ਭਾਰਤ ਚੋਣ ਕਮਿਸ਼ਨ
azadi ka amrit mahotsav

ਭਾਰਤੀ ਚੋਣ ਕਮਿਸ਼ਨ ਦੇ ਸੱਦੇ 'ਤੇ 23 ਦੇਸ਼ਾਂ ਦੇ ਈਐੱਮਬੀਜ਼ ਦੇ 75 ਅੰਤਰਰਾਸ਼ਟਰੀ ਪ੍ਰਤੀਨਿਧੀ ਦੁਨੀਆ ਦੀਆਂ ਸਭ ਤੋਂ ਵੱਡੀਆਂ ਚੋਣਾਂ ਨੂੰ ਦੇਖਣ ਲਈ ਪਹੁੰਚੇ

प्रविष्टि तिथि: 04 MAY 2024 1:44PM by PIB Chandigarh

ਚੋਣ ਅਖੰਡਤਾ ਅਤੇ ਪਾਰਦਰਸ਼ਤਾ ਦੇ ਪ੍ਰਤੀਕ ਵਜੋਂ ਭਾਰਤ ਦਾ ਚੋਣ ਕਮਿਸ਼ਨ ਉੱਚਤਮ ਮਿਆਰਾਂ ਦੀਆਂ ਆਮ ਚੋਣਾਂ ਕਰਵਾਉਣ ਦੀ ਆਪਣੀ ਵਚਨਬੱਧਤਾ ਨੂੰ ਦਰਸਾਉਂਦਾ ਹੈ, ਜਿਸ ਲਈ ਲੋਕਤੰਤਰੀ ਉੱਤਮਤਾ ਨੂੰ ਦੇਖਣ ਲਈ ਆਲਮੀ ਚੋਣ ਪ੍ਰਬੰਧਨ ਸੰਸਥਾਵਾਂ (ਈਐੱਮਬੀਜ਼) ਲਈ ਸੁਨਹਿਰੀ ਮੌਕੇ ਦੀ ਪੇਸ਼ਕਸ਼ ਕੀਤੀ ਹੈ। ਭਾਰਤ ਦਾ ਚੋਣ ਕਮਿਸ਼ਨ ਚੱਲ ਰਹੀਆਂ ਲੋਕ ਸਭਾ ਚੋਣਾਂ 2024 ਦੌਰਾਨ ਚੋਣ ਵਿਜ਼ਟਰਜ਼ ਪ੍ਰੋਗਰਾਮ (ਆਈਈਵੀਪੀ) ਦਾ ਆਯੋਜਨ ਕਰਕੇ ਅੰਤਰਰਾਸ਼ਟਰੀ ਸਹਿਯੋਗ ਨੂੰ ਵਧਾ ਰਿਹਾ ਹੈ।

ਭਾਗੀਦਾਰੀ ਦੇ ਪੈਮਾਨੇ ਅਤੇ ਵਿਸ਼ਾਲਤਾ ਦੇ ਰੂਪ ਵਿੱਚ ਇਹ ਪਹਿਲਾ ਈਵੈਂਟ ਹੋਵੇਗਾ। ਭੂਟਾਨ, ਮੰਗੋਲੀਆ, ਆਸਟ੍ਰੇਲੀਆ, ਮੈਡਾਗਾਸਕਰ, ਫਿਜੀ, ਕਿਰਗਿਜ਼ ਗਣਰਾਜ, ਰੂਸ, ਮੋਲਡੋਵਾ, ਟਿਊਨੀਸ਼ੀਆ, ਸੇਸ਼ੇਲਸ, ਕੰਬੋਡੀਆ, ਨੇਪਾਲ, ਫਿਲੀਪੀਨਜ਼, ਸ਼੍ਰੀਲੰਕਾ, ਜ਼ਿੰਬਾਬਵੇ, ਬੰਗਲਾਦੇਸ਼, ਕਜ਼ਾਕਿਸਤਾਨ, ਜਾਰਜੀਆ, ਚਿਲੀ, ਉਜ਼ਬੇਕਿਸਤਾਨ, ਮਾਲਦੀਵ, ਪਾਪੁਆ ਨਿਊ ਗਿਨੀ ਅਤੇ ਨਾਮੀਬੀਆ ਜਿਹੇ 23 ਦੇਸ਼ਾਂ ਦੇ ਵੱਖ-ਵੱਖ ਈਐੱਮਬੀਜ਼ ਅਤੇ ਸੰਗਠਨਾਂ ਦੀ ਨੁਮਾਇੰਦਗੀ ਕਰਨ ਵਾਲੇ 75 ਡੈਲੀਗੇਟ ਈਵੈਂਟ ਵਿੱਚ ਹਿੱਸਾ ਲੈਣਗੇ। ਇੰਟਰਨੈਸ਼ਨਲ ਫਾਊਂਡੇਸ਼ਨ ਫਾਰ ਇਲੈਕਟੋਰਲ ਸਿਸਟਮ (ਆਈਐੱਫਈਐੱਸ) ਦੇ ਮੈਂਬਰ ਅਤੇ ਭੂਟਾਨ ਅਤੇ ਇਜ਼ਰਾਈਲ ਦੀਆਂ ਮੀਡੀਆ ਟੀਮਾਂ ਵੀ ਹਿੱਸਾ ਲੈਣਗੀਆਂ।

