ਪ੍ਰਧਾਨ ਮੰਤਰੀ ਦਫਤਰ

ਅਧਿਆਪਕ ਦਿਵਸ ਦੀ ਪੂਰਵ ਸੰਧਿਆ ‘ਤੇ, ਪ੍ਰਧਾਨ ਮੰਤਰੀ ਨੇ ਰਾਸ਼ਟਰੀ ਅਧਿਆਪਕ ਪੁਰਸਕਾਰ 2023 ਦੇ ਜੇਤੂਆਂ ਨਾਲ ਗੱਲਬਾਤ ਕੀਤੀ


ਪ੍ਰਧਾਨ ਮੰਤਰੀ ਨੇ ਬੱਚਿਆਂ ਨੂੰ ਜ਼ਮੀਨੀ ਪੱਧਰ ‘ਤੇ ਉਪਲਬਧੀਆਂ ਹਾਸਲ ਕਰਨ ਵਾਲਿਆਂ ਦੀ ਸਫ਼ਲਤਾ ਬਾਰੇ ਸਿੱਖਿਅਤ ਕਰਨ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ

ਸਕੂਲਾਂ ਵਿੱਚ ਦੇਸ਼ ਦੇ ਵਿਭਿੰਨ ਹਿੱਸਿਆਂ ਦੀ ਸੰਸਕ੍ਰਿਤੀ ਅਤੇ ਵਿਵਿਧਤਾ ਦਾ ਜਸ਼ਨ ਮਨਾਓ: ਪ੍ਰਧਾਨ ਮੰਤਰੀ

ਪ੍ਰਧਾਨ ਮੰਤਰੀ ਨੇ ਵਿਦਿਆਰਥੀਆਂ ਵਿੱਚ ਜਗਿਆਸਾ ਨੂੰ ਪ੍ਰੋਤਸਾਹਿਤ ਕਰਨ ਦੇ ਮਹੱਤਵ ਨੂੰ ਰੇਖਾਂਕਿਤ ਕੀਤਾ

Posted On: 04 SEP 2023 9:25PM by PIB Chandigarh

ਅਧਿਆਪਕ ਦਿਵਸ ਦੀ ਪੂਰਵ ਸੰਧਿਆ ‘ਤੇ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ 7, ਲੋਕ ਕਲਿਆਣ ਮਾਰਗ ‘ਤੇ ਅੱਜ ਪਹਿਲਾਂ ਰਾਸ਼ਟਰੀ ਅਧਿਆਪਕ ਪੁਰਸਕਾਰ 2023 ਦੇ ਜੇਤੂਆਂ ਨਾਲ ਗੱਲਬਾਤ ਕੀਤੀ । ਇਸ ਗੱਲਬਾਤ ਵਿੱਚ 75 ਪੁਰਸਕਾਰ ਜੇਤੂਆਂ ਨੇ ਹਿੱਸਾ ਲਿਆ।

 

 

ਪ੍ਰਧਾਨ ਮੰਤਰੀ ਨੇ ਦੇਸ਼ ਦੇ ਯੁਵਾ ਦਿਮਾਗ਼ਾਂ ਨੂੰ ਵਿਕਸਿਤ ਕਰਨ ਵਿੱਚ ਅਧਿਆਪਕਾਂ ਦੇ ਪ੍ਰਯਾਸਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਚੰਗੇ ਅਧਿਆਪਕਾਂ ਦੇ ਮਹੱਤਵ ਅਤੇ ਦੇਸ਼ ਦੀ ਕਿਸਮਤ ਨੂੰ ਆਕਾਰ ਦੇਣ ਵਿੱਚ ਉਨ੍ਹਾਂ ਦੀ ਭੂਮਿਕਾ ‘ਤੇ ਪ੍ਰਕਾਸ਼ ਪਾਇਆ। ਉਨ੍ਹਾਂ ਨੇ ਬੱਚਿਆਂ ਨੂੰ ਜ਼ਮੀਨੀ ਪੱਧਰ ‘ਤੇ ਉਪਲਬਧੀਆਂ ਹਾਸਲ ਕਰਨ ਵਾਲਿਆਂ ਦੀ ਸਫ਼ਲਤਾ ਬਾਰੇ ਸਿੱਖਿਅਤ ਕਰਕੇ ਪ੍ਰੇਰਿਤ ਕਰਨ ਦੇ ਮਹੱਤਵ ‘ਤੇ ਜ਼ੋਰ ਦਿੱਤਾ।

