ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ
ਭਾਰਤ 25 ਤੋਂ 27 ਜੂਨ 2024 ਤੱਕ 64ਵੀਂ ਆਈਐੱਸਓ ਕੌਂਸਲ ਮੀਟਿੰਗ ਦੀ ਮੇਜ਼ਬਾਨੀ ਕਰੇਗਾ
ਆਈਐੱਸਓ ਕਾਨਫ਼ਰੰਸ ਵਿੱਚ 30 ਤੋਂ ਵੱਧ ਦੇਸ਼ਾਂ ਦੇ ਡੈਲੀਗੇਟ ਭਾਗ ਲੈ ਰਹੇ ਹਨ
Posted On:
24 JUN 2024 2:34PM by PIB Chandigarh
ਭਾਰਤ 25 ਤੋਂ 27 ਜੂਨ, 2024 ਤੱਕ ਨਵੀਂ ਦਿੱਲੀ ਵਿੱਚ ਖੰਡ ਖੇਤਰ ਵਿੱਚ ਇੱਕ ਆਲਮੀ ਈਵੈਂਟ ‘ਆਈਐੱਸਓ ਕੌਂਸਲ ਮੀਟਿੰਗ’ ਦੀ ਮੇਜ਼ਬਾਨੀ ਕਰ ਰਿਹਾ ਹੈ। 30 ਤੋਂ ਵੱਧ ਦੇਸ਼ਾਂ ਦੇ ਡੈਲੀਗੇਟ ਅਤੇ ਕਈ ਅੰਤਰਰਾਸ਼ਟਰੀ ਸੰਸਥਾਵਾਂ ਦੇ ਪ੍ਰਤੀਨਿਧੀ ਖੰਡ ਅਤੇ ਜੈਵਿਕ ਈਂਧਨ ਸੈਕਟਰ ਦੇ ਅਹਿਮ ਮੁੱਦਿਆਂ 'ਤੇ ਵਿਚਾਰ-ਵਟਾਂਦਰਾ ਕਰਨ ਲਈ ਸ਼ਾਮਲ ਹੋ ਰਹੇ ਹਨ।
ਭਾਰਤ ਦੁਨੀਆ ਦਾ ਸਭ ਤੋਂ ਵੱਡਾ ਖਪਤਕਾਰ ਅਤੇ ਖੰਡ ਦਾ ਦੂਜਾ ਸਭ ਤੋਂ ਵੱਡਾ ਉਤਪਾਦਕ ਹੈ, ਇਸ ਲਈ ਆਈਐੱਸਓ ਕੌਂਸਲ ਨੇ ਭਾਰਤ ਨੂੰ 2024 ਲਈ ਸੰਸਥਾ ਦੇ ਚੇਅਰ ਵਜੋਂ ਨਾਮਜ਼ਦ ਕੀਤਾ ਹੈ। ਮੀਟਿੰਗ ਦੇ ਇੱਕ ਹਿੱਸੇ ਵਜੋਂ ਭਾਰਤ 24 ਜੂਨ, 2024 ਨੂੰ ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਵਿੱਚ ਇੱਕ ਅਨਾਜ-ਅਧਾਰਤ ਡਿਸਟਿਲਰੀ ਵਿੱਚ ਅੰਤਰਰਾਸ਼ਟਰੀ ਪ੍ਰਤੀਨਿਧਾਂ ਦੇ ਉਦਯੋਗਿਕ ਦੌਰੇ ਦੇ ਨਾਲ ਪ੍ਰੋਗਰਾਮਾਂ ਦੀ ਇੱਕ ਲੜੀ ਸ਼ੁਰੂ ਕਰ ਰਿਹਾ ਹੈ ਤਾਂ ਜੋ ਜੈਵਿਕ ਈਂਧਨ ਅਤੇ ਹੋਰ ਉਪ-ਉਤਪਾਦਾਂ ਦੇ ਉਤਪਾਦਨ ਵਿੱਚ ਭਾਰਤ ਵੱਲੋਂ ਅਪਣਾਈ ਗਈ ਨਵੀਨਤਮ ਤਕਨਾਲੋਜੀ ਨੂੰ ਪ੍ਰਦਰਸ਼ਿਤ ਕੀਤਾ ਜਾ ਸਕੇ।
