ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਮਹਾਰਾਸ਼ਟਰ ਦੇ ਮੁੰਬਈ ਵਿੱਚ ਇੰਡੀਅਨ ਨਿਊਜ਼ਪੇਪਰ ਸੋਸਾਇਟੀ (ਆਈਐੱਨਐੱਸ) ਟਾਵਰਸ ਦਾ ਉਦਘਾਟਨ ਕੀਤਾ


“ਅਗਲੇ 25 ਵਰ੍ਹਿਆਂ ਵਿੱਚ ਵਿਕਸਿਤ ਭਾਰਤ ਦੀ ਯਾਤਰਾ ਵਿੱਚ ਸਮਾਚਾਰ ਪੱਤਰਾਂ ਦੀ ਭੂਮਿਕਾ ਬੇਹਦ ਮਹੱਤਵਪੂਰਨ ਹੈ”

“ਜਿਸ ਦੇਸ਼ ਦੇ ਨਾਗਰਿਕਾਂ ਵਿੱਚ ਆਪਣੀ ਸਮਰੱਥਾ ਨੂੰ ਲੈ ਕੇ ਆਤਮਵਿਸ਼ਵਾਸ ਆ ਜਾਂਦਾ ਹੈ, ਉਹ ਸਫ਼ਲਤਾ ਦੀਆਂ ਨਵੀਆਂ ਉਚਾਈਆਂ ਪ੍ਰਾਪਤ ਕਰਨ ਲਗਦੇ ਹਨ। ਭਾਰਤ ਵਿੱਚ ਵੀ ਅੱਜ ਇਹੀ ਹੋ ਰਿਹਾ ਹੈ”

“ਆਈਐੱਨਐੱਸ ਨਾ ਸਿਰਫ਼ ਭਾਰਤ ਦੀ ਯਾਤਰਾ ਦੇ ਉਤਾਰ-ਚੜ੍ਹਾਅ ਦਾ ਸਾਖੀ ਰਿਹਾ ਹੈ ਬਲਕਿ ਉਸ ਨੂੰ ਜੀਆ ਵੀ ਅਤੇ ਜਨ-ਜਨ ਤੱਕ ਪਹੁੰਚਾਇਆ ਵੀ”

“ਕਿਸੇ ਦੇਸ਼ ਦੀ ਆਲਮੀ ਛਵੀ ਸਿੱਧਾ ਉਸ ਦੀ ਅਰਥਵਿਵਸਥਾ ਨੂੰ ਪ੍ਰਭਾਵਿਤ ਕਰਦੀ ਹੈ। ਭਾਰਤੀ ਪ੍ਰਕਾਸ਼ਨਾਂ ਨੂੰ ਆਪਣੀ ਆਲਮੀ ਉਪਸਥਿਤੀ ਵਧਾਉਣੀ ਚਾਹੀਦੀ ਹੈ”

Posted On: 13 JUL 2024 8:08PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਮੁੰਬਈ ਦੇ ਬਾਂਦ੍ਰਾ ਕੰਪਲੈਕਸ ਦੇ ਜੀ-ਬਲੌਕ ਵਿੱਚ ਇੰਡੀਅਨ ਨਿਊਜ਼ਪੇਪਰ ਸੋਸਾਇਟੀ (ਆਈਐੱਨਐੱਸ) ਸਕੱਤਰੇਤ ਦੇ ਦੌਰੇ ਦੌਰਾਨ ਆਈਐੱਨਐੱਸ ਟਾਵਰਸ ਦਾ ਉਦਘਾਟਨ ਕੀਤਾ। ਇਹ ਨਵੀਂ ਇਮਾਰਤ ਮੁੰਬਈ ਵਿੱਚ ਆਧੁਨਿਕ ਤੇ ਕੁਸ਼ਲ ਦਫ਼ਤਰ ਸਬੰਧੀ ਆਈਐੱਨਐੱਸ ਦੇ ਮੈਂਬਰਾਂ ਦੀ ਵਧਦੀਆਂ ਜ਼ਰੂਰਤਾਂ ਨੂੰ ਪੂਰਾ ਕਰੇਗੀ ਅਤੇ ਮੁੰਬਈ ਵਿੱਚ ਸਮਾਚਾਰ ਪੱਤਰ ਉਦਯੋਗ ਦੇ ਮੁੱਖ ਕੇਂਦਰ ਦੇ ਰੂਪ ਵਿੱਚ ਕੰਮ ਕਰੇਗੀ।

