ਸਹਿਕਾਰਤਾ ਮੰਤਰਾਲਾ

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਨਵੀਂ ਦਿੱਲੀ ਵਿੱਚ ਨੈਸ਼ਨਲ ਕੋਆਪਰੇਟਿਵ ਕੰਜ਼ਿਊਮਰਸ ਫੈਡਰੇਸ਼ਨ ਆਫ ਇੰਡੀਆ ਲਿਮਟਿਡ (ਐੱਨਸੀਸੀਐੱਫ) ਦੇ ਬੋਰਡ ਆਫ਼ ਡਾਇਰੈਕਟਰਜ਼ ਨੂੰ ਸੰਬੋਧਨ ਕੀਤਾ


ਐੱਨਸੀਸੀਐੱਫ ਨੂੰ ਸਾਲ 2027-28 ਤੱਕ 50 ਹਜ਼ਾਰ ਕਰੋੜ ਰੁਪਏ ਦਾ ਟਰਨਓਵਰ ਹਾਸਲ ਕਰਕੇ ਆਤਮ-ਨਿਰਭਰ ਬਣਨਾ ਚਾਹੀਦਾ ਹੈ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੇ 'ਸਹਿਕਾਰ ਨਾਲ ਸਮ੍ਰਿਧੀ' ਦੇ ਵਿਜ਼ਨ ਨੂੰ ਪੂਰਾ ਕਰਨ ਵਿੱਚ ਐੱਨਸੀਸੀਐੱਫ ਇੱਕ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ

ਪ੍ਰਧਾਨ ਮੰਤਰੀ ਮੋਦੀ ਦੀ ਦੂਰਅੰਦੇਸ਼ੀ ਅਗਵਾਈ ਹੇਠ, ਸਹਿਕਾਰਤਾ ਮੰਤਰਾਲੇ ਨੇ ਆਪਣੀ ਸ਼ੁਰੂਆਤ ਤੋਂ ਲੈ ਕੇ ਦੇਸ਼ ਵਿੱਚ ਸਹਿਕਾਰਤਾ ਲਹਿਰ ਨੂੰ ਮਜ਼ਬੂਤ ​​ਕਰਨ ਅਤੇ ਜੀਡੀਪੀ ਵਿੱਚ ਸਹਿਕਾਰੀ ਸਭਾਵਾਂ ਦੀ ਹਿੱਸੇਦਾਰੀ ਵਧਾਉਣ ਲਈ ਪਿਛਲੇ 26 ਮਹੀਨਿਆਂ ਵਿੱਚ 52 ਪਹਿਲਕਦਮੀਆਂ ਕੀਤੀਆਂ ਹਨ

ਐੱਨਸੀਸੀਐੱਫ ਨੂੰ ਦੇਸ਼ ਭਰ ਦੇ ਪੀਏਸੀਐੱਸ ਅਤੇ ਹੋਰ ਸਹਿਕਾਰੀ ਸੰਸਥਾਵਾਂ ਨੂੰ ਆਪਣਾ ਮੈਂਬਰ ਬਣਾਉਣ 'ਤੇ ਜ਼ੋਰ ਦੇਣਾ ਚਾਹੀਦਾ ਹੈ, ਇਸ ਲਈ ਐੱਨਸੀਸੀਐੱਫ ਨੂੰ ਆਪਣੀ ਕਾਰੋਬਾਰੀ ਯੋਜਨਾ ਵਿਕਸਿਤ ਕਰਨੀ ਪਵੇਗੀ ਅਤੇ ਵਪਾਰਕ ਪਹੁੰਚ ਨੂੰ ਬਦਲਣਾ ਹੋਵੇਗਾ

ਸਹਿਕਾਰਤਾ ਮੰਤਰੀ ਨੇ ਐੱਨਸੀਸੀਐੱਫ ਵੱਲੋਂ ਆਪਣੀਆਂ ਸਹਿਯੋਗੀ ਕੰਪਨੀਆਂ ਨਾਲ ਮਿਲ ਕੇ ਈਥਾਨੌਲ ਦੇ ਉਤਪਾਦਨ ਲਈ ਗੁਜਰਾਤ, ਬਿਹਾਰ ਅਤੇ ਹੋਰ ਰਾਜਾਂ ਦੇ ਕਿਸਾਨਾਂ ਤੋਂ ਮੱਕੀ ਦੀ ਖਰੀਦ ਨੂੰ ਯਕੀਨੀ ਬਣਾਉਣ 'ਤੇ ਵਿਸ਼ੇਸ਼ ਜ਼ੋਰ ਦਿੱਤਾ

