ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਲਖਨਊ, ਉੱਤਰ ਪ੍ਰਦੇਸ਼ ਵਿੱਚ ਵਿਕਸਿਤ ਭਾਰਤ ਵਿਕਸਿਤ ਉੱਤਰ ਪ੍ਰਦੇਸ਼ ਪ੍ਰੋਗਰਾਮ ਨੂੰ ਸੰਬੋਧਨ ਕੀਤਾ


ਯੂਪੀ ਗਲੋਬਲ ਇਨਵੈਸਟਰਸ ਸਮਿਟ 2023 ਦੇ ਚੌਥੇ ਗਰਾਊਂਡਬ੍ਰੇਕਿੰਗ ਸਮਾਰੋਹ ਵਿੱਚ ਪੂਰੇ ਉੱਤਰ ਪ੍ਰਦੇਸ਼ ਵਿੱਚ 10 ਲੱਖ ਕਰੋੜ ਰੁਪਏ ਤੋਂ ਅਧਿਕ ਦੇ 14000 ਪ੍ਰੋਜੈਕਟਸ ਲਾਂਚ ਕੀਤੇ ਗਏ

“ਉੱਤਰ ਪ੍ਰਦੇਸ਼ ਦੀ ਡਬਲ ਇੰਜਣ ਸਰਕਾਰ ਰਾਜ ਦੇ ਲੋਕਾਂ ਦੇ ਜੀਵਨ ਨੂੰ ਅਸਾਨ ਬਣਾਉਣ ਦੇ ਲਈ ਦਿਨ-ਰਾਤ ਕੰਮ ਕਰ ਰਹੀ ਹੈ”

ਪਿਛਲੇ 7 ਵਰ੍ਹਿਆਂ ਵਿੱਚ ਯੂਪੀ ਵਿੱਚ ਬਿਜ਼ਨਸ, ਵਿਕਾਸ ਅਤੇ ਵਿਸ਼ਵਾਸ ਦਾ ਮਾਹੋਲ ਬਣਿਆ ਹੈ”

“ਡਬਲ ਇੰਜਣ ਸਰਕਾਰ ਨੇ ਦਿਖਾ ਦਿੱਤਾ ਹੈ ਕਿ ਜੇਕਰ ਬਦਲਾਅ ਦਾ ਇਰਾਦਾ ਸੱਚਾ ਹੋਵੇ ਤਾਂ ਉਸ ਨੂੰ ਕੋਈ ਰੋਕ ਨਹੀਂ ਸਕਦਾ”

“ਆਲਮੀ ਪੱਧਰ ‘ਤੇ, ਭਾਰਤ ਦੇ ਲਈ ਬੇਮਿਸਾਲ ਸਕਾਰਤਮਕਤਾ ਹੈ”

“ਅਸੀਂ ਯੂਪੀ ਵਿੱਚ ਜੀਵਨ ਦੀ ਸੁਗਮਤਾ ਅਤੇ ਕਾਰੋਬਾਰ ਕਰਨ ਦੀ ਸੁਗਮਤਾ ‘ਤੇ ਸਮਾਨ ਜ਼ੋਰ ਦਿੱਤਾ ਹੈ”

“ਜਦੋਂ ਤੱਕ ਸਰਕਾਰੀ ਯੋਜਨਾਵਾਂ ਦਾ ਲਾਭ ਸਾਰਿਆਂ ਤੱਕ ਨਹੀਂ ਪਹੁੰਚ ਜਾਂਦਾ, ਅਸੀਂ ਚੈਨ ਨਾਲ ਨਹੀਂ ਬੈਠਾਂਗੇ”

“ਯੂਪੀ ਸਭ ਤੋਂ ਵੱਧ ਐਕਸਪ੍ਰੈੱਸਵੇ ਅਤੇ ਅੰਤਰਰਾਸ਼ਟਰੀ ਹਵਾਈ ਅੱਡਿਆਂ ਵਾਲਾ ਰਾਜ ਹੈ”

“ਉੱਤਰ ਪ੍ਰਦੇਸ਼ ਦੀ ਧਰਤੀ ਦੇ ਪੁੱਤਰ ਚੌਧਰੀ ਚਰਣ ਸਿੰਘ ਜੀ ਦਾ ਸਨਮਾਨ, ਦੇਸ਼ ਦੇ ਕਰੋੜਾਂ ਕਿਸਾਨਾਂ ਦਾ ਸਨਮਾਨ ਹੈ”

Posted On: 19 FEB 2024 4:36PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਲਖਨਊ ਵਿੱਚ ਵਿਕਸਿਤ ਭਾਰਤ ਵਿਕਸਿਤ ਉੱਤਰ ਪ੍ਰਦੇਸ਼ ਪ੍ਰੋਗਰਾਮ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਫਰਵਰੀ 2023 ਵਿੱਚ ਆਯੋਜਿਤ ਯੂਪੀ ਗਲੋਬਲ ਇਨਵੈਸਟਰਸ ਸਮਿਟ 2023 ਦੇ ਚੌਥੇ ਗਰਾਊਂਡਬ੍ਰੇਕਿੰਗ ਸਮਾਰੋਹ ਵਿੱਚ ਪੂਰੇ ਉੱਤਰ ਪ੍ਰਦੇਸ਼ ਵਿੱਚ 10 ਲੱਖ ਕਰੋੜ ਰੁਪਏ ਤੋਂ ਵੱਧ ਦੇ 14000 ਪ੍ਰੋਜੈਕਟਸ ਸ਼ੁਰੂ ਕੀਤੇ। ਇਹ ਪ੍ਰੋਜੈਕਟਸ ਮੈਨੂਫੈਕਚਰਿੰਗ, ਅਖੁੱਟ ਊਰਜਾ, ਆਈਟੀ ਅਤੇ ਆਈਟੀਈਐੱਸ, ਫੂਡ ਪ੍ਰੋਸੈੱਸਿੰਗ, ਹਾਊਸਿੰਗ ਅਤੇ ਰੀਅਲ ਅਸਟੇਟ, ਹੌਸਪਿਟੈਲਿਟੀ ਤੇ ਐਂਟਰਟੇਨਮੈਂਟ ਅਤੇ ਸਿੱਖਿਆ ਆਦਿ ਜਿਹੇ ਖੇਤਰਾਂ ਨਾਲ ਸਬੰਧਿਤ ਹਨ।

