ਯੁਵਾ ਮਾਮਲੇ ਤੇ ਖੇਡ ਮੰਤਰਾਲਾ
ਡਾ. ਮਨਸੁਖ ਮਾਂਡਵੀਆ ਨੇ ਪੈਰਿਸ ਓਲੰਪਿਕਸ 2024 ਅਤੇ ਪੈਰਾਲੰਪਿਕਸ 2024 ਲਈ ਭਾਰਤ ਦੀਆਂ ਤਿਆਰੀਆਂ 'ਤੇ ਗੱਲਬਾਤ ਸੈਸ਼ਨ ਵਿੱਚ ਭਾਗ ਲਿਆ
ਭਾਰਤ ਦੀ ਓਲੰਪਿਕ ਯਾਤਰਾ ਨੂੰ ਉਜਾਗਰ ਕਰਨ ਵਾਲਾ "ਪਾਥਵੇਅ ਟੂ ਪੈਰਿਸ" ਬਰੋਸ਼ਰ ਲਾਂਚ ਕੀਤਾ
ਹਮੇਸ਼ਾ ‘ਰਾਸ਼ਟਰ ਪਹਿਲਾਂ' ਨੂੰ ਧਿਆਨ ਵਿੱਚ ਰੱਖੋ ਅਤੇ ਉਸੇ ਭਾਵਨਾ ਨਾਲ ਕੰਮ ਕਰੋ" - ਡਾ. ਮਾਂਡਵੀਆ
"ਸਾਨੂੰ ਨੌਜਵਾਨ ਪ੍ਰਤਿਭਾ ਦੀ ਪਛਾਣ ਕਰਕੇ ਉਸ ਨੂੰ ਨਿਖਾਰਨ ਅਤੇ ਖੇਡ ਈਕੋਸਿਸਟਮ ਵਿੱਚ ਸ਼ਾਮਲ ਕਰਨ ਦੀ ਜ਼ਰੂਰਤ ਹੈ"
Posted On:
19 JUL 2024 5:57PM by PIB Chandigarh
ਕੇਂਦਰੀ ਯੁਵਾ ਮਾਮਲੇ ਅਤੇ ਖੇਡਾਂ ਅਤੇ ਕਿਰਤ ਅਤੇ ਰੋਜ਼ਗਾਰ ਮੰਤਰੀ ਡਾ. ਮਨਸੁਖ ਮਾਂਡਵੀਆ ਨੇ ਅੱਜ ਨਵੀਂ ਦਿੱਲੀ ਵਿੱਚ ਦਿੱਲੀ ਸਪੋਰਟਸ ਜਰਨਲਿਸਟ ਐਸੋਸੀਏਸ਼ਨ ਵੱਲੋਂ ਆਯੋਜਿਤ ਪੈਰਿਸ ਓਲੰਪਿਕਸ 2024 ਅਤੇ ਪੈਰਾਲੰਪਿਕਸ ਲਈ ਭਾਰਤ ਦੀਆਂ ਤਿਆਰੀਆਂ ਬਾਰੇ ਇੱਕ ਵਡਮੁੱਲੀ ਚਰਚਾ ਦੌਰਾਨ ਮੁੱਖ ਭਾਸ਼ਣ ਦਿੱਤਾ।
ਇਸ ਬੈਠਕ ਦੌਰਾਨ ਡਾ. ਮਾਂਡਵੀਆ ਨੇ “ਪਾਥਵੇਅ ਟੂ ਪੈਰਿਸ”ਬਰੋਸ਼ਰ ਵੀ ਲਾਂਚ ਕੀਤਾ। ਇਹ ਪ੍ਰਕਾਸ਼ਨ ਭਾਰਤ ਦੀ ਓਲੰਪਿਕਸ ਯਾਤਰਾ, ਸਾਡੀਆਂ ਮੌਜੂਦਾ ਤਿਆਰੀਆਂ ਅਤੇ ਪ੍ਰਤਿਭਾਸ਼ਾਲੀ ਭਾਰਤੀ ਐਥਲੀਟਾਂ 'ਤੇ ਚਾਨਣਾ ਪਾਉਂਦਾ ਹੈ, ਜੋ ਪੈਰਿਸ ਓਲੰਪਿਕ 2024 ਵਿੱਚ ਦੇਸ਼ ਦੀ ਨੁਮਾਇੰਦਗੀ ਕਰਨਗੇ।
ਡਾ. ਮਾਂਡਵੀਆ ਨੇ 2047 ਵਿੱਚ ਭਾਰਤ ਦੇ ਵਿਕਸਿਤ ਰਾਸ਼ਟਰ ਬਣਨ ਸਬੰਧੀ ਭਰੋਸਾ ਪ੍ਰਗਟ ਕਰਦੇ ਹੋਏ ਕਿਹਾ ਕਿ ਓਦੋਂ ਤੱਕ ਭਾਰਤ ਉੱਤਮਤਾ ਵਿੱਚ ਚੋਟੀ ਦੇ ਪੰਜ ਦੇਸ਼ਾਂ ਵਿੱਚ ਸ਼ਾਮਲ ਹੋ ਜਾਵੇਗਾ। ਉਨ੍ਹਾਂ ਨੇ ਦੇਸ਼ ਅੰਦਰ ਵਿਸ਼ਾਲ ਸੰਭਾਵਨਾਵਾਂ 'ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਸਹੀ ਮੌਕਿਆਂ ਅਤੇ ਯਤਨਾਂ ਨਾਲ ਮਹੱਤਵਪੂਰਨ ਨਤੀਜੇ ਸਾਹਮਣੇ ਆਉਣਗੇ।
