ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਮਨ ਕੀ ਬਾਤ ਦੀ 110ਵੀਂ ਕੜੀ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ (25.02.2024)

Posted On: 25 FEB 2024 12:08PM by PIB Chandigarh

ਮੇਰੇ ਪਿਆਰੇ ਦੇਸ਼ਵਾਸੀਓ ਨਮਸਕਾਰ! ‘ਮਨ ਕੀ ਬਾਤ’ ਦੇ 110ਵੇਂ ਐਪੀਸੋਡ ਵਿੱਚ ਤੁਹਾਡਾ ਸਵਾਗਤ ਹੈ। ਹਮੇਸ਼ਾ ਦੀ ਤਰ੍ਹਾਂ ਇਸ ਵਾਰ ਵੀ ਤੁਹਾਡੇ ਢੇਰਾਂ ਸੁਝਾਓ, ਇਨਪੁਟ ਅਤੇ ਕਮੈਂਟ ਮਿਲੇ ਹਨ ਅਤੇ ਹਮੇਸ਼ਾ ਦੀ ਤਰ੍ਹਾਂ ਇਸ ਵਾਰ ਵੀ ਇਹ ਚੁਣੌਤੀ ਹੈ ਕਿ ਐਪੀਸੋਡ ਵਿੱਚ ਕਿਹੜੇ-ਕਿਹੜੇ ਵਿਸ਼ਿਆਂ ਨੂੰ ਸ਼ਾਮਿਲ ਕੀਤਾ ਜਾਵੇ, ਮੈਨੂੰ ਸਕਾਰਾਤਮਕਤਾ ਨਾਲ ਭਰੇ ਇਕ ਤੋਂ ਵੱਧ ਕੇ ਇਕ ਇਨਪੁਟ ਮਿਲੇ ਹਨ। ਇਨ੍ਹਾਂ ਵਿੱਚ ਬਹੁਤ ਸਾਰੇ ਅਜਿਹੇ ਦੇਸ਼ਵਾਸੀਆਂ ਦਾ ਜ਼ਿਕਰ ਹੈ ਜੋ ਦੂਸਰਿਆਂ ਦੇ ਲਈ ਉਮੀਦ ਦੀ ਕਿਰਨ ਬਣ ਕੇ ਉਨ੍ਹਾਂ ਦੇ ਜੀਵਨ ਵਿੱਚ ਬਿਹਤਰੀ ਲਿਆਉਣ ਵਿੱਚ ਜੁਟੇ ਹੋਏ ਹਨ।

ਸਾਥੀਓ, ਕੁਝ ਹੀ ਦਿਨਾਂ ਬਾਅਦ 8 ਮਾਰਚ ਨੂੰ ਅਸੀਂ ਮਹਿਲਾ ਦਿਵਸ ਮਨਾਵਾਂਗੇ। ਇਹ ਵਿਸ਼ੇਸ਼ ਦਿਨ ਦੇਸ਼ ਦੀ ਵਿਕਾਸ ਯਾਤਰਾ ਵਿੱਚ ਨਾਰੀ ਸ਼ਕਤੀ ਦੇ ਯੋਗਦਾਨ ਨੂੰ ਨਮਨ ਕਰਨ ਦਾ ਮੌਕਾ ਹੁੰਦਾ ਹੈ। ਮਹਾਂਕਵੀ ਭਾਰਤਿਆਰ ਜੀ ਨੇ ਕਿਹਾ ਹੈ ਕਿ ਵਿਸ਼ਵ ਤਾਂ ਹੀ ਸਮਿ੍ਰਧ ਹੋਵੇਗਾ, ਜਦੋਂ ਮਹਿਲਾਵਾਂ ਨੂੰ ਬਰਾਬਰ ਮੌਕੇ ਮਿਲਣਗੇ। ਅੱਜ ਭਾਰਤ ਦੀ ਨਾਰੀ ਸ਼ਕਤੀ ਹਰ ਖੇਤਰ ਵਿੱਚ ਤਰੱਕੀ ਦੀਆਂ ਨਵੀਆਂ ਉਚਾਈਆਂ ਨੂੰ ਛੂਹ ਰਹੀ ਹੈ। ਕੁਝ ਸਾਲ ਪਹਿਲਾਂ ਤੱਕ ਕਿਸ ਨੇ ਸੋਚਿਆ ਸੀ ਕਿ ਸਾਡੇ ਦੇਸ਼ ਵਿੱਚ, ਪਿੰਡ ਵਿੱਚ ਰਹਿਣ ਵਾਲੀਆਂ ਮਹਿਲਾਵਾਂ ਵੀ ਡ੍ਰੋਨ ਉਡਾਉਣਗੀਆਂ, ਲੇਕਿਨ ਅੱਜ ਇਹ ਸੰਭਵ ਹੋ ਰਿਹਾ ਹੈ। ਅੱਜ ਤਾਂ ਪਿੰਡ-ਪਿੰਡ ਵਿੱਚ ਡ੍ਰੋਨ ਦੀਦੀ ਦੀ ਇੰਨੀ ਚਰਚਾ ਹੋ ਰਹੀ ਹੈ ਕਿ ਹਰ ਕਿਸੇ ਦੀ ਜ਼ੁਬਾਨ ’ਤੇ ਨਮੋ ਡ੍ਰੋਨ ਦੀਦੀ, ਨਮੋ ਡ੍ਰੋਨ ਦੀਦੀ ਇਹ ਚੱਲ ਰਿਹਾ ਹੈ। ਹਰ ਕੋਈ ਇਨ੍ਹਾਂ ਦੇ ਵਿਸ਼ੇ ’ਚ ਚਰਚਾ ਕਰ ਰਿਹਾ ਹੈ। ਇਕ ਬਹੁਤ ਵੱਡੀ ਜਿਗਿਆਸਾ ਪੈਦਾ ਹੋਈ ਹੈ ਅਤੇ ਇਸ ਲਈ ਮੈਂ ਵੀ ਸੋਚਿਆ ਕਿ ਕਿਉਂ ਨਾ ਇਸ ਵਾਰ ‘ਮਨ ਕੀ ਬਾਤ’ ਵਿੱਚ ਇਕ ਨਮੋ ਡ੍ਰੋਨ ਦੀਦੀ ਨਾਲ ਗੱਲ ਕੀਤੀ ਜਾਵੇ। ਸਾਡੇ ਨਾਲ ਇਸ ਵਕਤ ਨਮੋ ਡ੍ਰੋਨ ਦੀਦੀ ਸੁਨੀਤਾ ਜੀ ਜੁੜੇ ਹੋਏ ਹਨ ਜੋ ਉੱਤਰ ਪ੍ਰਦੇਸ਼ ਦੇ ਸੀਤਾਪੁਰ ਤੋਂ ਹਨ। ਆਓ ਉਨ੍ਹਾਂ ਨਾਲ ਗੱਲ ਕਰਦੇ ਹਾਂ:-

ਮੋਦੀ ਜੀ : ਸੁਨੀਤਾ ਦੇਵੀ ਜੀ ਤੁਹਾਨੂੰ ਨਮਸਕਾਰ।

ਸੁਨੀਤਾ ਦੇਵੀ : ਨਮਸਤੇ ਸਰ।

ਮੋਦੀ ਜੀ : ਅੱਛਾ ਸੁਨੀਤਾ ਜੀ ਪਹਿਲਾਂ ਮੈਂ ਤੁਹਾਡੇ ਬਾਰੇ ਵਿੱਚ ਜਾਨਣਾ ਚਾਹੁੰਦਾ ਹਾਂ, ਤੁਹਾਡੇ ਪਰਿਵਾਰ ਦੇ ਬਾਰੇ ਜਾਨਣਾ ਚਾਹੁੰਦਾ ਹਾਂ, ਥੋੜ੍ਹਾ ਕੁਝ ਦੱਸ ਦਿਓ।

ਸੁਨੀਤਾ ਦੇਵੀ : ਸਰ, ਸਾਡੇ ਪਰਿਵਾਰ ਵਿੱਚ ਦੋ ਬੱਚੇ ਹਨ, ਮੈਂ ਹਾਂ, ਪਤੀ ਹੈ, ਮਾਤਾ ਜੀ ਹੈ ਮੇਰੀ।

ਮੋਦੀ ਜੀ : ਤੁਸੀਂ ਕਿੰਨਾ ਪੜ੍ਹੇ ਲਿਖੇ ਹੋ ਸੁਨੀਤਾ ਜੀ?

ਸੁਨੀਤਾ ਦੇਵੀ : ਸਰ, ਬੀ. ਏ... (ਫਾਈਨਲ)

ਮੋਦੀ ਜੀ : ਅਤੇ ਵੈਸੇ ਘਰ ਵਿੱਚ ਕਾਰੋਬਾਰ ਵਗੈਰਾ ਕੀ ਹੈ?

ਸੁਨੀਤਾ ਦੇਵੀ : ਕਾਰੋਬਾਰ ਵਗੈਰਾ ਖੇਤੀਬਾੜੀ ਨਾਲ ਸਬੰਧਿਤ ਹੈ, ਖੇਤੀ ਵਗੈਰਾ

ਮੋਦੀ ਜੀ : ਅੱਛਾ ਸੁਨੀਤਾ ਜੀ ਇਹ ਡ੍ਰੋਨ ਦੀਦੀ ਬਣਨ ਦਾ ਤੁਹਾਡਾ ਸਫਰ ਕਿਵੇਂ ਸ਼ੁਰੂ ਹੋਇਆ, ਤੁਹਾਨੂੰ ਟਰੇਨਿੰਗ ਕਿੱਥੋਂ ਮਿਲੀ, ਕਿਹੋ-ਕਿਹੋ ਜਿਹੇ ਬਦਲਾਓ ਆਏ, ਮੈਂ ਪਹਿਲਾਂ ਇਹ ਜਾਨਣਾ ਹੈ?

ਸੁਨੀਤਾ ਦੇਵੀ : ਜੀ ਸਰ! ਟਰੇਨਿੰਗ ਸਾਡੀ ਫੂਲਪੁਰ IFFCO ਕੰਪਨੀ ਵਿੱਚ ਹੋਈ ਸੀ, ਇਲਾਹਾਬਾਦ ਵਿੱਚ ਅਤੇ ਉੱਥੋਂ ਹੀ ਸਾਨੂੰ ਟਰੇਨਿੰਗ ਮਿਲੀ।

ਮੋਦੀ ਜੀ : ਤਾਂ ਉਦੋਂ ਤੱਕ ਤੁਸੀਂ ਡ੍ਰੋਨ ਦੇ ਬਾਰੇ ਸੁਣਿਆ ਸੀ ਕਦੇ?

ਸੁਨੀਤਾ ਦੇਵੀ : ਸਰ! ਸੁਣਿਆ ਨਹੀਂ ਸੀ, ਇਕ ਵਾਰ ਅਜਿਹੇ ਵੇਖੇ ਸਨ, ਕ੍ਰਿਸ਼ੀ ਵਿਗਿਆਨ ਕੇਂਦਰ ਜੋ ਸੀਤਾਪੁਰ ਦਾ ਹੈ, ਉੱਥੇ ਅਸੀਂ ਵੇਖਿਆ ਸੀ, ਪਹਿਲੀ ਵਾਰ ਅਸੀਂ ਉੱਥੇ ਵੇਖਿਆ ਸੀ ਡ੍ਰੋਨ।

ਮੋਦੀ ਜੀ : ਸੁਨੀਤਾ ਜੀ! ਮੈਨੂੰ ਇਹ ਦੱਸੋ ਕਿ ਜਿਵੇਂ ਤੁਸੀਂ ਪਹਿਲੇ ਦਿਨ ਗਏ।

ਸੁਨੀਤਾ ਦੇਵੀ : ਜੀ!

ਮੋਦੀ ਜੀ : ਪਹਿਲੇ ਦਿਨ ਤੁਹਾਨੂੰ ਡ੍ਰੋਨ ਵਿਖਾਇਆ ਹੋਵੇਗਾ, ਫਿਰ ਕੁਝ ਬੋਰਡ ’ਤੇ ਪੜ੍ਹਾਇਆ ਗਿਆ ਹੋਵੇਗਾ, ਕਾਗਜ਼ ’ਤੇ ਪੜ੍ਹਾਇਆ ਗਿਆ ਹੋਵੇਗਾ, ਫਿਰ ਮੈਦਾਨ ਵਿੱਚ ਲਿਜਾ ਕੇ ਪ੍ਰੈਕਟਿਸ, ਕੀ-ਕੀ ਹੋਇਆ ਹੋਵੇਗਾ, ਤੁਸੀਂ ਮੈਨੂੰ ਸਮਝਾ ਸਕਦੇ ਹੋ ਪੂਰਾ ਵਰਨਣ?

