ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ

ਕੇਵੀਆਈਸੀ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਨਵਾਂ ਰਿਕਾਰਡ ਕਾਇਮ ਕੀਤਾ


ਖਾਦੀ ਅਤੇ ਪੇਂਡੂ ਉਦਯੋਗ ਦਾ ਕਾਰੋਬਾਰ ਪਹਿਲੀ ਵਾਰ 1.5 ਲੱਖ ਕਰੋੜ ਰੁਪਏ ਤੋਂ ਪਾਰ

ਕੇਵੀਆਈਸੀ ਨੇ ਵਿੱਤੀ ਵਰ੍ਹੇ 2023-24 ਲਈ ਅਸਥਾਈ ਅੰਕੜੇ ਜਾਰੀ ਕੀਤੇ

ਪਿਛਲੇ 10 ਸਾਲਾਂ ਵਿੱਚ ਉਤਪਾਦਨ ਵਿੱਚ 315% ਵਾਧਾ ਅਤੇ ਵਿਕਰੀ ਵਿੱਚ 400% ਵਾਧਾ

10 ਸਾਲਾਂ ਵਿੱਚ ਨਵੀਂ ਰੁਜ਼ਗਾਰ ਉਤਪਤੀ ਵਿੱਚ ਇਤਿਹਾਸਕ 81% ਵਾਧਾ

ਖਾਦੀ ਗ੍ਰਾਮੋਦਯੋਗ ਭਵਨ ਨਵੀਂ ਦਿੱਲੀ ਦੇ ਕਾਰੋਬਾਰ ਵਿੱਚ 10 ਸਾਲਾਂ ਵਿੱਚ ਰਿਕਾਰਡ 87.23% ਵਾਧਾ

Posted On: 09 JUL 2024 6:27PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਸੂਖਮ, ਲਘੂ ਅਤੇ ਦਰਮਿਆਨੇ ਉਦਯੋਗ ਮੰਤਰਾਲੇ ਦੇ ਖਾਦੀ ਅਤੇ ਪੇਂਡੂ ਉਦਯੋਗ ਕਮਿਸ਼ਨ (ਕੇਵੀਆਈਸੀ) ਨੇ ਵਿੱਤੀ ਵਰ੍ਹੇ 2023-24 ਵਿੱਚ ਉਤਪਾਦਨ, ਵਿਕਰੀ ਅਤੇ ਨਵੇਂ ਰੁਜ਼ਗਾਰ ਪੈਦਾ ਕਰਨ ਵਿੱਚ ਇੱਕ ਨਵਾਂ ਰਿਕਾਰਡ ਕਾਇਮ ਕੀਤਾ ਹੈ। 

ਅੱਜ ਇੱਥੇ ਵਿੱਤੀ ਵਰ੍ਹੇ 2023-24 ਲਈ ਅਸਥਾਈ ਅੰਕੜੇ ਜਾਰੀ ਕਰਦੇ ਹੋਏ, ਕੇਵੀਆਈਸੀ ਦੇ ਚੇਅਰਮੈਨ ਸ਼੍ਰੀ ਮਨੋਜ ਕੁਮਾਰ ਨੇ ਕਿਹਾ ਕਿ ਪਿਛਲੇ ਸਾਰੇ ਅੰਕੜਿਆਂ ਨੂੰ ਪਛਾੜਦੇ ਹੋਏ, ਵਿੱਤੀ ਵਰ੍ਹੇ 2013-14 ਦੇ ਮੁਕਾਬਲੇ ਵਿਕਰੀ ਵਿੱਚ 399.69 ਫ਼ੀਸਦ (ਲਗਭਗ 400%), ਉਤਪਾਦਨ ਵਿੱਚ, 314.79 ਫ਼ੀਸਦ (ਲਗਭਗ 315%) ਅਤੇ 80.96 ਫ਼ੀਸਦ (ਲਗਭਗ 81%) ਨਵੇਂ ਰੁਜ਼ਗਾਰ ਪੈਦਾ ਕਰਨ ਵਿੱਚ ਵਾਧਾ ਹੋਇਆ ਹੈ। ਵਿੱਤੀ ਵਰ੍ਹੇ 2022-23 ਵਿੱਚ, 2013-14 ਦੇ ਮੁਕਾਬਲੇ ਵਿਕਰੀ ਵਿੱਚ 332.14%, ਉਤਪਾਦਨ ਵਿੱਚ 267.52% ਅਤੇ ਨਵੇਂ ਰੁਜ਼ਗਾਰ ਪੈਦਾ ਕਰਨ ਵਿੱਚ 69.75% ਦਾ ਵਾਧਾ ਹੋਇਆ ਹੈ।

