ਰਾਸ਼ਟਰਪਤੀ ਸਕੱਤਰੇਤ

ਭਾਰਤ ਦੇ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਦਾ 77ਵੇਂ ਸੁਤੰਤਰਤਾ ਦਿਵਸ ਦੀ ਪੂਰਵ ਸੰਧਿਆ 'ਤੇ ਰਾਸ਼ਟਰ ਦੇ ਨਾਮ ਸੰਦੇਸ਼

Posted On: 14 AUG 2023 7:40PM by PIB Chandigarh

 

ਮੇਰੇ ਪਿਆਰੇ ਦੇਸ਼ਵਾਸੀਓ,

 

ਦੇਸ਼ ਦੇ 77ਵੇਂ ਸੁਤੰਤਰਤਾ ਦਿਵਸ ‘ਤੇ ਆਪ ਸਭ ਨੂੰ ਮੇਰੀਆਂ ਹਾਰਦਿਕ ਵਧਾਈਆਂ। ਇਹ ਦਿਨ ਸਾਡੇ ਸਾਰਿਆਂ ਲਈ ਮਾਣਮੱਤਾ ਅਤੇ ਪਵਿੱਤਰ ਹੈ। ਚਾਰੇ ਪਾਸੇ ਉਤਸਵ ਦਾ ਮਾਹੌਲ ਦੇਖ ਕੇ ਮੈਨੂੰ ਬਹੁਤ ਪ੍ਰਸੰਨਤਾ ਹੋ ਰਹੀ ਏ। ਇਹ ਪ੍ਰਸੰਨਤਾ ਅਤੇ ਮਾਣ ਦੀ ਗੱਲ ਹੈ ਕਿ ਕਸਬਿਆਂ ਅਤੇ ਪਿੰਡਾਂ ਵਿੱਚ ਯਾਨੀ ਦੇਸ਼ ਵਿੱਚ ਹਰ ਥਾਂ ਬੱਚੇ, ਨੌਜਵਾਨ ਅਤੇ ਬਜ਼ੁਰਗ ਸਾਰੇ ਉਤਸ਼ਾਹ ਨਾਲ ਸੁਤੰਤਰਤਾ ਦਿਵਸ ਦੇ ਤਿਉਹਾਰ ਨੂੰ ਮਨਾਉਣ ਦੀ ਤਿਆਰੀ ਕਰ ਰਹੇ ਹਨ। ਸਾਡੇ ਦੇਸ਼ਵਾਸੀ ਬਹੁਤ ਉਤਸ਼ਾਹ ਨਾਲ ‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਮਨਾ ਰਹੇ ਹਨ।

