ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 77ਵੇਂ ਸੁਤੰਤਰਤਾ ਦਿਵਸ 'ਤੇ ਲਾਲ ਕਿਲੇ ਦੀ ਫ਼ਸੀਲ ਤੋਂ ਰਾਸ਼ਟਰ ਨੂੰ ਸੰਬੋਧਨ ਕੀਤਾ


ਉਨ੍ਹਾਂ ਦੇ ਭਾਸ਼ਣ ਦੇ ਮੁੱਖ ਅੰਸ਼ ਨਿਮਨਲਿਖਿਤ ਹਨ:

Posted On: 15 AUG 2023 2:14PM by PIB Chandigarh
  1. ਮੇਰੇ ਪਿਆਰੇ 140 ਕਰੋੜ ਪਰਿਵਾਰਕ ਮੈਂਬਰਾਨ, ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਅਤੇ ਹੁਣ ਬਹੁਤ ਸਾਰੇ ਲੋਕਾਂ ਦੀ ਰਾਏ ਹੈ ਕਿ ਅਸੀਂ ਆਸਥਾ ਦੇ ਨਾਲ-ਨਾਲ ਜਨਸੰਖਿਆ ਦੇ ਮਾਮਲੇ ਵਿੱਚ ਵੀ ਨੰਬਰ ਇੱਕ ਹਾਂ। ਇੰਨਾ ਬੜਾ ਦੇਸ਼, 140 ਕਰੋੜ ਦੇਸ਼ਵਾਸੀ, ਮੇਰੇ ਭਰਾਵੋ ਅਤੇ ਭੈਣੋ, ਮੇਰੇ ਪਰਿਵਾਰ ਦੇ ਮੈਂਬਰ ਅੱਜ ਆਜ਼ਾਦੀ ਦਾ ਉਤਸਵ ਮਨਾ ਰਹੇ ਹਨ। ਮੈਂ ਆਜ਼ਾਦੀ ਦੇ ਇਸ ਮਹਾਨ ਪਵਿੱਤਰ ਉਤਸਵ 'ਤੇ ਦੇਸ਼ ਅਤੇ ਦੁਨੀਆ ਦੇ ਕਰੋੜਾਂ ਲੋਕਾਂ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ, ਜੋ ਭਾਰਤ ਨੂੰ ਪਿਆਰ ਕਰਦੇ ਹਨ, ਭਾਰਤ ਦਾ ਸਤਿਕਾਰ ਕਰਦੇ ਹਨ, ਜੋ ਭਾਰਤ 'ਤੇ ਮਾਣ ਕਰਦੇ ਹਨ। 

  2. ਪੂਜਨੀਕ ਬਾਪੂ ਦੀ ਅਗਵਾਈ ਵਿਚ ਨਾ-ਮਿਲਵਰਤਣ ਦੀ ਲਹਿਰ, ਸੱਤਿਆਗ੍ਰਹਿ ਦੀ ਲਹਿਰ ਅਤੇ ਭਗਤ ਸਿੰਘ, ਸੁਖਦੇਵ, ਰਾਜਗੁਰੂ ਜਿਹੇ ਅਣਗਿਣਤ ਨਾਇਕਾਂ ਦੀ ਕੁਰਬਾਨੀ, ਉਸ ਪੀੜ੍ਹੀ ਵਿੱਚ ਸ਼ਾਇਦ ਹੀ ਕੋਈ ਅਜਿਹਾ ਵਿਅਕਤੀ ਹੋਵੇਗਾ ਜਿਸ ਨੇ ਦੇਸ਼ ਦੀ ਆਜ਼ਾਦੀ ਵਿਚ ਯੋਗਦਾਨ ਨਾ ਪਾਇਆ ਹੋਵੇ। ਅੱਜ ਦੇਸ਼ ਦੀ ਆਜ਼ਾਦੀ ਦੇ ਸੰਘਰਸ਼ ਵਿੱਚ ਜਿਨ੍ਹਾਂ ਨੇ ਯੋਗਦਾਨ ਪਾਇਆ, ਕੁਰਬਾਨੀਆਂ ਕੀਤੀਆਂ, ਤਪ ਕੀਤਾ, ਮੈਂ ਉਨ੍ਹਾਂ ਸਾਰਿਆਂ ਨੂੰ ਆਦਰ ਨਾਲ ਨਮਨ ਕਰਦਾ ਹਾਂ, ਮੈਂ ਉਨ੍ਹਾਂ ਨੂੰ ਵਧਾਈ ਦਿੰਦਾ ਹਾਂ। 

  3. ਅੱਜ 15 ਅਗਸਤ, ਮਹਾਨ ਕ੍ਰਾਂਤੀਕਾਰੀ ਅਤੇ ਅਧਿਆਤਮਕ ਜੀਵਨ ਦੇ ਮੋਢੀ ਸ਼੍ਰੀ ਅਰਬਿੰਦੋ ਦੀ 150ਵੀਂ ਜਯੰਤੀ ਪੂਰੀ ਹੋ ਰਹੀ ਹੈ। ਇਹ ਸਾਲ ਸਵਾਮੀ ਦਯਾਨੰਦ ਸਰਸਵਤੀ ਦੀ 150ਵੀਂ ਜਯੰਤੀ ਦਾ ਸਾਲ ਹੈ। ਇਸ ਸਾਲ ਰਾਣੀ ਦੁਰਗਾਵਤੀ ਦੀ 500ਵੀਂ ਜਯੰਤੀ ਦਾ ਬਹੁਤ ਹੀ ਸ਼ੁਭ ਅਵਸਰ ਹੈ, ਜਿਸ ਨੂੰ ਪੂਰਾ ਦੇਸ਼ ਬਹੁਤ ਧੂਮਧਾਮ ਨਾਲ ਮਨਾਉਣ ਜਾ ਰਿਹਾ ਹੈ। ਇਸ ਸਾਲ ਭਗਤੀ ਯੋਗ ਦੀ ਮੁਖੀ ਮੀਰਾਬਾਈ ਦਾ 525 ਸਾਲਾ ਸ਼ੁਭ ਉਤਸਵ ਵੀ ਹੈ। 

  4. ਇਸ ਵਾਰ 26 ਜਨਵਰੀ ਨੂੰ ਅਸੀਂ ਆਪਣੇ ਗਣਤੰਤਰ ਦਿਵਸ ਦੀ 75ਵੀਂ ਵਰ੍ਹੇਗੰਢ ਮਨਾਵਾਂਗੇ। ਇਸ ਵਿੱਚ ਕਈ ਤਰੀਕਿਆਂ ਨਾਲ ਕਈ ਮੌਕੇ ਹੋਣਗੇ, ਕਈ ਸੰਭਾਵਨਾਵਾਂ, ਹਰ ਪਲ ਨਵੀਂ ਪ੍ਰੇਰਣਾ, ਪਲ-ਪਲ ਨਵੀਂ ਚੇਤਨਾ, ਸੁਪਨੇ, ਸੰਕਲਪ, ਰਾਸ਼ਟਰ ਨਿਰਮਾਣ ਵਿੱਚ ਜੁਟੇ ਹੋਣ ਦੇ, ਸ਼ਾਇਦ ਇਸ ਤੋਂ ਬੜਾ ਮੌਕਾ ਹੋਰ ਕੋਈ ਨਹੀਂ ਹੋ ਸਕਦਾ। 

  5. ਪਿਛਲੇ ਕੁਝ ਹਫ਼ਤਿਆਂ ਵਿੱਚ ਉੱਤਰ-ਪੂਰਬ ਵਿੱਚ, ਖਾਸ ਕਰਕੇ ਮਣੀਪੁਰ ਅਤੇ ਭਾਰਤ ਦੇ ਕੁਝ ਹੋਰ ਹਿੱਸਿਆਂ ਵਿੱਚ, ਪਰ ਖਾਸ ਕਰਕੇ ਮਣੀਪੁਰ ਵਿੱਚ, ਬਹੁਤ ਸਾਰੇ ਲੋਕਾਂ ਦੀ ਜਾਨ ਗਈ, ਮਾਤਾਵਾਂ-ਬੇਟੀਆਂ ਦੀ ਇੱਜ਼ਤ ਨਾਲ ਖਿਲਵਾੜ ਕੀਤਾ ਗਿਆ, ਪਰ ਪਿਛਲੇ ਕੁਝ ਦਿਨਾਂ ਵਿੱਚ, ਸ਼ਾਂਤੀ ਦੀਆਂ ਲਗਾਤਾਰ ਖਬਰਾਂ ਆ ਰਹੀਆਂ ਹਨ, ਦੇਸ਼ ਮਣੀਪੁਰ ਦੇ ਲੋਕਾਂ ਦੇ ਨਾਲ ਹੈ। ਦੇਸ਼ ਨੂੰ ਸ਼ਾਂਤੀ ਦੇ ਉਤਸਵ ਨੂੰ ਅੱਗੇ ਵਧਾਉਣਾ ਚਾਹੀਦਾ ਹੈ, ਜੋ ਮਣੀਪੁਰ ਦੇ ਲੋਕਾਂ ਨੇ ਪਿਛਲੇ ਕੁਝ ਦਿਨਾਂ ਤੋਂ ਬਣਾਈ ਰੱਖਿਆ ਹੈ ਅਤੇ ਸ਼ਾਂਤੀ ਦੇ ਜ਼ਰੀਏ ਹੀ ਹੱਲ ਦਾ ਰਸਤਾ ਨਿਕਲੇਗਾ। ਅਤੇ ਰਾਜ ਅਤੇ ਕੇਂਦਰ ਸਰਕਾਰ ਮਿਲ ਕੇ ਉਨ੍ਹਾਂ ਸਮੱਸਿਆਵਾਂ ਦੇ ਹੱਲ ਲਈ ਆਪਣੀ ਪੂਰੀ ਕੋਸ਼ਿਸ਼ ਕਰ ਰਹੀਆਂ ਹਨ ਅਤੇ ਅੱਗੇ ਵੀ ਕਰਦੀਆਂ ਰਹਿਣਗੀਆਂ। 