ਸਭਾ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਨਵੇਂ ਟਾਵਰ ਦੇ ਉਦਘਾਟਨ ‘ਤੇ ਇੰਡੀਅਨ ਨਿਊਜ਼ਪੇਪਰ ਸੋਸਾਇਟੀ ਦੇ ਸਾਰੇ ਮੈਂਬਰਾਂ ਨੂੰ ਵਧਾਈ ਦਿੱਤੀ ਅਤੇ ਆਸ਼ਾ ਵਿਅਕਤ ਕੀਤੀ ਕਿ ਨਵੀਂ ਜਗ੍ਹਾ ਵਿੱਚ ਕੰਮ ਕਰਨ ਵਿੱਚ ਅਸਾਨੀ ਨਾਲ ਭਾਰਤ ਦਾ ਲੋਕਤੰਤਰ ਹੋਰ ਮਜ਼ਬੂਤ ਹੋਵੇਗਾ। ਇਸ ਤੱਥ ਨੂੰ ਰੇਖਾਂਕਿਤ ਕਰਦੇ ਹੋਏ ਕਿ ਇੰਡੀਅਨ ਨਿਊਜ਼ਪੇਪਰ ਸੋਸਾਇਟੀ ਦਾ ਗਠਨ ਆਜ਼ਾਦੀ ਤੋਂ ਪਹਿਲਾਂ ਕੀਤਾ ਗਿਆ ਸੀ, ਪ੍ਰਧਾਨ ਮੰਤਰੀ ਨੇ ਕਿਹਾ ਇਹ ਸੰਗਠਨ ਨਾ ਸਿਰਫ਼ ਭਾਰਤ ਦੀ ਯਾਤਰਾ ਦੇ ਉਤਾਰ-ਚੜ੍ਹਾਅ ਦਾ ਸਾਖੀ ਰਿਹਾ ਹੈ, ਬਲਕਿ ਉਸ ਨੂੰ ਜੀਆ ਵੀ ਅਤੇ ਜਨ-ਜਨ ਤੱਕ ਪਹੁੰਚਾਇਆ ਵੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹੀ ਕਾਰਨ ਹੈ ਕਿ ਇੱਕ ਸੰਗਠਨ ਦੇ ਰੂਪ ਵਿੱਚ ਇੰਡੀਅਨ ਨਿਊਜ਼ਪੇਪਰ ਸੋਸਾਇਟੀ ਦੇ ਕੰਮ ਦਾ ਪ੍ਰਭਾਅ ਦੇਸ਼ ਵਿੱਚ ਸਪਸ਼ਟ ਹੋਵੇਗਾ।

