ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਗੁਜਰਾਤ ਦੇ ਅਹਿਮਦਾਬਾਦ ਵਿੱਚ 1,06,000 ਕਰੋੜ ਰੁਪਏ ਤੋਂ ਅਧਿਕ ਦੇ ਬਹੁਪੱਖੀ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਰਾਸ਼ਟਰ ਨੂੰ ਸਮਰਪਿਤ ਕੀਤੇ
ਡੈਡੀਕੇਟਿਡ ਫ੍ਰੇਟ ਕੌਰੀਡੋਰ ਪ੍ਰੋਜੈਕਟ ਦੇ ਕਈ ਮੁੱਖ ਸੈਕਸ਼ਨ ਰਾਸ਼ਟਰ ਨੂੰ ਸਮਰਪਿਤ ਕੀਤੇ
10 ਨਵੀਆਂ ਵੰਦੇ ਭਾਰਤ ਟ੍ਰੇਨਾਂ ਨੂੰ ਝੰਡੀ ਦਿਖਾ ਕੇ ਰਵਾਨਾ ਕੀਤਾ
ਦਾਹੇਜ ਵਿਖੇ ਪੈਟਰੋਨੈੱਟ ਐੱਲਐੱਨਜੀ ਦੇ ਪੈਟਰੋਕੈਮੀਕਲ ਕੰਪਲੈਕਸ ਦਾ ਨੀਂਹ ਪੱਥਰ ਰੱਖਿਆ
"ਸਾਲ 2024 ਦੇ 75 ਦਿਨਾਂ ਵਿੱਚ, 11 ਲੱਖ ਕਰੋੜ ਰੁਪਏ ਤੋਂ ਅਧਿਕ ਦੇ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਜਾਂ ਨੀਂਹ ਪੱਥਰ ਰੱਖਿਆ ਗਿਆ ਹੈ, ਜਦਕਿ ਪਿਛਲੇ 10-12 ਦਿਨਾਂ ਵਿੱਚ 7 ਲੱਖ ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਗਿਆ ਹੈ"
“ਇਹ 10 ਵਰ੍ਹਿਆਂ ਦਾ ਕੰਮ ਸਿਰਫ਼ ਇੱਕ ਟ੍ਰੇਲਰ ਹੈ। ਮੈਂ ਬਹੁਤ ਲੰਬਾ ਸਫ਼ਰ ਤੈਅ ਕਰਨਾ ਹੈ"
"ਰੇਲਵੇ ਦਾ ਕਾਇਆਕਲਪ ਹੀ ਵਿਕਸਿਤ ਭਾਰਤ ਦੀ ਗਰੰਟੀ ਹੈ"
"ਇਨ੍ਹਾਂ ਰੇਲਵੇ ਟ੍ਰੇਨਾਂ, ਟ੍ਰੈਕਾਂ ਅਤੇ ਸਟੇਸ਼ਨਾਂ ਦਾ ਨਿਰਮਾਣ ਮੇਡ ਇਨ ਇੰਡੀਆ ਦਾ ਇੱਕ ਈਕੋਸਿਸਟਮ ਬਣਾ ਰਿਹਾ ਹੈ"
"ਸਾਡੇ ਲਈ ਇਹ ਵਿਕਾਸ ਪ੍ਰੋਜੈਕਟ ਸਰਕਾਰ ਬਣਾਉਣ ਦੇ ਲਈ ਨਹੀਂ ਹਨ, ਇਹ ਰਾਸ਼ਟਰ ਨਿਰਮਾਣ ਦਾ ਮਿਸ਼ਨ ਹਨ"
"ਸਰਕਾਰ ਦਾ ਜ਼ੋਰ ਭਾਰਤੀ ਰੇਲਵੇ ਨੂੰ ਆਤਮਨਿਰਭਰ ਭਾਰਤ ਲਈ ਇੱਕ ਮਾਧਿਅਮ ਅਤੇ ਵੋਕਲ ਫੌਰ ਲੋਕਲ ਬਣਾਉਣ 'ਤੇ ਹੈ"
“ਭਾਰਤੀ ਰੇਲਵੇ ਆਧੁਨਿਕਤਾ ਦੀ ਰਫ਼ਤਾਰ ਨਾਲ ਅੱਗੇ ਵਧਣਾ ਜਾਰੀ ਰੱਖੇਗਾ। ਇਹ ਹੈ ਮੋਦੀ ਕੀ ਗਰੰਟੀ”
Posted On:
12 MAR 2024 10:41AM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਗੁਜਰਾਤ ਦੇ ਅਹਿਮਦਾਬਾਦ ਵਿੱਚ ਡੈਡੀਕੇਟਿਡ ਫ੍ਰੇਟ ਕੌਰੀਡੋਰ ਦੇ ਅਪ੍ਰੇਸ਼ਨ ਕੰਟਰੋਲ ਸੈਂਟਰ ਵਿਖੇ 1,06,000 ਕਰੋੜ ਰੁਪਏ ਤੋਂ ਅਧਿਕ ਦੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਰਾਸ਼ਟਰ ਨੂੰ ਸਮਰਪਿਤ ਕੀਤੇ। ਅੱਜ ਦੇ ਵਿਕਾਸ ਪ੍ਰੋਜੈਕਟਾਂ ਵਿੱਚ ਰੇਲਵੇ ਇਨਫ੍ਰਾਸਟ੍ਰਕਚਰ, ਕਨੈਕਟੀਵਿਟੀ ਅਤੇ ਪੈਟਰੋਕੈਮੀਕਲਸ ਸਮੇਤ ਕਈ ਖੇਤਰਾਂ ਨੂੰ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਨੇ 10 ਨਵੀਆਂ ਵੰਦੇ ਭਾਰਤ ਟ੍ਰੇਨਾਂ ਨੂੰ ਭੀ ਹਰੀ ਝੰਡੀ ਦੇ ਕੇ ਰਵਾਨਾ ਕੀਤਾ।
