ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਚੰਦਰਯਾਨ-3 ਦੀ ਲੈਂਡਿੰਗ ਦੇਖਣ ਦੇ ਲਈ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਇਸਰੋ ਦੀ ਟੀਮ ਨਾਲ ਜੁੜੇ


"ਇਹ ਪਲ 140 ਕਰੋੜ ਧੜਕਣਾਂ ਦੀ ਸਮਰੱਥਾ ਅਤੇ ਭਾਰਤ ਦੀ ਨਵੀਂ ਊਰਜਾ ਦੇ ਵਿਸ਼ਵਾਸ ਦਾ ਹੈ"

"‘ਅੰਮ੍ਰਿਤ ਕਾਲ’ ਦੀ ਪਹਿਲੀ ਰੋਸ਼ਨੀ ਵਿੱਚ, ਇਹ ਸਫ਼ਲਤਾ ਦੀ’ਅੰਮ੍ਰਿਤ ਵਰਸ਼ਾ’ ਹੈ"

"ਸਾਡੇ ਵਿਗਿਆਨੀਆਂ ਦੇ ਸਮਰਪਣ ਅਤੇ ਪ੍ਰਤਿਭਾ ਨਾਲ ਭਾਰਤ ਚੰਦਰਮਾ ਦੇ ਉਸ ਦੱਖਣੀ ਧਰੁਵ 'ਤੇ ਪਹੁੰਚ ਗਿਆ ਹੈ, ਜਿੱਥੇ ਅੱਜ ਤੱਕ ਦੁਨੀਆ ਦਾ ਕੋਈ ਵੀ ਦੇਸ਼ ਨਹੀਂ ਪਹੁੰਚ ਸਕਿਆ ਹੈ"

“ਉਹ ਸਮਾਂ ਦੂਰ ਨਹੀਂ ਜਦੋਂ ਬੱਚੇ ਕਹਿਣਗੇ’ ਚੰਦਾ ਮਾਮਾ ਏਕ ਟੂਰ ਕੇ’ ਯਾਨੀ ਚੰਦਰਮਾ ਇੱਕ ਯਾਤਰਾ ਦੀ ਦੂਰੀ 'ਤੇ ਹੈ"

"ਸਾਡਾ ਚੰਦਰਮਾ ਮਿਸ਼ਨ ਮਾਨਵ-ਕੇਂਦ੍ਰਿਤ ਪਹੁੰਚ 'ਤੇ ਅਧਾਰਿਤ ਹੈ। ਇਸ ਲਈ, ਇਹ ਸਫ਼ਲਤਾ ਪੂਰੀ ਮਾਨਵਤਾ ਦੀ ਹੈ"

"ਅਸੀਂ ਆਪਣੇ ਸੌਰ ਮੰਡਲ ਦੀਆਂ ਸੀਮਾਵਾਂ ਦੀ ਪਰਖ ਕਰਾਂਗੇ ਅਤੇ ਮਾਨਵਤਾ ਲਈ ਬ੍ਰਹਿਮੰਡ ਦੀਆਂ ਅਨੰਤ ਸੰਭਾਵਨਾਵਾਂ ਨੂੰ ਸਾਕਾਰ ਕਰਨ ਲਈ ਕੰਮ ਕਰਾਂਗੇ"

"ਭਾਰਤ ਵਾਰ-ਵਾਰ ਸਾਬਤ ਕਰ ਰਿਹਾ ਹੈ ਕਿ ਅਸਮਾਨ ਦੀ ਸੀਮਾ ਨਹੀਂ ਹੈ"

Posted On: 23 AUG 2023 7:03PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅੱਜ ਚੰਦਰਮਾ ਦੀ ਸਤ੍ਹਾ 'ਤੇ ਚੰਦਰਯਾਨ-3 ਦੇ ਲੈਂਡਿੰਗ ਨੂੰ ਦੇਖਣ ਲਈ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਇਸਰੋ ਦੀ ਟੀਮ ਨਾਲ ਜੁੜੇ। ਸਫ਼ਲ ਲੈਂਡਿੰਗ ਤੋਂ ਤੁਰੰਤ ਬਾਅਦ, ਪ੍ਰਧਾਨ ਮੰਤਰੀ ਨੇ ਟੀਮ ਨੂੰ ਸੰਬੋਧਨ ਕੀਤਾ ਅਤੇ ਉਨ੍ਹਾਂ ਨੂੰ ਇਤਿਹਾਸਿਕ ਉਪਲਬਧੀ ਦੇ ਲਈ ਵਧਾਈਆਂ ਦਿੱਤੀਆਂ।