ਪ੍ਰਧਾਨ ਮੰਤਰੀ  ਕਿਹਾ ਕਿ ਮੀਡੀਆ ਰਾਸ਼ਟਰਾਂ ਦੀ ਸਥਿਤੀਆਂ ਦਾ ਮੂਕਦਰਸ਼ਕ ਨਹੀਂ ਹੁੰਦਾ ਹੈ, ਬਲਕਿ ਉਨ੍ਹਾਂ ਨੂੰ ਬਦਲਣ ਵਿੱਚ ਪ੍ਰਮੁੱਖ ਭੂਮਿਕਾ ਨਿਭਾਉਂਦਾ ਹੈ। ਉਨ੍ਹਾਂ ਨੇ ਵਿਕਸਿਤ ਭਾਰਤ ਦੀ ਅਗਲੀ 25 ਵਰ੍ਹਿਆਂ ਦੀ ਯਾਤਰਾ ਵਿੱਚ ਸਮਾਚਾਰ ਪੱਤਰਾਂ ਅਤੇ ਪੱਤ੍ਰਿਕਾਵਾਂ ਦੀ ਭੂਮਿਕਾ ਨੂੰ ਰੇਖਾਂਕਿਤ ਕੀਤਾ। ਉਨ੍ਹਾਂ ਨੇ ਨਾਗਰਿਕਾਂ ਦੇ ਅਧਿਕਾਰਾਂ ਅਤੇ ਸਮਰੱਥਾ ਬਾਰੇ ਜਾਗਰੂਕਤਾ ਪੈਦਾ ਕਰਨ ਵਿੱਚ ਮੀਡੀਆ ਦੀ ਭੂਮਿਕਾ ‘ਤੇ ਚਾਨਣਾ ਪਾਇਆ। ਉਨ੍ਹਾਂ ਨੇ ਭਾਰਤ ਵਿੱਚ ਡਿਜੀਟਲ ਲੈਣ-ਦੇਣ ਦੀ ਸਫਲਤਾ ਨੂੰ ਇਸ ਗੱਲ ਦਾ ਉਦਾਹਰਣ ਦੱਸਿਆ ਕਿ ਕਿਵੇਂ ਆਤਮਵਿਸ਼ਵਾਸ ਨਾਲ ਭਰੇ ਨਾਗਰਿਕ ਵੱਡੀ ਸਫ਼ਲਤਾ ਹਾਸਲ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਦੁਨੀਆ ਦੇ ਪ੍ਰਮੁੱਖ ਦੇਸ਼ ਭਾਰਤ ਦੇ ਡਿਜੀਟਲ ਜਨਤਕ ਬੁਨਿਆਦੀ ਢਾਂਚੇ ਵਿੱਚ ਰੂਚੀ ਰੱਖਦੇ ਹਨ। ਉਨ੍ਹਾਂ ਨੇ ਇਨ੍ਹਾਂ ਸਫ਼ਲਤਾਵਾਂ ਵਿੱਚ ਮੀਡੀਆ ਦੀ ਭਾਗੀਦਾਰੀ ਨੂੰ ਸਵੀਕਾਰ ਕੀਤਾ।

ਪ੍ਰਧਾਨ ਮੰਤਰੀ ਨੇ ਗੰਭੀਰ ਮੁੱਦਿਆਂ ‘ਤੇ ਚਰਚਾ ਕਰਕੇ ਵਿਚਾਰ-ਵਟਾਂਦਰਾ ਸੁਨਿਸ਼ਚਿਤ ਕਰਨ ਵਿੱਚ ਮੀਡੀਆ ਦੀ ਸੁਭਾਵਿਕ ਭੂਮਿਕਾ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਮੀਡੀਆ ਦੀ ਕਾਰਜਪ੍ਰਣਾਲੀ ‘ਤੇ ਸਰਕਾਰੀ ਨੀਤੀਆਂ ਦਾ ਪ੍ਰਭਾਅ ਪੈਣ ‘ਤੇ ਵੀ ਵਿਸ਼ੇਸ਼ ਜ਼ੋਰ ਦਿੱਤਾ। ਉਨ੍ਹਾਂ ਨੇ ਜਨ ਧਨ ਯੋਜਨਾ ਦੀ ਮੁਹਿੰਮ ਦੇ ਜ਼ਰੀਏ ਵਿੱਤੀ ਸਮਾਵੇਸ਼ਨ ਅਤੇ ਬੈਂਕ ਖਾਤੇ ਖੋਲਣ ਅਤੇ ਲਗਭਗ 50 ਕਰੋੜ ਲੋਕਾਂ ਨੂੰ ਬੈਂਕਿੰਗ ਪ੍ਰਣਾਲੀ ਨਾਲ ਜੋੜਣ ਦਾ ਉਦਾਹਰਣ ਦਿੱਤਾ। ਉਨ੍ਹਾਂ ਨੇ ਕਿਹਾ ਕਿ ਇਹ ਪ੍ਰੋਜੈਕਟ ਡਿਜੀਟਲ ਇੰਡੀਆ ਨੂੰ ਅੱਗੇ ਵਧਾਉਣ ਅਤੇ ਭ੍ਰਿਸ਼ਟਾਚਾਰ ‘ਤੇ ਰੋਕ ਲਗਾਉਣ ਦੀ ਪਹਿਲ ਵਿੱਚ ਸਭ ਤੋਂ ਵੱਡੀ ਮਦਦ ਸੀ। ਪ੍ਰਧਾਨ ਮੰਤਰੀ ਨੇ ਕਿਹਾ, ਇਸੇ ਤਰ੍ਹਾਂ ਸਵੱਛ ਭਾਰਤ ਜਾਂ ਸਟਾਰਟਅੱਪ ਇੰਡੀਆ ਜਿਹੀ ਪਹਿਲ ਵੋਟ ਬੈਂਕ ਦੀ ਰਾਜਨੀਤੀ ਤੋਂ ਪ੍ਰਭਾਵਿਤ ਨਹੀਂ ਹੋਈ। ਉਨ੍ਹਾਂ ਨੇ ਇਨ੍ਹਾਂ ਅਭਿਯਾਨਾਂ ਨੂੰ ਰਾਸ਼ਟਰੀ ਪੱਧਰ ‘ਤੇ ਵਿਚਾਰ-ਵਟਾਂਦਰਾ ਦਾ ਹਿੱਸਾ ਬਣਾਉਣ ਦੇ ਲਈ ਮੀਡੀਆ ਦੀ ਸ਼ਲਾਘਾ ਕੀਤੀ।

