ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਉੱਤਰਾਖੰਡ ਦੇ ਪਿਥੌਰਾਗੜ੍ਹ ਜ਼ਿਲ੍ਹੇ ਵਿੱਚ ਲਗਭਗ 4200 ਕਰੋੜ ਰੁਪਏ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਰਾਸ਼ਟਰ ਨੂੰ ਸਮਰਪਿਤ ਕੀਤੇ


"ਰਾਸ਼ਟਰੀ ਰੱਖਿਆ ਅਤੇ ਆਸਥਾ ਦੀ ਧਰਤੀ 'ਤੇ ਤੁਹਾਡੇ ਵਿੱਚ ਆ ਕੇ ਮੈਂ ਸੁਭਾਗਾ ਮਹਿਸੂਸ ਕਰ ਰਿਹਾ ਹਾਂ"

"ਉੱਤਰਾਖੰਡ ਦੀ ਪ੍ਰਗਤੀ ਅਤੇ ਇਸ ਦੇ ਨਾਗਰਿਕਾਂ ਦੀ ਭਲਾਈ ਸਾਡੀ ਸਰਕਾਰ ਦੇ ਮਿਸ਼ਨ ਦੇ ਮੂਲ ਵਿੱਚ ਹੈ"

"ਇਹ ਦਹਾਕਾ ਉੱਤਰਾਖੰਡ ਦਾ ਦਹਾਕਾ ਹੋਵੇਗਾ"

"ਉੱਤਰਾਖੰਡ ਦੇ ਹਰ ਪਿੰਡ ਵਿੱਚ ਹਨ ਦੇਸ਼ ਦੇ ਰਾਖੇ"

"ਸਾਡੀ ਕੋਸ਼ਿਸ਼ ਇਨ੍ਹਾਂ ਪਿੰਡਾਂ ਨੂੰ ਛੱਡ ਕੇ ਚਲੇ ਗਏ ਲੋਕਾਂ ਨੂੰ ਵਾਪਸ ਲਿਆਉਣਾ ਹੈ, ਅਸੀਂ ਇਨ੍ਹਾਂ ਪਿੰਡਾਂ ਵਿੱਚ ਟੂਰਿਜ਼ਮ ਵਧਾਉਣਾ ਚਾਹੁੰਦੇ ਹਾਂ"

"ਸਾਡੀ ਸਰਕਾਰ ਮਾਵਾਂ ਅਤੇ ਭੈਣਾਂ ਦੀ ਹਰ ਮੁਸ਼ਕਿਲ ਅਤੇ ਹਰ ਅਸੁਵਿਧਾ ਨੂੰ ਦੂਰ ਕਰਨ ਲਈ ਪ੍ਰਤੀਬੱਧ ਹੈ"

"ਉੱਤਰਾਖੰਡ ਵਿੱਚ ਟੂਰਿਜ਼ਮ ਅਤੇ ਤੀਰਥ ਯਾਤਰਾ ਦੇ ਵਿਕਾਸ ਲਈ ਡਬਲ ਇੰਜਣ ਵਾਲੀ ਸਰਕਾਰ ਦੀਆਂ ਕੋਸ਼ਿਸ਼ਾਂ ਹੁਣ ਰੰਗ ਲਿਆ ਰਹੀਆਂ ਹਨ"

"ਉੱਤਰਾਖੰਡ ਦੀ ਵਧਦੀ ਕਨੈਕਟੀਵਿਟੀ ਨਾਲ, ਰਾਜ ਦਾ ਵਿਕਾਸ ਨਵੀਆਂ ਉਚਾਈਆਂ ਨੂੰ ਛੂਹੇਗਾ"
"ਅੰਮ੍ਰਿਤ ਕਾਲ ਦੇਸ਼ ਦੇ ਹਰ ਖੇਤਰ ਅਤੇ ਹਰ ਵਰਗ ਨੂੰ ਸੁਵਿਧਾਵਾਂ, ਸਨਮਾਨ ਅਤੇ ਸਮ੍ਰਿੱਧੀ ਨਾਲ ਜੋੜਨ ਦਾ ਸਮਾਂ ਹੈ"

Posted On: 12 OCT 2023 4:58PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਉੱਤਰਾਖੰਡ ਦੇ ਪਿਥੌਰਾਗੜ੍ਹ ਜ਼ਿਲ੍ਹੇ ਵਿੱਚ ਗ੍ਰਾਮੀਣ ਵਿਕਾਸ, ਸੜਕਾਂ, ਬਿਜਲੀ, ਸਿੰਚਾਈ, ਪੀਣ ਵਾਲੇ ਪਾਣੀ, ਬਾਗ਼ਬਾਨੀ, ਸਿੱਖਿਆ, ਸਿਹਤ ਅਤੇ ਆਪਦਾ ਪ੍ਰਬੰਧਨ ਅਤੇ ਹੋਰ ਖੇਤਰਾਂ ਵਿੱਚ ਲਗਭਗ 4200 ਕਰੋੜ ਰੁਪਏ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਉਨ੍ਹਾਂ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ। 

ਸਭਾ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਉੱਤਰਾਖੰਡ ਦੇ ਲੋਕਾਂ ਦੇ ਬੇਮਿਸਾਲ ਪਿਆਰ, ਸਨੇਹ ਅਤੇ ਅਸ਼ੀਰਵਾਦ ਲਈ ਧੰਨਵਾਦ ਪ੍ਰਗਟ ਕੀਤਾ ਅਤੇ ਕਿਹਾ, "ਇਹ ਸਨੇਹ ਦੀ ਗੰਗਾ ਵਹਿਣ ਵਾਂਗ ਸੀ।" ਸ਼੍ਰੀ ਮੋਦੀ ਨੇ ਅਧਿਆਤਮ ਅਤੇ ਬਹਾਦਰੀ ਦੀ ਭੂਮੀ, ਖਾਸ ਕਰਕੇ ਸਾਹਸੀ ਮਾਤਾਵਾਂ ਨੂੰ ਨਮਨ ਕੀਤਾ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਬੈਦਯਾਨਾਥ ਧਾਮ ਵਿਖੇ ਜੈ ਬਦਰੀ ਵਿਸ਼ਾਲ ਦੇ ਉਧਘੋਸ਼ ਨਾਲ ਗੜ੍ਹਵਾਲ ਰਾਇਫਲਸ ਦੇ ਜਵਾਨਾਂ ਦੇ ਜੋਸ਼ ਅਤੇ ਉਤਸ਼ਾਹ ਵਧਦਾ ਹੈ ਅਤੇ ਗੰਗੋਲੀਹਾਟ ਦੇ ਕਾਲੀ ਮੰਦਿਰ ਦੀਆਂ ਘੰਟੀਆਂ ਦੀ ਧੁਨ ਕੁਮਾਉਂ ਰੈਜੀਮੈਂਟ ਦੇ ਜਵਾਨਾਂ ਵਿੱਚ ਨਵੇਂ ਸਾਹਸ ਦਾ ਸੰਚਾਰ ਕਰਦੀ ਹੈ। ਮਾਨਸਖੰਡ ਵਿੱਚ, ਪ੍ਰਧਾਨ ਮੰਤਰੀ ਨੇ ਬੈਦਯਾਨਾਥ, ਨੰਦਾ ਦੇਵੀ, ਪੂਰਨਗਿਰੀ, ਕਸਾਰਦੇਵੀ, ਕੈਂਚੀਧਾਮ, ਕਟਾਰਮਲ, ਨਾਨਕਮੱਤਾ, ਰੀਠਾ ਸਾਹਿਬ ਅਤੇ ਹੋਰ ਬਹੁਤ ਸਾਰੇ ਮੰਦਿਰਾਂ ਦਾ ਜ਼ਿਕਰ ਕੀਤਾ, ਜੋ ਇਸ ਭੂਮੀ ਦੀ ਸ਼ਾਨ ਅਤੇ ਵਿਰਾਸਤ ਨੂੰ ਦਰਸਾਉਂਦੇ ਹਨ। ਪ੍ਰਧਾਨ ਮੰਤਰੀ ਨੇ ਕਿਹਾ, "ਜਦੋਂ ਭੀ ਮੈਂ ਉੱਤਰਾਖੰਡ ਵਿੱਚ ਤੁਹਾਡੇ ਵਿਚਕਾਰ ਹੁੰਦਾ ਹਾਂ, ਮੈਂ ਹਮੇਸ਼ਾ ਆਪਣੇ ਆਪ ਨੂੰ ਸੁਭਾਗਾ ਸਮਝਦਾ ਹਾਂ।"

ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਪਾਰਵਤੀ ਕੁੰਡ ਵਿਖੇ ਪੂਜਾ ਅਰਚਨਾ ਕੀਤੀ ਅਤੇ ਦਰਸ਼ਨ ਕੀਤੇ। ਪ੍ਰਧਾਨ ਮੰਤਰੀ ਨੇ ਕਿਹਾ, "ਮੈਂ ਹਰ ਭਾਰਤੀ ਦੀ ਚੰਗੀ ਸਿਹਤ ਅਤੇ ਵਿਕਸਿਤ ਭਾਰਤ ਦੀ ਮਜ਼ਬੂਤੀ ਦਾ ਸੰਕਲਪ ਲੈਂਦੇ ਹੋਏ ਪ੍ਰਾਰਥਨਾ ਕੀਤੀ। ਮੈਂ ਅਸ਼ੀਰਵਾਦ ਮੰਗਿਆ ਕਿ ਉੱਤਰਾਖੰਡ ਦੇ ਲੋਕਾਂ ਦੀਆਂ ਸਾਰੀਆਂ ਆਸਾਂ ਪੂਰੀਆਂ ਹੋਣ।"

ਪ੍ਰਧਾਨ ਮੰਤਰੀ ਨੇ ਸੈਨਿਕਾਂ, ਕਲਾਕਾਰਾਂ ਅਤੇ ਸਵੈ-ਸਹਾਇਤਾ ਸਮੂਹਾਂ ਨਾਲ ਆਪਣੀਆਂ ਮੀਟਿੰਗਾਂ ਦਾ ਭੀ ਜ਼ਿਕਰ ਕੀਤਾ ਅਤੇ ਸੁਰੱਖਿਆ, ਸਮ੍ਰਿੱਧੀ ਅਤੇ ਸੰਸਕ੍ਰਿਤੀ ਦੇ ਥੰਮ੍ਹਾਂ ਦੇ ਮਿਲਣ 'ਤੇ ਖੁਸ਼ੀ ਪ੍ਰਗਟਾਈ। ਪ੍ਰਧਾਨ ਮੰਤਰੀ ਨੇ ਦੁਹਰਾਇਆ ਕਿ ਇਹ ਦਹਾਕਾ ਉੱਤਰਾਖੰਡ ਦਾ ਦਹਾਕਾ ਹੋਵੇਗਾ। ਉਨ੍ਹਾਂ ਨੇ ਕਿਹਾ, "ਸਾਡੀ ਸਰਕਾਰ ਉੱਤਰਾਖੰਡ ਦੇ ਲੋਕਾਂ ਦੀ ਪ੍ਰਗਤੀ ਅਤੇ ਜੀਵਨ ਸੁਖਾਲਾ ਬਣਾਉਣ ਲਈ ਪੂਰੀ ਲਗਨ ਅਤੇ ਸਮਰਪਣ ਨਾਲ ਕੰਮ ਕਰ ਰਹੀ ਹੈ।" ਪ੍ਰਧਾਨ ਮੰਤਰੀ ਨੇ ਉੱਤਰਾਖੰਡ ਨਾਲ ਆਪਣੀ ਲੰਬੀ ਸਾਂਝ ਅਤੇ ਨੇੜਤਾ ਨੂੰ ਯਾਦ ਕੀਤਾ। ਨਾਰੀ ਸ਼ਕਤੀ ਵੰਦਨ ਅਧਿਨਿਯਮ ਬਾਰੇ ਗੱਲ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਰਾਜ ਤੋਂ ਮਿਲੇ ਸਮਰਥਨ ਅਤੇ ਪ੍ਰਤੀਕਿਰਿਆ ਦਾ ਜ਼ਿਕਰ ਕੀਤਾ।

ਪ੍ਰਧਾਨ ਮੰਤਰੀ ਨੇ ਭਾਰਤ ਦੀ ਵਿਕਾਸ ਦੀ ਪ੍ਰਗਤੀ ਬਾਰੇ ਦੱਸਿਆ। ਉਨ੍ਹਾਂ ਨੇ ਕਿਹਾ, ''ਦੁਨੀਆ ਭਾਰਤ ਅਤੇ ਭਾਰਤੀਆਂ ਦੇ ਯੋਗਦਾਨ ਨੂੰ ਪਹਿਚਾਣ ਰਹੀ ਹੈ। ਅਤੀਤ ਦੀਆਂ ਨਿਰਾਸ਼ਾਵਾਂ ਨੂੰ ਯਾਦ ਕਰਦੇ ਹੋਏ, ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਚੁਣੌਤੀਆਂ ਦੇ ਦਰਮਿਆਨ ਵਿਸ਼ਵ ਪੱਧਰ 'ਤੇ ਭਾਰਤ ਦੀ ਮਜ਼ਬੂਤ ​​ਆਵਾਜ਼ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਜੀ20 ਦੀ ਪ੍ਰਧਾਨਗੀ ਅਤੇ ਸਮਿਟ ਦੇ ਆਯੋਜਨ ਲਈ ਭਾਰਤ ਦੀ ਵਿਸ਼ਵਵਿਆਪੀ ਪ੍ਰਸ਼ੰਸਾ ਦਾ ਜ਼ਿਕਰ ਕੀਤਾ। ਪ੍ਰਧਾਨ ਮੰਤਰੀ ਨੇ ਦੇਸ਼ ਦੀ ਸਫ਼ਲਤਾ ਦਾ ਕ੍ਰੈਡਿਟ ਲੋਕਾਂ ਨੂੰ ਦਿੱਤਾ ਕਿਉਂਕਿ ਉਨ੍ਹਾਂ ਨੇ ਲੰਬੇ ਵਕਫੇ ਤੋਂ ਬਾਅਦ ਕੇਂਦਰ ਵਿੱਚ ਇੱਕ ਸਥਿਰ ਅਤੇ ਮਜ਼ਬੂਤ ​​ਸਰਕਾਰ ਚੁਣੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ 140 ਕਰੋੜ ਭਾਰਤੀਆਂ ਦਾ ਭਰੋਸਾ ਅਤੇ ਵਿਸ਼ਵਾਸ ਹਾਸਲ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ 5 ਸਾਲਾਂ ਵਿੱਚ 13.5 ਕਰੋੜ ਤੋਂ ਵੱਧ ਭਾਰਤੀ ਗ਼ਰੀਬੀ ਦੇ ਕੁਚੱਕਰ ਵਿੱਚੋਂ ਬਾਹਰ ਆਏ ਹਨ। ਇਸ ਦਾ ਕ੍ਰੈਡਿਟ ਉਨ੍ਹਾਂ ਸਰਕਾਰ ਦੀ ਸਰਬ ਸੰਮਲਿਤ ਪਹੁੰਚ ਨੂੰ ਦਿੱਤਾ, ਜਿਸ ਤਹਿਤ ਦੂਰ-ਦਰਾਜ ਵਸਦੇ ਲੋਕਾਂ ਨੂੰ ਭੀ ਸਰਕਾਰੀ ਲਾਭ ਮਿਲਦਾ ਹੈ। ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ "ਦੁਨੀਆ ਹੈਰਾਨ ਹੈ" ਕਿਉਂਕਿ 13.5 ਕਰੋੜ ਲੋਕਾਂ ਵਿੱਚ ਉਹ ਭੀ ਸ਼ਾਮਲ ਹਨ, ਜੋ ਦੂਰ-ਦਰਾਜ ਅਤੇ ਪਹਾੜੀ ਖੇਤਰਾਂ ਵਿੱਚ ਰਹਿੰਦੇ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਹ 13.5 ਕਰੋੜ ਲੋਕ ਇਸ ਗੱਲ ਦੀ ਮਿਸਾਲ ਹਨ ਕਿ ਭਾਰਤ ਆਪਣੀ ਸਮਰੱਥਾ ਨਾਲ ਹੀ ਦੇਸ਼ ਵਿੱਚੋਂ ਗ਼ਰੀਬੀ ਨੂੰ ਖ਼ਤਮ ਕਰ ਸਕਦਾ ਹੈ।

ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਕਿਹਾ ਕਿ ਭਾਵੇਂ ਪਿਛਲੀਆਂ ਸਰਕਾਰਾਂ ਨੇ 'ਗ਼ਰੀਬੀ ਹਟਾਓ' ਦਾ ਨਾਅਰਾ ਦਿੱਤਾ ਸੀ, ਲੇਕਿਨ ਇਹ 'ਮੋਦੀ' ਹੈ, ਜੋ ਕਹਿੰਦਾ ਹੈ ਕਿ ਮਲਕੀਅਤ ਅਤੇ ਜ਼ਿੰਮੇਵਾਰੀ ਲੈ ਕੇ ਗ਼ਰੀਬੀ ਨੂੰ ਖ਼ਤਮ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਰਲ-ਮਿਲ ਕੇ ਗ਼ਰੀਬੀ ਦਾ ਖ਼ਾਤਮਾ ਕਰ ਸਕਦੇ ਹਾਂ। ਉਨ੍ਹਾਂ ਨੇ ਭਾਰਤ ਦੇ ਚੰਦਰਯਾਨ ਦਾ ਜ਼ਿਕਰ ਕੀਤਾ, ਜੋ ਚੰਦਰਮਾ ਦੇ ਦੱਖਣੀ ਧਰੁਵ 'ਤੇ ਸਫ਼ਲਤਾਪੂਰਵਕ ਉਤਰਿਆ ਅਤੇ ਅਜਿਹਾ ਕਾਰਨਾਮਾ ਕੀਤਾ ਜੋ ਹੁਣ ਤੱਕ ਕੋਈ ਭੀ ਦੇਸ਼ ਨਹੀਂ ਕਰ ਸਕਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ, "ਜਿਸ ਸਥਾਨ 'ਤੇ ਚੰਦਰਯਾਨ ਉਤਰਿਆ, ਉਸ ਦਾ ਨਾਂ ਸ਼ਿਵ ਸ਼ਕਤੀ ਰੱਖਿਆ ਗਿਆ ਹੈ ਅਤੇ ਇਸ ਤਰ੍ਹਾਂ ਉੱਤਰਾਖੰਡ ਦੀ ਪਹਿਚਾਣ ਹੁਣ ਚੰਦਰਮਾ 'ਤੇ ਭੀ ਮੌਜੂਦ ਹੈ।" ਉਨ੍ਹਾਂ ਨੇ ਕਿਹਾ ਕਿ ਉੱਤਰਾਖੰਡ ਵਿੱਚ ਹਰ ਕਦਮ 'ਤੇ ਸ਼ਿਵ ਸ਼ਕਤੀ ਯੋਗ ਦੇਖਣ ਨੂੰ ਮਿਲਦਾ ਹੈ।

ਪ੍ਰਧਾਨ ਮੰਤਰੀ ਨੇ ਭਾਰਤ ਦੀ ਖੇਡ ਸ਼ਕਤੀ ਨੂੰ ਰੇਖਾਂਕਿਤ ਕੀਤਾ ਅਤੇ ਦੇਸ਼ ਵਿੱਚ ਹੁਣ ਤੱਕ ਦੇ ਸਭ ਤੋਂ ਵਧੇਰੇ ਮੈਡਲਾਂ ਦੀ ਗਿਣਤੀ 'ਤੇ ਆਪਣੀ ਖੁਸ਼ੀ ਬਾਰੇ ਗੱਲ ਕੀਤੀ। ਭਾਰਤੀ ਦਲ ਵਿੱਚ ਉੱਤਰਾਖੰਡ ਦੇ 8 ਐਥਲੀਟ ਸ਼ਾਮਲ ਸਨ ਅਤੇ ਲਕਸ਼ਯ ਸੇਨ ਅਤੇ ਵੰਦਨਾ ਕਟਾਰੀਆ ਦੀਆਂ ਟੀਮਾਂ ਨੇ ਮੈਡਲ ਜਿੱਤੇ। ਪ੍ਰਧਾਨ ਮੰਤਰੀ ਦੇ ਸੱਦੇ 'ਤੇ ਦਰਸ਼ਕਾਂ ਨੇ ਆਪਣੇ ਮੋਬਾਈਲ ਫੋਨਾਂ ਦੀਆਂ ਫਲੈਸ਼ ਲਾਈਟਾਂ ਜਗਾ ਕੇ ਇਸ ਪ੍ਰਾਪਤੀ ਦਾ ਜਸ਼ਨ ਮਨਾਇਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਐਥਲੀਟਾਂ ਨੂੰ ਉਨ੍ਹਾਂ ਦੀ ਸਿਖਲਾਈ ਅਤੇ ਬੁਨਿਆਦੀ ਢਾਂਚੇ ਲਈ ਪੂਰਾ ਸਹਿਯੋਗ ਦੇ ਰਹੀ ਹੈ। ਅੱਜ ਹਲਦਵਾਨੀ ਵਿੱਚ ਹਾਕੀ ਗਰਾਊਂਡ ਅਤੇ ਰੁਦਰਪੁਰ ਵਿੱਚ ਵੇਲੋਡ੍ਰੋਮ ਦਾ ਨੀਂਹ ਪੱਥਰ ਰੱਖਿਆ ਗਿਆ। ਪ੍ਰਧਾਨ ਮੰਤਰੀ ਨੇ ਰਾਸ਼ਟਰੀ ਖੇਡਾਂ ਲਈ ਲਗਨ ਨਾਲ ਤਿਆਰੀ ਕਰਨ ਲਈ ਰਾਜ ਸਰਕਾਰ ਅਤੇ ਮੁੱਖ ਮੰਤਰੀ ਨੂੰ ਸ਼ੁਭਕਾਮਨਾਵਾਂ ਦਿੱਤੀਆਂ।