ਕੇਂਦਰੀ ਮੰਤਰੀ ਨੇ ਚਾਨਣਾ ਪਾਇਆ ਕਿ ਭਾਰਤ ਪੈਰਿਸ ਓਲੰਪਿਕਸ 2024 ਵਿੱਚ 16 ਖੇਡ ਵਰਗਾਂ ਵਿੱਚ ਭਾਗ ਲੈਣ ਵਾਲੇ 117 ਅਥਲੀਟਾਂ ਦਾ ਇੱਕ ਦਲ ਭੇਜ ਰਿਹਾ ਹੈ। ਇਨ੍ਹਾਂ ਵਰਗਾਂ ਵਿੱਚ ਤਿਆਰੀ ਲਈ ਇਸ ਓਲੰਪਿਕ ਚੱਕਰ ਦੌਰਾਨ ਕੁੱਲ 470 ਕਰੋੜ ਰੁਪਏ ਖ਼ਰਚ ਕੀਤੇ ਗਏ ਹਨ।
ਡਾ. ਮਾਂਡਵੀਆ ਨੇ ਕਿਹਾ, "ਸਾਡਾ ਦੇਸ਼ ਭਿੰਨਤਾਵਾਂ ਭਰਪੂਰ ਹੈ। ਇਹ ਜ਼ਰੂਰੀ ਹੈ ਕਿ ਅਸੀਂ ਨੌਜਵਾਨ ਪ੍ਰਤਿਭਾ ਦੀ ਪਛਾਣ ਕਰੀਏ ਅਤੇ ਉਨ੍ਹਾਂ ਦਾ ਪੋਸ਼ਣ ਕਰੀਏ, ਉਨ੍ਹਾਂ ਨੂੰ ਖੇਡ ਮਾਹੌਲ ਨਾਲ ਜੋੜੀਏ। ਮੁਕਾਬਲਿਆਂ ਵਿੱਚ ਉਨ੍ਹਾਂ ਦੀ ਭਾਗੀਦਾਰੀ ਨੂੰ ਉਤਸ਼ਾਹਿਤ ਕਰਕੇ ਅਤੇ ਉਨ੍ਹਾਂ ਦੀਆਂ ਪ੍ਰਤਿਭਾਵਾਂ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਚਮਕਾਉਣ ਲਈ ਮੰਚ ਪ੍ਰਦਾਨ ਕਰਕੇ ਅਸੀਂ ਸ਼ਾਨਦਾਰ ਤਰੱਕੀ ਦੇਖ ਸਕਦੇ ਹਾਂ।"
ਮੀਡੀਆ ਪੇਸ਼ੇਵਰਾਂ ਨੂੰ ਆਪਣੇ ਸੰਬੋਧਨ ਵਿੱਚ ਡਾ. ਮਾਂਡਵੀਆ ਨੇ ਜ਼ੋਰ ਦਿੱਤਾ ਕਿ ਸਰਕਾਰ ਵੱਲੋਂ ਸੂਚਿਤ ਫੈਸਲੇ ਲੈਣ ਲਈ ਵਿਚਾਰ-ਵਟਾਂਦਰਾ ਅਤੇ ਚਰਚਾ ਜ਼ਰੂਰੀ ਹੈ। ਉਨ੍ਹਾਂ ਨੇ ਪੱਤਰਕਾਰਾਂ ਨੂੰ ਜਨਤਕ ਧਾਰਨਾ ਨੂੰ ਆਕਾਰ ਦੇਣ ਵਿੱਚ ਮੀਡੀਆ ਪੇਸ਼ੇਵਰਾਂ ਦੀ ਪ੍ਰਭਾਵਸ਼ਾਲੀ ਭੂਮਿਕਾ ਦੀ ਯਾਦ ਦਿਵਾਈ। ਉਨ੍ਹਾਂ ਕਿਹਾ, "ਜਦੋਂ ਤੁਹਾਨੂੰ ਆਪਣੇ ਵਿਚਾਰ ਪ੍ਰਗਟ ਕਰਨ ਦੀ ਆਜ਼ਾਦੀ ਹੈ ਤਾਂ ਇਹ ਯਾਦ ਰੱਖਣਾ ਵੀ ਜ਼ਰੂਰੀ ਹੈ ਕਿ ਭਾਰਤ ਸਾਡਾ ਦੇਸ਼ ਹੈ।" “ਸਾਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਸਾਡੇ ਦੇਸ਼ ਦਾ ਮਾਣ ਅਤੇ ਸਨਮਾਨ ਬਰਕਰਾਰ ਰਹੇ। ਹਮੇਸ਼ਾ 'ਰਾਸ਼ਟਰ ਪਹਿਲਾਂ' ਨੂੰ ਧਿਆਨ ਵਿਚ ਰੱਖੋ ਅਤੇ ਇਸੇ ਭਾਵਨਾ ਨਾਲ ਕੰਮ ਕਰੋ।"