ਇਸ ਗੱਲ ਦਾ ਜ਼ਿਕਰ ਕਰਦੇ ਹੋਏ ਕਿ ਇੰਡੀਅਨ ਨਿਊਜ਼ਪੇਪਰ ਸੋਸਾਇਟੀ ਦੁਆਰਾ ਲਏ ਗਏ ਫ਼ੈਸਲੇ ਦੇਸ਼ ਦੇ ਮੀਡੀਆ ਨੂੰ ਦਿਸ਼ਾ ਦਿੰਦੇ ਹਨ, ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਜ਼ਰੂਰੀ ਨਹੀਂ ਹੈ ਕਿ ਸਰਕਾਰ ਦੁਆਰਾ ਸ਼ੁਰੂ ਕੀਤਾ ਗਿਆ ਕੋਈ ਵੀ ਪ੍ਰੋਗਰਾਮ ਨਿਸ਼ਚਿਤ ਤੌਰ ‘ਤੇ ਸਰਕਾਰੀ ਪ੍ਰੋਗਰਾਮ ਹੀ ਹੋਵੇ ਅਤੇ ਜਿਸ ਵੀ ਵਿਚਾਰ ‘ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ ਹੈ ਉਹ ਸਿਰਫ਼ ਸਰਕਾਰ ਦਾ ਹੀ ਵਿਚਾਰ ਨਹੀਂ ਹੋ ਸਕਦਾ ਹੈ। ਉਨ੍ਹਾਂ ਨੇ ‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਅਤੇ ‘ਹਰ ਘਰ ਤਿਰੰਗਾ’ ਜਿਹੇ ਅਭਿਯਾਨਾਂ ਦਾ ਉਦਾਹਰਣ ਦਿੱਤਾ ਜਿਨ੍ਹਾਂ ਦੀ ਸ਼ੁਰੂਆਤ ਸਰਕਾਰ ਨੇ ਕੀਤੀ ਸੀ ਲੇਕਿਨ ਉਨ੍ਹਾਂ ਨੂੰ ਪੂਰੇ ਦੇਸ਼ ਨੇ ਅੱਗੇ ਵਧਾਇਆ। ਇਸੇ ਤਰ੍ਹਾਂ ਪ੍ਰਧਾਨ ਮੰਤਰੀ ਨੇ ਵਾਤਾਵਰਣ ਸੰਭਾਲ਼ ‘ਤੇ ਸਰਕਾਰ ਦੇ ਵਿਸ਼ੇਸ਼ ਜ਼ੋਰ ਨੂੰ ਰੇਖਾਂਕਿਤ ਕੀਤਾ ਜੋ ਕਿ ਇੱਕ ਰਾਜਨੀਤਕ ਮੁੱਦਾ ਨਹੀਂ, ਬਲਕਿ ਇੱਕ ਮਨੁੱਖੀ ਮੁੱਦਾ ਹੈ ਅਤੇ ਉਨ੍ਹਾਂ ਨੇ ਹਾਲ ਹੀ ਵਿੱਚ ਸ਼ੁਰੂ ਕੀਤੇ ਗਏ ‘ਏਕ ਪੇਡ ਮਾਂ ਕੇ ਨਾਮ’ ਅਭਿਯਾਨ ਦਾ ਵੀ ਜ਼ਿਕਰ ਕੀਤਾ, ਜਿਸ ਦੀ ਚਰਚਾ ਪੂਰੀ ਦੁਨੀਆ ਵਿੱਚ ਹੋ ਰਹੀ ਹੈ।

