ਪ੍ਰਧਾਨ ਮੰਤਰੀ ਦਫਤਰ

ਮਨ ਕੀ ਬਾਤ ਦੀ 111ਵੀਂ ਕੜੀ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ (30.06.2024)

Posted On: 30 JUN 2024 11:45AM by PIB Chandigarh

ਮੇਰੇ ਪਿਆਰੇ ਦੇਸ਼ਵਾਸੀਓ ਨਮਸਕਾਰ! ਅੱਜ ਉਹ ਦਿਨ ਆ ਹੀ ਗਿਆ, ਜਿਸ ਦੀ ਅਸੀਂ ਫਰਵਰੀ ਤੋਂ ਉਡੀਕ ਕਰ ਰਹੇ ਸੀ। ਮੈਂ ‘ਮਨ ਕੀ ਬਾਤ’ ਦੇ ਜ਼ਰੀਏ ਇੱਕ ਵਾਰ ਫਿਰ ਤੁਹਾਡੇ ਵਿਚਕਾਰ ਆਪਣੇ ਪਰਿਵਾਰਜਨਾਂ ਦੇ ਵਿਚਕਾਰ ਆਇਆ ਹਾਂ। ਇੱਕ ਬੜੀ ਪਿਆਰੀ ਜਿਹੀ ਕਹਾਵਤ ਹੈ - ‘ਇਤੀ ਵਿਦਾ ਪੁਨਰਮਿਲਨਾਏ’ (‘इति विदा पुनर्मिलनाय’) ਇਸ ਦਾ ਅਰਥ ਵੀ ਓਨਾ ਹੀ ਪਿਆਰਾ ਹੈ, ਮੈਂ ਵਿਦਾ ਲੈਂਦਾ ਹਾਂ, ਫਿਰ ਮਿਲਣ ਵਾਸਤੇ। ਇਸੇ ਭਾਵ ਨਾਲ ਮੈਂ ਫਰਵਰੀ ’ਚ ਤੁਹਾਨੂੰ ਕਿਹਾ ਸੀ ਕਿ ਚੋਣ ਨਤੀਜਿਆਂ ਤੋਂ ਬਾਅਦ ਫਿਰ ਮਿਲਾਂਗਾ ਤੇ ਅੱਜ ‘ਮਨ ਕੀ ਬਾਤ’ ਦੇ ਨਾਲ ਮੈਂ ਤੁਹਾਡੇ ਦਰਮਿਆਨ ਫਿਰ ਹਾਜ਼ਰ ਹਾਂ। ਉਮੀਦ ਹੈ ਤੁਸੀਂ ਸਾਰੇ ਚੰਗੇ ਹੋਵੋਗੇ, ਘਰ ’ਚ ਸਭ ਦੀ ਸਿਹਤ ਚੰਗੀ ਹੋਵੇਗੀ ਅਤੇ ਹੁਣ ਤਾਂ ਮੌਨਸੂਨ ਵੀ ਆ ਗਿਆ ਹੈ ਅਤੇ ਜਦੋਂ ਮੌਨਸੂਨ ਆਉਂਦਾ ਹੈ ਤਾਂ ਮਨ ਵੀ ਖੁਸ਼ ਹੋ ਜਾਂਦਾ ਹੈ। ਅੱਜ ਤੋਂ ਫਿਰ ਇੱਕ ਵਾਰ ਅਸੀਂ ‘ਮਨ ਕੀ ਬਾਤ’ ’ਚ ਅਜਿਹੇ ਦੇਸ਼ਵਾਸੀਆਂ ਦੀ ਚਰਚਾ ਕਰਾਂਗੇ ਜੋ ਆਪਣੇ ਕੰਮਾਂ ਨਾਲ ਸਮਾਜ ਵਿੱਚ, ਦੇਸ਼ ਵਿੱਚ ਬਦਲਾਅ ਲਿਆ ਰਹੇ ਹਨ। ਅਸੀਂ ਚਰਚਾ ਕਰਾਂਗੇ, ਸਾਡੇ ਖੁਸ਼ਹਾਲ ਸੱਭਿਆਚਾਰ ਦੀ, ਗੌਰਵਸ਼ਾਲੀ ਇਤਿਹਾਸ ਦੀ ਅਤੇ ਵਿਕਸਿਤ ਭਾਰਤ ਦੇ ਯਤਨਾਂ ਦੀ। 

ਸਾਥੀਓ, ਫਰਵਰੀ ਤੋਂ ਲੈ ਕੇ ਹੁਣ ਤੱਕ ਜਦੋਂ ਵੀ ਮਹੀਨੇ ਦਾ ਆਖਰੀ ਐਤਵਾਰ ਆਉਣ ਵਾਲਾ ਹੁੰਦਾ ਸੀ, ਉਦੋਂ ਮੈਨੂੰ ਤੁਹਾਡੇ ਨਾਲ ਇਸ ਸੰਵਾਦ ਦੀ ਬਹੁਤ ਕਮੀ ਮਹਿਸੂਸ ਹੁੰਦੀ ਸੀ ਪਰ ਮੈਨੂੰ ਇਹ ਦੇਖ ਕੇ ਬਹੁਤ ਚੰਗਾ ਵੀ ਲਗਿਆ ਕਿ ਇਨ੍ਹਾਂ ਮਹੀਨਿਆਂ ’ਚ ਤੁਸੀਂ ਮੈਨੂੰ ਲੱਖਾਂ ਸੁਨੇਹੇ ਭੇਜੇ। ‘ਮਨ ਕੀ ਬਾਤ’ ਰੇਡੀਓ ਪ੍ਰੋਗਰਾਮ ਭਾਵੇਂ ਕੁਝ ਮਹੀਨੇ ਬੰਦ ਰਿਹਾ ਹੋਵੇ ਪਰ ‘ਮਨ ਕੀ ਬਾਤ’ ਦੀ ਜੋ ਭਾਵਨਾ ਹੈ ਦੇਸ਼ ’ਚ, ਸਮਾਜ ’ਚ, ਹਰ ਦਿਨ ਚੰਗੇ ਕੰਮ, ਨਿਰਸੁਆਰਥ ਭਾਵਨਾ ਨਾਲ ਕੀਤੇ ਗਏ ਕੰਮ, ਸਮਾਜ ’ਤੇ Positive ਅਸਰ ਪਾਉਣ ਵਾਲੇ ਕੰਮ ਲਗਾਤਾਰ ਚਲਦੇ ਰਹੇ। ਚੋਣਾਂ ਦੀਆਂ ਖ਼ਬਰਾਂ ਦੇ ਦਰਮਿਆਨ ਯਕੀਨੀ ਤੌਰ ’ਤੇ ਮਨ ਨੂੰ ਛੋਹ ਜਾਣ ਵਾਲੀਆਂ ਅਜਿਹੀਆਂ ਖ਼ਬਰਾਂ ’ਤੇ ਤੁਹਾਡਾ ਧਿਆਨ ਗਿਆ ਹੋਵੇਗਾ। 

ਸਾਥੀਓ, ਮੈਂ ਅੱਜ ਦੇਸ਼ਵਾਸੀਆਂ ਦਾ ਧੰਨਵਾਦ ਵੀ ਕਰਦਾ ਹਾਂ ਕਿ ਉਨ੍ਹਾਂ ਨੇ ਸਾਡੇ ਸੰਵਿਧਾਨ ਅਤੇ ਦੇਸ਼ ਦੀਆਂ ਲੋਕਤਾਂਤਰਿਕ ਵਿਵਸਥਾਵਾਂ ’ਤੇ ਆਪਣਾ ਅਟੁੱਟ ਵਿਸ਼ਵਾਸ ਦੁਹਰਾਇਆ ਹੈ। 24 ਦੀਆਂ ਚੋਣਾਂ ਦੁਨੀਆ ਦੀਆਂ ਸਭ ਤੋਂ ਵੱਡੀਆਂ ਚੋਣਾਂ ਸਨ। ਦੁਨੀਆ ਦੇ ਕਿਸੇ ਵੀ ਦੇਸ਼ ’ਚ ਇੰਨੀਆਂ ਵੱਡੀਆਂ ਚੋਣਾਂ ਕਦੇ ਨਹੀਂ ਹੋਈਆਂ, ਜਿਸ ’ਚ 65 ਕਰੋੜ ਲੋਕਾਂ ਨੇ ਵੋਟਾਂ ਪਾਈਆਂ ਹਨ। ਮੈਂ ਚੋਣ ਕਮਿਸ਼ਨ ਅਤੇ ਵੋਟਾਂ ਦੀ ਪ੍ਰਕਿਰਿਆ ਨਾਲ ਜੁੜੇ ਹਰ ਵਿਅਕਤੀ ਨੂੰ ਇਸ ਦੇ ਲਈ ਵਧਾਈ ਦਿੰਦਾ ਹਾਂ। 