ਸਭਾ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦਾ ਆਯੋਜਨ ਵਿਕਸਿਤ ਉੱਤਰ ਪ੍ਰਦੇਸ਼ਦੇ ਵਿਕਾਸ ਦੇ ਜ਼ਰੀਏ ਵਿਕਸਿਤ ਭਾਰਤ ਦੇ ਸੰਕਲਪ ਦੀ ਦਿਸ਼ਾ ਵਿੱਚ ਇੱਕ ਕਦਮ ਹੈ। ਵੀਡੀਓ ਕਾਨਫਰੰਸਿੰਗ ਦੇ ਮਾਧਿਅਮ ਨਾਲ ਉੱਤਰ ਪ੍ਰਦੇਸ਼ ਦੇ 400 ਤੋਂ ਵੱਧ ਹਲਕਿਆਂ ਦੇ ਲੱਖਾਂ ਲੋਕਾਂ ਦੀ ਉਪਸਥਿਤੀ ਨੂੰ ਧਿਆਨ ਵਿੱਚ ਰੱਖਦੇ ਹੋਏ, ਪ੍ਰਧਾਨ ਮੰਤਰੀ ਮੋਦੀ ਨੇ ਉਨ੍ਹਾਂ ਦਾ ਸੁਆਗਤ ਕੀਤਾ ਅਤੇ ਪ੍ਰਸੰਨਤਾ ਵਿਅਕਤ ਕੀਤੀ ਕਿ ਨਾਗਰਿਕ ਹੁਣ ਟੈਕਨੋਲੋਜੀ ਦੀ ਮਦਦ ਨਾਲ ਪ੍ਰੋਗਰਾਮ ਵਿੱਚ ਸ਼ਾਮਲ ਹੋ ਸਕਦੇ ਹਨ, ਜੋ ਕਿ 7-8 ਵਰ੍ਹੇ ਪਹਿਲੇ ਜਿਸ ਦੀ ਕਲਪਨਾ ਵੀ ਨਹੀਂ ਕੀਤੀ ਜਾਂਦੀ ਸੀ। ਇਸ ਤੋਂ ਪਹਿਲਾਂ ਉੱਤਰ ਪ੍ਰਦੇਸ਼ ਵਿੱਚ ਉੱਚ ਅਪਰਾਧ ਦਰ ਦੀ ਤਰਫ ਇਸ਼ਾਰਾ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਨਿਵੇਸ਼ ਅਤੇ ਰੋਜ਼ਗਾਰ ਦੇ ਅਵਸਰਾਂ ਦੇ ਸਬੰਧ ਵਿੱਚ ਰਾਜ ਵਿੱਚ ਸਕਾਰਾਤਮਕਤਾ ਦੇ ਮਾਹੌਲ ਦੀ ਸ਼ਲਾਘਾ ਕੀਤੀ। ਪ੍ਰਧਾਨ ਮੰਤਰੀ ਨੇ ਰਾਜ ਦੀ ਪ੍ਰਗਤੀ ‘ਤੇ ਪ੍ਰਸੰਨਤਾ ਵਿਅਕਤ ਕਰਦੇ ਹੋਏ ਕਿਹਾ, “ਅੱਜ, ਉੱਤਰ ਪ੍ਰਦੇਸ਼ ਵਿੱਚ ਲੱਖਾਂ ਕਰੋੜ ਰੁਪਏ ਦਾ ਨਿਵੇਸ਼ ਹੋ ਰਿਹਾ ਹੈ,” ਕਿਉਂਕਿ ਉਹ ਵਾਰਾਣਸੀ ਤੋਂ ਸੰਸਦ ਮੈਂਬਰ ਵੀ ਹਨ। ਅੱਜ ਦੇ ਵਿਕਾਸ ਪ੍ਰੋਜੈਕਟਾਂ ਦੇ ਬਾਰੇ ਬੋਲਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਉੱਤਰ ਪ੍ਰਦੇਸ਼ ਦਾ ਚਿਹਰਾ ਬਦਲ ਦੇਵੇਗਾ ਅਤੇ ਨਿਵੇਸ਼ਕਾਂ ਦੇ ਨਾਲ-ਨਾਲ ਨੌਜਵਾਨਾਂ ਨੂੰ ਵੀ ਵਧਾਈ ਦਿੱਤੀ।

ਉੱਤਰ ਪ੍ਰਦੇਸ਼ ਵਿੱਚ ਡਬਲ ਇੰਜਣ ਸਰਕਾਰ ਦੇ ਸੱਤ ਸਾਲ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਮਿਆਦ ਵਿੱਚ ‘ਰੈੱਡ ਟੇਪ ਕਲਚਰ’ ਦੀ ਜਗ੍ਹਾ ‘ਰੈੱਡ ਕਾਰਪੇਟ ਕਲਚਰ’ ਨੇ ਲੈ ਲਈ ਹੈ। ਉਨ੍ਹਾਂ ਨੇ ਕਿਹਾ ਕਿ ਪਿਛਲੇ 7 ਵਰ੍ਹਿਆਂ ਵਿੱਚ ਯੂਪੀ ਵਿੱਚ ਅਪਰਾਧ ਘੱਟ ਹੋਏ ਅਤੇ ਬਿਜ਼ਨਸ ਕਲਚਰ ਵਧਿਆ। ਪ੍ਰਧਾਨ ਮੰਤਰੀ ਨੇ ਕਿਹਾ, “ਪਿਛਲੇ 7 ਵਰ੍ਹਿਆਂ ਵਿੱਚ ਉੱਤਰ ਪ੍ਰਦੇਸ਼ ਵਿੱਚ ਕਾਰੋਬਾਰ, ਵਿਕਾਸ ਅਤੇ ਵਿਸ਼ਵਾਸ ਦਾ ਮਾਹੌਲ ਵਿਕਸਿਤ ਹੋਇਆ ਹੈ।” ਉਨ੍ਹਾਂ ਨੇ ਕਿਹਾ ਕਿ ਜੇਕਰ ਸੱਚੀ ਇੱਛਾ ਹੋਵੇ ਤਾਂ ਡਬਲ ਇੰਜਣ ਸਰਕਾਰ ਨੇ ਬਦਲਾਅ ਦੀ ਜ਼ਰੂਰਤ ਨੂੰ ਸਾਬਿਤ ਕਰ ਦਿੱਤਾ ਹੈ। ਉਨ੍ਹਾਂ ਨੇ ਇਸ ਮਿਆਦ ਦੇ ਦੌਰਾਨ ਰਾਜ ਤੋਂ ਨਿਰਯਾਤ ਦੁੱਗਣਾ ਹੋਣ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਬਿਜਲੀ ਉਤਪਾਦਨ ਅਤੇ ਟ੍ਰਾਂਸਮਿਸ਼ਨ ਵਿੱਚ ਰਾਜ ਦੀ ਤਰੱਕੀ ਦੀ ਵੀ ਸ਼ਲਾਘਾ ਕੀਤੀ।

 “ਅੱਜ, ਯੂਪੀ ਦੇਸ਼ ਵਿੱਚ ਸਭ ਤੋਂ ਵੱਧ ਐਕਸਪ੍ਰੈੱਸਵੇ ਅਤੇ ਅੰਤਰਰਾਸ਼ਟਰੀ ਹਵਾਈ ਅੱਡਿਆਂ ਵਾਲਾ ਰਾਜ ਹੈ। ਇਹ ਉਹ ਰਾਜ ਹੈ ਜਿੱਥੇ ਦੇਸ਼ ਦੀ ਪਹਿਲੀ ਰੈਪਿਡ ਰੇਲ ਚੱਲ ਰਹੀ ਹੈ”, ਪ੍ਰਧਾਨ ਮੰਤਰੀ ਨੇ ਰਾਜ ਵਿੱਚ ਪੂਰਬੀ ਅਤੇ ਪੱਛਮੀ ਪੈਰਿਫੇਰਲ ਐਕਸਪ੍ਰੈੱਸਵੇ ਦੇ ਇੱਕ ਵੱਡੇ ਹਿੱਸੇ ਦੀ ਉਪਸਥਿਤੀ ਦੀ ਤਰਫ਼ ਇਸ਼ਾਰਾ ਕਰਦੇ ਹੋਏ ਕਿਹਾ। ਰਾਜ ਵਿੱਚ ਨਦੀ ਜਲਮਾਰਗਾਂ ਦੇ ਉਪਯੋਗ ਨੂੰ ਸਵੀਕਾਰ ਕਰਦੇ ਹੋਏ, ਪੀਐੱਮ ਮੋਦੀ ਨੇ ਰਾਜ ਵਿੱਚ ਕਨੈਕਟੀਵਿਟੀ ਅਤੇ ਯਾਤਰਾ ਵਿੱਚ ਅਸਾਨੀ ਦੀ ਪ੍ਰਸ਼ੰਸਾ ਕੀਤੀ।