ਸੁਤੰਤਰਤਾ ਦਿਵਸ ਦਾ ਉਤਸਵ ਮੈਨੂੰ ਮੇਰੇ ਬਚਪਨ ਦੇ ਦਿਨਾਂ ਦੀ ਯਾਦ ਵੀ ਦਿਵਾਉਂਦਾ ਹੈ। ਆਪਣੇ ਪਿੰਡ ਦੇ ਸਕੂਲ ਵਿੱਚ ਸੁਤੰਤਰਤਾ ਦਿਵਸ ਸਮਾਗਮ ਵਿੱਚ ਭਾਗ ਲੈਣ ਦੀ ਸਾਡੀ ਖੁਸ਼ੀ ਰੋਕਿਆਂ ਨਹੀਂ ਰੁਕਦੀ ਸੀ। ਜਦੋਂ ਤਿਰੰਗਾ ਫਹਿਰਾਇਆ ਜਾਂਦਾ ਸੀ, ਉਦੋਂ ਸਾਨੂੰ ਲਗਦਾ ਸੀ ਜਿਵੇਂ ਸਾਡੇ ਸਰੀਰ ਵਿੱਚ ਬਿਜਲੀ ਜਿਹੀ ਦੌੜ ਗਈ ਹੋਵੇ। ਦੇਸ਼ ਭਗਤੀ ਦੇ ਮਾਣ (ਗੌਰਵ) ਨਾਲ ਭਰੇ ਹੋਏ ਹਿਰਦੇ ਦੇ ਨਾਲ ਅਸੀਂ ਸਾਰੇ ਕੌਮੀ ਝੰਡੇ ਨੂੰ ਸਲਾਮੀ ਦਿੰਦੇ ਸਾਂ ਅਤੇ ਰਾਸ਼ਟਰਗਾਨ ਗਾਉਂਦੇ ਸਾਂ। ਮਠਿਆਈਆਂ ਵੰਡੀਆਂ ਜਾਂਦੀਆਂ ਸਨ ਅਤੇ ਦੇਸ਼ਭਗਤੀ ਦੇ ਗੀਤ ਗਾਏ ਜਾਂਦੇ ਸਨ, ਜੋ ਕਈ ਦਿਨਾਂ ਤੱਕ ਸਾਡੇ ਮਨ ਵਿੱਚ ਗੂੰਜਦੇ ਰਹਿੰਦੇ ਸਨ। ਇਹ ਮੇਰਾ ਸੁਭਾਗ ਰਿਹਾ ਕਿ ਜਦੋਂ ਮੈਂ ਸਕੂਲ ਵਿੱਚ ਅਧਿਆਪਕਾ ਬਣੀ ਤਾਂ ਮੈਨੂੰ ਉਨ੍ਹਾਂ ਅਨੁਭਵਾਂ (ਤਜ਼ਰਬਿਆਂ) ਨੂੰ ਫਿਰ ਤੋਂ ਜਿਊਣ ਦਾ ਮੌਕਾ ਪ੍ਰਾਪਤ ਹੋਇਆ।

 

ਜਦੋਂ ਅਸੀਂ ਵੱਡੇ ਹੁੰਦੇ ਹਾਂ ਤਾਂ ਅਸੀਂ ਆਪਣੀ ਖੁਸ਼ੀ ਨੂੰ ਬੱਚਿਆਂ ਦੀ ਤਰ੍ਹਾਂ ਵਿਅਕਤ ਨਹੀਂ ਕਰ ਪਾਉਂਦੇ, ਪਰ ਮੈਨੂੰ ਵਿਸ਼ਵਾਸ ਹੈ ਕਿ ਰਾਸ਼ਟਰੀ ਪੁਰਬਾਂ ਨਾਲ ਜੁੜੀ ਦੇਸ਼ਭਗਤੀ ਦੀ ਡੂੰਘੀ ਭਾਵਨਾ ਵਿੱਚ ਰਤਾ ਵੀ ਕਮੀ ਨਹੀਂ ਆਉਂਦੀ ਹੈ। ਸੁਤੰਤਰਤਾ ਦਿਵਸ ਸਾਨੂੰ ਇਹ ਯਾਦ ਦਿਵਾਉਂਦਾ ਹੈ ਕਿ ਅਸੀਂ ਕੇਵਲ ਇੱਕ ਵਿਅਕਤੀ ਹੀ ਨਹੀਂ ਹਾਂ, ਬਲਕਿ ਅਸੀਂ ਇੱਕ ਅਜਿਹੇ ਮਹਾਨ ਜਨ-ਸਮੁਦਾਇ (ਲੋਕ-ਭਾਈਚਾਰੇ) ਦਾ ਹਿੱਸਾ ਹਾਂ ਜੋ ਆਪਣੀ ਤਰ੍ਹਾਂ ਦਾ ਸਭ ਤੋਂ ਵੱਡਾ ਅਤੇ ਜੀਵੰਤ ਸਮੁਦਾਇ (ਭਾਈਚਾਰਾ) ਹੈ। ਇਹ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦੇ ਨਾਗਰਿਕਾਂ ਦਾ ਸਮੁਦਾਇ (ਭਾਈਚਾਰਾ) ਹੈ।

 

