ਵਣਜ ਤੇ ਉਦਯੋਗ ਮੰਤਰਾਲਾ

ਚੌਥਾ ਸ਼ੰਘਾਈ ਸਹਿਯੋਗ ਸੰਗਠਨ ਸਟਾਰਟਅੱਪ ਫੋਰਮ ਨਵੀਂ ਦਿੱਲੀ ਵਿੱਚ ਕੀਤਾ ਗਿਆ ਆਯੋਜਿਤ


ਸ਼ੰਘਾਈ ਸਹਿਯੋਗ ਸੰਗਠਨ ਸਟਾਰਟਅੱਪ ਫੋਰਮ ਸਟਾਰਟਅੱਪਸ ਦਰਮਿਆਨ ਨਵੀਨਤਾਕਾਰੀ ਅਤੇ ਸਹਿਯੋਗ ਨੂੰ ਕਰੇਗਾ ਉਤਸ਼ਾਹਿਤ

Posted On: 21 MAR 2024 1:38PM by PIB Chandigarh

ਸ਼ੰਘਾਈ ਸਹਿਯੋਗ ਸੰਗਠਨ (ਐੱਸਸੀਓ) ਸਟਾਰਟਅੱਪ ਫੋਰਮ ਦਾ ਚੌਥਾ ਸੰਸਕਰਨ 19 ਮਾਰਚ, 2024 ਨੂੰ ਨਵੀਂ ਦਿੱਲੀ ਵਿੱਚ ਆਯੋਜਿਤ ਕੀਤਾ ਗਿਆ ਸੀ। ਇਹ ਪਹਿਲਕਦਮੀ ਐੱਸਸੀਓ ਦੇ ਮੈਂਬਰ ਦੇਸ਼ਾਂ ਵਿਚਕਾਰ ਸਟਾਰਟਅੱਪ ਗੱਲਬਾਤ ਨੂੰ ਵਿਆਪਕ ਬਣਾਉਣ, ਆਪਸੀ ਤਾਲਮੇਲ ਨੂੰ ਵਧਾਉਣ, ਨਵੀਨਤਾ ਲਈ ਅਨੁਕੂਲ ਵਾਤਾਵਰਨ ਨੂੰ ਉਤਸ਼ਾਹਿਤ ਕਰਨ, ਰੁਜ਼ਗਾਰ ਦੀ ਸਿਰਜਣਾ ਨੂੰ ਹੁਲਾਰਾ ਦੇਣ ਅਤੇ ਨਵੀਨਤਾਕਾਰੀ ਹੱਲ ਵਿਕਸਿਤ ਕਰਨ ਲਈ ਨੌਜਵਾਨ ਪ੍ਰਤਿਭਾ ਨੂੰ ਪ੍ਰੇਰਿਤ ਕਰਨ 'ਤੇ ਕੇਂਦ੍ਰਿਤ ਹੈ।