4 ਮਈ ਤੋਂ ਸ਼ੁਰੂ ਹੋਣ ਵਾਲਾ ਇਹ ਪ੍ਰੋਗਰਾਮ ਵਿਦੇਸ਼ੀ ਚੋਣ ਪ੍ਰਬੰਧਨ ਸੰਸਥਾਵਾਂ (ਈਐੱਮਬੀਜ਼) ਨੂੰ ਭਾਰਤ ਦੀ ਚੋਣ ਪ੍ਰਣਾਲੀ ਦੀਆਂ ਬਾਰੀਕੀਆਂ ਦੇ ਨਾਲ-ਨਾਲ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਵੱਲੋਂ ਵਰਤੇ ਜਾਂਦੇ ਸਭ ਤੋਂ ਵਧੀਆ ਅਭਿਆਸਾਂ ਤੋਂ ਜਾਣੂ ਕਰਵਾਏਗਾ। ਮੁੱਖ ਚੋਣ ਕਮਿਸ਼ਨਰ ਸ਼੍ਰੀ ਰਾਜੀਵ ਕੁਮਾਰ, ਚੋਣ ਕਮਿਸ਼ਨਰ ਸ਼੍ਰੀ ਗਿਆਨੇਸ਼ ਕੁਮਾਰ ਅਤੇ ਡਾ. ਸੁਖਬੀਰ ਸਿੰਘ ਸੰਧੂ 5 ਮਈ, 2024 ਨੂੰ ਪ੍ਰਤੀਨਿਧੀਆਂ ਨੂੰ ਸੰਬੋਧਨ ਕਰਨਗੇ। ਇਸ ਤੋਂ ਬਾਅਦ ਪ੍ਰਤੀਨਿਧੀ ਛੇ ਰਾਜਾਂ- ਮਹਾਰਾਸ਼ਟਰ, ਗੋਆ, ਗੁਜਰਾਤ, ਕਰਨਾਟਕ, ਮੱਧ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਵਿੱਚ ਵੱਖ-ਵੱਖ ਹਲਕਿਆਂ ਵਿੱਚ ਚੋਣਾਂ ਅਤੇ ਸਬੰਧਿਤ ਤਿਆਰੀ ਦਾ ਨਿਰੀਖਣ ਕਰਨ ਲਈ ਛੋਟੇ ਸਮੂਹਾਂ ਵਿੱਚ ਦੌਰੇ 'ਤੇ ਜਾਣਗੇ। ਇਹ ਪ੍ਰੋਗਰਾਮ 9 ਮਈ, 2024 ਨੂੰ ਸਮਾਪਤ ਹੋਵੇਗਾ।

************

ਡੀਕੇ/ਆਰਪੀ


(रिलीज़ आईडी: 2019829) आगंतुक पटल : 246
इस विज्ञप्ति को इन भाषाओं में पढ़ें: English , Urdu , Marathi , हिन्दी , Hindi_MP , Manipuri , Assamese , Bengali , Gujarati , Odia , Tamil , Kannada , Malayalam