ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਕਰਨਾਟਕ ਦੇ ਬੰਗਲੁਰੂ ਵਿੱਚ ਨਵੇਂ ਅਤਿ-ਆਧੁਨਿਕ ਬੋਇੰਗ ਇੰਡੀਆ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਸੈਂਟਰ ਕੈਂਪਸ ਦਾ ਉਦਘਾਟਨ ਕੀਤਾ
ਦੇਸ਼ ਦੇ ਵਧ ਰਹੇ ਹਵਾਬਾਜ਼ੀ ਖੇਤਰ ਵਿੱਚ ਲੜਕੀਆਂ ਦੇ ਪ੍ਰਵੇਸ਼ ਨੂੰ ਸਮਰਥਨ ਦੇਣ ਦੇ ਉਦੇਸ਼ ਨਾਲ ਬੋਇੰਗ ਸੁਕੰਨਿਆ ਪ੍ਰੋਗਰਾਮ (Sukanya Program) ਦੀ ਸ਼ੁਰੂਆਤ
ਬੋਇੰਗ ਕੈਂਪਸ ਪ੍ਰਧਾਨ ਮੰਤਰੀ ਦੀ ਆਤਮਨਿਰਭਰ ਭਾਰਤ ਪਹਿਲ ਦੀਆਂ ਸਭ ਤੋਂ ਮੋਹਰੀ ਉਦਾਹਰਣਾਂ ਵਿੱਚੋਂ ਇੱਕ ਬਣੇਗਾ: ਮਿਸ ਸਟੈਫਨੀ ਪੋਪ, ਸੀਓਓ, ਬੋਇੰਗ ਕੰਪਨੀ
"ਬੀਆਈਈਟੀਸੀ (BIETC) ਇਨੋਵੇਸ਼ਨ ਲਈ ਇੱਕ ਹੱਬ ਵਜੋਂ ਕੰਮ ਕਰੇਗਾ ਅਤੇ ਹਵਾਬਾਜ਼ੀ ਵਿੱਚ ਪ੍ਰਗਤੀ ਕਰੇਗਾ"
"ਬੰਗਲੁਰੂ ਖ਼ਾਹਿਸ਼ਾਂ ਨੂੰ ਇਨੋਵੇਸ਼ਨਾਂ ਅਤੇ ਉਪਲਬਧੀਆਂ ਨਾਲ ਜੋੜਦਾ ਹੈ"
"ਬੋਇੰਗ ਦੀ ਨਵੀਂ ਸੁਵਿਧਾ ਇੱਕ ਨਵੇਂ ਹਵਾਬਾਜ਼ੀ ਹੱਬ ਵਜੋਂ ਕਰਨਾਟਕ ਦੇ ਉੱਭਰਨ ਦਾ ਸਪੱਸ਼ਟ ਸੰਕੇਤ ਹੈ"
"ਭਾਰਤ ਦੀਆਂ 15 ਫੀਸਦੀ ਪਾਇਲਟ ਮਹਿਲਾਵਾਂ ਹਨ, ਜੋ ਵਿਸ਼ਵ ਦੀ ਔਸਤ ਨਾਲੋਂ 3 ਗੁਣਾ ਵਧੇਰੇ ਹੈ"
"ਚੰਦਰਯਾਨ ਦੀ ਸਫ਼ਲਤਾ ਨੇ ਭਾਰਤ ਦੇ ਨੌਜਵਾਨਾਂ ਵਿੱਚ ਵਿਗਿਆਨਕ ਭਾਵਨਾ ਦਾ ਸੰਚਾਰ ਕੀਤਾ ਹੈ"
"ਤੇਜ਼ੀ ਨਾਲ ਵਧ ਰਿਹਾ ਹਵਾਬਾਜ਼ੀ ਖੇਤਰ ਭਾਰਤ ਦੇ ਸਮੁੱਚੇ ਵਿਕਾਸ ਅਤੇ ਰੋਜ਼ਗਾਰ ਸਿਰਜਣ ਨੂੰ ਹੁਲਾਰਾ ਦੇ ਰਿਹਾ ਹੈ"
"ਅਗਲੇ 25 ਸਾਲਾਂ ਵਿੱਚ ਇੱਕ ਵਿਕਸਿਤ ਭਾਰਤ ਦਾ ਨਿਰਮਾਣ ਕਰਨਾ ਹੁਣ 140 ਕਰੋੜ ਭਾਰਤੀਆਂ ਦਾ ਸੰਕਲਪ ਬਣ ਗਿਆ ਹੈ"
“ਮੇਕ ਇਨ ਇੰਡੀਆ” ਨੂੰ ਉਤਸ਼ਾਹਿਤ ਕਰਨ ਲਈ ਭਾਰਤ ਦੀ ਨੀਤੀਗਤ ਪਹੁੰਚ ਹਰ ਨਿਵੇਸ਼ਕ ਲਈ ਲਾਭ ਦੀ
Posted On:
19 JAN 2024 4:30PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕਰਨਾਟਕ ਦੇ ਬੰਗਲੁਰੂ ਵਿੱਚ ਨਵੇਂ ਅਤਿ-ਆਧੁਨਿਕ ਬੋਇੰਗ ਇੰਡੀਆ ਇੰਜਨੀਅਰਿੰਗ ਐਂਡ ਟੈਕਨੋਲੋਜੀ ਸੈਂਟਰ (ਬੀਆਈਈਟੀਸੀ- BIETC) ਕੈਂਪਸ ਦਾ ਉਦਘਾਟਨ ਕੀਤਾ। 