ਜਦੋਂ ਅਸੀਂ ਸੁਤੰਤਰਤਾ ਦਿਵਸ ਸਮਾਗਮ ਮਨਾਉਂਦੇ ਹਾਂ ਤਾਂ ਅਸਲ ਵਿੱਚ ਅਸੀਂ ਇੱਕ ਮਹਾਨ ਲੋਕਤੰਤਰ ਦੇ ਨਾਗਰਿਕ ਹੋਣ ਦਾ ਉਤਸਵ ਵੀ ਮਨਾਉਂਦੇ ਹਾਂ। ਸਾਡੇ ਵਿੱਚੋਂ ਹਰੇਕ ਦੀ ਵੱਖ-ਵੱਖ ਪਛਾਣ ਹੈ। ਜਾਤ, ਪੰਥ, ਭਾਸ਼ਾ ਅਤੇ ਖੇਤਰ ਤੋਂ ਇਲਾਵਾ ਸਾਡੀ ਆਪਣੀ ਪਰਿਵਾਰ ਅਤੇ ਕਾਰਜ-ਖੇਤਰ ਨਾਲ ਜੁੜੀ ਪਛਾਣ ਵੀ ਹੁੰਦੀ ਹੈ। ਲੇਕਿਨ ਸਾਡੀ ਇੱਕ ਪਛਾਣ ਅਜਿਹੀ ਹੈ ਜੋ ਇਨ੍ਹਾਂ ਸਾਰਿਆਂ ਤੋਂ ਉੱਪਰ ਹੈ ਅਤੇ ਸਾਡੀ ਉਹ ਪਛਾਣ ਹੈ, ਭਾਰਤ ਦਾ ਨਾਗਰਿਕ ਹੋਣਾ। ਅਸੀਂ ਸਾਰੇ ਸਮਾਨ ਰੂਪ ਨਾਲ ਇਸ ਮਹਾਨ ਦੇਸ਼ ਦੇ ਨਾਗਰਿਕ ਹਾਂ। ਸਾਨੂੰ ਸਾਰਿਆਂ ਨੂੰ ਸਮਾਨ ਅਵਸਰ (ਮੌਕੇ) ਅਤੇ ਅਧਿਕਾਰ (ਹੱਕ) ਉਪਲਬਧ ਹਨ ਅਤੇ ਸਾਡੇ ਕਰਤੱਵ (ਫਰਜ਼) ਵੀ ਸਮਾਨ ਹਨ।

 

ਲੇਕਿਨ ਅਜਿਹਾ ਹਮੇਸ਼ਾ ਨਹੀਂ ਸੀ। ਭਾਰਤ ਲੋਕਤੰਤਰ ਦੀ ਜਨਨੀ ਹੈ ਅਤੇ ਪੁਰਾਤਨ ਕਾਲ ਵਿੱਚ ਵੀ ਸਾਡੇ ਇੱਥੇ ਜ਼ਮੀਨੀ ਪੱਧਰ ‘ਤੇ ਲੋਕਤੰਤਰੀ ਸੰਸਥਾਵਾਂ ਸਥਾਪਿਤ ਸਨ। ਪਰ ਲੰਬੇ ਸਮੇਂ ਤੱਕ ਚਲੇ ਬਸਤੀਵਾਦੀ ਸ਼ਾਸਨ ਨੇ ਉਨ੍ਹਾਂ ਲੋਕਤੰਤਰੀ ਸੰਸਥਾਵਾਂ ਨੂੰ ਮਿਟਾ ਦਿੱਤਾ ਸੀ। 15 ਅਗਸਤ 1947 ਦੇ ਦਿਨ ਦੇਸ਼ ਨੇ ਇੱਕ ਨਵਾਂ ਸਵੇਰਾ ਦੇਖਿਆ। ਉਸ ਦਿਨ ਅਸੀਂ ਵਿਦੇਸ਼ੀ ਸ਼ਾਸਨ ਤੋਂ ਆਜ਼ਾਦੀ ਤਾਂ ਹਾਸਲ ਕੀਤੀ ਹੀ, ਅਸੀਂ ਆਪਣੀ ਕਿਸਮਤ ਦਾ ਨਿਰਮਾਣ ਕਰਨ ਦੀ ਸੁਤੰਤਰਤਾ ਵੀ ਪ੍ਰਾਪਤ ਕੀਤੀ।

