ਖੇਤੀਬਾੜੀ ਮੰਤਰਾਲਾ

ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਯੁੱਗ ਵਿੱਚ 'ਦੂਰਦਰਸ਼ਨ' ਦਾ ਪ੍ਰਵੇਸ਼


ਡੀਡੀ ਕਿਸਾਨ 26 ਮਈ, 2024 ਨੂੰ ਦੋ ਏਆਈ ਐਂਕਰਾਂ ਏਆਈ ਕ੍ਰਿਸ਼ ਅਤੇ ਏਆਈ ਭੂਮੀ ਦੀ ਸ਼ੁਰੂਆਤ ਕਰੇਗਾ

ਏਆਈ ਐਂਕਰ ਪੰਜਾਹ ਭਾਸ਼ਾਵਾਂ ਵਿੱਚ ਗੱਲ ਕਰ ਸਕਦੇ ਹਨ

Posted On: 24 MAY 2024 9:46AM by PIB Chandigarh

ਦੂਰਦਰਸ਼ਨ ਇੱਕ ਹੋਰ ਪ੍ਰਾਪਤੀ ਹਾਸਲ ਕਰਨ ਜਾ ਰਿਹਾ ਹੈ ਕਿਉਂਕਿ 9 ਸਾਲਾਂ ਦੀ ਸ਼ਾਨਦਾਰ ਸਫ਼ਲਤਾ ਤੋਂ ਬਾਅਦ ਡੀਡੀ ਕਿਸਾਨ 26 ਮਈ, 2024 ਨੂੰ ਭਾਰਤ ਦੇ ਕਿਸਾਨਾਂ ਵਿੱਚ ਇੱਕ ਨਵੀਂ ਦਿੱਖ ਅਤੇ ਇੱਕ ਨਵੀਂ ਸ਼ੈਲੀ ਦੇ ਨਾਲ ਆ ਰਿਹਾ ਹੈ, ਜਿੱਥੇ ਚੈਨਲ ਦੀ ਪੇਸ਼ਕਾਰੀ ਇੱਕ ਨਵੇਂ ਅੰਦਾਜ਼ ਵਿੱਚ ਹੋਣ ਜਾ ਰਹੀ ਹੈ। 

'ਆਰਟੀਫੀਸ਼ੀਅਲ ਇੰਟੈਲੀਜੈਂਸ' ਦੇ ਇਸ ਯੁੱਗ ਵਿੱਚ ਇਹ ਦੇਸ਼ ਦਾ ਪਹਿਲਾ ਸਰਕਾਰੀ ਟੀਵੀ ਚੈਨਲ ਬਣਨ ਜਾ ਰਿਹਾ ਹੈ, ਜਿੱਥੇ ਸਾਰਿਆਂ ਦੀਆਂ ਨਜ਼ਰਾਂ ਏਆਈ ਐਂਕਰ 'ਤੇ ਲੱਗਣ ਵਾਲੀਆਂ ਹਨ। ਦੂਰਦਰਸ਼ਨ ਕਿਸਾਨ ਦੋ ਏਆਈ ਐਂਕਰ ਏਆਈ ਕ੍ਰਿਸ਼ ਅਤੇ ਏਆਈ ਭੂਮੀ ਦੀ ਸ਼ੁਰੂਆਤ ਕਰਨ ਜਾ ਰਿਹਾ ਹੈ। ਇਹ ਨਿਊਜ਼ ਐਂਕਰ ਇੱਕ ਕੰਪਿਊਟਰ ਹਨ, ਜੋ ਹੂ-ਬ-ਹੂ ਮਨੁੱਖ ਵਾਂਗ ਹਨ ਅਤੇ ਮਨੁੱਖ ਵਾਂਗ ਹੀ ਕੰਮ ਕਰ ਸਕਦੇ ਹਨ। ਇਹ ਐਂਕਰ ਬਿਨਾਂ ਰੁਕੇ ਜਾਂ ਥੱਕੇ 24 ਘੰਟੇ ਅਤੇ 365 ਦਿਨ ਖ਼ਬਰਾਂ ਪੜ੍ਹ ਸਕਦੇ ਹਨ।

ਕਿਸਾਨ ਦਰਸ਼ਕ ਇਨ੍ਹਾਂ ਐਂਕਰਾਂ ਨੂੰ ਦੇਸ਼ ਦੇ ਸਾਰੇ ਰਾਜਾਂ ਕਸ਼ਮੀਰ ਤੋਂ ਲੈ ਕੇ ਤਾਮਿਲਨਾਡੂ ਅਤੇ ਗੁਜਰਾਤ ਤੋਂ ਅਰੁਣਾਚਲ ਪ੍ਰਦੇਸ਼ ਤੱਕ ਦੇਖਣ ਦੇ ਯੋਗ ਹੋ ਸਕਣਗੇ। ਇਹ ਏਆਈ ਐਂਕਰ ਦੇਸ਼ ਅਤੇ ਵਿਸ਼ਵ ਪੱਧਰ 'ਤੇ ਹੋ ਰਹੀਆਂ ਖੇਤੀ ਖੋਜਾਂ, ਅਨਾਜ ਮੰਡੀਆਂ ਦੇ ਰੁਝਾਨਾਂ, ਮੌਸਮ ਵਿੱਚ ਬਦਲਾਅ, ਹਰ ਲੋੜੀਂਦੀ ਜਾਣਕਾਰੀ ਪ੍ਰਦਾਨ ਕਰਨਗੇ। ਇਨ੍ਹਾਂ ਐਂਕਰਾਂ ਦੀ ਇੱਕ ਖ਼ਾਸ ਗੱਲ ਇਹ ਹੈ ਕਿ ਇਹ ਦੇਸ਼-ਵਿਦੇਸ਼ ਦੀਆਂ ਪੰਜਾਹ ਭਾਸ਼ਾਵਾਂ ਵਿਚ ਗੱਲ ਕਰ ਸਕਦੇ ਹਨ।