ਪ੍ਰਧਾਨ ਮੰਤਰੀ ਨੇ ਕਿਹਾ, "ਉੱਤਰਾਖੰਡ ਦੇ ਹਰ ਪਿੰਡ ਨੇ ਭਾਰਤ ਦੀਆਂ ਸਰਹੱਦਾਂ ਦੀ ਰਾਖੀ ਕਰਨ ਵਾਲੇ ਫੌਜੀ ਜਵਾਨਾਂ ਨੂੰ ਜਨਮ ਦਿੱਤਾ ਹੈ।" ਉਨ੍ਹਾਂ ਨੇ ਕਿਹਾ ਕਿ ਮੌਜੂਦਾ ਸਰਕਾਰ ਨੇ 'ਵੰਨ ਰੈਂਕ ਵੰਨ ਪੈਨਸ਼ਨ' ਦੀ ਉਨ੍ਹਾਂ ਦੀ ਦਹਾਕਿਆਂ ਪੁਰਾਣੀ ਮੰਗ ਨੂੰ ਪੂਰਾ ਕੀਤਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ‘ਵੰਨ ਰੈਂਕ ਵੰਨ ਪੈਨਸ਼ਨ’ ਸਕੀਮ ਤਹਿਤ ਹੁਣ ਤੱਕ ਸਾਬਕਾ ਸੈਨਿਕਾਂ ਨੂੰ 70,000 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਟ੍ਰਾਂਸਫਰ ਕੀਤੀ ਜਾ ਚੁੱਕੀ ਹੈ, ਜਿਸ ਨਾਲ ਸਾਬਕਾ ਸੈਨਿਕਾਂ ਦੇ 75,000 ਤੋਂ ਵੱਧ ਪਰਿਵਾਰਾਂ ਨੂੰ ਬਹੁਤ ਲਾਭ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਸਰਹੱਦੀ ਖੇਤਰਾਂ ਦਾ ਵਿਕਾਸ ਸਰਕਾਰ ਦੇ ਤਰਜੀਹੀ ਖੇਤਰਾਂ ਵਿੱਚੋਂ ਇੱਕ ਹੈ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਖੇਤਰਾਂ ਵਿੱਚ ਨਵੀਆਂ ਸੇਵਾਵਾਂ ਤੇਜ਼ੀ ਨਾਲ ਵਿਕਸਿਤ ਹੋ ਰਹੀਆਂ ਹਨ। ਪਿਛਲੀਆਂ ਸਰਕਾਰਾਂ ਦੌਰਾਨ ਸਰਹੱਦੀ ਖੇਤਰਾਂ ਵਿੱਚ ਵਿਕਾਸ ਦੀ ਘਾਟ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਲੈ ਕੇ ਗੁਆਂਢੀ ਦੇਸ਼ਾਂ ਦੁਆਰਾ ਜ਼ਮੀਨ ਹੜੱਪਣ ਦੇ ਡਰ ਬਾਰੇ ਗੱਲ ਕੀਤੀ। ਸਰਹੱਦੀ ਖੇਤਰਾਂ ਵਿੱਚ ਹੋ ਰਹੇ ਬੁਨਿਆਦੀ ਢਾਂਚੇ ਦੇ ਵਿਕਾਸ ਬਾਰੇ ਗੱਲ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ, "ਨਿਊ ਇੰਡੀਆ ਨਾ ਤਾਂ ਕਿਸੇ ਚੀਜ਼ ਤੋਂ ਡਰਦਾ ਹੈ ਅਤੇ ਨਾ ਹੀ ਇਹ ਦੂਸਰਿਆਂ ਵਿੱਚ ਡਰ ਪੈਦਾ ਕਰਦਾ ਹੈ।" ਉਨ੍ਹਾਂ ਨੇ ਕਿਹਾ ਕਿ ਪਿਛਲੇ 9 ਸਾਲਾਂ ਵਿੱਚ ਸਰਹੱਦੀ ਖੇਤਰਾਂ ਵਿੱਚ 4200 ਕਿਲੋਮੀਟਰ ਤੋਂ ਵੱਧ ਸੜਕਾਂ, 250 ਪੁਲ਼ ਅਤੇ 22 ਸੁਰੰਗਾਂ ਬਣਾਈਆਂ ਗਈਆਂ ਹਨ। ਅੱਜ ਦੇ ਪ੍ਰੋਜੈਕਟਾਂ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਰੇਲਵੇ ਨੂੰ ਸਰਹੱਦੀ ਖੇਤਰਾਂ ਤੱਕ ਵਧਾਉਣ ਦੀ ਯੋਜਨਾ 'ਤੇ ਕੰਮ ਚਲ ਰਿਹਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਜੀਵੰਤ ਗ੍ਰਾਮ ਯੋਜਨਾ ਨੇ ਦੇਸ਼ ਦੇ ਆਖਰੀ ਪਿੰਡਾਂ ਨੂੰ ਪਹਿਲੇ ਪਿੰਡਾਂ ਵਿੱਚ ਬਦਲ ਦਿੱਤਾ ਹੈ। ਪ੍ਰਧਾਨ ਮੰਤਰੀ ਨੇ ਕਿਹਾ, “ਸਾਡੀ ਕੋਸ਼ਿਸ਼ ਉਨ੍ਹਾਂ ਲੋਕਾਂ ਨੂੰ ਵਾਪਸ ਲਿਆਉਣ ਦੀ ਹੈ, ਜੋ ਇਨ੍ਹਾਂ ਪਿੰਡਾਂ ਨੂੰ ਛੱਡ ਚੁੱਕੇ ਹਨ। ਅਸੀਂ ਇਨ੍ਹਾਂ ਪਿੰਡਾਂ ਵਿੱਚ ਟੂਰਿਜ਼ਮ ਨੂੰ ਵਧਾਉਣਾ ਚਾਹੁੰਦੇ ਹਾਂ।” ਉਨ੍ਹਾਂ ਨੇ ਕਿਹਾ ਕਿ ਲੋਕਾਂ ਨੂੰ ਪਾਣੀ, ਦਵਾਈ, ਸੜਕਾਂ, ਸਿੱਖਿਆ ਅਤੇ ਇਲਾਜ ਸੁਵਿਧਾਵਾਂ ਪੱਖੋਂ ਪਿਛਲੀਆਂ ਗਲਤ ਨੀਤੀਆਂ ਕਾਰਨ ਘਰ ਛੱਡਣਾ ਪਿਆ ਹੈ। ਉਨ੍ਹਾਂ ਨੇ ਕਿਹਾ ਕਿ ਉੱਤਰਾਖੰਡ ਵਿੱਚ ਇਨ੍ਹਾਂ ਖੇਤਰਾਂ ਵਿੱਚ ਨਵੀਆਂ ਸੁਵਿਧਾਵਾਂ ਅਤੇ ਬੁਨਿਆਦੀ ਢਾਂਚੇ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸੜਕਾਂ, ਸਿੰਚਾਈ ਸੁਵਿਧਾਵਾਂ ਅਤੇ ਅੱਜ ਸ਼ੁਰੂ ਕੀਤੀ ਗਈ ਪੋਲੀਹਾਊਸ ਸਕੀਮ ਦਾ ਸੇਬ ਦੀ ਖੇਤੀ ਨੂੰ ਲਾਭ ਮਿਲੇਗਾ। ਇਨ੍ਹਾਂ ਪ੍ਰੋਜੈਕਟਾਂ 'ਤੇ 1100 ਕਰੋੜ ਰੁਪਏ ਖਰਚ ਕੀਤੇ ਜਾਣਗੇ। ਉਨ੍ਹਾਂ ਨੇ ਕਿਹਾ, “ਉੱਤਰਾਖੰਡ ਵਿੱਚ ਸਾਡੇ ਛੋਟੇ ਕਿਸਾਨਾਂ ਦੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਲਈ ਇੰਨਾ ਪੈਸਾ ਖਰਚ ਕੀਤਾ ਜਾ ਰਿਹਾ ਹੈ।” "ਪੀਐੱਮ ਕਿਸਾਨ ਸਨਮਾਨ ਨਿਧੀ ਦੇ ਤਹਿਤ, ਉੱਤਰਾਖੰਡ ਦੇ ਕਿਸਾਨਾਂ ਨੂੰ ਹੁਣ ਤੱਕ 2200 ਕਰੋੜ ਰੁਪਏ ਤੋਂ ਵੱਧ ਦੀ ਰਕਮ ਮਿਲੀ ਹੈ।"