ਪ੍ਰਧਾਨ ਮੰਤਰੀ ਨੇ ਰੇਖਾਂਕਿਤ ਕੀਤਾ ਕਿ ਅੱਜ ਦੇ ਵਿਕਾਸ ਪ੍ਰੋਜੈਕਟਾਂ ਦਾ ਮੁਲਾਂਕਣ ਕੇਵਲ ਨਿਵੇਸ਼ ਦੇ ਸੰਦਰਭ ਵਿੱਚ ਨਹੀਂ ਕੀਤਾ ਜਾ ਰਿਹਾ ਹੈ, ਬਲਕਿ ਉਹ ਬਿਹਤਰ ਭਵਿੱਖ ਦੇ ਲਈ ਇੱਕ ਸਮਗ੍ਰ ਦ੍ਰਿਸ਼ਟੀਕੋਣ ਅਤੇ ਨਿਵੇਸ਼ਕਾਂ ਦੇ ਲਈ ਉਮੀਦ ਦੀ ਕਿਰਨ ਪੇਸ਼ ਕਰਦੇ ਹਨ। ਸੰਯੁਕਤ ਅਰਬ ਅਮੀਰਾਤ (ਯੂਏਈ) ਅਤੇ ਕਤਰ ਦੀ ਆਪਣੀ ਹਾਲੀਆ ਯਾਤਰਾ ਨੂੰ ਯਾਦ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਦੁਨੀਆ ਭਰ ਵਿੱਚ ਭਾਰਤ ਦੇ ਪ੍ਰਤੀ ਬੇਮਿਸਾਲ ਸਕਾਰਾਤਮਕਤਾ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਹਰ ਦੇਸ਼ ਭਾਰਤ ਦੀ ਵਿਕਾਸ ਦੀ ਕਹਾਣੀ ਵਿੱਚ ਆਸਵੰਦ ਅਤੇ ਵਿਸ਼ਵਾਸ ਮਹਿਸੂਸ ਕਰਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ, “ਭਾਵੇਂ ਹੀ ਅੱਜ ਦੇਸ਼ ਭਰ ਵਿੱਚ “ਮੋਦੀ ਕੀ ਗਾਰੰਟੀ” ਦੀ ਵਿਆਪਕ ਚਰਚਾ ਹੋ ਰਹੀ ਹੈ, ਲੇਕਿਨ ਦੁਨੀਆ ਭਾਰਤ ਨੂੰ ਬਿਹਤਰ ਰਿਟਰਨ ਦੀ ਗਾਰੰਟੀ ਦੇ ਰੂਪ ਵਿੱਚ ਦੇਖ ਰਹੀ ਹੈ।” ਨਿਵੇਸ਼ਕਾਂ ਦੇ ਵਿਸ਼ਵਾਸ ਨੂੰ ਦੁਹਰਾਉਂਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਨੇ ਉਸ ਪ੍ਰਵਿਰਤੀ ਨੂੰ ਤੋੜ ਦਿੱਤਾ ਹੈ ਜਦੋਂ ਚੋਣਾਂ ਦਰਵਾਜ਼ੇ ‘ਤੇ ਦਸਤਕ ਦੇ ਰਹੀਆਂ ਹੁੰਦੀਆਂ ਹਨ ਅਤੇ ਸਰਕਾਰਾਂ ਨਿਵੇਸ਼ ਤੋਂ ਦੂਰ ਹੋ ਜਾਂਦੀਆਂ ਹਨ। ਪ੍ਰਧਾਨ ਮੰਤਰੀ ਨੇ ਉੱਤਰ ਪ੍ਰਦੇਸ਼ ਵਿੱਚ ਇਸੇ ਤਰ੍ਹਾਂ ਦੀ ਪ੍ਰਵਿਰਤੀ ਦੇ ਉੱਭਰਣ ਦਾ ਜ਼ਿਕਰ ਕਰਦੇ ਹੋਏ ਕਿਹਾ, “ਦੁਨੀਆ ਭਰ ਦੇ ਨਿਵੇਸ਼ਕ ਸਰਕਾਰ ਦੀਆਂ ਨੀਤੀਆਂ ਅਤੇ ਸਥਿਰਤਾ ‘ਤੇ ਭਰੋਸਾ ਕਰਦੇ ਹਨ।”

ਪ੍ਰਧਾਨ ਮੰਤਰੀ ਨੇ ਵਿਕਸਿਤ ਭਾਰਤ ਦੇ ਲਈ ਨਵੀਂ ਸੋਚ ਅਤੇ ਦਿਸ਼ਾ ਦੀ ਜ਼ਰੂਰਤ ਨੂੰ ਰੇਖਾਂਕਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਨਾਗਰਿਕਾਂ ਨੂੰ ਨਿਊਨਤਮ ਅਸਤਿਤਵ ‘ਤੇ ਰੱਖਣ ਅਤੇ ਖੇਤਰੀ ਅਸੰਤੁਲਨ ਦਾ ਪੂਰਵ ਦ੍ਰਿਸ਼ਟੀਕੋਣ ਰਾਸ਼ਟਰ ਦੇ ਵਿਕਾਸ ਦੇ ਲਈ ਉਪਯੁਕਤ ਨਹੀਂ ਸੀ। ਉਨ੍ਹਾਂ ਨੇ ਕਿਹਾ ਕਿ ਉੱਤਰ ਪ੍ਰਦੇਸ਼ ਨੂੰ ਵੀ ਇਸ ਦ੍ਰਿਸ਼ਟੀਕੋਣ ਦੇ ਕਾਰਨ ਨੁਕਸਾਨ ਉਠਾਉਣਾ ਪਿਆ। ਹੁਣ, ਉਨ੍ਹਾਂ ਨੇ ਦੱਸਿਆ ਕਿ ਡਬਲ ਇੰਜਣ ਸਰਕਾਰ ਹਰ ਪਰਿਵਾਰ ਦੇ ਜੀਵਨ ਨੂੰ ਅਸਾਨ ਬਣਾਉਣ ਵਿਚ ਲੱਗੀ ਹੋਈ ਹੈ ਕਿਉਂਕਿ ਈਜ਼ ਆਵ੍ ਲਿਵਿੰਗ ਨਾਲ ਈਜ਼ ਆਵ੍ ਡੁਇੰਗ ਬਿਜ਼ਨਸ ਵਿੱਚ ਅਸਾਨੀ ਹੁੰਦੀ ਹੈ। ਉਨ੍ਹਾਂ ਨੇ ਕਿਹਾ ਕਿ ਪੀਐੱਮ ਆਵਾਸ  ਦੇ ਤਹਿਤ 4 ਕਰੋੜ ਪੱਕੇ ਮਕਾਨ ਬਣਾਏ ਗਏ, ਸ਼ਹਿਰੀ ਮੱਧ ਵਰਗੀ ਪਰਿਵਾਰਾਂ ਨੂੰ ਵੀ ਆਪਣੇ ਘਰ ਦੇ ਸੁਪਨੇ ਨੂੰ ਸਾਕਾਰ ਕਰਨ ਦੇ ਲਈ 7 ਹਜ਼ਾਰ ਕਰੋੜ ਰੁਪਏ ਦੀ ਸਹਾਇਤਾ ਪ੍ਰਦਾਨ ਕੀਤੀ ਗਈ। ਉਨ੍ਹਾਂ ਨੇ ਦੱਸਿਆ ਕਿ ਇਸ ਦਾ ਜ਼ਰੀਏ ਯੂਪੀ ਦੇ 1.5 ਲੱਖ ਪਰਿਵਾਰਾਂ ਸਹਿਤ 25 ਲੱਖ ਲਾਭਾਰਥੀ ਪਰਿਵਾਰਾਂ ਨੂੰ ਵਿਆਜ਼ ਵਿੱਚ ਛੂਟ ਮਿਲੀ। 2014 ਵਿੱਚ ਛੂਟ ਦੀ ਸੀਮਾ ਨੂੰ 2 ਲੱਖ ਤੋਂ ਵਧਾ ਕੇ ਹੁਣ 7 ਲੱਖ ਕਰਨ ਜਿਹੇ ਇਨਕਮ ਟੈਕਸ ਸੁਧਾਰਾਂ ਤੋਂ ਮੱਧ ਵਰਗ ਨੂੰ ਮਦਦ ਮਿਲੀ ਹੈ।