ਇਸਰੋ ਦੀ ਟੀਮ ਨੂੰ ਪਰਿਵਾਰਕ ਮੈਂਬਰਾਂ ਵਜੋਂ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਅਜਿਹੀਆਂ ਇਤਿਹਾਸਿਕ ਘਟਨਾਵਾਂ ਕਿਸੇ ਰਾਸ਼ਟਰ ਦੇ ਜੀਵਨ ਦੀਆਂ ਚਿਰੰਜੀਵ ਚੇਤਨਾ ਬਣ ਜਾਂਦੀਆਂ ਹਨ। ਪ੍ਰਧਾਨ ਮੰਤਰੀ ਨੇ ਉਤਸ਼ਾਹ ਨਾਲ ਭਰੇ ਰਾਸ਼ਟਰ ਨੂੰ ਕਿਹਾ, “ਇਹ ਪਲ ਅਭੁੱਲ, ਬੇਮਿਸਾਲ ਹੈ। ਇਹ 'ਵਿਕਸਤ ਭਾਰਤ' ਦੇ ਸੱਦੇ ਦਾ ਪਲ ਹੈ, ਇਹ ਭਾਰਤ ਲਈ ਜਿੱਤ ਦੇ ਸੱਦੇ ਦਾ ਪਲ ਹੈ, ਇਹ ਮੁਸ਼ਕਲਾਂ ਦੇ ਸਾਗਰ ਨੂੰ ਪਾਰ ਕਰਨ ਅਤੇ ਜਿੱਤ ਦੇ 'ਚੰਦਰਪਥ' 'ਤੇ ਚੱਲਣ ਦਾ ਪਲ ਹੈ। ਇਹ ਪਲ 140 ਕਰੋੜ ਧੜਕਣਾਂ ਦੀ ਸਮਰੱਥਾ ਅਤੇ ਭਾਰਤ ਵਿੱਚ ਨਵੀਂ ਊਰਜਾ ਦੇ ਵਿਸ਼ਵਾਸ ਦਾ ਪਲ ਹੈ। ਇਹ ਪਲ ਭਾਰਤ ਦੇ ਉਦੈਮਾਨ ਭਾਗਾਂ ਨੂੰ ਸੱਦਾ ਦੇਣ ਦਾ ਹੈ।" ਸਪਸ਼ਟ ਤੌਰ 'ਤੇ ਉਤਸ਼ਾਹਿਤ ਪ੍ਰਧਾਨ ਮੰਤਰੀ ਨੇ ਕਿਹਾ, "ਅੰਮ੍ਰਿਤ ਕਾਲ" ਦੀ ਪਹਿਲੀ ਰੋਸ਼ਨੀ ਵਿੱਚ ਇਹ ਸਫ਼ਲਤਾ ਦੀ 'ਅੰਮ੍ਰਿਤ ਵਰਸ਼ਾ ' ਹੈ।" ਪ੍ਰਧਾਨ ਮੰਤਰੀ ਨੇ ਵਿਗਿਆਨੀਆਂ ਦਾ ਹਵਾਲਾ ਦਿੰਦੇ ਹੋਏ ਕਿਹਾ, "ਭਾਰਤ ਹੁਣ ਚੰਦ 'ਤੇ ਹੈ!' ਉਨ੍ਹਾਂ ਨੇ ਕਿਹਾ ਕਿ ਅਸੀਂ ਹੁਣੇ ਨਵੇਂ ਭਾਰਤ ਦੀ ਪਹਿਲੀ ਉਡਾਣ ਦੇ ਗਵਾਹ ਬਣੇ ਹਾਂ।"