ਡੀਡੀ ਕਿਸਾਨ ਦੇ ਉਦੇਸ਼ਾਂ ਵਿੱਚ ਸ਼ਾਮਲ ਕੁਝ ਵਿਸ਼ੇਸ਼ ਤੱਥ:

ਡੀਡੀ ਕਿਸਾਨ ਦੇਸ਼ ਦਾ ਇੱਕੋ-ਇੱਕ ਟੀਵੀ ਚੈਨਲ ਹੈ, ਜਿਸ ਦੀ ਸਥਾਪਨਾ ਭਾਰਤ ਸਰਕਾਰ ਵੱਲੋਂ ਕੀਤੀ ਗਈ ਹੈ ਅਤੇ ਕਿਸਾਨਾਂ ਨੂੰ ਸਮਰਪਿਤ ਹੈ। ਇਹ ਚੈਨਲ 26 ਮਈ, 2015 ਨੂੰ ਸਥਾਪਿਤ ਕੀਤਾ ਗਿਆ ਸੀ।

ਡੀਡੀ ਕਿਸਾਨ ਚੈਨਲ ਦੀ ਸਥਾਪਨਾ ਦਾ ਉਦੇਸ਼ ਕਿਸਾਨਾਂ ਨੂੰ ਮੌਸਮ, ਵਿਸ਼ਵ ਪੱਧਰੀ ਅਤੇ ਸਥਾਨਕ ਮੰਡੀਆਂ ਆਦਿ ਵਿੱਚ ਆਉਣ ਵਾਲੀਆਂ ਤਬਦੀਲੀਆਂ ਤੋਂ ਹਮੇਸ਼ਾ ਜਾਣੂ ਕਰਵਾਉਣਾ ਸੀ ਤਾਂ ਜੋ ਕਿਸਾਨ ਪਹਿਲਾਂ ਤੋਂ ਹੀ ਢੁਕਵੀਂ ਯੋਜਨਾ ਬਣਾ ਸਕਣ ਅਤੇ ਸਮੇਂ ਸਿਰ ਸਹੀ ਫੈਸਲੇ ਲੈ ਸਕਣ। ਡੀਡੀ ਕਿਸਾਨ ਚੈਨਲ ਪਿਛਲੇ 9 ਸਾਲਾਂ ਤੋਂ ਇਨ੍ਹਾਂ ਮਾਪਦੰਡਾਂ ’ਤੇ ਖਰਾ ਉੱਤਰ ਰਿਹਾ ਹੈ।

ਡੀਡੀ ਕਿਸਾਨ ਚੈਨਲ ਪ੍ਰਗਤੀਸ਼ੀਲ ਕਿਸਾਨਾਂ ਦੇ ਯਤਨਾਂ ਨੂੰ ਸਾਰੇ ਹੀ ਲੋਕਾਂ ਸਾਹਮਣੇ ਲਿਆਉਣ ਲਈ ਵੀ ਕੰਮ ਰਿਹਾ ਹੈ, ਜਿਸਦਾ ਉਦੇਸ਼ ਦੇਸ਼ ਵਿੱਚ ਖੇਤੀਬਾੜੀ ਅਤੇ ਪੇਂਡੂ ਭਾਈਚਾਰੇ ਦੀ ਸੇਵਾ ਕਰਨ ਅਤੇ ਉਨ੍ਹਾਂ ਨੂੰ ਸਿੱਖਿਅਤ ਕਰਕੇ ਸਮੁੱਚੇ ਵਿਕਾਸ ਦਾ ਵਾਤਾਵਰਨ ਬਣਾਉਣ ਦੀ ਦਿਸ਼ਾ ਵਿੱਚ ਕੰਮ ਕਰਨਾ ਹੈ।  

ਡੀਡੀ ਕਿਸਾਨ ਚੈਨਲ ਖੇਤੀਬਾੜੀ ਦੇ ਤਿੰਨ-ਅਯਾਮੀ ਸੰਕਲਪ ਨੂੰ ਮਜ਼ਬੂਤ ਕਰ ਰਿਹਾ ਹੈ, ਜਿਸ ਵਿੱਚ ਸੰਤੁਲਿਤ ਖੇਤੀ, ਪਸ਼ੂ ਪਾਲਣ ਅਤੇ ਪੌਦੇ ਲਗਾਉਣਾ ਸ਼ਾਮਲ ਹਨ।

 

************

 

ਐੱਸਕੇ/ਐੱਸਐੱਸ/ਐੱਸਐੱਮ 



(Release ID: 2021487) Visitor Counter : 28