ਪ੍ਰਧਾਨ ਮੰਤਰੀ ਨੇ ਉੱਤਰਾਖੰਡ ਵਿੱਚ ਕਈ ਪੀੜ੍ਹੀਆਂ ਤੋਂ ਉਗਾਏ ਜਾ ਰਹੇ ਸ਼੍ਰੀ ਅੰਨ ਦਾ ਜ਼ਿਕਰ ਕੀਤਾ ਅਤੇ ਇਸ ਦੇ ਮਹੱਤਵ ਨੂੰ ਵਿਸ਼ਵ ਭਰ ਵਿੱਚ ਫੈਲਾਉਣ ਲਈ ਸਰਕਾਰ ਦੇ ਪ੍ਰਯਤਨਾਂ 'ਤੇ ਚਾਨਣਾ ਪਾਇਆ। ਉਨ੍ਹਾਂ ਨੇ ਕਿਹਾ ਕਿ ਦੇਸ਼ ਭਰ ਵਿੱਚ ਇੱਕ ਮੁਹਿੰਮ ਸ਼ੁਰੂ ਕੀਤੀ ਗਈ ਹੈ, ਜਿਸ ਦਾ ਉੱਤਰਾਖੰਡ ਦੇ ਛੋਟੇ ਕਿਸਾਨਾਂ ਨੂੰ ਬਹੁਤ ਲਾਭ ਹੋਵੇਗਾ।

ਮਹਿਲਾਵਾਂ ਦੀ ਅਗਵਾਈ ਵਾਲੇ ਵਿਕਾਸ ਨੂੰ ਯਕੀਨੀ ਬਣਾਉਣ ਲਈ ਕਦਮਾਂ ਬਾਰੇ ਗੱਲ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ, “ਸਾਡੀ ਸਰਕਾਰ ਮਾਤਾਵਾਂ ਅਤੇ ਭੈਣਾਂ ਦੀ ਹਰ ਮੁਸ਼ਕਿਲ ਅਤੇ ਹਰ ਅਸੁਵਿਧਾ ਨੂੰ ਦੂਰ ਕਰਨ ਲਈ ਪ੍ਰਤੀਬੱਧ ਹੈ। ਇਸੇ ਲਈ ਸਾਡੀ ਸਰਕਾਰ ਨੇ ਗ਼ਰੀਬ ਭੈਣਾਂ ਨੂੰ ਪੱਕੇ ਮਕਾਨ ਦਿੱਤੇ। ਅਸੀਂ ਆਪਣੀਆਂ ਭੈਣਾਂ ਅਤੇ ਬੇਟੀਆਂ ਲਈ ਪਖਾਨੇ ਬਣਵਾਏ, ਉਨ੍ਹਾਂ ਨੂੰ ਗੈਸ ਕਨੈਕਸ਼ਨ ਦਿੱਤੇ, ਬੈਂਕ ਖਾਤੇ ਖੋਲ੍ਹੇ, ਮੁਫਤ ਇਲਾਜ ਅਤੇ ਮੁਫਤ ਰਾਸ਼ਨ ਦਾ ਪ੍ਰਬੰਧ ਕੀਤਾ। 'ਹਰ ਘਰ ਜਲ ਯੋਜਨਾ' ਦੇ ਤਹਿਤ ਉੱਤਰਾਖੰਡ ਦੇ 11 ਲੱਖ ਪਰਿਵਾਰਾਂ ਦੀਆਂ ਭੈਣਾਂ ਨੂੰ ਪਾਈਪ ਰਾਹੀਂ ਪਾਣੀ ਦੀ ਸੁਵਿਧਾ ਮਿਲੀ ਹੈ। ਉਨ੍ਹਾਂ ਨੇ ਮਹਿਲਾਵਾਂ ਦੇ ਸਵੈ-ਸਹਾਇਤਾ ਸਮੂਹਾਂ ਨੂੰ ਡਰੋਨ ਪ੍ਰਦਾਨ ਕਰਨ ਦੀ ਯੋਜਨਾ ਦਾ ਭੀ ਜ਼ਿਕਰ ਕੀਤਾ, ਜਿਸਦਾ ਐਲਾਨ ਉਨ੍ਹਾਂ ਨੇ ਲਾਲ ਕਿਲੇ ਦੀ ਫ਼ਸੀਲ ਤੋਂ ਕੀਤਾ ਸੀ। ਇਹ ਡਰੋਨ ਖੇਤੀ ਅਤੇ ਉਪਜ ਦੀ ਢੋਆ-ਢੁਆਈ ਵਿੱਚ ਵੀ ਮਦਦਗਾਰ ਸਾਬਤ ਹੋਣਗੇ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ, "ਮਹਿਲਾ ਸਵੈ-ਸਹਾਇਤਾ ਸਮੂਹਾਂ ਨੂੰ ਮੁਹੱਈਆ ਕਰਵਾਏ ਗਏ ਡ੍ਰੋਨ ਉੱਤਰਾਖੰਡ ਨੂੰ ਆਧੁਨਿਕਤਾ ਦੀਆਂ ਨਵੀਆਂ ਉਚਾਈਆਂ 'ਤੇ ਲੈ ਜਾਣਗੇ।"

