ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਵਿਕਸਿਤ ਭਾਰਤ ਸੰਕਲਪ ਯਾਤਰਾ


ਆਈਈਸੀ ਵੈਨਾਂ ਨੂੰ ਦੇਸ਼ ਦੀ ਵੱਡੀ ਕਬਾਇਲੀ ਆਬਾਦੀ ਵਾਲੇ ਦੂਰ-ਦਰਾਜ ਇਲਾਕਿਆਂ ਤੋਂ ਰਵਾਨਾ ਕੀਤਾ ਗਿਆ

Posted On: 15 NOV 2023 4:57PM by PIB Chandigarh

ਕਬਾਇਲੀ ਨਾਇਕ ਬਿਰਸਾ ਮੁੰਡਾ ਦੀ ਜਯੰਤੀ ਦੇ ਦਿਨ, ਜਨਜਾਤੀਯ ਗੌਰਵ ਦਿਵਸ ਦੇ ਮੌਕੇ ‘ਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਝਾਰਖੰਡ ਦੇ ਖੂੰਟੀ ਜ਼ਿਲ੍ਹੇ ਤੋਂ ‘ਵਿਕਸਿਤ ਭਾਰਤ ਸੰਕਲਪ ਯਾਤਰਾ’ ਨੂੰ ਹਰੀ ਝੰਡੀ ਦਿਖਾਈ। ਸਰਕਾਰ ਦੇ ਪ੍ਰਮੁੱਖ ਕਲਿਆਣਕਾਰੀ ਪ੍ਰੋਗਰਾਮਾਂ ਦੇ ਸੰਦੇਸ਼ ਪ੍ਰਚਾਰਿਤ ਕਰਨ ਵਾਲੀਆਂ 5 ਵਿਸ਼ੇਸ਼ ਤੌਰ ‘ਤੇ ਡਿਜ਼ਾਈਨ ਕੀਤੀਆਂ ਗਈਆਂ ਆਈਈਸੀ (ਸੂਚਨਾ, ਸਿੱਖਿਆ ਅਤੇ ਸੰਚਾਰ) ਵੈਨਾਂ ਖੂੰਟੀ ਜ਼ਿਲ੍ਹੇ ਅਤੇ ਆਸਪਾਸ ਦੇ ਖੇਤਰਾਂ ਵਿੱਚ ਸਥਿਤ ਵੱਡੀ ਆਦਿਵਾਸੀ ਆਬਾਦੀ ਵਾਲੀਆਂ ਵਿਭਿੰਨ ਗ੍ਰਾਮ ਪੰਚਾਇਤਾਂ ਤੋਂ ਰਵਾਨਾ ਕੀਤੀਆਂ ਗਈਆਂ।

ਇਸੇ ਤਰ੍ਹਾਂ ਦੀਆਂ ਆਈਈਸੀ ਵੈਨਾਂ ਨੂੰ ਦੇਸ਼ ਭਰ ਦੇ ਵੱਡੇ ਆਦਿਵਾਸੀ ਆਬਾਦੀ ਵਾਲੇ 68 ਜ਼ਿਲ੍ਹਿਆਂ ਤੋਂ ਗਵਰਨਰਾਂ, ਮੁੱਖ ਮੰਤਰੀਆਂ, ਕੇਂਦਰੀ ਮੰਤਰੀਆਂ, ਰਾਜ ਮੰਤਰੀਆਂ ਜਿਹੇ ਮਹੱਤਵਪੂਰਨ ਪਤਵੰਤਿਆਂ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।