ਮੇਰੇ ਪਿਆਰੇ ਦੇਸ਼ਵਾਸੀਓ, ਅੱਜ 30 ਜੂਨ ਦਾ ਇਹ ਦਿਨ ਬਹੁਤ ਹੀ ਮਹੱਤਵਪੂਰਨ ਹੈ। ਇਸ ਦਿਨ ਨੂੰ ਸਾਡੇ ਆਦਿਵਾਸੀ ਭੈਣ-ਭਰਾ ‘ਹੂਲ ਦਿਵਸ’ ਦੇ ਰੂਪ ਵਿੱਚ ਮਨਾਉਂਦੇ ਹਨ। ਇਹ ਦਿਨ ਵੀਰ ਸਿੱਧੋ-ਕਾਨਹੂ ਦੇ ਅਥਾਹ ਸਾਹਸ ਨਾਲ ਜੁੜਿਆ ਹੈ, ਜਿਨ੍ਹਾਂ ਨੇ ਵਿਦੇਸ਼ੀ ਸ਼ਾਸਕਾਂ ਦੇ ਅੱਤਿਆਚਾਰ ਦਾ ਪੁਰਜ਼ੋਰ ਵਿਰੋਧ ਕੀਤਾ ਸੀ। ਵੀਰ ਸਿੱਧੋ-ਕਾਹਨੂ ਨੇ ਹਜ਼ਾਰਾਂ ਸੰਥਾਲੀ ਸਾਥੀਆਂ ਨੂੰ ਇਕਜੁੱਟ ਕਰਕੇ ਅੰਗ੍ਰੇਜ਼ਾਂ ਦਾ ਜੀ-ਜਾਨ ਨਾਲ ਮੁਕਾਬਲਾ ਕੀਤਾ ਅਤੇ ਜਾਣਦੇ ਹੋ ਇਹ ਕਦੋਂ ਹੋਇਆ ਸੀ? ਇਹ ਹੋਇਆ ਸੀ 1855 ’ਚ, ਯਾਨੀ ਇਹ 1857 ’ਚ ਭਾਰਤ ਦੀ ਪਹਿਲੀ ਆਜ਼ਾਦੀ ਦੀ ਲੜਾਈ ਤੋਂ ਵੀ 2 ਸਾਲ ਪਹਿਲਾਂ ਹੋਇਆ ਸੀ, ਉਦੋਂ ਝਾਰਖੰਡ ਦੇ ਸੰਥਾਲ ਪਰਗਨਾ ’ਚ ਸਾਡੇ ਆਦਿਵਾਸੀ ਭੈਣਾਂ-ਭਰਾਵਾਂ ਨੇ ਵਿਦੇਸ਼ੀ ਸ਼ਾਸਕਾਂ ਦੇ ਖ਼ਿਲਾਫ਼ ਹਥਿਆਰ ਚੁੱਕ ਲਏ ਸਨ। ਸਾਡੇ ਸੰਥਾਲੀ ਭਰਾ-ਭੈਣਾਂ ’ਤੇ ਅੰਗ੍ਰੇਜ਼ਾਂ ਨੇ ਬਹੁਤ ਸਾਰੇ ਅੱਤਿਆਚਾਰ ਕੀਤੇ ਸਨ, ਉਨ੍ਹਾਂ ’ਤੇ ਕਈ ਤਰ੍ਹਾਂ ਦੀ ਰੋਕ ਵੀ ਲਗਾ ਦਿੱਤੀ ਸੀ। ਇਸ ਸੰਘਰਸ਼ ’ਚ ਸ਼ਾਨਦਾਰ ਬਹਾਦਰੀ ਵਿਖਾਉਂਦੇ ਹੋਏ ਵੀਰ ਸਿੱਧੋ ਅਤੇ ਕਾਨਹੂ ਸ਼ਹੀਦ ਹੋ ਗਏ। ਝਾਰਖੰਡ ਦੀ ਧਰਤੀ ਦੇ ਇਨ੍ਹਾਂ ਅਮਰ ਸਪੂਤਾਂ ਦੀ ਕੁਰਬਾਨੀ ਅੱਜ ਵੀ ਦੇਸ਼ਵਾਸੀਆਂ ਨੂੰ ਪ੍ਰੇਰਿਤ ਕਰਦੀ ਹੈ। ਆਓ ਸੁਣਦੇ ਹਾਂ ਸੰਥਾਲੀ ਭਾਸ਼ਾ ’ਚ ਇਨ੍ਹਾਂ ਨੂੰ ਸਮਰਪਿਤ ਇੱਕ ਗੀਤ ਦਾ ਅੰਸ਼ :

#Audio Clip# 

ਮੇਰੇ ਪਿਆਰੇ ਸਾਥੀਓ, ਜੇ ਮੈਂ ਤੁਹਾਨੂੰ ਪੁੱਛਾਂ ਕਿ ਦੁਨੀਆ ਦਾ ਸਭ ਤੋਂ ਅਨਮੋਲ ਰਿਸ਼ਤਾ ਕਿਹੜਾ ਹੁੰਦਾ ਹੈ ਤਾਂ ਤੁਸੀਂ ਜ਼ਰੂਰ ਕਹੋਗੇ ਕਿ ਮਾਂ। ਸਾਡੇ ਸਾਰਿਆਂ ਦੇ ਜੀਵਨ ’ਚ ਮਾਂ ਦਾ ਦਰਜਾ ਸਭ ਤੋਂ ਉੱਚਾ ਹੁੰਦਾ ਹੈ। ਮਾਂ ਹਰ ਦੁਖ ਸਹਿ ਕੇ ਵੀ ਆਪਣੇ ਬੱਚੇ ਦਾ ਪਾਲਣ-ਪੋਸ਼ਣ ਕਰਦੀ ਹੈ। ਹਰ ਮਾਂ ਆਪਣੇ ਬੱਚੇ ’ਤੇ ਹਰ ਤਰ੍ਹਾਂ ਦਾ ਪਿਆਰ ਲੁਟਾਉਂਦੀ ਹੈ। ਜਨਮਦਾਤੀ ਮਾਂ ਦਾ ਇਹ ਪਿਆਰ ਸਾਡੇ ਸਾਰਿਆਂ ’ਤੇ ਇੱਕ ਕਰਜ਼ੇ ਵਾਂਗ ਹੁੰਦਾ ਹੈ, ਜਿਸ ਨੂੰ ਕੋਈ ਨਹੀਂ ਚੁਕਾ ਸਕਦਾ। ਮੈਂ ਸੋਚ ਰਿਹਾ ਸੀ, ਅਸੀਂ ਮਾਂ ਨੂੰ ਕੁਝ ਦੇ ਤਾਂ ਸਕਦੇ ਨਹੀਂ ਪਰ ਕੀ ਹੋਰ ਕੁਝ ਕਰ ਸਕਦੇ ਹਾਂ? ਇਸੇ ਸੋਚ ਵਿੱਚੋਂ ਇਸ ਸਾਲ ਵਿਸ਼ਵ ਵਾਤਾਵਰਣ ਦਿਹਾੜੇ ’ਤੇ ਇੱਕ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ ਹੈ, ਇਸ ਮੁਹਿੰਮ ਦਾ ਨਾਮ ਹੈ - ‘ਏਕ ਪੇੜ ਮਾਂ ਕੇ ਨਾਮ’ (‘Ek Ped Maa Ke Naam’)। ਮੈਂ ਵੀ ਇੱਕ ਪੇੜ (ਦਰੱਖਤ) ਆਪਣੀ ਮਾਂ ਦੇ ਨਾਮ ਦਾ ਲਗਾਇਆ ਹੈ। ਮੈਂ ਸਾਰੇ ਦੇਸ਼ਵਾਸੀਆਂ ਨੂੰ, ਦੁਨੀਆ ਦੇ ਸਾਰੇ ਦੇਸ਼ਾਂ ਦੇ ਲੋਕਾਂ ਨੂੰ ਇਹ ਅਪੀਲ ਕੀਤੀ ਹੈ ਕਿ ਆਪਣੀ ਮਾਂ ਦੇ ਨਾਲ ਮਿਲ ਕੇ, ਜਾਂ ਉਨ੍ਹਾਂ ਦੇ ਨਾਮ ’ਤੇ ਇੱਕ ਪੇੜ (ਦਰੱਖਤ) ਜ਼ਰੂਰ ਲਾਉਣ। ਮੈਨੂੰ ਇਹ ਦੇਖ ਕੇ ਬਹੁਤ ਖੁਸ਼ੀ ਹੈ ਕਿ ਮਾਂ ਦੀ ਯਾਦ ’ਚ ਜਾਂ ਉਨ੍ਹਾਂ ਦੇ ਸਨਮਾਨ ’ਚ ਪੇੜ (ਦਰੱਖਤ) ਲਗਾਉਣ ਦੀ ਮੁਹਿੰਮ ਤੇਜ਼ੀ ਨਾਲ ਅੱਗੇ ਵਧ ਰਹੀ ਹੈ। ਲੋਕ ਆਪਣੀ ਮਾਂ ਦੇ ਨਾਲ ਜਾਂ ਫਿਰ ਉਨ੍ਹਾਂ ਦੀ ਫੋਟੋ ਦੇ ਨਾਲ ਦਰੱਖਤ ਲਾਉਣ ਦੀਆਂ ਤਸਵੀਰਾਂ ਨੂੰ ਸੋਸ਼ਲ ਮੀਡੀਆ ’ਤੇ ਸਾਂਝਾ ਕਰ ਰਹੇ ਹਨ। ਹਰ ਕੋਈ ਆਪਣੀ ਮਾਂ ਲਈ ਪੇੜ (ਦਰੱਖਤ) ਲਗਾ ਰਿਹਾ ਹੈ - ਚਾਹੇ ਉਹ ਅਮੀਰ ਹੋਵੇ ਜਾਂ ਗ਼ਰੀਬ, ਚਾਹੇ ਉਹ ਕੰਮਕਾਜੀ ਔਰਤ ਹੋਵੇ ਜਾਂ ਘਰੇਲੂ ਮਹਿਲਾ। ਇਸ ਮੁਹਿੰਮ ਨੇ ਸਭ ਨੂੰ ਮਾਂ ਦੇ ਪ੍ਰਤੀ ਆਪਣਾ ਸਨੇਹ ਜਤਾਉਣ ਦਾ ਬਰਾਬਰ ਮੌਕਾ ਦਿੱਤਾ ਹੈ। ਉਹ ਆਪਣੀਆਂ ਤਸਵੀਰਾਂ ਨੂੰ #Plant4Mother ਅਤੇ # ਏਕ ਪੇੜ ਮਾਂ ਕੇ ਨਾਮ - ਇਸ ਦੇ ਨਾਲ ਸਾਂਝਾ ਕਰਕੇ ਦੂਸਰਿਆਂ ਨੂੰ ਪ੍ਰੇਰਿਤ ਕਰ ਰਹੇ ਹਨ। 