 

ਸਾਡੀ ਸੁਤੰਤਰਤਾ ਦੇ ਨਾਲ, ਵਿਦੇਸ਼ੀ ਸ਼ਾਸਕਾਂ ਵੱਲੋਂ ਬਸਤੀਆਂ ਨੂੰ ਛੱਡਣ ਦਾ ਦੌਰ ਸ਼ੁਰੂ ਹੋਇਆ ਅਤੇ ਬਸਤੀਵਾਦ ਖ਼ਤਮ ਹੋਣ ਲਗਿਆ। ਸਾਡੇ ਵੱਲੋਂ ਸੁਤੰਤਰਤਾ ਦੇ ਟੀਚਿਆਂ ਨੂੰ ਪ੍ਰਾਪਤ ਕਰਨਾ ਤਾਂ ਮਹੱਤਵਪੂਰਨ ਸੀ ਹੀ, ਲੇਕਿਨ ਉਸ ਤੋਂ ਵੀ ਵਧੇਰੇ ਜ਼ਿਕਰਯੋਗ ਹੈ, ਸਾਡੇ ਸੁਤੰਤਰਤਾ ਸੰਗ੍ਰਾਮ ਦਾ ਵਿਲੱਖਣ ਤਰੀਕਾ। ਮਹਾਤਮਾ ਗਾਂਧੀ ਅਤੇ ਅਨੇਕ ਅਸਾਧਾਰਣ ਅਤੇ ਦੂਰਦਰਸ਼ੀ ਸ਼ਖ਼ਸੀਅਤਾਂ ਦੀ ਅਗਵਾਈ ਵਿੱਚ ਸਾਡਾ ਕੌਮੀ ਅੰਦੋਲਨ ਵਿਲੱਖਣ ਆਦਰਸ਼ਾਂ ਤੋਂ ਪ੍ਰੇਰਿਤ ਸੀ। ਗਾਂਧੀ ਜੀ ਅਤੇ ਹੋਰਨਾਂ ਮਹਾਨਾਇਕਾਂ ਨੇ ਭਾਰਤ ਦੀ ਆਤਮਾ ਨੂੰ ਫਿਰ ਤੋਂ ਜਗਾਇਆ ਅਤੇ ਸਾਡੀ ਮਹਾਨ ਸੱਭਿਅਤਾ ਦੀਆਂ ਕਦਰਾਂ-ਕੀਮਤਾਂ ਦਾ ਜਨ-ਜਨ ਵਿੱਚ ਸੰਚਾਰ ਕੀਤਾ। ਭਾਰਤ ਦੀ ਚਲੰਤ ਉਦਾਹਰਣ ਦੀ ਪਾਲਣਾ ਕਰਦੇ ਹੋਏ, ਸਾਡੇ ਸੁਤੰਤਰਤਾ ਸੰਗ੍ਰਾਮ ਦੀ ਨੀਂਹ "ਸੱਚ ਅਤੇ ਅਹਿੰਸਾ" - ਨੂੰ ਪੂਰੀ ਦੁਨੀਆ ਦੇ ਅਨੇਕ ਸਿਆਸੀ ਸੰਘਰਸ਼ਾਂ ਵਿੱਚ ਸਫ਼ਲਤਾਪੂਰਵਕ ਅਪਣਾਇਆ ਗਿਆ ਹੈ।

 