ਫੋਰਮ ਦੇ ਸਮੁੱਚੇ ਸੈਸ਼ਨ ਵਿੱਚ ਐੱਸਸੀਓ ਦੇ ਮੈਂਬਰ ਦੇਸ਼ਾਂ ਦੀ ਭੌਤਿਕ ਭਾਗੀਦਾਰੀ ਦੇਖੀ ਗਈ, ਜਿਸ ਵਿੱਚ ਐੱਸਸੀਓ ਸਟਾਰਟਅੱਪਸ ਦਾ ਇੱਕ ਵਫ਼ਦ, ਮੈਂਬਰ ਦੇਸ਼ਾਂ ਵਿੱਚ ਸਟਾਰਟਅੱਪ ਲਈ ਨੋਡਲ ਏਜੰਸੀਆਂ, ਸੀਨੀਅਰ ਸਰਕਾਰੀ ਅਧਿਕਾਰੀ ਅਤੇ ਡਿਪਲੋਮੈਟ ਸ਼ਾਮਲ ਹੋਏ। ਵਣਜ ਅਤੇ ਉਦਯੋਗ ਮੰਤਰਾਲੇ ਦੇ ਉਦਯੋਗ ਅਤੇ ਅੰਦਰੂਨੀ ਵਪਾਰ ਪ੍ਰਮੋਸ਼ਨ ਵਿਭਾਗ (ਡੀਪੀਆਈਆਈਟੀ) ਦੇ ਸਕੱਤਰ ਸ਼੍ਰੀ ਰਾਜੇਸ਼ ਕੁਮਾਰ ਸਿੰਘ ਨੇ ਦੇਸ਼ ਦੀ ਆਰਥਿਕਤਾ ਨੂੰ ਹੁਲਾਰਾ ਦੇਣ ਵਿੱਚ ਸਟਾਰਟਅੱਪ ਈਕੋਸਿਸਟਮ ਦੀ ਭੂਮਿਕਾ ਨੂੰ ਉਜਾਗਰ ਕਰਦੇ ਹੋਏ ਮੁੱਖ ਭਾਸ਼ਣ ਦਿੱਤਾ। ਡੀਪੀਆਈਆਈਟੀ ਦੇ ਸੰਯੁਕਤ ਸਕੱਤਰ ਸ਼੍ਰੀ ਸੰਜੀਵ ਨੇ ਭਾਰਤ ਦੀ ਸਟਾਰਟਅੱਪ ਯਾਤਰਾ ਅਤੇ ਭਾਰਤ ਸਰਕਾਰ ਵੱਲੋਂ ਸਟਾਰਟਅੱਪ ਨੂੰ ਉਤਸ਼ਾਹਿਤ ਕਰਨ ਲਈ ਪਹਿਲਕਦਮੀਆਂ ਬਾਰੇ ਵਫ਼ਦ ਨੂੰ ਸੰਬੋਧਨ ਕੀਤਾ।

ਐੱਸਸੀਓ ਪਵੇਲੀਅਨ ਵਿਖੇ ਪ੍ਰਦਰਸ਼ਨ ਦਾ ਮੌਕਾ ਉਪਲਬਧ ਕਰਾਇਆ ਗਿਆ, ਜਿੱਥੇ 15 ਤੋਂ ਵੱਧ ਐੱਸਸੀਓ ਸਟਾਰਟਅੱਪਸ ਨੇ ਆਪਣੇ ਉਤਪਾਦਾਂ ਅਤੇ ਸੇਵਾਵਾਂ ਦਾ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨ ਨੇ ਇਹਨਾਂ ਉੱਦਮੀਆਂ ਨੂੰ ਪ੍ਰੇਰਿਤ ਕਰਨ, ਸਿੱਖਿਅਤ ਕਰਨ ਅਤੇ ਸ਼ਕਤੀਕਰਨ ਲਈ ਤਿਆਰ ਕੀਤੇ ਨੈੱਟਵਰਕਿੰਗ ਮੌਕੇ ਪ੍ਰਦਾਨ ਕੀਤੇ। ਇਸ ਤੋਂ ਇਲਾਵਾ ਡੈਲੀਗੇਟਾਂ ਨੇ ਸਟਾਰਟਅੱਪ ਇੰਡੀਆ ਵੱਲੋਂ 'ਸੀਡ ਫੰਡ ਦੀ ਸਥਾਪਨਾ: ਨਵੀਨਤਾ ਅਤੇ ਉਦਮਤਾ ਨੂੰ ਉਤਸ਼ਾਹਿਤ ਕਰਨ ਲਈ ਇੱਕ ਰਣਨੀਤਕ ਪਹੁੰਚ' 'ਤੇ ਆਯੋਜਿਤ ਇੱਕ ਵਰਕਸ਼ਾਪ ਵਿੱਚ ਵੀ ਸ਼ਿਰਕਤ ਕੀਤੀ। ਵਰਕਸ਼ਾਪ ਵਿੱਚ ਸ਼ੁਰੂਆਤੀ ਪੜਾਅ ਦੇ ਸਟਾਰਟਅੱਪਸ ਨੂੰ ਸਮਰਥਨ ਦੇਣ ਲਈ ਸੀਡ ਫੰਡ ਸਥਾਪਤ ਕਰਨ ਦੇ ਵੱਖ-ਵੱਖ ਮਾਡਲਾਂ ਨੂੰ ਸਮਝਣ ਲਈ ਇੱਕ ਇੰਟਰਐਕਟਿਵ ਸੈਸ਼ਨ ਸ਼ਾਮਲ ਕੀਤਾ ਗਿਆ ਸੀ। ਵਰਕਸ਼ਾਪ ਨੇ ਭਾਗੀਦਾਰਾਂ ਨੂੰ ਇੱਕ ਸੀਡ ਫੰਡ ਸਥਾਪਤ ਕਰਨ ਵਿੱਚ ਸ਼ਾਮਲ ਰਣਨੀਤਕ ਯੋਜਨਾਬੰਦੀ ਅਤੇ ਅਮਲ ਦੀ ਵਿਆਪਕ ਜਾਣਕਾਰੀ ਪ੍ਰਦਾਨ ਕੀਤੀ।