ਸੁਨੀਤਾ ਦੇਵੀ : ਜੀ.. ਜੀ... ਸਰ! ਪਹਿਲੇ ਦਿਨ ਸਰ ਜਦੋਂ ਅਸੀਂ ਲੋਕ ਗਏ ਹਾਂ ਤਾਂ ਉਸ ਦੇ ਦੂਸਰੇ ਦਿਨ ਤੋਂ ਸਾਡੇ ਲੋਕਾਂ ਦੀ ਟਰੇਨਿੰਗ ਸ਼ੁਰੂ ਹੋਈ ਸੀ। ਪਹਿਲਾਂ ਤਾਂ ਥਿਊਰੀ ਪੜ੍ਹਾਈ ਗਈ ਸੀ, ਫਿਰ ਕਲਾਸ ਚੱਲੀ ਸੀ ਦੋ ਦਿਨ। ਕਲਾਸ ਵਿੱਚ ਡ੍ਰੋਨ ’ਚ ਕਿਹੜੇ-ਕਿਹੜੇ ਪਾਰਟ ਹਨ, ਕਿਵੇਂ-ਕਿਵੇਂ ਤੁਹਾਨੂੰ ਕੀ-ਕੀ ਕਰਨਾ ਹੈ - ਇਹ ਸਾਰੀਆਂ ਚੀਜ਼ਾਂ ਥਿਊਰੀ ਵਿੱਚ ਪੜ੍ਹਾਈਆਂ ਗਈਆਂ ਸਨ। ਤੀਸਰੇ ਦਿਨ ਸਰ ਸਾਡਾ ਪੇਪਰ ਹੋਇਆ ਸੀ, ਉਸ ਤੋਂ ਬਾਅਦ ਵਿੱਚ ਫਿਰ ਸਰ ਇਕ ਕੰਪਿਊਟਰ ’ਤੇ ਵੀ ਪੇਪਰ ਹੋਇਆ ਸੀ, ਮਤਲਬ ਪਹਿਲਾਂ ਕਲਾਸ ਚੱਲੀ, ਉਸ ਤੋਂ ਬਾਅਦ ਟੈਸਟ ਲਿਆ ਗਿਆ, ਫਿਰ ਪ੍ਰੈਕਟੀਕਲ ਕਰਵਾਇਆ ਗਿਆ ਸੀ। ਸਾਡਾ ਮਤਲਬ ਡ੍ਰੋਨ ਕਿਵੇਂ ਉਡਾਉਣਾ ਹੈ, ਕਿਵੇਂ-ਕਿਵੇਂ ਮਤਲਬ ਤੁਸੀਂ ਕੰਟਰੋਲ ਕਿਵੇਂ ਸੰਭਾਲਣਾ ਹੈ, ਹਰ ਚੀਜ਼ ਸਿਖਾਈ ਗਈ ਸੀ ਪ੍ਰੈਕਟੀਕਲ ਦੇ ਤੌਰ ’ਤੇ।

ਮੋਦੀ ਜੀ : ਫਿਰ ਡ੍ਰੋਨ ਕੀ ਕੰਮ ਕਰੇਗਾ, ਉਹ ਕਿਵੇਂ ਸਿਖਾਇਆ?

ਸੁਨੀਤਾ ਦੇਵੀ : ਸਰ! ਡ੍ਰੋਨ ਕੰਮ ਕਰੇਗਾ ਕਿ ਜਿਵੇਂ ਅਜੇ ਫਸਲ ਵੱਡੀ ਹੋ ਰਹੀ ਹੈ, ਬਰਸਾਤ ਦਾ ਮੌਸਮ ਜਾਂ ਕੁਝ ਵੀ ਇੰਝ ਬਰਸਾਤ ’ਚ ਦਿੱਕਤ ਹੁੰਦੀ ਹੋਵੇ, ਖੇਤ ਵਿੱਚ ਫਸਲ ’ਚ ਅਸੀਂ ਲੋਕ ਵੜ੍ਹ ਨਹੀਂ ਪਾ ਰਹੇ ਹਾਂ ਤਾਂ ਕਿਵੇਂ ਮਜ਼ਦੂਰ ਅੰਦਰ ਜਾਏਗਾ ਤਾਂ ਇਸ ਦੇ ਮਾਧਿਅਮ ਨਾਲ ਬਹੁਤ ਫਾਇਦਾ ਕਿਸਾਨਾਂ ਨੂੰ ਹੋਵੇਗਾ ਅਤੇ ਉੱਥੇ ਖੇਤ ਵਿੱਚ ਵੜ੍ਹਨਾ ਹੀ ਨਹੀਂ ਪਵੇਗਾ। ਸਾਡਾ ਡ੍ਰੋਨ ਜੋ ਅਸੀਂ ਮਜ਼ਦੂਰ ਲਗਾ ਕੇ ਆਪਣਾ ਕੰਮ ਕਰਦੇ ਹਾਂ, ਉਹ ਸਾਡੇ ਡ੍ਰੋਨ ਨਾਲ ਵੱਟ ’ਤੇ ਖੜ੍ਹੇ ਹੋ ਕੇ ਅਸੀਂ ਆਪਣਾ ਉਹ ਕੰਮ ਕਰ ਸਕਦੇ ਹਾਂ, ਕੋਈ ਕੀੜਾ-ਮਕੌੜਾ ਜੇਕਰ ਖੇਤ ਦੇ ਅੰਦਰ ਹੈ, ਉਸ ਤੋਂ ਸਾਨੂੰ ਸਾਵਧਾਨੀ ਵੀ ਵਰਤਣੀ ਹੋਵੇਗੀ, ਕੋਈ ਦਿੱਕਤ ਨਹੀਂ ਹੋ ਸਕਦੀ ਅਤੇ ਕਿਸਾਨਾਂ ਨੂੰ ਵੀ ਬਹੁਤ ਚੰਗਾ ਲੱਗ ਰਿਹਾ ਹੈ। ਸਰ! ਅਸੀਂ 35 ਏਕੜ ਸਪਰੇਅ ਕਰ ਚੁੱਕੇ ਹਾਂ ਹੁਣ ਤੱਕ।

ਮੋਦੀ ਜੀ : ਤਾਂ ਕਿਸਾਨਾਂ ਨੂੰ ਵੀ ਸਮਝ ਹੈ, ਇਸ ਦਾ ਫਾਇਦਾ ਹੈ?

ਸੁਨੀਤਾ ਦੇਵੀ : ਜੀ ਸਰ! ਕਿਸਾਨ ਤਾਂ ਬਹੁਤ ਹੀ ਸੰਤੁਸ਼ਟ ਹੁੰਦੇ ਹਨ, ਕਹਿ ਰਹੇ ਹਨ ਬਹੁਤ ਚੰਗਾ ਲੱਗ ਰਿਹਾ ਹੈ। ਸਮੇਂ ਦੀ ਵੀ ਬੱਚਤ ਹੁੰਦੀ ਹੈ, ਸਾਰੀ ਸਹੂਲਤ ਤੁਸੀਂ ਖੁਦ ਦੇਖਦੇ ਹੋ। ਪਾਣੀ, ਦਵਾਈ ਸਭ ਕੁਝ ਨਾਲ-ਨਾਲ ਰੱਖਣੀ ਪੈਂਦੀ ਹੈ ਅਤੇ ਸਾਨੂੰ ਲੋਕਾਂ ਸਿਰਫ ਆ ਕੇ ਖੇਤ ਦੱਸਣਾ ਪੈਂਦਾ ਹੈ ਕਿ ਕਿੱਥੋਂ ਤੋਂ ਕਿੱਥੋਂ ਤੱਕ ਮੇਰਾ ਖੇਤ ਹੈ ਅਤੇ ਸਾਰਾ ਕੰਮ ਅੱਧੇ ਘੰਟੇ ਵਿੱਚ ਹੀ ਖਤਮ ਕਰ ਦਿੰਦੀ ਹਾਂ।

ਮੋਦੀ ਜੀ : ਤਾਂ ਇਹ ਡ੍ਰੋਨ ਦੇਖਣ ਲਈ ਹੋਰ ਲੋਕ ਵੀ ਆਉਂਦੇ ਹੋਣਗੇ ਫਿਰ ਤਾਂ?

ਸੁਨੀਤਾ ਦੇਵੀ : ਸਰ! ਬਹੁਤ ਭੀੜ ਲੱਗ ਜਾਂਦੀ ਹੈ। ਡ੍ਰੋਨ ਵੇਖਣ ਦੇ ਲਈ ਬਹੁਤ ਸਾਰੇ ਲੋਕ ਆ ਜਾਂਦੇ ਹਨ ਜੋ ਵੱਡੇ-ਵੱਡੇ ਕਿਸਾਨ ਲੋਕ ਹਨ, ਉਹ ਨੰਬਰ ਵੀ ਲੈ ਜਾਂਦੇ ਹਨ ਕਿ ਅਸੀਂ ਵੀ ਤੁਹਾਨੂੰ ਬੁਲਾਵਾਂਗੇ ਸਪਰੇਅ ਦੇ ਲਈ।

ਮੋਦੀ ਜੀ : ਅੱਛਾ! ਕਿਉਂਕਿ ਮੇਰਾ ਇਕ ਮਿਸ਼ਨ ਹੈ ਲੱਖਪਤੀ ਦੀਦੀ ਬਣਾਉਣ ਦਾ। ਜੇਕਰ ਅੱਜ ਦੇਸ਼ ਭਰ ਦੀਆਂ ਭੈਣਾਂ ਸੁਣ ਰਹੀਆਂ ਹਨ ਤਾਂ ਇਕ ਡ੍ਰੋਨ ਦੀਦੀ ਅੱਜ ਪਹਿਲੀ ਵਾਰੀ ਮੇਰੇ ਨਾਲ ਗੱਲ ਕਰ ਰਹੀ ਹੈ ਤਾਂ ਕੀ ਕਹਿਣਾ ਚਾਹੋਗੇ ਤੁਸੀਂ?

ਸੁਨੀਤਾ ਦੇਵੀ : ਵੈਸੇ ਅੱਜ ਮੈਂ ਇਕੱਲੀ ਡ੍ਰੋਨ ਦੀਦੀ ਹਾਂ ਤਾਂ ਅਜਿਹੀਆਂ ਹੀ ਹਜ਼ਾਰਾਂ ਭੈਣਾਂ ਅੱਗੇ ਆਉਣ ਤੇ ਮੇਰੇ ਵਰਗੀ ਡ੍ਰੋਨ ਦੀਦੀ ਉਹ ਵੀ ਬਣਨ। ਮੈਨੂੰ ਬਹੁਤ ਖੁਸ਼ੀ ਹੋਵੇਗੀ ਕਿ ਜਦੋਂ ਮੈਂ ਇਕੱਲੀ ਹਾਂ, ਮੇਰੇ ਨਾਲ ਆ ਕੇ ਹੋਰ ਹਜ਼ਾਰਾਂ ਲੋਕ ਖੜ੍ਹੇ ਹੋਣਗੇ ਤਾਂ ਹੋਰ ਚੰਗਾ ਲੱਗੇਗਾ ਕਿ ਅਸੀਂ ਇਕੱਲੇ ਨਹੀਂ ਹੋਰ ਲੋਕ ਵੀ ਸਾਡੇ ਨਾਲ ਡ੍ਰੋਨ ਦੀਦੀ ਦੇ ਨਾਂ ’ਤੇ ਪਹਿਚਾਣੇ ਜਾਂਦੇ ਹਨ।

ਮੋਦੀ ਜੀ : ਚਲੋ ਸੁਨੀਤਾ ਜੀ, ਮੇਰੇ ਵੱਲੋਂ ਤੁਹਾਨੂੰ ਬਹੁਤ-ਬਹੁਤ ਵਧਾਈ। ਇਹ ਨਮੋ ਡ੍ਰੋਨ ਦੀਦੀ, ਇਹ ਦੇਸ਼ ਵਿੱਚ ਖੇਤੀ ਨੂੰ ਆਧੁਨਿਕ ਬਣਾਉਣ ਦਾ ਇੱਕ ਬਹੁਤ ਵੱਡਾ ਮਾਧਿਅਮ ਬਣ ਰਹੀ ਹੈ। ਮੇਰੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ।