ਐੱਨਸੀਸੀਐੱਫ ਵੱਲੋਂ ਕਿਸਾਨਾਂ ਤੋਂ ਦਾਲਾਂ ਦੀ ਖਰੀਦ ਕਰਕੇ ਨਿਰਯਾਤ ਦੇ ਮੌਕੇ ਲੱਭਣ ਅਤੇ ਘੱਟੋ-ਘੱਟ ਸਮਰਥਨ ਮੁੱਲ (ਐੱਮਐੱਸਪੀ) 'ਤੇ ਇਸ ਖਰੀਦ ਨੂੰ ਯਕੀਨੀ ਬਣਾਉਣ

Posted On: 20 OCT 2023 1:22PM by PIB Chandigarh

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਨਵੀਂ ਦਿੱਲੀ ਵਿੱਚ ਨੈਸ਼ਨਲ ਕੋਆਪਰੇਟਿਵ ਕੰਜ਼ਿਊਮਰਸ ਫੈਡਰੇਸ਼ਨ ਆਫ ਇੰਡੀਆ ਲਿਮਟਿਡ (ਐੱਨਸੀਸੀਐੱਫ) ਦੇ ਬੋਰਡ ਆਫ਼ ਡਾਇਰੈਕਟਰਜ਼ ਨੂੰ ਸੰਬੋਧਨ ਕੀਤਾ। ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਐੱਨਸੀਸੀਐੱਫ ਨੂੰ ਸਾਲ 2027-28 ਤੱਕ 50 ਹਜ਼ਾਰ ਕਰੋੜ ਰੁਪਏ ਦਾ ਟਰਨਓਵਰ ਹਾਸਲ ਕਰਕੇ ਆਤਮ ਨਿਰਭਰ ਬਣਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਐੱਨਸੀਸੀਐੱਫ ਨੂੰ ਦੇਸ਼ ਭਰ ਦੀਆਂ ਪ੍ਰਾਇਮਰੀ ਐਗਰੀਕਲਚਰਲ ਕ੍ਰੈਡਿਟ ਸੁਸਾਇਟੀਆਂ (ਪੀਏਸੀਐੱਸ) ਅਤੇ ਹੋਰ ਸਹਿਕਾਰੀ ਸੰਸਥਾਵਾਂ ਨੂੰ ਆਪਣੇ ਮੈਂਬਰ ਬਣਾਉਣ 'ਤੇ ਜ਼ੋਰ ਦੇਣਾ ਚਾਹੀਦਾ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਐੱਨਸੀਸੀਐੱਫ ਦੀ ਅੰਸ਼ ਪੂੰਜੀ ਵਿੱਚ ਸਹਿਕਾਰਤਾ ਦਾ ਅਨੁਪਾਤ ਮੁਕਾਬਲਤਨ ਵਧੇਰੇ ਹੋਵੇ। ਕੇਂਦਰੀ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਇਸ ਦੇ ਲਈ ਐੱਨਸੀਸੀਐੱਫ ਨੂੰ ਆਪਣੀ ਕਾਰੋਬਾਰੀ ਯੋਜਨਾ ਵਿਕਸਿਤ ਕਰਨੀ ਪਵੇਗੀ ਅਤੇ ਕਾਰੋਬਾਰੀ ਪਹੁੰਚ ਨੂੰ ਬਦਲਣਾ ਹੋਵੇਗਾ।