ਈਜ਼ ਆਵ੍ ਲਿਵਿੰਗ ਅਤੇ ਈਜ਼ ਆਵ੍ ਡੂਇੰਗ ਬਿਜ਼ਨਸ ‘ਤੇ ਸਰਕਾਰ ਦੇ ਬਰਾਬਰ ਜ਼ੋਰ ‘ਤੇ ਪ੍ਰਕਾਸ਼ ਪਾਉਂਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਡਬਲ ਇੰਜਣ ਸਰਕਾਰ ਹਰੇਕ ਲਾਭਾਰਥੀ ਦੇ ਲਈ ਹਰ ਲਾਭ ਉਪਲਬਧ ਕਰਵਾਉਣ ਦਾ ਪ੍ਰਯਾਸ ਕਰਦੀ ਹੈ। ਉਨ੍ਹਾਂ ਨੇ ਵਿਕਸਿਤ ਭਾਰਤ ਸੰਕਲਪ ਯਾਤਰਾ ਦਾ ਜ਼ਿਕਰ ਕੀਤਾ, ਜਿਸ ਨੇ ਲਾਭਾਰਥੀਆਂ ਦੇ ਦਰਵਾਜ਼ੇ ਤੱਕ ਲਾਭ ਪਹੁੰਚਾਉਣ ਉੱਤਰ ਪ੍ਰਦੇਸ਼ ਦੇ ਲੱਖਾਂ ਲੋਕਾਂ ਨੂੰ ਲਾਭ ਪ੍ਰਦਾਨ ਕੀਤਾ ਹੈ। ਪ੍ਰਧਾਨ ਮੰਤਰੀ ਨੇ ਕਿਹਾ, “ਮੋਦੀ ਕੀ ਗਾਰੰਟੀ ਗੱਡੀ ਲਗਭਗ ਸਾਰੇ ਪਿੰਡਾਂ ਅਤੇ ਸ਼ਹਿਰਾਂ ਤੱਕ ਪਹੁੰਚ ਗਈ ਹੈ।” ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਸਰਕਾਰੀ ਯੋਜਨਾਵਾਂ ਦੀ ਸੰਤ੍ਰਿਪਤਾ ਸਮਾਜਿਕ ਨਿਆਂ ਦਾ ਸਭ ਤੋਂ ਸੱਚਾ ਰੂਪ ਹੈ। ਪੀਐੱਮ ਮੋਦੀ ਨੇ ਪਿਛਲੀ ਸਰਕਾਰ ਦੇ ਦੌਰਾਨ ਭ੍ਰਿਸ਼ਟ ਆਚਰਣ ਅਤੇ ਅਸਮਾਨਤਾ ਦੀ ਵਿਆਪਕਤਾ  ਵੱਲ ਇਸ਼ਾਰਾ ਕਰਦੇ ਹੋਏ ਕਿਹਾ, “ਇਹ ਸੱਚੀ ਧਰਮਨਿਰਪੱਖਤਾ ਹੈ,” ਜਿਸ ਦੇ ਕਾਰਨ ਲਾਭਾਰਥੀਆਂ ਦੇ ਲਈ ਕਠਿਨ ਪ੍ਰਕਿਰਿਆਵਾਂ ਹੋਈਆਂ। ਪੀਐੱਮ ਮੋਦੀ ਨੇ ਕਿਹਾ, “ਮੋਦੀ ਕੀ ਗਾਰੰਟੀ ਹੈ ਕਿ ਸਰਕਾਰ ਤਦ ਤੱਕ ਅਰਾਮ ਨਹੀਂ ਕਰੇਗੀ ਜਦੋਂ ਤੱਕ ਕਿ ਹਰੇਕ ਲਾਭਾਰਥੀ ਨੂੰ ਉਹ ਨਹੀਂ ਮਿਲ ਜਾਂਦਾ ਜਿਸ ਦੇ ਉਹ ਹੱਕਦਾਰ ਹਨ, ਭਾਵੇਂ ਉਹ ਪੱਕੇ ਘਰ ਹੋਣ, ਬਿਜਲੀ ਦੀ ਸਪਲਾਈ ਹੋਵੇ, ਗੈਸ ਕਨੈਕਸ਼ਨ ਹੋਣ ਜਾਂ ਨਲ ਦਾ ਪਾਣੀ ਹੋਵੇ।”

ਪ੍ਰਧਾਨ ਮੰਤਰੀ ਮੋਦੀ ਨੇ ਦੁਹਰਾਇਆ “ਮੋਦੀ ਉਨ੍ਹਾਂ ਲੋਕਾਂ ਦੀ ਦੇਖਭਾਲ ਕਰ ਰਹੇ ਹਨ ਜਿਨ੍ਹਾਂ ਨੂੰ ਪਹਿਲੇ ਸਾਰਿਆਂ ਨੇ ਨਜ਼ਰਅੰਦਾਜ਼ ਕਰ ਦਿੱਤਾ ਸੀ”। ਅਜਿਹੇ ਖੇਤਰਾਂ ਬਾਰੇ ਵਿਸਥਾਰ ਨਾਲ ਦੱਸਦੇ ਹੋਏ ਪ੍ਰਧਾਨ ਮੰਤਰੀ ਨੇ ਪੀਐੱਮ ਸਵਨਿਧੀ ਯੋਜਨਾ ਦੇ ਤਹਿਤ ਸਟ੍ਰੀਟ ਵੈਂਡਰਾਂ ਨੂੰ 10,000 ਕਰੋੜ ਰੁਪਏ ਦੀ ਸਹਾਇਤਾ ਦੀ ਉਦਾਹਰਣ ਦਿੱਤੀ। ਯੂਪੀ ਵਿੱਚ ਕਰੀਬ 22 ਲੱਖ ਸਟ੍ਰੀਟ ਵੈਂਡਰਾਂ ਨੂੰ ਲਾਭ ਮਿਲਿਆ। ਉਨ੍ਹਾਂ ਨੇ ਕਿਹਾ ਕਿ ਯੋਜਨਾ ਦੇ ਲਾਭਾਰਥੀਆਂ ਨੂੰ 23,000 ਰੁਪਏ ਦੇ ਵਾਧੂ ਸਲਾਨਾ ਆਮਦਨ ਹੋਈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਪੀਐੱਮ ਸਵਨਿਧੀ ਦੇ 75 ਪ੍ਰਤੀਸ਼ਤ ਲਾਭਾਰਥੀ ਐੱਸਸੀ, ਐੱਸਟੀ, ਪਿਛੜੇ ਜਾਂ ਆਦਿਵਾਸੀ ਭਾਈਚਾਰੇ ਨਾਲ ਹਨ, ਜਿਨ੍ਹਾਂ ਵਿੱਚੋਂ ਅੱਧੀਆਂ ਮਹਿਲਾਵਾਂ ਹਨ। ਉਨ੍ਹਾਂ ਨੇ ਕਿਹਾ, “ਪਹਿਲੇ ਉਨ੍ਹਾਂ ਦੇ ਕੋਲ ਬੈਂਕਾਂ ਦੇ ਲਈ ਕੋਈ ਗਰੰਟੀ ਨਹੀਂ ਸੀ, ਅੱਜ ਉਨ੍ਹਾਂ ਦੇ ਕੋਲ ਮੋਦੀ ਕੀ ਗਾਰੰਟੀ ਹੈ।” ਉਨ੍ਹਾਂ ਨੇ ਕਿਹਾ ਕਿ ਇਹ ਜੈ ਪ੍ਰਕਾਸ਼ ਨਾਰਾਇਣ ਅਤੇ ਰਾਮ ਮਨੋਹਰ ਲੋਹੀਆ ਦੇ ਸੁਪਨਿਆਂ ਦਾ ਸਮਾਜਿਕ ਨਿਆਂ ਹੈ।