ਸ਼੍ਰੀ ਕੁਮਾਰ ਨੇ ਕਿਹਾ, ਕੇਵੀਆਈਸੀ ਦੇ ਇਸ ਸ਼ਾਨਦਾਰ ਪ੍ਰਦਰਸ਼ਨ ਨੇ 2047 ਤੱਕ 'ਵਿਕਸਿਤ ਭਾਰਤ' ਦੇ ਵਿਜ਼ਨ ਨੂੰ ਸਾਕਾਰ ਕਰਨ ਅਤੇ ਭਾਰਤ ਨੂੰ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣਾਉਣ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ। ਉਨ੍ਹਾਂ ਕਿਹਾ, ਆਜ਼ਾਦ ਭਾਰਤ ਦੇ ਇਤਿਹਾਸ ਵਿੱਚ ਪਹਿਲੀ ਵਾਰ ਕੇਵੀਆਈਸੀ ਉਤਪਾਦਾਂ ਦੀ ਵਿਕਰੀ ਵਿੱਤੀ ਵਰ੍ਹੇ 2023-24 'ਚ 1.55 ਲੱਖ ਕਰੋੜ ਰੁਪਏ ਨੂੰ ਪਾਰ ਕਰ ਗਈ ਹੈ। ਵਿੱਤੀ ਸਾਲ 2022-23 'ਚ ਵਿਕਰੀ ਦਾ ਅੰਕੜਾ 1.34 ਲੱਖ ਕਰੋੜ ਰੁਪਏ ਸੀ। 'ਮੋਦੀ ਸਰਕਾਰ' ਦੇ ਪਿਛਲੇ ਦਸ ਵਿੱਤੀ ਵਰ੍ਹਿਆਂ ਵਿੱਚ, ਪੇਂਡੂ ਖੇਤਰਾਂ ਵਿੱਚ ਕਾਰੀਗਰਾਂ ਦੁਆਰਾ ਬਣਾਏ ਸਵਦੇਸ਼ੀ ਖਾਦੀ ਅਤੇ ਪੇਂਡੂ ਉਦਯੋਗ ਉਤਪਾਦਾਂ ਦੀ ਵਿਕਰੀ, ਜੋ ਕਿ ਵਿੱਤੀ ਵਰ੍ਹੇ 2013-14 ਵਿੱਚ 31154.20 ਕਰੋੜ ਰੁਪਏ ਸੀ, ਵਿੱਤੀ ਸਾਲ 2023-24 ਵਿੱਚ ਵੱਧ ਕੇ 155673.12 ਕਰੋੜ ਰੁਪਏ ਦੇ ਉੱਚ ਪੱਧਰ ਤੱਕ ਪਹੁੰਚ ਗਏ ਹਨ, ਜੋ ਹੁਣ ਤੱਕ ਦੀ ਸਭ ਤੋਂ ਵੱਡੀ ਪ੍ਰਾਪਤੀ ਹੈ। ਵਿੱਤੀ ਵਰ੍ਹੇ 2023-24 ਵਿੱਚ, ਕੇਵੀਆਈਸੀ ਦੇ ਯਤਨਾਂ ਨੇ ਪੇਂਡੂ ਖੇਤਰਾਂ ਵਿੱਚ 10.17 ਲੱਖ ਨਵੀਆਂ ਨੌਕਰੀਆਂ ਪੈਦਾ ਕੀਤੀਆਂ ਹਨ, ਜਿਸ ਨਾਲ ਪੇਂਡੂ ਭਾਰਤ ਦੀ ਆਰਥਿਕਤਾ ਮਜ਼ਬੂਤ ​​ਹੋਈ ਹੈ।