ਸਾਰੇ ਮੈਂਬਰ ਦੇਸ਼ 16 ਸਤੰਬਰ, 2022 ਨੂੰ  ਉਜ਼ਬੇਕਿਸਤਾਨ ਦੇ ਸ਼ਹਿਰ ਸਮਰਕੰਦ ਵਿੱਚ ਆਯੋਜਿਤ ਹੋਏ ਐੱਸਸੀਓ ਦੇ ਮੈਂਬਰ ਦੇਸ਼ਾਂ ਦੇ ਰਾਸ਼ਟਰ ਮੁਖੀਆਂ (ਹੈੱਡ ਆਫ ਸਟੇਟਸ) ਦੇ ਸੰਮੇਲਨ ਵਿੱਚ ਸਟਾਰਟਅੱਪ ਅਤੇ ਇਨੋਵੇਸ਼ਨ ਲਈ ਇੱਕ ਵਿਸ਼ੇਸ਼ ਕਾਰਜ ਸਮੂਹ ਬਣਾਉਣ ’ਤੇ ਸਹਿਮਤ ਹੋਏ ਸਨ। ਅਰਥਵਿਵਸਥਾ ਦੇ ਸੰਚਾਲਨ ਅਤੇ ਵਿਭਿੰਨਤਾ ਵਿੱਚ ਨਵੀਨਤਾ ਅਤੇ ਉੱਦਮਤਾ ਦੀ ਮਹੱਤਤਾ ਨੂੰ ਦੇਖਦਿਆਂ ਭਾਰਤ ਨੇ 2020 ਵਿੱਚ ਐੱਸਸੀਓ ਮੈਂਬਰ ਦੇਸ਼ਾਂ ਦਰਮਿਆਨ ਸਹਿਯੋਗ ਦਾ ਇੱਕ ਨਵਾਂ ਥੰਮ੍ਹ ਬਣਾਉਣ ਲਈ ਇਸ ਦੀ ਪਹਿਲਕਦਮੀ ਕੀਤੀ ਸੀ। ਵਿਸ਼ੇਸ਼ ਕਾਰਜ ਸਮੂਹ (ਐੱਸਡਬਲਯੂਜੀ) ਨੂੰ ਐੱਸਸੀਓ ਮੈਂਬਰ ਦੇਸ਼ਾਂ ਦਰਮਿਆਨ ਸਹਿਯੋਗ ਨੂੰ ਉਤਸ਼ਾਹਿਤ ਕਰਨ ਦੇ ਦ੍ਰਿਸ਼ਟੀਕੋਣ ਨਾਲ ਬਣਾਇਆ ਗਿਆ ਸੀ, ਜਿਸ ਨਾਲ ਨਾ ਸਿਰਫ਼ ਸਟਾਰਟਅੱਪ ਈਕੋਸਿਸਟਮ ਨੂੰ ਲਾਭ ਪਹੁੰਚਾਇਆ ਜਾ ਸਕੇ, ਸਗੋਂ ਖੇਤਰੀ ਆਰਥਿਕ ਵਿਕਾਸ ਨੂੰ ਵੀ ਤੇਜ਼ ਕੀਤਾ ਜਾ ਸਕੇ। 2023 ਵਿੱਚ ਡੀਪੀਆਈਆਈਟੀ ਪ੍ਰਧਾਨਗੀ ਵਿੱਚ ਕਈ ਦੌਰ ਦੀਆਂ ਮੀਟਿੰਗਾਂ ਤੋਂ ਬਾਅਦ ਮੈਂਬਰ ਦੇਸ਼ਾਂ ਨੇ ਐੱਸਸੀਓ ਵਿੱਚ ਭਾਰਤ ਵੱਲੋਂ ਸਥਾਈ ਤੌਰ 'ਤੇ ਪ੍ਰਧਾਨਗੀ ਕਰਨ ਲਈ ਵਿਸ਼ੇਸ਼ ਕਾਰਜ ਸਮੂਹ (ਐੱਸਡਬਲਯੂਜੀ) ਦੇ ਨਿਯਮਾਂ ਨੂੰ ਮਨਜ਼ੂਰੀ ਦੇਣ ਅਤੇ ਅਪਣਾਉਣ ਦਾ ਫੈਸਲਾ ਲਿਆ ਗਿਆ ਸੀ। 