ਸਾਥੀਓ, ਇਸ ਮੁਹਿੰਮ ਦਾ ਇੱਕ ਹੋਰ ਲਾਭ ਹੋਵੇਗਾ, ਧਰਤੀ ਵੀ ਮਾਂ ਵਾਂਗ ਸਾਡਾ ਧਿਆਨ ਰੱਖਦੀ ਹੈ। ਧਰਤੀ ਮਾਂ ਹੀ ਸਾਡੇ ਸਾਰਿਆਂ ਦੇ ਜੀਵਨ ਦਾ ਅਧਾਰ ਹੈ, ਇਸ ਲਈ ਸਾਡਾ ਵੀ ਫਰਜ਼ ਹੈ ਕਿ ਅਸੀਂ ਧਰਤੀ ਮਾਂ ਦਾ ਖਿਆਲ ਰੱਖੀਏ। ਮਾਂ ਦੇ ਨਾਂ ਦਰੱਖਤ (ਮਾਂ ਕੇ ਨਾਮ ਪੇੜ) ਲਗਾਉਣ ਦੀ ਮੁਹਿੰਮ ਨਾਲ ਆਪਣੀ ਮਾਂ ਦਾ ਸਨਮਾਨ ਤਾਂ ਹੋਵੇਗਾ ਹੀ ਹੋਵੇਗਾ, ਧਰਤੀ ਮਾਂ ਦੀ ਰੱਖਿਆ ਵੀ ਹੋਵੇਗੀ। ਪਿਛਲੇ ਇੱਕ ਦਹਾਕੇ ’ਚ ਭਾਰਤ ਵਿੱਚ ਸਾਰਿਆਂ ਦੀਆਂ ਕੋਸ਼ਿਸ਼ਾਂ ਨਾਲ ਜੰਗਲੀ ਖੇਤਰ ਦਾ ਬੇਮਿਸਾਲ ਵਿਸਥਾਰ ਹੋਇਆ ਹੈ। ਅੰਮ੍ਰਿਤ ਮਹੋਤਸਵ (Amrit Mahotsav) ਦੇ ਦੌਰਾਨ, ਦੇਸ਼ ਭਰ ’ਚ 60 ਹਜ਼ਾਰ ਤੋਂ ਜ਼ਿਆਦਾ ਅੰਮ੍ਰਿਤ ਸਰੋਵਰ ਵੀ ਬਣਾਏ ਗਏ ਹਨ। ਹੁਣ ਅਸੀਂ ਏਦਾਂ ਹੀ ਮਾਂ ਦੇ ਨਾਂ ’ਤੇ ਦਰੱਖਤ (ਮਾਂ ਕੇ ਨਾਮ ਪੇੜ) ਲਗਾਉਣ ਦੀ ਮੁਹਿੰਮ ਨੂੰ ਰਫ਼ਤਾਰ ਦੇਣੀ ਹੈ।  

ਮੇਰੇ ਪਿਆਰੇ ਦੇਸ਼ਵਾਸੀਓ, ਦੇਸ਼ ਦੇ ਵੱਖ-ਵੱਖ ਹਿੱਸਿਆਂ ’ਚ ਮੌਨਸੂਨ ਤੇਜ਼ੀ ਨਾਲ ਆਪਣਾ ਰੰਗ ਬਿਖੇਰ ਰਿਹਾ ਹੈ ਅਤੇ ਬਾਰਸ਼ ਦੇ ਇਸ ਮੌਸਮ ’ਚ ਸਾਰਿਆਂ ਦੇ ਘਰ ’ਚ ਜਿਸ ਚੀਜ਼ ਦੀ ਖੋਜ ਸ਼ੁਰੂ ਹੋ ਗਈ ਹੈ, ਉਹ ਹੈ ਛਤਰੀ। ‘ਮਨ ਕੀ ਬਾਤ’ ’ਚ ਅੱਜ ਮੈਂ ਤੁਹਾਨੂੰ ਇੱਕ ਖਾਸ ਤਰ੍ਹਾਂ ਦੀਆਂ ਛਤਰੀਆਂ ਬਾਰੇ ਦੱਸਣਾ ਚਾਹੁੰਦਾ ਹਾਂ। ਇਹ ਛਤਰੀਆਂ ਤਿਆਰ ਹੁੰਦੀਆਂ ਹਨ ਸਾਡੇ ਕੇਰਲਾ ’ਚ। ਵੈਸੇ ਤਾਂ ਕੇਰਲਾ ਦੀ ਸੰਸਕ੍ਰਿਤੀ ’ਚ ਛਤਰੀਆਂ ਦਾ ਵਿਸ਼ੇਸ਼ ਮਹੱਤਵ ਹੈ। ਛਤਰੀਆਂ ਉੱਥੇ ਕਈ ਪ੍ਰੰਪਰਾਵਾਂ ਅਤੇ ਵਿਧੀ-ਵਿਧਾਨ ਦਾ ਅਹਿਮ ਹਿੱਸਾ ਹੁੰਦੀਆਂ ਹਨ ਪਰ ਮੈਂ ਜਿਸ ਛਤਰੀ ਦੀ ਗੱਲ ਕਰ ਰਿਹਾ ਹਾਂ, ਉਹ ਹਨ ‘ਕਾਰਥੁੰਬੀ ਛਤਰੀਆਂ’ ਅਤੇ ਇਨ੍ਹਾਂ ਨੂੰ ਤਿਆਰ ਕੀਤਾ ਜਾਂਦਾ ਹੈ ਕੇਰਲਾ ਦੇ ਅੱਟਾਪਡੀ ’ਚ। ਇਹ ਰੰਗ-ਬਿਰੰਗੀਆਂ ਛਤਰੀਆਂ ਬਹੁਤ ਸ਼ਾਨਦਾਰ ਹੁੰਦੀਆਂ ਹਨ ਅਤੇ ਖਾਸੀਅਤ ਇਹ ਹੈ ਕਿ ਇਨ੍ਹਾਂ ਛਤਰੀਆਂ ਨੂੰ ਕੇਰਲਾ ਦੀਆਂ ਸਾਡੀਆਂ ਆਦਿਵਾਸੀ ਭੈਣਾਂ ਤਿਆਰ ਕਰਦੀਆਂ ਹਨ। ਅੱਜ ਸਮੁੱਚੇ ਦੇਸ਼ ’ਚ ਇਨ੍ਹਾਂ ਛਤਰੀਆਂ ਦੀ ਮੰਗ ਵਧ ਰਹੀ ਹੈ। ਇਨ੍ਹਾਂ ਦੀ ਆਨਲਾਈਨ ਵਿੱਕਰੀ ਵੀ ਹੋ ਰਹੀ ਹੈ। ਇਨ੍ਹਾਂ ਛਤਰੀਆਂ ਨੂੰ ‘ਵੱਟਾਲੱਕੀ ਸਹਿਕਾਰੀ ਖੇਤੀ ਸੁਸਾਇਟੀ’ ਦੀ ਨਿਗਰਾਨੀ ’ਚ ਬਣਾਇਆ ਜਾਂਦਾ ਹੈ। ਇਸ ਸੁਸਾਇਟੀ ਦੀ ਅਗਵਾਈ ਸਾਡੀ ਨਾਰੀ ਸ਼ਕਤੀ ਦੇ ਕੋਲ ਹੈ। ਮਹਿਲਾਵਾਂ ਦੀ ਨੁਮਾਇੰਦਗੀ ’ਚ ਅੱਟਾਪਡੀ ਦੇ ਆਦਿਵਾਸੀ ਸਮਾਜ ਨੇ Entrepreneurship ਦੀ ਅਦਭੁਤ ਮਿਸਾਲ ਪੇਸ਼ ਕੀਤੀ ਹੈ। ਇਸ ਸੁਸਾਇਟੀ ਨੇ ਇੱਕ ਬੈਂਬੂ ਹੈਂਡੀਕ੍ਰਾਫਟ ਯੂਨਿਟ ਦੀ ਵੀ ਸਥਾਪਨਾ ਕੀਤੀ ਹੈ। ਹੁਣ ਇਹ ਲੋਕ ਇੱਕ Retail Outlet ਅਤੇ ਇੱਕ ਰਵਾਇਤੀ Cafe ਖੋਲ੍ਹਣ ਦੀ ਤਿਆਰੀ ’ਚ ਵੀ ਹਨ। ਇਨ੍ਹਾਂ ਦਾ ਮਕਸਦ ਸਿਰਫ਼ ਆਪਣੀਆਂ ਛਤਰੀਆਂ ਅਤੇ ਹੋਰ ਉਤਪਾਦ ਵੇਚਣਾ ਹੀ ਨਹੀਂ, ਸਗੋਂ ਇਹ ਆਪਣੀ ਪਰੰਪਰਾ, ਆਪਣੇ ਸੱਭਿਆਚਾਰ ਨਾਲ ਵੀ ਦੁਨੀਆ ਨੂੰ ਜਾਣੂ ਕਰਵਾ ਰਹੇ ਹਨ। ਅੱਜ ਕਾਰਥੁੰਬੀ ਛਤਰੀਆਂ ਕੇਰਲਾ ਦੇ ਇੱਕ ਛੋਟੇ ਜਿਹੇ ਪਿੰਡ ਤੋਂ ਲੈ ਕੇ ਮਲਟੀਨੈਸ਼ਨਲ ਕੰਪਨੀਆਂ ਤੱਕ ਦਾ ਸਫ਼ਰ ਪੂਰਾ ਕਰ ਰਹੀਆਂ ਹਨ। ‘ਲੋਕਲ ਦੇ ਲਈ ਵੋਕਲ’ ਹੋਣ ਦਾ ਇਸ ਤੋਂ ਵਧੀਆ ਉਦਾਹਰਣ ਹੋਰ ਕੀ ਹੋਵੇਗਾ?