ਸੁਨੀਤਾ ਦੇਵੀ : ਥੈਂਕ ਯੂ ਸਰ।

ਮੋਦੀ ਜੀ : ਥੈਂਕ ਯੂ।

ਸਾਥੀਓ, ਅੱਜ ਦੇਸ਼ ਵਿੱਚ ਕੋਈ ਵੀ ਖੇਤਰ ਅਜਿਹਾ ਨਹੀਂ ਹੈ, ਜਿਸ ਵਿੱਚ ਦੇਸ਼ ਦੀ ਨਾਰੀ ਸ਼ਕਤੀ ਪਿੱਛੇ ਰਹਿ ਗਈ ਹੋਵੇ। ਇਕ ਹੋਰ ਖੇਤਰ, ਜਿੱਥੇ ਮਹਿਲਾਵਾਂ ਨੇ ਆਪਣੀ ਅਗਵਾਈ ਦੀ ਸਮਰੱਥਾ ਦਾ ਬਿਹਤਰੀਨ ਪ੍ਰਦਰਸ਼ਨ ਕੀਤਾ ਹੈ, ਉਹ ਹੈ ਕੁਦਰਤੀ ਖੇਤੀ, ਜਲ ਸੰਭਾਲ ਅਤੇ ਸਵੱਛਤਾ। ਰਸਾਇਣਾਂ ਨਾਲ ਸਾਡੀ ਧਰਤੀ ਮਾਂ ਨੂੰ ਜੋ ਕਸ਼ਟ ਹੋ ਰਿਹਾ ਹੈ, ਜੋ ਪੀੜਾ ਹੋ ਰਹੀ ਹੈ, ਜੋ ਦਰਦ ਹੋ ਰਿਹਾ ਹੈ - ਸਾਡੀ ਧਰਤੀ ਮਾਂ ਨੂੰ ਬਚਾਉਣ ਵਿੱਚ ਦੇਸ਼ ਦੀ ਮਾਤਰ ਸ਼ਕਤੀ ਵੱਡੀ ਭੂਮਿਕਾ ਨਿਭਾ ਰਹੀ ਹੈ। ਦੇਸ਼ ਦੇ ਕੋਨੇ-ਕੋਨੇ ਵਿੱਚ ਮਹਿਲਾਵਾਂ ਹੁਣ ਕੁਦਰਤੀ ਖੇਤੀ ਨੂੰ ਵਿਸਥਾਰ ਦੇ ਰਹੀਆਂ ਹਨ। ਅੱਜ ਜੇਕਰ ਦੇਸ਼ ਵਿੱਚ ‘ਜਲ ਜੀਵਨ ਮਿਸ਼ਨ’ ਦੇ ਤਹਿਤ ਇੰਨਾ ਕੰਮ ਹੋ ਰਿਹਾ ਹੈ ਤਾਂ ਇਸ ਦੇ ਪਿੱਛੇ ਪਾਣੀ ਸੰਮਤੀਆਂ ਦੀ ਬਹੁਤ ਵੱਡੀ ਭੂਮਿਕਾ ਹੈ। ਇਸ ਪਾਣੀ ਸੰਮਤੀ ਦੀ ਅਗਵਾਈ ਮਹਿਲਾਵਾਂ ਦੇ ਹੀ ਕੋਲ ਹੈ। ਇਸ ਤੋਂ ਇਲਾਵਾ ਵੀ ਭੈਣਾਂ-ਬੇਟੀਆਂ, ਜਲ ਸੰਭਾਲ ਦੇ ਲਈ ਹਰ ਤਰ੍ਹਾਂ ਦੀ ਕੋਸ਼ਿਸ਼ ਕਰ ਰਹੀਆਂ ਹਨ। ਮੇਰੇ ਨਾਲ ਫੋਨ ਲਾਈਨ ’ਤੇ ਇਕ ਅਜਿਹੀ ਮਹਿਲਾ ਹੈ ਕਲਿਆਣੀ ਪ੍ਰਫੁੱਲ ਪਾਟਿਲ ਜੀ। ਇਹ ਮਹਾਰਾਸ਼ਟਰ ਦੀ ਰਹਿਣ ਵਾਲੀ ਹੈ। ਆਓ, ਕਲਿਆਣੀ ਪ੍ਰਫੁੱਲ ਪਾਟਿਲ ਜੀ ਨਾ ਗੱਲ ਕਰਕੇ ਉਨ੍ਹਾਂ ਦਾ ਤਜ਼ਰਬਾ ਜਾਣਦੇ ਹਾਂ।

ਪ੍ਰਧਾਨ ਮੰਤਰੀ ਜੀ : ਕਲਿਆਣੀ ਜੀ ਨਮਸਤੇ

ਕਲਿਆਣੀ ਜੀ : ਨਮਸਤੇ ਸਰ ਜੀ ਨਮਸਤੇ

ਪ੍ਰਧਾਨ ਮੰਤਰੀ ਜੀ : ਕਲਿਆਣੀ ਜੀ ਪਹਿਲਾਂ ਤਾਂ ਤੁਸੀਂ ਆਪਣੇ ਬਾਰੇ ਵਿੱਚ, ਆਪਣੇ ਪਰਿਵਾਰ ਦੇ ਬਾਰੇ, ਆਪਣੇ ਕੰਮਕਾਰ ਦੇ ਬਾਰੇ ਜ਼ਰਾ ਦੱਸੋ?

ਕਲਿਆਣੀ ਜੀ : ਸਰ! ਮੈਂ ਐੱਮ. ਐੱਸ. ਸੀ. ਮਾਈਕਰੋ ਬਾਇਓਲੋਜੀ ਹਾਂ ਅਤੇ ਮੇਰੇ ਘਰ ਵਿੱਚ ਮੇਰੇ ਪਤੀ ਦੇਵ, ਮੇਰੀ ਸੱਸ ਅਤੇ ਦੋ ਬੱਚੇ ਹਨ ਅਤੇ ਤਿੰਨ ਸਾਲ ਤੋਂ ਮੈਂ ਆਪਣੀ ਗ੍ਰਾਮ ਪੰਚਾਇਤ ਵਿੱਚ ਕੰਮ ਕਰ ਰਹੀ ਹਾਂ।

ਪ੍ਰਧਾਨ ਮੰਤਰੀ ਜੀ : ਤਾਂ ਫਿਰ ਪਿੰਡ ਵਿੱਚ ਖੇਤੀ ਦੇ ਕੰਮ ’ਚ ਲੱਗ ਗਏ? ਕਿਉਂਕਿ ਤੁਹਾਡੇ ਕੋਲ ਮੂਲ ਗਿਆਨ ਵੀ ਹੈ, ਤੁਹਾਡੀ ਪੜ੍ਹਾਈ ਵੀ ਇਸ ਖੇਤਰ ਵਿੱਚ ਹੋਈ ਹੈ ਅਤੇ ਹੁਣ ਤੁਸੀਂ ਖੇਤੀ ਨਾਲ ਜੁੜ ਗਏ ਹੋ ਤਾਂ ਕੀ-ਕੀ ਨਵੇਂ ਤਜ਼ਰਬੇ ਕੀਤੇ ਹਨ ਤੁਸੀਂ।

ਕਲਿਆਣੀ ਜੀ : ਸਰ! ਅਸੀਂ ਜੋ 10 ਤਰ੍ਹਾਂ ਦੀਆਂ ਸਾਡੀਆਂ ਬਨਸਪਤੀਆਂ ਹਨ, ਉਨ੍ਹਾਂ ਨੂੰ ਇਕੱਠਾ ਕਰਕੇ ਅਸੀਂ ਆਰਗੈਨਿਕ ਫੁਹਾਰਣੀ (ਸਪਰੇਅ) ਬਣਾਇਆ ਹੈ। ਜਿਵੇਂ ਕਿ ਜੋ ਅਸੀਂ ਕੀਟਨਾਸ਼ਕ ਆਦਿ ਸਪਰੇਅ ਕਰਦੇ ਹਾਂ ਤਾਂ ਉਸ ਨਾਲ ਉਹ ਕੀੜੇ-ਮਕੌੜੇ ਵਗੈਰਾ ਜੋ ਸਾਡੇ ਮਿੱਤਰ ਕੀੜੇ ਹੁੰਦੇ ਹਨ ਤਾਂ ਉਹ ਵੀ ਨਸ਼ਟ ਹੋ ਰਹੇ ਹਨ ਅਤੇ ਸਾਡੀ ਭੂਮੀ ਦਾ ਪ੍ਰਦੂਸ਼ਣ ਹੁੰਦਾ ਹੈ ਜਾਂ ਤਾਂ ਅਸੀਂ ਰਸਾਇਣਕ ਚੀਜ਼ਾਂ ਜੋ ਪਾਣੀ ਵਿੱਚ ਘੁਲ-ਮਿਲ ਰਹੀਆਂ ਹਨ, ਉਸ ਦੀ ਵਜ੍ਹਾ ਨਾਲ ਸਾਡੇ ਸਰੀਰ ’ਤੇ ਵੀ ਹਾਨੀਕਾਰਕ ਨਤੀਜੇ ਦਿਖਾਈ ਦੇ ਰਹੇ ਹਨ, ਉਸ ਹਿਸਾਬ ਨਾਲ ਅਸੀਂ ਘੱਟ ਤੋਂ ਘੱਟ ਕੀਟਨਾਸ਼ਕ ਦੀ ਵਰਤੋਂ ਕਰੀਏ।

ਪ੍ਰਧਾਨ ਮੰਤਰੀ ਜੀ : ਤਾਂ ਇਕ ਤਰ੍ਹਾਂ ਤੁਸੀਂ ਪੂਰੀ ਤਰ੍ਹਾਂ ਕੁਦਰਤੀ ਖੇਤੀ ਵੱਲ ਜਾ ਰਹੇ ਹੋ?

ਕਲਿਆਣੀ ਜੀ : ਹਾਂ! ਜੋ ਸਾਡੀ ਰਵਾਇਤੀ ਖੇਤੀ ਹੈ ਸਰ, ਉਂਝ ਹੀ ਕੀਤੀ ਅਸੀਂ ਪਿਛਲੇ ਸਾਲ।

ਪ੍ਰਧਾਨ ਮੰਤਰੀ ਜੀ : ਕੀ ਤਜ਼ਰਬਾ ਹੋਇਆ ਕੁਦਰਤੀ ਖੇਤੀ ਵਿੱਚ?

ਕਲਿਆਣੀ ਜੀ : ਸਰ! ਜੋ ਸਾਡੀਆਂ ਮਹਿਲਾਵਾਂ ਹਨ, ਉਨ੍ਹਾਂ ਦੇ ਜੋ ਖਰਚ ਹਨ, ਉਹ ਘੱਟ ਹੋਏ ਅਤੇ ਜੋ ਉਤਪਾਦ ਹਨ ਸਰ ਤਾਂ ਉਹ ਵੀ ਅਸੀਂ ਬਗੈਰ ਕੀਟਨਾਸ਼ਕ ਤੋਂ ਕੀਤੇ, ਕਿਉਂਕਿ ਹੁਣ ਕੈਂਸਰ ਦੀ ਬਿਮਾਰੀ ਜੋ ਵਧ ਰਹੀ ਹੈ, ਜਿਵੇਂ ਸ਼ਹਿਰੀ ਭਾਗਾਂ ਵਿੱਚ ਤਾਂ ਹੈ ਹੀ, ਲੇਕਿਨ ਪਿੰਡਾਂ ਵਿੱਚ ਵੀ ਉਸ ਦਾ ਪ੍ਰਮਾਣ ਵਧ ਰਿਹਾ ਹੈ। ਉਸ ਹਿਸਾਬ ਨਾਲ ਜੇਕਰ ਤੁਸੀਂ ਆਪਣੇ ਆਉਣ ਵਾਲੇ ਪਰਿਵਾਰ ਨੂੰ ਸੁਰੱਖਿਅਤ ਕਰਨਾ ਹੈ ਤਾਂ ਇਹ ਰਾਹ ਅਪਨਾਉਣਾ ਜ਼ਰੂਰੀ ਹੈ। ਇਸ ਹਿਸਾਬ ਨਾਲ ਉਹ ਮਹਿਲਾਵਾਂ ਵੀ ਸਰਗਰਮ ਭਾਗੀਦਾਰੀ ਇਸ ਵਿੱਚ ਦਿਖਾ ਰਹੀਆਂ ਹਨ।

ਪ੍ਰਧਾਨ ਮੰਤਰੀ ਜੀ : ਅੱਛਾ ਕਲਿਆਣੀ ਜੀ, ਤੁਸੀਂ ਕੁਝ ਜਲ ਸੰਭਾਲ ਦੇ ਬਾਰੇ ਵੀ ਕੰਮ ਕੀਤਾ ਹੈ, ਉਸ ਵਿੱਚ ਕੀ ਕੀਤਾ ਹੈ ਤੁਸੀਂ?

