ਸੰਘ ਲੋਕ ਸੇਵਾ ਕਮਿਸ਼ਨ (ਯੂਪੀਐੱਸਸੀ)

ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਨੇ ਮਿਸ ਪੂਜਾ ਮਨੋਰਮਾ ਦਿਲੀਪ ਖੇਡਕਰ ਦੀ ਅਸਥਾਈ ਉਮੀਦਵਾਰੀ ਨੂੰ ਰੱਦ ਕੀਤਾ ਅਤੇ ਉਸ ਦੀਆਂ ਭਵਿੱਖ ਦੀਆਂ ਸਾਰੀਆਂ ਪ੍ਰੀਖਿਆਵਾਂ/ਚੁਣੇ ਜਾਣ ਤੇ ਸਥਾਈ ਤੌਰ 'ਤੇ ਰੋਕ ਲਗਾ ਦਿੱਤੀ ਹੈ।


ਉਪਲਬਧ ਰਿਕਾਰਡ ਦੀ ਜਾਂਚ ਤੋਂ ਬਾਅਦ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਨੇ ਮਿਸ ਖੇਡਕਰ ਨੂੰ ਸੀਐੱਸਈ-2022 ਨਿਯਮਾਂ ਦੀ ਉਲੰਘਣਾ ਦਾ ਦੋਸ਼ੀ ਪਾਇਆ

ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਨੇ ਸਾਲ 2009 ਤੋਂ 2023 ਤੱਕ ਪੰਦਰਾਂ ਹਜ਼ਾਰ ਤੋਂ ਵੱਧ ਸਿਫ਼ਾਰਿਸ਼ ਕੀਤੇ ਉਮੀਦਵਾਰਾਂ ਦੇ ਸੀਐੱਸਈ ਡੇਟਾ ਦੇ 15 ਸਾਲਾਂ ਦੀ ਸਮੀਖਿਆ ਕੀਤੀ

Posted On: 31 JUL 2024 3:18PM by PIB Chandigarh

ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (ਯੂਪੀਐੱਸਸੀ) ਵੱਲੋਂ 18 ਜੁਲਾਈ, 2024 ਨੂੰ ਸਿਵਲ ਸੇਵਾਵਾਂ ਪ੍ਰੀਖਿਆ-2022 (ਸੀਐੱਸਈ-2022) ਦੀ ਅਸਥਾਈ ਤੌਰ 'ਤੇ ਸਿਫ਼ਾਰਿਸ਼ ਕੀਤੀ ਗਈ ਉਮੀਦਵਾਰ ਮਿਸ ਪੂਜਾ ਮਨੋਰਮਾ ਦਿਲੀਪ ਖੇਡਕਰ ਨੂੰ ਆਪਣੀ ਜਾਅਲੀ ਪਛਾਣ ਬਣਾ ਕੇ ਪ੍ਰੀਖਿਆ ਨਿਯਮਾਂ ਵਿੱਚ ਦਿੱਤੀ ਗਈ ਆਗਿਆਯੋਗ ਸੀਮਾ ਤੋਂ ਪਰੇ ਦੀ ਕੋਸ਼ਿਸ਼ ਕਰਦਿਆਂ ਧੋਖਾਧੜੀ ਨਾਲ ਲਾਭ ਲੈਣ ਲਈ ਕਾਰਨ ਦੱਸੋ ਨੋਟਿਸ (ਐੱਸਸੀਐੱਨ) ਜਾਰੀ ਕੀਤਾ ਗਿਆ ਸੀ। ਉਸ ਨੇ 25 ਜੁਲਾਈ, 2024 ਤੱਕ ਐੱਸਸੀਐੱਨ ਦਾ ਜਵਾਬ ਦਾਖ਼ਲ ਕਰਨਾ ਸੀ। ਹਾਲਾਂਕਿ ਉਸਨੇ 04 ਅਗਸਤ, 2024 ਤੱਕ ਹੋਰ ਸਮਾਂ ਦੇਣ ਦੀ ਬੇਨਤੀ ਕੀਤੀ ਤਾਂ ਜੋ ਉਹ ਆਪਣੇ ਜਵਾਬ ਲਈ ਲੋੜੀਂਦੇ ਦਸਤਾਵੇਜ਼ ਇਕੱਠੇ ਕਰ ਸਕੇ। 

2. ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਨੇ ਮਿਸ ਪੂਜਾ ਮਨੋਰਮਾ ਦਿਲੀਪ ਖੇਡਕਰ ਦੀ ਬੇਨਤੀ 'ਤੇ ਧਿਆਨ ਨਾਲ ਵਿਚਾਰ ਕੀਤਾ ਅਤੇ ਨਿਆਂ ਪ੍ਰਾਪਤ ਕਰਨ ਦੀ ਪ੍ਰਕਿਰਿਆ ਨੂੰ ਪੂਰਾ ਕਰਨ ਲਈ ਉਸ ਨੂੰ 30 ਜੁਲਾਈ, 2024 ਦੀ ਸ਼ਾਮ 3:30 ਵਜੇ ਤੱਕ ਦਾ ਸਮਾਂ ਦਿੱਤਾ ਗਿਆ ਤਾਂ ਜੋ ਉਸ ਨੂੰ ਕਾਰਨ ਦੱਸੋ ਨੋਟਿਸ ਦਾ ਜਵਾਬ ਦਾਖ਼ਲ ਕਰਨ ਦੇ ਯੋਗ ਬਣਾਇਆ ਜਾ ਸਕੇ। ਮਿਸ ਪੂਜਾ ਮਨੋਰਮਾ ਦਿਲੀਪ ਖੇਡਕਰ ਨੂੰ ਵੀ ਇਹ ਗੱਲ ਸਪਸ਼ਟ ਤੌਰ 'ਤੇ ਦੱਸ ਦਿੱਤੀ ਗਈ ਸੀ ਕਿ ਇਹ ਉਨ੍ਹਾਂ ਲਈ ਆਖ਼ਰੀ ਅਤੇ ਅੰਤਿਮ ਮੌਕਾ ਹੈ ਅਤੇ ਦਿੱਤੇ ਗਏ ਇਸ ਸਮੇਂ ਵਿੱਚ ਹੋਰ ਵਾਧਾ ਨਹੀਂ ਕੀਤਾ ਜਾਵੇਗਾ। ਉਸ ਨੂੰ ਸਪਸ਼ਟ ਸ਼ਬਦਾਂ ਵਿੱਚ ਇਹ ਵੀ ਦੱਸਿਆ ਗਿਆ ਸੀ ਕਿ ਜੇਕਰ ਉਪਰੋਕਤ ਮਿਤੀ/ਸਮੇਂ ਤੱਕ ਕੋਈ ਜਵਾਬ ਨਹੀਂ ਮਿਲਿਆ ਤਾਂ ਯੂਪੀਐੱਸਸੀ ਉਸ ਤੋਂ ਕੋਈ ਹੋਰ ਸੰਦਰਭ ਲਏ ਬਿਨਾਂ ਅਗਲੀ ਕਾਰਵਾਈ ਕਰੇਗੀ। ਸਮੇਂ ਵਿੱਚ ਵਾਧਾ ਕਰਨ ਦੇ ਬਾਵਜੂਦ, ਉਹ ਨਿਰਧਾਰਤ ਸਮੇਂ ਵਿੱਚ ਆਪਣਾ ਸਪਸ਼ਟੀਕਰਨ ਪੇਸ਼ ਕਰਨ ਵਿੱਚ ਅਸਫ਼ਲ ਰਹੀ।

 

3. ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਨੇ ਉਪਲਬਧ ਰਿਕਾਰਡ ਦੀ ਧਿਆਨ ਨਾਲ ਜਾਂਚ ਕੀਤੀ ਹੈ ਅਤੇ ਉਸ ਨੂੰ ਸੀਐੱਸਸੀ-2022 ਨਿਯਮਾਂ ਦੇ ਉਪਬੰਧਾਂ ਦੀ ਉਲੰਘਣਾ ਕਰਨ ਦਾ ਦੋਸ਼ੀ ਪਾਇਆ ਹੈ। ਸੀਐੱਸਈ-2022 ਲਈ ਉਸਦੀ ਅਸਥਾਈ ਉਮੀਦਵਾਰੀ ਨੂੰ ਰੱਦ ਕਰ ਦਿੱਤਾ ਗਿਆ ਹੈ ਅਤੇ ਉਸ ਨੂੰ ਯੂਪੀਐੱਸਸੀ ਦੀਆਂ ਸਾਰੀਆਂ ਭਵਿੱਖ ਵਿੱਚ ਲਈਆਂ ਜਾਣ ਵਾਲੀਆਂ ਪ੍ਰੀਖਿਆਵਾਂ/ਚੁਣੇ ਜਾਣ ’ਤੇ ਵੀ ਸਥਾਈ ਤੌਰ 'ਤੇ ਰੋਕ ਲਗਾ ਦਿੱਤੀ ਗਈ ਹੈ। 