ਡੀਪੀਆਈਆਈਟੀ ਨੇ ਸਟਾਰਟਅੱਪ ਈਕੋਸਿਸਟਮ ਲਈ ਵੱਖ-ਵੱਖ ਪਹਿਲਕਦਮੀਆਂ ਦਾ ਆਯੋਜਨ ਕੀਤਾ ਹੈ। ਅਜਿਹੇ ਰੁਝੇਵਿਆਂ ਅਤੇ ਗਤੀਵਿਧੀਆਂ ਦੀ ਅਗਵਾਈ ਕਰਕੇ ਭਾਰਤ ਨੇ ਨਵੀਨਤਾਕਾਰੀ ਪ੍ਰਦਰਸ਼ਨ ਦੇ ਵਿਸਥਾਰ ਕਰਨ, ਪੂਰੇ ਈਕੋਸਿਸਟਮ ਨੂੰ ਇੱਕ ਸੂਤਰ ਵਿੱਚ ਬੰਨ੍ਹਣ ਅਤੇ ਹੋਰ ਐੱਸਸੀਓ ਮੈਂਬਰ ਦੇਸ਼ਾਂ ਨੂੰ ਵੀ ਇਸੇ ਤਰ੍ਹਾਂ ਦੇ ਪ੍ਰੋਗਰਾਮਾਂ ਨੂੰ ਸ਼ੁਰੂ ਕਰਨ ਲਈ ਪ੍ਰੇਰਿਤ ਕਰਨ ਦਾ ਇਕ ਮੌਕਾ ਹਾਸਲ ਕੀਤਾ ਹੈ।  ਭਾਰਤ ਵੱਲੋਂ ਸਟਾਰਟਅੱਪ ਰੁਝੇਵਿਆਂ ਦਾ ਆਯੋਜਨ ਐੱਸਸੀਓ ਮੈਂਬਰ ਦੇਸ਼ਾਂ ਵਿੱਚ ਸਥਾਨਕ ਸਟਾਰਟਅੱਪ ਈਕੋਸਿਸਟਮ ਨੂੰ ਸਮਰੱਥ ਬਣਾਉਣ ਅਤੇ ਨਿਵੇਸ਼ਕ ਅਤੇ ਕਾਰਪੋਰੇਟ ਰੁਝੇਵਿਆਂ ਦੀਆਂ ਗਤੀਵਿਧੀਆਂ ਤੱਕ ਪਹੁੰਚ ਲਈ ਕੀਤਾ ਜਾਂਦਾ ਹੈ ਤਾਂ ਜੋ ਮਾਰਗ ਦਰਸ਼ਨ ਰਾਹੀਂ ਸਟਾਰਟਅੱਪਸ ਨੂੰ ਮਹੱਤਵ ਦਿੱਤਾ ਜਾ ਸਕੇ।

ਇਸ ਕੰਮ ਨੂੰ ਅੱਗੇ ਵਧਾਉਂਦਿਆਂ ਭਾਰਤ ਨਵੰਬਰ, 2024 ਵਿੱਚ ਵਿਸ਼ੇਸ਼ ਕਾਰਜ ਸਮੂਹ ਦੀ ਦੂਜੀ ਮੀਟਿੰਗ ਅਤੇ ਜਨਵਰੀ, 2025 ਵਿੱਚ ਐੱਸਸੀਓ ਸਟਾਰਟਅੱਪ ਫੋਰਮ 5.0 ਦੀ ਮੇਜ਼ਬਾਨੀ ਕਰੇਗਾ।