ਸੁਤੰਤਰਤਾ ਦਿਵਸ ਦੀ ਪੂਰਵ ਸੰਧਿਆ ‘ਤੇ ਮੈਂ ਭਾਰਤ ਦੇ ਨਾਗਰਿਕਾਂ ਨਾਲ ਇਕਜੁੱਟ ਹੋ ਕੇ ਸਾਰੇ ਗਿਆਤ ਅਤੇ ਅਗਿਆਤ ਸੁਤੰਤਰਤਾ ਸੈਨਾਨੀਆਂ (ਆਜ਼ਾਦੀ ਘੁਲਾਟੀਆਂ) ਨੂੰ ਭਾਵ-ਭਿੰਨੀ ਸ਼ਰਧਾਂਜਲੀ ਭੇਂਟ ਕਰਦੀ ਹਾਂ। ਉਨ੍ਹਾਂ ਦੇ ਅਣਗਿਣਤ ਬਲੀਦਾਨਾਂ ਨਾਲ ਭਾਰਤ ਨੇ ਆਲਮੀ ਭਾਈਚਾਰੇ ਵਿੱਚ ਆਪਣਾ ਸਵੈਮਾਣ ਭਰਪੂਰ ਸਥਾਨ ਫਿਰ ਤੋਂ ਪ੍ਰਾਪਤ ਕੀਤਾ। ਮਾਤੰਗਿਨੀ ਹਾਜਰਾ ਅਤੇ ਕਨਕਲਤਾ ਬਰੂਆ ਜਿਹੀਆਂ ਵੀਰ ਨਾਰੀਆਂ ਨੇ ਭਾਰਤ ਮਾਤਾ ਲਈ ਆਪਣੇ ਪ੍ਰਾਣ ਵਾਰ ਦਿੱਤੇ। ਮਾਂ ਕਸਤੂਰਬਾ, ਰਾਸ਼ਟਰਪਿਤਾ ਮਹਾਤਮਾ ਗਾਂਧੀ ਦੇ ਨਾਲ ਕਦਮ ਨਾਲ ਕਦਮ ਮਿਲਾ ਕੇ ਸੱਤਿਆਗ੍ਰਹਿ ਦੇ ਰਾਹ ‘ਤੇ ਚਲਦੇ ਰਹੇ। ਸਰੋਜਿਨੀ ਨਾਇਡੂ, ਅੰਮੂ ਸਵਾਮੀਨਾਥਨ, ਰਮਾਦੇਵੀ, ਅਰੁਣਾ ਆਸਫ਼ ਅਲੀ ਅਤੇ ਸੁਚੇਤਾ ਕ੍ਰਿਪਲਾਨੀ ਜਿਹੀਆਂ ਅਨੇਕ ਮਹਿਲਾ ਸ਼ਖ਼ਸੀਅਤਾਂ ਨੇ ਆਪਣੇ ਬਾਅਦ ਦੀਆਂ ਸਾਰੀਆਂ ਪੀੜ੍ਹੀਆਂ ਦੀਆਂ ਮਹਿਲਾਵਾਂ ਲਈ ਆਤਮਵਿਸ਼ਵਾਸ ਦੇ ਨਾਲ, ਦੇਸ਼ ਅਤੇ ਸਮਾਜ ਦੀ ਸੇਵਾ ਕਰਨ ਦੇ ਪ੍ਰੇਰਕ ਆਦਰਸ਼ ਪੇਸ਼ ਕੀਤੇ ਹਨ। ਅੱਜ ਮਹਿਲਾਵਾਂ ਵਿਕਾਸ ਅਤੇ ਦੇਸ਼ ਸੇਵਾ ਦੇ ਹਰ ਖੇਤਰ ਵਿੱਚ ਵਧ-ਚੜ੍ਹ ਕੇ ਯੋਗਦਾਨ ਦੇ ਰਹੀਆਂ ਹਨ ਅਤੇ ਰਾਸ਼ਟਰ ਦਾ ਮਾਣ ਵਧਾ ਰਹੀਆਂ ਹਨ। ਅੱਜ ਸਾਡੀਆਂ ਮਹਿਲਾਵਾਂ ਨੇ ਅਜਿਹੇ ਅਨੇਕ ਖੇਤਰਾਂ ਵਿੱਚ ਆਪਣਾ ਵਿਸ਼ੇਸ਼ ਸਥਾਨ ਬਣਾ ਲਿਆ ਹੈ, ਜਿਨ੍ਹਾਂ ਵਿੱਚ ਕੁਝ ਦਹਾਕੇ ਪਹਿਲਾਂ ਉਨ੍ਹਾਂ ਦੀ ਭਾਗੀਦਾਰੀ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਸੀ।