ਪ੍ਰਧਾਨ ਮੰਤਰੀ ਨੇ ਦੱਸਿਆ ਕਿ ਉਹ ਇਸ ਸਮੇਂ ਬ੍ਰਿਕਸ ਸਮਿਟ ਵਿੱਚ ਸ਼ਾਮਲ ਹੋਣ ਲਈ ਜੋਹਾਨਸਬਰਗ ਵਿੱਚ ਹਨ, ਲੇਕਿਨ ਹਰ ਨਾਗਰਿਕ ਦੀ ਤਰ੍ਹਾਂ ਉਨ੍ਹਾਂ ਦਾ ਮਨ ਵੀ ਚੰਦਰਯਾਨ-3 'ਤੇ ਲਗਿਆ ਹੋਇਆ ਸੀ। ਉਨ੍ਹਾਂ ਨੇ ਕਿਹਾ ਕਿ ਹਰ ਭਾਰਤੀ ਜਸ਼ਨਾਂ ਵਿੱਚ ਡੁੱਬ ਗਿਆ ਹੈ ਅਤੇ ਇਹ ਹਰ ਪਰਿਵਾਰ ਲਈ ਉਤਸਵ ਦਾ ਦਿਨ ਹੈ। ਇਸ ਖਾਸ ਮੌਕੇ 'ਤੇ ਉਹ ਹਰ ਨਾਗਰਿਕ ਨਾਲ ਪੂਰੇ ਉਤਸ਼ਾਹ ਨਾਲ ਜੁੜੇ ਹੋਏ ਹਨ। ਪ੍ਰਧਾਨ ਮੰਤਰੀ ਨੇ ਟੀਮ ਚੰਦਰਯਾਨ, ਇਸਰੋ ਅਤੇ ਦੇਸ਼ ਦੇ ਸਾਰੇ ਵਿਗਿਆਨੀਆਂ ਨੂੰ ਸਾਲਾਂ ਦੀ ਅਣਥੱਕ ਮਿਹਨਤ ਲਈ ਵਧਾਈ ਦਿੱਤੀ ਅਤੇ ਉਤਸ਼ਾਹ, ਆਨੰਦ ਅਤੇ ਭਾਵਨਾ ਨਾਲ ਭਰੇ ਇਸ ਅਦਭੁੱਤ ਪਲ ਲਈ 140 ਕਰੋੜ ਦੇਸ਼ਵਾਸੀਆਂ ਨੂੰ ਵੀ ਵਧਾਈ ਦਿੱਤੀ।

ਪ੍ਰਧਾਨ ਮੰਤਰੀ ਨੇ ਕਿਹਾ, "ਸਾਡੇ ਵਿਗਿਆਨੀਆਂ ਦੇ ਸਮਰਪਣ ਅਤੇ ਪ੍ਰਤਿਭਾ ਨਾਲ ਭਾਰਤ ਚੰਦਰਮਾ ਦੇ ਉਸ ਦੱਖਣੀ ਧਰੁਵ 'ਤੇ ਪਹੁੰਚ ਗਿਆ ਹੈ, ਜਿੱਥੇ ਅੱਜ ਤੱਕ ਦੁਨੀਆ ਦਾ ਕੋਈ ਵੀ ਦੇਸ਼ ਨਹੀਂ ਪਹੁੰਚ ਸਕਿਆ ਹੈ।" ਉਨ੍ਹਾਂ ਇਸ ਤੱਥ ਨੂੰ ਰੇਖਾਂਕਿਤ ਕੀਤਾ ਕਿ ਅੱਜ ਤੋਂ ਬਾਅਦ ਚੰਦਰਮਾ ਨਾਲ ਜੁੜੀਆਂ ਸਾਰੀਆਂ ਮਿੱਥਾਂ ਅਤੇ ਕਥਾਨਕ ਬਦਲ ਜਾਣਗੇ ਅਤੇ ਨਵੀਂ ਪੀੜ੍ਹੀ ਲਈ ਕਹਾਵਤਾਂ ਦੇ ਨਵੇਂ ਅਰਥ ਹੋ ਜਾਣਗੇ। ਭਾਰਤੀ ਲੋਕਕਥਾਵਾਂ ਦਾ ਜ਼ਿਕਰ ਕਰਦੇ ਹੋਏ, ਜਿੱਥੇ ਧਰਤੀ ਨੂੰ 'ਮਾਂ' ਅਤੇ ਚੰਦਰਮਾ ਨੂੰ 'ਮਾਮਾ' ਮੰਨਿਆ ਜਾਂਦਾ ਹੈ, ਪ੍ਰਧਾਨ ਮੰਤਰੀ ਨੇ ਕਿਹਾ ਕਿ ਚੰਦਰਮਾ ਨੂੰ ਬਹੁਤ ਦੂਰ ਮੰਨਿਆ ਜਾਂਦਾ ਹੈ ਅਤੇ ਇਸ ਨੂੰ 'ਚੰਦਾ ਮਾਮਾ ਦੂਰ ਕੇ' ਕਿਹਾ ਜਾਂਦਾ ਹੈ, ਲੇਕਿਨ ਉਹ ਸਮਾਂ ਦੂਰ ਨਹੀਂ ਹੈ, ਜਦੋਂ ਬੱਚੇ ਕਹਿਣਗੇ 'ਚੰਦਾ ਮਾਮਾ ਏਕ ਟੂਰ ਕੇ' ਯਾਨੀ ਚੰਦਰਮਾ ਇੱਕ ਯਾਤਰਾ ਦੀ ਹੀ ਦੂਰੀ 'ਤੇ ਹੈ।