ਲਖਪਤੀ ਦੀਦੀ ਯੋਜਨਾ ਬਾਰੇ ਬੋਲਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਡਬਲ ਇੰਜਣ ਸਰਕਾਰ ਦੀਆਂ ਨੀਤੀਆਂ ਅਤੇ ਫੈਸਲਿਆਂ ਨਾਲ ਸਮਾਜਿਕ ਨਿਆਂ ਅਤੇ ਅਰਥਵਿਵਸਥਾ ਦੋਹਾਂ ਨੂੰ ਲਾਭ ਹੁੰਦਾ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ 10 ਕਰੋੜ ਤੋਂ ਅਧਿਕ ਮਹਿਲਾਵਾਂ ਸਵੈ ਸਹਾਇਤਾ ਸਮੂਹਾਂ ਨਾਲ ਜੁੜੀਆਂ ਹਨ ਅਤੇ 1 ਕਰੋੜ ਮਹਿਲਾਵਾਂ ਹੁਣ ਤੱਕ ਲਖਪਤੀ ਦੀਦੀਆਂ ਬਣ ਚੁੱਕੀਆਂ ਹਨ ਉਨ੍ਹਾਂ ਨੇ 3 ਕਰੋੜ ਲਖਪਤੀ ਦੀਦੀ ਬਣਾਉਣ ਦੇ ਸਰਕਾਰ ਦੇ ਸੰਕਲਪ ਨੂੰ ਵੀ ਉਜਾਗਰ ਕੀਤਾ ਜੋ ਗ੍ਰਾਮੀਣ ਅਰਥਵਿਵਸਥਾ ਨੂੰ ਮਜ਼ਬੂਤ ਕਰੇਗਾ।

ਪ੍ਰਧਾਨ ਮੰਤਰੀ ਨੇ ਉੱਤਰ ਪ੍ਰਦੇਸ਼ ਦੇ ਸਮਾਲ, ਮਾਈਕਰੋ ਅਤੇ ਕੋਟੇਜ ਉਦਯੋਗਾਂ ਦੀ ਤਾਕਤ ਨੂੰ ਛੂਹਿਆ ਅਤੇ ਡਿਫੈਂਸ ਕੌਰੀਡੋਰ ਜਿਹੇ ਪ੍ਰੋਜੈਕਟਾਂ ਦੇ ਲਾਭਾਂ ਦੇ ਨਾਲ-ਨਾਲ ਰਾਜ ਦੇ ਐੱਮਐੱਸਐੱਮਈ ਖੇਤਰ ਨੂੰ ਪ੍ਰਦਾਨ ਕੀਤੇ ਗਏ ਵਿਸਤਾਰ ਅਤੇ ਸਮਰਥਨ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਅੱਗੇ ਦੱਸਿਆ ਕਿ ਇੱਕ ਜ਼ਿਲਾ ਇੱਕ ਉਤਪਾਦ ਯੋਜਨਾ ਦੇ ਤਹਿਤ ਹਰ ਜ਼ਿਲੇ ਦੇ ਸਥਾਨਕ ਉਤਪਾਦਾਂ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ 13,000 ਕਰੋੜ ਰੁਪਏ ਦੀ ਪੀਐੱਮ ਵਿਸ਼ਵਕਰਮਾ ਯੋਜਨਾ ਉੱਤਰ ਪ੍ਰਦੇਸ਼ ਦੇ ਲੱਖਾਂ ਵਿਸ਼ਵਕਰਮਾ ਪਰਿਵਾਰਾਂ ਨੂੰ ਆਧੁਨਿਕ ਕਾਰਜ ਪ੍ਰਣਾਲੀ ਨਾਲ ਜੋੜੇਗੀ।

ਪ੍ਰਧਾਨ ਮੰਤਰੀ ਨੇ ਸਰਕਾਰ ਦੀ ਤੇਜ਼ ਗਤੀ ਵਾਲੀ ਕਾਰਜ ਪ੍ਰਣਾਲੀ ‘ਤੇ ਚਾਣਨਾ ਪਾਇਆ ਅਤੇ ਭਾਰਤ ਦੇ ਖਿਡੌਣਾ ਨਿਰਮਾਣ ਖੇਤਰ ਨੂੰ ਛੂਹਿਆ। ਉਨ੍ਹਾਂ ਨੇ ਖੇਤਰ ਦੇ ਸਾਂਸਦ ਦੇ ਰੂਪ ਵਿੱਚ ਵਾਰਾਣਸੀ ਵਿੱਚ ਨਿਰਮਿਤ ਲਕੜੀ ਦੇ ਖਿਡੌਣਿਆਂ ਨੂੰ ਉਤਸ਼ਾਹਿਤ ਕਰਨ ਲਈ ਵੀ ਜਾਣਕਾਰੀ ਦਿੱਤੀ। ਸ਼੍ਰੀ ਮੋਦੀ ਨੇ ਭਾਰਤ ਵਿੱਚ ਖਿਡੌਣਿਆਂ ਦੇ ਆਯਾਤ ‘ਤੇ ਅਫਸੋਸ ਜਤਾਇਆ, ਭਲੇ ਹੀ ਲੋਕ ਪੀੜ੍ਹੀਆਂ ਤੋਂ ਖਿਡੌਣੇ ਬਣਾਉਣ ਵਿੱਚ ਕੁਸ਼ਲ ਰਹੇ ਹਨ ਅਤੇ ਦੇਸ਼ ਦੀ ਇੱਕ ਸਮ੍ਰਿੱਧ ਪਰੰਪਰਾ ਰਹੀ ਹੈ।

ਉਨ੍ਹਾਂ ਨੇ ਦੱਸਿਆ ਕਿ ਭਾਰਤੀ ਖਿਡੌਣਿਆਂ ਦੇ ਬਜ਼ਾਰਾਂ ‘ਤੇ ਵਿਦੇਸ਼ੀ ਦੇਸ਼ਾਂ ਵਿੱਚ ਨਿਰਮਿਤ ਖਿਡੌਣਿਆਂ ਦਾ ਕਬਜ਼ਾ ਹੋ ਗਿਆ ਹੈ ਕਿਉਂਕਿ ਭਾਰਤੀ ਖਿਡੌਣਿਆਂ ਨੂੰ ਹੁਲਾਰਾ ਨਹੀਂ ਦਿੱਤਾ ਗਿਆ ਅਤੇ ਕਾਰੀਗਰਾਂ ਨੂੰ ਆਧੁਨਿਕ ਦੁਨੀਆ ਦੇ ਅਨੁਕੂਲ ਢਲਣ ਵਿੱਚ ਮਦਦ ਨਹੀਂ ਦਿੱਤੀ ਗਈ। ਇਸ ਨੂੰ ਬਦਲਣ ਦੇ ਆਪਣੇ ਦ੍ਰਿੜ੍ਹ ਸੰਕਲਪ ਨੂੰ ਰੇਖਾਂਕਿਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਦੇਸ਼ ਭਰ ਦੇ ਖਿਡੌਣਾ ਨਿਰਮਾਤਾਵਾਂ ਤੋਂ ਇਸ ਉਦੇਸ਼ ਦਾ ਸਮਰਥਨ ਕਰਨ ਦੀ ਅਪੀਲ ਨੂੰ ਯਾਦ ਕੀਤਾ, ਜਿਸ ਦੇ ਕਾਰਨ ਖਿਡੌਣਿਆਂ ਦੇ ਨਿਰਯਾਤ ਵਿੱਚ ਜ਼ਿਕਰਯੋਗ ਵਾਧਾ ਹੋਇਆ।