ਜੀ7 ਸਮਿਟ ਦੌਰਾਨ ਵਿਸ਼ਵ ਭਰ ਦੇ ਰਾਜਨੇਤਾਵਾਂ ਨੇ ਵੀ ਇਸ ਪ੍ਰੋਗਰਾਮ ਵਿੱਚ ਗਹਿਰੀ ਦਿਲਚਸਪੀ ਦਿਖਾਈ ਜਿਸ ਵਿੱਚ ਪ੍ਰਧਾਨ ਮੰਤਰੀ ਵੀ ਸ਼ਾਮਲ ਹੋਏ। ਉਨ੍ਹਾਂ ਨੇ ਸਮੁੱਚੇ ਮੀਡੀਆ ਘਰਾਨਿਆਂ ਨੂੰ ਯੁਵਾ ਪੀੜ੍ਹੀ ਦੇ ਬਿਹਤਰ ਭਵਿੱਖ ਦੇ ਲਈ ਇਸ ਮੁਹਿੰਮ ਵਿੱਚ ਸ਼ਾਮਲ ਹੋਣ ਦੀ ਤਾਕੀਦ ਕੀਤੀ। ਉਨ੍ਹਾਂ ਨੇ ਕਿਹਾ, “ਮੈਂ ਮੀਡੀਆ ਘਰਾਨਿਆਂ ਨੂੰ ਤਾਕੀਦ ਕਰਦਾ ਹਾਂ ਕਿ ਉਹ ਰਾਸ਼ਟਰ ਦੇ ਪ੍ਰਤੀ ਇੱਕ ਵਿਸ਼ੇਸ਼ ਪ੍ਰਯਾਸ ਦੇ ਰੂਪ ਵਿੱਚ ਇਸ ਤਰ੍ਹਾਂ ਦੀ ਪਹਿਲ ਨੂੰ ਅੱਗੇ ਵਧਾਉਣ।” ਭਾਰਤ ਦੇ ਸੰਵਿਧਾਨ ਦੀ 75ਵੀਂ ਵਰ੍ਹੇਗੰਢ ਦੇ ਸਮਾਰੋਹ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਸੰਵਿਧਾਨ ਦੇ ਪ੍ਰਤੀ ਨਾਗਰਿਕਾਂ ਦੀ ਕਰਤਵ ਭਾਵਨਾ ਅਤੇ ਜਾਗਰੂਕਤਾ ਵਧਾਉਣ ਵਿੱਚ ਮੀਡੀਆ ਦੀ ਅਹਿਮ ਭੂਮਿਕਾ ਨੂੰ ਰੇਖਾਂਕਿਤ ਕੀਤਾ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਟੂਰਿਜ਼ਮ ਨੂੰ ਵੀ ਸਭ ਵੱਲੋਂ ਸਮੂਹਿਕ ਬ੍ਰਾਂਡਿੰਗ ਅਤੇ ਮਾਰਕੀਟਿੰਗ ਦੀ ਨਿਤਾਂਤ ਜ਼ਰੂਰਤ ਹੈ। ਉਨ੍ਹਾਂ ਨੇ ਸੁਝਾਅ ਦਿੱਤਾ ਕਿ ਸਮਾਚਾਰ ਪੱਤਰ ਕਿਸੇ ਵਿਸ਼ੇਸ਼ ਰਾਜ ਦੇ ਟੂਰਿਜ਼ਮ ਨੂੰ ਹੁਲਾਰਾ ਦੇਣ ਦੇ ਲਈ ਕੋਈ ਮਹੀਨਾ ਚੁਣ ਸਕਦੇ ਹਾਂ। ਇਸ ਨਾਲ ਰਾਜਾਂ ਦਰਮਿਆਨ ਆਪਸੀ ਰੂਚੀ ਵਧੇਗੀ।

