵਾਈ ਸੈਨਾ ਦੇ ਜਹਾਜ਼ 31 ਜੁਲਾਈ 2024 ਦੀ ਦੇਰ ਸ਼ਾਮ ਤੱਕ ਫਸੇ ਹੋਏ ਵਿਅਕਤੀਆਂ ਨੂੰ ਨਜ਼ਦੀਕੀ ਡਾਕਟਰੀ ਸਹੂਲਤਾਂ ਅਤੇ ਸੁਰੱਖਿਅਤ ਖੇਤਰਾਂ ਤੱਕ ਪਹੁੰਚਾਉਣ ਅਤੇ ਜ਼ਰੂਰੀ ਸਮਾਨ ਦੀ ਡਿਲਿਵਰੀ ਦੀ ਸਹੂਲਤ ਪ੍ਰਦਾਨ ਕਰਨ ਵਿੱਚ ਲੱਗੇ ਹੋਏ ਸਨ। ਬਚਾਅ ਕਾਰਜਾਂ ਦੇ ਚੱਲਦਿਆਂ ਇਨ੍ਹਾਂ ਹੈਲੀਕਾਪਟਰਾਂ ਨੇ ਪ੍ਰਭਾਵਿਤ ਖੇਤਰਾਂ ਤੋਂ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਏਅਰਲਿਫਟ ਕੀਤਾ ਅਤੇ ਉਨ੍ਹਾਂ ਦੀ ਸੁਰੱਖਿਅਤ ਅਤੇ ਤੁਰੰਤ ਆਵਾਜਾਈ ਨੂੰ ਯਕੀਨੀ ਬਣਾਇਆ। ਭਾਰਤੀ ਹਵਾਈ ਸੈਨਾ ਕੇਰਲ ਦੇ ਆਫ਼ਤ ਪ੍ਰਭਾਵਿਤ ਲੋਕਾਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਲਈ ਵਚਨਬੱਧ ਹੈ।

 

 


 

 

*************

 

ਏਬੀਬੀ/ਜੇਐੱਸ/ਏਐੱਸ

 


(Release ID: 2040562) Visitor Counter : 41