ਯੁਵਾ ਮਾਮਲੇ ਤੇ ਖੇਡ ਮੰਤਰਾਲਾ

ਮੇਰਾ ਯੁਵਾ ਭਾਰਤ (ਮਾਈ ਇੰਡੀਆ) ਪੋਰਟਲ 'ਤੇ ਰਜਿਸਟਰ ਕਰਨ ਵਾਲੇ ਨੌਜਵਾਨਾਂ ਦੀ ਗਿਣਤੀ 35 ਲੱਖ ਤੋਂ ਵੱਧ ਹੋਈ


ਮੇਰਾ ਯੁਵਾ ਭਾਰਤ ਮੰਚ ਹੁਣ ਦੇਸ਼ ਦੇ ਨੌਜਵਾਨ ਧੀਆਂ-ਪੁੱਤਰਾਂ ਲਈ ਇੱਕ ਵੱਡਾ ਸੰਗਠਨ ਬਣ ਰਿਹਾ ਹੈ: ਪ੍ਰਧਾਨ ਮੰਤਰੀ

Posted On: 27 DEC 2023 3:34PM by PIB Chandigarh

ਮੇਰਾ ਯੁਵਾ ਭਾਰਤ ਪੋਰਟਲ 'ਤੇ ਰਜਿਸਟਰ ਕਰਨ ਵਾਲੇ ਨੌਜਵਾਨਾਂ ਦੀ ਗਿਣਤੀ 26 ਦਸੰਬਰ, 2023 ਤੱਕ 35 ਲੱਖ ਨੂੰ ਪਾਰ ਕਰ ਗਈ ਹੈ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਵੀਰ ਬਾਲ ਦਿਵਸ ਦੇ ਮੌਕੇ ’ਤੇ ਆਪਣੇ ਸੰਬੋਧਨ ਵਿੱਚ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੂੰ ਮੇਰਾ ਯੁਵਾ ਭਾਰਤ (ਮਾਈ ਇੰਡੀਆ) ਪੋਰਟਲ ’ਤੇ ਰਜਿਸਟਰ ਕਰਨ ਅਤੇ ਪੋਰਟਲ ਨਾਲ ਜੁੜਨ ਦੀ ਅਪੀਲ ਕੀਤੀ।

ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਨੌਜਵਾਨ ਸਰੋਤਿਆਂ ਨੂੰ ਵਿਕਸਤ ਭਾਰਤ ਦੇ ਸੁਪਨਿਆਂ ਅਤੇ ਸੰਕਲਪ ਨਾਲ ਨੌਜਵਾਨਾਂ ਨੂੰ ਜੋੜਨ ਲਈ ਦੇਸ਼ ਵਿਆਪੀ ਮੁਹਿੰਮ ਬਾਰੇ ਦੱਸਿਆ। ਉਨ੍ਹਾਂ ਹਰ ਨੌਜਵਾਨ ਨੂੰ ਮਾਈ-ਭਾਰਤ ਪੋਰਟਲ 'ਤੇ ਰਜਿਸਟਰ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ, "ਇਹ ਪਲੇਟਫਾਰਮ ਹੁਣ ਦੇਸ਼ ਦੇ ਨੌਜਵਾਨ ਧੀਆਂ-ਪੁੱਤਰਾਂ ਲਈ ਇੱਕ ਵੱਡੀ ਸੰਸਥਾ ਬਣ ਰਿਹਾ ਹੈ।"