ਪ੍ਰਧਾਨ ਮੰਤਰੀ ਨੇ ਕਿਹਾ, “ਉੱਤਰਾਖੰਡ ਵਿੱਚ ਹਰ ਪਿੰਡ ਵਿੱਚ ਗੰਗਾ ਅਤੇ ਗੰਗੋਤਰੀ ਹੈ। ਭਗਵਾਨ ਸ਼ਿਵ ਅਤੇ ਨੰਦਾ ਇੱਥੇ ਦੀਆਂ ਬਰਫ਼ ਦੀਆਂ ਚੋਟੀਆਂ 'ਤੇ ਨਿਵਾਸ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਉੱਤਰਾਖੰਡ ਦੇ ਮੇਲੇ, ਕੌਥਿਗ, ਥੌਲ, ਗੀਤ, ਸੰਗੀਤ ਅਤੇ ਖਾਣ-ਪੀਣ ਦੀ ਆਪਣੀ ਵਿਲੱਖਣ ਪਹਿਚਾਣ ਹੈ ਅਤੇ ਇਹ ਭੂਮੀ ਪਾਂਡਵ ਨਾਚ, ਛੋਲੀਆ ਨਾਚ, ਮਾਂਗਲ ਗੀਤ, ਫੂਲਦੇਈ, ਹਰੇਲਾ, ਬਗਵਾਲ ਅਤੇ ਰੰਮਾਣ ਜਿਹੇ ਸੱਭਿਆਚਾਰਕ ਪ੍ਰੋਗਰਾਮਾਂ ਨਾਲ ਸਮ੍ਰਿੱਧ ਹੈ। ਉਨ੍ਹਾਂ ਇਸ ਭੂਮੀ ਦੇ ਵੱਖ-ਵੱਖ ਪਕਵਾਨਾਂ ਬਾਰੇ ਵੀ ਗੱਲ ਕੀਤੀ ਅਤੇ ਅਰਸੇ, ਝੰਗੋਰੇ ਦੀ ਖੀਰ, ਕਾਫੁੱਲੀ, ਪਕੌੜੇ, ਰਾਇਤਾ, ਅਲਮੋੜਾ ਦੀ ਬਾਲ ਮਿਠਾਈ ਅਤੇ ਸਿੰਗੋਰੀ ਦਾ ਜ਼ਿਕਰ ਕੀਤਾ। ਪ੍ਰਧਾਨ ਮੰਤਰੀ ਨੇ ਕਾਲੀ ਗੰਗਾ ਦੀ ਭੂਮੀ ਅਤੇ ਚੰਪਾਵਤ ਸਥਿਤ ਅਦਵੈਤ ਆਸ਼ਰਮ ਨਾਲ ਆਪਣੇ ਜੀਵਨ ਭਰ ਦੇ ਸਬੰਧ ਨੂੰ ਵੀ ਯਾਦ ਕੀਤਾ। ਉਨ੍ਹਾਂ ਛੇਤੀ ਹੀ ਚੰਪਾਵਤ ਦੇ ਅਦਵੈਤ ਆਸ਼ਰਮ ਵਿੱਚ ਸਮਾਂ ਬਿਤਾਉਣ ਦੀ ਇੱਛਾ ਵੀ ਪ੍ਰਗਟਾਈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਉੱਤਰਾਖੰਡ ਵਿੱਚ ਟੂਰਿਜ਼ਮ ਅਤੇ ਤੀਰਥ ਯਾਤਰਾ ਦੇ ਵਿਕਾਸ ਨਾਲ ਜੁੜੇ ਡਬਲ ਇੰਜਣ ਲਈ ਸਰਕਾਰ ਦੀਆਂ ਕੋਸ਼ਿਸ਼ਾਂ ਹੁਣ ਰੰਗ ਲਿਆ ਰਹੀਆਂ ਹਨ। ਇਸ ਸਾਲ ਉੱਤਰਾਖੰਡ ਵਿੱਚ ਚਾਰਧਾਮ ਯਾਤਰਾ ਲਈ ਆਉਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਕਰੀਬ 50 ਲੱਖ ਹੋਣ ਵਾਲੀ ਹੈ। ਬਾਬਾ ਕੇਦਾਰ ਦੇ ਅਸ਼ੀਰਵਾਦ ਨਾਲ ਕੇਦਾਰਨਾਥ ਧਾਮ ਦੇ ਪੁਨਰ ਨਿਰਮਾਣ ਦਾ ਪਹਿਲਾ ਪੜਾਅ ਪੂਰਾ ਹੋ ਗਿਆ ਹੈ। ਸ਼੍ਰੀ ਬਦਰੀਨਾਥ ਧਾਮ ਵਿੱਚ ਵੀ ਕਰੋੜਾਂ ਰੁਪਏ ਦੀ ਲਾਗਤ ਨਾਲ ਕਈ ਕੰਮ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਕੇਦਾਰਨਾਥ ਧਾਮ ਅਤੇ ਹੇਮਕੁੰਟ ਸਾਹਿਬ ਵਿਖੇ ਰੋਪਵੇਅ ਦਾ ਕੰਮ ਪੂਰਾ ਹੋਣ ਤੋਂ ਬਾਅਦ ਪ੍ਰਦਾਨ ਹੋਣ ਵਾਲੀ ਸੁਵਿਧਾ ਦਾ ਜ਼ਿਕਰ ਕੀਤਾ। ਕੇਦਾਰਨਾਥ ਅਤੇ ਮਾਨਸਖੰਡ ਵਿਚਕਾਰ ਸੰਪਰਕ 'ਤੇ ਦਿੱਤੇ ਗਏ ਧਿਆਨ ਨੂੰ ਰੇਖਾਂਕਿਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਸ਼ੁਰੂ ਕੀਤਾ ਗਿਆ ਮਾਨਸਖੰਡ ਮੰਦਿਰ ਮਾਲਾ ਮਿਸ਼ਨ ਕੁਮਾਉਂ ਖੇਤਰ ਦੇ ਕਈ ਮੰਦਿਰਾਂ ਤੱਕ ਪਹੁੰਚ ਨੂੰ ਅਸਾਨ ਬਣਾਵੇਗਾ ਅਤੇ ਸ਼ਰਧਾਲੂਆਂ ਨੂੰ ਇਨ੍ਹਾਂ ਮੰਦਿਰਾਂ ਦੇ ਦਰਸ਼ਨ ਕਰਨ ਲਈ ਉਤਸ਼ਾਹਿਤ ਕਰੇਗਾ।

ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਉੱਤਰਾਖੰਡ ਦੀ ਵਧਦੀ ਕਨੈਕਟੀਵਿਟੀ ਰਾਜ ਦੇ ਵਿਕਾਸ ਨੂੰ ਨਵੀਆਂ ਉਚਾਈਆਂ 'ਤੇ ਲੈ ਕੇ ਜਾ ਰਹੀ ਹੈ। ਉਨ੍ਹਾਂ ਨੇ ਚਾਰਧਾਮ ਮੈਗਾ ਪ੍ਰੋਜੈਕਟ ਅਤੇ ਸਰਬ-ਮੌਸਮ ਸੜਕ ਦੇ ਨਾਲ-ਨਾਲ ਰਿਸ਼ੀਕੇਸ਼-ਕਰਨਪ੍ਰਯਾਗ ਰੇਲ ​​ਪ੍ਰੋਜੈਕਟ ਦਾ ਭੀ ਜ਼ਿਕਰ ਕੀਤਾ। ਉਡਾਨ ਸਕੀਮ ਬਾਰੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਘੱਟ ਲਾਗਤ ਵਾਲੀਆਂ ਹਵਾਈ ਸੇਵਾਵਾਂ ਦਾ ਵੀ ਪੂਰੇ ਖੇਤਰ ਵਿੱਚ ਵਿਸਤਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਬਾਗੇਸ਼ਵਰ ਤੋਂ ਕਨਾਲੀਛੀਨਾ, ਗੰਗੋਲੀਹਾਟ ਤੋਂ ਅਲਮੋੜਾ ਅਤੇ ਟਨਕਪੁਰ ਘਾਟ ਤੋਂ ਪਿਥੌਰਾਗੜ੍ਹ ਤੱਕ ਦੀਆਂ ਸੜਕਾਂ ਸਮੇਤ ਅੱਜ ਸ਼ੁਰੂ ਕੀਤੇ ਪ੍ਰੋਜੈਕਟਾਂ ਦਾ ਵੀ ਜ਼ਿਕਰ ਕੀਤਾ ਅਤੇ ਕਿਹਾ ਕਿ ਇਨ੍ਹਾਂ ਨਾਲ ਨਾ ਸਿਰਫ਼ ਆਮ ਲੋਕਾਂ ਨੂੰ ਸੁਵਿਧਾ ਮਿਲੇਗੀ, ਬਲਕਿ ਟੂਰਿਜ਼ਮ ਤੋਂ ਆਮਦਨ ਦੇ ਮੌਕੇ ਭੀ ਵਧਣਗੇ। ਟੂਰਿਜ਼ਮ ਖੇਤਰ ਨੂੰ ਸਭ ਤੋਂ ਬੜਾ ਰੋਜ਼ਗਾਰ ਪੈਦਾ ਕਰਨ ਵਾਲਾ ਦੱਸਦੇ ਹੋਏ, ਸ਼੍ਰੀ ਮੋਦੀ ਨੇ ਸਰਕਾਰ ਦੁਆਰਾ ਹੋਮਸਟੇਅ ਨੂੰ ਉਤਸ਼ਾਹਿਤ ਕਰਨ 'ਤੇ ਖੁਸ਼ੀ ਪ੍ਰਗਟਾਈ। ਉਨ੍ਹਾਂ ਨੇ ਕਿਹਾ, “ਆਉਣ ਵਾਲੇ ਸਮੇਂ ਵਿੱਚ ਟੂਰਿਜ਼ਮ ਖੇਤਰ ਦਾ ਕਾਫੀ ਵਿਸਤਾਰ ਹੋਣ ਵਾਲਾ ਹੈ। ਕਿਉਂਕਿ ਅੱਜ ਪੂਰੀ ਦੁਨੀਆ ਭਾਰਤ ਆਉਣਾ ਚਾਹੁੰਦੀ ਹੈ। ਅਤੇ ਜੋ ਵੀ ਭਾਰਤ ਨੂੰ ਦੇਖਣਾ ਚਾਹੁੰਦਾ ਹੈ, ਉਹ ਯਕੀਨੀ ਤੌਰ 'ਤੇ ਉੱਤਰਾਖੰਡ ਆਉਣਾ ਚਾਹੇਗਾ।

ਉੱਤਰਾਖੰਡ ਦੀ ਆਪਦਾ-ਸੰਭਾਵੀ ਪ੍ਰਕਿਰਤੀ ਨੂੰ ਸਵੀਕਾਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਆਉਣ ਵਾਲੇ 4-5 ਸਾਲਾਂ ਵਿੱਚ ਕੁਦਰਤੀ ਆਫ਼ਤਾਂ ਦੀ ਤਿਆਰੀ ਲਈ ਵੱਖ-ਵੱਖ ਪ੍ਰੋਜੈਕਟਾਂ 'ਤੇ 4000 ਕਰੋੜ ਰੁਪਏ ਖਰਚ ਕੀਤੇ ਜਾਣਗੇ। ਉਨ੍ਹਾਂ ਨੇ ਕਿਹਾ, 'ਉੱਤਰਾਖੰਡ 'ਚ ਅਜਿਹੀਆਂ ਸੁਵਿਧਾਵਾਂ ਬਣਾਈਆਂ ਜਾਣਗੀਆਂ ਤਾਂ ਕਿ ਆਪਦਾ ਦੀ ਸਥਿਤੀ 'ਚ ਰਾਹਤ ਅਤੇ ਬਚਾਅ ਕਾਰਜ ਤੇਜ਼ੀ ਨਾਲ ਕੀਤੇ ਜਾ ਸਕਣ।'

ਆਪਣੇ ਸੰਬੋਧਨ ਦੀ ਸਮਾਪਤੀ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਭਾਰਤ ਦਾ ਅੰਮ੍ਰਿਤ ਕਾਲ ਹੈ। ਉਨ੍ਹਾਂ ਨੇ ਕਿਹਾ, "ਇਹ ਸਮਾਂ ਦੇਸ਼ ਦੇ ਹਰ ਖੇਤਰ ਅਤੇ ਹਰ ਵਰਗ ਨੂੰ ਸੁਵਿਧਾਵਾਂ, ਸਨਮਾਨ ਅਤੇ ਸਮ੍ਰਿੱਧੀ ਨਾਲ ਜੋੜਨ ਦਾ ਹੈ।" ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਬਾਬਾ ਕੇਦਾਰ ਅਤੇ ਬਦਰੀ ਵਿਸ਼ਾਲ ਦੇ ਅਸ਼ੀਰਵਾਦ ਨਾਲ ਦੇਸ਼ ਆਪਣੇ ਸੰਕਲਪਾਂ ਨੂੰ ਜਲਦੀ ਪੂਰਾ ਕਰ ਸਕੇਗਾ।

ਇਸ ਮੌਕੇ ਉੱਤਰਾਖੰਡ ਦੇ ਮੁੱਖ ਮੰਤਰੀ ਸ਼੍ਰੀ ਪੁਸ਼ਕਰ ਸਿੰਘ ਧਾਮੀ ਅਤੇ ਉੱਤਰਾਖੰਡ ਸਰਕਾਰ ਦੇ ਹੋਰ ਮੰਤਰੀ ਮੌਜੂਦ ਸਨ।