ਪ੍ਰਧਾਨ ਮੰਤਰੀ ਨੇ ਕਿਹਾ, “ਉੱਤਰ ਪ੍ਰਦੇਸ਼ ਵਿੱਚ ਭਾਰਤ ਦਾ ਸਭ ਤੋਂ ਵੱਡਾ ਟੂਰਿਜ਼ਮ ਹੱਬ ਬਣਨ ਦੀ ਸਮਰੱਥਾ ਹੈ”, ਇਹ ਦੇਖਦੇ ਹੋਏ ਕਿ ਦੇਸ਼ ਦਾ ਹਰ ਵਿਅਕਤੀ ਅੱਜ ਵਾਰਾਣਸੀ ਅਤੇ ਅਯੁੱਧਿਆ ਦੀ ਯਾਤਰਾ ਕਰਨਾ ਚਾਹੁੰਦਾ ਹੈ, ਜਿੱਥੇ ਲੱਖਾਂ ਵਿਜ਼ਟਰ ਅਤੇ ਟੂਰਿਸਟ ਆਉਂਦੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਨਾਲ ਉੱਤਰ ਪ੍ਰਦੇਸ਼ ਵਿੱਚ ਛੋਟੇ ਉਦਮੀਆਂ, ਏਅਰਲਾਈਨ ਕੰਪਨੀਆਂ ਅਤੇ ਹੋਟਲ-ਰੈਸਟੋਰੈਂਟ ਮਾਲਕਾਂ ਦੇ ਲਈ ਬੇਮਿਸਾਲ ਅਵਸਰ ਪੈਦਾ ਹੋ ਰਹੇ ਹਨ।

ਪ੍ਰਧਾਨ ਮੰਤਰੀ ਮੋਦੀ ਨੇ ਉੱਤਰ ਪ੍ਰਦੇਸ਼ ਦੀ ਬਿਹਤਰ ਸਥਾਨਕ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਕਨੈਕਟੀਵਿਟੀ ‘ਤੇ ਵੀ ਚਰਚਾ ਕੀਤੀ ਅਤੇ ਵਾਰਾਣਸੀ ਦੇ ਮਾਧਿਅਮ ਨਾਲ ਹਾਲ ਹੀ ਵਿੱਚ ਸ਼ੁਰੂ ਕੀਤੀ ਗਈ ਦੁਨੀਆ ਦੀ ਸਭ ਤੋਂ ਲੰਬੀ ਕ੍ਰੂਜ ਸੇਵਾ ‘ਤੇ ਚਾਣਨਾ ਪਾਇਆ। ਉਨ੍ਹਾਂ ਨੇ ਅੱਗੇ ਕਿਹਾ ਕਿ 2025 ਵਿੱਚ ਕੁੰਭ ਮੇਲੇ ਦਾ ਵੀ ਆਯੋਜਨ ਹੋਣ ਜਾ ਰਿਹਾ ਹੈ, ਜੋ ਰਾਜ ਦੀ ਅਰਥਵਿਵਸਥਾ ਦੇ  ਲਈ ਬਹੁਤ ਮਹੱਤਵਪੂਰਨ ਹੈ। ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਇੱਥੇ ਟੂਰਿਜ਼ਮ ਅਤੇ ਪ੍ਰਾਹੁਣਚਾਰੀ ਖੇਤਰ ਵਿੱਚ ਵੱਡੀ ਸੰਖਿਆ ਵਿੱਚ ਨੌਕਰੀਆਂ ਪੈਦਾ ਹੋਣ ਵਾਲੀਆਂ ਹਨ।

ਇਲੈਕਟ੍ਰਿਕ ਮੋਬਿਲਿਟੀ ਅਤੇ ਗ੍ਰੀਨ ਐਨਰਜੀ ‘ਤੇ ਭਾਰਤ ਦੇ ਫੋਕਸ ਨੂੰ ਉਜਾਗਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਭਾਰਤ ਨੂੰ ਅਜਿਹੀ ਟੈਕਨੋਲੋਜੀ ਅਤੇ ਨਿਰਮਾਣ ਵਿੱਚ ਗਲੋਬਲ ਹੱਬ ਬਣਾਉਣ ‘ਤੇ ਸਰਕਾਰ ਦੇ ਜ਼ੋਰ ਨੂੰ ਉਜਾਗਰ ਕੀਤਾ। “ਸਾਡਾ ਪ੍ਰਯਾਸ ਹੈ ਕਿ ਦੇਸ਼ ਦਾ ਹਰ ਘਰ ਅਤੇ ਹਰ ਪਰਿਵਾਰ ਸੌਲਰ ਪਾਵਰ ਜਨਰੇਟਰ ਬਣ ਜਾਵੇ”, ਪ੍ਰਧਾਨ ਮੰਤਰੀ ਮੋਦੀ ਨੇ ਪੀਐੱਮ ਸੂਰਯ ਘਰ ਜਾਂ ਮੁਫ਼ਤ ਬਿਜਲੀ ਯੋਜਨਾ ਦਾ ਜ਼ਿਕਰ ਕਰਦੇ ਹੋਏ ਕਿਹਾ, ਜਿੱਥੇ 300 ਯੂਨਿਟਾਂ ਬਿਜਲੀ ਮੁਫ਼ਤ ਮਿਲੇਗੀ ਅਤੇ ਨਾਗਰਿਕ ਵੀ ਸਮਰੱਥ ਹੋਣਗੇ। ਵਾਧੂ ਬਿਜਲੀ ਸਰਕਾਰ ਨੂੰ ਵੇਚਣ ਦੇ ਲਈ।

ਸ਼੍ਰੀ ਮੋਦੀ ਨੇ ਦੱਸਿਆ ਕਿ ਫਿਲਹਾਲ 1 ਕਰੋੜ ਪਰਿਵਾਰਾਂ ਦੇ ਲਈ ਉਪਲਬਧ ਇਸ ਯੋਜਨਾ ਦੇ ਤਹਿਤ ਹਰ ਪਰਿਵਾਰ ਦੇ ਬੈਂਕ ਖਾਤੇ ਵਿੱਚ ਸਿੱਧੇ 30,000 ਰੁਪਏ ਤੋਂ ਲੈ ਕੇ ਲਗਭਗ 80,000 ਰੁਪਏ ਤੱਕ ਜਮ੍ਹਾਂ ਕੀਤੇ ਜਾਣਗੇ। ਉਨ੍ਹਾਂ ਨੇ ਅੱਗੇ ਦੱਸਿਆ ਕਿ ਹਰ ਮਹੀਨੇ 100 ਯੂਨਿਟਾਂ ਬਿਜਲੀ ਪੈਦਾ ਕਰਨ ਵਾਲਿਆਂ ਨੂੰ 30,000  ਰੁਪਏ ਦੀ ਸਹਾਇਤਾ ਮਿਲੇਗੀ, ਜਦਕਿ 300 ਯੂਨਿਟਾਂ ਜਾਂ ਉਸ ਤੋਂ ਅਧਿਕ ਬਿਜਲੀ ਪੈਦਾ ਕਰਨ ਵਾਲਿਆਂ ਨੂੰ ਲਗਭਗ 80,000 ਰੁਪਏ ਮਿਲਣਗੇ।