ਇਸ ਮੌਕੇ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ 200 ਤੋਂ ਅਧਿਕ ਵੱਖ-ਵੱਖ ਥਾਵਾਂ ਤੋਂ ਇਸ ਸਮਾਗਮ ਨਾਲ ਜੁੜੇ ਲੱਖਾਂ ਲੋਕਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਅੱਜ ਦੇ ਸਮਾਗਮ ਦਾ ਪੈਮਾਨਾ ਅਤੇ ਆਕਾਰ ਰੇਲਵੇ ਦੇ ਇਤਿਹਾਸ ਵਿੱਚ ਕਿਸੇ ਹੋਰ ਘਟਨਾ ਨਾਲ ਮੇਲ ਨਹੀਂ ਖਾਂਦਾ। ਉਨ੍ਹਾਂ ਅੱਜ ਦੇ ਸਮਾਗਮ ਲਈ ਰੇਲਵੇ ਨੂੰ ਭੀ ਵਧਾਈ ਦਿੱਤੀ। ਪ੍ਰਧਾਨ ਮੰਤਰੀ ਨੇ ਰੇਖਾਂਕਿਤ ਕੀਤਾ ਕਿ ਦੇਸ਼ ਭਰ ਵਿੱਚ ਕਈ ਵਿਕਾਸ ਪ੍ਰੋਜੈਕਟਾਂ ਦੇ ਉਦਘਾਟਨ ਅਤੇ ਨੀਂਹ ਪੱਥਰ ਰੱਖਣ ਦੇ ਨਾਲ ਵਿਕਸਿਤ ਭਾਰਤ ਦੇ ਨਿਰਮਾਣ ਲਈ ਵਿਕਾਸ ਕਾਰਜਾਂ ਦਾ ਲਗਾਤਾਰ ਵਿਸਤਾਰ ਹੋ ਰਿਹਾ ਹੈ। ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ, “ਸਾਲ 2024 ਦੇ 75 ਦਿਨਾਂ ਵਿੱਚ, 11 ਲੱਖ ਕਰੋੜ ਰੁਪਏ ਤੋਂ ਅਧਿਕ ਦੇ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਗਿਆ ਜਾਂ ਨੀਂਹ ਪੱਥਰ ਰੱਖਿਆ ਗਿਆ ਹੈ ਜਦਕਿ ਪਿਛਲੇ 10-12 ਦਿਨਾਂ ਵਿੱਚ 7 ਲੱਖ ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਗਿਆ ਹੈ।” ਅੱਜ ਦੇ ਪ੍ਰੋਗਰਾਮ ਨੂੰ ਵਿਕਸਿਤ ਭਾਰਤ ਦੇ ਲਕਸ਼ ਨੂੰ ਪੂਰਾ ਕਰਨ ਲਈ ਇੱਕ ਮਹੱਤਵਪੂਰਨ ਕਦਮ ਦੱਸਦਿਆਂ, ਪ੍ਰਧਾਨ ਮੰਤਰੀ ਨੇ ਕਿਹਾ ਕਿ ਲਗਭਗ 1 ਲੱਖ ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਜਾਂ ਨੀਂਹ ਪੱਥਰ ਰੱਖਿਆ ਗਿਆ ਹੈ, ਜਿਨ੍ਹਾਂ ਵਿੱਚ ਲਗਭਗ 85,000 ਕਰੋੜ ਰੁਪਏ ਦੇ ਪ੍ਰੋਜੈਕਟ ਰੇਲਵੇ ਨੂੰ ਸਮਰਪਿਤ ਹਨ। ਉਨ੍ਹਾਂ ਨੇ ਦਾਹੇਜ ਵਿਖੇ 20,000 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਵਾਲੇ ਪੈਟਰੋਨੈੱਟ ਐੱਲਐੱਨਜੀ ਦੇ ਪੈਟਰੋਕੈਮੀਕਲ ਕੰਪਲੈਕਸ ਦਾ ਨੀਂਹ ਪੱਥਰ ਰੱਖਣ ਬਾਰੇ ਭੀ ਦੱਸਿਆ ਅਤੇ ਦੱਸਿਆ ਕਿ ਇਹ ਦੇਸ਼ ਵਿੱਚ ਹਾਇਡ੍ਰੋਜਨ ਉਤਪਾਦਨ ਅਤੇ ਪੌਲੀਪ੍ਰੋਪਲੀਨ ਦੀ ਮੰਗ ਨੂੰ ਵਧਾਉਣ ਵਿੱਚ ਮਦਦ ਕਰੇਗਾ। ਮਹਾਰਾਸ਼ਟਰ ਅਤੇ ਗੁਜਰਾਤ ਵਿੱਚ ਏਕਤਾ ਮਾਲ ਦੇ ਨੀਂਹ ਪੱਥਰ ਦਾ ਜ਼ਿਕਰ ਕਰਦੇ ਹੋਏ, ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਇਹ ਭਾਰਤ ਦੇ ਕੁਟੀਰ ਉਦਯੋਗ ਅਤੇ ਹੈਂਡੀਕ੍ਰਾਫਟ ਨੂੰ ਦੇਸ਼ ਦੇ ਹਰ ਕੋਣੇ ਵਿੱਚ ਲੈ ਜਾਵੇਗਾ, ਜਿਸ ਨਾਲ ਵੋਕਲ ਫੌਰ ਲੋਕਲ ਲਈ ਸਰਕਾਰ ਦੇ ਮਿਸ਼ਨ ਨੂੰ ਉਤਸ਼ਾਹਿਤ ਕੀਤਾ ਜਾਵੇਗਾ ਅਤੇ ਵਿਕਸਿਤ ਭਾਰਤ ਦੀ ਨੀਂਹ ਨੂੰ ਮਜ਼ਬੂਤ ਕੀਤਾ ਜਾਵੇਗਾ। ਭਾਰਤ ਦੀ ਨੌਜਵਾਨ ਜਨਸੰਖਿਆ ਨੂੰ ਦੇਖਦੇ ਹੋਏ, ਪ੍ਰਧਾਨ ਮੰਤਰੀ ਨੇ ਦੇਸ਼ ਦੇ ਨੌਜਵਾਨਾਂ ਨੂੰ ਕਿਹਾ ਕਿ ਅੱਜ ਦੇ ਉਦਘਾਟਨ ਉਨ੍ਹਾਂ ਦੇ ਵਰਤਮਾਨ ਲਈ ਹਨ ਅਤੇ ਅੱਜ ਦੇ ਨੀਂਹ ਪੱਥਰ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਗਰੰਟੀ ਦਿੰਦੇ ਹਨ।