ਜੰਮੂ ਅਤੇ ਕਸ਼ਮੀਰ ਵਿੱਚ ਇਸ ਸੰਕਲਪ ਯਾਤਰਾ ਨੂੰ ਲੜੀਵਾਰ ਰਾਜੌਰੀ ਅਤੇ ਬਾਂਦੀਪੋਰਾ ਜ਼ਿਲ੍ਹਿਆਂ ਦੇ ਬੁੱਧਲ ਅਤੇ ਗੁਰੇਜ਼ (Budhal and Gurez) ਇਲਾਕਿਆਂ ਤੋਂ ਰਵਾਨਾ ਕੀਤਾ ਗਿਆ। ਸਮੁੰਦਰ ਤਲ ਤੋਂ 8,000 ਫੁੱਟ ਦੀ ਉਚਾਈ ‘ਤੇ ਠੰਡੀਆਂ ਹਵਾਵਾਂ ਦੇ ਦਰਮਿਆਨ ਸਥਾਨਕ ਲੋਕ, ਯੁਵਾ, ਪੰਚਾਇਤ ਰਾਜ ਸੰਸਥਾਨ ਅਤੇ ਸਰਕਾਰੀ ਅਧਿਕਾਰੀ ਇਸ ਸ਼ੁਰੂਆਤੀ ਪ੍ਰੋਗਰਾਮ ਵਿੱਚ ਸ਼ਾਮਲ ਹੋਏ। ਉਪ-ਰਾਜਪਾਲ  ਮਨੋਜ ਸਿਨ੍ਹਾ ਨੇ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਇਸ ਪ੍ਰੋਗਰਾਮ ਵਿੱਚ ਹਿੱਸਾ ਲਿਆ।

ਅਰੁਣਾਚਲ ਪ੍ਰਦੇਸ਼ ਦੇ ਗਵਰਨਰ ਲੈਫਟੀਨੈਂਟ ਜਨਰਲ ਕੇ.ਟੀ ਪਟਨਾਇਕ (ਸੇਵਾਮੁਕਤ) ਨੇ ਹੇਠਲੇ ਸੁਬਨਸਿਰੀ ਜ਼ਿਲ੍ਹੇ ਦੇ ਜ਼ਾਇਰੋ ਵਿੱਚ ਆਈਈਸੀ ਵੈਨਾਂ ਨੂੰ ਹਰੀ ਝੰਡੀ ਦਿਖਾਈ। ਇਸ ਰਸਮੀ ਸ਼ੁਰੂਆਤ ਸਮਾਰੋਹ ਵਿੱਚ ਪੀਐੱਮ ਸਵਨਿਧੀ, ਪੀਐੱਮ ਆਵਾਸ ਯੋਜਨਾ ਦੇ ਲਾਭਾਰਥੀਆਂ ਨੇ ਹਿੱਸਾ ਲਿਆ। ਇਹ ਆਈਈਸੀ ਵੈਨ ਹੇਠਲੇ ਸੁਬਨਸਿਰੀ, ਤਵਾਂਗ ਅਤੇ ਪੂਰਬੀ ਕਾਮੇਂਗ ਜ਼ਿਲ੍ਹਿਆਂ ਵਿੱਚ ਯਾਤਰਾ ਕਰਨਗੀਆਂ ਅਤੇ ਜ਼ਮੀਨੀ ਪੱਧਰ ‘ਤੇ ਸਰਕਾਰ ਦੀਆਂ ਭਲਾਈ ਯੋਜਨਾਵਾਂ ਦੇ ਬਾਰੇ ਜਨ ਜਾਗਰੂਕਤਾ ਫੈਲਾਉਣਗੀਆਂ। ਨਾਗਾਲੈਂਡ ਵਿੱਚ ਇਹ ਅਭਿਯਾਨ ਦੀਮਾਪੁਰ ਜ਼ਿਲ੍ਹੇ ਦੇ ਇੰਡੀਸੇਨ ਪਿੰਡ ਵਿੱਚ ਸ਼ੁਰੂ ਕੀਤਾ ਗਿਆ ਸੀ। ਨਾਲ ਲੱਗਦੇ ਅਸਾਮ ਵਿੱਚ ਬਕਸਾ, ਕੋਕਰਾਝਾਰ ਅਤੇ ਕਾਰਬੀ ਆਂਗਲੋਂਗ ਵਿੱਚ ਵਿਕਸਿਤ ਭਾਰਤ ਸੰਕਲਪ ਯਾਤਰਾ ਸ਼ੁਰੂ ਕੀਤੀ ਗਈ।

 