ਪ੍ਰਧਾਨ ਮੰਤਰੀ ਨੇ ਸਮਾਚਾਰ ਪੱਤਰਾਂ ਨੂੰ ਆਪਣੀ ਆਲਮੀ ਉਪਸਥਿਤੀ ਵਧਾਉਣ ਦਾ ਅਨੁਰੋਧ ਕੀਤਾ। ਨਿਕਟ ਭਵਿੱਖ ਵਿੱਚ ਦੁਨੀਆ ਦੀ ਤੀਸਰੀ ਸਭ ਤੋਂ ਵੱਡੀ ਅਰਥਵਿਵਸਥਾ ਬਣਨ ਦੀ ਭਾਰਤ ਦੀ ਯਾਤਰਾ ਨੂੰ ਦੋਹਰਾਉਂਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੀ ਸਫ਼ਲਤਾ ਨੂੰ ਦੁਨੀਆ ਦੇ ਹਰ ਕੋਨੇ ਤੱਕ ਪਹੁੰਚਾਉਣਾ ਮੀਡੀਆ ਦੀ ਜ਼ਿੰਮੇਦਾਰੀ ਹੈ। ਪ੍ਰਧਾਨ ਮੰਤਰੀ ਨੇ ਕਿਹਾ, ‘ਕਿਸੇ ਦੇਸ਼ ਦੀ ਆਲਮੀ ਛਵੀ ਸਿੱਧੇ ਤੌਰ ‘ਤੇ ਉਸ ਦੀ ਅਰਥਵਿਵਸਤਾ ਨੂੰ ਪ੍ਰਭਾਵਿਤ ਕਰਦੀ ਹੈ।’ ਉਨ੍ਹਾਂ ਨੇ ਭਾਰਤ ਦੀ ਵਧਦੀ ਸਾਖ ਅਤੇ ਆਲਮੀ ਪ੍ਰਗਤੀ ਵਿੱਚ ਯੋਗਦਾਨ ਦੇਣ ਦੀ ਇਸ ਦੀ ਵਧਦੀ ਸਮਰੱਥਾ  ਨਾਲ ਪ੍ਰਵਾਸੀ ਭਾਰਤੀਆਂ ਦੇ ਵਧਦੇ ਮਹੱਤਵ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਨੇ ਸੰਯੁਕਤ ਰਾਸ਼ਟਰ ਦੀਆਂ ਸਾਰੀਆਂ ਭਾਸ਼ਾਵਾਂ ਵਿੱਚ ਭਾਰਤੀ ਪ੍ਰਕਾਸ਼ਨਾਂ ਦੇ ਵਿਸਤਾਰ ਦੀ ਕਾਮਨਾ ਕੀਤੀ। ਉਨ੍ਹਾਂ ਨੇ ਸੁਝਾਅ ਦਿੱਤਾ ਕਿ ਇਨ੍ਹਾਂ ਪ੍ਰਕਾਸ਼ਨਾਂ ਦੀ ਵੈੱਬਸਾਈਟ, ਮਾਈਕ੍ਰੋਸਾਈਟ ਜਾਂ ਸੋਸ਼ਲ ਮੀਡੀਆ ਅਕਾਉਂਟ ਇਨ੍ਹਾਂ ਭਾਸ਼ਾਵਾਂ ਵਿੱਚ ਹੋ ਸਕਦੇ ਹਨ। ਉਨ੍ਹਾਂ ਨੇ ਇਸ ਤਰ੍ਹਾਂ ਦੇ ਪ੍ਰਯਾਸਾਂ ਵਿੱਚ ਏਆਈ ਦੁਆਰਾ ਪ੍ਰਦਾਨ ਕੀਤੀ ਜਾਣ ਵਾਲੀ ਸਹੂਲੀਅਤ ਦਾ ਵੀ ਜ਼ਿਕਰ ਕੀਤਾ।