  6. ਇਹ ਅੰਮ੍ਰਿਤਕਾਲ ਦਾ ਪਹਿਲਾ ਸਾਲ ਹੈ, ਇਸ ਸਮੇਂ ਵਿੱਚ ਅਸੀਂ ਕੀ ਕਰਾਂਗੇ, ਅਸੀਂ ਕੀ ਕਦਮ ਚੁੱਕਾਂਗੇ, ਅਸੀਂ ਕੀ ਕੁਰਬਾਨੀਆਂ ਕਰਾਂਗੇ, ਕਿਹੜਾ ਤਪ ਕਰਾਂਗੇ, ਇਸ ਤੋਂ ਆਉਣ ਵਾਲੇ ਇੱਕ ਹਜ਼ਾਰ ਸਾਲਾਂ ਦਾ ਦੇਸ਼ ਦਾ ਸੁਨਹਿਰੀ ਇਤਿਹਾਸ ਪੁੰਗਰਣ ਵਾਲਾ ਹੈ। 

  7. ਮਾਂ ਭਾਰਤੀ ਜਾਗ ਚੁੱਕੀ ਹੈ ਅਤੇ ਮੈਂ ਸਾਫ਼-ਸਾਫ਼ ਦੇਖ ਸਕਦਾ ਹਾਂ ਦੋਸਤੋ, ਇਹ ਉਹ ਦੌਰ ਹੈ ਜੋ ਅਸੀਂ ਪਿਛਲੇ 9-10 ਸਾਲਾਂ ਵਿੱਚ ਅਨੁਭਵ ਕੀਤਾ ਹੈ, ਇੱਕ ਨਵੀਂ ਖਿੱਚ, ਇੱਕ ਨਵਾਂ ਵਿਸ਼ਵਾਸ, ਭਾਰਤ ਦੀ ਚੇਤਨਾ, ਭਾਰਤ ਦੀ ਸਮਰੱਥਾ ਪ੍ਰਤੀ ਪੂਰੀ ਦੁਨੀਆ ਵਿੱਚ ਇੱਕ ਨਵੀਂ ਉਮੀਦ ਜਾਗੀ ਹੈ ਅਤੇ ਦੁਨੀਆ ਆਪਣੇ ਲਈ ਇੱਕ ਰੋਸ਼ਨੀ ਦੇ ਰੂਪ ਵਿੱਚ ਇਸ ਰੋਸ਼ਨੀ ਦੀ ਕਿਰਨ ਨੂੰ ਦੇਖ ਰਹੀ ਹੈ, ਜੋ ਭਾਰਤ ਤੋਂ ਉੱਠੀ ਹੈ। 

  8. ਜਨਸੰਖਿਆ, ਲੋਕਤੰਤਰ ਅਤੇ ਵਿਵਿਧਤਾ ਦੀ ਇਹ ਤਿੱਕੜੀ ਭਾਰਤ ਦੇ ਹਰ ਸੁਪਨੇ ਨੂੰ ਸਾਕਾਰ ਕਰਨ ਦੀ ਸਮਰੱਥਾ ਰੱਖਦੀ ਹੈ। ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਅੱਜ ਸਾਡੀ 30 ਸਾਲ ਤੋਂ ਘੱਟ ਉਮਰ ਦੀ ਜਨਸੰਖਿਆ, ਵਿਸ਼ਵ ਵਿੱਚ ਸਭ ਤੋਂ ਵੱਧ ਹੈ। 30 ਸਾਲ ਤੋਂ ਘੱਟ ਉਮਰ ਦੇ ਨੌਜਵਾਨਾਂ ਦੇ ਰੂਪ ਵਿੱਚ, ਮੇਰੇ ਦੇਸ਼ ਕੋਲ ਲੱਖਾਂ ਬਾਹਾਂ, ਲੱਖਾਂ ਦਿਮਾਗ, ਲੱਖਾਂ ਸੁਪਨੇ, ਲੱਖਾਂ ਦ੍ਰਿੜ੍ਹ ਇਰਾਦੇ ਹਨ, ਜਿਨ੍ਹਾਂ ਨਾਲ ਮੇਰੇ ਭਰਾਵੋ ਅਤੇ ਭੈਣੋ, ਮੇਰੇ ਪਰਿਵਾਰਕ ਮੈਂਬਰਾਨ ਲੋੜੀਂਦੇ ਨਤੀਜੇ ਪ੍ਰਾਪਤ ਕਰ ਸਕਦੇ ਹਨ। 

  9. ਅੱਜ, ਮੇਰੇ ਨੌਜਵਾਨਾਂ ਨੇ ਭਾਰਤ ਨੂੰ ਦੁਨੀਆ ਦੇ ਪਹਿਲੇ ਤਿੰਨ ਸਟਾਰਟ-ਅੱਪ ਈਕੋ-ਸਿਸਟਮ ਵਿੱਚ ਜਗ੍ਹਾ ਦਿੱਤੀ ਹੈ। ਭਾਰਤ ਦੀ ਇਸ ਤਾਕਤ ਨੂੰ ਦੇਖ ਕੇ ਦੁਨੀਆ ਭਰ ਦੇ ਨੌਜਵਾਨ ਹੈਰਾਨ ਹਨ। ਅੱਜ ਦੁਨੀਆ ਟੈਕਨੋਲੋਜੀ ਨਾਲ ਸੰਚਾਲਿਤ ਹੈ ਅਤੇ ਆਉਣ ਵਾਲਾ ਯੁਗ ਟੈਕਨੋਲੋਜੀ ਤੋਂ ਪ੍ਰਭਾਵਿਤ ਹੋਣ ਵਾਲਾ ਹੈ ਅਤੇ ਫਿਰ ਟੈਕਨੋਲੋਜੀ ਵਿੱਚ ਭਾਰਤ ਦੀ ਪ੍ਰਤਿਭਾ ਇੱਕ ਨਵੀਂ ਭੂਮਿਕਾ ਨਿਭਾਉਣ ਜਾ ਰਹੀ ਹੈ। 

  10. ਹਾਲ ਹੀ ਵਿੱਚ, ਮੈਂ ਜੀ-20 ਸਮਿਟ ਲਈ ਬਾਲੀ ਗਿਆ ਸੀ ਅਤੇ ਬਾਲੀ ਵਿੱਚ, ਦੁਨੀਆ ਦੇ ਸਭ ਤੋਂ ਸਮ੍ਰਿੱਧ ਦੇਸ਼, ਉਨ੍ਹਾਂ ਦੇ ਨੇਤਾ, ਦੁਨੀਆ ਦੇ ਵਿਕਸਿਤ ਦੇਸ਼ ਵੀ ਮੇਰੇ ਤੋਂ ਭਾਰਤ ਦੇ ਡਿਜੀਟਲ ਇੰਡੀਆ ਦੀ ਸਫਲਤਾ, ਇਸ ਦੀਆਂ ਬਾਰੀਕੀਆਂ ਬਾਰੇ ਜਾਣਨ ਲਈ ਉਤਸੁਕ ਸਨ। ਹਰ ਕੋਈ ਇਹ ਸਵਾਲ ਪੁੱਛਦਾ ਸੀ ਅਤੇ ਜਦੋਂ ਮੈਂ ਉਨ੍ਹਾਂ ਨੂੰ ਦੱਸਦਾ ਸੀ ਕਿ ਭਾਰਤ ਨੇ ਜੋ ਅਜੂਬੇ ਕੀਤੇ ਹਨ, ਉਹ ਸਿਰਫ਼ ਦਿੱਲੀ, ਮੁੰਬਈ, ਚੇਨਈ ਤੱਕ ਸੀਮਤ ਨਹੀਂ ਹਨ, ਭਾਰਤ ਜੋ ਅਚੰਭੇ ਕਰ ਰਿਹਾ ਹੈ, ਇੱਥੋਂ ਤੱਕ ਕਿ ਮੇਰੇ ਟੀਅਰ-2, ਟੀਅਰ-3 ਸ਼ਹਿਰਾਂ ਦੇ ਨੌਜਵਾਨ ਵੀ ਅੱਜ ਮੇਰੇ ਦੇਸ਼ ਦੀ ਕਿਸਮਤ ਨੂੰ ਆਕਾਰ ਦੇ ਰਹੇ ਹਨ। 

  11. ਝੁੱਗੀਆਂ 'ਚੋਂ ਨਿਕਲ ਕੇ ਆਏ ਬੱਚੇ ਅੱਜ ਖੇਡਾਂ ਦੀ ਦੁਨੀਆ 'ਚ ਆਪਣੀ ਤਾਕਤ ਦਿਖਾ ਰਹੇ ਹਨ। ਛੋਟੇ-ਛੋਟੇ ਪਿੰਡਾਂ, ਛੋਟੇ ਕਸਬਿਆਂ ਦੇ ਨੌਜਵਾਨ ਸਾਡੇ ਬੇਟੀਆਂ-ਬੇਟੇ ਅੱਜ ਕਮਾਲ ਦਿਖਾ ਰਹੇ ਹਨ। ਮੇਰੇ ਦੇਸ਼ ਵਿੱਚ 100 ਸਕੂਲ ਅਜਿਹੇ ਹਨ, ਜਿੱਥੇ ਬੱਚੇ ਸੈਟੇਲਾਈਟ ਬਣਾ ਕੇ ਉਨ੍ਹਾਂ ਨੂੰ ਛੱਡਣ ਦੀ ਤਿਆਰੀ ਕਰ ਰਹੇ ਹਨ। ਅੱਜ ਹਜ਼ਾਰਾਂ ਅਟਲ ਟਿੰਕਰਿੰਗ ਲੈਬ ਨਵੇਂ ਵਿਗਿਆਨੀ ਪੈਦਾ ਕਰ ਰਹੀਆਂ ਹਨ, ਜੋ ਲੱਖਾਂ ਬੱਚਿਆਂ ਨੂੰ ਵਿਗਿਆਨ ਅਤੇ ਟੈਕਨੋਲੋਜੀ ਦਾ ਰਾਹ ਅਪਣਾਉਣ ਲਈ ਪ੍ਰੇਰਿਤ ਕਰ ਰਹੀਆਂ ਹਨ। 

 

  1. ਪਿਛਲੇ ਇੱਕ ਸਾਲ ਵਿੱਚ ਜਿਸ ਤਰ੍ਹਾਂ ਭਾਰਤ ਦੇ ਕੋਨੇ-ਕੋਨੇ ਵਿੱਚ ਜੀ-20 ਸਮਾਗਮਾਂ ਦਾ ਆਯੋਜਨ ਕੀਤਾ ਗਿਆ ਹੈ, ਉਸ ਨੇ ਦੁਨੀਆ ਨੂੰ ਦੇਸ਼ ਦੇ ਆਮ ਆਦਮੀ ਦੀ ਸਮਰੱਥਾ ਤੋਂ ਜਾਣੂ ਕਰਵਾਇਆ ਹੈ। ਭਾਰਤ ਦੀ ਵਿਵਿਧਤਾ ਨੂੰ ਪੇਸ਼ ਕੀਤਾ ਗਿਆ ਹੈ ਅਤੇ ਉਨ੍ਹਾਂ ਨੂੰ ਦਿਖਾਇਆ ਗਿਆ ਹੈ। 

  2. ਅੱਜ ਭਾਰਤ ਦਾ ਨਿਰਯਾਤ ਤੇਜ਼ੀ ਨਾਲ ਵਧ ਰਿਹਾ ਹੈ ਅਤੇ ਵੱਖ-ਵੱਖ ਮਾਪਦੰਡਾਂ ਦੇ ਅਧਾਰ 'ਤੇ ਦੁਨੀਆ ਦੇ ਮਾਹਰ ਕਹਿ ਰਹੇ ਹਨ ਕਿ ਹੁਣ ਭਾਰਤ ਰੁਕਣ ਵਾਲਾ ਨਹੀਂ ਹੈ। ਦੁਨੀਆ ਦੀ ਹਰੇਕ ਰੇਟਿੰਗ ਏਜੰਸੀ ਭਾਰਤ ਨੂੰ ਮਾਣਮੱਤਾ ਬਣਾ ਰਹੀ ਹੈ। 

  3. ਮੈਂ ਸਪਸ਼ਟ ਤੌਰ 'ਤੇ ਦੇਖ ਸਕਦਾ ਹਾਂ ਕਿ ਕੋਰੋਨਾ ਤੋਂ ਬਾਅਦ, ਇੱਕ ਨਵਾਂ ਵਰਲਡ ਆਰਡਰ, ਇੱਕ ਨਵੀਂ ਵਿਸ਼ਵ ਵਿਵਸਥਾ, ਇੱਕ ਨਵਾਂ ਭੂ-ਰਾਜਨੀਤਕ ਸਮੀਕਰਨ ਬਹੁਤ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਭੂ-ਰਾਜਨੀਤਕ ਸਮੀਕਰਨਾਂ ਦੀਆਂ ਸਾਰੀਆਂ ਵਿਆਖਿਆਵਾਂ ਬਦਲ ਰਹੀਆਂ ਹਨ, ਪਰਿਭਾਸ਼ਾਵਾਂ ਬਦਲ ਰਹੀਆਂ ਹਨ। ਮੇਰੇ 140 ਕਰੋੜ ਦੇਸ਼ਵਾਸੀਓ, ਅੱਜ, ਬਦਲਦੀ ਦੁਨੀਆ ਨੂੰ ਆਕਾਰ ਦੇਣ ਦੀ ਤੁਹਾਡੀ ਸਮਰੱਥਾ ਦਿਖਾਈ ਦੇ ਰਹੀ ਹੈ। ਤੁਸੀਂ ਇੱਕ ਮੋੜ 'ਤੇ ਖੜ੍ਹੇ ਹੋ। ਅਤੇ ਜਿਸ ਤਰ੍ਹਾਂ ਭਾਰਤ ਨੇ ਕੋਰੋਨਾ ਦੇ ਦੌਰ ਵਿੱਚ ਦੇਸ਼ ਨੂੰ ਅੱਗੇ ਵਧਾਇਆ ਹੈ, ਦੁਨੀਆ ਨੇ ਸਾਡੀ ਸਮਰੱਥਾ ਨੂੰ ਦੇਖਿਆ ਹੈ। 

  4. ਅੱਜ ਭਾਰਤ ਗਲੋਬਲ ਸਾਊਥ ਦੀ ਆਵਾਜ਼ ਬਣ ਰਿਹਾ ਹੈ। ਭਾਰਤ ਦੀ ਸਮ੍ਰਿੱਧੀ ਅਤੇ ਵਿਰਾਸਤ ਅੱਜ ਦੁਨੀਆ ਲਈ ਇੱਕ ਮੌਕਾ ਬਣ ਰਹੀ ਹੈ। ਹੁਣ ਗੇਂਦ ਸਾਡੇ ਪਾਲ਼ੇ ਵਿੱਚ ਹੈ, ਸਾਨੂੰ ਮੌਕਾ ਨਹੀਂ ਜਾਣ ਦੇਣਾ ਚਾਹੀਦਾ, ਮੌਕਾ ਨਹੀਂ ਗੁਆਉਣਾ ਚਾਹੀਦਾ। ਮੈਂ ਭਾਰਤ ਵਿੱਚ ਆਪਣੇ ਦੇਸ਼ਵਾਸੀਆਂ ਨੂੰ ਵੀ ਵਧਾਈ ਦਿੰਦਾ ਹਾਂ ਕਿਉਂਕਿ ਮੇਰੇ ਦੇਸ਼ਵਾਸੀਆਂ ਵਿੱਚ ਸਮੱਸਿਆਵਾਂ ਦੀਆਂ ਜੜ੍ਹਾਂ ਨੂੰ ਸਮਝਣ ਦੀ ਸਮਰੱਥਾ ਹੈ ਅਤੇ ਇਸ ਲਈ 2014 ਵਿੱਚ, 30 ਸਾਲਾਂ ਦੇ ਅਨੁਭਵ ਤੋਂ ਬਾਅਦ, ਮੇਰੇ ਦੇਸ਼ਵਾਸੀਆਂ ਨੇ ਇੱਕ ਮਜ਼ਬੂਤ ਅਤੇ ਸਥਿਰ ਸਰਕਾਰ ਬਣਾਉਣ ਦਾ ਫ਼ੈਸਲਾ ਕੀਤਾ। 

  5. ਜਦੋਂ ਤੁਸੀਂ 2014 ਅਤੇ 2019 ਵਿੱਚ ਸਰਕਾਰ ਬਣਾਈ ਤਾਂ ਮੋਦੀ ਨੇ ਸੁਧਾਰ ਕਰਨ ਦੀ ਹਿੰਮਤ ਕੀਤੀ। ਅਤੇ ਜਦੋਂ ਮੋਦੀ ਨੇ ਇੱਕ ਤੋਂ ਬਾਅਦ ਇੱਕ ਸੁਧਾਰ ਕੀਤੇ ਤਾਂ ਮੇਰੀ ਨੌਕਰਸ਼ਾਹੀ ਦੇ ਲੋਕ, ਮੇਰੇ ਲੱਖਾਂ ਹੱਥ-ਪੈਰ ਜੋ ਭਾਰਤ ਦੇ ਕੋਨੇ-ਕੋਨੇ ਵਿੱਚ ਸਰਕਾਰ ਦੇ ਅੰਗ ਵਜੋਂ ਕੰਮ ਕਰ ਰਹੇ ਹਨ, ਉਨ੍ਹਾਂ ਨੇ ਨੌਕਰਸ਼ਾਹੀ ਨੂੰ ਬਦਲਣ ਲਈ ਕੰਮ ਕੀਤਾ। ਅਤੇ ਇਸੇ ਲਈ ਸੁਧਾਰ, ਪ੍ਰਦਰਸ਼ਨ, ਪਰਿਵਰਤਨ ਦਾ ਇਹ ਦੌਰ ਹੁਣ ਭਾਰਤ ਦੇ ਭਵਿੱਖ ਨੂੰ ਆਕਾਰ ਦੇ ਰਿਹਾ ਹੈ। 

  6. ਅਸੀਂ ਇੱਕ ਵੱਖਰਾ ਕੌਸ਼ਲ ਮੰਤਰਾਲਾ ਬਣਾਇਆ ਹੈ, ਇਹ ਨਾ ਸਿਰਫ਼ ਭਾਰਤ ਦੀਆਂ ਜ਼ਰੂਰਤਾਂ ਪੂਰੀਆਂ ਕਰੇਗਾ, ਇਹ ਵਿਸ਼ਵ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੀ ਸਮਰੱਥਾ ਵੀ ਰੱਖੇਗਾ। ਅਸੀਂ ਜਲ ਸ਼ਕਤੀ ਮੰਤਰਾਲਾ ਬਣਾਇਆ ਹੈ, ਜੋ ਇਹ ਯਕੀਨੀ ਬਣਾਉਣ 'ਤੇ ਜ਼ੋਰ ਦੇ ਰਿਹਾ ਹੈ ਕਿ ਸਾਡੇ ਦੇਸ਼ ਦੇ ਹਰੇਕ ਦੇਸ਼ਵਾਸੀ ਤੱਕ ਪੀਣ ਵਾਲਾ ਸ਼ੁੱਧ ਪਾਣੀ ਪਹੁੰਚੇ, ਵਾਤਾਵਰਣ ਦੀ ਰਾਖੀ ਲਈ ਜਲ ਸੰਵੇਦਨਸ਼ੀਲ ਪ੍ਰਣਾਲੀਆਂ ਨੂੰ ਵਿਕਸਿਤ ਕੀਤਾ ਜਾ ਸਕੇ। ਸੰਪੂਰਨ ਸਿਹਤ ਸੰਭਾਲ਼ ਸਮੇਂ ਦੀ ਜ਼ਰੂਰਤ ਹੈ। ਅਸੀਂ ਇੱਕ ਵੱਖਰਾ ਆਯੁਸ਼ ਮੰਤਰਾਲਾ ਬਣਾਇਆ ਅਤੇ ਅੱਜ ਯੋਗ ਅਤੇ ਆਯੁਸ਼ ਦੁਨੀਆ ਵਿੱਚ ਰੋਸ਼ਨ ਉਦਾਹਰਣ ਬਣ ਗਏ ਹਨ। 