ਕੇਵੀਆਈਸੀ ਚੇਅਰਮੈਨ ਨੇ ਇਸ ਇਤਿਹਾਸਕ ਪ੍ਰਾਪਤੀ ਦਾ ਸਿਹਰਾ ਸਤਿਕਾਰਯੋਗ ਬਾਪੂ ਦੀ ਪ੍ਰੇਰਨਾ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਗਾਰੰਟੀ ਅਤੇ ਦੇਸ਼ ਦੇ ਦੂਰ-ਦੁਰਾਡੇ ਪਿੰਡਾਂ ਵਿੱਚ ਕੰਮ ਕਰ ਰਹੇ ਕਰੋੜਾਂ ਕਾਰੀਗਰਾਂ ਦੇ ਅਣਥੱਕ ਯਤਨਾਂ ਨੂੰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਵੱਲੋਂ ਖਾਦੀ ਨੂੰ ਸਮਰਥਨ ਦੇਣ ਨਾਲ ਲੋਕਾਂ ਦਾ ਖਾਦੀ ਉਤਪਾਦਾਂ ਵਿੱਚ ਵਿਸ਼ਵਾਸ ਵਧਿਆ ਹੈ। ਖਾਦੀ ਨੌਜਵਾਨਾਂ ਲਈ ਫੈਸ਼ਨ ਦਾ 'ਨਵਾਂ ਹੈਸੀਅਤ ਪ੍ਰਤੀਕ' ਬਣ ਗਿਆ ਹੈ। ਖਾਦੀ ਅਤੇ ਪੇਂਡੂ ਉਦਯੋਗ ਦੇ ਉਤਪਾਦਾਂ ਦੀ ਮੰਗ ਮਾਰਕੀਟ ਵਿੱਚ ਤੇਜ਼ੀ ਨਾਲ ਵੱਧ ਰਹੀ ਹੈ, ਜੋ ਕਿ ਉਤਪਾਦਨ, ਵਿਕਰੀ ਅਤੇ ਰੁਜ਼ਗਾਰ ਦੇ ਅੰਕੜਿਆਂ ਤੋਂ ਝਲਕਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਖਾਦੀ ਅਤੇ ਪੇਂਡੂ ਉਦਯੋਗਾਂ ਦਾ ਉਤਪਾਦਨ ਵਧਾਉਣ ਲਈ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਰਹਿਨੁਮਾਈ ਹੇਠ ਪਿਛਲੇ ਦਸ ਸਾਲਾਂ ਵਿੱਚ ਵੱਡੀਆਂ ਤਬਦੀਲੀਆਂ ਅਤੇ ਫੈਸਲੇ ਲਏ ਗਏ ਹਨ, ਜਿਸ ਦੇ ਹਾਂ ਪੱਖੀ ਨਤੀਜੇ ਸਾਹਮਣੇ ਆ ਰਹੇ ਹਨ। ਉਨ੍ਹਾਂ ਅੱਗੇ ਕਿਹਾ ਕਿ ਇਹ ਅੰਕੜੇ ਇਸ ਗੱਲ ਦਾ ਸਬੂਤ ਹਨ ਕਿ ਦੇਸ਼ ਦੇ ਲੋਕਾਂ ਦਾ ‘ਮੇਕ ਇਨ ਇੰਡੀਆ’, ‘ਵੋਕਲ ਫਾਰ ਲੋਕਲ’ ਅਤੇ ‘ਸਵਦੇਸ਼ੀ ਉਤਪਾਦਾਂ’ ਵਿੱਚ ਭਰੋਸਾ ਵਧਿਆ ਹੈ।

ਖਾਦੀ ਅਤੇ ਪੇਂਡੂ ਉਦਯੋਗ ਉਤਪਾਦਾਂ ਦਾ ਉਤਪਾਦਨ, ਜੋ ਵਿੱਤੀ ਵਰ੍ਹੇ 2013-14 ਵਿੱਚ 26,109.08 ਕਰੋੜ ਰੁਪਏ ਸੀ, ਵਿੱਤੀ ਵਰ੍ਹੇ 2023-24 ਵਿੱਚ 314.79 ਫ਼ੀਸਦ ਦੇ ਉਛਾਲ ਨਾਲ 108,297.68 ਕਰੋੜ ਰੁਪਏ ਤੱਕ ਪਹੁੰਚ ਗਿਆ, ਜਦੋਂ ਕਿ ਵਿੱਤੀ ਵਰ੍ਹੇ 2022- ਵਿੱਚ ਉਤਪਾਦਨ 95956.67 ਕਰੋੜ ਰੁਪਏ ਸੀ। ਇਹ ਲਗਾਤਾਰ ਵਧਦਾ ਉਤਪਾਦਨ ਇਸ ਗੱਲ ਦਾ ਪੱਕਾ ਸਬੂਤ ਹੈ ਕਿ ਖਾਦੀ ਅਤੇ ਪੇਂਡੂ ਉਦਯੋਗ ਕਮਿਸ਼ਨ ਨੇ ਪੇਂਡੂ ਖੇਤਰਾਂ ਵਿੱਚ ਇਤਿਹਾਸਕ ਕੰਮ ਕੀਤਾ ਹੈ।