ਮੇਰੇ ਪਿਆਰੇ ਦੇਸ਼ਵਾਸੀਓ, ਅਗਲੇ ਮਹੀਨੇ ਇਸ ਸਮੇਂ ਤੱਕ ਪੈਰਿਸ ਓਲੰਪਿਕ ਸ਼ੁਰੂ ਹੋ ਚੁੱਕੇ ਹੋਣਗੇ। ਮੈਨੂੰ ਵਿਸ਼ਵਾਸ ਹੈ ਕਿ ਤੁਸੀਂ ਵੀ ਓਲੰਪਿਕ ਖੇਡਾਂ ’ਚ ਭਾਰਤੀ ਖਿਡਾਰੀਆਂ ਦਾ ਉਤਸ਼ਾਹ ਵਧਾਉਣ ਦਾ ਇੰਤਜ਼ਾਰ ਕਰ ਰਹੋ ਹੋਵੋਗੇ। ਮੈਂ ਭਾਰਤੀ ਦਲ ਨੂੰ ਓਲੰਪਿਕ ਖੇਡਾਂ ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ। ਸਾਡੇ ਸਾਰਿਆਂ ਦੇ ਮਨ ’ਚ ਟੋਕੀਓ ਓਲੰਪਿਕ ਦੀਆਂ ਯਾਦਾਂ ਅਜੇ ਵੀ ਤਾਜ਼ਾ ਹਨ। ਟੋਕੀਓ ਵਿੱਚ ਸਾਡੇ ਖਿਡਾਰੀਆਂ ਦੇ ਪ੍ਰਦਰਸ਼ਨ ਨੇ ਹਰ ਭਾਰਤੀ ਦਾ ਦਿਲ ਜਿੱਤ ਲਿਆ ਸੀ। ਟੋਕੀਓ ਓਲੰਪਿਕ ਤੋਂ ਬਾਅਦ ਤੋਂ ਹੀ ਸਾਡੇ ਐਥਲੀਟਸ ਪੈਰਿਸ ਓਲੰਪਿਕ ਦੀਆਂ ਤਿਆਰੀਆਂ ’ਚ ਜੀ-ਜਾਨ ਨਾਲ ਜੁਟੇ ਹੋਏ ਸਨ। ਸਾਰੇ ਖਿਡਾਰੀਆਂ ਨੂੰ ਮਿਲਾ ਦਈਏ ਤਾਂ ਇਨ੍ਹਾਂ ਸਾਰਿਆਂ ਨੇ ਕਰੀਬ Nine Hundred - ਨੌਂ ਸੌ ਇੰਟਰਨੈਸ਼ਨਲ ਕੰਪੀਟੀਸ਼ਨ ’ਚ ਹਿੱਸਾ ਲਿਆ ਹੈ। ਇਹ ਕਾਫੀ ਵੱਡੀ ਗਿਣਤੀ ਹੈ। 

ਸਾਥੀਓ, ਪੈਰਿਸ ਓਲੰਪਿਕ ’ਚ ਤੁਹਾਨੂੰ ਕੁਝ ਚੀਜ਼ਾਂ ਪਹਿਲੀ ਵਾਰ ਵੇਖਣ ਨੂੰ ਮਿਲਣਗੀਆਂ। ਸ਼ੂਟਿੰਗ ’ਚ ਸਾਡੇ ਖਿਡਾਰੀਆਂ ਦੀ ਪ੍ਰਤਿਭਾ ਨਿੱਖਰ ਕੇ ਸਾਹਮਣੇ ਆ ਰਹੀ ਹੈ। ਟੇਬਲ ਟੈਨਿਸ ’ਚ Men ਅਤੇ Women ਦੋਵੇਂ ਟੀਮਾਂ ਕੁਆਲੀਫਾਈ ਕਰ ਚੁੱਕੀਆਂ ਹਨ। ਭਾਰਤੀ ਸ਼ੌਟਗੰਨ ਟੀਮ ’ਚ ਸਾਡੀਆਂ ਸ਼ੂਟਰ ਬੇਟੀਆਂ ਵੀ ਸ਼ਾਮਲ ਹਨ। ਇਸ ਵਾਰ ਕੁਸ਼ਤੀ ਅਤੇ ਘੋੜਸਵਾਰੀ ’ਚ ਸਾਡੇ ਦਲ ਦੇ ਖਿਡਾਰੀ ਉਨ੍ਹਾਂ Categories ’ਚ ਵੀ ਮੁਕਾਬਲਾ ਕਰਨਗੇ, ਜਿਨ੍ਹਾਂ ’ਚ ਪਹਿਲਾਂ ਉਹ ਕਦੇ ਸ਼ਾਮਲ ਨਹੀਂ ਰਹੇ। ਇਸ ਤੋਂ ਤੁਸੀਂ ਇਹ ਅੰਦਾਜ਼ਾ ਲਗਾ ਸਕਦੇ ਹੋ ਕਿ ਇਸ ਵਾਰ ਸਾਡੀਆਂ ਖੇਡਾਂ ’ਚ ਅਲੱਗ ਲੈਵਲ ਦਾ ਰੋਮਾਂਚ ਨਜ਼ਰ ਆਵੇਗਾ। ਤੁਹਾਨੂੰ ਯਾਦ ਹੋਵੇਗਾ, ਕੁਝ ਮਹੀਨੇ ਪਹਿਲਾਂ ਵਰਲਡ ਪੈਰਾ ਐਥਲੈਟਿਕਸ ਚੈਂਪੀਅਨਸ਼ਿਪ ’ਚ ਸਾਡੀ ਬੈਸਟ ਪਰਫਾਰਮੈਂਸ ਰਹੀ ਹੈ। ਉੱਥੇ ਹੀ ਚੈੱਸ ਅਤੇ ਬੈਡਮਿੰਟਨ ’ਚ ਵੀ ਸਾਡੇ ਖਿਡਾਰੀਆਂ ਨੇ ਝੰਡਾ ਲਹਿਰਾਇਆ ਹੈ। ਹੁਣ ਪੂਰਾ ਦੇਸ਼ ਇਹ ਉਮੀਦ ਕਰ ਰਿਹਾ ਹੈ ਕਿ ਸਾਡੇ ਖਿਡਾਰੀ ਓਲੰਪਿਕ ’ਚ ਵੀ ਬਿਹਤਰੀਨ ਪ੍ਰਦਰਸ਼ਨ ਕਰਨਗੇ। ਇਨ੍ਹਾਂ ਖੇਡਾਂ ’ਚ ਮੈਡਲ ਵੀ ਜਿੱਤਣਗੇ ਅਤੇ ਦੇਸ਼ਵਾਸੀਆਂ ਦਾ ਦਿਲ ਵੀ ਜਿੱਤਣਗੇ। ਆਉਣ ਵਾਲੇ ਦਿਨਾਂ ’ਚ ਮੈਨੂੰ ਭਾਰਤੀ ਦਲ ਨਾਲ ਮੁਲਾਕਾਤ ਦਾ ਵੀ ਮੌਕਾ ਮਿਲਣ ਵਾਲਾ ਹੈ। ਮੈਂ ਤੁਹਾਡੇ ਵੱਲੋਂ ਉਨ੍ਹਾਂ ਦਾ ਉਤਸ਼ਾਹ ਵਧਾਵਾਂਗਾ। ਅਤੇ ਹਾਂ...! ਇਸ ਵਾਰ ਸਾਡਾ Hashtag #Cheer4Bharat ਹੈ। ਇਸ Hashtag ਦੇ ਜ਼ਰੀਏ ਸਾਨੂੰ ਆਪਣੇ ਖਿਡਾਰੀਆਂ ਨੂੰ Cheer ਕਰਨਾ ਹੈ। ਉਨ੍ਹਾਂ ਦਾ ਉਤਸ਼ਾਹ ਵਧਾਉਂਦੇ ਰਹਿਣਾ ਹੈ। ਤਾਂ ਮੋਮੈਂਟਮ ਨੂੰ ਬਣਾਈ ਰੱਖੋ। ਤੁਹਾਡਾ ਇਹ ਮੋਮੈਂਟਮ ਭਾਰਤ ਦਾ ਮੈਜਿਕ ਦੁਨੀਆ ਨੂੰ ਦਿਖਾਉਣ ’ਚ ਮਦਦ ਕਰੇਗਾ।