  7. ਸਾਡੇ ਕਰੋੜਾਂ ਮਛੇਰੇ ਭਰਾ ਅਤੇ ਭੈਣਾਂ, ਉਨ੍ਹਾਂ ਦੀ ਭਲਾਈ ਵੀ ਸਾਡੇ ਦਿਲ ਵਿੱਚ ਹੈ ਅਤੇ ਇਸੇ ਲਈ ਅਸੀਂ ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਲਈ ਇੱਕ ਵੱਖਰਾ ਮੰਤਰਾਲਾ ਬਣਾਇਆ ਹੈ, ਤਾਂ ਜੋ ਸਮਾਜ ਦੇ ਪਿੱਛੇ ਰਹਿ ਗਏ ਲੋਕਾਂ ਨੂੰ ਲੋੜੀਂਦਾ ਸਮਰਥਨ ਮਿਲ ਸਕੇ। 

  8. ਸਹਿਕਾਰੀ ਲਹਿਰ ਸਮਾਜ ਦੀ ਅਰਥਵਿਵਸਥਾ ਦਾ ਇੱਕ ਬੜਾ ਹਿੱਸਾ ਹੈ, ਇਸ ਨੂੰ ਮਜ਼ਬੂਤ ਕਰਨ, ਇਸ ਨੂੰ ਆਧੁਨਿਕ ਬਣਾਉਣ ਅਤੇ ਦੇਸ਼ ਦੇ ਹਰ ਕੋਨੇ ਵਿੱਚ ਲੋਕਤੰਤਰ ਦੀ ਸਭ ਤੋਂ ਵੱਡੀ ਇਕਾਈ ਨੂੰ ਮਜ਼ਬੂਤ ਕਰਨ ਲਈ ਅਸੀਂ ਇੱਕ ਵੱਖਰਾ ਸਹਿਕਾਰਤਾ ਮੰਤਰਾਲਾ ਬਣਾਇਆ ਹੈ। ਅਸੀਂ ਸਹਿਯੋਗ ਰਾਹੀਂ ਸਮ੍ਰਿੱਧੀ ਦਾ ਰਾਹ ਅਪਣਾਇਆ ਹੈ। 

  9. ਜਦੋਂ ਅਸੀਂ 2014 ਵਿੱਚ ਸੱਤਾ ਵਿੱਚ ਆਏ ਸੀ, ਅਸੀਂ ਵਿਸ਼ਵ ਅਰਥਵਿਵਸਥਾ ਵਿੱਚ 10ਵੇਂ ਨੰਬਰ 'ਤੇ ਸੀ ਅਤੇ ਅੱਜ 140 ਕਰੋੜ ਦੇਸ਼ਵਾਸੀਆਂ ਦੇ ਯਤਨਾਂ ਦਾ ਫਲ ਮਿਲਿਆ ਹੈ ਅਤੇ ਅਸੀਂ ਵਿਸ਼ਵ ਅਰਥਵਿਵਸਥਾ ਵਿੱਚ 5ਵੇਂ ਨੰਬਰ 'ਤੇ ਪਹੁੰਚ ਗਏ ਹਾਂ। ਅਸੀਂ ਰਿਸਾਅ ਨੂੰ ਰੋਕਿਆ, ਇੱਕ ਮਜ਼ਬੂਤ ਅਰਥਵਿਵਸਥਾ ਬਣਾਈ, ਅਸੀਂ ਗ਼ਰੀਬਾਂ ਦੀ ਭਲਾਈ ਲਈ ਵੱਧ ਤੋਂ ਵੱਧ ਪੈਸਾ ਖਰਚਣ ਦੀ ਕੋਸ਼ਿਸ਼ ਕੀਤੀ। 

  10. ਮੈਂ ਆਪਣੇ ਦੇਸ਼ਵਾਸੀਆਂ ਨੂੰ ਲਾਲ ਕਿਲੇ ਤੋਂ ਤਿਰੰਗੇ ਦੀ ਮੌਜੂਦਗੀ ਵਿੱਚ 10 ਸਾਲਾਂ ਦਾ ਲੇਖਾ-ਜੋਖਾ ਦੇ ਰਿਹਾ ਹਾਂ। 

  • 10 ਸਾਲ ਪਹਿਲਾਂ ਭਾਰਤ ਸਰਕਾਰ ਤੋਂ 30 ਲੱਖ ਕਰੋੜ ਰੁਪਏ ਰਾਜਾਂ ਨੂੰ ਜਾਂਦੇ ਸਨ। ਪਿਛਲੇ 9 ਸਾਲਾਂ ਵਿੱਚ ਇਹ ਅੰਕੜਾ 100 ਲੱਖ ਕਰੋੜ ਤੱਕ ਪਹੁੰਚ ਗਿਆ ਹੈ।

  • ਪਹਿਲਾਂ ਭਾਰਤ ਸਰਕਾਰ ਦੇ ਖਜ਼ਾਨੇ ਵਿੱਚੋਂ 70 ਹਜ਼ਾਰ ਕਰੋੜ ਰੁਪਏ ਸਥਾਨਕ ਸੰਸਥਾਵਾਂ ਦੇ ਵਿਕਾਸ ਲਈ ਖਰਚ ਕੀਤੇ ਜਾਂਦੇ ਸਨ, ਅੱਜ ਇਹ 3 ਲੱਖ ਕਰੋੜ ਤੋਂ ਵੱਧ ਹਨ।

  • ਪਹਿਲਾਂ ਗ਼ਰੀਬਾਂ ਦੇ ਘਰ ਬਣਾਉਣ ਲਈ 90 ਹਜ਼ਾਰ ਕਰੋੜ ਰੁਪਏ ਖਰਚ ਕੀਤੇ ਜਾਂਦੇ ਸਨ, ਅੱਜ ਇਹ 4 ਗੁਣਾ ਵਧ ਗਏ ਹਨ ਅਤੇ ਗ਼ਰੀਬਾਂ ਦੇ ਘਰ ਬਣਾਉਣ ਲਈ 4 ਲੱਖ ਕਰੋੜ ਤੋਂ ਵੱਧ ਖਰਚ ਕੀਤੇ ਜਾ ਰਹੇ ਹਨ।

  • ਯੂਰੀਆ ਦੇ ਜਿਹੜੇ ਥੈਲੇ ਦੁਨੀਆ ਦੀਆਂ ਕੁਝ ਮੰਡੀਆਂ ਵਿੱਚ 3000 ਰੁਪਏ ਵਿੱਚ ਵਿਕਦੇ ਸਨ, ਮੇਰੇ ਕਿਸਾਨਾਂ ਨੂੰ ਯੂਰੀਆ ਦਾ ਉਹ ਥੈਲਾ 300 ਰੁਪਏ ਵਿੱਚ ਮਿਲਿਆ ਹੈ, ਜਿਸ ਲਈ ਦੇਸ਼ ਦੀ ਸਰਕਾਰ 10 ਲੱਖ ਕਰੋੜ ਰੁਪਏ ਦੀ ਸਬਸਿਡੀ ਦੇ ਰਹੀ ਹੈ।

  • ਮੇਰੇ ਦੇਸ਼ ਦੇ ਨੌਜਵਾਨਾਂ ਨੂੰ ਸਵੈ-ਰੋਜ਼ਗਾਰ, ਉਨ੍ਹਾਂ ਦੇ ਕਾਰੋਬਾਰ ਲਈ 20 ਲੱਖ ਕਰੋੜ ਰੁਪਏ ਦਿੱਤੇ ਗਏ ਹਨ। ਮੁਦਰਾ ਯੋਜਨਾ ਦਾ ਲਾਭ ਲੈਣ ਵਾਲੇ 8 ਕਰੋੜ ਨਾਗਰਿਕਾਂ ਨੂੰ 8-10 ਕਰੋੜ ਨਵੇਂ ਲੋਕਾਂ ਨੂੰ ਰੋਜ਼ਗਾਰ ਦੇਣ ਦੀ ਸਮਰੱਥਾ ਮਿਲੀ ਹੈ।

  • ਅਸੀਂ ਐੱਮਐੱਸਐੱਮਈਜ਼ ਨੂੰ ਹੋਰ ਮਜ਼ਬੂਤ ਕਰਨ ਲਈ ਸਾਢੇ ਤਿੰਨ ਲੱਖ ਕਰੋੜ ਰੁਪਏ ਦਿੱਤੇ ਹਨ।

  • ਇੱਕ ਰੈਂਕ, ਇੱਕ ਪੈਨਸ਼ਨ ਮੇਰੇ ਦੇਸ਼ ਦੇ ਸੈਨਿਕਾਂ ਲਈ ਸਨਮਾਨ ਦੀ ਗੱਲ ਸੀ, ਅੱਜ ਭਾਰਤ ਦੇ ਖਜ਼ਾਨੇ ਵਿੱਚੋਂ ਮੇਰੇ ਸੇਵਾਮੁਕਤ ਸੈਨਿਕ ਨਾਇਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਤੱਕ 70 ਹਜ਼ਾਰ ਕਰੋੜ ਰੁਪਏ ਪਹੁੰਚੇ ਹਨ।

  1. ਸਾਡੇ ਵੱਲੋਂ ਕੀਤੇ ਸਾਰੇ ਯਤਨਾਂ ਦਾ ਨਤੀਜਾ ਹੈ ਕਿ ਅੱਜ ਮੇਰੇ 13.5 ਕਰੋੜ ਗ਼ਰੀਬ ਭੈਣ-ਭਰਾ ਗ਼ਰੀਬੀ ਦੀਆਂ ਜੰਜ਼ੀਰਾਂ ਤੋੜ ਕੇ ਨਵੇਂ ਮੱਧ ਵਰਗ ਦੇ ਰੂਪ ਵਿੱਚ ਸਾਹਮਣੇ ਆਏ ਹਨ। ਜ਼ਿੰਦਗੀ ਵਿੱਚ ਇਸ ਤੋਂ ਵੱਡੀ ਸੰਤੁਸ਼ਟੀ ਕੋਈ ਨਹੀਂ ਹੋ ਸਕਦੀ। 