ਪ੍ਰਧਾਨ ਮੰਤਰੀ ਮੋਦੀ ਨੇ ਈਵੀ ਖੇਤਰ ਦੇ ਪ੍ਰਤੀ ਸਰਕਾਰ ਦੇ ਪ੍ਰਯਾਸਾਂ ਨੂੰ ਵੀ ਉਜਾਗਰ ਕੀਤਾ ਅਤੇ ਨਿਰਮਾਣ ਭਾਗੀਦਾਰਾਂ ਦੇ ਲਈ ਪੀਐੱਲਆਈ ਯੋਜਨਾ ਦੇ ਨਾਲ-ਨਾਲ ਇਲੈਕਟ੍ਰਿਕ ਵਾਹਨਾਂ ਦੀ ਖਰੀਦ ‘ਤੇ ਟੈਕਸ ਛੋਟ ਦਾ ਵੀ ਜ਼ਿਕਰ ਕੀਤਾ। “ਨਤੀਜੇ ਵਜੋਂ, ਪਿਛਲੇ 10 ਵਰ੍ਹਿਆਂ ਵਿੱਚ ਲਗਭਗ 34.5 ਲੱਖ ਇਲੈਕਟ੍ਰਿਕ ਵਾਹਨ ਵੇਚੇ ਗਏ ਹਨ”, ਉਨ੍ਹਾਂ ਨੇ ਕਿਹਾ, “ਅਸੀਂ ਤੇਜ਼ ਗਤੀ ਨਾਲ ਇਲੈਕਟ੍ਰਿਕ ਬੱਸਾਂ ਚਲਾ ਰਹੇ ਹਨ।” ਸੌਲਰ ਹੋਵੇ ਜਾਂ ਈਵੀ, ਉੱਤਰ ਪ੍ਰਦੇਸ਼ ਵਿੱਚ ਦੋਹਾਂ ਸੈਕਟਰਾਂ ਵਿੱਚ ਕਾਫੀ ਸੰਭਾਵਨਾਵਾਂ ਹਨ।

ਚੌਧਰੀ ਚਰਨ ਸਿੰਘ ਨੂੰ ਭਾਰਤ ਰਤਨ ਦੇਣ ਦੇ ਹਾਲੀਆ ਫ਼ੈਸਲੇ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, “ਉੱਤਰ ਪ੍ਰਦੇਸ਼ ਦੀ ਧਰਤੀ ਦੇ ਪੁੱਤਰ ਚੌਧਰੀ ਸਾਹਿਬ ਦਾ ਸਨਮਾਨ, ਦੇਸ਼ ਦੇ ਕਰੋੜਾਂ ਕਿਰਤੀ ਕਿਸਾਨਾਂ ਦਾ ਸਨਮਾਨ ਹੈ”। ਉਨ੍ਹਾਂ ਨੇ ਸਰਕਾਰੀ ਸਨਮਾਨ ਪ੍ਰਦਾਨ ਕਰਨ ਦੇ ਸਬੰਧ ਵਿੱਚ ਪਹਿਲੇ ਦੀਆਂ ਭੇਦਭਾਵਪੂਰਨ ਪ੍ਰਥਾਵਾਂ ਬਾਰੇ ਵੀ ਗੱਲ ਕੀਤੀ। ਉਨ੍ਹਾਂ ਨੇ ਛੋਟੇ ਕਿਸਾਨਾਂ ਦੇ ਲਈ ਚੌਧਰੀ ਚਰਨ ਸਿੰਘ ਦੇ ਯੋਗਦਾਨ ਦੀ ਸ਼ਲਾਘਾ ਕੀਤੀ ਅਤੇ ਕਿਹਾ, ‘ਚੌਧਰੀ ਸਾਹਿਬ ਦੀ ਪ੍ਰੇਰਣਾ ਨਾਲ ਅਸੀਂ ਦੇਸ਼ ਦੇ ਕਿਸਾਨਾਂ ਨੂੰ ਸਸ਼ਕਤ ਬਣਾ ਰਹੇ ਹਾਂ।

ਪ੍ਰਧਾਨ ਮੰਤਰੀ ਨੇ ਖੇਤੀਬਾੜੀ ਵਿੱਚ ਨਵੇਂ ਰਸਤੇ ਤਲਾਸ਼ਣ ਵਿੱਚ ਕਿਸਾਨਾਂ ਦਾ ਸਮਰਥਨ ਕਰਨ ਦੀ ਸਰਕਾਰ ਦੀ ਪ੍ਰਤੀਬੱਧਤਾ ਦੁਹਰਾਉਂਦੇ ਹੋਏ ਕਿਹਾ, “ਅਸੀਂ ਆਪਣੇ ਦੇਸ਼ ਦੀ ਖੇਤੀਬਾੜੀ ਨੂੰ ਇੱਕ ਨਵੇਂ ਰਸਤੇ ‘ਤੇ ਲੈ ਜਾਣ ਦੇ ਲਈ ਕਿਸਾਨਾਂ ਨੂੰ ਸਹਾਇਤਾ ਅਤੇ ਪ੍ਰੋਤਸਾਹਿਤ ਕਰ ਰਹੇ ਹਨ।” ਉਨ੍ਹਾਂ ਨੇ ਉੱਤਰ ਪ੍ਰਦੇਸ਼ ਵਿੱਚ ਗੰਗਾ ਦੇ ਕਿਨਾਰੇ ਵੱਡੇ ਪੈਮਾਨੇ ‘ਤੇ ਕੁਦਰਤੀ ਖੇਤੀ ਦੇ ਉਭਾਰ ਦਾ ਹਵਾਲਾ ਦਿੰਦੇ ਹੋਏ ਕੁਦਰਤੀ ਖੇਤੀ ਅਤੇ ਮੋਟੇ ਅਨਾਜ ‘ਤੇ ਧਿਆਨ ਕੇਂਦ੍ਰਿਤ ਕਰਨ ‘ਤੇ ਜ਼ੋਰ ਦਿੱਤਾ, ਜਿਸ ਨਾਲ ਨਾ ਕੇਵਲ ਕਿਸਾਨਾਂ ਨੂੰ ਲਾਭ ਹੁੰਦਾ ਹੈ ਬਲਕਿ ਸਾਡੀਆਂ ਪਵਿੱਤਰ ਨਦੀਆਂ ਦੀ ਸ਼ੁੱਧਤਾ ਨੂੰ ਬਣਾਏ ਰੱਖਣ ਵਿੱਚ ਵੀ ਮਦਦ ਮਿਲਦੀ ਹੈ।