ਮੇਰੇ ਪਿਆਰੇ ਦੇਸ਼ਵਾਸੀਓ, ਮੈਂ ਤੁਹਾਡੇ ਸਾਰਿਆਂ ਦੇ ਲਈ ਇੱਕ ਛੋਟੀ ਜਿਹੀ ਆਡੀਓ ਕਲਿੱਪ ਪਲੇਅ ਕਰ ਰਿਹਾ ਹਾਂ :

#Audio Clip#

ਇਸ ਰੇਡੀਓ ਪ੍ਰੋਗਰਾਮ ਨੂੰ ਸੁਣ ਕੇ ਤੁਸੀਂ ਵੀ ਹੈਰਤ ’ਚ ਪੈ ਗਏ ਨਾ! ਤਾਂ ਆਓ ਤੁਹਾਨੂੰ ਇਸ ਦੇ ਪਿੱਛੇ ਦੀ ਪੂਰੀ ਗੱਲ ਦੱਸਦੇ ਹਾਂ। ਦਰਅਸਲ ਇਹ ਕੁਵੈਤ ਰੇਡੀਓ ਦੇ ਪ੍ਰਸਾਰਣ ਦੀ ਇੱਕ ਕਲਿੱਪ ਹੈ। ਹੁਣ ਤੁਸੀਂ ਸੋਚੋਗੇ ਕਿ ਗੱਲ ਹੋ ਰਹੀ ਹੈ ਕੁਵੈਤ ਦੀ, ਤਾਂ ਉੱਥੇ ਹਿੰਦੀ ਕਿੱਥੋਂ ਆ ਗਈ? ਦਰਅਸਲ, ਕੁਵੈਤ ਸਰਕਾਰ ਨੇ ਆਪਣੇ ਨੈਸ਼ਨਲ ਰੇਡੀਓ ’ਤੇ ਇੱਕ ਵਿਸ਼ੇਸ਼ ਪ੍ਰੋਗਰਾਮ ਸ਼ੁਰੂ ਕੀਤਾ ਹੈ ਅਤੇ ਉਹ ਵੀ ਹਿੰਦੀ ’ਚ। ਕੁਵੈਤ ਰੇਡੀਓ ’ਤੇ ਹਰ ਐਤਵਾਰ ਨੂੰ ਇਸ ਦਾ ਪ੍ਰਸਾਰਣ ਅੱਧੇ ਘੰਟੇ ਲਈ ਕੀਤਾ ਜਾਂਦਾ ਹੈ। ਇਸ ’ਚ ਭਾਰਤੀ ਸੱਭਿਆਚਾਰ ਦੇ ਅਲੱਗ-ਅਲੱਗ ਰੰਗ ਸ਼ਾਮਲ ਹੁੰਦੇ ਹਨ। ਸਾਡੀਆਂ ਫਿਲਮਾਂ ਅਤੇ ਕਲਾ ਜਗਤ ਨਾਲ ਜੁੜੀਆਂ ਚਰਚਾਵਾਂ ਉੱਥੇ ਭਾਰਤੀ ਭਾਈਚਾਰੇ ਵਿੱਚ ਬਹੁਤ ਹਰਮਨਪਿਆਰੀਆਂ ਹਨ। ਮੈਨੂੰ ਤਾਂ ਇੱਥੋਂ ਤੱਕ ਦੱਸਿਆ ਗਿਆ ਹੈ ਕਿ ਕੁਵੈਤ ਦੇ ਸਥਾਨਕ ਲੋਕ ਵੀ ਇਸ ’ਚ ਖੂਬ ਦਿਲਚਸਪੀ ਲੈ ਰਹੇ ਹਨ। ਮੈਂ ਕੁਵੈਤ ਦੀ ਸਰਕਾਰ ਅਤੇ ਉੱਥੋਂ ਦੇ ਲੋਕਾਂ ਦਾ ਦਿਲੋਂ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਇਹ ਸ਼ਾਨਦਾਰ ਪਹਿਲ ਕੀਤੀ ਹੈ। 

ਸਾਥੀਓ, ਅੱਜ ਦੁਨੀਆ ਭਰ ’ਚ ਸਾਡੇ ਸੱਭਿਆਚਾਰ ਦਾ ਜਿਸ ਤਰ੍ਹਾਂ ਗੌਰਵਗਾਨ ਹੋ ਰਿਹਾ ਹੈ, ਉਸ ਨਾਲ ਕਿਸ ਭਾਰਤੀ ਨੂੰ ਖੁਸ਼ੀ ਨਹੀਂ ਹੋਵੇਗੀ। ਹੁਣ ਜਿਵੇਂ ਤੁਰਕਮੇਨਿਸਤਾਨ ’ਚ ਇਸ ਸਾਲ ਮਈ ’ਚ ਉੱਥੋਂ ਦੇ ਰਾਸ਼ਟਰੀ ਕਵੀ ਦੀ 300ਵੀਂ ਜਨਮ ਜਯੰਤੀ ਮਨਾਈ ਗਈ। ਇਸ ਮੌਕੇ ’ਤੇ ਤੁਰਕਮੇਨਿਸਤਾਨ ਦੇ ਰਾਸ਼ਟਰਪਤੀ ਨੇ ਦੁਨੀਆ ਦੇ 24 ਪ੍ਰਸਿੱਧ ਕਵੀਆਂ ਦੀਆਂ ਪ੍ਰਤਿਮਾਵਾਂ ਦਾ ਲੋਕਅਰਪਣ ਕੀਤਾ। ਇਨ੍ਹਾਂ ’ਚ ਇੱਕ ਪ੍ਰਤਿਮਾ ਗੁਰੂਦੇਵ ਰਬਿੰਦਰਨਾਥ ਟੈਗੋਰ ਜੀ ਦੀ ਵੀ ਹੈ। ਇਹ ਗੁਰੂਦੇਵ ਦਾ ਸਨਮਾਨ ਹੈ, ਭਾਰਤ ਦਾ ਸਨਮਾਨ ਹੈ। ਇਸੇ ਤਰ੍ਹਾਂ ਜੂਨ ਦੇ ਮਹੀਨੇ ’ਚ ਦੋ ਕੈਰੇਬੀਆਈ ਦੇਸ਼ ਸੂਰੀਨਾਮ ਅਤੇ ਸੇਂਟ ਵਿਨਸੇਂਟ ਐਂਡ ਦ ਗਰੇਨਾਡਾਇੰਸ ਨੇ ਆਪਣੇ ਇੰਡੀਅਨ ਹੈਰੀਟੇਜ ਨੂੰ ਪੂਰੇ ਜੋਸ਼ ਅਤੇ ਉਤਸ਼ਾਹ ਦੇ ਨਾਲ ਸੈਲੀਬ੍ਰੇਟ ਕੀਤਾ। ਸੂਰੀਨਾਮ ’ਚ ਹਿੰਦੋਸਤਾਨੀ ਸਮਾਜ ਹਰ ਸਾਲ 5 ਜੂਨ ਨੂੰ ਇੰਡੀਅਨ ਅਰਾਈਵਲ ਡੇ ਅਤੇ ਪ੍ਰਵਾਸੀ ਦਿਨ (ਦਿਹਾੜੇ) (Indian Arrival Day and Pravasi Din) ਦੇ ਰੂਪ ਵਿੱਚ ਮਨਾਉਂਦਾ ਹੈ। ਇੱਥੇ ਤਾਂ ਹਿੰਦੀ ਦੇ ਨਾਲ-ਨਾਲ ਭੋਜਪੁਰੀ ਵੀ ਖੂਬ ਬੋਲੀ ਜਾਂਦੀ ਹੈ। ਸੇਂਟ ਵਿਨਸੈਂਟ ਐਂਡ ਦ ਗਰੇਨਾਡਾਇੰਸ (Saint Vincent and the Grenadines) ’ਚ ਰਹਿਣ ਵਾਲੇ ਸਾਡੇ ਭਾਰਤੀ ਮੂਲ ਦੇ ਭੈਣ-ਭਰਾਵਾਂ ਦੀ ਗਿਣਤੀ ਵੀ ਕਰੀਬ 6 ਹਜ਼ਾਰ ਹੈ। ਉਨ੍ਹਾਂ ਸਾਰਿਆਂ ਨੂੰ ਆਪਣੀ ਵਿਰਾਸਤ ’ਤੇ ਬਹੁਤ ਮਾਣ ਹੈ। 1 ਜੂਨ ਨੂੰ ਇਨ੍ਹਾਂ ਸਾਰਿਆਂ ਨੇ ਇੰਡੀਅਨ ਅਰਾਈਵਲ ਡੇ ਨੂੰ ਜਿਸ ਧੂਮਧਾਮ ਨਾਲ ਮਨਾਇਆ, ਉਸ ਨਾਲ ਉਨ੍ਹਾਂ ਦੀ ਇਹ ਭਾਵਨਾ ਸਾਫ ਝਲਕਦੀ ਹੈ। ਦੁਨੀਆ ਭਰ ’ਚ ਭਾਰਤੀ ਵਿਰਾਸਤ ਅਤੇ ਸੱਭਿਆਚਾਰ ਦਾ ਜਦੋਂ ਅਜਿਹਾ ਵਿਸਥਾਰ ਦਿਸਦਾ ਹੈ ਤਾਂ ਹਰ ਭਾਰਤੀ ਨੂੰ ਮਾਣ ਹੁੰਦਾ ਹੈ। 