  2. ਪੀਐੱਮ ਸਵਨਿਧੀ ਤੋਂ ਰੇਹੜੀ-ਪਟੜੀ ਵਿਕਰੇਤਾਵਾਂ ਲਈ 50 ਹਜ਼ਾਰ ਕਰੋੜ ਰੁਪਏ ਭੇਜੇ ਗਏ ਹਨ। ਆਗਾਮੀ ਦਿਨਾਂ ਵਿੱਚ, ਅਸੀਂ ਆਉਣ ਵਾਲੀ ਵਿਸ਼ਵਕਰਮਾ ਜਯੰਤੀ 'ਤੇ ਇੱਕ ਪ੍ਰੋਗਰਾਮ ਨੂੰ ਅੱਗੇ ਵਧਾਵਾਂਗੇ। ਇਸ ਵਿਸ਼ਵਕਰਮਾ ਜਯੰਤੀ 'ਤੇ, ਅਸੀਂ ਉਨ੍ਹਾਂ ਲੋਕਾਂ ਨੂੰ ਲਗਭਗ 13-15 ਹਜ਼ਾਰ ਕਰੋੜ ਰੁਪਏ ਦੇਵਾਂਗੇ, ਜੋ ਰਵਾਇਤੀ ਕੌਸ਼ਲ ਨਾਲ ਗੁਜਾਰਾ ਕਰਦੇ ਹਨ, ਜੋ ਔਜ਼ਾਰਾਂ ਅਤੇ ਆਪਣੇ ਹੱਥਾਂ ਨਾਲ ਕੰਮ ਕਰਦੇ ਹਨ, ਜੋ ਜ਼ਿਆਦਾਤਰ ਓਬੀਸੀ ਭਾਈਚਾਰੇ ਦੇ ਹਨ। 

  3. ਅਸੀਂ ਪੀਐੱਮ ਕਿਸਾਨ ਸਨਮਾਨ ਨਿਧੀ ਨਾਲ 2.5 ਲੱਖ ਕਰੋੜ ਰੁਪਏ ਸਿੱਧੇ ਮੇਰੇ ਦੇਸ਼ ਦੇ ਕਿਸਾਨਾਂ ਦੇ ਖਾਤਿਆਂ ਵਿੱਚ ਜਮ੍ਹਾਂ ਕਰਵਾਏ ਹਨ। ਅਸੀਂ ਹਰ ਘਰ ਵਿੱਚ ਸ਼ੁੱਧ ਪਾਣੀ ਪਹੁੰਚਣਾ ਯਕੀਨੀ ਬਣਾਉਣ ਲਈ ਜਲ ਜੀਵਨ ਮਿਸ਼ਨ ਤਹਿਤ ਦੋ ਲੱਖ ਕਰੋੜ ਰੁਪਏ ਖਰਚ ਕੀਤੇ ਹਨ। 

  4. ਅਸੀਂ ਆਯੁਸ਼ਮਾਨ ਭਾਰਤ ਯੋਜਨਾ ਸ਼ੁਰੂ ਕੀਤੀ ਹੈ ਤਾਂ ਜੋ ਗ਼ਰੀਬਾਂ ਨੂੰ ਉਨ੍ਹਾਂ ਪ੍ਰੇਸ਼ਾਨੀਆਂ ਤੋਂ ਛੁਟਕਾਰਾ ਮਿਲ ਸਕੇ, ਜੋ ਉਹ ਬੀਮਾਰੀ ਕਾਰਨ ਹਸਪਤਾਲ ਜਾਂਦੇ ਸਨ। ਉਨ੍ਹਾਂ ਨੂੰ ਦਵਾਈਆਂ ਮਿਲਣੀਆਂ ਚਾਹੀਦੀਆਂ ਹਨ, ਉਨ੍ਹਾਂ ਦਾ ਇਲਾਜ ਹੋਣਾ ਚਾਹੀਦਾ ਹੈ, ਵਧੀਆ ਹਸਪਤਾਲ ਵਿੱਚ ਅਪਰੇਸ਼ਨ ਹੋਣਾ ਚਾਹੀਦਾ ਹੈ, ਅਸੀਂ ਆਯੁਸ਼ਮਾਨ ਭਾਰਤ ਯੋਜਨਾ ਦੇ ਤਹਿਤ 70 ਹਜ਼ਾਰ ਕਰੋੜ ਰੁਪਏ ਖਰਚ ਕੀਤੇ ਹਨ। 

  5. ਦੇਸ਼ ਨੂੰ ਯਾਦ ਹੈ ਕਿ ਜੇਕਰ ਅਸੀਂ ਕੋਰੋਨਾ ਵੈਕਸੀਨ 'ਤੇ 40 ਹਜ਼ਾਰ ਕਰੋੜ ਰੁਪਏ ਖਰਚ ਕੀਤੇ ਹਨ, ਤਾਂ ਅਸੀਂ ਉਨ੍ਹਾਂ ਨੂੰ ਬਚਾਉਣ ਲਈ ਪਸ਼ੂਆਂ ਦੇ ਟੀਕਾਕਰਨ 'ਤੇ ਲਗਭਗ 15 ਹਜ਼ਾਰ ਕਰੋੜ ਰੁਪਏ ਖਰਚ ਕੀਤੇ ਹਨ। 

  6. 100 ਰੁਪਏ ਵਿੱਚ ਉਪਲਬਧ ਦਵਾਈਆਂ ਨੂੰ ਅਸੀਂ ਜਨ ਔਸ਼ਧੀ ਕੇਂਦਰ ਤੋਂ 10, 15, 20 ਰੁਪਏ ਵਿੱਚ ਦਿੱਤਾ, ਜਿਸ ਨਾਲ ਇਨ੍ਹਾਂ ਦਵਾਈਆਂ ਦੀ ਜ਼ਰੂਰਤ ਵਾਲੇ ਲੋਕਾਂ ਦੇ ਲਗਭਗ 20 ਕਰੋੜ ਰੁਪਏ ਦੀ ਬੱਚਤ ਹੋਈ। ਹੁਣ, ਦੇਸ਼ ਵਿੱਚ 10,000 ਜਨ ਔਸ਼ਧੀ ਕੇਂਦਰਾਂ ਤੋਂ, ਅਸੀਂ ਆਉਣ ਵਾਲੇ ਦਿਨਾਂ ਵਿੱਚ 25,000 ਜਨ ਔਸ਼ਧੀ ਕੇਂਦਰਾਂ ਦੇ ਲਕਸ਼ ਨੂੰ ਪ੍ਰਾਪਤ ਕਰਨ ਲਈ ਕੰਮ ਕਰਨ ਜਾ ਰਹੇ ਹਾਂ। 

  7. ਅਸੀਂ ਪਿਛਲੇ ਕੁਝ ਸਾਲਾਂ ਵਿੱਚ ਆਪਣੇ ਪਰਿਵਾਰਕ ਮੈਂਬਰਾਂ ਲਈ ਇੱਕ ਸਕੀਮ ਲੈ ਕੇ ਆਏ ਹਾਂ ਜੋ ਸ਼ਹਿਰਾਂ ਵਿੱਚ ਰਹਿੰਦੇ ਹਨ, ਪਰ ਕਿਰਾਏ ਦੇ ਮਕਾਨਾਂ ਵਿੱਚ, ਝੁੱਗੀਆਂ ਵਿੱਚ, ਚੋਲਾਂ ਵਿੱਚ, ਅਣਅਧਿਕਾਰਤ ਕਲੋਨੀਆਂ ਵਿੱਚ ਰਹਿੰਦੇ ਹਨ। ਜੇਕਰ ਮੇਰੇ ਪਰਿਵਾਰਕ ਮੈਂਬਰ ਆਪਣਾ ਘਰ ਬਣਾਉਣਾ ਚਾਹੁੰਦੇ ਹਨ, ਤਾਂ ਅਸੀਂ ਉਨ੍ਹਾਂ ਨੂੰ ਬੈਂਕ ਤੋਂ ਮਿਲਣ ਵਾਲੇ ਕਰਜ਼ੇ ਦੇ ਵਿਆਜ ਵਿੱਚ ਰਾਹਤ ਦੇ ਕੇ ਲੱਖਾਂ ਰੁਪਏ ਦੀ ਮਦਦ ਕਰਨ ਦਾ ਫ਼ੈਸਲਾ ਕੀਤਾ ਹੈ। 

  8. ਜੇਕਰ ਮੇਰੇ ਮੱਧ ਵਰਗੀ ਪਰਿਵਾਰ ਦੀ ਆਮਦਨ ਕਰ ਦੀ ਸੀਮਾ ਦੋ ਲੱਖ ਤੋਂ ਵਧਾ ਕੇ ਸੱਤ ਲੱਖ ਕਰ ਦਿੱਤੀ ਗਈ ਤਾਂ ਸਭ ਤੋਂ ਬੜਾ ਲਾਭ ਤਨਖ਼ਾਹਦਾਰ ਵਰਗ, ਮੇਰੇ ਮੱਧ ਵਰਗ ਨੂੰ ਹੋਇਆ। 2014 ਤੋਂ ਪਹਿਲਾਂ ਇੰਟਰਨੈੱਟ ਡਾਟਾ ਬਹੁਤ ਮਹਿੰਗਾ ਸੀ। ਹੁਣ ਦੁਨੀਆ ਦਾ ਸਭ ਤੋਂ ਸਸਤਾ ਇੰਟਰਨੈੱਟ ਹਰ ਪਰਿਵਾਰ ਦੇ ਪੈਸੇ ਬਚਾ ਰਿਹਾ ਹੈ। 