ਕਲਿਆਣੀ ਜੀ : ਸਰ! ਰੇਨ ਵਾਟਰ ਹਾਰਵੈਸਟਿੰਗ ਜੋ ਸਾਡੀਆਂ ਸ਼ਾਸਕੀ ਜਿੰਨੀਆਂ ਵੀ ਇਮਾਰਤਾਂ ਹਨ, ਜਿਵੇਂ ਕਿ ਪ੍ਰਾਇਮਰੀ ਸਕੂਲ ਹੋਇਆ, ਆਂਗਣਵਾੜੀ ਹੋਇਆ, ਸਾਡੀ ਗ੍ਰਾਮ ਪੰਚਾਇਤ ਦੀ ਜੋ ਬਿਲਡਿੰਗ ਹੈ, ਉੱਥੋਂ ਦਾ ਜੋ ਪਾਣੀ ਹੈ ਬਾਰਿਸ਼ ਦਾ, ਉਹ ਸਭ ਇਕੱਠਾ ਕਰਕੇ ਅਸੀਂ ਇਕ ਜਗ੍ਹਾ ’ਤੇ ਭੰਡਾਰ ਕੀਤਾ ਹੋਇਆ ਹੈ ਜੋ ਰੀਚਾਰਜ ਸ਼ੈਫਟ ਹੈ ਸਰ ਕਿ ਬਾਰਿਸ਼ ਦਾ ਪਾਣੀ ਜੋ ਡਿੱਗਦਾ ਹੈ, ਉਹ ਜ਼ਮੀਨ ਦੇ ਅੰਦਰ ਰਿਸਣਾ ਚਾਹੀਦਾ ਹੈ, ਉਸ ਹਿਸਾਬ ਨਾਲ ਅਸੀਂ 20 ਰੀਚਾਰਜ ਸ਼ੈਫਟ ਸਾਡੇ ਪਿੰਡ ਦੇ ਅੰਦਰ ਹਨ ਅਤੇ 50 ਰੀਚਾਰਜ ਸ਼ੈਫਟ ਦੀ ਮਨਜ਼ੂਰੀ ਮਿਲ ਗਈ ਹੈ। ਹੁਣ ਜਲਦੀ ਹੀ ਉਨ੍ਹਾਂ ਦਾ ਕੰਮ ਵੀ ਚਾਲੂ ਹੋਣ ਵਾਲਾ ਹੈ।

ਪ੍ਰਧਾਨ ਮੰਤਰੀ ਜੀ : ਚਲੋ ਕਲਿਆਣੀ ਜੀ ਤੁਹਾਡੇ ਨਾਲ ਗੱਲ ਕਰਕੇ ਬਹੁਤ ਖੁਸ਼ੀ ਹੋਈ। ਤੁਹਾਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ।

ਕਲਿਆਣੀ ਜੀ : ਸਰ ਧੰਨਵਾਦ, ਸਰ ਧੰਨਵਾਦ। ਮੈਨੂੰ ਵੀ ਤੁਹਾਡੇ ਨਾਲ ਗੱਲ ਕਰਕੇ ਬਹੁਤ ਖੁਸ਼ੀ ਹੈ। ਮਤਲਬ ਮੇਰਾ ਜੀਵਨ ਸੰਪੂਰਨ ਰੂਪ ਵਿੱਚ ਸਾਰਥਿਕ ਹੋਇਆ ਹੈ, ਅਜਿਹਾ ਮੈਂ ਮੰਨਦੀ ਹਾਂ।

ਪ੍ਰਧਾਨ ਮੰਤਰੀ ਜੀ : ਬਸ ਸੇਵਾ ਕਰੋ।

ਪ੍ਰਧਾਨ ਮੰਤਰੀ ਜੀ : ਚਲੋ ਤੁਹਾਡਾ ਨਾਂ ਹੀ ਕਲਿਆਣੀ ਹੈ, ਤੁਸੀਂ ਤਾਂ ਕਲਿਆਣ ਕਰਨਾ ਹੀ ਕਰਨਾ ਹੈ। ਧੰਨਵਾਦ ਜੀ, ਨਮਸਕਾਰ।

ਕਲਿਆਣੀ ਦੇਵੀ : ਧੰਨਵਾਦ ਸਰ, ਧੰਨਵਾਦ।

ਸਾਥੀਓ, ਭਾਵੇਂ ਸੁਨੀਤਾ ਜੀ ਹੋਣ ਜਾਂ ਕਲਿਆਣੀ ਜੀ ਵੱਖ-ਵੱਖ ਖੇਤਰਾਂ ਵਿੱਚ ਨਾਰੀ ਸ਼ਕਤੀ ਦੀ ਸਫਲਤਾ ਬਹੁਤ ਪ੍ਰੇਰਕ ਹੈ। ਮੈਂ ਇਕ ਵਾਰ ਫਿਰ ਸਾਡੀ ਨਾਰੀ ਸ਼ਕਤੀ ਦੀ ਇਸ ਭਾਵਨਾ ਦੀ ਦਿਲੋਂ ਸ਼ਲਾਘਾ ਕਰਦਾ ਹਾਂ।

ਮੇਰੇ ਪਿਆਰੇ ਦੇਸ਼ਵਾਸੀਓ, ਅੱਜ ਸਾਡੇ ਸਾਰਿਆਂ ਦੇ ਜੀਵਨ ਵਿੱਚ ਟੈਕਨੋਲੋਜੀ ਦਾ ਮਹੱਤਵ ਬਹੁਤ ਵਧ ਗਿਆ ਹੈ। ਮੋਬਾਇਲ ਫੋਨ, ਡਿਜੀਟਲ ਗੈਜੇਟਸ ਅੱਜ ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਗਏ ਹਨ, ਲੇਕਿਨ ਕਿ ਤੁਸੀਂ ਕਲਪਨਾ ਕਰ ਸਕਦੇ ਹੋ ਕਿ ਡਿਜੀਟਲ ਗੈਜੇਟਸ ਦੀ ਮਦਦ ਨਾਲ ਹੁਣ ਜੰਗਲੀ ਜੀਵਾਂ ਦੇ ਨਾਲ ਤਾਲਮੇਲ ਬਿਠਾਉਣ ਵਿੱਚ ਵੀ ਮਦਦ ਮਿਲ ਰਹੀ ਹੈ। ਕੁਝ ਦਿਨਾਂ ਬਾਅਦ 3 ਮਾਰਚ ਨੂੰ ‘ਵਿਸ਼ਵ ਵਣ ਜੀਵ ਦਿਵਸ’ ਹੈ। ਇਸ ਦਿਨ ਨੂੰ ਜੰਗਲੀ ਜੀਵਾਂ ਦੀ ਸੰਭਾਲ ਪ੍ਰਤੀ ਜਾਗਰੂਕਤਾ ਫੈਲਾਉਣ ਦੇ ਟੀਚੇ ਨਾਲ ਮਨਾਇਆ ਜਾਂਦਾ ਹੈ। ਇਸ ਸਾਲ ‘ਵਰਲਡ ਵਾਈਡ ਲਾਈਫ ਡੇਅ’ ਦੀ ਥੀਮ ਵਿੱਚ ਡਿਜੀਟਲ ਇਨੋਵੇਸ਼ਨ ਨੂੰ ਸਭ ਤੋਂ ਉੱਪਰ ਰੱਖਿਆ ਗਿਆ ਹੈ। ਤੁਹਾਨੂੰ ਇਹ ਜਾਣ ਕੇ ਖੁਸ਼ੀ ਹੋਵੇਗੀ ਕਿ ਸਾਡੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਜੰਗਲੀ ਜੀਵਾਂ ਦੀ ਸੰਭਾਲ ਦੇ ਲਈ ਟੈਕਨੋਲੋਜੀ ਦੀ ਖੂਬ ਵਰਤੋਂ ਹੋ ਰਹੀ ਹੈ। ਪਿਛਲੇ ਕੁਝ ਸਾਲਾਂ ਤੋਂ ਸਰਕਾਰ ਦੇ ਯਤਨਾਂ ਨਾਲ ਦੇਸ਼ ਵਿੱਚ ਬਾਘਾਂ ਦੀ ਗਿਣਤੀ ਵਧੀ ਹੈ। ਮਹਾਰਾਸ਼ਟਰ ਦੇ ਚੰਦਰਪੁਰ ਦੇ ਟਾਈਗਰ ਰਿਜ਼ਰਵ ਵਿੱਚ ਬਾਘਾਂ ਦੀ ਗਿਣਤੀ 250 ਤੋਂ ਜ਼ਿਆਦਾ ਹੋ ਗਈ ਹੈ। ਚੰਦਰਪੁਰ ਜ਼ਿਲ੍ਹੇ ਵਿੱਚ ਇਨਸਾਨ ਅਤੇ ਬਾਘਾਂ ਦੇ ਸੰਘਰਸ਼ ਨੂੰ ਘੱਟ ਕਰਨ ਲਈ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਮਦਦ ਲਈ ਜਾ ਰਹੀ ਹੈ। ਇੱਥੇ ਪਿੰਡ ਅਤੇ ਜੰਗਲ ਦੀ ਸੀਮਾ ’ਤੇ ਕੈਮਰੇ ਲਗਾਏ ਗਏ ਹਨ, ਜਦੋਂ ਵੀ ਕੋਈ ਬਾਘ ਪਿੰਡ ਦੇ ਨਜ਼ਦੀਕ ਆਉਂਦਾ ਹੈ ਤਾਂ ਏ. ਆਈ. ਦੀ ਮਦਦ ਨਾਲ ਸਥਾਨਕ ਲੋਕ ਮੋਬਾਇਲ ਰਾਹੀਂ ਸੁਚੇਤ ਹੋ ਜਾਂਦੇ ਹਨ। ਅੱਜ ਇਸ ਟਾਈਗਰ ਰਿਜ਼ਰਵ ਦੇ ਆਲੇ-ਦੁਆਲੇ ਦੇ 13 ਪਿੰਡਾਂ ਵਿੱਚ ਇਸ ਵਿਵਸਥਾ ਨਾਲ ਲੋਕਾਂ ਨੂੰ ਬਹੁਤ ਸਹੂਲਤ ਹੋ ਗਈ ਹੈ ਅਤੇ ਬਾਘਾਂ ਨੂੰ ਵੀ ਸੁਰੱਖਿਆ ਮਿਲੀ ਹੈ।

ਸਾਥੀਓ, ਅੱਜ ਨੌਜਵਾਨ Entrepreneurs ਦੀ ਜੰਗਲੀ ਜੀਵਾਂ ਦੀ ਸੰਭਾਲ ਅਤੇ ਈਕੋ ਟੂਰਿਜ਼ਮ ਦੇ ਲਈ ਨਵੇਂ-ਨਵੇਂ ਇਨੋਵੇਸ਼ਨ ਸਾਹਮਣੇ ਲਿਆ ਰਹੇ ਹਨ। ਉੱਤਰਾਖੰਡ ਦੇ ਰੁੜ੍ਹਕੀ ਵਿੱਚ Rotor Precision Groups ਨੇ ਵਾਈਲਡ ਲਾਈਫ ਇੰਸਟੀਚਿਊਟ ਆਫ ਇੰਡੀਆ ਦੇ ਸਹਿਯੋਗ ਨਾਲ ਅਜਿਹਾ ਡ੍ਰੋਨ ਤਿਆਰ ਕੀਤਾ ਹੈ, ਜਿਸ ਨਾਲ ਕੇਨ ਨਦੀ ਵਿੱਚ ਘੜਿਆਲਾਂ ’ਤੇ ਨਜ਼ਰ ਰੱਖਣ ਵਿੱਚ ਮਦਦ ਮਿਲ ਰਹੀ ਹੈ। ਇਸੇ ਤਰ੍ਹਾਂ ਬੈਂਗਲੂਰੂ ਦੀ ਇਕ ਕੰਪਨੀ ਨੇ ਬਘੀਰਾ ਅਤੇ ਗਰੁੜ ਨਾਂ ਦਾ ਐਪ ਤਿਆਰ ਕੀਤਾ ਹੈ, ਬਘੀਰਾ ਐਪ ਨਾਲ ਜੰਗਲ ਸਫਾਰੀ ਦੇ ਦੌਰਾਨ ਵਾਹਨ ਦੀ ਸਪੀਡ ਅਤੇ ਦੂਸਰੀਆਂ ਗਤੀਵਿਧੀਆਂ ’ਤੇ ਨਜ਼ਰ ਰੱਖੀ ਜਾ ਸਕਦੀ ਹੈ। ਦੇਸ਼ ਵਿੱਚ ਕਈ ਟਾਈਵਗਰ ਰਿਜ਼ਰਵ ਵਿੱਚ ਇਨ੍ਹਾਂ ਦੀ ਵਰਤੋਂ ਹੋ ਰਹੀ ਹੈ। ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਇੰਟਰਨੈੱਟ ਆਫ ਥਿੰਗਜ਼ ’ਤੇ ਅਧਾਰਿਤ ਗਰੁੜ ਐਪ ਨੂੰ ਕਿਸੇ ਸੀ. ਸੀ. ਟੀ. ਵੀ. ਨਾਲ ਜੋੜਨ ’ਤੇ ਰੀਅਲ ਟਾਈਮ ਅਲਰਟ ਮਿਲਣ ਲੱਗਦਾ ਹੈ। ਜੰਗਲੀ ਜੀਵਾਂ ਦੀ ਸੰਭਾਲ ਦੀ ਦਿਸ਼ਾ ਵਿੱਚ ਇਸ ਤਰ੍ਹਾਂ ਦੇ ਹਰ ਯਤਨ ਨਾਲ ਸਾਡੇ ਦੇਸ਼ ਦੀ ਜੈਵਿਕ ਵਿਭਿੰਨਤਾ ਹੋਰ ਸਮਿ੍ਰਧ ਹੋ ਰਹੀ ਹੈ।