1,600 ਕਰੋੜ ਰੁਪਏ ਦੇ ਨਿਵੇਸ਼ ਨਾਲ ਬਣਿਆ 43 ਏਕੜ ਦਾ ਇਹ ਕੈਂਪਸ ਬੋਇੰਗ ਦਾ ਅਮਰੀਕਾ ਤੋਂ ਬਾਹਰ ਅਜਿਹਾ ਸਭ ਤੋਂ ਬੜਾ ਨਿਵੇਸ਼ ਹੈ। ਪ੍ਰਧਾਨ ਮੰਤਰੀ ਨੇ ਬੋਇੰਗ ਸੁਕੰਨਿਆ ਪ੍ਰੋਗਰਾਮ ਦੀ ਵੀ ਸ਼ੁਰੂਆਤ ਕੀਤੀ, ਜਿਸ ਦਾ ਉਦੇਸ਼ ਦੇਸ਼ ਦੇ ਵਧ-ਫੁੱਲ ਰਹੇ ਹਵਾਬਾਜ਼ੀ ਖੇਤਰ ਵਿੱਚ ਭਾਰਤ ਭਰ ਤੋਂ ਵੱਧ ਤੋਂ ਵੱਧ ਲੜਕੀਆਂ ਦੇ ਦਾਖਲੇ ਨੂੰ ਸਮਰਥਨ ਦੇਣਾ ਹੈ।
ਪ੍ਰਧਾਨ ਮੰਤਰੀ ਨੇ ਅਨੁਭਵ ਕੇਂਦਰ ਦਾ ਦੌਰਾ ਕੀਤਾ ਅਤੇ ਸੁਕੰਨਿਆ ਲਾਭਾਰਥੀਆਂ ਨਾਲ ਗੱਲਬਾਤ ਕੀਤੀ।
ਬੋਇੰਗ ਕੰਪਨੀ ਦੀ ਸੀਓਓ, ਮਿਸ ਸਟੈਫਨੀ ਪੋਪ ਨੇ ਭਾਰਤ ਵਿੱਚ ਹਵਾਬਾਜ਼ੀ ਖੇਤਰ ਦੇ ਵਿਕਾਸ 'ਤੇ ਪ੍ਰਧਾਨ ਮੰਤਰੀ ਦੇ ਧਿਆਨ ਅਤੇ ਬੋਇੰਗ ਸੁਕੰਨਿਆ ਪ੍ਰੋਗਰਾਮ ਨੂੰ ਅੱਜ ਇੱਕ ਹਕੀਕਤ ਬਣਾਉਣ ਵਿੱਚ ਉਨ੍ਹਾਂ ਦੀ ਮਹੱਤਵਪੂਰਨ ਭੂਮਿਕਾ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਨਿਰੰਤਰ ਸਮਰਥਨ ਲਈ ਧੰਨਵਾਦ ਪ੍ਰਗਟਾਇਆ ਅਤੇ ਏਅਰੋਸਪੇਸ ਦੇ ਭਵਿੱਖ ਨੂੰ ਆਕਾਰ ਦੇਣ ਲਈ ਮਿਲ ਕੇ ਕੰਮ ਕਰਨ ਦੀ ਉਮੀਦ ਪ੍ਰਗਟ ਕੀਤੀ। ਮਿਸ ਸਟੀਫਨੀ ਨੇ ਕਿਹਾ ਕਿ ਇਹ ਨਵਾਂ ਕੈਂਪਸ ਬੋਇੰਗ ਦੀ ਇੰਜੀਨੀਅਰਿੰਗ ਵਿਰਾਸਤ ਦਾ ਪ੍ਰਮਾਣ ਹੈ ਅਤੇ ਇਹ ਭਾਰਤ ਵਿੱਚ ਮੌਜੂਦ ਉਪਲਬਧਤਾ, ਪ੍ਰਤਿਭਾ ਦੀ ਡੂੰਘਾਈ ਅਤੇ ਸਮਰੱਥਾ ਵਿੱਚ ਵਿਸ਼ਵਾਸ ਨੂੰ ਰੇਖਾਂਕਿਤ ਕਰਦਾ ਹੈ। ਉਨ੍ਹਾਂ ਨੇ ਨਵੇਂ ਕੈਂਪਸ ਦੇ ਦਾਇਰੇ ਅਤੇ ਇੱਕ ਈਕੋਸਿਸਟਮ ਬਣਾਉਣ ਦੀ ਬੋਇੰਗ ਦੀ ਯੋਜਨਾ ਬਾਰੇ ਵਿਸਤਾਰ ਨਾਲ ਦੱਸਿਆ, ਜੋ ਭਾਰਤ ਨੂੰ ਏਅਰੋਸਪੇਸ ਉਦਯੋਗ ਵਿੱਚ ਸਭ ਤੋਂ ਅੱਗੇ ਲਿਜਾਂਦਾ ਹੈ। ਅੰਤ ਵਿੱਚ, ਮਿਸ ਸਟੈਫਨੀ ਨੇ ਕਿਹਾ ਕਿ ਨਵਾਂ ਬੋਇੰਗ ਕੈਂਪਸ ਪ੍ਰਧਾਨ ਮੰਤਰੀ ਦੀ ਆਤਮਨਿਰਭਰ ਭਾਰਤ ਪਹਿਲ ਜਾਂ 'ਆਤਮਨਿਰਭਰਤਾ' ਦੀਆਂ ਸਭ ਤੋਂ ਮੋਹਰੀ ਉਦਾਹਰਣਾਂ ਵਿੱਚੋਂ ਇੱਕ ਬਣ ਜਾਵੇਗਾ। ਉਨ੍ਹਾਂ ਨੇ ਸੁਕੰਨਿਆ ਪ੍ਰੋਗਰਾਮ ਦੇ ਵਿਚਾਰ ਲਈ ਪ੍ਰਧਾਨ ਮੰਤਰੀ ਨੂੰ ਕ੍ਰੈਡਿਟ ਦਿੱਤਾ ਅਤੇ ਭਾਰਤੀ ਮਹਿਲਾਵਾਂ ਲਈ ਹਵਾਬਾਜ਼ੀ ਖੇਤਰ ਵਿੱਚ ਮੌਕੇ ਪੈਦਾ ਕਰਨ ਅਤੇ ਤੇਜ਼ ਕਰਨ ਲਈ ਬੋਇੰਗ ਦੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਟਿੱਪਣੀ ਕੀਤੀ, "ਇਹ ਪ੍ਰੋਗਰਾਮ ਰੁਕਾਵਟਾਂ ਨੂੰ ਦੂਰ ਕਰੇਗਾ ਅਤੇ ਹੋਰ ਮਹਿਲਾਵਾਂ ਨੂੰ ਏਅਰੋਸਪੇਸ ਵਿੱਚ ਕਰੀਅਰ ਬਣਾਉਣ ਲਈ ਪ੍ਰੇਰਿਤ ਕਰੇਗਾ"। ਉਨ੍ਹਾਂ ਨੇ ਅੱਗੇ ਮਿਡਲ ਸਕੂਲਾਂ ਵਿੱਚ ਐੱਸਟੀਈਐੱਮ (STEM) ਲੈਬਾਂ ਪ੍ਰਦਾਨ ਕਰਨ ਦੀਆਂ ਯੋਜਨਾਵਾਂ ਬਾਰੇ ਦੱਸਿਆ। ਉਨ੍ਹਾਂ ਨੇ ਭਰੋਸਾ ਪ੍ਰਗਟ ਕੀਤਾ ਕਿ ਬੋਇੰਗ ਅਤੇ ਭਾਰਤ ਦੀ ਭਾਈਵਾਲੀ ਹਵਾਬਾਜ਼ੀ ਦੇ ਭਵਿੱਖ ਨੂੰ ਆਕਾਰ ਦੇਵੇਗੀ ਅਤੇ ਭਾਰਤ ਅਤੇ ਦੁਨੀਆ ਭਰ ਦੇ ਲੋਕਾਂ ਲਈ ਸਕਾਰਾਤਮਕ ਬਦਲਾਅ ਲਿਆਵੇਗੀ।
ਸਭਾ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਬੰਗਲੁਰੂ ਇੱਕ ਅਜਿਹਾ ਸ਼ਹਿਰ ਹੈ, ਜੋ ਖ਼ਾਹਿਸ਼ਾਂ ਨੂੰ ਇਨੋਵੇਸ਼ਨਾਂ ਅਤੇ ਉਪਲਬਧੀਆਂ ਅਤੇ ਭਾਰਤ ਦੀ ਤਕਨੀਕੀ ਸਮਰੱਥਾ ਨੂੰ ਆਲਮੀ ਮੰਗਾਂ ਨਾਲ ਜੋੜਦਾ ਹੈ। ਪ੍ਰਧਾਨ ਮੰਤਰੀ ਨੇ ਬੋਇੰਗ ਦੇ ਨਵੇਂ ਟੈਕਨੋਲੋਜੀ ਕੈਂਪਸ ਦੁਆਰਾ ਵਿਸ਼ਵਾਸ ਨੂੰ ਮਜ਼ਬੂਤ ਕਰਨ ਦਾ ਜ਼ਿਕਰ ਕਰਦੇ ਹੋਏ, ਕਿਹਾ ਕਿ ਨਵਾਂ ਉਦਘਾਟਨ ਕੀਤਾ ਕੈਂਪਸ ਬੋਇੰਗ ਦੀ ਸਭ ਤੋਂ ਬੜੀ ਸੁਵਿਧਾ ਹੈ, ਜੋ ਅਮਰੀਕਾ ਤੋਂ ਬਾਹਰ ਸਥਿਤ ਹੈ। ਉਨ੍ਹਾਂ ਨੇ ਰੇਖਾਂਕਿਤ ਕੀਤਾ ਕਿ ਇਸ ਦਾ ਪੈਮਾਨਾ ਅਤੇ ਵਿਸ਼ਾਲਤਾ ਨਾ ਸਿਰਫ਼ ਭਾਰਤ ਨੂੰ ਬਲਕਿ ਵਿਸ਼ਵ ਦੇ ਹਵਾਬਾਜ਼ੀ ਬਜ਼ਾਰ ਨੂੰ ਵੀ ਮਜ਼ਬੂਤ ਕਰੇਗੀ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਸੁਵਿਧਾ ਆਲਮੀ ਤਕਨੀਕ, ਖੋਜ ਅਤੇ ਇਨੋਵੇਸ਼ਨ, ਡਿਜ਼ਾਈਨ ਅਤੇ ਮੰਗ ਨੂੰ ਅੱਗੇ ਵਧਾਉਣ ਲਈ ਭਾਰਤ ਦੀ ਪ੍ਰਤੀਬੱਧਤਾ ਨੂੰ ਦਰਸਾਉਂਦੀ ਹੈ। ਉਨ੍ਹਾਂ ਨੇ ਕਿਹਾ, "ਇਹ 'ਮੇਕ ਇਨ ਇੰਡੀਆ-ਮੇਕ ਫੌਰ ਦ ਵਰਲਡ' ਸੰਕਲਪ ਨੂੰ ਮਜ਼ਬੂਤ ਕਰਦਾ ਹੈ।" ਉਨ੍ਹਾਂ ਨੇ ਅੱਗੇ ਕਿਹਾ, "ਇਹ ਕੈਂਪਸ ਭਾਰਤ ਦੀ ਪ੍ਰਤਿਭਾ ਵਿੱਚ ਦੁਨੀਆ ਦੇ ਭਰੋਸੇ ਨੂੰ ਮਜ਼ਬੂਤ ਕਰਦਾ ਹੈ।" ਉਨ੍ਹਾਂ ਨੇ ਵਿਸ਼ਵਾਸ ਪ੍ਰਗਟਾਇਆ ਕਿ ਇੱਕ ਦਿਨ ਭਾਰਤ ਇਸ ਸੁਵਿਧਾ ਵਿੱਚ ਭਵਿੱਖ ਦੇ ਹਵਾਈ ਜਹਾਜ਼ਾਂ ਨੂੰ ਡਿਜ਼ਾਈਨ ਕਰੇਗਾ।