ਮਹਾਰਾਸ਼ਟਰ ਦੇ ਗਵਰਨਰ ਸ਼੍ਰੀ ਰਮੇਸ਼ ਬੈਂਸ ਅਤੇ ਮੁੱਖ ਮੰਤਰੀ ਸ਼੍ਰੀ ਏਕਨਾਥ ਸ਼ਿੰਦੇ ਕਬਾਇਲੀ ਜ਼ਿਲ੍ਹੇ ਨੰਦੁਰਬਾਰ ਵਿੱਚ ਇਸ ਸ਼ੁਰੂਆਤੀ ਪ੍ਰੋਗਰਾਮ ਵਿੱਚ ਸ਼ਾਮਲ ਹੋਏ। ਕੇਂਦਰੀ ਮੰਤਰੀ ਸ਼੍ਰੀ ਪੁਰਸ਼ੋਤਮ ਰੁਪਾਲਾ ਨੇ ਗੁਜਰਾਤ ਦੇ ਦਾਹੋਦ ਵਿੱਚ ਪ੍ਰੋਗਰਾਮ ਵਿੱਚ ਹਿੱਸਾ ਲਿਆ, ਜਦਕਿ ਰਾਜ ਦੇ ਮੁੱਖ ਮੰਤਰੀ ਸ਼੍ਰੀ ਭੂਪੇਂਦਰ ਪਟੇਲ ਨੇ ਅੰਬਾਜੀ ਵਿੱਚ ਵੈਨਾਂ ਨੂੰ ਹਰੀ ਝੰਡੀ ਦਿਖਾਈ। ਕੇਂਦਰੀ ਮੰਤਰੀ ਬਿਸ਼ਵੇਸ਼ਵਰ ਟੁਡੂ ਨੇ ਓਡੀਸ਼ਾ ਦੇ ਮਯੂਰਭੰਜ ਜ਼ਿਲ੍ਹੇ ਤੋਂ ਵਿਕਸਿਤ ਭਾਰਤ ਅਭਿਯਾਨ ਵੈਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।

ਆਂਧਰ ਪ੍ਰਦੇਸ਼ ਵਿੱਚ ਇਸ ਯਾਤਰਾ ਨੂੰ ਗਵਰਨਰ ਐੱਸ ਅਬਦੁੱਲ ਨਜ਼ੀਰ ਨੇ ਅੱਲੂਰੀ ਸੀਤਾਰਾਮ ਰਾਜੂ ਜ਼ਿਲ੍ਹੇ ਤੋਂ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਤਮਿਲਨਾਡੂ ਵਿੱਚ ਸੂਚਨਾ ਅਤੇ ਪ੍ਰਸਾਰਣ, ਪਸ਼ੂਪਾਲਣ ਅਤੇ ਮੱਛੀ ਪਾਲਣ ਰਾਜ ਮੰਤਰੀ ਡਾ. ਐੱਲ ਮੁਰੂਗਨ ਨੇ ਨੀਲਗਿਰੀ ਜ਼ਿਲ੍ਹੇ ਵਿੱਚ ਇਹ ਅਭਿਯਾਨ ਸ਼ੁਰੂ ਕੀਤਾ। ਕੇਰਲ ਦੇ ਗਵਰਨਰ ਸ਼੍ਰੀ ਆਰਿਫ ਮੋਹੰਮਦ ਖਾਨ ਨੇ ਪਲੱਕੜ ਜ਼ਿਲ੍ਹੇ ਦੇ ਅੱਟਾਪੜੀ ਵਿੱਚ ਅਭਿਯਾਨ ਸ਼ੁਰੂ ਕੀਤਾ। ਇਹ ਅਭਿਯਾਨ ਕੇਂਦਰ ਸ਼ਾਸਿਤ ਪ੍ਰਦੇਸ਼ ਲਕਸ਼ਦ੍ਵੀਪ ਦੇ ਕਰਾਵੱਤੀ ਦ੍ਵੀਪ ‘ਤੇ ਵੀ ਸ਼ੁਰੂ ਕੀਤਾ ਗਿਆ।

 