 

ਪ੍ਰਧਾਨ ਮੰਤਰੀ ਨੇ ਸਾਡੀ ਸਥਾਨਕ ਵਿਰਾਸਤ ਅਤੇ ਇਤਿਹਾਸ ‘ਤੇ ਮਾਣ ਕਰਨ ਦੀ ਗੱਲ ਕੀਤੀ ਅਤੇ ਅਧਿਆਪਕਾਂ ਨੂੰ ਵਿਦਿਆਰਥੀਆਂ ਨੂੰ ਆਪਣੇ ਖੇਤਰ ਦੇ ਇਤਿਹਾਸ ਅਤੇ ਸੱਭਿਆਚਾਰ ਬਾਰੇ ਜਾਣਨ ਦੇ ਲਈ ਪ੍ਰੇਰਿਤ ਕਰਨ ਦੀ ਤਾਕੀਦ ਕੀਤੀ। ਦੇਸ਼ ਵਿੱਚ ਵਿਵਿਧਤਾ ਦੀ ਤਾਕਤ ‘ਤੇ ਪ੍ਰਕਾਸ਼ ਪਾਉਂਦੇ ਹੋਏ ਉਨ੍ਹਾਂ ਨੇ ਅਧਿਆਪਕਾਂ ਨੂੰ ਆਪਣੇ ਸਕੂਲਾਂ ਵਿੱਚ ਦੇਸ਼ ਦੇ ਵਿਭਿੰਨ ਹਿੱਸਿਆਂ ਦੇ ਸੱਭਿਆਚਾਰ ਅਤੇ ਵਿਵਿਧਤਾ ਦਾ ਜਸ਼ਨ ਮਨਾਉਣ ਦੀ ਬੇਨਤੀ ਕੀਤੀ।

 

ਚੰਦਰਯਾਨ-3(Chandrayaan-3) ਦੀ ਹਾਲੀਆ ਸਫ਼ਲਤਾ ਬਾਰੇ ਚਰਚਾ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਸਾਇੰਸ ਅਤੇ ਟੈਕਨੋਲੋਜੀ ਬਾਰੇ ਵਿਦਿਆਰਥੀਆਂ ਵਿੱਚ ਜਗਿਆਸਾ ਨੂੰ ਪ੍ਰੋਤਸਾਹਿਤ ਕਰਨ ਦੇ ਮਹੱਤਵ ਨੂੰ ਰੇਖਾਂਕਿਤ ਕੀਤਾ ਕਿਉਂਕਿ 21ਵੀਂ ਸਦੀ ਟੈਕਨੋਲੋਜੀ ਸੰਚਾਲਿਤ ਸਦੀ ਹੈ। ਉਨ੍ਹਾਂ ਨੇ ਨੌਜਵਾਨਾਂ ਨੂੰ ਕੁਸ਼ਲ ਬਣਾਉਣ ਅਤੇ ਉਨ੍ਹਾਂ ਨੂੰ ਭਵਿੱਖ ਦੇ ਲਈ ਤਿਆਰ ਕਰਨ ਦੇ ਮਹੱਤਵ ਬਾਰੇ ਭੀ ਬਾਤ ਕੀਤੀ।

 