ਇਸ ਤੋਂ ਪਹਿਲਾਂ ਸਟਾਰਟਅੱਪ ਇੰਡੀਆ ਨੇ ਐੱਸਸੀਓ ਮੈਂਬਰ ਦੇਸ਼ਾਂ ਲਈ ਵੱਖ-ਵੱਖ ਪਹਿਲਕਦਮੀਆਂ ਦਾ ਆਯੋਜਨ ਕੀਤਾ ਸੀ, ਜਿਸ ਵਿੱਚ ਹੇਠ ਲਿਖੀਆਂ ਪਹਿਲਕਦਮੀਆਂ ਸ਼ਾਮਲ ਹਨ:

  1. ਐੱਸਸੀਓ ਸਟਾਰਟਅੱਪ ਫੋਰਮ 1.0:  ਐੱਸਸੀਓ ਸਟਾਰਟਅਪ ਫੋਰਮ ਨੇ ਸਾਲ 2020 ਵਿੱਚ ਐੱਸਸੀਓ ਦੇ ਮੈਂਬਰ ਦੇਸ਼ਾਂ ਵਿੱਚ ਸਟਾਰਟਅੱਪ ਲਈ ਬਹੁਪੱਖੀ ਸਹਿਯੋਗ ਅਤੇ ਰੁਝੇਵਿਆਂ ਦੀ ਨੀਂਹ ਰੱਖੀ।

  2. ਐੱਸਸੀਓ ਸਟਾਰਟਅਪ ਫੋਰਮ 2.0:  ਸਾਲ 2021 ਵਿੱਚ ਦੋ ਦਿਨਾਂ ਫੋਰਮ ਦਾ ਆਯੋਜਨ ਵਰਚੂਅਲ ਮਾਧਿਅਮ ਰਾਹੀਂ ਇੱਕ ਪ੍ਰੰਪਰਾਗਤ ਪਲੇਟਫਾਰਮ ਰਾਹੀਂ ਕੀਤਾ ਗਿਆ ਸੀ, ਜਿਸ ਵਿਚ ਭਾਰਤੀ ਸਭਿਆਚਾਰ ਦੀ ਪ੍ਰਫੁੱਲਤਾ ਦੀ ਸਹੀ ਅਰਥਾਂ ਵਿੱਚ ਨੁਮਾਇੰਦਗੀ ਕੀਤੀ ਗਈ ਸੀ। ਐੱਸਸੀਓ ਸਟਾਰਟਅੱਪ ਹੱਬ, ਐੱਸਸੀਓ  ਸਟਾਰਟਅੱਪ ਈਕੋਸਿਸਟਮ ਲਈ ਇੱਕ ਸਿੰਗਲ ਬਿੰਦੂ ਸੰਪਰਕ ਹੈ, ਜਿਸ ਨੂੰ ਇਸ ਫੋਰਮ ਵਿੱਚ ਲਾਂਚ ਕੀਤਾ ਗਿਆ ਸੀ।

  3. ਫੋਕਸਡ ਮੈਂਟਰਸ਼ਿਪ ਪ੍ਰੋਗਰਾਮ: ਸਾਲ 2022 ਵਿੱਚ ਇੱਕ 3 ਮਹੀਨੇ ਦੀ ਵਰਚੂਅਲ ਸਲਾਹ ਲੜੀ 'ਸਟਾਰਟਿੰਗ-ਅੱਪ' ਦਾ ਆਯੋਜਨ ਕੀਤਾ ਗਿਆ ਸੀ ਤਾਂ ਜੋ ਐੱਸਸੀਓ ਸਟਾਰਟਅੱਪ ਦੇ ਸੰਸਥਾਪਕਾਂ ਵਿੱਚ ਸਮਰੱਥਾ ਦਾ ਨਿਰਮਾਣ ਕੀਤਾ ਜਾ ਸਕੇ। ਸਟਾਰਟਅੱਪਸ ਨੂੰ ਕੁੱਲ 100+ ਘੰਟੇ ਦੀ ਸਲਾਹ (ਮੈਂਟਰਸ਼ਿਪ) ਦਿੱਤੀ ਗਈ ਸੀ।