ਡਾ. ਮਾਂਡਵੀਆ ਨੇ ਪੈਰਿਸ ਓਲੰਪਿਕ ਵਿੱਚ ਭਾਗ ਲੈਣ ਵਾਲੇ ਸਾਡੇ ਅਥਲੀਟਾਂ ਦਾ ਸਮਰਥਨ ਕਰਨ ਦੀ ਮਹੱਤਤਾ ਨੂੰ ਵੀ ਰੇਖਾਂਕਿਤ ਕੀਤਾ।
ਕੇਂਦਰੀ ਮੰਤਰੀ ਨੇ ਇਸ ਸਮਾਗਮ ਵਿੱਚ ਅਹਿਮ ਭੂਮਿਕਾ ਨਿਭਾਉਣ ਲਈ ਦਿੱਲੀ ਸਪੋਰਟਸ ਜਰਨਲਿਸਟ ਐਸੋਸੀਏਸ਼ਨ ਦਾ ਧੰਨਵਾਦ ਕੀਤਾ। ਉਨ੍ਹਾਂ ਜ਼ਿਕਰ ਕੀਤਾ ਕਿ ਭਾਰਤ ਦੀਆਂ ਖੇਡ ਪ੍ਰਾਪਤੀਆਂ ਪਿੱਛੇ ਸਖ਼ਤ ਮਿਹਨਤ ਅਤੇ ਸਮਰਪਣ ਨੂੰ ਦਰਸਾਉਣ ਲਈ ਉਨ੍ਹਾਂ ਦੀ ਸ਼ਮੂਲੀਅਤ ਮਹੱਤਵਪੂਰਨ ਹੈ।
ਇਸ ਮੌਕੇ 'ਤੇ ਓਲੰਪਿਕ ਕਾਂਸੀ ਤਮਗਾ ਜੇਤੂ ਅਤੇ ਹਾਕੀ ਵਿਸ਼ਵ ਕੱਪ ਜੇਤੂ ਟੀਮ ਦੇ ਮੈਂਬਰ ਸ੍ਰੀ ਅਸ਼ੋਕ ਧਿਆਨਚੰਦ, ਏਸ਼ੀਆਈ ਖੇਡਾਂ ਦੇ ਸੋਨ ਤਮਗਾ ਜੇਤੂ ਅਤੇ ਸਾਬਕਾ ਵਿਸ਼ਵ ਨੰਬਰ 1 ਡਬਲ ਟਰੈਪ ਨਿਸ਼ਾਨੇਬਾਜ਼ ਸ੍ਰੀ ਰੰਜਨ ਸੋਢੀ, ਰਾਸ਼ਟਰਮੰਡਲ ਖੇਡਾਂ ਦੇ ਸੋਨ ਜੇਤੂ ਮੁੱਕੇਬਾਜ਼ ਸ੍ਰੀ ਅਖਿਲ ਕੁਮਾਰ, ਏਸ਼ਿਆਈ ਖੇਡਾਂ ਦੇ ਸੋਨ ਤਗ਼ਮਾ ਜੇਤੂ ਤੀਰਅੰਦਾਜ਼ ਸ੍ਰੀ ਅਭਿਸ਼ੇਕ ਵਰਮਾ, ਦੋ ਵਾਰ ਦੇ ਪੈਰਾਲੰਪਿਕ ਨੇਜ਼ਾਬਾਜ਼ੀ ਚੈਂਪੀਅਨ ਸ੍ਰੀ ਦੇਵੇਂਦਰ ਝਾਝਰੀਆ, ਟੋਕੀਓ ਪੈਰਾਲੰਪਿਕਸ ਵਿੱਚ ਚਾਂਦੀ ਦਾ ਤਗਮਾ ਜੇਤੂ ਸ੍ਰੀ ਯੋਗੇਸ਼ ਕਥੁਨੀਆ, ਯੁਵਾ ਮਾਮਲੇ ਅਤੇ ਖੇਡ ਮੰਤਰਾਲਾ ਅਤੇ ਭਾਰਤੀ ਖੇਡ ਅਥਾਰਟੀ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।
“ਪਾਥਵੇਅ ਟੂ ਪੈਰਿਸ”ਬਰੋਸ਼ਰ ਪੜ੍ਹਨ ਲਈ, ਇੱਥੇ ਕਲਿੱਕ ਕਰੋ।
*********
ਹਿਮਾਂਸ਼ੂ ਪਾਠਕ
(Release ID: 2035165)
Visitor Counter : 59