ਸੰਨ 2014 ਤੋਂ ਪਹਿਲਾਂ ਰੇਲਵੇ ਬਜਟ ਦੇ ਵਾਧੇ ਵਾਲੀ ਪਹੁੰਚ ਦਾ ਹਵਾਲਾ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਰੇਲਵੇ ਬਜਟ ਨੂੰ ਆਮ ਬਜਟ ਵਿੱਚ ਸ਼ਾਮਲ ਕਰਨ ਦੀ ਗੱਲ ਕੀਤੀ, ਜਿਸ ਨਾਲ ਰੇਲਵੇ ਦੇ ਖਰਚ ਨੂੰ ਆਮ ਬਜਟ ਤੋਂ ਪ੍ਰਦਾਨ ਕਰਨਾ ਸੰਭਵ ਹੋ ਗਿਆ। ਸਮੇਂ ਦੀ ਪਾਬੰਦਤਾ, ਸਵੱਛਤਾ ਅਤੇ ਆਮ ਸੁਵਿਧਾਵਾਂ ਦੀ ਘਾਟ ਦੇ ਮੁੱਦਿਆਂ ਤੋਂ ਇਲਾਵਾ, ਪ੍ਰਧਾਨ ਮੰਤਰੀ ਨੇ ਕਿਹਾ ਕਿ 2014 ਤੋਂ ਪਹਿਲਾਂ, ਉੱਤਰ-ਪੂਰਬ ਦੀਆਂ 6 ਰਾਜਧਾਨੀਆਂ ਵਿੱਚ ਰੇਲ ਸੰਪਰਕ ਨਹੀਂ ਸੀ ਅਤੇ ਇੱਥੇ 10,000 ਤੋਂ ਅਧਿਕ ਮਾਨਵ ਰਹਿਤ ਰੇਲਵੇ ਕਰਾਸਿੰਗ ਸਨ ਅਤੇ ਸਿਰਫ਼ 35 ਪ੍ਰਤੀਸ਼ਤ ਰੇਲਵੇ ਲਾਈਨਾਂ ਸਨ। ਬਿਜਲੀ ਅਤੇ ਰੇਲਵੇ ਦੇ ਰਿਜ਼ਰਵੇਸ਼ਨ ਕੇਂਦਰਾਂ 'ਤੇ ਭ੍ਰਿਸ਼ਟਾਚਾਰ ਦਾ ਬੋਲਬਾਲਾ ਸੀ ਅਤੇ ਲੰਬੀਆਂ ਕਤਾਰਾਂ ਲਗਦੀਆਂ ਸਨ।
ਪ੍ਰਧਾਨ ਮੰਤਰੀ ਨੇ ਕਿਹਾ, “ਸਾਡੀ ਸਰਕਾਰ ਨੇ ਰੇਲਵੇ ਨੂੰ ਉਨ੍ਹਾਂ ਨਰਕ ਭਰੇ ਹਾਲਾਤ ਤੋਂ ਬਾਹਰ ਲਿਆਉਣ ਲਈ ਇੱਛਾ ਸ਼ਕਤੀ ਦਾ ਪ੍ਰਦਰਸ਼ਨ ਕੀਤਾ ਹੈ। ਹੁਣ ਰੇਲਵੇ ਦਾ ਵਿਕਾਸ ਸਰਕਾਰ ਦੀਆਂ ਪ੍ਰਮੁੱਖ ਤਰਜੀਹਾਂ ਵਿੱਚ ਸ਼ਾਮਲ ਹੈ। ਪ੍ਰਧਾਨ ਮੰਤਰੀ ਨੇ 2014 ਤੋਂ ਬਜਟ ਵਿੱਚ ਛੇ ਗੁਣਾ ਵਾਧੇ ਜਿਹੀਆਂ ਪਹਿਲਾਂ ਨੂੰ ਸੂਚੀਬੱਧ ਕੀਤਾ ਅਤੇ ਦੇਸ਼ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਅਗਲੇ 5 ਵਰ੍ਹਿਆਂ ਵਿੱਚ, ਰੇਲਵੇ ਦੀ ਤਬਦੀਲੀ ਉਨ੍ਹਾਂ ਦੀ ਕਲਪਨਾ ਤੋਂ ਵਧੇਰੇ ਹੋਵੇਗੀ। ਉਨ੍ਹਾਂ ਨੇ ਅੱਗੇ ਕਿਹਾ, “10 ਵਰ੍ਹਿਆਂ ਦਾ ਇਹ ਕੰਮ ਸਿਰਫ਼ ਇੱਕ ਟ੍ਰੇਲਰ ਹੈ। ਮੈਂ ਇੱਕ ਲੰਬਾ ਸਫ਼ਰ ਤੈਅ ਕਰਨਾ ਹੈ।” ਉਨ੍ਹਾਂ ਨੇ ਦੱਸਿਆ ਕਿ ਨਾ ਸਿਰਫ਼ ਜ਼ਿਆਦਾਤਰ ਰਾਜਾਂ ਨੂੰ ਵੰਦੇ ਭਾਰਤ ਟ੍ਰੇਨਾਂ ਮਿਲੀਆਂ ਹਨ, ਬਲਕਿ ਵੰਦੇ ਭਾਰਤ ਟ੍ਰੇਨਾਂ ਦਾ ਸੈਂਕੜਾ ਪਹਿਲਾਂ ਹੀ ਲਗ ਚੁੱਕਿਆ ਹੈ। ਵੰਦੇ ਭਾਰਤ ਨੈੱਟਵਰਕ ਦੇਸ਼ ਦੇ 250 ਜ਼ਿਲ੍ਹਿਆਂ ਨੂੰ ਛੂਹ ਰਿਹਾ ਹੈ। ਲੋਕਾਂ ਦੀਆਂ ਇੱਛਾਵਾਂ ਦੇ ਮੱਦੇਨਜ਼ਰ ਵੰਦੇ ਭਾਰਤ ਦੇ ਰੂਟਾਂ ਨੂੰ ਵਧਾਇਆ ਜਾ ਰਿਹਾ ਹੈ।
ਇੱਕ ਦੇਸ਼ ਨੂੰ ਵਿਕਸਿਤ ਅਤੇ ਆਰਥਿਕ ਤੌਰ 'ਤੇ ਸਮਰੱਥ ਬਣਾਉਣ ਵਿੱਚ ਰੇਲਵੇ ਦੀ ਅਹਿਮ ਭੂਮਿਕਾ ਦਾ ਜ਼ਿਕਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ, "ਰੇਲਵੇ ਦਾ ਪਰਿਵਰਤਨ ਵਿਕਸਿਤ ਭਾਰਤ ਦੀ ਗਰੰਟੀ ਹੈ।" ਉਨ੍ਹਾਂ ਨੇ ਰੇਲਵੇ ਦੇ ਬਦਲ ਰਹੇ ਲੈਂਡਸਕੇਪ 'ਤੇ ਚਾਨਣਾ ਪਾਇਆ ਅਤੇ ਤੇਜ਼ ਰਫ਼ਤਾਰ ਨਾਲ ਰੇਲਵੇ ਟ੍ਰੈਕ ਵਿਛਾਉਣ, 1300 ਤੋਂ ਅਧਿਕ ਰੇਲਵੇ ਸਟੇਸ਼ਨਾਂ ਦੇ ਪੁਨਰ ਵਿਕਾਸ, ਵੰਦੇ ਭਾਰਤ, ਨਮੋ ਭਾਰਤ ਅਤੇ ਅੰਮ੍ਰਿਤ ਭਾਰਤ ਵਰਗੀਆਂ ਅਗਲੀ ਪੀੜ੍ਹੀ ਦੀਆਂ ਟ੍ਰੇਨਾਂ ਨੂੰ ਹਰੀ ਝੰਡੀ ਦਿਖਾਉਣ ਅਤੇ ਆਧੁਨਿਕ ਰੇਲਵੇ ਇੰਜਣਾਂ ਅਤੇ ਕੋਚ ਫੈਕਟਰੀਆਂ ਦਾ ਉਦਘਾਟਨ ਕਰਨ ਦਾ ਜ਼ਿਕਰ ਕੀਤਾ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਗਤੀ ਸ਼ਕਤੀ ਕਾਰਗੋ ਟਰਮੀਨਲ ਨੀਤੀ ਦੇ ਤਹਿਤ, ਕਾਰਗੋ ਟਰਮੀਨਲ ਦੇ ਨਿਰਮਾਣ ਵਿੱਚ ਵਾਧਾ ਹੋਇਆ ਹੈ ਕਿਉਂਕਿ ਲੈਂਡ ਲੀਜ਼ਿੰਗ ਨੀਤੀ ਨੂੰ ਸਰਲ ਬਣਾਇਆ ਗਿਆ ਹੈ ਅਤੇ ਪਾਰਦਰਸ਼ਤਾ ਲਈ ਇਸ ਨੂੰ ਔਨਲਾਇਨ ਕੀਤਾ ਗਿਆ ਹੈ। ਉਨ੍ਹਾਂ ਗਤੀ ਸ਼ਕਤੀ ਯੂਨੀਵਰਸਿਟੀ ਦੀ ਸਥਾਪਨਾ ਦਾ ਵੀ ਜ਼ਿਕਰ ਕੀਤਾ। ਪ੍ਰਧਾਨ ਮੰਤਰੀ ਨੇ ਰੇਲਵੇ ਦੇ ਆਧੁਨਿਕੀਕਰਣ ਨਾਲ ਸਬੰਧਿਤ ਪਹਿਲਾਂ ਨੂੰ ਜਾਰੀ ਰੱਖਿਆ ਅਤੇ ਮਾਨਵ ਰਹਿਤ ਕਰੌਸਿੰਗ ਅਤੇ ਆਟੋਮੈਟਿਕ ਸਿਗਨਲਿੰਗ ਪ੍ਰਣਾਲੀਆਂ ਨੂੰ ਖ਼ਤਮ ਕਰਨ ਦੇ ਪ੍ਰੋਜੈਕਟ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਦੇਸ਼ 100 ਫੀਸਦੀ ਬਿਜਲੀਕਰਣ ਵੱਲ ਵਧ ਰਿਹਾ ਹੈ। ਸਟੇਸ਼ਨਾਂ 'ਤੇ ਸੌਰ ਊਰਜਾ ਨਾਲ ਚਲਣ ਵਾਲੇ ਸਟੇਸ਼ਨ ਅਤੇ ਜਨ ਔਸ਼ਧੀ ਕੇਂਦਰ ਬਣ ਰਹੇ ਹਨ।
ਪ੍ਰਧਾਨ ਮੰਤਰੀ ਨੇ ਕਿਹਾ, "ਇਨ੍ਹਾਂ ਰੇਲਵੇ ਟ੍ਰੇਨਾਂ, ਟ੍ਰੈਕਾਂ ਅਤੇ ਸਟੇਸ਼ਨਾਂ ਦਾ ਨਿਰਮਾਣ ਮੇਡ ਇਨ ਇੰਡੀਆ ਦਾ ਇੱਕ ਈਕੋਸਿਸਟਮ ਬਣਾ ਰਿਹਾ ਹੈ।" ਉਨ੍ਹਾਂ ਦੱਸਿਆ ਕਿ ਮੇਡ ਇਨ ਇੰਡੀਆ ਲੋਕੋਮੋਟਿਵ ਅਤੇ ਕੋਚ ਸ੍ਰੀਲੰਕਾ, ਮੋਜ਼ਾਮਬੀਕ, ਸੇਨੇਗਲ, ਮਿਆਂਮਾਰ ਅਤੇ ਸੂਡਾਨ ਵਰਗੇ ਦੇਸ਼ਾਂ ਨੂੰ ਨਿਰਯਾਤ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਮੇਡ ਇਨ ਇੰਡੀਆ ਸੈਮੀ ਹਾਈ-ਸਪੀਡ ਟ੍ਰੇਨਾਂ ਦੀ ਮੰਗ ਇਸ ਤਰ੍ਹਾਂ ਦੀਆਂ ਹੋਰ ਕਈ ਫੈਕਟਰੀਆਂ ਦੇ ਉਭਾਰ ਵੱਲ ਅਗਵਾਈ ਕਰੇਗੀ। ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ, "ਰੇਲਵੇ ਦੀ ਮੁੜ-ਸੁਰਜੀਤੀ, ਨਵਾਂ ਨਿਵੇਸ਼ ਰੋਜ਼ਗਾਰ ਦੇ ਨਵੇਂ ਮੌਕਿਆਂ ਦੀ ਗਰੰਟੀ ਦਿੰਦਾ ਹੈ।"
ਪ੍ਰਧਾਨ ਮੰਤਰੀ ਨੇ ਇਨ੍ਹਾਂ ਪਹਿਲਾਂ ਨੂੰ ਚੋਣਾਂ ਨਾਲ ਜੋੜਨ ਵਾਲਿਆਂ ਦੀ ਆਲੋਚਨਾ ਕੀਤੀ। ਉਨ੍ਹਾਂ ਨੇ ਕਿਹਾ, "ਸਾਡੇ ਲਈ, ਇਹ ਵਿਕਾਸ ਪ੍ਰੋਜੈਕਟ ਸਰਕਾਰ ਬਣਾਉਣ ਲਈ ਨਹੀਂ ਹਨ, ਪਰ ਇਹ ਰਾਸ਼ਟਰ ਨਿਰਮਾਣ ਦਾ ਮਿਸ਼ਨ ਹਨ" ਜਿਸ ਨਾਲ ਅਗਲੀ ਪੀੜ੍ਹੀ ਨੂੰ ਪਿਛਲੀਆਂ ਪੀੜ੍ਹੀਆਂ ਦੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਅਤੇ 'ਇਹ ਮੋਦੀ ਕੀ ਗਰੰਟੀ ਹੈ'।