  9. ਅੱਜ ਦੇਸ਼ ਬਹੁਤ ਸਾਰੀਆਂ ਸਮਰੱਥਾਵਾਂ ਦੇ ਨਾਲ ਅੱਗੇ ਵੱਧ ਰਿਹਾ ਹੈ, ਅਖੁੱਟ ਊਰਜਾ ਵਿੱਚ ਕਾਬਲੀਅਤ ਨਾਲ ਕੰਮ ਕਰ ਰਿਹਾ ਹੈ, ਗ੍ਰੀਨ ਹਾਇਡ੍ਰੋਜਨ 'ਤੇ, ਪੁਲਾੜ ਵਿੱਚ ਦੇਸ਼ ਦੀ ਸਮਰੱਥਾ ਵਧ ਰਹੀ ਹੈ ਅਤੇ ਨਾਲ ਹੀ ਦੇਸ਼ ਡੀਪ ਸੀਅ ਮਿਸ਼ਨ ਵਿੱਚ ਸਫਲਤਾਪੂਰਵਕ ਅੱਗੇ ਵਧ ਰਿਹਾ ਹੈ। ਦੇਸ਼ ਵਿੱਚ ਰੇਲ ਆਧੁਨਿਕ ਹੋ ਰਹੀ ਹੈ, ਵੰਦੇ ਭਾਰਤ, ਬੁਲੇਟ ਟਰੇਨ ਵੀ ਅੱਜ ਦੇਸ਼ ਵਿੱਚ ਕੰਮ ਕਰ ਰਹੀ ਹੈ। ਅੱਜ ਹਰ ਪਿੰਡ ਵਿੱਚ ਇੰਟਰਨੈੱਟ ਪਹੁੰਚ ਰਿਹਾ ਹੈ, ਇਸ ਲਈ ਦੇਸ਼ ਕੁਆਂਟਮ ਕੰਪਿਊਟਰ ਲਈ ਵੀ ਫ਼ੈਸਲਾ ਕਰ ਰਿਹਾ ਹੈ। ਨੈਨੋ ਯੂਰੀਆ ਅਤੇ ਨੈਨੋ ਡੀਏਪੀ 'ਤੇ ਕੰਮ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਅਸੀਂ ਜੈਵਿਕ ਖੇਤੀ 'ਤੇ ਵੀ ਜ਼ੋਰ ਦੇ ਰਹੇ ਹਾਂ। ਅਸੀਂ ਸੈਮੀਕੰਡਕਟਰ ਵੀ ਬਣਾਉਣਾ ਚਾਹੁੰਦੇ ਹਾਂ। 

  10. ਅਸੀਂ ਆਜ਼ਾਦੀ ਕੇ ਅੰਮ੍ਰਿਤ ਮਹੋਤਸਵ ਵਿੱਚ 75 ਹਜ਼ਾਰ ਅੰਮ੍ਰਿਤ ਸਰੋਵਰ ਬਣਾਉਣ ਦਾ ਸੰਕਲਪ ਲਿਆ ਸੀ। ਅੱਜ 75 ਹਜ਼ਾਰ ਦੇ ਕਰੀਬ ਅੰਮ੍ਰਿਤ ਸਰੋਵਰ ਦੀ ਉਸਾਰੀ ਦਾ ਕੰਮ ਚਲ ਰਿਹਾ ਹੈ। ਇਹ ਆਪਣੇ ਆਪ ਵਿੱਚ ਇੱਕ ਬੜਾ ਕਾਰਜ ਹੈ। ਇਹ ਜਨਸ਼ਕਤੀ (ਮਨੁੱਖੀ ਸੰਸਾਧਨ) ਅਤੇ ਜਲਸ਼ਕਤੀ (ਜਲ ਸਰੋਤ) ਭਾਰਤ ਦੇ ਵਾਤਾਵਰਣ ਦੀ ਰੱਖਿਆ ਲਈ ਲਾਭਦਾਇਕ ਹੋਣ ਜਾ ਰਹੇ ਹਨ। 18 ਹਜ਼ਾਰ ਪਿੰਡਾਂ ਨੂੰ ਬਿਜਲੀ ਪਹੁੰਚਾਉਣੀ, ਜਨਤਾ ਦੇ ਬੈਂਕ ਖਾਤੇ ਖੋਲ੍ਹਣੇ, ਬੇਟੀਆਂ ਲਈ ਪਖਾਨੇ ਬਣਾਉਣੇ ਸਾਰੇ ਲਕਸ਼ ਸਮੇਂ ਤੋਂ ਪਹਿਲਾਂ ਪੂਰੇ ਜ਼ੋਰ-ਸ਼ੋਰ ਨਾਲ ਪੂਰੇ ਕੀਤੇ ਗਏ ਹਨ। 

  11. ਦੁਨੀਆ ਨੂੰ ਇਹ ਜਾਣ ਕੇ ਹੈਰਾਨੀ ਹੋਈ ਕਿ ਭਾਰਤ ਨੇ ਕੋਵਿਡ ਦੌਰਾਨ 200 ਕਰੋੜ ਟੀਕਾਕਰਨ ਖੁਰਾਕਾਂ ਦਾ ਪ੍ਰਬੰਧ ਕੀਤਾ। ਮੇਰੇ ਦੇਸ਼ ਦੀਆਂ ਆਂਗਣਵਾੜੀ ਵਰਕਰਾਂ, ਸਾਡੀਆਂ ਆਸ਼ਾ ਵਰਕਰਾਂ, ਸਾਡੀਆਂ ਸਿਹਤ ਕਰਮਚਾਰੀਆਂ ਨੇ ਇਹ ਸੰਭਵ ਕੀਤਾ ਹੈ। 5-ਜੀ ਨੂੰ ਰੋਲ ਆਊਟ ਕਰਨ ਵਾਲਾ ਮੇਰਾ ਦੇਸ਼ ਦੁਨੀਆ ਦਾ ਸਭ ਤੋਂ ਤੇਜ਼ ਹੈ। ਅਸੀਂ ਹੁਣ ਤੱਕ 700 ਤੋਂ ਵੱਧ ਜ਼ਿਲ੍ਹਿਆਂ ਵਿੱਚ ਪਹੁੰਚ ਚੁੱਕੇ ਹਾਂ ਅਤੇ ਹੁਣ ਅਸੀਂ 6-ਜੀ ਦੀ ਵੀ ਤਿਆਰੀ ਕਰ ਰਹੇ ਹਾਂ। 

  12. ਅਸੀਂ 2030 ਤੱਕ ਅਖੁੱਟ ਊਰਜਾ ਲਈ ਜੋ ਲਕਸ਼ ਮਿੱਥਿਆ ਸੀ, ਉਹ 21-22 ਵਿੱਚ ਪੂਰਾ ਹੋ ਗਿਆ। ਅਸੀਂ ਈਥਾਨੌਲ ਵਿੱਚ 20 ਪ੍ਰਤੀਸ਼ਤ ਮਿਸ਼ਰਣ ਦੀ ਗੱਲ ਕੀਤੀ ਸੀ, ਉਹ ਵੀ ਅਸੀਂ ਸਮੇਂ ਤੋਂ ਪੰਜ ਸਾਲ ਪਹਿਲਾਂ ਪ੍ਰਾਪਤ ਕੀਤੀ। ਅਸੀਂ 500 ਬਿਲੀਅਨ ਡਾਲਰ ਦੇ ਨਿਰਯਾਤ ਦੀ ਗੱਲ ਕੀਤੀ ਸੀ, ਉਹ ਵੀ ਸਮੇਂ ਤੋਂ ਪਹਿਲਾਂ ਹਾਸਲ ਕਰ ਲਈ ਗਈ ਸੀ ਅਤੇ ਇਹ ਵਧ ਕੇ 500 ਬਿਲੀਅਨ ਡਾਲਰ ਤੋਂ ਵੱਧ ਹੋ ਗਈ ਸੀ। 

  13. ਅਸੀਂ ਫ਼ੈਸਲਾ ਕੀਤਾ, ਜਿਸ ਬਾਰੇ ਸਾਡੇ ਦੇਸ਼ ਵਿੱਚ 25 ਸਾਲਾਂ ਤੋਂ ਚਰਚਾ ਹੋ ਰਹੀ ਸੀ ਕਿ ਦੇਸ਼ ਵਿੱਚ ਨਵੀਂ ਸੰਸਦ ਹੋਣੀ ਚਾਹੀਦੀ ਹੈ, ਇਹ ਮੋਦੀ ਹੀ ਹੈ ਜਿਸ ਨੇ ਸਮੇਂ ਤੋਂ ਪਹਿਲਾਂ ਨਵੀਂ ਸੰਸਦ ਬਣਾਈ ਹੈ, ਮੇਰੇ ਪਿਆਰੇ ਭਰਾਵੋ ਅਤੇ ਭੈਣੋ। 

  14. ਅੱਜ ਦੇਸ਼ ਸੁਰੱਖਿਅਤ ਮਹਿਸੂਸ ਕਰ ਰਿਹਾ ਹੈ। ਅੱਜ ਦੇਸ਼ ਵਿੱਚ ਅਤਿਵਾਦੀ ਹਮਲਿਆਂ ਵਿੱਚ ਭਾਰੀ ਕਮੀ ਆਈ ਹੈ। ਨਕਸਲ ਪ੍ਰਭਾਵਿਤ ਖੇਤਰਾਂ ਵਿੱਚ ਵੀ ਵੱਡੀ ਤਬਦੀਲੀ ਆਈ ਹੈ, ਵੱਡੀ ਤਬਦੀਲੀ ਦਾ ਮਾਹੌਲ ਸਿਰਜਿਆ ਗਿਆ ਹੈ। 

  15. ਆਉਣ ਵਾਲੇ 25 ਸਾਲਾਂ ਲਈ, ਸਾਨੂੰ ਸਿਰਫ ਇੱਕ ਮੰਤਰ ਦੀ ਪਾਲਣਾ ਕਰਨੀ ਚਾਹੀਦੀ ਹੈ, ਇਹ ਸਾਡੇ ਰਾਸ਼ਟਰੀ ਚਰਿੱਤਰ ਦਾ ਸਿਖਰ ਹੋਣਾ ਚਾਹੀਦਾ ਹੈ - ਏਕਤਾ ਦਾ ਸੰਦੇਸ਼। ਭਾਰਤ ਦੀ ਏਕਤਾ ਸਾਨੂੰ ਤਾਕਤ ਦਿੰਦੀ ਹੈ, ਭਾਵੇਂ ਉਹ ਉੱਤਰ ਹੋਵੇ, ਦੱਖਣ ਹੋਵੇ, ਪੂਰਬ ਹੋਵੇ, ਪੱਛਮ ਹੋਵੇ, ਪਿੰਡ ਹੋਵੇ, ਸ਼ਹਿਰ ਹੋਵੇ, ਪੁਰਸ਼ ਹੋਵੇ, ਮਹਿਲਾ ਹੋਵੇ; ਅਸੀਂ 2047 ਵਿੱਚ ਆਪਣੇ ਦੇਸ਼ ਨੂੰ ਇੱਕ ਵਿਕਸਿਤ ਭਾਰਤ ਬਣਾਉਣਾ ਚਾਹੁੰਦੇ ਹਾਂ ਤਾਂ ਸਾਨੂੰ ਏਕ ਭਾਰਤ ਸ੍ਰੇਸ਼ਠ ਭਾਰਤ ਦੇ ਮੰਤਰ ਨੂੰ ਜਿਊਣਾ ਹੋਵੇਗਾ, ਸਾਨੂੰ ਚਰਿੱਤਰ ਬਣਾਉਣਾ ਹੋਵੇਗਾ। 