ਪਿਛਲੇ ਸਾਲ ਕਰਨਾਟਕ ਵਿੱਚ ਏਸ਼ੀਆ ਦੀ ਸਭ ਤੋਂ ਬੜੀ ਹੈਲੀਕੌਪਟਰ ਨਿਰਮਾਣ ਫੈਕਟਰੀ ਦੇ ਉਦਘਾਟਨ ਨੂੰ ਯਾਦ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਬੋਇੰਗ ਦੀ ਨਵੀਂ ਸੁਵਿਧਾ ਕਰਨਾਟਕ ਦੇ ਇੱਕ ਨਵੇਂ ਹਵਾਬਾਜ਼ੀ ਹੱਬ ਵਜੋਂ ਉੱਭਰਨ ਦਾ ਸਪੱਸ਼ਟ ਸੰਕੇਤ ਹੈ। ਉਨ੍ਹਾਂ ਨੇ ਵਿਸ਼ੇਸ਼ ਤੌਰ 'ਤੇ ਭਾਰਤ ਦੇ ਨੌਜਵਾਨਾਂ ਨੂੰ ਵਧਾਈਆਂ ਦਿੱਤੀਆਂ, ਜਿਨ੍ਹਾਂ ਪਾਸ ਹੁਣ ਹਵਾਬਾਜ਼ੀ ਉਦਯੋਗ ਵਿੱਚ ਨਵੇਂ ਹੁਨਰ ਹਾਸਲ ਕਰਨ ਦੇ ਕਈ ਮੌਕੇ ਹੋਣਗੇ।
ਪ੍ਰਧਾਨ ਮੰਤਰੀ ਨੇ ਹਰ ਖੇਤਰ ਵਿੱਚ ਮਹਿਲਾਵਾਂ ਦੀ ਭਾਗੀਦਾਰੀ ਵਧਾਉਣ ਲਈ ਸਰਕਾਰ ਦੇ ਯਤਨਾਂ 'ਤੇ ਜ਼ੋਰ ਦਿੱਤਾ ਅਤੇ ਜੀ20 ਦੀ ਪ੍ਰਧਾਨਗੀ ਦੌਰਾਨ ਮਹਿਲਾਵਾਂ ਦੀ ਅਗਵਾਈ ਵਾਲੇ ਵਿਕਾਸ ਵੱਲ ਭਾਰਤ ਦੇ ਦਬਾਅ ਨੂੰ ਵੀ ਦੁਹਰਾਇਆ। ਉਨ੍ਹਾਂ ਨੇ ਕਿਹਾ ਕਿ ਸਰਕਾਰ ਏਅਰੋਸਪੇਸ ਖੇਤਰ ਵਿੱਚ ਮਹਿਲਾਵਾਂ ਲਈ ਨਵੇਂ ਮੌਕੇ ਪੈਦਾ ਕਰਨ ਲਈ ਪ੍ਰਤੀਬੱਧ ਹੈ। ਪ੍ਰਧਾਨ ਮੰਤਰੀ ਨੇ ਲੜਾਕੂ ਪਾਇਲਟ ਜਾਂ ਸ਼ਹਿਰੀ ਹਵਾਬਾਜ਼ੀ, ਭਾਰਤ ਦੇ ਮਹਿਲਾ ਪਾਇਲਟਾਂ ਦੀ ਗਿਣਤੀ ਵਿੱਚ ਦੁਨੀਆ ਵਿੱਚ ਮੋਹਰੀ ਹੋਣ 'ਤੇ ਮਾਣ ਕਰਦਿਆਂ ਉਨ੍ਹਾਂ ਦੱਸਿਆ ਕਿ ਭਾਰਤ ਦੀਆਂ 15 ਪ੍ਰਤੀਸ਼ਤ ਪਾਇਲਟ ਮਹਿਲਾਵਾਂ ਹਨ, ਜੋ ਕਿ ਆਲਮੀ ਔਸਤ ਨਾਲੋਂ 3 ਗੁਣਾ ਵਧੇਰੇ ਹਨ। ਬੋਇੰਗ ਸੁਕੰਨਿਆ ਪ੍ਰੋਗਰਾਮ ਬਾਰੇ ਬੋਲਦਿਆਂ, ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਹਵਾਬਾਜ਼ੀ ਖੇਤਰ ਵਿੱਚ ਮਹਿਲਾਵਾਂ ਦੀ ਭਾਗੀਦਾਰੀ ਨੂੰ ਹੁਲਾਰਾ ਦੇਵੇਗਾ ਜਦਕਿ ਦੂਰ-ਦਰਾਜ ਦੇ ਖੇਤਰਾਂ ਵਿੱਚ ਰਹਿਣ ਵਾਲੇ ਗਰੀਬਾਂ ਨੂੰ ਪਾਇਲਟ ਬਣਨ ਦੇ ਉਨ੍ਹਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਵਿੱਚ ਮਦਦ ਕਰੇਗਾ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਇਸ ਪ੍ਰੋਗਰਾਮ ਦੇ ਤਹਿਤ, ਪਾਇਲਟ ਦੇ ਤੌਰ 'ਤੇ ਆਪਣਾ ਕਰੀਅਰ ਬਣਾਉਣ ਲਈ ਸਰਕਾਰੀ ਸਕੂਲਾਂ ਵਿੱਚ ਕਰੀਅਰ ਕੋਚਿੰਗ ਅਤੇ ਵਿਕਾਸ ਦੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ।