ਸਾਥੀਓ, ਭਾਰਤ ਵਿੱਚ ਤਾਂ ਕੁਦਰਤ ਦੇ ਨਾਲ ਤਾਲਮੇਲ ਸਾਡੀ ਸੰਸਕ੍ਰਿਤੀ ਦਾ ਅਭਿੰਨ ਹਿੱਸਾ ਰਿਹਾ ਹੈ। ਅਸੀਂ ਹਜ਼ਾਰਾਂ ਸਾਲਾਂ ਤੋਂ ਕੁਦਰਤ ਅਤੇ ਜੰਗਲੀ ਜੀਵਾਂ ਦੇ ਨਾਲ ਸਹਿ-ਹੋਂਦ ਦੀ ਭਾਵਨਾ ਨਾਲ ਰਹਿੰਦੇ ਆਏ ਹਾਂ, ਜੇਕਰ ਤੁਸੀਂ ਕਦੇ ਮਹਾਰਾਸ਼ਟਰ ਦੇ ਮੇਲ ਘਾਟ ਟਾਈਗਰ ਰੀਜ਼ਰਵ ਜਾਓਗੇ ਤਾਂ ਉੱਥੇ ਖੁਦ ਇਸ ਨੂੰ ਮਹਿਸੂਸ ਕਰ ਸਕੋਗੇ। ਇਸ ਟਾਈਗਰ ਰੀਜ਼ਰਵ ਦੇ ਨੇੜੇ ਖਟਕਲੀ ਪਿੰਡ ’ਚ ਰਹਿਣ ਵਾਲੇ ਆਦਿਵਾਸੀ ਪਰਿਵਾਰਾਂ ਨੇ ਸਰਕਾਰ ਦੀ ਮਦਦ ਨਾਲ ਆਪਣੇ ਘਰ ਨੂੰ ਹੋਮ ਸਟੇਅ ਵਿੱਚ ਬਦਲ ਦਿੱਤਾ ਹੈ। ਇਹ ਉਨ੍ਹਾਂ ਦੀ ਕਮਾਈ ਦਾ ਬਹੁਤ ਵੱਡਾ ਸਾਧਨ ਬਣ ਰਿਹਾ ਹੈ। ਇਸੇ ਪਿੰਡ ਵਿੱਚ ਰਹਿਣ ਵਾਲੇ ਕੋਰਕੂ ਜਨਜਾਤੀ ਦੇ ਪ੍ਰਕਾਸ਼ ਜਾਮਕਰ ਜੀ ਨੇ ਆਪਣੇ ਦੋ ਹੈਕਟੇਅਰ ਜ਼ਮੀਨ ’ਤੇ 7 ਕਮਰਿਆਂ ਵਾਲਾ ਹੋਮ ਸਟੇਅ ਤਿਆਰ ਕੀਤਾ ਹੈ। ਇੱਥੇ ਰੁਕਣ ਵਾਲੇ ਸੈਲਾਨੀਆਂ ਦੇ ਖਾਣ-ਪੀਣ ਦਾ ਇੰਤਜ਼ਾਮ ਉਨ੍ਹਾਂ ਦਾ ਪਰਿਵਾਰ ਹੀ ਕਰਦਾ ਹੈ। ਆਪਣੇ ਘਰ ਦੇ ਆਲੇ-ਦੁਆਲੇ ਉਨ੍ਹਾਂ ਨੇ ਔਸ਼ਧੀ ਪੌਦਿਆਂ ਦੇ ਨਾਲ-ਨਾਲ ਅੰਬ ਅਤੇ ਕੌਫੀ ਦੇ ਦਰੱਖਤ ਵੀ ਲਗਾਏ ਹਨ। ਇਸ ਨਾਲ ਸੈਲਾਨੀਆਂ ਦਾ ਆਕਰਸ਼ਣ ਤਾਂ ਵਧਿਆ ਹੀ ਹੈ, ਦੂਸਰੇ ਲੋਕਾਂ ਦੇ ਲਈ ਵੀ ਰੋਜ਼ਗਾਰ ਦੇ ਨਵੇਂ ਮੌਕੇ ਬਣੇ ਹਨ।

ਮੇਰੇ ਪਿਆਰੇ ਦੇਸ਼ਵਾਸੀਓ, ਜਦੋਂ ਪਸ਼ੂ ਪਾਲਣ ਦੀ ਗੱਲ ਕਰਦੇ ਹਾਂ ਤਾਂ ਅਕਸਰ ਗਾਂ-ਮੱਝ ਤੱਕ ਹੀ ਰੁਕ ਜਾਂਦੇ ਹਾਂ, ਲੇਕਿਨ ਬੱਕਰੀ ਵੀ ਤਾਂ ਇਕ ਬਹੁਤ ਅਹਿਮ ਪਸ਼ੂ ਧੰਨ ਹੈ, ਜਿਸ ਦੀ ਓਨੀ ਚਰਚਾ ਨਹੀਂ ਹੁੰਦੀ। ਦੇਸ਼ ਦੇ ਵੱਖ-ਵੱਖ ਖੇਤਰਾਂ ਵਿੱਚ ਅਨੇਕਾਂ ਲੋਕ ਬੱਕਰੀ ਪਾਲਣ ਨਾਲ ਵੀ ਜੁੜੇ ਹੋਏ ਹਨ। ਓਡੀਸ਼ਾ ਦੇ ਕਾਲਾ ਹਾਂਡੀ ਵਿੱਚ ਬੱਕਰੀ ਪਾਲਣ, ਪਿੰਡ ਦੇ ਲੋਕਾਂ ਦੀ ਰੋਜ਼ੀ ਦੇ ਨਾਲ-ਨਾਲ ਉਨ੍ਹਾਂ ਦੇ ਜੀਵਨ ਪੱਧਰ ਨੂੰ ਉੱਪਰ ਲਿਆਉਣ ਦਾ ਵੀ ਇਕ ਮਾਧਿਅਮ ਬਣ ਗਿਆ ਹੈ। ਇਸ ਯਤਨ ਦੇ ਪਿੱਛੇ ਜਯੰਤੀ ਮਹਾਪਾਤਰਾ ਜੀ ਅਤੇ ਉਨ੍ਹਾਂ ਦੇ ਪਤੀ ਬੀਰੇਨ ਸਾਹੂ ਜੀ ਦਾ ਇਕ ਵੱਡਾ ਫੈਸਲਾ ਹੈ। ਇਹ ਦੋਵੇਂ ਬੈਂਗਲੂਰੂ ਵਿੱਚ ਮੈਨੇਜਮੈਂਟ ਪ੍ਰੋਫੈਸ਼ਨਲ ਸਨ, ਲੇਕਿਨ ਉਨ੍ਹਾਂ ਨੇ ਨੌਕਰੀ ਤੋਂ ਬਰੇਕ ਲੈ ਕੇ ਕਾਲਾ ਹਾਂਡੀ ਦੇ ਸਾਲੇਭਾਟਾ ਪਿੰਡ ਆਉਣ ਦਾ ਫੈਸਲਾ ਕੀਤਾ। ਇਹ ਲੋਕ ਕੁਝ ਅਜਿਹਾ ਕਰਨਾ ਚਾਹੁੰਦੇ ਸਨ, ਜਿਸ ਨਾਲ ਇੱਥੋਂ ਦੇ ਦੇਹਾਤੀਆਂ ਦੀਆਂ ਸਮੱਸਿਆਵਾਂ ਦਾ ਹੱਲ ਹੋਵੇ, ਨਾਲ ਹੀ ਉਹ ਸਸ਼ਕਤ ਬਣਨ। ਸੇਵਾ ਅਤੇ ਸਮਰਪਣ ਨਾਲ ਭਰੀ ਆਪਣੀ ਇਸੇ ਸੋਚ ਦੇ ਨਾਲ ਉਨ੍ਹਾਂ ਨੇ ਮਾਣੀਕਾਸਤੂ ਐਗਰੋ ਦੀ ਸਥਾਪਨਾ ਕੀਤੀ ਅਤੇ ਕਿਸਾਨਾਂ ਦੇ ਨਾਲ ਕੰਮ ਸ਼ੁਰੂ ਕੀਤਾ। ਜਯੰਤੀ ਜੀ ਅਤੇ ਵੀਰੇਨ ਜੀ ਨੇ ਇੱਥੇ ਇਕ ਦਿਲਚਸਪ ਮਾਣੀਕਾਸਤੂ ਗੋਟ ਬੈਂਕ ਵੀ ਖੋਲਿ੍ਹਆ ਹੈ, ਉਹ ਸਮੁਦਾਇਕ ਪੱਧਰ ’ਤੇ ਬੱਕਰੀ ਪਾਲਣ ਨੂੰ ਵਧਾਵਾ ਦੇ ਰਹੇ ਹਨ। ਉਨ੍ਹਾਂ ਦੇ ਗੋਟ ਫਾਰਮ ਵਿੱਚ ਲਗਭਗ ਦਰਜਨਾਂ ਬੱਕਰੀਆਂ ਹਨ। ਮਾਣੀਕਾਸਤੂ ਗੋਟ ਬੈਂਕ ਨੇ ਕਿਸਾਨਾਂ ਦੇ ਲਈ ਇਕ ਪੂਰਾ ਸਿਸਟਮ ਤਿਆਰ ਕੀਤਾ ਹੈ। ਇਸ ਦੇ ਜ਼ਰੀਏ ਕਿਸਾਨਾਂ ਨੂੰ 24 ਮਹੀਨਿਆਂ ਦੇ ਲਈ 2 ਬੱਕਰੀਆਂ ਦਿੱਤੀਆਂ ਜਾਂਦੀਆਂ ਹਨ। ਦੋ ਸਾਲਾਂ ਵਿੱਚ ਬੱਕਰੀਆਂ 9 ਤੋਂ 10 ਬੱਚਿਆਂ ਨੂੰ ਜਨਮ ਦਿੰਦੀਆਂ ਹਨ। ਇਨ੍ਹਾਂ ’ਚੋਂ 6 ਬੱਚਿਆਂ ਨੂੰ ਬੈਂਕ ਰੱਖਦਾ ਹੈ, ਬਾਕੀ ਇਸ ਦੇ ਪਰਿਵਾਰ ਨੂੰ ਦੇ ਦਿੱਤੇ ਜਾਂਦੇ ਹਨ ਜੋ ਬੱਕਰੀ ਪਾਲਣ ਕਰਦਾ ਹੈ। ਇੰਨਾ ਹੀ ਨਹੀਂ ਬੱਕਰੀਆਂ ਦੀ ਦੇਖਭਾਲ ਦੇ ਲਈ ਜ਼ਰੂਰੀ ਸੇਵਾਵਾਂ ਵੀ ਪ੍ਰਦਾਨ ਕੀਤੀਆਂ ਜਾਂਦੀਆਂ ਹਨ। ਅੱਜ 50 ਪਿੰਡਾਂ ਦੇ ਇਕ ਹਜ਼ਾਰ ਤੋਂ ਜ਼ਿਆਦਾ ਕਿਸਾਨ ਇਸ ਦੰਪਤੀ ਦੇ ਨਾਲ ਜੁੜੇ ਹਨ। ਉਨ੍ਹਾਂ ਦੀ ਮਦਦ ਨਾਲ ਪਿੰਡ ਦੇ ਲੋਕ ਪਸ਼ੂ ਪਾਲਣ ਦੇ ਖੇਤਰ ਵਿੱਚ ਆਤਮ-ਨਿਰਭਰਤਾ ਦੇ ਵੱਲ ਵਧ ਰਹੇ ਹਨ। ਮੈਨੂੰ ਇਹ ਵੇਖ ਕੇ ਬਹੁਤ ਚੰਗਾ ਲੱਗਦਾ ਹੈ ਕਿ ਵਿਭਿੰਨ ਖੇਤਰਾਂ ਵਿੱਚ ਸਫਲ ਪ੍ਰੋਫੈਸ਼ਨਲ ਛੋਟੇ ਕਿਸਾਨਾਂ ਨੂੰ ਸਸ਼ਕਤ ਅਤੇ ਆਤਮ-ਨਿਰਭਰ ਬਣਾਉਣ ਦੇ ਲਈ ਨਵੇਂ-ਨਵੇਂ ਤਰੀਕੇ ਅਪਣਾ ਰਹੇ ਹਨ। ਉਨ੍ਹਾਂ ਦਾ ਇਹ ਯਤਨ ਹਰ ਕਿਸੇ ਨੂੰ ਪ੍ਰੇਰਿਤ ਕਰਨ ਵਾਲਾ ਹੈ।