ਸਾਥੀਓ, ਇਸ ਮਹੀਨੇ ਪੂਰੀ ਦੁਨੀਆ ਨੇ 10ਵੇਂ ਯੋਗ ਦਿਵਸ ਨੂੰ ਭਰਪੂਰ ਉਤਸ਼ਾਹ ਅਤੇ ਉਮੰਗ ਨਾਲ ਮਨਾਇਆ ਹੈ। ਮੈਂ ਵੀ ਜੰਮੂ-ਕਸ਼ਮੀਰ ਦੇ ਸ਼੍ਰੀਨਗਰ ’ਚ ਆਯੋਜਿਤ ਯੋਗ ਪ੍ਰੋਗਰਾਮ ’ਚ ਸ਼ਾਮਲ ਹੋਇਆ ਸੀ। ਕਸ਼ਮੀਰ ’ਚ ਨੌਜਵਾਨਾਂ ਦੇ ਨਾਲ-ਨਾਲ ਭੈਣਾਂ-ਬੇਟੀਆਂ ਨੇ ਵੀ ਯੋਗ ਦਿਵਸ ’ਚ ਵਧ-ਚੜ੍ਹ ਕੇ ਹਿੱਸਾ ਲਿਆ। ਜਿਵੇਂ-ਜਿਵੇਂ ਯੋਗ ਦਿਵਸ ਦਾ ਆਯੋਜਨ ਅੱਗੇ ਵਧ ਰਿਹਾ ਹੈ, ਨਵੇਂ-ਨਵੇਂ ਰਿਕਾਰਡ ਬਣ ਰਹੇ ਹਨ। ਦੁਨੀਆ ਭਰ ’ਚ ਯੋਗ ਦਿਵਸ ਨੇ ਕਈ ਸ਼ਾਨਦਾਰ ਪ੍ਰਾਪਤੀਆਂ ਹਾਸਿਲ ਕੀਤੀਆਂ ਹਨ। ਸਾਊਦੀ ਅਰਬ ’ਚ ਪਹਿਲੀ ਵਾਰ ਇੱਕ ਮਹਿਲਾ ਅਲ ਹਨੌਫ ਸਾਦ ਜੀ (Al Hanouf Saad ji) ਨੇ ਕੋਮਨ ਯੋਗਾ ਪ੍ਰੋਟੋਕੋਲ (common yoga protocol) ਨੂੰ ਲੀਡ ਕੀਤਾ। ਇਹ ਪਹਿਲੀ ਵਾਰ ਹੈ ਜਦੋਂ ਕਿਸੇ ਸਾਊਦੀ ਮਹਿਲਾ ਨੇ ਕਿਸੇ ਮੇਨ ਯੋਗ ਸੈਸ਼ਨ ਨੂੰ ਇੰਸਟ੍ਰਕਟ ਕੀਤਾ ਹੋਵੇ। Egypt ’ਚ ਇਸ ਵਾਰ ਯੋਗ ਦਿਵਸ ’ਤੇ ਇੱਕ ਫੋਟੋ ਕੰਪੀਟੀਸ਼ਨ ਦਾ ਆਯੋਜਨ ਕੀਤਾ ਗਿਆ। ਨੀਲ ਨਦੀ ਦੇ ਕਿਨਾਰੇ ਰੈੱਡ-ਸੀ ਦੇ ਬੀਚਿਸ ’ਤੇ ਅਤੇ ਪੀਰਾਮਿਡਾਂ ਦੇ ਸਾਹਮਣੇ - ਯੋਗ ਕਰਦੇ, ਲੱਖਾਂ ਲੋਕਾਂ ਦੀਆਂ ਤਸਵੀਰਾਂ ਬਹੁਤ ਲੋਕਪ੍ਰਿਯ ਹੋਈਆਂ। ਆਪਣੇ ਮਾਰਬਲ ਬੁੱਧਾ ਸਟੈਚੂ ਲਈ ਪ੍ਰਸਿੱਧ ਮਿਆਂਮਾਰ (Myanmar) ਦਾ ਮਾਰਾਵਿਜਯਾ ਪੈਗੋਡਾ ਕੰਪਲੈਕਸ (Maravijaya Pagoda Complex) ਦੁਨੀਆ ’ਚ ਮਸ਼ਹੂਰ ਹੈ। ਇੱਥੇ ਵੀ 21 ਜੂਨ ਨੂੰ ਸ਼ਾਨਦਾਰ ਯੋਗਾ ਸੈਸ਼ਨ ਦਾ ਆਯੋਜਨ ਹੋਇਆ। ਬਹਿਰੀਨ ’ਚ ਦਿੱਵਯਾਂਗ ਬੱਚਿਆਂ ਲਈ ਇੱਕ ਸਪੈਸ਼ਲ ਕੈਂਪ ਦਾ ਆਯੋਜਨ ਕੀਤਾ ਗਿਆ। ਸ਼੍ਰੀਲੰਕਾ ’ਚ ਯੂਨੈਸਕੋ ਹੈਰੀਟੇਜ ਸਾਇਟ ਲਈ ਮਸ਼ਹੂਰ ਗੌਲ ਫੋਰਟ ’ਚ ਵੀ ਇੱਕ ਯਾਦਗਾਰ ਯੋਗਾ ਸੈਸ਼ਨ ਹੋਇਆ। ਅਮਰੀਕਾ ’ਚ, ਨਿਊਯਾਰਕ ’ਚ ਔਬਰਜ਼ਰਵੇਸ਼ਨ ਡੈੱਕ (Observation Deck) ’ਤੇ ਵੀ ਲੋਕਾਂ ਨੇ ਯੋਗ ਕੀਤਾ। ਮਾਰਸ਼ਲ ਆਇਲੈਂਡਸ (Marshall Islands) ’ਤੇ ਵੀ ਪਹਿਲੀ ਵਾਰ ਵੱਡੇ ਪੱਧਰ ’ਤੇ ਹੋਏ ਯੋਗ ਦਿਵਸ ਦੇ ਪ੍ਰੋਗਰਾਮ ’ਚ ਇੱਥੋਂ ਦੇ ਰਾਸ਼ਟਰਪਤੀ ਜੀ ਨੇ ਵੀ ਹਿੱਸਾ ਲਿਆ। ਭੂਟਾਨ ਦੇ ਥਿੰਪੂ ’ਚ ਵੀ ਇੱਕ ਵੱਡਾ ਯੋਗ ਦਿਵਸ ਦਾ ਪ੍ਰੋਗਰਾਮ ਹੋਇਆ, ਜਿਸ ’ਚ ਮੇਰੇ ਮਿੱਤਰ ਪ੍ਰਧਾਨ ਮੰਤਰੀ ਟੋਬਗੇ ਵੀ ਸ਼ਾਮਲ ਹੋਏ। ਯਾਨੀ ਦੁਨੀਆ ਦੇ ਕੋਣੇ-ਕੋਣੇ ’ਚ ਯੋਗ ਕਰਦੇ ਲੋਕਾਂ ਦੇ ਮਨਮੋਹਕ ਦ੍ਰਿਸ਼ ਅਸੀਂ ਸਾਰਿਆਂ ਨੇ ਵੇਖੇ। ਮੈਂ ਯੋਗ ਦਿਵਸ ’ਚ ਹਿੱਸਾ ਲੈਣ ਵਾਲੇ ਸਾਰੇ ਸਾਥੀਆਂ ਦਾ ਦਿਲੋਂ ਸ਼ੁਕਰਗੁਜ਼ਾਰ ਹਾਂ। ਮੇਰੀ ਤੁਹਾਡੇ ਤੋਂ ਇੱਕ ਪੁਰਾਣੀ ਅਪੀਲ ਵੀ ਰਹੀ ਹੈ। ਅਸੀਂ ਯੋਗ ਨੂੰ ਸਿਰਫ਼ ਇੱਕ ਦਿਨ ਦਾ ਅਭਿਆਸ ਨਹੀਂ ਬਣਾਉਣਾ ਹੈ। ਤੁਸੀਂ ਨਿਯਮਿਤ ਰੂਪ ਨਾਲ ਯੋਗ ਕਰੋ। ਇਸ ਨਾਲ ਤੁਸੀਂ ਆਪਣੇ ਜੀਵਨ ’ਚ ਸਕਾਰਾਤਮਕ ਤਬਦੀਲੀਆਂ ਨੂੰ ਜ਼ਰੂਰ ਮਹਿਸੂਸ ਕਰੋਗੇ। 