 

ਮੈਨੂੰ ਇਹ ਦੇਖ ਕੇ ਪ੍ਰਸੰਨਤਾ (ਖੁਸ਼ੀ) ਹੁੰਦੀ ਹੈ ਕਿ ਸਾਡੇ ਦੇਸ਼ ਵਿੱਚ ਮਹਿਲਾਵਾਂ ਦੇ ਆਰਥਿਕ ਸਸ਼ਕਤੀਕਰਣ ‘ਤੇ ਖਾਸ ਧਿਆਨ ਦਿੱਤਾ ਜਾ ਰਿਹਾ ਹੈ। ਆਰਥਿਕ ਸਸ਼ਕਤੀਕਰਣ ਨਾਲ ਪਰਿਵਾਰ ਅਤੇ ਸਮਾਜ ਵਿੱਚ ਮਹਿਲਾਵਾਂ ਦੀ ਸਥਿਤੀ ਮਜ਼ਬੂਤ ਹੁੰਦੀ ਹੈ। ਮੈਂ ਸਾਰੇ ਦੇਸ਼ਵਾਸੀਆਂ ਨੂੰ ਬੇਨਤੀ ਕਰਦੀ ਹਾਂ ਕਿ ਉਹ ਮਹਿਲਾ ਸਸ਼ਕਤੀਕਰਣ ਨੂੰ ਪ੍ਰਾਥਮਿਕਤਾ (ਤਰਜੀਹ) ਦੇਣ। ਮੈਂ ਚਾਹਾਂਗੀ ਕਿ ਸਾਡੀਆਂ ਭੈਣਾਂ ਅਤੇ ਬੇਟੀਆਂ (ਧੀਆਂ) ਹੌਸਲੇ ਦੇ ਨਾਲ, ਹਰ ਤਰ੍ਹਾਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਅਤੇ ਜੀਵਨ ਵਿੱਚ ਅੱਗੇ ਵਧਣ। ਮਹਿਲਾਵਾਂ ਦਾ ਵਿਕਾਸ ਸੁਤੰਤਰਤਾ ਸੰਗ੍ਰਾਮ ਦੇ ਆਦਰਸ਼ਾਂ ਵਿੱਚ ਸ਼ਾਮਲ ਹੈ।

 

ਪਿਆਰੇ ਦੇਸ਼ਵਾਸੀਓ,

 