ਕੇਂਦਰੀ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਐੱਨਸੀਸੀਐੱਫ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੇ ‘ਸਹਿਕਾਰ ਨਾਲ ਸਮ੍ਰਿਧੀ’ ਦੇ ਵਿਜ਼ਨ ਨੂੰ ਪੂਰਾ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਦੂਰਅੰਦੇਸ਼ੀ ਅਗਵਾਈ ਹੇਠ ਆਪਣੀ ਸ਼ੁਰੂਆਤ ਤੋਂ ਲੈ ਕੇ ਸਹਿਕਾਰਤਾ ਮੰਤਰਾਲੇ ਨੇ ਦੇਸ਼ ਵਿੱਚ ਸਹਿਕਾਰਤਾ ਲਹਿਰ ਨੂੰ ਮਜ਼ਬੂਤ ​​ਕਰਨ ਅਤੇ ਜੀਡੀਪੀ ਵਿੱਚ ਸਹਿਕਾਰਤਾ ਦੀ ਹਿੱਸੇਦਾਰੀ ਵਧਾਉਣ ਲਈ ਪਿਛਲੇ 26 ਮਹੀਨਿਆਂ ਵਿੱਚ 52 ਪਹਿਲਕਦਮੀਆਂ ਕੀਤੀਆਂ ਹਨ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਐੱਨਸੀਸੀਐੱਫ ਨੂੰ ਇੱਕ ਆਤਮ ਨਿਰਭਰ ਸਹਿਕਾਰੀ ਸੰਸਥਾ ਬਣਨ ਲਈ ਅਗਲੇ 10 ਸਾਲਾਂ ਲਈ ਇੱਕ ਰੋਡਮੈਪ ਤਿਆਰ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਹਿਕਾਰਤਾ ਮੰਤਰਾਲਾ ਇਸ ਨੂੰ ਲਾਗੂ ਕਰਨ ਵਿੱਚ ਆਪਣਾ ਪੂਰਾ ਸਹਿਯੋਗ ਦੇ ਸਕਦਾ ਹੈ। ਕੇਂਦਰੀ ਸਹਿਕਾਰਤਾ ਮੰਤਰੀ ਨੇ ਐੱਨਸੀਸੀਐੱਫ ਵੱਲੋਂ ਆਪਣੀਆਂ ਸਹਿਯੋਗੀ ਕੰਪਨੀਆਂ ਦੇ ਨਾਲ ਈਥਾਨੌਲ ਦੇ ਉਤਪਾਦਨ ਲਈ ਗੁਜਰਾਤ, ਬਿਹਾਰ ਅਤੇ ਹੋਰ ਰਾਜਾਂ ਦੇ ਕਿਸਾਨਾਂ ਤੋਂ ਮੱਕੀ ਦੀ ਖਰੀਦ ਨੂੰ ਯਕੀਨੀ ਬਣਾਉਣ 'ਤੇ ਵਿਸ਼ੇਸ਼ ਜ਼ੋਰ ਦਿੱਤਾ।

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਜੇਕਰ ਐੱਨਸੀਸੀਐੱਫ ਅਤੇ ਨਾਫੈੱਡ ਚਾਹੁਣ ਤਾਂ ਉਹ ਸਹਿਕਾਰਤਾ ਮੰਤਰਾਲੇ ਦੀ ਮਦਦ ਨਾਲ ਰਾਸ਼ਟਰੀ ਸੂਚਨਾ ਵਿਗਿਆਨ ਕੇਂਦਰ (ਐੱਨਆਈਸੀ) ਤੋਂ ਡਿਜੀਟਲ ਪਲੇਟਫਾਰਮ 'ਤੇ ਤਿਆਰ ਕੀਤੀ ਆਪਣੀ ਸਾਂਝੀ ਐਪ ਤਿਆਰ ਕਰਵਾ ਸਕਦੇ ਹਨ ਅਤੇ ਇਸ ਸਾਂਝੀ ਐਪ ਰਾਹੀਂ ਮੱਕੀ ਦੀ ਤਾਲਮੇਲ ਨਾਲ ਖਰੀਦਦਾਰੀ ਕੀਤੀ ਜਾ ਸਕਦੀ ਹੈ। ਸ਼੍ਰੀ ਸ਼ਾਹ ਨੇ ਐੱਨਸੀਸੀਐੱਫ ਰਾਹੀਂ ਕਿਸਾਨਾਂ ਤੋਂ ਦਾਲਾਂ ਦੀ ਖਰੀਦ ਕਰਕੇ ਨਿਰਯਾਤ ਦੇ ਮੌਕੇ ਲੱਭਣ ਅਤੇ ਘੱਟੋ-ਘੱਟ ਸਮਰਥਨ ਮੁੱਲ (ਐੱਮਐੱਸਪੀ) 'ਤੇ ਇਸ ਖਰੀਦ ਨੂੰ ਯਕੀਨੀ ਬਣਾਉਣ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਤੇਜ਼ ਵਿਸਤਾਰ ਅਤੇ ਮੰਡੀਕਰਨ ਅਪਣਾਉਣ, ਕਿਸਾਨਾਂ ਨੂੰ ਅਗਾਊਂ ਭਰੋਸਾ ਦੇ ਕੇ ਖਰੀਦ ਕਰਨ ਅਤੇ ਸਾਂਝੇ ਉਗਰਾਹੀ ਕੇਂਦਰ ਸਥਾਪਤ ਕਰਨ 'ਤੇ ਵੀ ਜ਼ੋਰ ਦਿੱਤਾ।