ਸਾਥੀਓ, ਭਾਰਤ ਦੇ ਕਿੰਨੇ ਹੀ ਪ੍ਰੋਡਕਟਸ ਹਨ, ਜਿਨ੍ਹਾਂ ਦੀ ਦੁਨੀਆ ਭਰ ’ਚ ਬਹੁਤ ਡਿਮਾਂਡ ਹੈ ਅਤੇ ਜਦੋਂ ਅਸੀਂ ਭਾਰਤ ਦੇ ਕਿਸੇ ਵੀ ਲੋਕਲ ਪ੍ਰੋਡਕਟ ਨੂੰ ਗਲੋਬਲ ਹੁੰਦੇ ਵੇਖਦੇ ਹਾਂ ਤਾਂ ਮਾਣ ਨਾਲ ਭਰ ਜਾਣਾ ਕੁਦਰਤੀ ਹੈ। ਅਜਿਹਾ ਹੀ ਇੱਕ ਪ੍ਰੋਡਕਟ ਹੈ Araku Coffee. Araku Coffee ਆਂਧਰ ਪ੍ਰਦੇਸ਼ ਦੇ ਅੱਲੂਰੀ ਸੀਤਾਰਾਮ ਰਾਜੂ ਜ਼ਿਲ੍ਹੇ ਵਿੱਚ ਵੱਡੀ ਮਾਤਰਾ ’ਚ ਪੈਦਾ ਹੁੰਦੀ ਹੈ। ਇਹ ਆਪਣੇ Rich Flavor ਅਤੇ Croma ਲਈ ਜਾਣੀ ਜਾਂਦੀ ਹੈ। Araku Coffee ਦੀ ਖੇਤੀ ਨਾਲ ਕਰੀਬ ਡੇਢ ਲੱਖ ਆਦਿਵਾਸੀ ਪਰਿਵਾਰ ਜੁੜੇ ਹੋਏ ਹਨ। ਅਰਾਕੂ ਕੌਫੀ ਨੂੰ ਨਵੀਂ ਉਚਾਈ ਦੇਣ ’ਚ ਗਿਰੀਜਨ ਕੋਆਪ੍ਰੇਟਿਵ ਦੀ ਬਹੁਤ ਵੱਡੀ ਭੂਮਿਕਾ ਰਹੀ ਹੈ। ਇਸ ਨੇ ਇੱਥੋਂ ਦੇ ਕਿਸਾਨ ਭਰਾਵਾਂ-ਭੈਣਾਂ ਨੂੰ ਇਕੱਠੇ ਲਿਆਉਣ ਦਾ ਕੰਮ ਕੀਤਾ ਅਤੇ ਉਨ੍ਹਾਂ ਨੂੰ ਅਰਾਕੂ ਕੌਫੀ ਦੀ ਖੇਤੀ ਲਈ ਉਤਸ਼ਾਹਿਤ ਕੀਤਾ। ਇਸ ਨਾਲ ਇਨ੍ਹਾਂ ਕਿਸਾਨਾਂ ਦੀ ਕਮਾਈ ਵੀ ਬਹੁਤ ਵਧ ਗਈ ਹੈ। ਇਸ ਦਾ ਬਹੁਤ ਵੱਡਾ ਲਾਭ ਕੋਂਡਾ ਡੋਰਾ ਆਦਿਵਾਸੀ ਸਮਾਜ ਨੂੰ ਵੀ ਮਿਲਿਆ ਹੈ। ਕਮਾਈ ਦੇ ਨਾਲ-ਨਾਲ ਉਨ੍ਹਾਂ ਨੂੰ ਸਨਮਾਨ ਦਾ ਜੀਵਨ ਵੀ ਮਿਲ ਰਿਹਾ ਹੈ। ਮੈਨੂੰ ਯਾਦ ਹੈ ਇੱਕ ਵਾਰ ਵਿਸ਼ਾਖਾਪਟਨਮ ’ਚ ਆਂਧਰ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰ ਬਾਬੂ ਨਾਇਡੂ ਗਾਰੂ ਦੇ ਨਾਲ ਮੈਨੂੰ ਇਸ ਕੌਫੀ ਦਾ ਸੁਆਦ ਲੈਣ ਦਾ ਮੌਕਾ ਮਿਲਿਆ ਸੀ। ਇਸ ਦੇ ਟੇਸਟ ਦੀ ਤਾਂ ਪੁੱਛੋ ਹੀ ਨਾ। ਕਮਾਲ ਦੀ ਹੁੰਦੀ ਹੈ ਇਹ ਕੌਫੀ। ਅਰਾਕੂ ਕੌਫੀ ਨੂੰ ਕਈ ਗਲੋਬਲ ਐਵਾਰਡ ਮਿਲੇ ਹਨ। ਦਿੱਲੀ ’ਚ ਹੋਈ ਜੀ-20 ਸਮਿਟ ’ਚ ਵੀ ਕੌਫੀ ਛਾਈ ਹੋਈ ਸੀ। ਤੁਹਾਨੂੰ ਜਦੋਂ ਵੀ ਮੌਕਾ ਮਿਲੇ, ਤੁਸੀਂ ਵੀ ਅਰਾਕੂ ਕੌਫੀ ਦਾ ਆਨੰਦ ਜ਼ਰੂਰ ਲਓ।

ਸਾਥੀਓ, ਲੋਕਲ ਪ੍ਰੋਡਕਟਸ ਨੂੰ ਗਲੋਬਲ ਬਣਾਉਣ ’ਚ ਸਾਡੇ ਜੰਮੂ-ਕਸ਼ਮੀਰ ਦੇ ਲੋਕ ਵੀ ਪਿੱਛੇ ਨਹੀਂ ਹਨ। ਪਿਛਲੇ ਮਹੀਨੇ ਜੰਮੂ-ਕਸ਼ਮੀਰ ਨੇ ਜੋ ਕਰ ਦਿਖਾਇਆ ਹੈ, ਉਹ ਦੇਸ਼ ਭਰ ਦੇ ਲੋਕਾਂ ਲਈ ਇੱਕ ਮਿਸਾਲ ਹੈ। ਇੱਥੋਂ ਦੇ ਪੁਲਵਾਮਾ ਤੋਂ Snow Peas ਦੀ ਪਹਿਲੀ ਖੇਪ ਲੰਦਨ ਭੇਜੀ ਗਈ। ਕੁਝ ਲੋਕਾਂ ਨੂੰ ਇਹ ਆਇਡੀਆ ਸੁੱਝਿਆ ਕਿ ਕਿਉਂ ਨਾ ਕਸ਼ਮੀਰ ’ਚ ਉੱਗਣ ਵਾਲੀ Exotic Vegetables ਨੂੰ ਦੁਨੀਆ ਦੇ ਨਕਸ਼ੇ ’ਤੇ ਲਿਆਂਦਾ ਜਾਵੇ... ਬਸ ਫਿਰ ਕੀ ਸੀ... ਚਕੂਰਾ ਪਿੰਡ ਦੇ ਅਬਦੁਲ ਰਾਸ਼ਿਦ ਮੀਰ ਜੀ ਇਸ ਦੇ ਲਈ ਸਭ ਤੋਂ ਪਹਿਲਾਂ ਅੱਗੇ ਆਏ। ਉਨ੍ਹਾਂ ਨੇ ਪਿੰਡ ਦੇ ਹੋਰ ਕਿਸਾਨਾਂ ਦੀ ਜ਼ਮੀਨ ਨੂੰ ਇਕੱਠੇ ਮਿਲਾ ਕੇ Snow Peas ਉਗਾਉਣ ਦਾ ਕੰਮ ਸ਼ੁਰੂ ਕੀਤਾ ਅਤੇ ਵੇਖਦੇ ਹੀ ਵੇਖਦੇ Snow Peas ਕਸ਼ਮੀਰ ਤੋਂ ਲੰਡਨ ਤੱਕ ਪਹੁੰਚਣ ਲੱਗੀ। ਇਸ ਸਫਲਤਾ ਨੇ ਜੰਮੂ-ਕਸ਼ਮੀਰ ਦੇ ਲੋਕਾਂ ਦੀ ਖੁਸ਼ਹਾਲੀ ਲਈ ਨਵੇਂ ਰਸਤੇ ਖੋਲ੍ਹੇ ਹਨ। ਸਾਡੇ ਦੇਸ਼ ’ਚ ਅਜਿਹੇ ਯੂਨੀਕ ਪ੍ਰੋਡਕਟਸ ਦੀ ਕਮੀ ਨਹੀਂ ਹੈ। ਤੁਸੀਂ ਇਸ ਤਰ੍ਹਾਂ ਦੇ ਪ੍ਰੋਡਕਟਸ ਨੂੰ #myproductsmypride ਦੇ ਨਾਲ ਜ਼ਰੂਰ ਸ਼ੇਅਰ ਕਰੋ। ਮੈਂ ਇਸ ਵਿਸ਼ੇ ’ਤੇ ਆਉਣ ਵਾਲੇ ‘ਮਨ ਕੀ ਬਾਤ’ ’ਚ ਵੀ ਚਰਚਾ ਕਰਾਂਗਾ। 

ਮਮ ਪ੍ਰਿਯਾ: ਦੇਸ਼ਵਾਸਿਨ:

ਅਦਯ ਅਹੰ ਕਿੰਚਿਤ ਚਰਚਾ ਸੰਸਕ੍ਰਿਤ ਭਾਸ਼ਾਯਾਂ ਆਰਭੇ।

(मम प्रिया: देशवासिन:

अद्य अहं किञ्चित् चर्चा संस्कृत भाषायां आरभे।)

ਤੁਸੀਂ ਸੋਚ ਰਹੇ ਹੋਵੋਗੇ ਕਿ ‘ਮਨ ਕੀ ਬਾਤ’ ’ਚ ਅਚਾਨਕ ਸੰਸਕ੍ਰਿਤ ਵਿੱਚ ਕਿਉਂ ਬੋਲ ਰਿਹਾ ਹਾਂ। ਇਸ ਦੀ ਵਜ੍ਹਾ ਹੈ, ਅੱਜ ਸੰਸਕ੍ਰਿਤ ਨਾਲ ਜੁੜਿਆ ਇੱਕ ਖਾਸ ਮੌਕਾ ਹੈ। ਅੱਜ 30 ਜੂਨ ਨੂੰ ਆਕਾਸ਼ਵਾਣੀ ਦਾ ਸੰਸਕ੍ਰਿਤ ਬੁਲੇਟਿਨ ਆਪਣੇ ਪ੍ਰਸਾਰਣ ਦੇ 50 ਸਾਲ ਪੂਰੇ ਕਰ ਰਿਹਾ ਹੈ। 50 ਵਰ੍ਹਿਆਂ ਦੇ ਲਗਾਤਾਰ ਇਸ ਬੁਲੇਟਿਨ ਨੇ ਕਿੰਨੇ ਹੀ ਲੋਕਾਂ ਨੂੰ ਸੰਸਕ੍ਰਿਤ ਨਾਲ ਜੋੜੀ ਰੱਖਿਆ ਹੈ। ਮੈਂ ਆਲ ਇੰਡੀਆ ਰੇਡੀਓ ਪਰਿਵਾਰ ਨੂੰ ਵਧਾਈ ਦਿੰਦਾ ਹਾਂ। 