ਪਿਛਲੇ 10 ਵਿੱਤੀ ਵਰਿਆਂ ਵਿੱਚ, ਖਾਦੀ ਅਤੇ ਪੇਂਡੂ ਉਦਯੋਗ ਉਤਪਾਦਾਂ ਨੇ ਹਰ ਸਾਲ ਵਿਕਰੀ ਦੇ ਨਵੇਂ ਰਿਕਾਰਡ ਕਾਇਮ ਕੀਤੇ ਹਨ। ਜਦੋਂ ਕਿ ਵਿੱਤੀ ਵਰ੍ਹੇ 2013-14 ਵਿੱਚ ਵਿਕਰੀ 31,154.20 ਕਰੋੜ ਰੁਪਏ ਸੀ, ਉਹ ਵਿੱਤੀ ਵਰ੍ਹੇ 2023-24 ਵਿੱਚ 399.69 ਫੀਸਦੀ ਦੇ ਬੇਮਿਸਾਲ ਵਾਧੇ ਨਾਲ 1,55,673.12 ਕਰੋੜ ਰੁਪਏ ਤੱਕ ਪਹੁੰਚ ਗਈ, ਜੋ ਹੁਣ ਤੱਕ ਦੀ ਸਭ ਤੋਂ ਵੱਧ ਵਿਕਰੀ ਹੈ।

ਪਿਛਲੇ ਦਸ ਸਾਲਾਂ ਵਿੱਚ ਖਾਦੀ ਫੈਬਰਿਕ ਦੇ ਉਤਪਾਦਨ ਵਿੱਚ ਵੀ ਬੇਮਿਸਾਲ ਵਾਧਾ ਹੋਇਆ ਹੈ। ਜਦੋਂ ਕਿ ਵਿੱਤੀ ਵਰ੍ਹੇ 2013-14 ਵਿੱਚ ਖਾਦੀ ਫੈਬਰਿਕ ਦਾ ਉਤਪਾਦਨ 811.08 ਕਰੋੜ ਰੁਪਏ ਸੀ, ਇਹ ਵਿੱਤੀ ਵਰ੍ਹੇ 2023-24 ਵਿੱਚ 295.28 ਫ਼ੀਸਦ ਦੇ ਉਛਾਲ ਨਾਲ 3,206 ਕਰੋੜ ਰੁਪਏ ਤੱਕ ਪਹੁੰਚ ਗਿਆ, ਜੋ ਹੁਣ ਤੱਕ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਹੈ। ਵਿੱਤੀ ਵਰ੍ਹੇ 2022-23 ਵਿੱਚ ਖਾਦੀ ਫੈਬਰਿਕ ਦਾ ਉਤਪਾਦਨ 2915.83 ਕਰੋੜ ਰੁਪਏ ਸੀ।

ਖਾਦੀ ਕੱਪੜਿਆਂ ਦੀ ਮੰਗ ਵੀ ਪਿਛਲੇ ਦਸ ਵਿੱਤੀ ਵਰਿਆਂ ਵਿੱਚ ਤੇਜ਼ੀ ਨਾਲ ਵਧੀ ਹੈ। ਜਦੋਂ ਕਿ ਵਿੱਤੀ ਵਰ੍ਹੇ 2013-14 ਵਿੱਚ ਇਸਦੀ ਵਿਕਰੀ ਸਿਰਫ 1,081.04 ਕਰੋੜ ਰੁਪਏ ਸੀ, ਇਹ ਵਿੱਤੀ ਸਾਲ 2023-24 ਵਿੱਚ 500.90 ਫੀਸਦੀ ਦੇ ਵਾਧੇ ਨਾਲ 6,496 ਕਰੋੜ ਰੁਪਏ ਤੱਕ ਪਹੁੰਚ ਗਈ। ਵਿੱਤੀ ਵਰ੍ਹੇ 2022-23 'ਚ 5,942.93 ਕਰੋੜ ਰੁਪਏ ਦੇ ਖਾਦੀ ਕੱਪੜੇ ਦੀ ਵਿਕਰੀ ਹੋਈ। ਵੱਡੇ ਪਲੇਟਫਾਰਮਾਂ ਤੋਂ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਖਾਦੀ ਦੇ ਪ੍ਰਚਾਰ ਦਾ ਖਾਦੀ ਕੱਪੜੇ ਦੀ ਵਿਕਰੀ 'ਤੇ ਵਿਆਪਕ ਪ੍ਰਭਾਵ ਪਿਆ ਹੈ। ਪਿਛਲੇ ਸਾਲ ਦੇਸ਼ ਵਿੱਚ ਹੋਏ ਜੀ-20 ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਨੇ ਜਿਸ ਤਰ੍ਹਾਂ ਖਾਦੀ ਨੂੰ ਉਤਸ਼ਾਹਿਤ ਕੀਤਾ, ਉਸ ਨੇ ਵਿਸ਼ਵ ਭਾਈਚਾਰੇ ਨੂੰ ਖਾਦੀ ਵੱਲ ਖਿੱਚਿਆ ਹੈ।