ਫੂਡ ਪ੍ਰੋਸੈੱਸਿੰਗ ਉੱਦਮੀਆਂ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਮੋਦੀ ਨੇ ਉਨ੍ਹਾਂ ਨੂੰ ਆਪਣੇ ਪ੍ਰਯਾਸਾਂ ਵਿੱਚ “ਜ਼ੀਰੋ ਇਫੈਕਟ, ਜ਼ੀਰੋ ਡਿਫੈਕਟ” ਦੇ ਮੰਤਰ ਨੂੰ ਪ੍ਰਾਥਮਿਕਤਾ ਦੇਣ ਦੀ ਅਪੀਲ ਕੀਤੀ। ਉਨ੍ਹਾਂ ਨੇ ਸਿਧਾਰਥ ਨਗਰ ਦੇ ਕਾਲਾ ਨਮਕ ਚਾਵਲ ਅਤੇ ਚੰਦੌਲੀ ਦੇ ਕਾਲੇ ਚਾਵਲ ਜਿਹੇ ਉਤਪਾਦਾਂ ਦੀ ਸਫ਼ਲਤਾ ਦੀਆਂ ਕਹਾਣੀਆਂ ਨੂੰ ਉਜਾਗਰ ਕਰਦੇ ਹੋਏ ਦੁਨੀਆ ਭਰ ਵਿੱਚ ਖਾਣੇ ਦੀ ਮੇਜ਼ ‘ਤੇ ਭਾਰਤੀ ਖੁਰਾਕ ਉਤਪਾਦਾਂ ਨੂੰ ਰੱਖਣ ਦੇ ਇੱਕ ਸਮਾਜਿਕ ਲਕਸ਼ ਦੀ ਦਿਸ਼ਾ ਵਿੱਚ ਕੰਮ ਕਰਨ ਦੇ ਮਹੱਤਵ ‘ਤੇ ਜ਼ੋਰ ਦਿੱਤਾ, ਜੋ ਹੁਣ ਮਹੱਤਵਪਪੂਰਨ ਮਾਤਰਾ ਵਿੱਚ ਨਿਰਯਾਤ ਕੀਤੇ ਜਾ ਰਹੇ ਹਨ।

ਸੂਪਰਫੂਡ ਦੇ ਰੂਪ ਵਿੱਚ ਬਾਜਰੇ ਦੇ ਵਧਦੇ ਰੁਝਾਨ ‘ਤੇ ਚਾਣਨਾ ਪਾਉਂਦੇ ਹੋਏ, ਪ੍ਰਧਾਨ ਮੰਤਰੀ ਮੋਦੀ ਨੇ ਇਸ ਖੇਤਰ ਵਿੱਚ ਨਿਵੇਸ਼ ਦੀ ਜ਼ਰੂਰਤ ‘ਤੇ ਜ਼ੋਰ ਦਿੰਦੇ ਹੋਏ ਕਿਹਾ, “ਇਹ ਬਾਜਰਾ ਜਿਹੇ ਸੁਪਰਫੂਡ ਵਿੱਚ ਨਿਵੇਸ਼ ਦਾ ਸਹੀ ਸਮਾਂ ਹੈ।” ਪ੍ਰਧਾਨ ਮੰਤਰੀ ਨੇ ਉੱਦਮੀਆਂ ਨੂੰ ਕਿਸਾਨਾਂ ਦੇ ਨਾਲ ਸਾਂਝੇਦਾਰੀ ਬਣਾਉਣ ਲਈ ਪ੍ਰੋਤਸਾਹਿਤ ਕੀਤਾ, ਕਿਸਾਨ ਉਤਪਾਦਕ ਸੰਗਠਨਾਂ (ਐੱਫਪੀਓ) ਅਤੇ ਸਹਿਕਾਰੀ ਕਮੇਟੀਆਂ ਦੇ ਮਾਧਿਅਮ ਨਾਲ ਛੋਟੇ ਕਿਸਾਨਾਂ ਨੂੰ ਸਸ਼ਕਤ ਬਣਾਉਣ ਵਿੱਚ ਸਰਕਾਰ ਦੇ ਪ੍ਰਯਾਸਾਂ ਨੂੰ ਰੇਖਾਂਕਿਤ ਕੀਤਾ, ਜੋ ਆਪਸੀ ਲਾਭਕਾਰੀ ਸਾਂਝੇਦਾਰੀ ਦੇ ਅਵਸਰ ਪ੍ਰਦਾਨ ਕਰਦੇ ਹਨ। ਪ੍ਰਧਾਨ ਮੰਤਰੀ ਮੋਦੀ ਨੇ ਨਿਵੇਸ਼ਕਾਂ ਨੂੰ ਕਿਹਾ, “ਕਿਸਾਨਾਂ ਅਤੇ ਖੇਤੀਬਾੜੀ ਨੂੰ ਲਾਭ, ਤੁਹਾਡੇ ਕਾਰੋਬਾਰ ਦੇ ਲਈ ਵੀ ਚੰਗਾ ਹੈ।”

ਭਾਰਤ ਦੀ ਗ੍ਰਾਮੀਣ ਅਰਥਵਿਵਸਥਾ ਅਤੇ ਖੇਤੀਬਾੜੀ ਅਧਾਰਿਤ ਅਰਥਵਿਵਸਥਾ ਨੂੰ ਅੱਗੇ ਵਧਾਉਣ ਵਿੱਚ ਉੱਤਰ ਪ੍ਰਦੇਸ਼ ਦੀ ਮਹੱਤਵਪੂਰਨ ਭੂਮਿਕਾ ਨੂੰ ਦਰਸਾਉਂਦੇ ਹੋਏ, ਪ੍ਰਧਾਨ ਮੰਤਰੀ ਮੋਦੀ ਨੇ ਹਿੱਤਧਾਰਕਾਂ ਨੂੰ ਇਸ ਅਵਸਰ ਦਾ ਅਧਿਕਤਮ ਲਾਭ ਉਠਾਉਣ ਦਾ ਸੱਦਾ ਦਿੱਤਾ। ਉਨ੍ਹਾਂ ਨੇ ਉੱਤਰ ਪ੍ਰਦੇਸ਼ ਦੇ ਲੋਕਾਂ ਦੀਆਂ ਸਮਰੱਥਾਵਾਂ ਅਤੇ ਰਾਜ ਅਤੇ ਦੇਸ਼ ਦੀ ਪ੍ਰਗਤੀ ਦੀ ਨੀਂਹ ਰੱਖਣ ਵਿੱਚ ਡਬਲ ਇੰਜਣ ਸਰਕਾਰ ਦੇ ਪ੍ਰਯਾਸਾਂ ‘ਤੇ ਵਿਸ਼ਵਾਸ ਵਿਅਕਤ ਕੀਤਾ।

ਇਸ ਅਵਸਰ ‘ਤੇ ਉੱਤਰ ਪ੍ਰਦੇਸ਼ ਦੇ ਰਾਜਪਾਲ, ਸ਼੍ਰੀਮਤੀ ਆਨੰਦੀਬੇਨ ਪਟੇਲ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਯੋਗੀ ਆਦਿੱਤਿਆਨਾਥ, ਕੇਂਦਰੀ ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਅਤੇ ਉੱਤਰ ਪ੍ਰਦੇਸ਼ ਸਰਕਾਰ ਦੇ ਮੰਤਰੀ ਮੌਜੂਦ ਸਨ। ਪ੍ਰੋਗਰਾਮ ਵਿੱਚ ਲਗਭਗ 5000 ਪ੍ਰਤੀਭਾਗੀਆਂ ਨੇ ਹਿੱਸਾ ਲਿਆ ਜਿਨ੍ਹਾਂ ਵਿੱਚ ਜ਼ਿਕਰਯੋਗ ਉਦਯੋਗਪਤੀ, ਟੌਪ ਗਲੋਬਲ ਅਤੇ ਭਾਰਤੀ ਕੰਪਨੀਆਂ ਦੇ ਪ੍ਰਤੀਨਿਧੀ, ਰਾਜਦੂਤ ਅਤੇ ਹਾਈ ਕਮਿਸ਼ਨਰ ਅਤੇ ਹੋਰ ਪ੍ਰਤਿਸ਼ਠਿਤ ਮਹਿਮਾਨ ਸ਼ਾਮਲ ਸਨ।

 

*****

ਡੀਐੱਸ/ਟੀਐੱਸ



(Release ID: 2007358) Visitor Counter : 48