ਯੁਵਾ ਮਾਮਲੇ ਤੇ ਖੇਡ ਮੰਤਰਾਲਾ

ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ ਨੇ ਐੱਨਆਈਐੱਸ ਪਟਿਆਲਾ ਦਾ ਦੌਰਾ ਕੀਤਾ ਅਤੇ ਪੈਰਿਸ ਓਲੰਪਿਕਸ ਜਾਣ ਵਾਲੇ ਖਿਡਾਰੀਆਂ ਨੂੰ ਉਤਸ਼ਾਹਿਤ ਕੀਤਾ


ਸਾਡੇ ਐਥਲੀਟਾਂ ਨੂੰ ਪੈਰਿਸ 2024 ਓਲੰਪਿਕ ਖੇਡਾਂ ਦੀ ਤਿਆਰੀ ਵਿੱਚ ਸਭ ਤੋਂ ਵਧੀਆ ਸੰਭਵ ਸਹਿਯੋਗ ਮਿਲਿਆ ਹੈ: ਡਾ. ਮਾਂਡਵੀਆ

Posted On: 29 JUN 2024 5:59PM by PIB Chandigarh

ਕੇਂਦਰੀ ਯੁਵਾ ਮਾਮਲੇ ਤੇ ਖੇਡਾਂ ਅਤੇ ਕਿਰਤ ਤੇ ਰੋਜ਼ਗਾਰ ਮੰਤਰੀ ਡਾ. ਮਨਸੁਖ ਮਾਂਡਵੀਆ ਨੇ ਅੱਜ ਨੇਤਾਜੀ ਸੁਭਾਸ਼ ਨੈਸ਼ਨਲ ਇੰਸਟੀਟਿਊਟ ਆਵੑ ਸਪੋਰਟਸ ਦਾ ਦੌਰਾ ਕੀਤਾ ਅਤੇ ਓਲੰਪਿਕਸ ਵਿੱਚ ਜਾਣ ਵਾਲੀ ਅਥਲੀਟ ਵੇਟਲਿਫਟਰ ਮੀਰਾਬਾਈ ਚਾਨੂ, ਜੈਵਲਿਨ ਥਰੋਅਰ ਅਨੂ ਰਾਣੀ ਅਤੇ ਸ਼ੌਟ ਪੁਟਰ ਆਭਾ ਖਟੂਆ ਨਾਲ ਮੁਲਾਕਾਤ ਕੀਤੀ ਅਤੇ ਨਵੇਂ ਬੁਨਿਆਦੀ ਢਾਂਚੇ ਦਾ ਮੁਆਇਨਾ ਕੀਤਾ।

 

ਡਾ. ਮਾਂਡਵੀਆ ਨੇ ਕਿਹਾ "ਮੀਰਾਬਾਈ, ਅੰਨੂ ਰਾਣੀ ਅਤੇ ਆਭਾ ਨਾਲ ਮੇਰੀ ਗੱਲਬਾਤ ਨੇ ਮੈਨੂੰ ਯਕੀਨ ਦਿਵਾਇਆ ਹੈ ਕਿ ਸਾਡੇ ਅਥਲੀਟਾਂ ਨੂੰ ਪੈਰਿਸ 2024 ਓਲੰਪਿਕ ਖੇਡਾਂ ਦੀ ਤਿਆਰੀ ਵਿੱਚ ਸਭ ਤੋਂ ਵਧੀਆ ਸਹਿਯੋਗ ਮਿਲਿਆ ਹੈ।”