ਪ੍ਰਧਾਨ ਮੰਤਰੀ ਨੇ ਪਿਛਲੇ 10 ਵਰ੍ਹਿਆਂ ਵਿੱਚ ਪੂਰਬੀ ਅਤੇ ਪੱਛਮੀ ਡੈਡੀਕੇਟਿਡ ਫ੍ਰੇਟ ਕੌਰੀਡੋਰ ਨੂੰ ਵਿਕਾਸ ਦੀ ਇੱਕ ਉਦਾਹਰਣ ਵਜੋਂ ਪੇਸ਼ ਕੀਤਾ। ਮਾਲ ਗੱਡੀਆਂ ਲਈ ਇਹ ਵੱਖਰਾ ਟ੍ਰੈਕ ਗਤੀ ਨੂੰ ਬਿਹਤਰ ਬਣਾਉਂਦਾ ਹੈ ਅਤੇ ਖੇਤੀਬਾੜੀ, ਉਦਯੋਗ, ਨਿਰਯਾਤ ਅਤੇ ਕਾਰੋਬਾਰ ਲਈ ਮਹੱਤਵਪੂਰਨ ਹੈ। ਪਿਛਲੇ 10 ਵਰ੍ਹਿਆਂ ਵਿੱਚ ਪੂਰਬੀ ਅਤੇ ਪੱਛਮੀ ਤੱਟਾਂ ਨੂੰ ਜੋੜਨ ਵਾਲਾ ਇਹ ਮਾਲ ਕੌਰੀਡੋਰ ਲਗਭਗ ਪੂਰਾ ਹੋ ਚੁੱਕਾ ਹੈ। ਅੱਜ ਲਗਭਗ 600 ਕਿਲੋਮੀਟਰ ਦੇ ਮਾਲ ਕੌਰੀਡੋਰ ਦਾ ਉਦਘਾਟਨ ਕੀਤਾ ਗਿਆ ਹੈ ਅਤੇ ਅਹਿਮਦਾਬਾਦ ਵਿੱਚ ਆਪਰੇਸ਼ਨ ਕੰਟਰੋਲ ਸੈਂਟਰ ਦਾ ਉਦਘਾਟਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੇ ਯਤਨਾਂ ਸਦਕਾ ਇਸ ਕੌਰੀਡੋਰ 'ਤੇ ਮਾਲ ਗੱਡੀਆਂ ਦੀ ਰਫ਼ਤਾਰ ਹੁਣ ਦੁੱਗਣੀ ਤੋਂ ਵੀ ਅਧਿਕ ਹੋ ਗਈ ਹੈ। ਉਨ੍ਹਾਂ ਅੱਗੇ ਕਿਹਾ ਕਿ ਸਮੁੱਚੇ ਕੌਰੀਡੋਰ ਵਿੱਚ ਉਦਯੋਗਿਕ ਗਲਿਆਰਾ ਵਿਕਸਿਤ ਕੀਤਾ ਜਾ ਰਿਹਾ ਹੈ। ਅੱਜ ਕਈ ਥਾਵਾਂ 'ਤੇ ਰੇਲਵੇ ਗੁਡਸ ਸ਼ੈੱਡ, ਗਤੀ ਸ਼ਕਤੀ ਮਲਟੀਮਾਡਲ ਕਾਰਗੋ ਟਰਮੀਨਲ, ਡਿਜੀਟਲ ਕੰਟਰੋਲ ਸਟੇਸ਼ਨ, ਰੇਲਵੇ ਵਰਕਸ਼ਾਪ, ਰੇਲਵੇ ਲੋਕੋ ਸ਼ੈੱਡ ਅਤੇ ਰੇਲਵੇ ਡਿਪੂ ਦਾ ਵੀ ਉਦਘਾਟਨ ਕੀਤਾ ਗਿਆ। ਉਨ੍ਹਾਂ ਅੱਗੇ ਕਿਹਾ, "ਇਸ ਦਾ ਮਾਲ ਢੋਆ-ਢੁਆਈ 'ਤੇ ਵੀ ਬਹੁਤ ਸਕਾਰਾਤਮਕ ਪ੍ਰਭਾਵ ਪਵੇਗਾ।"
"ਸਰਕਾਰ ਦਾ ਜ਼ੋਰ ਭਾਰਤੀ ਰੇਲਵੇ ਨੂੰ ਆਤਮਨਿਰਭਰ ਭਾਰਤ ਅਤੇ ਵੋਕਲ ਫੌਰ ਲੋਕਲ ਦਾ ਮਾਧਿਅਮ ਬਣਾਉਣ 'ਤੇ ਹੈ", ਪ੍ਰਧਾਨ ਮੰਤਰੀ ਨੇ ਇਹ ਜਾਣਕਾਰੀ ਦਿੰਦਿਆਂ ਕਿਹਾ ਕਿ ਦੇਸ਼ ਦੇ ਵਿਸ਼ਵਕਰਮਾ, ਦਸਤਕਾਰੀ ਪੁਰਸ਼ਾਂ ਅਤੇ ਮਹਿਲਾਵਾਂ ਦੇ ਸਵੈ-ਸਹਾਇਤਾ ਸਮੂਹਾਂ ਦੁਆਰਾ ਨਿਰਮਿਤ ਉਤਪਾਦ ਹੁਣ ਰੇਲਵੇ ਸਟੇਸ਼ਨਾਂ 'ਤੇ ਵੇਚੇ ਜਾਣਗੇ, ਜਿਸ ਵਿੱਚ ਇੱਕ ਸਟੇਸ਼ਨ ਇੱਕ ਉਤਪਾਦ ਯੋਜਨਾ ਦੇ ਤਹਿਤ ਪਹਿਲਾਂ ਹੀ 1500 ਸਟਾਲ ਖੋਲ੍ਹੇ ਜਾ ਚੁੱਕੇ ਹਨ।
ਪ੍ਰਧਾਨ ਮੰਤਰੀ ਮੋਦੀ ਨੇ ਇਸ ਗੱਲ 'ਤੇ ਖੁਸ਼ੀ ਜ਼ਾਹਰ ਕੀਤੀ ਕਿ ਭਾਰਤੀ ਰੇਲਵੇ ਵਿਕਾਸ ਦੇ ਨਾਲ-ਨਾਲ ਵਿਰਾਸਤ ਦੇ ਮੰਤਰ ਨੂੰ ਸਮਝਦੇ ਹੋਏ ਖੇਤਰੀ ਸੰਸਕ੍ਰਿਤੀ ਅਤੇ ਵਿਸ਼ਵਾਸ ਨਾਲ ਜੁੜੇ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰ ਰਿਹਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਇਹ ਜਾਣਕਾਰੀ ਦਿੰਦੇ ਹੋਏ ਕਿਹਾ, "ਅੱਜ ਭਾਰਤ ਗੌਰਵ ਟ੍ਰੇਨਾਂ ਰਾਮਾਇਣ ਸਰਕਟ, ਗੁਰੂ-ਕ੍ਰਿਪਾ ਸਰਕਟ ਅਤੇ ਜੈਨ ਯਾਤਰਾ 'ਤੇ ਚੱਲ ਰਹੀਆਂ ਹਨ ਜਦਕਿ ਆਸਥਾ ਵਿਸ਼ੇਸ਼ ਟ੍ਰੇਨ ਦੇਸ਼ ਦੇ ਹਰ ਕੋਨੇ ਤੋਂ ਸ਼੍ਰੀ ਰਾਮ ਭਗਤਾਂ ਨੂੰ ਅਯੁੱਧਿਆ ਲੈ ਕੇ ਜਾ ਰਹੀ ਹੈ ਅਤੇ ਅਯੁੱਧਿਆ ਵਿੱਚ ਰਾਮਲਲਾ ਦੇ ਦਰਸ਼ਨਾਂ ਲਈ 4.5 ਲੱਖ ਤੋਂ ਅਧਿਕ ਸ਼ਰਧਾਲੂਆਂ ਨੂੰ ਲੈ ਕੇ ਲਗਭਗ 350 ਆਸਥਾ ਟ੍ਰੇਨਾਂ ਪਹਿਲਾਂ ਹੀ ਚੱਲ ਚੁੱਕੀਆਂ ਹਨ।