ਸ਼੍ਰੀ ਅਮਿਤ ਸ਼ਾਹ ਨੇ ਆਪਣੇ ਸੰਬੋਧਨ ਵਿੱਚ ਇਹ ਵੀ ਕਿਹਾ ਕਿ ਐੱਨਸੀਸੀਐੱਫ ਪਿਆਜ਼ ਅਤੇ ਦਾਲਾਂ ਦੀ ਖਰੀਦ ਲਈ ਪੀਏਸੀਐੱਸ ਨਾਲ ਸਮਝੌਤਾ ਕਰ ਸਕਦਾ ਹੈ, ਤਾਂ ਜੋ ਸਹਿਕਾਰੀ ਖੇਤਰ ਵਿੱਚ ਦੁਨੀਆ ਦੀ ਸਭ ਤੋਂ ਵੱਡੀ ਭੰਡਾਰਨ ਯੋਜਨਾ ਦੇ ਤਹਿਤ ਇਸ ਦੇ ਭੰਡਾਰਨ ਦਾ ਪ੍ਰਬੰਧ ਕੀਤਾ ਜਾ ਸਕੇ। ਉਨ੍ਹਾਂ ਨੇ ਖੇਤੀਬਾੜੀ ਉਤਪਾਦਾਂ ਵਿੱਚ ਨਿਰਯਾਤ ਅਤੇ ਚੌਲਾਂ ਦੀ ਖਰੀਦ ਅਤੇ ਨੈਸ਼ਨਲ ਕੋਆਪਰੇਟਿਵ ਐਕਸਪੋਰਟ ਲਿਮਿਟਡ (ਐੱਨਈਸੀਐੱਲ) ਰਾਹੀਂ ਨਿਰਯਾਤ ਕਰਨ ਦੇ ਮੌਕਿਆਂ ਦੀ ਭਾਲ ਕਰਨ ਵੀ ਆਖਿਆ।

ਐੱਨਸੀਸੀਐੱਫ ਦੇ ਚੇਅਰਮੈਨ ਸ਼੍ਰੀ ਵਿਸ਼ਾਲ ਸਿੰਘ ਨੇ ਭਰੋਸਾ ਦਿਵਾਇਆ ਕਿ ਉਹ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਵੱਲੋਂ ਸੁਝਾਏ ਗਏ ਟੀਚਿਆਂ ਨੂੰ ਪੂਰਾ ਕਰਨਗੇ। ਬੋਰਡ ਆਫ਼ ਡਾਇਰੈਕਟਰਜ਼ ਦੀ ਬੈਠਕ ਵਿੱਚ ਸਹਿਕਾਰਤਾ ਮੰਤਰਾਲੇ ਦੇ ਸਕੱਤਰ ਸ਼੍ਰੀ ਗਿਆਨੇਸ਼ ਕੁਮਾਰ ਅਤੇ ਐੱਨਸੀਸੀਐੱਫ ਦੇ ਪ੍ਰਬੰਧਕੀ ਨਿਰਦੇਸ਼ਕ ਏਨਿਸ ਜੋਸੇਫ ਚੰਦਰ ਵੀ ਸ਼ਾਮਲ ਹੋਏ।

*****

ਆਰਕੇ/ਏਵਾਈ/ਏਐੱਸਐੱਚ/ਏਕੇਐੱਸ



(Release ID: 1969563) Visitor Counter : 70