25.06.2024 ਨੂੰ ਭਾਰਤ ਮੰਡਪਮ ਵਿਖੇ ‘ਸ਼ੂਗਰ ਐਂਡ ਬਾਇਓਫਿਊਲ – ਐਮਰਜਿੰਗ ਵਿਸਟਾਸ’ਵਿਸ਼ੇ ’ਤੇ ਵਰਕਸ਼ਾਪ ਦਾ ਆਯੋਜਨ ਕੀਤਾ ਜਾ ਰਿਹਾ ਹੈ। ਸ੍ਰੀ ਪ੍ਰਹਲਾਦ ਜੋਸ਼ੀ, ਕੇਂਦਰੀ ਖਪਤਕਾਰ ਮਾਮਲੇ, ਖ਼ੁਰਾਕ ਅਤੇ ਜਨਤਕ ਵੰਡ ਅਤੇ ਨਵੀਂ ਅਤੇ ਅਖੁੱਟ ਊਰਜਾ ਮੰਤਰੀ, ਵਰਕਸ਼ਾਪ ਦਾ ਉਦਘਾਟਨ ਕਰਨਗੇ।
ਵਰਕਸ਼ਾਪ ਵਿੱਚ ਅੰਤਰਰਾਸ਼ਟਰੀ ਡੈਲੀਗੇਟ, ਭਾਰਤੀ ਖੰਡ ਮਿੱਲਾਂ ਦੇ ਚੋਟੀ ਦੇ ਪ੍ਰਬੰਧਨ, ਆਈਐੱਸਐੱਮਏ ਅਤੇ ਐੱਨਐੱਫਸੀਐੱਸਐੱਫ ਵਰਗੀਆਂ ਉਦਯੋਗਿਕ ਐਸੋਸੀਏਸ਼ਨਾਂ ਦੇ ਨਾਲ-ਨਾਲ ਤਕਨੀਕੀ ਮਾਹਿਰ ਹਿੱਸਾ ਲੈ ਰਹੇ ਹਨ। ਇਹ ਫੋਰਮ ਵੱਖ-ਵੱਖ ਸੰਗਠਨਾਂ ਅਤੇ ਦੁਨੀਆ ਦੇ ਵੱਖ-ਵੱਖ ਹਿੱਸਿਆਂ ਤੋਂ ਆਉਣ ਵਾਲੇ 200 ਤੋਂ ਵੱਧ ਪ੍ਰਤੀਨਿਧੀਆਂ ਨੂੰ ਆਲਮੀ ਖੰਡ ਸੈਕਟਰ, ਜੈਵਿਕ ਈਂਧਨ, ਸਥਿਰਤਾ ਅਤੇ ਕਿਸਾਨਾਂ ਦੀ ਭੂਮਿਕਾ ਆਦਿ 'ਤੇ ਵਿਸ਼ਵ ਦੇ ਭਵਿੱਖ ਦੇ ਦ੍ਰਿਸ਼ਟੀਕੋਣ 'ਤੇ ਚਰਚਾ ਕਰਨ ਦਾ ਮੌਕਾ ਪ੍ਰਦਾਨ ਕਰੇਗਾ। ਇਸ ਦਾ ਮੰਤਵ ਗਲੋਬਲ ਬਾਇਓਫਿਊਲ ਅਲਾਇੰਸ ਨੂੰ ਮਜ਼ਬੂਤ ਕਰਨਾ ਵੀ ਹੈ ਜੋ ਕਿ ਭਾਰਤ ਦੇ ਮਾਣਯੋਗ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਇੱਕ ਪਹਿਲਕਦਮੀ ਹੈ, ਜਿਸ ਨੇ ਗ੍ਰੀਨਹਾਊਸ ਗੈਸਾਂ ਦੇ ਨਿਕਾਸ ਨੂੰ ਘਟਾਉਣ ਦੇ ਯਤਨ ਵਜੋਂ ਵਿਸ਼ਵ ਵਿੱਚ ਟਿਕਾਊ ਬਾਇਓਫਿਊਲ ਨੂੰ ਅਪਣਾਉਣ ਅਤੇ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਦੇਸ਼ਾਂ ਨੂੰ ਇੱਕਜੁੱਟ ਕੀਤਾ ਹੈ। ਆਈਐੱਸਓ ਅਤੇ ਗਲੋਬਲ ਬਾਇਓਫਿਊਲ ਅਲਾਇੰਸ ਦੇ ਬਹੁਤ ਸਾਰੇ ਦੇਸ਼ ਸਾਂਝੇ ਮੈਂਬਰ ਹਨ ਅਤੇ ਇਹ ਗਠਜੋੜ ਨੂੰ ਵਧਾਉਣ ਅਤੇ ਜੈਵਿਕ ਈਂਧਨ ਦੇ ਪ੍ਰਚਾਰ ਲਈ ਇੱਕ ਹੋਰ ਮੰਚ ਹੋ ਸਕਦਾ ਹੈ।
ਇੰਟਰਨੈਸ਼ਨਲ ਸ਼ੂਗਰ ਆਰਗੇਨਾਈਜ਼ੇਸ਼ਨ (ਆਈਐੱਸਓ) ਸੰਯੁਕਤ ਰਾਸ਼ਟਰ ਤੋਂ ਮਾਨਤਾ ਪ੍ਰਾਪਤ ਸੰਸਥਾ ਹੈ, ਜਿਸਦਾ ਮੁੱਖ ਦਫ਼ਤਰ ਲੰਡਨ ਵਿਖੇ ਹੈ। ਆਈਐੱਸਓ ਦੇ ਲਗਭਗ 85 ਦੇਸ਼ ਮੈਂਬਰ ਹਨ, ਜੋ ਵਿਸ਼ਵ ਵਿੱਚ ਲਗਭਗ 90% ਖੰਡ ਉਤਪਾਦਨ ਕਰਦੇ ਹਨ। ਖੰਡ ਸੈਕਟਰ ਨਾਲ ਸਬੰਧਤ ਮੁੱਦਿਆਂ ਨਾਲ ਨਜਿੱਠਣ ਲਈ ਆਪਸੀ ਸਮਝਦਾਰੀ ਅਤੇ ਪ੍ਰਗਤੀਸ਼ੀਲ ਪਹੁੰਚ ਲਿਆਉਣ ਲਈ ਪ੍ਰਮੁੱਖ ਖੰਡ ਉਤਪਾਦਕ, ਖਪਤਕਾਰ ਅਤੇ ਵਪਾਰਕ ਦੇਸ਼ਾਂ ਨੂੰ ਇਕੱਠੇ ਕਰਨਾ ਲਾਜ਼ਮੀ ਹੈ। ਆਈਐੱਸਓ ਜੈਵਿਕ ਈਂਧਨ ਖ਼ਾਸ ਤੌਰ 'ਤੇ ਈਥਾਨੌਲ 'ਤੇ ਵੀ ਕੰਮ ਕਰ ਰਿਹਾ ਹੈ, ਕਿਉਂਕਿ ਗੰਨਾ ਵਿਸ਼ਵ ਵਿੱਚ ਈਥਾਨੌਲ ਉਤਪਾਦਨ ਲਈ ਦੂਜਾ ਪ੍ਰਮੁੱਖ ਫੀਡਸਟੌਕ ਹੈ।
ਵਿਸ਼ਵ ਦੇ ਵੱਖ-ਵੱਖ ਹਿੱਸਿਆਂ ਤੋਂ ਆਉਣ ਵਾਲੇ ਡੈਲੀਗੇਟਾਂ ਲਈ 25.06.2024 ਦੀ ਸ਼ਾਮ ਨੂੰ ਤੈਅ ਕੀਤੇ ਗਏ ਸਭਿਆਚਾਰਕ ਪ੍ਰੋਗਰਾਮ ਦਾ ਮੰਤਵ ਵਿਭਿੰਨ ਅਤੇ ਅਮੀਰ ਭਾਰਤੀ ਸਭਿਆਚਾਰ ਦੀ ਝਲਕ ਪ੍ਰਦਰਸ਼ਿਤ ਕਰਨਾ ਹੈ।