ਪ੍ਰਧਾਨ ਮੰਤਰੀ ਨੇ ਦੁਨੀਆ ਦੇ ਹਰ ਦੇਸ਼ ਅਤੇ ਖੇਤਰ ਦੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ, “ਭਾਰਤ ਦਾ ਸਫ਼ਲ ਚੰਦਰਮਾ ਮਿਸ਼ਨ ਇਕੱਲੇ ਭਾਰਤ ਦਾ ਨਹੀਂ ਹੈ। ਇਹ ਇੱਕ ਅਜਿਹਾ ਸਾਲ ਹੈ ਜਿਸ ਵਿੱਚ ਦੁਨੀਆ ਭਾਰਤ ਦੀ ਜੀ-20 ਪ੍ਰਧਾਨਗੀ ਦਾ ਗਵਾਹ ਬਣ ਰਹੀ ਹੈ। 'ਇੱਕ ਧਰਤੀ, ਇੱਕ ਪਰਿਵਾਰ, ਇੱਕ ਭਵਿੱਖ' ਦਾ ਸਾਡਾ ਦ੍ਰਿਸ਼ਟੀਕੋਣ ਪੂਰੀ ਦੁਨੀਆ ਵਿੱਚ ਗੂੰਜ ਰਿਹਾ ਹੈ। ਅਸੀਂ ਜਿਸ ਮਾਨਵ-ਕੇਂਦ੍ਰਿਤ ਦ੍ਰਿਸ਼ਟੀਕੋਣ ਦੀ ਪ੍ਰਤੀਨਿਧਤਾ ਕਰਦੇ ਹਾਂ ਉਸ ਦਾ ਸਰਬਵਿਆਪੀ ਤੌਰ 'ਤੇ ਸੁਆਗਤ ਕੀਤਾ ਗਿਆ ਹੈ। ਸਾਡਾ ਚੰਦਰ ਮਿਸ਼ਨ ਵੀ ਉਸੇ ਮਾਨਵ-ਕੇਂਦ੍ਰਿਤ ਦ੍ਰਿਸ਼ਟੀਕੋਣ 'ਤੇ ਅਧਾਰਿਤ ਹੈ। ਇਸ ਲਈ, ਇਹ ਸਫ਼ਲਤਾ ਸਾਰੀ ਮਾਨਵਤਾ ਦੀ ਹੈ। ਅਤੇ ਇਹ ਭਵਿੱਖ ਵਿੱਚ ਹੋਰਨਾਂ ਦੇਸ਼ਾਂ ਦੀ ਚੰਦਰ ਮਿਸ਼ਨਾਂ ਵਿੱਚ ਮਦਦਗਾਰ ਹੋਵੇਗਾ।” ਸ਼੍ਰੀ ਮੋਦੀ ਨੇ ਕਿਹਾ, “ਮੈਨੂੰ ਵਿਸ਼ਵਾਸ ਹੈ ਕਿ ਗਲੋਬਲ ਸਾਊਥ ਸਮੇਤ ਦੁਨੀਆ ਦੇ ਸਾਰੇ ਦੇਸ਼ ਅਜਿਹੀਆਂ ਉਪਲਬਧੀਆਂ ਕਰਨ ਦੇ ਸਮਰੱਥ ਹਨ। ਅਸੀਂ ਸਾਰੇ ਚੰਦਰਮਾ ਅਤੇ ਉਸ ਤੋਂ ਅੱਗੇ ਦੀ ਉਮੀਦ ਕਰ ਸਕਦੇ ਹਾਂ।"