  16. ਦੇਸ਼ ਵਿੱਚ ਅੱਗੇ ਵਧਣ ਲਈ ਇੱਕ ਵਾਧੂ ਸ਼ਕਤੀ ਦੀ ਸੰਭਾਵਨਾ ਭਾਰਤ ਨੂੰ ਅੱਗੇ ਲੈ ਕੇ ਜਾਣ ਵਾਲੀ ਹੈ ਅਤੇ ਉਹ ਹੈ ਮਹਿਲਾਵਾਂ ਦੀ ਅਗਵਾਈ ਵਾਲਾ ਵਿਕਾਸ। ਮੈਂ ਜੀ-20 ਵਿੱਚ ਮਹਿਲਾਵਾਂ ਦੀ ਅਗਵਾਈ ਵਾਲੇ ਵਿਕਾਸ ਦੇ ਵਿਸ਼ਿਆਂ ਨੂੰ ਅੱਗੇ ਵਧਾਇਆ ਹੈ, ਪੂਰਾ ਜੀ-20 ਸਮੂਹ ਇਸ ਦੇ ਮਹੱਤਵ ਨੂੰ ਸਵੀਕਾਰ ਕਰ ਰਿਹਾ ਹੈ। 

  17. ਅੱਜ ਭਾਰਤ ਮਾਣ ਨਾਲ ਕਹਿ ਸਕਦਾ ਹੈ ਕਿ ਦੁਨੀਆ ਵਿੱਚ ਜੇਕਰ ਕਿਸੇ ਇੱਕ ਦੇਸ਼ ਵਿੱਚ ਸਿਵਲ ਏਵੀਏਸ਼ਨ ਵਿੱਚ ਸਭ ਤੋਂ ਵੱਧ ਮਹਿਲਾ ਪਾਇਲਟ ਹਨ ਤਾਂ ਮੇਰੇ ਦੇਸ਼ ਕੋਲ ਹਨ। ਅੱਜ ਚਾਹੇ ਚੰਦਰਯਾਨ ਦੀ ਰਫ਼ਤਾਰ ਦੀ ਗੱਲ ਹੋਵੇ, ਚਾਹੇ ਚੰਦਰਮਾ ਮਿਸ਼ਨ ਦੀ ਗੱਲ ਹੋਵੇ, ਮੇਰੀਆਂ ਮਹਿਲਾ-ਵਿਗਿਆਨੀ ਇਸ ਦੀ ਅਗਵਾਈ ਕਰ ਰਹੀਆਂ ਹਨ। 

  18. ਅੱਜ 10 ਕਰੋੜ ਮਹਿਲਾਵਾਂ ਮਹਿਲਾ ਸਵੈ-ਸਹਾਇਤਾ ਵਿੱਚ ਸ਼ਾਮਲ ਹਨ ਅਤੇ ਜੇਕਰ ਤੁਸੀਂ ਮਹਿਲਾ ਸਵੈ-ਸਹਾਇਤਾ ਸਮੂਹ ਦੇ ਨਾਲ ਪਿੰਡ ਜਾਓਗੇ ਤਾਂ ਤੁਸੀਂ ਬੈਂਕ ਵਿੱਚ ਦੀਦੀ ਪਾਉਗੇ, ਤੁਹਾਨੂੰ ਆਂਗਣਵਾੜੀ ਵਿੱਚ ਦੀਦੀ ਮਿਲੇਗੀ, ਤੁਹਾਨੂੰ ਦੀਦੀ ਮਿਲੇਗੀ ਜੋ ਦਵਾਈ ਦਿੰਦੀ ਹੈ ਅਤੇ ਹੁਣ ਮੇਰਾ ਸੁਪਨਾ ਹੈ। 2 ਕਰੋੜ ਲਖਪਤੀ ਦੀਦੀ (ਮਹਿਲਾਵਾਂ ਜੋ ਪ੍ਰਤੀ ਸਾਲ ਇੱਕ ਲੱਖ ਕਮਾਉਂਦੀਆਂ ਹਨ) ਬਣਾਉਣ ਦਾ। 

  19. ਅੱਜ ਦੇਸ਼ ਆਧੁਨਿਕਤਾ ਵੱਲ ਵਧ ਰਿਹਾ ਹੈ। ਹਾਈਵੇਅ ਹੋਵੇ, ਰੇਲਵੇਅ ਹੋਵੇ, ਏਅਰਵੇਅ ਹੋਵੇ, ਆਈ-ਵੇਜ਼ (ਸੂਚਨਾ ਦੇ ਰਸਤੇ), ਵਾਟਰ ਵੇਅ ਹੋਵੇ, ਕੋਈ ਵੀ ਖੇਤਰ ਅਜਿਹਾ ਨਹੀਂ ਹੈ, ਜਿਸ ਵਿੱਚ ਦੇਸ਼ ਪ੍ਰਗਤੀ ਵੱਲ ਕੰਮ ਨਾ ਕਰ ਰਿਹਾ ਹੋਵੇ। ਪਿਛਲੇ 9 ਸਾਲਾਂ ਵਿੱਚ ਅਸੀਂ ਤੱਟਵਰਤੀ ਖੇਤਰਾਂ ਵਿੱਚ, ਕਬਾਇਲੀ ਖੇਤਰਾਂ ਵਿੱਚ, ਸਾਡੇ ਪਹਾੜੀ ਖੇਤਰਾਂ ਵਿੱਚ ਵਿਕਾਸ 'ਤੇ ਬਹੁਤ ਜ਼ੋਰ ਦਿੱਤਾ ਹੈ। 

  20. ਅਸੀਂ ਆਪਣੇ ਦੇਸ਼ ਦੇ ਸਰਹੱਦੀ ਪਿੰਡਾਂ ਵਿੱਚ ਵਾਇਬ੍ਰੈਂਟ ਬਾਰਡਰ ਵਿਲੇਜ ਪ੍ਰੋਗਰਾਮ ਸ਼ੁਰੂ ਕੀਤਾ ਹੈ ਅਤੇ ਹੁਣ ਤੱਕ ਵਾਈਬ੍ਰੈਂਟ ਬਾਰਡਰ ਵਿਲੇਜ ਨੂੰ ਦੇਸ਼ ਦਾ ਆਖਰੀ ਪਿੰਡ ਕਿਹਾ ਜਾਂਦਾ ਸੀ, ਅਸੀਂ ਪੂਰੀ ਸੋਚ ਬਦਲ ਦਿੱਤੀ ਹੈ। ਇਹ ਦੇਸ਼ ਦਾ ਆਖਰੀ ਪਿੰਡ ਨਹੀਂ, ਸਰਹੱਦ 'ਤੇ ਦਿਸਣ ਵਾਲਾ ਮੇਰੇ ਦੇਸ਼ ਦਾ ਪਹਿਲਾ ਪਿੰਡ ਹੈ। 

  21. ਅਸੀਂ ਦੇਸ਼ ਨੂੰ ਏਨਾ ਮਜ਼ਬੂਤ ਬਣਾਉਣਾ ਹੈ ਕਿ ਉਹ ਵਿਸ਼ਵ ਦੀ ਭਲਾਈ ਲਈ ਆਪਣੀ ਭੂਮਿਕਾ ਨਿਭਾ ਸਕੇ। ਅਤੇ ਅੱਜ ਕੋਰੋਨਾ ਤੋਂ ਬਾਅਦ, ਮੈਂ ਦੇਖ ਰਿਹਾ ਹਾਂ, ਜਿਸ ਤਰ੍ਹਾਂ ਦੇਸ਼ ਨੇ ਸੰਕਟ ਦੇ ਸਮੇਂ ਵਿੱਚ ਦੁਨੀਆ ਦੀ ਮਦਦ ਕੀਤੀ, ਉਸ ਦਾ ਨਤੀਜਾ ਹੈ ਕਿ ਅੱਜ ਸਾਡਾ ਦੇਸ਼ ਵਿਸ਼ਵ ਦੇ ਮਿੱਤਰ ਵਜੋਂ ਦੇਖਿਆ ਜਾ ਰਿਹਾ ਹੈ। ਵਿਸ਼ਵ ਦੇ ਇੱਕ ਅਟੁੱਟ ਸਾਥੀ ਦੇ ਰੂਪ ਵਿੱਚ ਦੇਖਿਆ ਜਾ ਰਿਹਾ ਹੈ। ਅੱਜ ਸਾਡੇ ਦੇਸ਼ ਨੇ ਨਵੀਂ ਪਹਿਚਾਣ ਹਾਸਲ ਕੀਤੀ ਹੈ। 

  22. ਸੁਪਨੇ ਬਹੁਤ ਹਨ, ਸੰਕਲਪ ਸਪਸ਼ਟ ਹਨ, ਨੀਤੀਆਂ ਸਪਸ਼ਟ ਹਨ। ਮੇਰੀ ਨੀਯਤ (ਇਰਾਦੇ) 'ਤੇ ਕੋਈ ਪ੍ਰਸ਼ਨ ਚਿੰਨ੍ਹ ਨਹੀਂ ਹੈ। ਪਰ ਸਾਨੂੰ ਕੁਝ ਹਕੀਕਤਾਂ ਨੂੰ ਸਵੀਕਾਰ ਕਰਨਾ ਪਵੇਗਾ ਅਤੇ ਉਨ੍ਹਾਂ ਨੂੰ ਹੱਲ ਕਰਨ ਲਈ, ਮੇਰੇ ਪਿਆਰੇ ਪਰਿਵਾਰ ਦੇ ਮੈਂਬਰ, ਅੱਜ ਮੈਂ ਲਾਲ ਕਿਲੇ ਤੋਂ ਤੁਹਾਡੀ ਮਦਦ ਲੈਣ ਆਇਆ ਹਾਂ, ਮੈਂ ਲਾਲ ਕਿਲੇ ਤੋਂ ਤੁਹਾਡਾ ਆਸ਼ੀਰਵਾਦ ਲੈਣ ਆਇਆ ਹਾਂ। 