ਪਿਛੋਕੜ

ਪ੍ਰਧਾਨ ਮੰਤਰੀ ਦੁਆਰਾ ਉਦਘਾਟਨ ਕੀਤੇ ਗਏ ਅਤੇ ਰਾਸ਼ਟਰ ਨੂੰ ਸਮਰਪਿਤ ਕੀਤੇ ਗਏ ਪ੍ਰੋਜੈਕਟਾਂ ਵਿੱਚ ਪੀਐੱਮਜੀਐੱਸਵਾਈ ਦੇ ਤਹਿਤ ਗ੍ਰਾਮੀਣ ਖੇਤਰਾਂ ਵਿੱਚ 76 ਗ੍ਰਾਮੀਣ ਸੜਕਾਂ ਅਤੇ 25 ਪੁਲ਼; 9 ਜ਼ਿਲ੍ਹਿਆਂ ਵਿੱਚ ਬੀਡੀਓ ਦਫ਼ਤਰਾਂ ਦੀਆਂ 15 ਇਮਾਰਤਾਂ; ਕੇਂਦਰੀ ਸੜਕ ਫੰਡ ਦੇ ਤਹਿਤ ਬਣਾਈਆਂ ਗਈਆਂ ਤਿੰਨ ਸੜਕਾਂ ਜਿਵੇਂ ਕਿ ਕੌਸਾਨੀ ਬਾਗੇਸ਼ਵਰ ਰੋਡ, ਧਾਰੀ-ਦੌਬਾ-ਗਿਰਛੀਨਾ ਰੋਡ ਅਤੇ ਨਗਲਾ-ਕਿਛਾ ਰੋਡ ਦਾ ਨਵੀਨੀਕਰਣ; ਰਾਸ਼ਟਰੀ ਰਾਜਮਾਰਗ 'ਤੇ ਦੋ ਸੜਕਾਂ ਜਿਵੇਂ ਕਿ ਅਲਮੋੜਾ ਪੇਟਸ਼ਾਲ-ਪਨੁਵਾਨੌਲਾ-ਦਨੀਆ (ਐੱਨਐੱਚ 309ਬੀ) ਅਤੇ ਟਨਕਪੁਰ-ਚਲਥੀ (ਐੱਨਐੱਚ 125) ਨੂੰ ਅੱਪਗ੍ਰੇਡ ਕਰਨਾ; ਪੀਣ ਵਾਲੇ ਪਾਣੀ ਨਾਲ ਸਬੰਧਿਤ ਤਿੰਨ ਪ੍ਰੋਜੈਕਟ ਜਿਵੇਂ ਕਿ 38 ਪੰਪਿੰਗ ਪੀਣ ਯੋਗ ਪਾਣੀ ਦੀਆਂ ਸਕੀਮਾਂ, 419 ਗੁਰਤਾ ਬਲ ਅਧਾਰਿਤ ਜਲ ਸਪਲਾਈ ਸਕੀਮਾਂ ਅਤੇ ਤਿੰਨ ਟਿਊਬਵੈਲ ਅਧਾਰਿਤ ਜਲ ਸਪਲਾਈ ਸਕੀਮਾਂ; ਪਿਥੌਰਾਗੜ੍ਹ ਵਿੱਚ ਥਰਕੋਟ ਮਸਨੂਈ ਝੀਲ; 132 ਕੇਵੀ ਪਿਥੌਰਾਗੜ੍ਹ-ਲੋਹਾਘਾਟ (ਚੰਪਾਵਤ) ਪਾਵਰ ਟਰਾਂਸਮਿਸ਼ਨ ਲਾਈਨ; ਉੱਤਰਾਖੰਡ ਵਿੱਚ 39 ਪੁਲ਼ ਅਤੇ ਉੱਤਰਾਖੰਡ ਰਾਜ ਆਪਦਾ ਪ੍ਰਬੰਧਨ ਅਥਾਰਿਟੀ (ਯੂਐੱਸਡੀਐੱਮਏ) ਦੀ ਇਮਾਰਤ ਸ਼ਾਮਲ ਹੈ, ਜੋ ਵਿਸ਼ਵ ਬੈਂਕ ਦੁਆਰਾ ਫੰਡ ਕੀਤੇ ਉੱਤਰਾਖੰਡ ਡਿਜ਼ਾਸਟਰ ਰਿਕਵਰੀ ਪ੍ਰੋਜੈਕਟ ਦੇ ਤਹਿਤ ਦੇਹਰਾਦੂਨ ਵਿੱਚ ਬਣੀ ਹੈ।

ਜਿਨ੍ਹਾਂ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਗਿਆ ਸੀ, ਉਨ੍ਹਾਂ ਵਿੱਚ 21,398 ਪੌਲੀ-ਹਾਊਸਾਂ ਦੇ ਨਿਰਮਾਣ ਦੀ ਯੋਜਨਾ, ਜੋ ਫੁੱਲਾਂ ਅਤੇ ਸਬਜ਼ੀਆਂ ਦੇ ਉਤਪਾਦਨ ਨੂੰ ਵਧਾਉਣ ਅਤੇ ਉਨ੍ਹਾਂ ਦੀ ਗੁਣਵੱਤਾ ਵਿੱਚ ਸੁਧਾਰ ਕਰਨ ਵਿੱਚ ਮਦਦ ਕਰੇਗੀ; ਉੱਚ ਘਣਤਾ ਵਾਲੇ ਸੇਬ ਦੇ ਬਾਗਾਂ ਦੀ ਕਾਸ਼ਤ ਲਈ ਇੱਕ ਸਕੀਮ; ਰਾਸ਼ਟਰੀ ਰਾਜਮਾਰਗ (ਐੱਨਐੱਚ) ਦੇ ਨਵੀਨੀਕਰਨ ਲਈ ਪੰਜ ਪ੍ਰੋਜੈਕਟ; ਰਾਜ ਵਿੱਚ ਆਪਦਾ ਦੀ ਤਿਆਰੀ ਅਤੇ ਮਜ਼ਬੂਤੀ ਲਈ ਕਈ ਕਦਮ ਉਠਾਏ ਗਏ ਹਨ ਜਿਵੇਂ ਕਿ ਪੁਲਾਂ ਦਾ ਨਿਰਮਾਣ, ਦੇਹਰਾਦੂਨ ਵਿਖੇ ਸਟੇਟ ਐਮਰਜੈਂਸੀ ਆਪ੍ਰੇਸ਼ਨ ਸੈਂਟਰ ਨੂੰ ਅਪਗ੍ਰੇਡ ਕਰਨਾ, ਬਲੀਨਾਲਾ ਅਤੇ ਨੈਨੀਤਾਲ ਵਿੱਚ ਜ਼ਮੀਨ ਖਿਸਕਣ ਦੀ ਰੋਕਥਾਮ ਲਈ ਕਦਮ ਅਤੇ ਅੱਗ, ਸਿਹਤ ਅਤੇ ਜੰਗਲ ਨਾਲ ਸਬੰਧਿਤ ਹੋਰ ਬੁਨਿਆਦੀ ਢਾਂਚੇ ਵਿੱਚ ਸੁਧਾਰ; ਰਾਜ ਭਰ ਦੇ 20 ਮਾਡਲ ਡਿਗਰੀ ਕਾਲਜਾਂ ਵਿੱਚ ਹੋਸਟਲਾਂ ਅਤੇ ਕੰਪਿਊਟਰ ਲੈਬਾਂ ਦਾ ਵਿਕਾਸ; ਸੋਮੇਸ਼ਵਰ, ਅਲਮੋੜਾ ਵਿਖੇ 100 ਬਿਸਤਰਿਆਂ ਵਾਲਾ ਉਪ-ਜ਼ਿਲ੍ਹਾ ਹਸਪਤਾਲ; ਚੰਪਾਵਤ ਵਿੱਚ 50 ਬਿਸਤਰਿਆਂ ਵਾਲਾ ਹਸਪਤਾਲ ਬਲਾਕ; ਨੈਨੀਤਾਲ ਦੇ ਹਲਦਵਾਨੀ ਸਟੇਡੀਅਮ ਵਿੱਚ ਐਸਟ੍ਰੋਟਰਫ ਹਾਕੀ ਮੈਦਾਨ; ਰੁਦਰਪੁਰ ਵਿੱਚ ਵੇਲੋਡ੍ਰੋਮ ਸਟੇਡੀਅਮ; ਜਗੇਸ਼ਵਰ ਧਾਮ (ਅਲਮੋੜਾ), ਹਾਟ ਕਾਲਿਕਾ (ਪਿਥੌਰਾਗੜ੍ਹ) ਅਤੇ ਨੈਨਾ ਦੇਵੀ (ਨੈਨੀਤਾਲ) ਮੰਦਿਰਾਂ ਸਮੇਤ ਵੱਖ-ਵੱਖ ਮੰਦਿਰਾਂ ਵਿੱਚ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਮਾਨਸਖੰਡ ਮੰਦਿਰ ਮਾਲਾ ਮਿਸ਼ਨ ਯੋਜਨਾ  ਸ਼ਾਮਲ ਹੈ।

https://youtu.be/MkjFiU5j_eg 

 

***** 


ਡੀਐੱਸ/ਟੀਐੱਸ


(Release ID: 1967512) Visitor Counter : 95