ਮੰਤਰੀ ਮੰਡਲ ਸਕੱਤਰੇਤ
ਰਾਸ਼ਟਰੀ ਸੰਕਟ ਪ੍ਰਬੰਧਨ ਕਮੇਟੀ (ਐੱਨਸੀਐੱਮਸੀ) ਨੇ ਸਿੱਕਿਮ ਵਿੱਚ ਸਥਿਤੀ ਦੀ ਸਮੀਖਿਆ ਕੀਤੀ
Posted On:
09 OCT 2023 4:05PM by PIB Chandigarh
ਕੈਬਨਿਟ ਸਕੱਤਰ ਸ਼੍ਰੀ ਰਾਜੀਵ ਗਾਬਾ ਦੀ ਪ੍ਰਧਾਨਗੀ ਹੇਠ ਰਾਸ਼ਟਰੀ ਸੰਕਟ ਪ੍ਰਬੰਧਨ ਕਮੇਟੀ (ਐੱਨਸੀਐੱਮਸੀ) ਨੇ ਅੱਜ ਬੈਠਕ ਕੀਤੀ ਅਤੇ ਸਿੱਕਿਮ ਦੀ ਸਥਿਤੀ ਦੀ ਸਮੀਖਿਆ ਕੀਤੀ।
ਸਿੱਕਿਮ ਦੇ ਮੁੱਖ ਸਕੱਤਰ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਮੀਟਿੰਗ ਵਿੱਚ ਸ਼ਾਮਲ ਹੋਏ। ਉਨ੍ਹਾਂ ਦੱਸਿਆ ਕਿ ਜ਼ਿਆਦਾਤਰ ਖੇਤਰਾਂ ਵਿੱਚ ਸੜਕੀ ਸੰਪਰਕ ਸਥਾਪਿਤ ਹੋ ਚੁੱਕਿਆ ਹੈ। ਉਨ੍ਹਾਂ ਨੇ ਅੱਗੇ ਦੱਸਿਆ ਕਿ ਮੌਸਮ ਵਿੱਚ ਸੁਧਾਰ ਦੇ ਨਤੀਜੇ ਵਜੋਂ ਫਸੇ ਲੋਕਾਂ ਨੂੰ ਕੱਢਣਾ ਅਤੇ ਏਅਰ ਲਿਫਟਿੰਗ ਸ਼ੁਰੂ ਕਰਨਾ ਸੰਭਵ ਹੋ ਗਿਆ ਹੈ। ਅੱਜ ਸਵੇਰੇ 80 ਲੋਕਾਂ ਨੂੰ ਬਾਹਰ ਕੱਢਿਆ ਗਿਆ ਹੈ। ਉਨ੍ਹਾਂ ਨੇ ਕਮੇਟੀ ਨੂੰ ਰਾਹਤ ਅਤੇ ਬਚਾਅ ਦੇ ਉਪਾਵਾਂ ਬਾਰੇ ਵੀ ਜਾਣਕਾਰੀ ਦਿੱਤੀ ਅਤੇ ਕਿਹਾ ਕਿ 28 ਰਾਹਤ ਕੈਂਪ ਸਥਾਪਿਤ ਕੀਤੇ ਗਏ ਹਨ ਅਤੇ 6,800 ਤੋਂ ਵੱਧ ਲੋਕਾਂ ਨੇ ਉਨ੍ਹਾਂ ਵਿੱਚ ਸ਼ਰਨ ਲਈ ਹੈ। ਇਸ ਤੋਂ ਇਲਾਵਾ, ਪ੍ਰਭਾਵਿਤ ਖੇਤਰਾਂ ਵਿੱਚ ਖੁਰਾਕੀ ਵਸਤਾਂ, ਦਵਾਈਆਂ ਅਤੇ ਐੱਲਪੀਜੀ ਸਮੇਤ ਸਾਰੀਆਂ ਜ਼ਰੂਰੀ ਸਪਲਾਈਆਂ ਦੀ ਸਪਲਾਈ ਕੀਤੀ ਜਾ ਰਹੀ ਹੈ।
ਡਾਇਰੈਕਟਰ ਜਨਰਲ, ਭਾਰਤ ਮੌਸਮ ਵਿਭਾਗ (ਆਈਐੱਮਡੀ) ਨੇ ਕਮੇਟੀ ਨੂੰ ਸੂਚਿਤ ਕੀਤਾ ਕਿ ਮੌਸਮ 11 ਤੋਂ 13 ਅਕਤੂਬਰ ਤੱਕ ਅਨੁਕੂਲ ਰਹਿਣ ਦੀ ਸੰਭਾਵਨਾ ਹੈ। ਡਾਇਰੈਕਟਰ ਜਨਰਲ, ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (ਐੱਨਡੀਆਰਐੱਫ) ਨੇ ਕਮੇਟੀ ਨੂੰ ਦੱਸਿਆ ਕਿ ਬਚਾਅ ਅਤੇ ਰਾਹਤ ਕਾਰਜਾਂ ਲਈ ਰਾਜ ਵਿੱਚ 6 ਟੀਮਾਂ ਤੈਨਾਤ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ, ਐੱਨਡੀਆਰਐੱਫ ਦੀਆਂ 3 ਰਿਜ਼ਰਵ ਟੀਮਾਂ ਸਿਲੀਗੁੜੀ ਵਿਖੇ ਸਟੈਂਡਬਾਏ 'ਤੇ ਉਪਲਬਧ ਹਨ। ਬਚਾਅ ਅਤੇ ਮੁੜ ਬਹਾਲੀ ਦੇ ਪ੍ਰਯਤਨਾਂ ਵਿੱਚ ਰਾਜ ਦੀ ਸਹਾਇਤਾ ਲਈ ਸੈਨਾ ਅਤੇ ਵਾਯੂ ਸੈਨਾ ਦੀਆਂ ਲੋੜੀਂਦੀਆਂ ਟੀਮਾਂ ਅਤੇ ਅਸਾਸਿਆਂ ਨੂੰ ਤੈਨਾਤ ਕੀਤਾ ਗਿਆ ਹੈ।