ਕਵਰ ਕੀਤੇ ਜਾਣ ਵਾਲੇ ਵਿਸ਼ੇ 

ਇਸ ਯਾਤਰਾ ਵਿੱਚ ਮੁੱਖ ਧਿਆਨ ਲੋਕਾਂ ਨਾਲ ਸੰਪਰਕ ਕਰਨ, ਉਨ੍ਹਾਂ ਵਿੱਚ ਜਾਗਰੂਕਤਾ ਪੈਦਾ ਕਰਨ ਅਤੇ ਉਨ੍ਹਾਂ ਨੂੰ ਸਵੱਛਤਾ ਸੁਵਿਧਾਵਾਂ, ਜ਼ਰੂਰੀ ਵਿੱਤੀ ਸੇਵਾਵਾਂ, ਬਿਜਲੀ ਕਨੈਕਸ਼ਨ, ਐੱਲਪੀਜੀ ਸਿਲੰਡਰ ਨੂੰ ਸੁਲਭ ਕਰਵਾਉਣ, ਗ਼ਰੀਬਾਂ ਲਈ ਆਵਾਸ, ਖੁਰਾਕ ਸੁੱਰਖਿਆ, ਉਚਿਤ ਪੋਸ਼ਣ, ਭਰੋਸੇਯੋਗ ਸਿਹਤ ਸੇਵਾਵਾਂ, ਸਵੱਛ ਪੇਯਜਲ ਆਦਿ ਜਿਹੀਆਂ ਕਲਿਆਣਕਾਰੀ ਯੋਜਨਾਵਾਂ ਦਾ ਲਾਭ ਪ੍ਰਦਾਨ ਕਰਨ ‘ਤੇ ਹੋਵੇਗਾ।

 

ਜਿਨ੍ਹਾਂ ਯੋਜਨਾਵਾਂ ਨੂੰ ਪ੍ਰਚਾਰਿਤ ਕੀਤਾ ਜਾਏਗਾ ਉਨ੍ਹਾਂ ਵਿੱਚ ਆਯੁਸ਼ਮਾਨ ਭਾਰਤ; ਪੀਏਜੇਏਵਾਈ ਪ੍ਰਧਾਨ ਮੰਤਰੀ ਬਾਲਿਕਾ ਕਲਿਆਣ ਅੰਨ ਯੋਜਨਾ; ਦੀਨਦਿਆਲ ਅੰਤਯੋਦਯ ਯੋਜਨਾ – ਰਾਸ਼ਟਰੀ ਗ੍ਰਾਮੀਣ ਆਜੀਵਿਕਾ ਮਿਸ਼ਨ ; ਪ੍ਰਧਾਨ ਮੰਤਰੀ ਆਵਾਸ ਯੋਜਨਾ (ਗ੍ਰਾਮੀਣ); ਪ੍ਰਧਾਨ ਮੰਤਰੀ ਉੱਜਵਲਾ ਯੋਜਨਾ; ਪ੍ਰਧਾਨ ਮੰਤਰੀ ਵਿਸ਼ਵਕਰਮਾ; ਪ੍ਰਧਾਨ ਮੰਤਰੀ ਕਿਸਾਨ ਸੰਮਾਨ; ਕਿਸਾਨ ਕ੍ਰੈਡਿਟ ਕਾਰਡ (ਕੇਸੀਸੀ); ਪ੍ਰਧਾਨ ਮੰਤਰੀ ਪੋਸ਼ਣ ਅਭਿਯਾਨ; ਹਰ ਘਰ ਜਲ –ਜਲ ਜੀਵਨ ਮਿਸ਼ਨ; ਪਿੰਡਾਂ ਦਾ ਸਰਵੇਖਣ ਅਤੇ ਗ੍ਰਾਮੀਣ ਖੇਤਰਾਂ ਵਿੱਚ ਉੱਨਤ ਟੈਕਨੋਲੋਜੀ ਦੇ ਨਾਲ ਮੈਪਿੰਗ (ਸਵਾਮੀਤਵ); ਜਨ ਧਨ ਯੋਜਨਾ; ਜੀਵਨ ਜਯੋਤੀ ਬੀਮਾ ਯੋਜਨਾ; ਸੁਰਕਸ਼ਾ ਬੀਮਾ ਯੋਜਨਾ; ਅਟਲ ਪੈਨਸ਼ਨ ਯੋਜਨਾ; ਪ੍ਰਧਾਨ ਮੰਤਰੀ; ਨੈਨੋ ਫਰਟੀਲਾਈਜ਼ਰ ਆਦਿ ਸ਼ਾਮਲ ਹਨ।