ਸਾਥੀਓ, ਸੰਸਕ੍ਰਿਤ ਦੀ, ਪ੍ਰਾਚੀਨ ਭਾਰਤੀ ਗਿਆਨ ਅਤੇ ਵਿਗਿਆਨ ਦੀ ਤਰੱਕੀ ’ਚ ਵੱਡੀ ਭੂਮਿਕਾ ਰਹੀ ਹੈ। ਅੱਜ ਦੇ ਸਮੇਂ ਦੀ ਮੰਗ ਹੈ ਕਿ ਅਸੀਂ ਸੰਸਕ੍ਰਿਤ ਨੂੰ ਸਨਮਾਨ ਵੀ ਦਈਏ ਅਤੇ ਉਸ ਨੂੰ ਆਪਣੇ ਰੋਜ਼ਾਨਾ ਜੀਵਨ ਨਾਲ ਵੀ ਜੋੜੀਏ। ਅੱਜ-ਕੱਲ੍ਹ ਇਸੇ ਤਰ੍ਹਾਂ ਦੀ ਇੱਕ ਕੋਸ਼ਿਸ਼ ਬੰਗਲੁਰੂ ’ਚ ਕਈ ਹੋਰ ਲੋਕ ਕਰ ਰਹੇ ਹਨ। ਬੰਗਲੁਰੂ ’ਚ ਇੱਕ ਪਾਰਕ ਹੈ - ਕੱਬਨ ਪਾਰਕ (Cubbon Park)। ਇਸ ਪਾਰਕ ’ਚ ਇੱਥੋਂ ਦੇ ਲੋਕਾਂ ਨੇ ਇੱਕ ਨਵੀਂ ਪ੍ਰੰਪਰਾ ਸ਼ੁਰੂ ਕੀਤੀ ਹੈ। ਇੱਥੇ ਹਫ਼ਤੇ ’ਚ ਇੱਕ ਦਿਨ, ਹਰ ਐਤਵਾਰ ਬੱਚੇ, ਨੌਜਵਾਨ ਅਤੇ ਬਜ਼ੁਰਗ ਆਪਸ ’ਚ ਸੰਸਕ੍ਰਿਤ ’ਚ ਗੱਲ ਕਰਦੇ ਹਨ। ਇੰਨਾ ਹੀ ਨਹੀਂ, ਇੱਥੇ ਵਾਦ-ਵਿਵਾਦ ਦੇ ਕਈ ਸੈਸ਼ਨ ਵੀ ਸੰਸਕ੍ਰਿਤ ’ਚ ਹੀ ਆਯੋਜਿਤ ਕੀਤੇ ਜਾਂਦੇ ਹਨ। ਇਨ੍ਹਾਂ ਦੀ ਇਸ ਪਹਿਲ ਦਾ ਨਾਮ ਹੈ ਸੰਸਕ੍ਰਿਤ ਵੀਕੈਂਡ। ਇਸ ਦੀ ਸ਼ੁਰੂਆਤ ਇੱਕ ਵੈੱਬਸਾਇਟ ਦੇ ਜ਼ਰੀਏ ਸਮਸ਼ਟੀ ਗੁੱਬੀ ਜੀ ਨੇ ਕੀਤੀ ਹੈ। ਕੁਝ ਦਿਨ ਪਹਿਲਾਂ ਹੀ ਸ਼ੁਰੂ ਹੋਈ ਇਹ ਕੋਸ਼ਿਸ਼ ਬੰਗਲੁਰੂ ਵਾਸੀਆਂ ਦੇ ਦਰਮਿਆਨ ਦੇਖਦੇ ਹੀ ਦੇਖਦੇ ਕਾਫੀ ਮਸ਼ਹੂਰ ਹੋ ਗਈ ਹੈ। ਜੇ ਅਸੀਂ ਸਾਰੇ ਇਸ ਤਰ੍ਹਾਂ ਦੀ ਕੋਸ਼ਿਸ਼ ਨਾਲ ਜੁੜੀਏ ਤਾਂ ਸਾਨੂੰ ਵਿਸ਼ਵ ਦੀ ਇੰਨੀ ਪ੍ਰਾਚੀਨ ਅਤੇ ਵਿਗਿਆਨਕ ਭਾਸ਼ਾ ਤੋਂ ਬਹੁਤ ਕੁਝ ਸਿੱਖਣ ਨੂੰ ਮਿਲੇਗਾ। 

ਮੇਰੇ ਪਿਆਰੇ ਦੇਸ਼ਵਾਸੀਓ, ‘ਮਨ ਕੀ ਬਾਤ’ ਦੇ ਇਸ ਐਪੀਸੋਡ ’ਚ ਤੁਹਾਡੇ ਨਾਲ ਜੁੜਨਾ ਬਹੁਤ ਚੰਗਾ ਰਿਹਾ। ਹੁਣ ਇਹ ਸਿਲਸਿਲਾ ਫਿਰ ਪਹਿਲਾਂ ਵਾਂਗ ਚਲਦਾ ਰਹੇਗਾ। ਹੁਣ ਤੋਂ ਇੱਕ ਹਫ਼ਤੇ ਬਾਅਦ ਪਵਿੱਤਰ ਰੱਥ ਯਾਤਰਾ ਦੀ ਸ਼ੁਰੂਆਤ ਹੋਣ ਜਾ ਰਹੀ ਹੈ। ਮੇਰੀ ਕਾਮਨਾ ਹੈ ਕਿ ਮਹਾ ਪ੍ਰਭੂ ਜਗਨਨਾਥ ਦੀ ਕ੍ਰਿਪਾ ਸਾਰੇ ਦੇਸ਼ਵਾਸੀਆਂ ’ਤੇ ਹਮੇਸ਼ਾ ਬਣੀ ਰਹੇ। ਅਮਰਨਾਥ ਯਾਤਰਾ ਵੀ ਸ਼ੁਰੂ ਹੋ ਚੁੱਕੀ ਹੈ ਅਤੇ ਅਗਲੇ ਕੁਝ ਦਿਨਾਂ ’ਚ ਪੰਢਰਪੁਰ ਵਾਰੀ (Pandharpur Wari) ਵੀ ਸ਼ੁਰੂ ਹੋਣ ਵਾਲੀ ਹੈ। ਮੈਂ ਇਨ੍ਹਾਂ ਯਾਤਰਾਵਾਂ ’ਚ ਸ਼ਾਮਲ ਹੋਣ ਵਾਲੇ ਸਾਰੇ ਸ਼ਰਧਾਲੂਆਂ ਨੂੰ ਸ਼ੁਭਕਾਮਨਾਵਾਂ ਦਿੰਦਾ ਹਾਂ। ਅੱਗੇ ਕੱਛੀ ਨਵਾਂ ਵਰ੍ਹਾ - ਹਾੜ੍ਹੀ ਬੀਜ ਦਾ ਤਿਉਹਾਰ ਵੀ ਹੈ। ਇਨ੍ਹਾਂ ਸਾਰੇ ਪੁਰਬਾਂ-ਤਿਉਹਾਰਾਂ ਲਈ ਵੀ ਤੁਹਾਨੂੰ ਸਾਰਿਆਂ ਨੂੰ ਢੇਰ ਸਾਰੀਆਂ ਸ਼ੁਭਕਾਮਨਾਵਾਂ। ਮੈਨੂੰ ਵਿਸ਼ਵਾਸ ਹੈ ਕਿ ਪਾਜ਼ਿਟਿਵੀਟੀ ਨਾਲ ਜੁੜੀਆਂ ਜਨ-ਭਾਗੀਦਾਰੀ ਦੀਆਂ ਅਜਿਹੀਆਂ ਕੋਸ਼ਿਸ਼ਾਂ ਨੂੰ ਤੁਸੀਂ ਮੇਰੇ ਨਾਲ ਜ਼ਰੂਰ ਸ਼ੇਅਰ ਕਰਦੇ ਰਹੋਗੇ। ਮੈਂ ਅਗਲੇ ਮਹੀਨੇ ਤੁਹਾਡੇ ਨਾਲ ਫਿਰ ਤੋਂ ਜੁੜਨ ਦੀ ਉਡੀਕ ਕਰ ਰਿਹਾ ਹਾਂ। ਉਦੋਂ ਤੱਕ ਤੁਸੀਂ ਆਪਣਾ ਵੀ, ਆਪਣੇ ਪਰਿਵਾਰ ਦਾ ਵੀ ਧਿਆਨ ਰੱਖੋ। ਬਹੁਤ-ਬਹੁਤ ਧੰਨਵਾਦ। ਨਮਸਕਾਰ।

 

*****

 

ਡੀਐੱਸ/ਵੀਕੇ



(Release ID: 2029671) Visitor Counter : 8