ਗ੍ਰਹਿ ਸਕੱਤਰ ਨੇ ਕਿਹਾ ਕਿ ਕੇਂਦਰ ਸਰਕਾਰ ਦੁਆਰਾ ਉੱਚ ਪੱਧਰ 'ਤੇ ਸਥਿਤੀ 'ਤੇ 24 ਘੰਟੇ ਨਿਗਰਾਨੀ ਰੱਖੀ ਜਾ ਰਹੀ ਹੈ। ਉਨ੍ਹਾਂ ਨੇ ਕਮੇਟੀ ਨੂੰ ਦੱਸਿਆ ਕਿ ਸਥਿਤੀ ਦਾ ਜਾਇਜ਼ਾ ਲੈਣ ਲਈ ਅੰਤਰ-ਮੰਤਰੀ ਕੋਆਰਡੀਨੇਸ਼ਨ ਟੀਮ (ਆਈਐੱਮਸੀਟੀ) ਸਿੱਕਿਮ ਪਹੁੰਚ ਗਈ ਹੈ। ਸਿੱਕਿਮ ਸਰਕਾਰ ਨੂੰ ਲੋੜੀਂਦੀ ਅਤਿਰਿਕਤ ਕੇਂਦਰੀ ਸਹਾਇਤਾ ਜਾਰੀ ਕੀਤੀ ਜਾ ਰਹੀ ਹੈ।
ਕੇਂਦਰੀ ਏਜੰਸੀਆਂ ਅਤੇ ਸਿੱਕਿਮ ਸਰਕਾਰ ਦੇ ਰਾਹਤ ਅਤੇ ਬਚਾਅ ਉਪਾਵਾਂ ਦੀ ਸਮੀਖਿਆ ਕਰਦੇ ਹੋਏ, ਕੈਬਨਿਟ ਸਕੱਤਰ ਸ਼੍ਰੀ ਰਾਜੀਵ ਗਾਬਾ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਘੱਟ ਤੋਂ ਘੱਟ ਸਮੇਂ ਵਿੱਚ ਲੋਕਾਂ ਨੂੰ ਕੱਢਣਾ ਸਿੱਕਿਮ ਸਰਕਾਰ ਅਤੇ ਕੇਂਦਰੀ ਏਜੰਸੀਆਂ ਦੀ ਪ੍ਰਾਥਮਿਕਤਾ ਹੋਣੀ ਚਾਹੀਦੀ ਹੈ। ਜਿੱਥੇ ਪੁਲ਼ ਵਹਿ ਗਏ ਹਨ, ਉੱਥੇ ਲੋਕਾਂ ਲਈ ਸੜਕੀ ਸੰਪਰਕ ਬਹਾਲ ਕਰਨ ਲਈ ਪਹਿਲ ਦੇ ਅਧਾਰ 'ਤੇ ਬੇਲੀ ਬ੍ਰਿਜ ਸ਼ੁਰੂ ਕੀਤੇ ਜਾਣੇ ਚਾਹੀਦੇ ਹਨ। ਕੈਬਨਿਟ ਸਕੱਤਰ ਨੇ ਭਰੋਸਾ ਦਿਵਾਇਆ ਕਿ ਕੇਂਦਰ ਸਰਕਾਰ ਰਾਜ ਲਈ ਹਰ ਸੰਭਵ ਸਮਰਥਨ ਅਤੇ ਸਹਾਇਤਾ ਪ੍ਰਦਾਨ ਕਰੇਗੀ।
ਮੀਟਿੰਗ ਵਿੱਚ ਕੇਂਦਰੀ ਗ੍ਰਹਿ ਸਕੱਤਰ, ਸਿੱਕਿਮ ਦੇ ਮੁੱਖ ਸਕੱਤਰ, ਰੋਡ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰਾਲੇ ਦੇ ਸਕੱਤਰ, ਮਿਲਿਟਰੀ ਮਾਮਲਿਆਂ ਦੇ ਸਕੱਤਰ, ਮੈਂਬਰ ਸਕੱਤਰ ਐੱਨਡੀਐੱਮਏ, ਸੀਆਈਐੱਸਸੀ ਆਈਡੀਐੱਸ, ਡਾਇਰੈਕਟਰ ਜਨਰਲ ਐੱਨਡੀਆਰਐੱਫ, ਡੀਜੀਐੱਮਓ, ਡਾਇਰੈਕਟਰ ਜਨਰਲ ਆਈਐੱਮਡੀ, ਡੀਡੀਜੀ ਬੀਆਰਓ ਅਤੇ ਗ੍ਰਹਿ ਮੰਤਰਾਲੇ ਅਤੇ ਰੱਖਿਆ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਹਾਜ਼ਰ ਸਨ।
*****
ਆਰਕੇ/ਏਵਾਈ/ਏਐੱਸਐੱਚ/ਏਕੇਐੱਸ/ਏਐੱਸ
(Release ID: 1966176)
Visitor Counter : 99