ਸਿੱਕਲ ਸੈੱਲ ਅਨੀਮੀਆ ਖ਼ਾਤਮਾ ਮਿਸ਼ਨ; ਏਕਲਵਯ ਮਾਡਲ ਰੈਜ਼ੀਡੈਂਸ਼ੀਅਲ ਸਕੂਲਾਂ ਵਿੱਚ ਨਾਮਾਂਕਨ; ਸਕਾਲਰਸ਼ਿਪ ਸਕੀਮਾਂ; ਵਣ ਅਧਿਕਾਰ ਸਵਾਮੀਤਵ: ਨਿਜੀ ਅਤੇ ਸਮੁਦਾਇਕ ਜ਼ਮੀਨ; ਵਨ ਧਨ ਵਿਕਾਸ ਕੇਂਦਰ: ਸਵੈ ਸਹਾਇਤਾ ਸਮੂਹਾਂ ਨੂੰ ਸੰਗਠਿਤ ਕਰਨ ਜਿਹੇ ਕਬਾਇਲੀ ਖੇਤਰਾਂ ਦੀਆਂ ਵਿਸ਼ੇਸ਼ ਚਿੰਤਾਵਾਂ (ਮੁਸ਼ਕਲਾਂ) ‘ਤੇ ਵੀ ਧਿਆਨ ਦਿੱਤਾ ਜਾ ਰਿਹਾ ਹੈ।

ਇਨ੍ਹਾਂ ਆਈਈਸੀ ਵੈਨਾਂ ਦੀ ਬ੍ਰਾਂਡਿੰਗ ਅਤੇ ਅਨੁਕੂਲਨ ਇਸ ਪ੍ਰਕਾਰ ਕੀਤੀ ਗਈ ਹੈ ਤਾਕਿ ਰਾਸ਼ਟਰੀ, ਰਾਜ ਅਤੇ ਜ਼ਿਲ੍ਹਾ ਪੱਧਰ ‘ਤੇ ਪ੍ਰਮੁੱਖ ਯੋਜਨਾਵਾਂ, ਵਿਸ਼ੇਸ਼ਤਾਵਾਂ ਅਤੇ ਉਪਲਬਧੀਆਂ ਨੂੰ ਪ੍ਰਦਰਸ਼ਿਤ ਕਰਨ ਵਾਲੀਆਂ ਹਿੰਦੀ ਅਤੇ ਰਾਜ ਭਾਸ਼ਾਵਾਂ ਦੀ ਫਲੈਗਸ਼ਿਪ ਸਟੈਂਡੀਜ਼, ਆਡੀਓ ਵਿਜ਼ੁਅਲ ਸਮੱਗਰੀ, ਬ੍ਰੋਸ਼ਰ, ਪੈਂਫਲੈੱਟ ਅਤੇ ਬੁੱਕਲੇਟ ਦੇ ਜ਼ਰੀਏ ਸੂਚਨਾ ਦਾ ਪ੍ਰਸਾਰ ਸੰਭਵ ਹੋ ਸਕੇ।

 

ਵਿਭਿੰਨ ਯੋਜਨਾਵਾਂ ਦੇ ਲਾਭਾਰਥੀਆਂ ਦੁਆਰਾ ਅਨੁਭਵ ਸਾਂਝਾ ਕਰਨ, ਪ੍ਰਗਤੀਸ਼ੀਲ ਕਿਸਾਨਾਂ ਦੇ ਨਾਲ ਗੱਲਬਾਤ, ਆਯੁਸ਼ਮਾਨ ਕਾਰਡ, ਜਲ ਜੀਵਨ ਮਿਸ਼ਨ, ਜਨ ਧਨ ਯੋਜਨਾ, ਪੀਐੱਮ ਕਿਸਾਨ ਸੰਮਾਨ ਨਿਧੀ ਯੋਜਨਾ, ਓਡੀਐੱਫ ਪਲੱਸ ਦੀ ਸਥਿਤੀ ਜਿਹੀਆਂ ਯੋਜਨਾਵਾਂ ਦੀ ਸੌ ਫੀਸਦੀ ਪਰਿਪੂਰਣਤਾ ਪ੍ਰਾਪਤ ਕਰਨ ਵਾਲੀਆਂ ਗ੍ਰਾਮ ਪੰਚਾਇਤਾਂ ਦੀਆਂ ਉਪਲਬਧੀਆਂ ਦਾ ਉਤਸਵ ਮਨਾਉਣ, ਆਯੋਜਨ ਸਥਲ ‘ਤੇ ਕੁਇਜ਼ ਕੰਪੀਟੀਸ਼ਨਜ਼, ਡ੍ਰੋਨ ਦਾ ਪ੍ਰਦਰਸ਼ਨ, ਹੈਲਥ ਕੈਂਪਸ, ਮੇਰਾ ਯੁਵਾ ਭਾਰਤ ਵਿੱਚ ਵਲੰਟੀਅਰ ਐਨਰੋਲਮੈਂਟ (ਨਾਮਾਂਕਨ) ਕਰਵਾਉਣ ਆਦਿ ਜਿਹੇ ਵਿਭਿੰਨ ਜਨ ਭਾਗੀਦਾਰੀ ਪ੍ਰੋਗਰਾਮ ਜ਼ਮੀਨੀ ਗਤੀਵਿਧੀਆਂ ਦਾ ਹਿੱਸਾ ਬਣਨਗੇ।