ਪ੍ਰਧਾਨ ਮੰਤਰੀ ਨੇ ਵਿਸ਼ਵਾਸ ਜਤਾਇਆ ਕਿ ਚੰਦਰਯਾਨ ਮਹਾਅਭਿਆਨ ਦੀਆਂ ਉਪਲਬਧੀਆਂ ਭਾਰਤ ਦੀ ਉਡਾਣ ਨੂੰ ਚੰਦਰਮਾ ਦੇ ਪੰਧ ਤੋਂ ਪਾਰ ਲੈ ਜਾਣਗੀਆਂ। ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ, “ਅਸੀਂ ਆਪਣੇ ਸੌਰ ਮੰਡਲ ਦੀਆਂ ਸੀਮਾਵਾਂ ਦੀ ਪਰਖ ਕਰਾਂਗੇ ਅਤੇ ਮਾਨਵਤਾ ਲਈ ਬ੍ਰਹਿਮੰਡ ਦੀਆਂ ਅਨੰਤ ਸੰਭਾਵਨਾਵਾਂ ਨੂੰ ਸਾਕਾਰ ਕਰਨ ਲਈ ਕੰਮ ਕਰਾਂਗੇ।” ਪ੍ਰਧਾਨ ਮੰਤਰੀ ਨੇ ਭਵਿੱਖ ਲਈ ਖ਼ਾਹਿਸ਼ੀ ਲਕਸ਼ਾਂ ਨੂੰ ਨਿਰਧਾਰਿਤ ਕਰਨ 'ਤੇ ਚਾਨਣਾ ਪਾਇਆ ਅਤੇ ਦੱਸਿਆ ਕਿ ਇਸਰੋ ਜਲਦੀ ਹੀ ਸੂਰਜ ਦੇ ਵਿਸਤ੍ਰਿਤ ਅਧਿਐਨ ਲਈ’ ਅਦਿੱਤਿਆ ਐੱਲ-1’ ਮਿਸ਼ਨ ਸ਼ੁਰੂ ਕਰਨ ਜਾ ਰਿਹਾ ਹੈ। ਉਨ੍ਹਾਂ ਸ਼ੁੱਕਰ ਗ੍ਰਹਿ ਨੂੰ ਵੀ ਇਸਰੋ ਦੇ ਲਕਸ਼ਾਂ ਵਿੱਚੋਂ ਇੱਕ ਦੱਸਿਆ। ਪ੍ਰਧਾਨ ਮੰਤਰੀ ਨੇ ਮਿਸ਼ਨ ਗਗਨਯਾਨ, ਜਿੱਥੇ ਭਾਰਤ ਆਪਣੇ ਪਹਿਲੇ ਮਾਨਵ ਪੁਲਾੜ ਉਡਾਣ ਮਿਸ਼ਨ ਲਈ ਪੂਰੀ ਤਰ੍ਹਾਂ ਤਿਆਰ ਹੈ, 'ਤੇ ਚਾਨਣਾ ਪਾਉਂਦਿਆਂ ਕਿਹਾ, "ਭਾਰਤ ਵਾਰ-ਵਾਰ ਸਾਬਤ ਕਰ ਰਿਹਾ ਹੈ ਕਿ ਅਸਮਾਨ ਦੀ ਸੀਮਾ ਨਹੀਂ ਹੈ।"

ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਵਿਗਿਆਨ ਅਤੇ ਟੈਕਨੋਲੋਜੀ ਦੇਸ਼ ਦੇ ਉੱਜਵਲ ਭਵਿੱਖ ਦਾ ਅਧਾਰ ਹਨ। ਉਨ੍ਹਾਂ ਨੇ ਕਿਹਾ ਕਿ ਇਹ ਦਿਨ ਸਾਨੂੰ ਸਾਰਿਆਂ ਨੂੰ ਉੱਜਵਲ ਭਵਿੱਖ ਵੱਲ ਵਧਣ ਲਈ ਪ੍ਰੇਰਿਤ ਕਰੇਗਾ ਅਤੇ ਸੰਕਲਪਾਂ ਨੂੰ ਸਾਕਾਰ ਕਰਨ ਦਾ ਰਾਹ ਦਿਖਾਏਗਾ। ਅੰਤ ਵਿੱਚ, ਵਿਗਿਆਨੀਆਂ ਨੂੰ ਉਨ੍ਹਾਂ ਦੇ ਭਵਿੱਖ ਦੇ ਸਾਰੇ ਪ੍ਰਯਤਨਾਂ ਵਿੱਚ ਸਫ਼ਲਤਾ ਦੀਆਂ ਸ਼ੁਭਕਾਮਨਾਵਾਂ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ, "ਇਹ ਦਿਨ ਇਸ ਗੱਲ ਦਾ ਪ੍ਰਤੀਕ ਹੈ ਕਿ ਹਾਰ ਤੋਂ ਸਬਕ ਲੈ ਕੇ ਜਿੱਤ ਕਿਵੇਂ ਪ੍ਰਾਪਤ ਕੀਤੀ ਜਾਂਦੀ ਹੈ।" 

 

 

**** 

 

ਡੀਐੱਸ/ਟੀਐੱਸ 


(Release ID: 1951655) Visitor Counter : 138