 

4. ਮਿਸ ਪੂਜਾ ਮਨੋਰਮਾ ਦਿਲੀਪ ਖੇਡਕਰ ਦੇ ਮਾਮਲੇ ਦੇ ਪਿਛੋਕੜ ਵਿੱਚ ਯੂਪੀਐੱਸਸੀ ਨੇ ਸਾਲ 2009 ਤੋਂ 2023 ਤੱਕ ਯਾਨੀ ਕਿ 15 ਸਾਲਾਂ ਲਈ ਸੀਐੱਸਈ  ਦੇ 15,000 ਤੋਂ ਵੱਧ ਅੰਤਿਮ ਰੂਪ ਵਿੱਚ ਸਿਫ਼ਾਰਸ਼ ਕੀਤੇ ਉਮੀਦਵਾਰਾਂ ਵੱਲੋਂ ਕੀਤੇ ਗਏ ਯਤਨਾਂ ਦੇ ਸੰਦਰਭ ਵਿੱਚ ਉਪਲਬਧ ਡੇਟਾ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਹੈ। ਇਸ ਵਿਸਥਾਰਤ ਜਾਂਚ ਤੋਂ ਬਾਅਦ ਮਿਸ ਪੂਜਾ ਮਨੋਰਮਾ ਦਿਲੀਪ ਖੇਡਕਰ ਦੇ ਕੇਸ ਨੂੰ ਛੱਡ ਕੇ, ਕਿਸੇ ਹੋਰ ਉਮੀਦਵਾਰ ਨੂੰ ਸੀਐੱਸਈ ਨਿਯਮਾਂ ਦੇ ਤਹਿਤ ਆਗਿਆ ਤੋਂ ਵੱਧ ਕੋਸ਼ਿਸ਼ਾਂ ਦਾ ਲਾਭ ਲੈਂਦਿਆਂ ਨਹੀਂ ਪਾਇਆ ਗਿਆ ਹੈ। ਮਿਸ ਪੂਜਾ ਮਨੋਰਮਾ ਦਿਲੀਪ ਖੇਡਕਰ ਦੇ ਇਕਲੌਤੇ ਕੇਸ ਵਿੱਚ ਯੂਪੀਐੱਸਸੀ ਦੀ ਸਟੈਂਡਰਡ ਓਪਰੇਟਿੰਗ ਪ੍ਰਕਿਰਿਆ (ਐੱਸਓਪੀ) ਮੁੱਖ ਤੌਰ 'ਤੇ ਇਸ ਤੱਥ ਦੇ ਕਾਰਨ ਉਸ ਦੀਆਂ ਕੋਸ਼ਿਸ਼ਾਂ ਦੀ ਗਿਣਤੀ ਦਾ ਪਤਾ ਨਹੀਂ ਲਗਾ ਸਕੀ, ਕਿਉਂਕਿ ਉਸਨੇ ਨਾ ਸਿਰਫ ਆਪਣਾ ਨਾਮ ਬਦਲ ਲਿਆ ਸੀ, ਸਗੋਂ ਆਪਣੇ ਮਾਤਾ-ਪਿਤਾ ਦਾ ਨਾਮ ਵੀ ਬਦਲ ਲਿਆ ਸੀ। ਯੂਪੀਐੱਸਸੀ ਐੱਸਓਪੀ ਨੂੰ ਹੋਰ ਮਜ਼ਬੂਤ ਕਰਨ ਦੀ ਪ੍ਰਕਿਰਿਆ ਵਿੱਚ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਭਵਿੱਖ ਵਿੱਚ ਅਜਿਹਾ ਮਾਮਲਾ ਮੁੜ ਤੋਂ ਨਾ ਆਵੇ।