ਸੰਬੋਧਨ ਦੀ ਸਮਾਪਤੀ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ, “ਭਾਰਤੀ ਰੇਲਵੇ ਆਧੁਨਿਕਤਾ ਦੀ ਰਫ਼ਤਾਰ ਨਾਲ ਅੱਗੇ ਵਧਣਾ ਜਾਰੀ ਰੱਖੇਗਾ। ਇਹ ਮੋਦੀ ਕੀ ਗਰੰਟੀ ਹੈ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਵਿਕਾਸ ਦੇ ਇਸ ਜਸ਼ਨ ਨੂੰ ਜਾਰੀ ਰੱਖਣ ਲਈ ਸਹਿਯੋਗ ਦੀ ਅਪੀਲ ਕੀਤੀ।
ਇਸ ਮੌਕੇ 'ਤੇ ਗੁਜਰਾਤ ਦੇ ਰਾਜਪਾਲ ਸ਼੍ਰੀ ਆਚਾਰੀਆ ਦੇਵਵ੍ਰਤ, ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਭੂਪੇਂਦਰ ਪਟੇਲ ਅਤੇ ਕੇਂਦਰੀ ਰੇਲਵੇ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਆਦਿ ਮੌਜੂਦ ਸਨ।
ਪਿਛੋਕੜ
ਰੇਲਵੇ ਇਨਫ੍ਰਾਸਟ੍ਰਕਚਰ, ਕਨੈਕਟੀਵਿਟੀ ਅਤੇ ਪੈਟਰੋ ਕੈਮੀਕਲ ਸੈਕਟਰ ਨੂੰ ਬੜਾ ਹੁਲਾਰਾ ਦੇਣ ਲਈ, ਪ੍ਰਧਾਨ ਮੰਤਰੀ ਨੇ ਨੀਂਹ ਪੱਥਰ ਰੱਖਣ ਲਈ ਅਹਿਮਦਾਬਾਦ ਵਿੱਚ ਡੀਐੱਫਸੀ ਦੇ ਅਪ੍ਰੇਸ਼ਨ ਕੰਟਰੋਲ ਸੈਂਟਰ ਦਾ ਦੌਰਾ ਕੀਤਾ ਅਤੇ 1,06,000 ਕਰੋੜ ਰੁਪਏ ਤੋਂ ਅਧਿਕ ਦੇ ਰੇਲਵੇ ਅਤੇ ਪੈਟਰੋ ਕੈਮੀਕਲ ਪ੍ਰੋਜੈਕਟਾਂ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ।
ਪ੍ਰਧਾਨ ਮੰਤਰੀ ਨੇ ਰੇਲਵੇ ਵਰਕਸ਼ਾਪਾਂ, ਲੋਕੋ ਸ਼ੈੱਡਾਂ, ਪਿਟ ਲਾਈਨਾਂ/ਕੋਚਿੰਗ ਡਿਪੂਆਂ; ਫਲਟਨ - ਬਾਰਾਮਤੀ ਨਵੀਂ ਲਾਈਨ; ਇਲੈਕਟ੍ਰਿਕ ਟ੍ਰੈਕਸ਼ਨ ਸਿਸਟਮ ਅਪਗ੍ਰੇਡ ਕਰਨ ਦੇ ਕੰਮ ਦਾ ਨੀਂਹ ਪੱਥਰ ਰੱਖਿਆ ਅਤੇ ਪੂਰਬੀ ਡੀਐੱਫਸੀ ਦੇ ਨਿਊ ਖੁਰਜਾ ਤੋਂ ਸਾਹਨੇਵਾਲ (401 ਆਰਕੇਐੱਮ) ਸੈਕਸ਼ਨ ਅਤੇ ਪੱਛਮੀ ਡੀਐੱਫਸੀ ਦੇ ਨਿਊ ਮਕਰਪੁਰਾ ਤੋਂ ਨਿਊ ਘੋਲਵੱਡ ਸੈਕਸ਼ਨ (244 ਆਰਕੇਐੱਮ) ਵਿਚਕਾਰ ਡੈਡੀਕੇਟਿਡ ਫ੍ਰੇਟ ਕੌਰੀਡੋਰ ਦੇ ਦੋ ਨਵੇਂ ਭਾਗ; ਪੱਛਮੀ ਡੀਐੱਫਸੀ ਦਾ ਓਪਰੇਸ਼ਨ ਕੰਟਰੋਲ ਸੈਂਟਰ (ਓਸੀਸੀ), ਅਹਿਮਦਾਬਾਦ ਰਾਸ਼ਟਰ ਨੂੰ ਸਮਰਪਿਤ ਕੀਤੇ।
ਪ੍ਰਧਾਨ ਮੰਤਰੀ ਨੇ ਅਹਿਮਦਾਬਾਦ-ਮੁੰਬਈ ਸੈਂਟਰਲ, ਸਿਕੰਦਰਾਬਾਦ-ਵਿਸ਼ਾਖਾਪਟਨਮ, ਮੈਸੂਰ-ਡਾ. ਐੱਮਜੀਆਰ ਸੈਂਟਰਲ (ਚੇਨਈ), ਪਟਨਾ-ਲਖਨਊ, ਨਿਊ ਜਲਪਾਈਗੁੜੀ-ਪਟਨਾ, ਪੁਰੀ-ਵਿਸ਼ਾਖਾਪਟਨਮ, ਲਖਨਊ-ਦੇਹਰਾਦੂਨ, ਕਲਬੁਰਗੀ-ਸਰ ਐੱਮ ਵਿਸ਼ਵੇਸ਼ਵਰੈਯਾ ਟਰਮੀਨਲ ਬੰਗਲੁਰੂ, ਰਾਂਚੀ-ਵਾਰਾਨਸੀ, ਖਜੂਰਾਹੋ-ਦਿੱਲੀ (ਨਿਜ਼ਾਮੂਦੀਨ) ਵਿਚਕਾਰ ਦਸ ਨਵੀਆਂ ਵੰਦੇ ਭਾਰਤ ਟ੍ਰੇਨਾਂ ਨੂੰ ਵੀ ਹਰੀ ਝੰਡੀ ਦਿਖਾਈ।
ਪ੍ਰਧਾਨ ਮੰਤਰੀ ਨੇ ਚਾਰ ਵੰਦੇ ਭਾਰਤ ਟ੍ਰੇਨਾਂ ਦੇ ਵਿਸਤਾਰ ਨੂੰ ਭੀ ਹਰੀ ਝੰਡੀ ਦਿਖਾਈ। ਅਹਿਮਦਾਬਾਦ-ਜਾਮਨਗਰ ਵੰਦੇ ਭਾਰਤ ਨੂੰ ਦਵਾਰਕਾ ਤੱਕ ਵਧਾਇਆ ਜਾ ਰਿਹਾ ਹੈ, ਅਜਮੇਰ-ਦਿੱਲੀ ਸਰਾਏ ਰੋਹਿਲਾ ਵੰਦੇ ਭਾਰਤ ਨੂੰ ਚੰਡੀਗੜ੍ਹ ਤੱਕ ਵਧਾਇਆ ਜਾ ਰਿਹਾ ਹੈ, ਗੋਰਖਪੁਰ-ਲਖਨਊ ਵੰਦੇ ਭਾਰਤ ਨੂੰ ਪ੍ਰਯਾਗਰਾਜ ਅਤੇ ਤਿਰੁਵਨੰਤਪੁਰਮ-ਕਾਸਰਗੋਡ ਵੰਦੇ ਭਾਰਤ ਨੂੰ ਮੰਗਲੁਰੂ ਤੱਕ ਵਧਾਇਆ ਜਾ ਰਿਹਾ ਹੈ; ਅਤੇ ਆਸਨਸੋਲ ਅਤੇ ਹਟੀਆ ਅਤੇ ਤਿਰੂਪਤੀ ਅਤੇ ਕੋਲਮ ਸਟੇਸ਼ਨਾਂ ਵਿਚਕਾਰ ਦੋ ਨਵੀਆਂ ਯਾਤਰੀ ਰੇਲਗੱਡੀਆਂ ਚਲਾਈਆਂ ਗਈਆਂ ਹਨ।