ਮੀਰਾਬਾਈ ਚਾਨੂ ਨੇ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਤੋਂ ਵਿਸ਼ੇਸ਼ ਤੌਰ 'ਤੇ ਸੰਯੁਕਤ ਰਾਜ ਅਮਰੀਕਾ ਦੇ ਸੇਂਟ ਲੁਈਸ ਤੋਂ ਵਿਸ਼ਵ ਪ੍ਰਸਿੱਧ ਖੇਡ ਵਿਗਿਆਨੀ ਡਾ. ਐਰੋਨ ਹਾਰਸਚਿਗ ਦੀਆਂ ਸੇਵਾਵਾਂ ਪ੍ਰਾਪਤ ਕਰਨ ਲਈ ਮਿਲੇ ਭਰਪੂਰ ਸਹਿਯੋਗ 'ਤੇ ਚਾਨਣਾ ਪਾਇਆ, ਜਦੋਂ ਕਿ ਅੰਨੂ ਰਾਣੀ ਨੇ ਯੂਰਪੀਅਨ ਬੇਸਾਂ 'ਤੇ ਲੰਬੇ ਸਮੇਂ ਦੀ ਸਿਖਲਾਈ ਪ੍ਰਾਪਤ ਕਰਨ ਬਾਰੇ ਖੁਸ਼ੀ ਨਾਲ ਗੱਲ ਕੀਤੀ।

ਡਾ. ਮਾਂਡਵੀਆ ਨੇ ਨੈਸ਼ਨਲ ਸੈਂਟਰ ਆਵੑ ਐਕਸੀਲੈਂਸ ਵਿੱਚ ਨਾਮਜ਼ਦ ਹੋਰ ਅਥਲੀਟਾਂ ਅਤੇ ਇੱਥੋਂ ਦੇ ਕੁਝ ਪ੍ਰਮੁੱਖ ਕੋਚਾਂ ਨਾਲ ਵੀ ਗੱਲਬਾਤ ਕੀਤੀ। ਉਨ੍ਹਾਂ ਨੇ ਉਨ੍ਹਾਂ ਤੋਂ ਮੁਕਾਬਲੇ ਵਾਲੀਆਂ ਖੇਡਾਂ ਵਿੱਚੋਂ ਡਰਾਪ-ਆਊਟ ਦਰਾਂ ਨੂੰ ਘਟਾਉਣ ਬਾਰੇ ਸੁਝਾਅ ਮੰਗੇ। ਉਨ੍ਹਾਂ ਪੁੱਛਿਆ “ਤੁਹਾਨੂੰ ਲੋੜੀਂਦਾ ਸਮਰਥਨ ਮਿਲ ਰਿਹਾ ਹੈ। ਹਾਲਾਂਕਿ, ਉਨ੍ਹਾਂ ਵਿੱਚੋਂ ਬਹੁਤ ਸਾਰੇ ਜਿਨ੍ਹਾਂ ਨੇ ਤੁਹਾਡੇ ਨਾਲ ਸ਼ੁਰੂਆਤ ਕੀਤੀ, ਪਰ ਮੈਡਲ ਨਹੀਂ ਜਿੱਤੇ, ਉਹ ਪਿੱਛੇ ਰਹਿ ਗਏ। ਅਸੀਂ ਉਨ੍ਹਾਂ ਲਈ ਕੀ ਕਰ ਸਕਦੇ ਹਾਂ?”

ਉਨ੍ਹਾਂ ਨੇ ਇਹ ਵੀ ਸਾਂਝਾ ਕੀਤਾ ਕਿ ਖੇਡਾਂ ਦੇ ਸਰਵਪੱਖੀ ਵਿਕਾਸ ਲਈ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੇ ਵਿਜ਼ਨ ਨੂੰ ਧਿਆਨ ਵਿੱਚ ਰੱਖਦੇ ਹੋਏ, ਸਰਕਾਰ ਜ਼ਮੀਨੀ ਪੱਧਰ ਦੀ ਪ੍ਰਤਿਭਾ ਦੀ ਪਛਾਣ ਅਤੇ ਪੋਸ਼ਣ ਨੂੰ ਉਤਸ਼ਾਹਿਤ ਕਰੇਗੀ।