ਮੇਰੇ ਪਿਆਰੇ ਦੇਸ਼ਵਾਸੀਓ, ਸਾਡੀ ਸੰਸਕ੍ਰਿਤੀ ਦੀ ਸਿੱਖਿਆ ਹੈ - ‘ਪਰਮਾਰਥ ਪਰਮੋ ਧਰਮਾ’ ਯਾਨੀ ਦੂਸਰਿਆਂ ਦੀ ਮਦਦ ਕਰਨਾ ਹੀ ਸਭ ਤੋਂ ਵੱਡਾ ਫਰਜ਼ ਹੈ। ਇਸੇ ਭਾਵਨਾ ’ਤੇ ਚੱਲਦੇ ਹੋਏ ਸਾਡੇ ਦੇਸ਼ ਵਿੱਚ ਅਨੇਕਾਂ ਲੋਕ ਨਿਰਸਵਾਰਥ ਭਾਵ ਨਾਲ ਦੂਸਰਿਆਂ ਦੀ ਸੇਵਾ ਕਰਨ ਵਿੱਚ ਆਪਣਾ ਜੀਵਨ ਸਮਰਪਿਤ ਕਰ ਦਿੰਦੇ ਹਨ। ਅਜਿਹੇ ਹੀ ਇਕ ਵਿਅਕਤੀ ਹਨ - ਬਿਹਾਰ ਵਿੱਚ ਭੋਜਪੁਰ ਦੇ ਭੀਮ ਸਿੰਘ ਭਵੇਸ਼ ਜੀ। ਆਪਣੇ ਖੇਤਰ ਦੇ ਮੁਸਹਰ ਜਾਤੀ ਦੇ ਲੋਕਾਂ ਵਿੱਚ ਇਨ੍ਹਾਂ ਦੇ ਕੰਮਾਂ ਦੀ ਖੂਬ ਚਰਚਾ ਹੈ। ਇਸ ਲਈ ਮੈਨੂੰ ਲੱਗਾ ਕਿ ਕਿਉਂ ਨਾ ਇਨ੍ਹਾਂ ਦੇ ਬਾਰੇ ਵਿੱਚ ਤੁਹਾਡੇ ਨਾਲ ਗੱਲ ਕੀਤੀ ਜਾਵੇ। ਬਿਹਾਰ ਵਿੱਚ ਮੁਸਹਰ ਇਕ ਅਤਿਅੰਤ ਵੰਚਿਤ ਸਮੁਦਾਇ ਰਿਹਾ ਹੈ, ਬਹੁਤ ਗਰੀਬ ਸਮੁਦਾਇ ਰਿਹਾ ਹੈ। ਭੀਮ ਸਿੰਘ ਭਵੇਸ਼ ਜੀ ਨੇ ਇਸ ਸਮੁਦਾਇ ਦੇ ਬੱਚਿਆਂ ਦੀ ਸਿੱਖਿਆ ’ਤੇ ਆਪਣਾ ਫੋਕਸ ਕੀਤਾ ਹੈ ਤਾਂ ਕਿ ਉਨ੍ਹਾਂ ਦਾ ਭਵਿੱਖ ਰੋਸ਼ਨ ਹੋ ਸਕੇ। ਉਨ੍ਹਾਂ ਨੇ ਮੁਸਹਰ ਜਾਤੀ ਦੇ ਲਗਭਗ 8 ਹਜ਼ਾਰ ਬੱਚਿਆਂ ਨੂੰ ਸਕੂਲ ਵਿੱਚ ਦਾਖਲ ਕਰਵਾਇਆ ਹੈ। ਉਨ੍ਹਾਂ ਨੇ ਇਕ ਵੱਡੀ ਲਾਇਬ੍ਰੇਰੀ ਵੀ ਬਣਾਈ ਹੈ, ਜਿਸ ਨਾਲ ਬੱਚਿਆਂ ਨੂੰ ਪੜ੍ਹਾਈ-ਲਿਖਾਈ ਦੀ ਬਿਹਤਰ ਸਹੂਲਤ ਮਿਲ ਰਹੀ ਹੈ। ਭੀਮ ਸਿੰਘ ਜੀ ਆਪਣੇ ਸਮੁਦਾਇ ਦੇ ਮੈਂਬਰਾਂ ਦੇ ਜ਼ਰੂਰੀ ਦਸਤਾਵੇਜ਼ ਬਣਾਉਣ ਵਿੱਚ, ਉਨ੍ਹਾਂ ਦੇ ਫਾਰਮ ਭਰਨ ਵਿੱਚ ਵੀ ਮਦਦ ਕਰਦੇ ਹਨ, ਇਸ ਨਾਲ ਜ਼ਰੂਰੀ ਸਨਸਾਧਨਾਂ ਤੱਕ ਪਿੰਡ ਦੇ ਲੋਕਾਂ ਦੀ ਪਹੁੰਚ ਹੋਰ ਬਿਹਤਰ ਹੋ ਰਹੀ ਹੈ, ਲੋਕਾਂ ਦੀ ਸਿਹਤ ਬਿਹਤਰ ਹੋਵੇ, ਇਸ ਲਈ ਉਨ੍ਹਾਂ ਨੇ 100 ਤੋਂ ਜ਼ਿਆਦਾ ਮੈਡੀਕਲ ਕੈਂਪ ਲਗਾਏ ਹਨ, ਜਦੋਂ ਕੋਰੋਨਾ ਦਾ ਮਹਾਸੰਕਟ ਸਿਰ ’ਤੇ ਸੀ ਤਾਂ ਭੀਮ ਸਿੰਘ ਜੀ ਨੇ ਆਪਣੇ ਖੇਤਰ ਦੇ ਲੋਕਾਂ ਨੂੰ ਵੈਕਸੀਨ ਲਗਵਾਉਣ ਲਈ ਵੀ ਬਹੁਤ ਉਤਸ਼ਾਹਿਤ ਕੀਤਾ। ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਭੀਮ ਸਿੰਘ ਭਵੇਸ਼ ਜੀ ਵਰਗੇ ਕਈ ਲੋਕ ਹਨ ਜੋ ਸਮਾਜ ਵਿੱਚ ਅਜਿਹੇ ਅਨੇਕਾਂ ਨੇਕ ਕਾਰਜਾਂ ਵਿੱਚ ਜੁਟੇ ਹਨ। ਇਕ ਜ਼ਿੰਮੇਵਾਰ ਨਾਗਰਿਕ ਦੇ ਤੌਰ ’ਤੇ ਅਸੀਂ ਉਸੇ ਤਰ੍ਹਾਂ ਆਪਣੇ ਫਰਜ਼ਾਂ ਦਾ ਪਾਲਣ ਕਰਾਂਗੇ ਤਾਂ ਇਹ ਇਕ ਸਸ਼ਕਤ ਰਾਸ਼ਟਰ ਦੇ ਨਿਰਮਾਣ ਵਿੱਚ ਬਹੁਤ ਮਦਦਗਾਰ ਸਾਬਿਤ ਹੋਵੇਗਾ।

ਮੇਰੇ ਪਿਆਰੇ ਦੇਸ਼ਵਾਸੀਓ, ਭਾਰਤ ਦੀ ਸੁੰਦਰਤਾ, ਇੱਥੋਂ ਦੀ ਵਿਭਿੰਨਤਾ ਅਤੇ ਸਾਡੀ ਸੰਸਕ੍ਰਿਤੀ ਦੇ ਵੱਖ-ਵੱਖ ਰੰਗਾਂ ਵਿੱਚ ਵੀ ਸਮੂਹੀ ਹੋਈ ਹੈ। ਮੈਨੂੰ ਇਹ ਵੇਖ ਕੇ ਚੰਗਾ ਲੱਗਦਾ ਹੈ ਕਿ ਕਿੰਨੇ ਹੀ ਲੋਕ ਨਿਰਸਵਾਰਥ ਭਾਵ ਨਾਲ ਭਾਰਤੀ ਸੰਸਕ੍ਰਿਤੀ ਦੀ ਸੰਭਾਲ ਅਤੇ ਇਸ ਨੂੰ ਸਜਾਉਣ-ਸੰਵਾਰਨ ਦੇ ਯਤਨਾਂ ਵਿੱਚ ਜੁਟੇ ਹਨ। ਤੁਹਾਨੂੰ ਅਜਿਹੇ ਲੋਕ ਭਾਰਤ ਦੇ ਹਰ ਹਿੱਸੇ ਵਿੱਚ ਮਿਲ ਜਾਣਗੇ। ਇਨ੍ਹਾਂ ਵਿੱਚ ਵੱਡੀ ਗਿਣਤੀ ਉਨ੍ਹਾਂ ਦੀ ਵੀ ਹੈ ਜੋ ਭਾਸ਼ਾ ਦੇ ਖੇਤਰ ਵਿੱਚ ਕੰਮ ਕਰ ਰਹੇ ਹਨ। ਜੰਮੂ-ਕਸ਼ਮੀਰ ਵਿੱਚ ਗਾਂਦਰਬਲ ਦੇ ਮੁਹੰਮਦ ਮਾਨਸ਼ਾਹ ਜੀ ਪਿਛਲੇ ਤਿੰਨ ਦਹਾਕਿਆਂ ਤੋਂ ਗੋਜਰੀ ਭਾਸ਼ਾ ਨੂੰ ਸੰਭਾਲਣ ਦੇ ਯਤਨਾਂ ਵਿੱਚ ਜੁਟੇ ਹੋਏ ਹਨ। ਉਹ ਗੁੱਜਰ ਬੱਕਰਵਾਲ ਸਮੁਦਾਇ ਦੇ ਹਨ ਜੋ ਇਕ ਜਨਜਾਤੀ ਸਮੁਦਾਇ ਹੈ। ਉਨ੍ਹਾਂ ਨੂੰ ਬਚਪਨ ਵਿੱਚ ਪੜ੍ਹਾਈ ਦੇ ਲਈ ਸਖਤ ਮਿਹਨਤ ਕਰਨੀ ਪਈ। ਉਹ ਰੋਜ਼ਾਨਾ 20 ਕਿਲੋਮੀਟਰ ਦੀ ਦੂਰੀ ਪੈਦਲ ਤੈਅ ਕਰਦੇ ਸਨ। ਇਸ ਤਰ੍ਹਾਂ ਦੀਆਂ ਚੁਣੌਤੀਆਂ ਦੇ ਵਿਚਕਾਰ ਐੱਮ. ਏ. ਦੀ ਡਿਗਰੀ ਹਾਸਿਲ ਕੀਤੀ ਅਤੇ ਇੰਝ ਹੀ ਉਨ੍ਹਾਂ ਦਾ ਆਪਣੀ ਭਾਸ਼ਾ ਦੀ ਸੰਭਾਲ ਕਰਨ ਦਾ ਸੰਕਲਪ ਪੱਕਾ ਹੋਇਆ।