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਚੰਦਰਯਾਨ ਦੀ ਇਤਿਹਾਸਕ ਸਫ਼ਲਤਾ ਨੇ ਭਾਰਤ ਦੇ ਨੌਜਵਾਨਾਂ ਵਿੱਚ ਵਿਗਿਆਨਕ ਸੋਚ ਦਾ ਸੰਚਾਰ ਕੀਤਾ ਹੈ। ਸਟੈੱਮ (STEM) ਸਿੱਖਿਆ ਦੇ ਕੇਂਦਰ ਵਜੋਂ ਭਾਰਤ ਦੀ ਸਥਿਤੀ ਨੂੰ ਦਰਸਾਉਂਦੇ ਹੋਏ, ਪ੍ਰਧਾਨ ਮੰਤਰੀ ਨੇ ਜ਼ਿਕਰ ਕੀਤਾ ਕਿ ਲੜਕੀਆਂ ਨੇ ਸਟੈੱਮ ਵਿਸ਼ਿਆਂ ਨੂੰ ਵੱਡੇ ਪੱਧਰ 'ਤੇ ਲਿਆ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਦੁਨੀਆ ਦਾ ਤੀਜਾ ਸਭ ਤੋਂ ਬੜਾ ਹਵਾਬਾਜ਼ੀ ਘਰੇਲੂ ਬਜ਼ਾਰ ਬਣ ਗਿਆ ਹੈ। ਇੱਕ ਦਹਾਕੇ ਵਿੱਚ ਘਰੇਲੂ ਯਾਤਰੀਆਂ ਦੀ ਗਿਣਤੀ ਦੁੱਗਣੀ ਹੋ ਗਈ ਹੈ। ਉਨ੍ਹਾਂ ਨੇ ਕਿਹਾ ਕਿ ਉਡਾਨ ਜਿਹੀਆਂ ਯੋਜਨਾਵਾਂ ਨੇ ਇਸ ਵਿੱਚ ਬੜੀ ਭੂਮਿਕਾ ਨਿਭਾਈ ਹੈ। ਇਹ ਗਿਣਤੀ ਹੋਰ ਵਧਣ ਜਾ ਰਹੀ ਹੈ ਜਿਸ ਨਾਲ ਮੰਗ ਵਧੇਗੀ। ਇਸ ਦੇ ਨਤੀਜੇ ਵਜੋਂ ਭਾਰਤ ਦੀਆਂ ਏਅਰਲਾਈਨਾਂ ਦੁਆਰਾ ਫਲੀਟਾਂ ਦੇ ਨਵੇਂ ਆਰਡਰ ਨੇ ਆਲਮੀ ਹਵਾਬਾਜ਼ੀ ਖੇਤਰ ਨੂੰ ਨਵਾਂ ਹੁਲਾਰਾ ਦਿੱਤਾ ਹੈ। ਉਨ੍ਹਾਂ ਨੇ ਕਿਹਾ, “ਇਹ ਇਸ ਲਈ ਹੋਇਆ ਹੈ ਕਿਉਂਕਿ ਭਾਰਤ ਆਪਣੇ ਨਾਗਰਿਕਾਂ ਦੀਆਂ ਇੱਛਾਵਾਂ ਅਤੇ ਲੋੜਾਂ ਨੂੰ ਮੁੱਖ ਰੱਖਦੇ ਹੋਏ ਕੰਮ ਕਰ ਰਿਹਾ ਹੈ।"
ਪ੍ਰਧਾਨ ਮੰਤਰੀ ਮੋਦੀ ਨੇ ਖਰਾਬ ਕਨੈਕਟੀਵਿਟੀ ਦੀ ਪਿਛਲੀ ਰੁਕਾਵਟ ਨੂੰ ਦੂਰ ਕਰਨ ਲਈ ਕਨੈਕਟੀਵਿਟੀ ਬੁਨਿਆਦੀ ਢਾਂਚੇ ਵਿੱਚ ਨਿਵੇਸ਼ ਕਰਨ 'ਤੇ ਸਰਕਾਰ ਦੇ ਫੋਕਸ ਬਾਰੇ ਗੱਲ ਕੀਤੀ, ਜੋ ਭਾਰਤ ਦੀ ਪ੍ਰਦਰਸ਼ਨ ਕਰਨ ਦੀ ਸਮਰੱਥਾ ਨੂੰ ਰੋਕ ਰਹੀ ਸੀ। ਉਨ੍ਹਾਂ ਨੇ ਕਿਹਾ ਕਿ ਭਾਰਤ ਸਭ ਤੋਂ ਵੱਧ ਕਨੈਕਟਡ ਬਜ਼ਾਰਾਂ ਵਿੱਚੋਂ ਇੱਕ ਬਣ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਭਾਰਤ ਵਿੱਚ ਲਗਭਗ 150 ਕਾਰਜਸ਼ੀਲ ਹਵਾਈ ਅੱਡੇ ਹਨ, ਜੋ ਕਿ 2014 ਵਿੱਚ ਲਗਭਗ 70 ਸਨ। ਉਨ੍ਹਾਂ ਨੇ ਇਹ ਭੀ ਕਿਹਾ ਕਿ ਹਵਾਈ ਅੱਡਿਆਂ ਦੀ ਕੁਸ਼ਲਤਾ ਵਿੱਚ ਮਹੱਤਵਪੂਰਨ ਵਾਧਾ ਕੀਤਾ ਗਿਆ ਹੈ। ਉਨ੍ਹਾਂ ਨੇ ਵਧੀ ਹੋਈ ਏਅਰ ਕਾਰਗੋ ਸਮਰੱਥਾ ਦਾ ਵੀ ਜ਼ਿਕਰ ਕੀਤਾ, ਜਿਸ ਨਾਲ ਅਰਥਚਾਰੇ ਦਾ ਸਮੁੱਚਾ ਵਿਕਾਸ ਅਤੇ ਰੋਜ਼ਗਾਰ ਪੈਦਾ ਹੁੰਦਾ ਹੈ।