ਆਪਣੇ ਸੰਬੋਧਨ ਦਾ ਸਮਾਪਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਮੀਡੀਆ ਘਰਾਨਿਆਂ ਨੂੰ ਤਾਕੀਦ ਕੀਤੀ ਕਿ ਉਹ ਪ੍ਰਕਾਸ਼ਨ ਦੇ ਡਿਜੀਟਲ ਸੰਸਕਰਣ ਦਾ ਉਪਯੋਗ ਕਰਨ ਕਿਉਂਕਿ ਇਸ ਵਿੱਚ ਮੁਦ੍ਰਿਤ ਸੰਸਕਰਣਾਂ ਦੀ ਤੁਲਨਾ ਵਿੱਚ ਸਥਾਨ ਦੀ ਕੋਈ ਕਮੀ ਨਹੀਂ ਹੁੰਦੀ ਹੈ ਅਤੇ ਇਸ ਦੇ ਨਾਲ ਹੀ ਅੱਜ ਦਿੱਤੇ ਗਏ ਸੁਝਾਵਾਂ ‘ਤੇ ਵਿਚਾਰ ਕਰਨ। ਉਨ੍ਹਾਂ ਨੇ ਕਿਹਾ, ‘ਮੈਨੂੰ ਪੂਰਾ ਵਿਸ਼ਵਾਸ ਹੈ ਕਿ ਤੁਸੀਂ ਸਭ ਇਨ੍ਹਾਂ ਸੁਝਾਵਾਂ ‘ਤੇ ਵਿਚਾਰ ਕਰੋਗੇ, ਨਵੇਂ-ਨਵੇਂ ਪ੍ਰਯੋਗ ਕਰੋਗੇ ਅਤੇ ਭਾਰਤ ਦੇ ਲੋਕਤੰਤਰ ਨੂੰ ਮਜ਼ਬੂਤ ਕਰਨਗੇ। ਤੁਸੀਂ ਜਿੰਨੀ ਮਜ਼ਬੂਤੀ ਨਾਲ ਕੰਮ ਕਰੋਗੇ, ਦੇਸ਼ ਓਨੀ ਹੀ ਅਧਿਕ ਪ੍ਰਗਤੀ ਕਰੇਗਾ।’

ਇਸ ਅਵਸਰ ‘ਤੇ ਮਹਾਰਾਸਟਰ ਦੇ ਰਾਜਪਾਲ ਸ਼੍ਰੀ ਰਮੇਸ਼ ਬੈਸ, ਮਹਾਰਾਸ਼ਟਰ ਦੇ ਮੁੱਖ ਮੰਤਰੀ ਸ਼੍ਰੀ ਏਕਨਾਥ ਸ਼ਿੰਦੇ, ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਸ਼੍ਰੀ ਦੇਵੇਂਦਰ ਫਡਣਵੀਸ ਅਤੇ ਸ਼੍ਰੀ ਅਜੀਤ ਪਵਾਰ ਤੇ ਇੰਡੀਅਨ ਨਿਊਜ਼ਪੇਪਰ ਸੋਸਾਇਟੀ ਦੇ ਪ੍ਰਧਾਨ, ਸ਼੍ਰੀ ਰਾਕੇਸ਼ ਸ਼ਰਮਾ ਮੌਜੂਦ ਸਨ।

 

 

************

ਡੀਐੱਸ/ਟੀਐੱਸ


(Release ID: 2033149) Visitor Counter : 61