ਸਾਹਿਤ ਦੇ ਖੇਤਰ ਵਿੱਚ ਮਾਨਸ਼ਾਹ ਜੀ ਦੇ ਕੰਮਾਂ ਦਾ ਦਾਇਰਾ ਇੰਨਾ ਵੱਡਾ ਹੈ ਕਿ ਇਸ ਨੂੰ ਲਗਭਗ 50 ਸੰਸਕਰਣਾਂ ਵਿੱਚ ਸਹੇਜਿਆ ਗਿਆ ਹੈ। ਇਨ੍ਹਾਂ ਵਿੱਚ ਕਵਿਤਾਵਾਂ ਅਤੇ ਲੋਕ ਗੀਤ ਵੀ ਸ਼ਾਮਿਲ ਹਨ। ਉਨ੍ਹਾਂ ਨੇ ਕਈ ਕਿਤਾਬਾਂ ਦਾ ਅਨੁਵਾਦ ਗੋਜਰੀ ਭਾਸ਼ਾ ਵਿੱਚ ਕੀਤਾ ਹੈ।

ਸਾਥੀਓ, ਅਰੁਣਾਚਲ ਪ੍ਰਦੇਸ਼ ਵਿੱਚ ਤਿਰਪ ਦੇ ਬਨਵੰਗ ਲੋਸੂ ਜੀ ਇਕ ਟੀਚਰ ਹਨ, ਉਨ੍ਹਾਂ ਨੇ ਵਾਂਚੋ ਭਾਸ਼ਾ ਦੇ ਪ੍ਰਸਾਰ ਵਿੱਚ ਆਪਣਾ ਅਹਿਮ ਯੋਗਦਾਨ ਦਿੱਤਾ ਹੈ। ਇਹ ਭਾਸ਼ਾ ਅਰੁਣਾਚਲ ਪ੍ਰਦੇਸ਼, ਨਾਗਾਲੈਂਡ ਅਤੇ ਅਸਮ ਦੇ ਕੁਝ ਹਿੱਸਿਆਂ ਵਿੱਚ ਬੋਲੀ ਜਾਂਦੀ ਹੈ। ਉਨ੍ਹਾਂ ਨੇ ਇਕ ਲੈਂਗਵੇਅਜ਼ ਸਕੂਲ ਬਣਾਉਣ ਦਾ ਕੰਮ ਕੀਤਾ ਹੈ। ਇਸ ਦੇ ਨਾਲ ਵਾਂਚੋ ਭਾਸ਼ਾ ਦੀ ਇਕ ਲਿਪੀ ਵੀ ਤਿਆਰ ਕੀਤੀ ਹੈ। ਉਹ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਵਾਂਚੋ ਭਾਸ਼ਾ ਸਿਖਾ ਰਹੇ ਹਨ ਤਾਂ ਕਿ ਇਸ ਨੂੰ ਲੁਪਤ ਹੋਣ ਤੋਂ ਬਚਾਇਆ ਜਾ ਸਕੇ।

ਸਾਥੀਓ, ਸਾਡੇ ਦੇਸ਼ ਵਿੱਚ ਬਹੁਤ ਸਾਰੇ ਅਜਿਹੇ ਲੋਕ ਵੀ ਹਨ ਜੋ ਗੀਤਾਂ ਅਤੇ ਨਾਚਾਂ ਦੇ ਮਾਧਿਅਮ ਨਾਲ ਆਪਣੀ ਸੰਸਕ੍ਰਿਤੀ ਅਤੇ ਭਾਸ਼ਾ ਨੂੰ ਸੰਭਾਲਣ ਵਿੱਚ ਜੁਟੇ ਹਨ। ਕਰਨਾਟਕਾ ਦੇ ਵੇਂਕੱਪਾ ਅੰਬਾਜੀ ਸੂਗੇਤਕਰ, ਉਨ੍ਹਾਂ ਦਾ ਜੀਵਨ ਇਸ ਮਾਮਲੇ ਵਿੱਚ ਬਹੁਤ ਪ੍ਰੇਰਣਾਦਾਇਕ ਹੈ। ਇੱਥੋਂ ਦੇ ਬਾਗਲਕੋਟ ਦੇ ਰਹਿਣ ਵਾਲੇ ਸੂਗੇਤਕਰ ਜੀ ਇਕ ਲੋਕ ਗਾਇਕ ਹਨ। ਉਨ੍ਹਾਂ ਨੇ ਇਕ ਹਜ਼ਾਰ ਤੋਂ ਜ਼ਿਆਦਾ ਗੋਂਧਲੀ ਗਾਣੇ ਗਾਏ ਹਨ, ਨਾਲ ਹੀ ਇਸ ਭਾਸ਼ਾ ਵਿੱਚ ਕਹਾਣੀਆਂ ਦਾ ਵੀ ਖੂਬ ਪ੍ਰਚਾਰ-ਪ੍ਰਸਾਰ ਕੀਤਾ ਹੈ। ਉਨ੍ਹਾਂ ਨੇ ਬਿਨਾਂ ਫੀਸ ਲਏ ਸੈਂਕੜੇ ਵਿਦਿਆਰਥੀਆਂ ਨੂੰ ਟਰੇਨਿੰਗ ਵੀ ਦਿੱਤੀ ਹੈ। ਭਾਰਤ ਵਿੱਚ ਉਮੰਗ ਅਤੇ ਉਤਸ਼ਾਹ ਨਾਲ ਭਰੇ ਅਜਿਹੇ ਲੋਕਾਂ ਦੀ ਕਮੀ ਨਹੀਂ ਜੋ ਸਾਡੀ ਸੰਸਕ੍ਰਿਤੀ ਨੂੰ ਨਿਰੰਤਰ ਸਮਿ੍ਰਧ ਬਣਾ ਰਹੇ ਹਨ। ਤੁਸੀਂ ਵੀ ਇਨ੍ਹਾਂ ਤੋਂ ਪ੍ਰੇਰਣਾ ਲਓ, ਕੁਝ ਆਪਣਾ ਕਰਨ ਦਾ ਯਤਨ ਕਰੋ, ਤੁਹਾਨੂੰ ਬਹੁਤ ਸੰਤੋਸ਼ ਮਹਿਸੂਸ ਹੋਵੇਗਾ।

ਮੇਰੇ ਪਿਆਰੇ ਦੇਸ਼ਵਾਸੀਓ, ਦੋ ਦਿਨ ਪਹਿਲਾਂ ਮੈਂ ਵਾਰਾਣਸੀ ਵਿੱਚ ਸੀ ਅਤੇ ਉੱਥੇ ਮੈਂ ਇਕ ਬਹੁਤ ਹੀ ਸ਼ਾਨਦਾਰ ਫੋਟੋ ਪ੍ਰਦਰਸ਼ਨੀ ਵੇਖੀ। ਕਾਸ਼ੀ ਅਤੇ ਆਲੇ-ਦੁਆਲੇ ਦੇ ਨੌਜਵਾਨਾਂ ਨੇ ਕੈਮਰੇ ਨਾਲ ਜਿਸ ਤਰ੍ਹਾਂ ਦੀਆਂ ਫੋਟੋਆਂ ਖਿੱਚੀਆਂ ਹਨ, ਉਹ ਅਨੋਖੀਆਂ ਹਨ। ਇਨ੍ਹਾਂ ਵਿੱਚੋਂ ਕਾਫੀ ਫੋਟੋ ਅਜਿਹੀਆਂ ਹਨ ਜੋ ਮੋਬਾਇਲ ਕੈਮਰੇ ਨਾਲ ਖਿੱਚੀਆਂ ਗਈਆਂ ਹਨ। ਵਾਕਿਆ ਹੀ ਅੱਜ ਜਿਨ੍ਹਾਂ ਕੋਲ ਮੋਬਾਇਲ ਹੈ, ਉਹ ਇਕ ਕੰਟੈਂਟ ਕਰੀਏਟਰ ਬਣ ਗਏ ਹਨ। ਲੋਕਾਂ ਨੂੰ ਆਪਣਾ ਹੁਨਰ ਅਤੇ ਪ੍ਰਤਿਭਾ ਦਿਖਾਉਣ ਵਿੱਚ ਸੋਸ਼ਲ ਮੀਡੀਆ ਨੇ ਵੀ ਬਹੁਤ ਮਦਦ ਕੀਤੀ ਹੈ। ਭਾਰਤ ਦੇ ਸਾਡੇ ਨੌਜਵਾਨ ਸਾਥੀ ਕੰਟੈਂਟ ਕਰੀਏਸ਼ਨ ਦੇ ਖੇਤਰ ਵਿੱਚ ਕਮਾਲ ਕਰ ਰਹੇ ਹਨ। ਭਾਵੇਂ ਕੋਈ ਵੀ ਸੋਸ਼ਲ ਮੀਡੀਆ ਪਲੇਟਫਾਰਮ ਹੋਵੇ, ਤੁਹਾਨੂੰ ਵੱਖ-ਵੱਖ ਵਿਸ਼ਿਆਂ ’ਤੇ ਵੱਖ-ਵੱਖ ਕੰਟੈਂਟ ਸ਼ੇਅਰ ਕਰਦੇ ਹੋਏ ਸਾਡੇ ਨੌਜਵਾਨ ਸਾਥੀ ਮਿਲ ਹੀ ਜਾਣਗੇ। ਟੂਰਿਜ਼ਮ ਹੋਵੇ, ਸਮਾਜਿਕ ਗਤੀਵਿਧੀ ਹੋਵੇ, ਜਨ-ਭਾਗੀਦਾਰੀ ਹੋਵੇ ਜਾਂ ਫਿਰ ਪ੍ਰੇਰਕ ਜੀਵਨ ਯਾਤਰਾ, ਇਨ੍ਹਾਂ ਨਾਲ ਜੁੜੀ ਤਰ੍ਹਾਂ-ਤਰ੍ਹਾਂ ਦੀ ਜਾਣਕਾਰੀ ਸੋਸ਼ਲ ਮੀਡੀਆ ’ਤੇ ਮੌਜੂਦ ਹੈ। ਕੰਟੈਂਟ ਕਰੀਏਟ ਕਰ ਰਹੇ ਦੇਸ਼ ਦੇ ਨੌਜਵਾਨਾਂ ਦੀ ਆਵਾਜ਼ ਅੱਜ ਬਹੁਤ ਪ੍ਰਭਾਵੀ ਬਣ ਚੁੱਕੀ ਹੈ। ਉਨ੍ਹਾਂ ਦੀ ਪ੍ਰਤਿਭਾ ਨੂੰ ਸਨਮਾਨ ਦੇਣ ਦੇ ਲਈ ਦੇਸ਼ ਵਿੱਚ ਨੈਸ਼ਨਲ ਕਰੀਏਟਰਸ ਐਵਾਰਡ ਸ਼ੁਰੂ ਕੀਤਾ ਗਿਆ ਹੈ, ਇਸ ਦੇ ਤਹਿਤ ਵੱਖ-ਵੱਖ ਵਰਗਾਂ ਵਿੱਚ ਉਨ੍ਹਾਂ ਬਦਲਾਓ ਲਿਆਉਣ ਵਾਲਿਆਂ ਨੂੰ ਚੇਨ ਮੇਕਰਸ ਸਨਮਾਨਿਤ ਕਰਨ ਦੀ ਤਿਆਰੀ ਹੈ ਜੋ ਸਮਾਜਿਕ ਪਰਿਵਰਤਨ ਦੀ ਪ੍ਰਭਾਵੀ ਆਵਾਜ਼ ਬਣਨ ਦੇ ਲਈ ਟੈਕਨੋਲੋਜੀ ਦੀ ਵਰਤੋਂ ਕਰ ਰਹੇ ਹਨ। ਇਹ ਮੁਕਾਬਲਾ ਮਾਈ ਗੋਵ ’ਤੇ ਚੱਲ ਰਿਹਾ ਹੈ ਅਤੇ ਕੰਟੈਂਟ ਕਰੀਏਟਰਸ ਨੂੰ ਇਸ ਨਾਲ ਜੁੜਨ ਦੇ ਲਈ ਅਨੁਰੋਧ ਕਰਾਂਗਾ। ਤੁਸੀਂ ਵੀ ਜੇਕਰ ਕਿਸੇ ਅਜਿਹੇ ਦਿਲਚਸਪ ਕੰਟੈਂਟ ਕਰੀਏਟਰਸ ਨੂੰ ਜਾਣਦੇ ਹੋ ਤਾਂ ਉਨ੍ਹਾਂ ਨੂੰ ਨੈਸ਼ਨਲ ਕਰੀਏਟਰ ਐਵਾਰਡ ਦੇ ਲਈ ਜ਼ਰੂਰ ਨੋਮੀਨੇਟ ਕਰੋ।