  23. ਅੰਮ੍ਰਿਤਕਾਲ ਵਿੱਚ 2047 ਵਿੱਚ ਜਦੋਂ ਦੇਸ਼ ਅਜ਼ਾਦੀ ਦੇ 100 ਸਾਲ ਦਾ ਜਸ਼ਨ ਮਨਾਏਗਾ, ਉਸ ਸਮੇਂ ਵਿਸ਼ਵ ਵਿੱਚ ਭਾਰਤ ਦਾ ਤਿਰੰਗਾ ਝੰਡਾ ਵਿਕਸਿਤ ਭਾਰਤ ਦਾ ਤਿਰੰਗਾ ਝੰਡਾ ਹੋਵੇ। ਸਾਨੂੰ ਰੁਕਣਾ ਨਹੀਂ ਚਾਹੀਦਾ, ਨਾ ਹੀ ਸੰਕੋਚ ਕਰਨਾ ਚਾਹੀਦਾ ਹੈ ਅਤੇ ਇਸ ਲਈ ਪਾਰਦਰਸ਼ਤਾ ਅਤੇ ਨਿਰਪੱਖਤਾ ਪਹਿਲੀਆਂ ਮਜ਼ਬੂਤ ਜ਼ਰੂਰਤਾਂ ਹਨ। 

  24. ਜੇਕਰ ਸੁਪਨੇ ਸਾਕਾਰ ਕਰਨੇ ਹਨ, ਸੰਕਲਪ ਪ੍ਰਾਪਤ ਕਰਨੇ ਹਨ ਤਾਂ ਤਿੰਨਾਂ ਬੁਰਾਈਆਂ ਦਾ ਹਰ ਪੱਧਰ 'ਤੇ ਫ਼ੈਸਲਾਕੁੰਨ ਮੁਕਾਬਲਾ ਕਰਨਾ ਸਮੇਂ ਦੀ ਜ਼ਰੂਰਤ ਹੈ। ਇਹ ਤਿੰਨ ਬੁਰਾਈਆਂ ਹਨ ਭ੍ਰਿਸ਼ਟਾਚਾਰ, ਪਰਿਵਾਰਵਾਦ (ਭਾਈ-ਭਤੀਜਾਵਾਦ) ਅਤੇ ਤੁਸ਼ਟੀਕਰਣ। 

  25. ਮੈਂ ਭ੍ਰਿਸ਼ਟਾਚਾਰ ਵਿਰੁੱਧ ਲੜਾਈ ਨੂੰ ਅੱਗੇ ਵਧਾਉਣਾ ਹੈ। ਅਦਾਲਤ ਵਿੱਚ ਦਾਇਰ ਕੀਤੀਆਂ ਜਾ ਰਹੀਆਂ ਚਾਰਜਸ਼ੀਟਾਂ ਦੀ ਗਿਣਤੀ ਪਹਿਲਾਂ ਨਾਲੋਂ ਕਿਤੇ ਵੱਧ ਹੈ ਅਤੇ ਜ਼ਮਾਨਤ ਮਿਲਣੀ ਵੀ ਮੁਸ਼ਕਲ ਹੋ ਗਈ ਹੈ, ਅਸੀਂ ਅਜਿਹੀ ਮਜ਼ਬੂਤ ਪ੍ਰਣਾਲੀ ਨਾਲ ਅੱਗੇ ਵਧ ਰਹੇ ਹਾਂ, ਕਿਉਂਕਿ ਅਸੀਂ ਇਮਾਨਦਾਰੀ ਨਾਲ ਭ੍ਰਿਸ਼ਟਾਚਾਰ ਵਿਰੁੱਧ ਲੜ ਰਹੇ ਹਾਂ। 

  26. ਭਾਈ-ਭਤੀਜਾਵਾਦ ਪ੍ਰਤਿਭਾ ਦਾ ਦੁਸ਼ਮਣ ਹੈ, ਇਹ ਯੋਗਤਾਵਾਂ ਨੂੰ ਨਕਾਰਦਾ ਹੈ ਅਤੇ ਸਮਰੱਥਾ ਨੂੰ ਸਵੀਕਾਰ ਨਹੀਂ ਕਰਦਾ। ਇਸ ਲਈ ਇਸ ਦੇਸ਼ ਦੇ ਲੋਕਤੰਤਰ ਦੀ ਮਜ਼ਬੂਤੀ ਲਈ ਭਾਈ-ਭਤੀਜਾਵਾਦ ਤੋਂ ਮੁਕਤੀ ਜ਼ਰੂਰੀ ਹੈ। ਸਰਵਜਨ ਹਿਤਾਯ, ਸਰਵਜਨ ਸੁਖਾਯ, ਹਰ ਕਿਸੇ ਨੂੰ ਉਨ੍ਹਾਂ ਦੇ ਹੱਕ ਦਿਵਾਉਣਾ ਅਤੇ ਸਮਾਜਿਕ ਨਿਆਂ ਲਈ ਵੀ ਜ਼ਰੂਰੀ ਹੈ। 

  27. ਤੁਸ਼ਟੀਕਰਣ ਦੀ ਸੋਚ, ਤੁਸ਼ਟੀਕਰਣ ਦੀ ਰਾਜਨੀਤੀ, ਤੁਸ਼ਟੀਕਰਣ ਦੀਆਂ ਸਰਕਾਰੀ ਯੋਜਨਾਵਾਂ ਨੇ ਸਮਾਜਿਕ ਨਿਆਂ ਕਤਲ ਕਰ ਦਿੱਤਾ ਹੈ। ਅਤੇ ਇਸੇ ਕਰਕੇ ਅਸੀਂ ਤੁਸ਼ਟੀਕਰਣ ਅਤੇ ਭ੍ਰਿਸ਼ਟਾਚਾਰ ਨੂੰ ਵਿਕਾਸ ਦੇ ਸਭ ਤੋਂ ਵੱਡੇ ਦੁਸ਼ਮਣ ਸਮਝਦੇ ਹਾਂ। ਜੇਕਰ ਦੇਸ਼ ਵਿਕਾਸ ਚਾਹੁੰਦਾ ਹੈ, ਦੇਸ਼ ਨੂੰ 2047 ਤੱਕ ਵਿਕਸਿਤ ਭਾਰਤ ਬਣਨ ਦਾ ਸੁਪਨਾ ਪੂਰਾ ਕਰਨਾ ਚਾਹੁੰਦਾ ਹੈ, ਤਾਂ ਸਾਡੇ ਲਈ ਜ਼ਰੂਰੀ ਹੈ ਕਿ ਅਸੀਂ ਦੇਸ਼ ਵਿੱਚ ਭ੍ਰਿਸ਼ਟਾਚਾਰ ਨੂੰ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਾ ਕਰੀਏ। 

  28. ਸਾਡਾ ਸਾਰਿਆਂ ਦਾ ਕਰਤੱਵ ਹੈ, ਹਰ ਨਾਗਰਿਕ ਦਾ ਕਰਤੱਵ ਹੈ ਅਤੇ ਇਹ ਅੰਮ੍ਰਿਤਕਾਲ ਹੈ ਕਰਤਵਯਕਾਲ। ਅਸੀਂ ਆਪਣੇ ਕਰਤੱਵ ਤੋਂ ਪਿੱਛੇ ਨਹੀਂ ਹਟ ਸਕਦੇ, ਅਸੀਂ ਉਹ ਭਾਰਤ ਬਣਾਉਣਾ ਹੈ ਜਿਸ ਦਾ ਸੁਪਨਾ ਸਤਿਕਾਰਯੋਗ ਬਾਪੂ ਦਾ ਸੀ, ਅਸੀਂ ਉਹ ਭਾਰਤ ਬਣਾਉਣਾ ਹੈ ਜੋ ਸਾਡੇ ਸੁਤੰਤਰਤਾ ਸੈਨਾਨੀਆਂ ਦਾ ਸੁਪਨਾ ਸੀ, ਅਸੀਂ ਉਹ ਭਾਰਤ ਬਣਾਉਣਾ ਹੈ ਜੋ ਸਾਡੇ ਸ਼ਹੀਦਾਂ ਦਾ ਸੀ, ਜਿਨ੍ਹਾਂ ਮਾਤ ਭੂਮੀ ਲਈ ਜਾਨਾਂ ਵਾਰ ਦਿੱਤੀਆਂ। 

  29. ਇਹ ਅੰਮ੍ਰਿਤਕਾਲ ਸਾਡੇ ਸਾਰਿਆਂ ਲਈ ਕਰਤੱਵ ਦਾ ਸਮਾਂ ਹੈ। ਇਹ ਅੰਮ੍ਰਿਤਕਾਲ ਸਾਡੇ ਸਾਰਿਆਂ ਲਈ ਮਾਂ ਭਾਰਤੀ ਲਈ ਕੁਝ ਕਰਨ ਦਾ ਸਮਾਂ ਹੈ। 140 ਕਰੋੜ ਦੇਸ਼ਵਾਸੀਆਂ ਦੇ ਸੰਕਲਪ ਨੂੰ ਪ੍ਰਾਪਤੀ ਵਿੱਚ ਬਦਲਣਾ ਹੈ ਅਤੇ ਜਦੋਂ 2047 ਵਿੱਚ ਤਿਰੰਗਾ ਲਹਿਰਾਇਆ ਜਾਵੇਗਾ ਤਾਂ ਦੁਨੀਆ ਇੱਕ ਵਿਕਸਿਤ ਭਾਰਤ ਦਾ ਗੁਣਗਾਨ ਕਰੇਗੀ। ਇਸ ਵਿਸ਼ਵਾਸ ਦੇ ਨਾਲ, ਇਸ ਦ੍ਰਿੜ੍ਹ ਇਰਾਦੇ ਨਾਲ, ਮੈਂ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ। ਬਹੁਤ ਬਹੁਤ ਵਧਾਈਆਂ। 

 

***************

ਡੀਐੱਸ/ਐੱਸਐੱਨਸੀ/ਐੱਲਪੀ 



(Release ID: 1949214) Visitor Counter : 212