ਪ੍ਰਧਾਨ ਮੰਤਰੀ ਨੇ ਭਾਰਤ ਦੀ ਵਧੀ ਹੋਈ ਏਅਰਪੋਰਟ ਸਮਰੱਥਾ ਦੇ ਕਾਰਨ ਏਅਰ ਕਾਰਗੋ ਸੈਕਟਰ ਦੇ ਤੇਜ਼ ਵਾਧੇ 'ਤੇ ਚਾਨਣਾ ਪਾਇਆ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਭਾਰਤ ਦੇ ਦੂਰ-ਦਰਾਜ ਦੇ ਖੇਤਰਾਂ ਤੋਂ ਅੰਤਰਰਾਸ਼ਟਰੀ ਬਜ਼ਾਰਾਂ ਤੱਕ ਉਤਪਾਦਾਂ ਦੀ ਆਵਾਜਾਈ ਅਸਾਨ ਹੋ ਗਈ ਹੈ। ਸ਼੍ਰੀ ਮੋਦੀ ਨੇ ਅੱਗੇ ਕਿਹਾ, “ਤੇਜ਼ੀ ਨਾਲ ਵਧ ਰਿਹਾ ਹਵਾਬਾਜ਼ੀ ਖੇਤਰ ਭਾਰਤ ਦੇ ਸਮੁੱਚੇ ਵਿਕਾਸ ਅਤੇ ਰੋਜ਼ਗਾਰ ਪੈਦਾ ਕਰਨ ਨੂੰ ਵੀ ਹੁਲਾਰਾ ਦੇ ਰਿਹਾ ਹੈ।”
ਪ੍ਰਧਾਨ ਮੰਤਰੀ ਨੇ ਰੇਖਾਂਕਿਤ ਕੀਤਾ ਕਿ ਸਰਕਾਰ ਨੀਤੀ ਪੱਧਰ 'ਤੇ ਲਗਾਤਾਰ ਕਦਮ ਚੁੱਕ ਰਹੀ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਉਸਦੇ ਹਵਾਬਾਜ਼ੀ ਖੇਤਰ ਦਾ ਵਿਕਾਸ ਜਾਰੀ ਰਹੇ ਅਤੇ ਤੇਜ਼ ਹੋਵੇ। ਉਨ੍ਹਾਂ ਨੇ ਕਿਹਾ ਕਿ ਕੇਂਦਰ ਰਾਜ ਸਰਕਾਰਾਂ ਨੂੰ ਹਵਾਬਾਜ਼ੀ ਬਾਲਣ ਨਾਲ ਸਬੰਧਿਤ ਟੈਕਸ ਘਟਾਉਣ ਲਈ ਉਤਸ਼ਾਹਿਤ ਕਰ ਰਿਹਾ ਹੈ ਅਤੇ ਏਅਰਕ੍ਰਾਫਟ ਲੀਜ਼ਿੰਗ ਨੂੰ ਅਸਾਨ ਬਣਾਉਣ ਲਈ ਵੀ ਕੰਮ ਕਰ ਰਿਹਾ ਹੈ। ਉਨ੍ਹਾਂ ਨੇ ਏਅਰਕ੍ਰਾਫਟ ਲੀਜ਼ਿੰਗ ਅਤੇ ਫਾਇਨੈਂਸਿੰਗ 'ਤੇ ਭਾਰਤ ਦੀ ਆਫਸ਼ੋਰ ਨਿਰਭਰਤਾ ਨੂੰ ਘਟਾਉਣ ਲਈ ਗਿਫਟ ਸਿਟੀ ਵਿੱਚ ਸਥਾਪਿਤ ਅੰਤਰਰਾਸ਼ਟਰੀ ਵਿੱਤੀ ਸੇਵਾ ਕੇਂਦਰ ਅਥਾਰਿਟੀ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਅੱਗੇ ਕਿਹਾ, “ਪੂਰੇ ਦੇਸ਼ ਦੇ ਹਵਾਬਾਜ਼ੀ ਖੇਤਰ ਨੂੰ ਵੀ ਇਸ ਦਾ ਫਾਇਦਾ ਹੋਵੇਗਾ।”
ਲਾਲ ਕਿਲੇ ਤੋਂ ਆਪਣੀ ਘੋਸ਼ਣਾ ‘ਏਹੀ ਸਮਾਂ ਹੈ, ਸਹੀ ਸਮਾਂ ਹੈ’ ਨੂੰ ਯਾਦ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਬੋਇੰਗ ਅਤੇ ਹੋਰ ਅੰਤਰਰਾਸ਼ਟਰੀ ਕੰਪਨੀਆਂ ਲਈ ਵੀ ਇਹ ਸਹੀ ਸਮਾਂ ਹੈ ਕਿ ਉਹ ਆਪਣੇ ਵਿਕਾਸ ਨੂੰ ਭਾਰਤ ਦੀ ਤੇਜ਼ ਪ੍ਰਗਤੀ ਨਾਲ ਜੋੜਨ। ਉਨ੍ਹਾਂ ਜ਼ੋਰ ਦਿੰਦਿਆਂ ਕਿਹਾ, “ਅਗਲੇ 