ਮੇਰੇ ਪਿਆਰੇ ਦੇਸ਼ਵਾਸੀਓ, ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਕੁਝ ਦਿਨ ਪਹਿਲਾਂ ਹੀ ਚੋਣ ਆਯੋਗ ਨੇ ਇਕ ਹੋਰ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ - ‘ਮੇਰਾ ਪਹਿਲਾ ਵੋਟ - ‘ਦੇਸ਼ ਦੇ ਲਈ’। ਇਸ ਦੇ ਜ਼ਰੀਏ ਵਿਸ਼ੇਸ਼ ਰੂਪ ’ਚ ਪਹਿਲੀ ਵਾਰ ਵੋਟ ਦੇਣ ਵਾਲੇ ਵੋਟਰਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਗਿਣਤੀ ਵਿੱਚ ਵੋਟ ਦੇਣ ਦਾ ਅਨੁਰੋਧ ਕੀਤਾ ਗਿਆ ਹੈ। ਭਾਰਤ ਨੂੰ ਜੋਸ਼ ਅਤੇ ਊਰਜਾ ਨਾਲ ਭਰੀ ਆਪਣੀ ਨੌਜਵਾਨ ਸ਼ਕਤੀ ’ਤੇ ਮਾਣ ਹੈ। ਸਾਡੇ ਨੌਜਵਾਨ ਸਾਥੀ ਚੋਣ ਪ੍ਰਕਿਰਿਆ ਵਿੱਚ ਜਿੰਨੀ ਜ਼ਿਆਦਾ ਭਾਗੀਦਾਰੀ ਕਰਨਗੇ, ਇਸ ਦੇ ਨਤੀਜੇ ਦੇਸ਼ ਦੇ ਲਈ ਓਨੇ ਹੀ ਲਾਭਕਾਰੀ ਹੋਣਗੇ। ਮੈਂ ਵੀ ਪਹਿਲੀ ਵਾਰ ਵੋਟ ਦੇਣ ਵਾਲਿਆਂ ਨੂੰ ਬੇਨਤੀ ਕਰਾਂਗਾ ਕਿ ਉਹ ਰਿਕਾਰਡ ਗਿਣਤੀ ਵਿੱਚ ਵੋਟ ਦੇਣ। 18 ਦਾ ਹੋਣ ਤੋਂ ਬਾਅਦ ਤੁਹਾਨੂੰ 18ਵੀਂ ਲੋਕਸਭਾ ਦੇ ਲਈ ਮੈਂਬਰ ਚੁਣਨ ਦਾ ਮੌਕਾ ਮਿਲਿਆ ਹੈ। ਯਾਨੀ ਇਹ 18ਵੀਂ ਲੋਕਸਭਾ ਵੀ ਨੌਜਵਾਨ ਇੱਛਾ ਦੀ ਪ੍ਰਤੀਕ ਹੋਵੇਗੀ। ਇਸ ਲਈ ਤੁਹਾਡੇ ਵੋਟ ਦਾ ਮਹੱਤਵ ਹੋਰ ਵਧ ਗਿਆ ਹੈ। ਆਮ ਚੋਣਾਂ ਦੀ ਇਸ ਹਲਚਲ ਦੇ ਦੌਰਾਨ ਤੁਸੀਂ ਨੌਜਵਾਨ, ਨਾ ਸਿਰਫ ਰਾਜਨੀਤਿਕ ਗਤੀਵਿਧੀਆਂ ਦਾ ਹਿੱਸਾ ਬਣੋ, ਬਲਕਿ ਇਸ ਦੌਰਾਨ ਚਰਚਾ ਅਤੇ ਬਹਿਸ ਨੂੰ ਲੈ ਕੇ ਵੀ ਜਾਗਰੂਕ ਬਣੇ ਰਹੋ ਅਤੇ ਯਾਦ ਰੱਖੋ - ‘ਮੇਰਾ ਪਹਿਲਾ ਵੋਟ - ਦੇਸ਼ ਦੇ ਲਈ’। ਮੈਂ ਦੇਸ਼ ਦੇ ਇਨਫਲੂਐਂਸਰਜ਼ ਨੂੰ ਵੀ ਬੇਨਤੀ ਕਰਾਂਗਾ, ਭਾਵੇਂ ਉਹ ਖੇਡ ਜਗਤ ਦੇ ਹੋਣ, ਫਿਲਮ ਜਗਤ ਹੋਣ, ਸਾਹਿਤ ਜਗਤ ਦੇ ਹੋਣ, ਦੂਸਰੇ ਪੇਸ਼ੇਵਰ ਹੋਣ ਜਾਂ ਸਾਡੇ ਇੰਸਟਾਗ੍ਰਾਮ ਅਤੇ ਯੂ-ਟਿਊਬ ਦੇ ਇਨਫਲੂਐਂਸਰਜ਼ ਹੋਣ, ਉਹ ਵੀ ਇਸ ਮੁਹਿੰਮ ਵਿੱਚ ਵਧ-ਚੜ੍ਹ ਕੇ ਹਿੱਸਾ ਲੈਣ ਅਤੇ ਪਹਿਲੀ ਵਾਰ ਵੋਟ ਦੇਣ ਵਾਲਿਆਂ ਨੂੰ ਪ੍ਰੇਰਿਤ ਕਰਨ।

ਸਾਥੀਓ, ‘ਮਨ ਕੀ ਬਾਤ’ ਦੇ ਇਸ ਐਪੀਸੋਡ ਵਿੱਚ ਮੇਰੇ ਨਾਲ ਇੰਨਾ ਹੀ। ਦੇਸ਼ ਵਿੱਚ ਲੋਕਸਭਾ ਚੋਣ ਦਾ ਮਾਹੌਲ ਹੈ ਅਤੇ ਜਿਵੇਂ ਕਿ ਪਿਛਲੀ ਵਾਰ ਹੋਇਆ ਸੀ, ਸੰਭਾਵਨਾ ਹੈ ਕਿ ਮਾਰਚ ਦੇ ਮਹੀਨੇ ਵਿੱਚ ਆਚਾਰ-ਸੰਗਿਤਾ ਲੱਗ ਜਾਵੇਗੀ। ਇਹ ‘ਮਨ ਕੀ ਬਾਤ’ ਦੀ ਬਹੁਤ ਵੱਡੀ ਸਫਲਤਾ ਹੈ ਕਿ ਬੀਤੇ 110 ਐਪੀਸੋਡ ਵਿੱਚ ਅਸੀਂ ਇਸ ਨੂੰ ਸਰਕਾਰ ਦੇ ਪ੍ਰਛਾਵੇਂ ਤੋਂ ਵੀ ਦੂਰ ਰੱਖਿਆ ਹੈ। ‘ਮਨ ਕੀ ਬਾਤ’ ਵਿੱਚ ਦੇਸ਼ ਦੀ ਸਮੂਹਿਕ ਸ਼ਕਤੀ ਦੀ ਗੱਲ ਹੁੰਦੀ ਹੈ, ਦੇਸ਼ ਦੀ ਉਪਲੱਬਧੀ ਦੀ ਗੱਲ ਹੁੰਦੀ ਹੈ। ਇਕ ਤਰ੍ਹਾਂ ਨਾਲ ਜਨਤਾ ਦਾ, ਜਨਤਾ ਦੇ ਲਈ, ਜਨਤਾ ਦੁਆਰਾ ਤਿਆਰ ਹੋਣ ਵਾਲਾ ਪ੍ਰੋਗਰਾਮ ਹੈ। ਲੇਕਿਨ ਫਿਰ ਵੀ ਰਾਜਨੀਤਿਕ ਮਰਿਯਾਦਾ ਦਾ ਪਾਲਣ ਕਰਦਿਆਂ ਲੋਕਸਭਾ ਚੋਣਾਂ ਦੇ ਇਨ੍ਹਾਂ ਦਿਨਾਂ ਵਿੱਚ ਅਗਲੇ ਤਿੰਨ ਮਹੀਨੇ ‘ਮਨ ਕੀ ਬਾਤ’ ਦਾ ਪ੍ਰਸਾਰਣ ਨਹੀਂ ਹੋਵੇਗਾ। ਹੁਣ ਜਦੋਂ ਤੁਹਾਡੇ ਨਾਲ ‘ਮਨ ਕੀ ਬਾਤ’ ਵਿੱਚ ਸੰਵਾਦ ਹੋਵੇਗਾ ਤਾਂ ਉਹ ‘ਮਨ ਕੀ ਬਾਤ’ ਦਾ 111ਵਾਂ ਐਪੀਸੋਡ ਹੋਵੇਗਾ। ਅਗਲੀ ਵਾਰ ‘ਮਨ ਕੀ ਬਾਤ’ ਦੀ ਸ਼ੁਰੂਆਤ 111 ਦੇ ਸ਼ੁਭ ਅੰਕ ਨਾਲ ਹੋਵੇ ਤਾਂ ਇਸ ਨਾਲੋਂ ਚੰਗਾ ਭਲਾ ਕੀ ਹੋਵੇਗਾ। ਲੇਕਿਨ ਸਾਥੀਓ, ਤੁਸੀਂ ਮੇਰਾ ਇਕ ਕੰਮ ਕਰਦੇ ਰਹਿਣਾ ਹੈ, ‘ਮਨ ਕੀ ਬਾਤ’ ਭਾਵੇਂ ਤਿੰਨ ਮਹੀਨਿਆਂ ਲਈ ਰੁਕ ਗਿਆ ਹੈ, ਲੇਕਿਨ ਦੇਸ਼ ਦੀਆਂ ਪ੍ਰਾਪਤੀਆਂ ਥੋੜ੍ਹਾ ਰੁਕਣਗੀਆਂ। ਇਸ ਲਈ ਤੁਸੀਂ ‘ਮਨ ਕੀ ਬਾਤ’ ਹੈਸ਼ਟੈਗ ਦੇ ਨਾਲ ਸਮਾਜ ਦੀਆਂ ਪ੍ਰਾਪਤੀਆਂ ਨੂੰ, ਦੇਸ਼ ਦੀਆਂ ਪ੍ਰਾਪਤੀਆਂ ਨੂੰ ਸੋਸ਼ਲ ਮੀਡੀਆ ’ਤੇ ਪਾਉਂਦੇ ਰਹਿਣਾ। ਕੁਝ ਸਮਾਂ ਪਹਿਲਾਂ ਇਕ ਨੌਜਵਾਨ ਨੇ ਮੈਨੂੰ ਇਕ ਚੰਗਾ ਸੁਝਾਅ ਦਿੱਤਾ ਸੀ। ਸੁਝਾਅ ਇਹ ਸੀ ਕਿ ‘ਮਨ ਕੀ ਬਾਤ’ ਦੇ ਹੁਣ ਤੱਕ ਦੇ ਐਪੀਸੋਡ ਵਿੱਚੋਂ ਛੋਟੇ-ਛੋਟੇ ਵੀਡੀਓ, ਯੂ-ਟਿਊਬ ਸ਼ਾਰਟਸ ਦੇ ਰੂਪ ਵਿੱਚ ਸ਼ੇਅਰ ਕਰਨਾ ਚਾਹੀਦਾ ਹੈ। ਇਸ ਲਈ ਮੈਂ ‘ਮਨ ਕੀ ਬਾਤ’ ਦੇ ਸਰੋਤਿਆਂ ਨੂੰ ਬੇਨਤੀ ਕਰਾਂਗਾ ਕਿ ਅਜਿਹੇ ਸ਼ਾਰਟਸ ਨੂੰ ਖੂਬ ਸ਼ੇਅਰ ਕਰਨ।

ਸਾਥੀਓ, ਜਦੋਂ ਅਗਲੀ ਵਾਰ ਤੁਹਾਡੇ ਨਾਲ ਸੰਵਾਦ ਹੋਵੇਗਾ ਤਾਂ ਫਿਰ ਨਵੀਂ ਊਰਜਾ, ਨਵੀਆਂ ਜਾਣਕਾਰੀਆਂ ਦੇ ਨਾਲ ਤੁਹਾਨੂੰ ਮਿਲਾਂਗਾ। ਆਪਣਾ ਧਿਆਨ ਰੱਖਣਾ, ਬਹੁਤ-ਬਹੁਤ ਧੰਨਵਾਦ। ਨਮਸਕਾਰ।

************

ਡੀਐੱਸ/ਵੀਕੇ

 


(Release ID: 2008848) Visitor Counter : 145