ਮਿਸ਼ਨ ਲਾਇਫ (Mission LiFE) ਬਾਰੇ ਗੱਲ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਵਰਤੋ ਅਤੇ ਸੁੱਟੋ ਸੰਸਕ੍ਰਿਤੀ (use and throw culture) ਦੇ ਵਿਪਰੀਤ ਰੀਸਾਈਕਲਿੰਗ ਦੇ ਮਹੱਤਵ ‘ਤੇ ਚਰਚਾ ਕੀਤੀ। ਕਈ ਅਧਿਆਪਕਾਂ ਨੇ ਪ੍ਰਧਾਨ ਮੰਤਰੀ ਨੂੰ ਆਪਣੇ ਸਕੂਲਾਂ ਵਿੱਚ ਹੋਣ ਵਾਲੇ ਸਵੱਛਤਾ ਪ੍ਰੋਗਰਾਮਾਂ (Swachhata programmes) ਬਾਰੇ ਭੀ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ, ਪ੍ਰਧਾਨ ਮੰਤਰੀ ਨੇ ਅਧਿਆਪਕਾਂ ਨੂੰ ਆਪਣੇ ਪੂਰੇ ਕਰੀਅਰ ਵਿੱਚ ਲਗਾਤਾਰ ਸਿੱਖਣ ਅਤੇ ਆਪਣੇ ਕੌਸ਼ਲ ਨੂੰ ਉੱਨਤ ਕਰਨ ਦੀ ਸਲਾਹ ਦਿੱਤੀ।

 

 ਰਾਸ਼ਟਰੀ ਅਧਿਆਪਕ ਪੁਰਸਕਾਰ ਦਾ ਉਦੇਸ਼ ਦੇਸ਼ ਦੇ ਕੁਝ ਬਿਹਤਰੀਨ ਅਧਿਆਪਕਾਂ ਦੇ ਅਨੂਠੇ ਯੋਗਦਾਨ ਦਾ ਜਸ਼ਨ ਮਨਾਉਣਾ ਅਤੇ ਉਨ੍ਹਾਂ ਅਧਿਆਪਕਾਂ ਨੂੰ ਸਨਮਾਨਿਤ ਕਰਨਾ ਹੈ, ਜਿਨ੍ਹਾਂ ਨੇ ਆਪਣੀ ਪ੍ਰਤੀਬੱਧਤਾ ਨਾਲ ਨਾ ਕੇਵਲ ਸਿੱਖਿਆ ਦੀ ਗੁਣਵੱਤਾ ਵਿੱਚ ਸੁਧਾਰ ਕੀਤਾ ਹੈ, ਬਲਕਿ ਆਪਣੇ ਵਿਦਿਆਰਥੀਆਂ ਦੇ ਜੀਵਨ ਨੂੰ ਭੀ ਸਮ੍ਰਿੱਧ ਬਣਾਇਆ ਹੈ। ਇਸ ਵਰ੍ਹੇ, ਪੁਰਸਕਾਰ ਦਾ ਦਾਇਰਾ ਵਧਾ ਦਿੱਤਾ ਗਿਆ ਹੈ, ਜਿਸ ਵਿੱਚ ਪਹਿਲਾਂ ਸਕੂਲੀ ਸਿੱਖਿਆ ਅਤੇ ਸਾਖਰਤਾ ਵਿਭਾਗ ਦੁਆਰਾ ਸਿਲੈਕਟ ਕੀਤੇ ਹੋਏ ਅਧਿਆਪਕਾਂ ਨੂੰ ਸ਼ਾਮਲ ਕੀਤਾ ਗਿਆ ਸੀ, ਹੁਣ ਇਸ ਵਿੱਚ ਉਚੇਰੀ ਸਿੱਖਿਆ ਵਿਭਾਗ ਅਤੇ ਕੌਸ਼ਲ ਵਿਕਾਸ ਮੰਤਰਾਲੇ ਦੁਆਰਾ ਸਿਲੈਕਟ ਕੀਤੇ ਹੋਏ ਅਧਿਆਪਕਾਂ ਨੂੰ ਭੀ ਸ਼ਾਮਲ ਕੀਤਾ ਗਿਆ ਹੈ।

***

ਡੀਐੱਸ/ਐੱਲਪੀ  



(Release ID: 1954825) Visitor Counter : 89