ਕੇਂਦਰੀ ਮੰਤਰੀ ਨੇ ਐੱਨਐੱਸਐੱਨਆਈਐੱਸ ਦੀ ਸਮੀਖਿਆ ਵੀ ਕੀਤੀ ਅਤੇ ਵਿਭਿੰਨ ਖੇਡ ਮੈਦਾਨਾਂ, ਖੇਡ ਵਿਗਿਆਨ ਸੁਵਿਧਾਵਾਂ ਅਤੇ ਨਵੀਆਂ ਬੁਨਿਆਦੀ ਢਾਂਚਾ ਪ੍ਰੋਜੈਕਟ ਸਾਈਟਾਂ ਦਾ ਦੌਰਾ ਕੀਤਾ। ਉਹ ਹਾਈ ਪਰਫੌਰਮੈਂਸ ਸੈਂਟਰ ਫਾਰ ਸਪੋਰਟਸ ਸਾਇੰਸ ਦੀ ਪ੍ਰਗਤੀ ਅਤੇ ਰਸੋਈ ਅਤੇ ਖਾਣੇ ਤੋਂ ਵੀ ਖੁਸ਼ ਸਨ।

ਡਾ. ਮਾਂਡਵੀਆ ਨੇ ਕਿਹਾ, “ਮੈਂ ਭਾਰਤੀ ਖੇਡਾਂ ਦੇ ਪਰੰਪਰਾਗਤ ਘਰ ਐੱਨਆਈਐੱਸ ਵਿੱਚ ਆ ਕੇ ਬਹੁਤ ਖੁਸ਼ ਹਾਂ, ਇਹ ਨਾ ਸਿਰਫ਼ ਮਿਆਰੀ ਕੋਚ ਪੈਦਾ ਕਰਨ ਲਈ ਇੱਕ ਮਹੱਤਵਪੂਰਨ ਕੇਂਦਰ ਹੈ ਜੋ ਜ਼ਮੀਨੀ ਪੱਧਰ 'ਤੇ ਬਦਲਾਅ ਲਿਆ ਸਕਦੇ ਹਨ, ਬਲਕਿ ਇਸ ਵਿੱਚ ਕੁਝ ਵਧੀਆ ਟ੍ਰੇਨਿੰਗ ਸੁਵਿਧਾਵਾਂ ਵੀ ਹਨ। ਸਾਡੇ ਅਥਲੀਟਾਂ ਵਿੱਚੋਂ ਜਿਨ੍ਹਾਂ ਨੇ ਦੁਨੀਆ ਭਰ ਦੇ ਦੂਸਰੇ ਕੇਂਦਰਾਂ ਵਿੱਚ ਟ੍ਰੇਨਿੰਗ ਲਈ ਹੈ, ਮੰਨਦੇ ਹਨ ਕਿ ਐੱਨਆਈਐੱਸ ਦੀ ਤੁਲਨਾ ਸਰਵੋਤਮ ਨਾਲ ਕੀਤੀ ਜਾ ਸਕਦੀ ਹੈ।"

 

ਕੇਂਦਰੀ ਮੰਤਰੀ ਇਸ ਤੋਂ ਬਾਅਦ ਪੰਚਕੂਲਾ ਲਈ ਰਵਾਨਾ ਹੋਏ, ਜਿੱਥੇ ਉਨ੍ਹਾਂ ਨੇ ਤਾਊ ਦੇਵੀ ਲਾਲ ਸਟੇਡੀਅਮ ਵਿਖੇ ਰਾਸ਼ਟਰੀ ਅੰਤਰ-ਰਾਜੀ ਅਥਲੈਟਿਕਸ ਚੈਂਪੀਅਨਸ਼ਿਪ ਦੌਰਾਨ ਭਾਰਤੀ ਅਥਲੈਟਿਕਸ ਫੈਡਰੇਸ਼ਨ ਦੇ ਨਵੇਂ ਲੋਗੋ ਦਾ ਉਦਘਾਟਨ ਕਰਨਾ ਸੀ।

 

******

 

ਪ੍ਰਗਿਆ ਪਾਲੀਵਾਲ ਗੌੜ/ਹਿਮਾਂਸ਼ੂ ਪਾਠਕ



(Release ID: 2029585) Visitor Counter : 21