ਵਿਕਸਿਤ ਭਾਰਤ ਅਭਿਯਾਨ, ਜੋ ਕਿ ਹੁਣ ਤੱਕ ਦੀ ਸਭ ਤੋਂ ਵੱਡੀ ਸੰਪਰਕ (ਆਊਟਰੀਚ) ਪਹਿਲਾਂ ਵਿੱਚੋਂ ਇੱਕ ਹੈ, ਦਾ ਅੰਤ ਵਿੱਚ ਟੀਚਾ : 25 ਜਨਵਰੀ 2024 ਤੱਕ ਦੇਸ਼ ਦੇ ਹਰ ਜ਼ਿਲ੍ਹੇ ਤੋਂ ਗੁਜ਼ਰਦੇ ਹੋਏ 2.55 ਲੱਖ ਤੋਂ ਵੱਧ ਗ੍ਰਾਮ ਪੰਚਾਇਤਾਂ ਅਤੇ 3,600 ਤੋਂ ਵੱਧ ਅਰਬਨ ਲੋਕਲ ਬਾਡੀਜ਼ (ਸ਼ਹਿਰੀ ਸਥਾਨਕ ਸੰਸਥਾਵਾਂ) ਨੂੰ ਕਵਰ ਕਰਨਾ ਹੈ।

ਇਸ ਪੂਰੇ ਅਭਿਯਾਨ ਦੀ ਯੋਜਨਾ ਅਤੇ ਲਾਗੂਕਰਨ ਰਾਜ ਸਰਕਾਰਾਂ, ਜ਼ਿਲ੍ਹਾ ਅਧਿਕਾਰੀਆਂ, ਸ਼ਹਿਰੀ ਸਥਾਨਕ ਸੰਸਥਾਵਾਂ ਅਤੇ ਗ੍ਰਾਮ ਪੰਚਾਇਤਾਂ ਦੀ ਸਰਗਰਮ ਭਾਗੀਦਾਰੀ ਅਤੇ ਸ਼ਮੂਲੀਅਤ ਨਾਲ ‘ਸੰਪੂਰਨ ਸਰਕਾਰ’ ਦੇ ਦ੍ਰਿਸ਼ਟੀਕੋਣ ਨਾਲ ਕੀਤਾ ਜਾ ਰਿਹਾ ਹੈ। 

 

ਝਾਰਖੰਡ ਦੇ ਖੂੰਟੀ ਵਿੱਚ ਪ੍ਰਧਾਨ ਮੰਤਰੀ ਮੋਦੀ

 

ਝਾਰਖੰਡ ਦੇ ਖੂੰਟੀ ਵਿੱਚ ਆਈਈਸੀ ਵੈਨ

 

Image

ਵਿਕਸਿਤ ਭਾਰਤ ਸੰਕਲਪ ਯਾਤਰਾ ਦੀ ਆਈਈਸੀ ਵੈਨ

 

Image

ਜੰਮੂ ਅਤੇ ਕਸ਼ਮੀਰ ਦੇ ਗੁਰੇਜ਼ ਵਿੱਚ ਵਿਕਾਸ ਭਾਰਤ ਸੰਕਲਪ ਯਾਤਰਾ ਦੇ ਪ੍ਰਤੀਭਾਗੀ

 

Image

ਤੁਏਨਸਾਂਗ, ਨਾਗਾਲੈਂਡ ਵਿੱਚ ਅਭਿਯਾਨ ਦੀ ਸ਼ੁਰੂਆਤ

 

ਸ਼ਿਲੌਂਗ ਮੇਘਾਲਿਆ

******

ਸੌਰਭ ਸਿੰਘ 



(Release ID: 1977429) Visitor Counter : 115