ਪ੍ਰਧਾਨ ਮੰਤਰੀ ਨੇ ਵੱਖ-ਵੱਖ ਸਥਾਨਾਂ - ਨਿਊ ਖੁਰਜਾ ਜੰ., ਸਾਹਨੇਵਾਲ, ਨਿਊ ਰੇਵਾੜੀ, ਨਿਊ ਕਿਸ਼ਨਗੜ੍ਹ, ਨਿਊ ਘੋਲਵਡ ਅਤੇ ਨਿਊ ਮਕਰਪੁਰਾ ਤੋਂ ਡੈਡੀਕੇਟਿਡ ਫ੍ਰੇਟ ਕੌਰੀਡੋਰ 'ਤੇ ਮਾਲ ਗੱਡੀਆਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ।
ਪ੍ਰਧਾਨ ਮੰਤਰੀ ਨੇ ਰੇਲਵੇ ਸਟੇਸ਼ਨਾਂ 'ਤੇ 50 ਪ੍ਰਧਾਨ ਮੰਤਰੀ ਭਾਰਤੀ ਜਨ ਔਸ਼ਧੀ ਕੇਂਦਰਾਂ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ। ਇਹ ਜਨ ਔਸ਼ਧੀ ਕੇਂਦਰ ਲੋਕਾਂ ਨੂੰ ਸਸਤੀਆਂ ਅਤੇ ਮਿਆਰੀ ਜੈਨੇਰਿਕ ਦਵਾਈਆਂ ਦੀ ਉਪਲਬਧ ਕਰਨਗੇ।
ਪ੍ਰਧਾਨ ਮੰਤਰੀ ਨੇ 51 ਗਤੀ ਸ਼ਕਤੀ ਮਲਟੀ-ਮਾਡਲ ਕਾਰਗੋ ਟਰਮੀਨਲ ਭੀ ਰਾਸ਼ਟਰ ਨੂੰ ਸਮਰਪਿਤ ਕੀਤੇ। ਇਹ ਟਰਮੀਨਲ ਆਵਾਜਾਈ ਦੇ ਵੱਖ-ਵੱਖ ਢੰਗਾਂ ਰਾਹੀਂ ਮਾਲ ਦੀ ਨਿਰਵਿਘਨ ਟ੍ਰਾਂਸਪੋਰਟੇਸ਼ਨ ਨੂੰ ਉਤਸ਼ਾਹਿਤ ਕਰਨਗੇ।
ਪ੍ਰਧਾਨ ਮੰਤਰੀ ਨੇ 80 ਸੈਕਸ਼ਨਾਂ ਵਿੱਚ ਆਟੋਮੈਟਿਕ ਸਿਗਨਲ ਦਾ 1045 ਆਰਕੇਐੱਮ ਰਾਸ਼ਟਰ ਨੂੰ ਸਮਰਪਿਤ ਕੀਤਾ। ਇਹ ਅੱਪਗ੍ਰੇਡ ਰੇਲ ਸੰਚਾਲਨ ਦੀ ਸੁਰੱਖਿਆ ਅਤੇ ਕੁਸ਼ਲਤਾ ਨੂੰ ਵਧਾਏਗਾ। ਪ੍ਰਧਾਨ ਮੰਤਰੀ ਨੇ 2646 ਸਟੇਸ਼ਨਾਂ 'ਤੇ ਰੇਲਵੇ ਸਟੇਸ਼ਨਾਂ ਦੇ ਡਿਜੀਟਲ ਕੰਟਰੋਲਿੰਗ ਨੂੰ ਵੀ ਰਾਸ਼ਟਰ ਨੂੰ ਸਮਰਪਿਤ ਕੀਤਾ। ਇਸ ਨਾਲ ਟ੍ਰੇਨਾਂ ਦੀ ਸੰਚਾਲਨ ਕੁਸ਼ਲਤਾ ਅਤੇ ਸੁਰੱਖਿਆ ਵਿੱਚ ਸੁਧਾਰ ਹੋਵੇਗਾ।
ਪ੍ਰਧਾਨ ਮੰਤਰੀ ਨੇ 35 ਰੇਲ ਕੋਚ ਰੈਸਟੋਰੈਂਟ ਰਾਸ਼ਟਰ ਨੂੰ ਸਮਰਪਿਤ ਕੀਤੇ। ਰੇਲ ਕੋਚ ਰੈਸਟੋਰੈਂਟ ਦਾ ਉਦੇਸ਼ ਰੇਲਵੇ ਲਈ ਗੈਰ-ਕਿਰਾਇਆ ਮਾਲੀਆ ਪੈਦਾ ਕਰਨ ਤੋਂ ਇਲਾਵਾ ਯਾਤਰੀਆਂ ਅਤੇ ਲੋਕਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨਾ ਹੈ।
ਪ੍ਰਧਾਨ ਮੰਤਰੀ ਨੇ ਦੇਸ਼ ਭਰ ਵਿੱਚ ਫੈਲੇ 1500 ਤੋਂ ਅਧਿਕ ਇੱਕ ਸਟੇਸ਼ਨ ਇੱਕ ਉਤਪਾਦ ਸਟਾਲਾਂ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ। ਇਹ ਸਟਾਲ ਸਥਾਨਕ ਉਤਪਾਦਾਂ ਨੂੰ ਉਤਸ਼ਾਹਿਤ ਕਰਨਗੇ ਅਤੇ ਸਥਾਨਕ ਕਾਰੀਗਰਾਂ ਅਤੇ ਕਾਰੋਬਾਰਾਂ ਲਈ ਆਮਦਨੀ ਪੈਦਾ ਕਰਨਗੇ।
ਪ੍ਰਧਾਨ ਮੰਤਰੀ ਨੇ 975 ਸਥਾਨਾਂ 'ਤੇ ਸੌਰ ਊਰਜਾ ਨਾਲ ਚਲਣ ਵਾਲੇ ਸਟੇਸ਼ਨਾਂ/ਭਵਨਾਂ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ। ਇਹ ਪਹਿਲ ਭਾਰਤ ਦੇ ਅਖੁੱਟ ਊਰਜਾ ਲਕਸ਼ਾਂ ਵਿੱਚ ਯੋਗਦਾਨ ਪਾਵੇਗੀ ਅਤੇ ਰੇਲਵੇ ਦੇ ਕਾਰਬਨ ਫੁੱਟਪ੍ਰਿੰਟ ਨੂੰ ਘਟਾਏਗੀ।