 

5. ਜਿੱਥੋਂ ਤੱਕ ਝੂਠੇ ਸਰਟੀਫਿਕੇਟ (ਖ਼ਾਸ ਤੌਰ 'ਤੇ ਓਬੀਸੀ ਅਤੇ ਪੀਡਬਲਿਉਬੀਡੀ ਸ਼੍ਰੇਣੀਆਂ) ਜਮ੍ਹਾ ਕਰਨ ਦੀਆਂ ਸ਼ਿਕਾਇਤਾਂ ਦਾ ਸਬੰਧ ਹੈ, ਯੂਪੀਐੱਸਸੀ ਇਹ ਸਪਸ਼ਟ ਕਰਨਾ ਚਾਹੁੰਦਾ ਹੈ ਕਿ ਇਹ ਸਰਟੀਫਿਕੇਟਾਂ ਦੀ ਸਿਰਫ ਸ਼ੁਰੂਆਤੀ ਜਾਂਚ ਕਰਦਾ ਹੈ, ਜਿਵੇਂ ਕਿ ਇਹ ਸਰਟੀਫਿਕੇਟ ਕਿਸੇ ਸਮਰੱਥ ਅਧਿਕਾਰੀ ਵੱਲੋਂ ਜਾਰੀ ਕੀਤਾ ਗਿਆ ਹੈ ਅਤੇ ਉਹ ਸਾਲ ਜਿਸ ਨਾਲ ਇਹ ਸਰਟੀਫਿਕੇਟ ਸੰਬਧਤ ਹੈ, ਸਰਟੀਫਿਕੇਟ ਜਾਰੀ ਕਰਨ ਦੀ ਮਿਤੀ, ਕੀ ਸਰਟੀਫਿਕੇਟ 'ਤੇ ਕੋਈ ਓਵਰਰਾਈਟਿੰਗ ਹੈ ਅਤੇ ਸਰਟੀਫਿਕੇਟ ਦਾ ਫਾਰਮੈਟ ਆਦਿ। ਆਮ ਤੌਰ 'ਤੇ ਸਰਟੀਫਿਕੇਟ ਨੂੰ ਸਹੀ ਅਤੇ ਅਸਲੀ ਮੰਨਿਆ ਜਾਂਦਾ ਹੈ, ਜੇਕਰ ਇਹ ਕਿਸੇ ਸਮਰੱਥ ਅਧਿਕਾਰੀ ਵੱਲੋਂ ਜਾਰੀ ਕੀਤਾ ਗਿਆ ਹੈ। ਯੂਪੀਐੱਸਸੀ ਕੋਲ ਹਰ ਸਾਲ ਉਮੀਦਵਾਰਾਂ ਵੱਲੋਂ ਜਮ੍ਹਾਂ ਕੀਤੇ ਹਜ਼ਾਰਾਂ ਸਰਟੀਫਿਕੇਟਾਂ ਦੀ ਸਚਾਈ ਦੀ ਜਾਂਚ ਕਰਨ ਲਈ ਨਾ ਤਾਂ ਕੋਈ ਸਰਕਾਰੀ ਹੁਕਮ ਹੈ ਅਤੇ ਨਾ ਹੀ ਕੋਈ ਸਾਧਨ। ਹਾਲਾਂਕਿ, ਇਹ ਸਮਝਿਆ ਜਾਂਦਾ ਹੈ ਕਿ ਸਰਟੀਫਿਕੇਟਾਂ ਦੇ ਅਸਲੀ ਅਤੇ ਸਹੀ ਹੋਣ ਦੀ ਜਾਂਚ ਅਤੇ ਤਸਦੀਕ ਇਸ ਕਾਰਜ ਲਈ ਨਿਯੁਕਤ ਅਧਿਕਾਰੀਆਂ ਵੱਲੋਂ ਕੀਤੀ ਜਾਂਦੀ ਹੈ।

************

ਕੇਐਸਵਾਈ/ਪੀਐੱਸਐੱਮ 



(Release ID: 2040181) Visitor Counter : 29