ਖਾਦੀ ਅਤੇ ਪੇਂਡੂ ਉਦਯੋਗ ਕਮਿਸ਼ਨ ਦਾ ਮੁੱਖ ਉਦੇਸ਼ ਪੇਂਡੂ ਖੇਤਰਾਂ ਵਿੱਚ ਵੱਧ ਤੋਂ ਵੱਧ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨਾ ਹੈ। ਕੇਵੀਆਈਸੀ ਨੇ ਪਿਛਲੇ ਦਸ ਸਾਲਾਂ ਵਿੱਚ ਇਸ ਖੇਤਰ ਵਿੱਚ ਇੱਕ ਰਿਕਾਰਡ ਵੀ ਕਾਇਮ ਕੀਤਾ ਹੈ। ਵਿੱਤੀ ਵਰ੍ਹੇ 2013-14 ਵਿੱਚ ਜਿੱਥੇ ਸੰਚਤ ਰੁਜ਼ਗਾਰ 1.30 ਕਰੋੜ ਸੀ, ਉਹ 43.65 ਫੀਸਦੀ ਦੇ ਵਾਧੇ ਨਾਲ 2023-24 ਵਿੱਚ 1.87 ਕਰੋੜ ਤੱਕ ਪਹੁੰਚ ਗਿਆ। ਇਸੇ ਤਰ੍ਹਾਂ, ਜਿੱਥੇ ਵਿੱਤੀ ਵਰ੍ਹੇ 2013-14 ਵਿੱਚ 5.62 ਲੱਖ ਨਵੀਆਂ ਨੌਕਰੀਆਂ ਪੈਦਾ ਹੋਈਆਂ ਸਨ, ਉਹ ਵਿੱਤੀ ਵਰ੍ਹੇ 2023-24 ਵਿੱਚ 80.96 ਫੀਸਦੀ ਦੇ ਵਾਧੇ ਨਾਲ 10.17 ਲੱਖ ਤੱਕ ਪਹੁੰਚ ਗਈਆਂ। 4.98 ਲੱਖ ਪੇਂਡੂ ਖਾਦੀ ਕਾਰੀਗਰ (ਕੱਤਣ ਵਾਲੇ ਅਤੇ ਜੁਲਾਹੇ) ਅਤੇ ਕਾਮੇ ਵੀ ਖਾਦੀ ਕੱਪੜਾ ਬਣਾਉਣ ਵਿੱਚ ਕੰਮ ਕਰਦੇ ਹਨ।

ਖਾਦੀ ਅਤੇ ਗ੍ਰਾਮੋਦਯੋਗ ਭਵਨ, ਨਵੀਂ ਦਿੱਲੀ ਦੇ ਕਾਰੋਬਾਰ ਵਿੱਚ ਵੀ ਪਿਛਲੇ ਦਸ ਸਾਲਾਂ ਵਿੱਚ ਬੇਮਿਸਾਲ ਵਾਧਾ ਹੋਇਆ ਹੈ। ਜਿੱਥੇ ਵਿੱਤੀ ਵਰ੍ਹੇ 2013-14 'ਚ ਇੱਥੇ ਕਾਰੋਬਾਰ 51.13 ਕਰੋੜ ਰੁਪਏ ਸੀ, ਉਹ ਵਿੱਤੀ ਵਰ੍ਹੇ 2023-24 'ਚ 87.23 ਫੀਸਦੀ ਵਧ ਕੇ 95.74 ਕਰੋੜ ਰੁਪਏ ਹੋ ਗਿਆ। ਵਿੱਤੀ ਵਰ੍ਹੇ 2022-23 ਵਿੱਚ ਖਾਦੀ ਗ੍ਰਾਮੋਦਯੋਗ ਭਵਨ ਨਵੀਂ ਦਿੱਲੀ ਦਾ ਕਾਰੋਬਾਰ 83.13 ਕਰੋੜ ਰੁਪਏ ਸੀ।

****

ਐੱਮਜੇਪੀਐੱਸ/ਐੱਨਐੱਸਕੇ 



(Release ID: 2032754) Visitor Counter : 8