ਪ੍ਰਧਾਨ ਮੰਤਰੀ ਨੇ ਦਾਹੇਜ, ਗੁਜਰਾਤ ਵਿਖੇ 20,600 ਕਰੋੜ ਦੀ ਲਾਗਤ ਵਾਲੇ ਪੈਟਰੋਨੈੱਟ ਐੱਲਐੱਨਜੀ ਦੇ ਪੈਟਰੋਕੈਮੀਕਲ ਕੰਪਲੈਕਸ ਦਾ ਨੀਂਹ ਪੱਥਰ ਰੱਖਿਆ ਜਿਸ ਵਿੱਚ ਈਥੇਨ ਅਤੇ ਪ੍ਰੋਪੇਨ ਹੈਂਡਲਿੰਗ ਸੁਵਿਧਾਵਾਂ ਸ਼ਾਮਲ ਹਨ। ਮੌਜੂਦਾ ਐੱਲਐੱਨਜੀ ਰੀਗੈਸੀਫਿਕੇਸ਼ਨ ਟਰਮੀਨਲ ਦੇ ਨੇੜੇ ਪੈਟਰੋਕੈਮੀਕਲ ਕੰਪਲੈਕਸ ਦੀ ਸਥਾਪਨਾ ਦੇ ਨਤੀਜੇ ਵਜੋਂ ਕੈਪੈਕਸ ਅਤੇ ਪ੍ਰੋਜੈਕਟ ਦੀ ਓਪੈਕਸ ਲਾਗਤ ਵਿੱਚ ਮਹੱਤਵਪੂਰਨ ਬੱਚਤ ਹੋਵੇਗੀ।
ਪ੍ਰੋਜੈਕਟ ਦੇ ਲਾਗੂ ਹੋਣ ਨਾਲ ਅਮਲ ਪੜਾਅ ਦੌਰਾਨ 50,000 ਵਿਅਕਤੀਆਂ ਨੂੰ ਪ੍ਰਤੱਖ ਅਤੇ ਅਪ੍ਰਤੱਖ ਤੌਰ 'ਤੇ ਰੋਜ਼ਗਾਰ ਦੇ ਮੌਕੇ ਮਿਲਣ ਦੀ ਸੰਭਾਵਨਾ ਹੈ ਅਤੇ ਇਸ ਦੇ ਸੰਚਾਲਨ ਪੜਾਅ ਦੌਰਾਨ 20,000 ਤੋਂ ਅਧਿਕ ਵਿਅਕਤੀਆਂ ਨੂੰ ਰੋਜ਼ਗਾਰ ਦਾ ਮੌਕਾ ਮਿਲੇਗਾ, ਜਿਸ ਨਾਲ ਖੇਤਰ ਵਿੱਚ ਬੜੇ ਸਮਾਜਿਕ-ਆਰਥਿਕ ਲਾਭ ਹੋਣਗੇ।
ਪ੍ਰਧਾਨ ਮੰਤਰੀ ਨੇ ਦੋ ਰਾਜਾਂ ਗੁਜਰਾਤ ਅਤੇ ਮਹਾਰਾਸ਼ਟਰ ਵਿੱਚ ਲਗਭਗ 400 ਕਰੋੜ ਰੁਪਏ ਦੀ ਲਾਗਤ ਵਾਲੇ ਏਕਤਾ ਮਾਲ ਦਾ ਨੀਂਹ ਪੱਥਰ ਭੀ ਰੱਖਿਆ।
ਏਕਤਾ ਮਾਲ ਭਾਰਤੀ ਹੈਂਡਲੂਮਸ, ਹੈਂਡੀਕ੍ਰਾਫਟਸ, ਰਵਾਇਤੀ ਉਤਪਾਦਾਂ ਅਤੇ ਓਡੀਓਪੀ (ODOP) ਉਤਪਾਦਾਂ ਦੀ ਸਮ੍ਰਿੱਧ ਅਤੇ ਵਿਭਿੰਨ ਵਿਰਾਸਤ ਦਾ ਜਸ਼ਨ ਮਨਾਉਂਦੇ ਹਨ ਅਤੇ ਸਮਰਥਨ ਕਰਦੇ ਹਨ। ਏਕਤਾ ਮਾਲ ਭਾਰਤ ਦੀ ਏਕਤਾ ਅਤੇ ਵਿਵਿਧਤਾ ਦਾ ਪ੍ਰਤੀਕ ਹਨ, ਨਾਲ ਹੀ ਸਾਡੇ ਰਵਾਇਤੀ ਹੁਨਰਾਂ ਅਤੇ ਖੇਤਰਾਂ ਦੇ ਵਿਕਾਸ ਅਤੇ ਸਸ਼ਕਤੀਕਰਣ ਦੇ ਲਈ ਇੱਕ ਉਤਪ੍ਰੇਰਕ ਹਨ।
ਪ੍ਰਧਾਨ ਮੰਤਰੀ ਦੁਆਰਾ ਨਵੇਂ ਇਲੈਕਟ੍ਰੀਫਾਈਡ ਸੈਕਸ਼ਨਾਂ, ਟ੍ਰੈਕਾਂ ਦੀ ਡਬਲਿੰਗ/ਮਲਟੀ-ਟ੍ਰੈਕਿੰਗ, ਰੇਲਵੇ ਗੁਡਸ ਸ਼ੈੱਡਾਂ, ਵਰਕਸ਼ਾਪਾਂ, ਲੋਕੋ ਸ਼ੈੱਡਾਂ, ਪਿਟ ਲਾਈਨਾਂ/ਕੋਚਿੰਗ ਡਿਪੂਆਂ ਦੇ ਵਿਕਾਸ ਵਰਗੇ ਕਈ ਹੋਰ ਪ੍ਰੋਜੈਕਟ ਵੀ ਰਾਸ਼ਟਰ ਨੂੰ ਸਮਰਪਿਤ ਕੀਤੇ ਗਏ ਜਿਨ੍ਹਾਂ ਨੂੰ ਪ੍ਰਧਾਨ ਮੰਤਰੀ ਦੁਆਰਾ ਸ਼ੁਰੂ ਕੀਤਾ ਗਿਆ ਸੀ। ਇਹ ਪ੍ਰੋਜੈਕਟ ਇੱਕ ਆਧੁਨਿਕ ਅਤੇ ਮਜ਼ਬੂਤ ਰੇਲਵੇ ਨੈੱਟਵਰਕ ਬਣਾਉਣ ਲਈ ਸਰਕਾਰ ਦੇ ਸਮਰਪਣ ਦਾ ਪ੍ਰਮਾਣ ਹਨ। ਇਹ ਨਿਵੇਸ਼ ਨਾ ਸਿਰਫ਼ ਸੰਪਰਕ ਵਿੱਚ ਸੁਧਾਰ ਕਰੇਗਾ ਬਲਕਿ ਆਰਥਿਕ ਵਿਕਾਸ ਨੂੰ ਭੀ ਹੁਲਾਰਾ ਦੇਵੇਗਾ ਅਤੇ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਕਰੇਗਾ।
****
ਡੀਐੱਸ/ਟੀਐੱਸ
(Release ID: 2013979)
Visitor Counter : 119
Read this release in:
English
,
Urdu
,
Marathi
,
Hindi
,
Bengali
,
Assamese
,
Manipuri
,
Gujarati
,
Odia
,
Tamil
,
Telugu
,
Kannada
,
Malayalam
,
Malayalam