25 ਸਾਲਾਂ ਵਿੱਚ ਇੱਕ ਵਿਕਸਿਤ ਭਾਰਤ ਦਾ ਨਿਰਮਾਣ ਕਰਨਾ ਹੁਣ 140 ਕਰੋੜ ਭਾਰਤੀਆਂ ਦਾ ਸੰਕਲਪ ਬਣ ਗਿਆ ਹੈ।” ਪ੍ਰਧਾਨ ਮੰਤਰੀ ਨੇ ਦੱਸਿਆ ਕਿ ਪਿਛਲੇ 9 ਸਾਲਾਂ ਵਿੱਚ ਅਸੀਂ ਲਗਭਗ 25 ਕਰੋੜ ਭਾਰਤੀਆਂ ਨੂੰ ਗਰੀਬੀ ਤੋਂ ਬਾਹਰ ਕੱਢਿਆ ਹੈ ਅਤੇ ਇਹ ਕਰੋੜਾਂ ਭਾਰਤੀ ਹੁਣ ਇੱਕ ਨਵ-ਮੱਧ ਵਰਗ ਬਣਾ ਰਹੇ ਹਨ। ਉਨ੍ਹਾਂ ਨੇ ਭਾਰਤ ਵਿੱਚ ਹਰ ਆਮਦਨ ਸਮੂਹ ਵਿੱਚ ਉੱਪਰਲੇ ਕ੍ਰਮ ਦੀ ਗਤੀਸ਼ੀਲਤਾ ਨੂੰ ਇੱਕ ਰੁਝਾਨ ਵਜੋਂ ਦੇਖਿਆ ਜਾ ਰਿਹਾ ਹੈ। ਭਾਰਤ ਦੇ ਸੈਰ-ਸਪਾਟਾ ਖੇਤਰ ਦੇ ਵਿਸਤਾਰ ਬਾਰੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਹਿਤਧਾਰਕਾਂ ਨੂੰ ਸਾਰੀਆਂ ਨਵੀਆਂ ਸੰਭਾਵਨਾਵਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਦੀ ਅਪੀਲ ਕੀਤੀ।
ਪ੍ਰਧਾਨ ਮੰਤਰੀ ਮੋਦੀ ਨੇ ਭਾਰਤ ਵਿੱਚ ਇੱਕ ਏਅਰਕ੍ਰਾਫਟ ਮੈਨੂਫੈਕਚਰਿੰਗ ਈਕੋਸਿਸਟਮ ਬਣਾਉਣ ਦੀ ਲੋੜ 'ਤੇ ਜ਼ੋਰ ਦਿੱਤਾ, ਇਸਦੇ ਨਾਲ ਹੀ ਉਨ੍ਹਾਂ ਨੇ ਭਾਰਤ ਵਿੱਚ ਐੱਮਐੱਸਐੱਮਈਜ਼ ਦੇ ਮਜ਼ਬੂਤ ਨੈੱਟਵਰਕ, ਵਿਸ਼ਾਲ ਪ੍ਰਤਿਭਾ ਪੂਲ ਅਤੇ ਭਾਰਤ ਵਿੱਚ ਸਥਿਰ ਸਰਕਾਰ ਦੀ ਸੰਭਾਵਨਾ ਨੂੰ ਉਜਾਗਰ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ, “ਮੇਕ ਇਨ ਇੰਡੀਆ” ਨੂੰ ਉਤਸ਼ਾਹਿਤ ਕਰਨ ਲਈ ਭਾਰਤ ਦੀ ਨੀਤੀਗਤ ਪਹੁੰਚ ਹਰ ਨਿਵੇਸ਼ਕ ਲਈ ਲਾਭ ਦੀ ਸਥਿਤੀ ਹੈ। ਸ਼੍ਰੀ ਮੋਦੀ ਨੇ ਭਰੋਸਾ ਪ੍ਰਗਟਾਇਆ ਕਿ ਭਾਰਤ ਵਿੱਚ ਬੋਇੰਗ ਦੇ ਪਹਿਲੇ ਪੂਰੀ ਤਰ੍ਹਾਂ ਡਿਜ਼ਾਈਨ ਅਤੇ ਨਿਰਮਿਤ ਜਹਾਜ਼ ਲਈ ਭਾਰਤ ਨੂੰ ਬਹੁਤੀ ਦੇਰ ਉਡੀਕ ਨਹੀਂ ਕਰਨੀ ਪਵੇਗੀ। ਪ੍ਰਧਾਨ ਮੰਤਰੀ ਮੋਦੀ ਨੇ ਅੰਤ ਵਿੱਚ ਕਿਹਾ, "ਮੈਨੂੰ ਭਰੋਸਾ ਹੈ ਕਿ ਭਾਰਤ ਦੀਆਂ ਇੱਛਾਵਾਂ ਅਤੇ ਬੋਇੰਗ ਦਾ ਵਿਸਤਾਰ ਇੱਕ ਮਜ਼ਬੂਤ ਸਾਂਝੇਦਾਰੀ ਦੇ ਰੂਪ ਵਿੱਚ ਉਭਰੇਗਾ।"
ਇਸ ਮੌਕੇ ਕਰਨਾਟਕ ਦੇ ਰਾਜਪਾਲ ਸ਼੍ਰੀ ਥਾਵਰ ਚੰਦ ਗਹਿਲੋਤ, ਕਰਨਾਟਕ ਦੇ ਮੁੱਖ ਮੰਤਰੀ ਸ਼੍ਰੀ ਸਿੱਧਾਰਮੱਈਆ, ਬੋਇੰਗ ਕੰਪਨੀ ਦੇ ਸੀਓਓ ਮਿਸ ਸਟੈਫਨੀ ਪੋਪ ਅਤੇ ਬੋਇੰਗ ਇੰਡੀਆ ਅਤੇ ਦੱਖਣੀ ਏਸ਼ੀਆ ਦੇ ਪ੍ਰਮੁੱਖ ਸ਼੍ਰੀ ਸਲਿਲ ਗੁਪਤਾ ਆਦਿ ਹਾਜ਼ਰ ਸਨ।