  4. ਐੱਸਸੀਓ ਸਟਾਰਟਅੱਪ ਫੋਰਮ 3.0: ਡੀਪੀਆਈਆਈਟੀ  ਨੇ ਐੱਸਸੀਓ ਮੈਂਬਰ ਦੇਸ਼ਾਂ ਲਈ 2023 ਵਿੱਚ ਪਹਿਲੀ ਵਾਰ ਭੌਤਿਕ ਐੱਸਸੀਓ ਸਟਾਰਟਅਪ ਫੋਰਮ ਦਾ ਆਯੋਜਨ ਕੀਤਾ ਸੀ। ਡੈਲੀਗੇਟਾਂ ਨੇ 'ਸਟਾਰਟਅੱਪ ਈਕੋਸਿਸਟਮ ਨੂੰ ਵਿਕਸਤ ਕਰਨ ਵਿੱਚ ਦੁਵੱਲੀ ਅਤੇ ਬਹੁਪੱਖੀ ਸ਼ਮੂਲੀਅਤ ਦੀ ਭੂਮਿਕਾ' 'ਤੇ ਆਯੋਜਿਤ ਇੱਕ ਵਰਕਸ਼ਾਪ ਵਿੱਚ ਹਿੱਸਾ ਲਿਆ ਸੀ, ਜਿਸ ਤੋਂ ਬਾਅਦ ਆਈਆਈਟੀ ਦਿੱਲੀ ਵਿੱਚ ਇੱਕ ਇਨਕਿਊਬੇਟਰ ਦਾ ਦੌਰਾ ਕੀਤਾ ਗਿਆ।

  5. ਵਿਸ਼ੇਸ਼ ਕਾਰਜ ਸਮੂਹ (ਐੱਸਡਬਲਯੂਜੀ) ਦੀ ਪਹਿਲੀ ਮੀਟਿੰਗ: ਭਾਰਤ ਦੀ ਸਥਾਈ ਪ੍ਰਧਾਨਗੀ ਹੇਠ ਸਟਾਰਟਅੱਪ ਅਤੇ ਨਵੀਨਤਾਕਾਰੀ ਤੇ ਐੱਸਸੀਓ ਦੇ ਵਿਸ਼ੇਸ਼ ਕਾਰਜ ਸਮੂਹ (ਐੱਸਡਬਲਯੂਜੀ) ਦੀ ਪਹਿਲੀ ਮੀਟਿੰਗ ਸਾਲ 2023 ਵਿੱਚ 'ਗਰੋਇੰਗ ਫਰਾਮ ਰੂਟਸ ' ਵਿਸ਼ੇ 'ਤੇ ਆਯੋਜਿਤ ਕੀਤੀ ਗਈ ਸੀ। 9 ਐੱਸਸੀਓ ਮੈਂਬਰ ਦੇਸ਼ਾਂ ਦੇ 25 ਨੁਮਾਇੰਦਿਆਂ ਨੇ ਮੀਟਿੰਗ ਵਿੱਚ ਹਿੱਸਾ ਲਿਆ ਅਤੇ ਉਨ੍ਹਾਂ ਨੇ ਥੀਮ ਵਿੱਚ ਸ਼ਾਮਲ ਖੇਤੀਬਾੜੀ ਅਤੇ ਪਸ਼ੂ ਪਾਲਣ ਖੇਤਰਾਂ ਨਾਲ ਸਬੰਧਤ ਆਪੋ-ਆਪਣੇ ਸਟਾਰਟਅੱਪ ਈਕੋਸਿਸਟਮ ਅਤੇ ਸਹਿਯੋਗ ਦੇ ਸੰਭਾਵੀ ਖੇਤਰਾਂ ਬਾਰੇ ਜਾਣਕਾਰੀ ਦਿੱਤੀ। 

***********

ਏਡੀ/ਵੀਐੱਨ



(Release ID: 2016353) Visitor Counter : 32