26.06.2024 ਅਤੇ 27.06.2024 ਨੂੰ ਆਈਐੱਸਓ ਦੀਆਂ ਵੱਖ-ਵੱਖ ਕਮੇਟੀਆਂ ਦੀਆਂ ਮੀਟਿੰਗਾਂ ਆਯੋਜਿਤ ਕੀਤੀਆਂ ਜਾਣਗੀਆਂ, ਜੋ ਮੁੱਖ ਤੌਰ 'ਤੇ ਸੰਗਠਨ ਦੇ ਵੱਖ-ਵੱਖ ਪ੍ਰਸ਼ਾਸਕੀ ਅਤੇ ਕਾਰਜਕਾਰੀ ਪਹਿਲੂਆਂ 'ਤੇ ਕੇਂਦਰਿਤ ਹਨ। ਇਸ ਵਿੱਚ ਆਈਐੱਸਓ ਦੇ ਅਰਥਸ਼ਾਸਤਰੀਆਂ ਵੱਲੋਂ ਕਰਵਾਏ ਗਏ ਕੁਝ ਅਧਿਐਨਾਂ ਦੀ ਪੇਸ਼ਕਾਰੀ ਵੀ ਦਿੱਤੀ ਜਾਣੀ ਹੈ। ਖ਼ੁਰਾਕ ਅਤੇ ਜਨਤਕ ਵੰਡ ਵਿਭਾਗ ਦੇ ਸਕੱਤਰ ਸ੍ਰੀ ਸੰਜੀਵ ਚੋਪੜਾ ਸੰਗਠਨ ਦੇ ਚੇਅਰਮੈਨ ਦੀ ਹੈਸੀਅਤ ਵਿੱਚ 26 - 27 ਜੂਨ, 2024 ਨੂੰ ਮੀਟਿੰਗਾਂ ਦੀ ਪ੍ਰਧਾਨਗੀ ਕਰਨਗੇ।
ਪ੍ਰੋਗਰਾਮ ਦੀ ਸਮਾਪਤੀ 27.06.2024 ਸ਼ਾਮ ਨੂੰ ਨਵੀਂ ਦਿੱਲੀ ਦੇ ਲਾਲ ਕਿਲ੍ਹੇ ਦੇ ਦੌਰੇ ਅਤੇ 28.06.2024 ਨੂੰ ਪ੍ਰਧਾਨ ਮੰਤਰੀ ਅਜਾਇਬ ਘਰ ਅਤੇ ਲਾਇਬ੍ਰੇਰੀ, ਨਵੀਂ ਦਿੱਲੀ ਦੇ ਦੌਰੇ ਨਾਲ ਕੀਤੀ ਜਾਵੇਗੀ।
ਕੁੱਲ ਮਿਲਾ ਕੇ ਹਫ਼ਤਾ ਭਰ ਚੱਲਣ ਵਾਲਾ ਇਹ ਪ੍ਰੋਗਰਾਮ ਖੰਡ ਅਤੇ ਈਂਧਨ ਸੈਕਟਰ ਦੇ ਨਾਲ-ਨਾਲ ਕੌਮਾਂਤਰੀ ਖੰਡ ਸੰਗਠਨ ਦੇ ਪ੍ਰਸ਼ਾਸਕੀ ਕੰਮਕਾਜ ਬਾਰੇ ਵਿਚਾਰ-ਵਟਾਂਦਰਾ, ਚਰਚਾ, ਅਕਾਦਮਿਕ ਅਧਿਐਨਾਂ ਦਾ ਸੰਗ੍ਰਹਿ ਹੈ। ਇਹ ਖੇਤਰ ਵਿੱਚ ਭਾਰਤ ਦੀ ਅਗਵਾਈ ਦਾ ਪ੍ਰਤੀਬਿੰਬ ਵੀ ਹੈ।
************
ਨਿਹੀ ਸ਼ਰਮਾ
(Release ID: 2028464)
Visitor Counter : 69