ਹਾਲ ਹੀ ਦੇ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਭਾਰਤੀ ਐਥਲੀਟਾਂ ਦੀ ਸਫਲਤਾ 'ਤੇ ਚਾਨਣਾ ਪਾਉਂਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਜ਼ਿਆਦਾਤਰ ਅਥਲੀਟ ਪੇਂਡੂ ਖੇਤਰਾਂ ਵਿੱਚ ਮੱਧ-ਵਰਗੀ ਪਰਿਵਾਰਾਂ ਤੋਂ ਆਉਂਦੇ ਹਨ। ਪ੍ਰਧਾਨ ਮੰਤਰੀ ਨੇ ਉਨ੍ਹਾਂ ਦੀਆਂ ਸਫਲਤਾਵਾਂ ਦਾ ਸਿਹਰਾ ਖੇਲੋ ਇੰਡੀਆ ਮੁਹਿੰਮ ਨੂੰ ਦਿੱਤਾ, ਜੋ ਉਨ੍ਹਾਂ ਦੇ ਘਰਾਂ ਦੇ ਨੇੜੇ ਖੇਡਾਂ ਅਤੇ ਸਿਖਲਾਈ ਦੀਆਂ ਬਿਹਤਰ ਸਹੂਲਤਾਂ ਪ੍ਰਦਾਨ ਕਰਦਾ ਹੈ ਅਤੇ ਪਾਰਦਰਸ਼ੀ ਚੋਣ ਪ੍ਰਕਿਰਿਆ ਨੂੰ ਯਕੀਨੀ ਬਣਾਉਂਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਨੌਜਵਾਨਾਂ ਦੀ ਭਲਾਈ ਨੂੰ ਪਹਿਲ ਦੇਣ ਦਾ ਨਤੀਜਾ ਹੈ।

ਦੇਸ਼ ਭਰ ਦੇ ਨੌਜਵਾਨ ਮਾਈ ਇੰਡੀਆ ਭਾਰਤ (https://www.mybharat.gov.in/) 'ਤੇ ਆਪਣੇ ਆਪ ਨੂੰ ਰਜਿਸਟਰ ਕਰ ਸਕਦੇ ਹਨ ਅਤੇ ਪੋਰਟਲ 'ਤੇ ਉਪਲਬਧ ਵੱਖ-ਵੱਖ ਮੌਕਿਆਂ ਅਤੇ ਖੇਡ ਆਯੋਜਨਾਂ ਲਈ ਨਾਮ ਦਰਜ ਕਰਵਾ ਸਕਦੇ ਹਨ।

ਮੇਰਾ ਯੁਵਾ ਭਾਰਤ (ਮਾਈ ਭਾਰਤ) ਬਾਰੇ:

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 31 ਅਕਤੂਬਰ 2023 ਨੂੰ ਕਰਤੱਵਯ ਪਥ, ਨਵੀਂ ਦਿੱਲੀ ਵਿਖੇ ਦੇਸ਼ ਦੇ ਨੌਜਵਾਨਾਂ ਲਈ ‘ਮੇਰਾ ਯੁਵਾ ਭਾਰਤ (ਮਾਈ ਭਾਰਤ)’ ਪਲੇਟਫਾਰਮ ਲਾਂਚ ਕੀਤਾ। ਇਹ ਨੌਜਵਾਨਾਂ ਦੇ ਵਿਕਾਸ ਅਤੇ ਨੌਜਵਾਨਾਂ ਦੀ ਅਗਵਾਈ ਵਾਲੇ ਵਿਕਾਸ ਲਈ ਇੱਕ ਮਹੱਤਵਪੂਰਨ ਤਕਨਾਲੋਜੀ-ਸੰਚਾਲਿਤ ਸਾਧਨ ਹੈ। ਇਸ ਦਾ ਮੰਤਵ ਨੌਜਵਾਨਾਂ ਨੂੰ ਉਨ੍ਹਾਂ ਦੀਆਂ ਇੱਛਾਵਾਂ ਨੂੰ ਪੂਰਾ ਕਰਨ ਅਤੇ "ਵਿਕਸਿਤ ਭਾਰਤ" ਦੇ ਨਿਰਮਾਣ ਵਿੱਚ ਯੋਗਦਾਨ ਪਾਉਣ ਲਈ ਬਰਾਬਰ ਮੌਕੇ ਪ੍ਰਦਾਨ ਕਰਨਾ ਹੈ। ਇਹ ਇੱਕ 'ਫਿਜੀਟਲ ਪਲੇਟਫਾਰਮ' (ਭੌਤਿਕ+ਡਿਜੀਟਲ) ਹੈ ਜਿਸ ਵਿੱਚ ਸਰੀਰਕ ਗਤੀਵਿਧੀ ਦੇ ਨਾਲ-ਨਾਲ ਡਿਜੀਟਲ ਰੂਪ ਵਿੱਚ ਸ਼ਾਮਲ ਹੋਣ ਦਾ ਮੌਕਾ ਵੀ ਸ਼ਾਮਲ ਹੈ।

************

ਪੀਪੀਜੀ/ਐੱਸਕੇ



(Release ID: 1992039) Visitor Counter : 64