ਪਿਛੋਕੜ
ਪ੍ਰਧਾਨ ਮੰਤਰੀ ਨੇ ਬੰਗਲੁਰੂ ਵਿੱਚ ਨਵੇਂ ਅਤਿ-ਆਧੁਨਿਕ ਬੋਇੰਗ ਇੰਡੀਆ ਇੰਜਨੀਅਰਿੰਗ ਐਂਡ ਟੈਕਨੋਲੋਜੀ ਸੈਂਟਰ (ਬੀਆਈਈਟੀਸੀ) ਕੈਂਪਸ ਦਾ ਉਦਘਾਟਨ ਕੀਤਾ। 1,600 ਕਰੋੜ ਰੁਪਏ ਦੇ ਨਿਵੇਸ਼ ਨਾਲ ਬਣਾਇਆ ਗਿਆ, 43 ਏਕੜ ਦਾ ਕੈਂਪਸ ਅਮਰੀਕਾ ਤੋਂ ਬਾਹਰ ਬੋਇੰਗ ਦਾ ਸਭ ਤੋਂ ਬੜਾ ਨਿਵੇਸ਼ ਹੈ। ਭਾਰਤ ਵਿੱਚ ਬੋਇੰਗ ਦਾ ਨਵਾਂ ਕੈਂਪਸ ਭਾਰਤ ਵਿੱਚ ਜੀਵੰਤ ਸਟਾਰਟਅੱਪ, ਪ੍ਰਾਈਵੇਟ ਅਤੇ ਸਰਕਾਰੀ ਈਕੋਸਿਸਟਮ ਨਾਲ ਸਾਂਝੇਦਾਰੀ ਲਈ ਇੱਕ ਮੀਲ ਪੱਥਰ ਬਣ ਜਾਵੇਗਾ ਅਤੇ ਗਲੋਬਲ ਏਅਰੋਸਪੇਸ ਅਤੇ ਰੱਖਿਆ ਉਦਯੋਗ ਲਈ ਅਗਲੀ ਪੀੜ੍ਹੀ ਦੇ ਉਤਪਾਦਾਂ ਅਤੇ ਸੇਵਾਵਾਂ ਨੂੰ ਵਿਕਸਿਤ ਕਰਨ ਵਿੱਚ ਮਦਦ ਕਰੇਗਾ।
ਪ੍ਰਧਾਨ ਮੰਤਰੀ ਨੇ ਬੋਇੰਗ ਸੁਕੰਨਿਆ ਪ੍ਰੋਗਰਾਮ ਦੀ ਵੀ ਸ਼ੁਰੂਆਤ ਕੀਤੀ, ਜਿਸ ਦਾ ਉਦੇਸ਼ ਦੇਸ਼ ਦੇ ਵਧ-ਫੁੱਲ ਰਹੇ ਹਵਾਬਾਜ਼ੀ ਖੇਤਰ ਵਿੱਚ ਭਾਰਤ ਭਰ ਤੋਂ ਵੱਧ ਤੋਂ ਵੱਧ ਲੜਕੀਆਂ ਦੇ ਦਾਖਲੇ ਨੂੰ ਸਮਰਥਨ ਦੇਣਾ ਹੈ। ਇਹ ਪ੍ਰੋਗਰਾਮ ਭਾਰਤ ਭਰ ਦੀਆਂ ਲੜਕੀਆਂ ਅਤੇ ਮਹਿਲਾਵਾਂ ਨੂੰ ਵਿਗਿਆਨ, ਟੈਕਨੋਲੋਜੀ, ਇੰਜੀਨੀਅਰਿੰਗ ਅਤੇ ਗਣਿਤ (ਸਟੈੱਮ) ਖੇਤਰਾਂ ਵਿੱਚ ਮਹੱਤਵਪੂਰਨ ਹੁਨਰ ਸਿੱਖਣ ਅਤੇ ਹਵਾਬਾਜ਼ੀ ਖੇਤਰ ਵਿੱਚ ਨੌਕਰੀਆਂ ਲਈ ਸਿਖਲਾਈ ਦੇਣ ਦੇ ਮੌਕੇ ਪ੍ਰਦਾਨ ਕਰੇਗਾ। ਨੌਜਵਾਨ ਲੜਕੀਆਂ ਲਈ, ਇਹ ਪ੍ਰੋਗਰਾਮ ਸਟੈੱਮ ਕਰੀਅਰ ਵਿੱਚ ਦਿਲਚਸਪੀ ਪੈਦਾ ਕਰਨ ਵਿੱਚ ਮਦਦ ਕਰਨ ਲਈ 150 ਯੋਜਨਾਬੱਧ ਸਥਾਨਾਂ 'ਤੇ ਸਟੈੱਮ ਲੈਬਾਂ ਬਣਾਏਗਾ। ਇਹ ਪ੍ਰੋਗਰਾਮ ਉਨ੍ਹਾਂ ਮਹਿਲਾਵਾਂ ਨੂੰ ਵਜ਼ੀਫ਼ਾ ਵੀ ਪ੍ਰਦਾਨ ਕਰੇਗਾ, ਜੋ ਪਾਇਲਟ ਬਣਨ ਦੀ ਸਿਖਲਾਈ ਲੈ ਰਹੀਆਂ ਹਨ।
****
ਡੀਐੱਸ/ਟੀਐੱਸ
(Release ID: 1998008)
Visitor Counter : 87
Read this release in:
English
,
Urdu
,
Marathi
,
Hindi
,
Bengali
,
Manipuri
,
Gujarati
,
Odia
,
Tamil
,
Telugu
,
Kannada
,
Malayalam