ਸੁਤੰਤਰਤਾ ਦਿਵਸ ਸਾਡੇ ਲਈ ਆਪਣੇ ਇਤਿਹਾਸ ਨਾਲ ਮੁੜ ਜੁੜਨ ਦਾ ਮੌਕਾ ਹੁੰਦਾ ਹੈ। ਇਹ ਸਾਡੇ ਵਰਤਮਾਨ ਦਾ ਮੁੱਲਾਂਕਣ ਕਰਨ ਅਤੇ ਭਵਿੱਖ ਦਾ ਰਾਹ ਬਣਾਉਣ ਬਾਰੇ ਚਿੰਤਨ ਕਰਨ ਦਾ ਮੌਕਾ ਵੀ ਹੈ। ਅੱਜ ਅਸੀਂ ਦੇਖ ਰਹੇ ਹਾਂ ਕਿ ਭਾਰਤ ਨੇ ਨਾ ਕੇਵਲ ਆਲਮੀ ਮੰਚ ‘ਤੇ ਆਪਣਾ ਢੁਕਵਾਂ ਸਥਾਨ ਬਣਾਇਆ ਹੈ, ਬਲਕਿ ਕੌਮਾਂਤਰੀ ਵਿਵਸਥਾ ਵਿੱਚ ਆਪਣਾ ਮਾਣ-ਸਨਮਾਨ ਵੀ ਵਧਾਇਆ ਹੈ। ਆਪਣੀਆਂ ਯਾਤਰਾਵਾਂ ਅਤੇ ਪ੍ਰਵਾਸੀ ਭਾਰਤੀਆਂ ਨਾਲ ਗੱਲਬਾਤ ਦੌਰਾਨ, ਮੈਂ ਆਪਣੇ ਦੇਸ਼ ਦੇ ਪ੍ਰਤੀ ਉਨ੍ਹਾਂ ਵਿੱਚ ਇੱਕ ਨਵੇਂ ਭਰੋਸੇ ਅਤੇ ਮਾਣ (ਵਿਸ਼ਵਾਸ ਅਤੇ ਗੌਰਵ) ਦਾ ਭਾਵ ਦੇਖਿਆ ਹੈ। ਭਾਰਤ, ਪੂਰੀ ਦੁਨੀਆ ਵਿੱਚ ਵਿਕਾਸ ਦੇ ਟੀਚਿਆਂ ਅਤੇ ਮਨੁੱਖੀ ਸਹਿਯੋਗ ਨੂੰ ਪ੍ਰਫੁੱਲਿਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ। ਭਾਰਤ ਨੇ ਕੌਮਾਂਤਰੀ ਮੰਚਾਂ ‘ਤੇ ਮੋਹਰੀ ਸਥਾਨ ਬਣਾਇਆ ਹੈ ਅਤੇ ਜੀ-20 ਦੇਸ਼ਾਂ ਦੀ ਪ੍ਰਧਾਨਗੀ ਦਾ ਜ਼ਿੰਮਾ ਵੀ ਸੰਭਾਲ਼ਿਆ ਹੈ।

 

ਕਿਉਂਕਿ ਜੀ-20 ਸਮੂਹ ਦੁਨੀਆ ਦੀ ਦੋ-ਤਿਹਾਈ ਆਬਾਦੀ ਦੀ ਨੁਮਾਇੰਦਗੀ ਕਰਦਾ ਹੈ, ਇਸ ਲਈ ਇਹ ਸਾਡੇ ਲਈ ਆਲਮੀ ਤਰਜੀਹਾਂ ਨੂੰ ਸਹੀ ਦਿਸ਼ਾ ਵਿੱਚ ਲਿਜਾਣ ਦਾ ਇੱਕ ਅਦੁੱਤੀ ਅਵਸਰ (ਵਿਲੱਖਣ ਮੌਕਾ) ਹੈ। ਜੀ-20 ਦੀ ਪ੍ਰਧਾਨਗੀ ਦੇ ਮਾਧਿਅਮ ਨਾਲ ਭਾਰਤ, ਵਪਾਰ ਅਤੇ ਵਿੱਤ ਦੇ ਖੇਤਰਾਂ ਵਿੱਚ ਹੋ ਰਹੇ ਫ਼ੈਸਲਿਆਂ ਨੂੰ ਨਿਆਂਸੰਗਤ ਤਰੱਕੀ ਵੱਲ ਲਿਜਾਣ ਵਿੱਚ ਯਤਨਸ਼ੀਲ ਹੈ। ਵਪਾਰ ਅਤੇ ਵਿੱਤ ਤੋਂ ਇਲਾਵਾ, ਮਨੁੱਖੀ ਵਿਕਾਸ ਦੇ ਨਾਲ ਜੁੜੇ ਵਿਸ਼ੇ ਵੀ ਕਾਰਜ-ਸੂਚੀ ਵਿੱਚ ਸ਼ਾਮਲ ਕੀਤੇ ਗਏ ਹਨ। ਅਜਿਹੇ ਕਈ ਮੁੱਦੇ ਹਨ, ਜੋ ਪੂਰੀ ਮਨੁੱਖਤਾ ਲਈ ਮਹੱਤਵਪੂਰਨ ਹਨ ਅਤੇ ਕਿਸੇ ਭੂਗੋਲਿਕ ਹੱਦ ਨਾਲ ਬੰਨ੍ਹੇ ਹੋਏ ਨਹੀਂ ਹਨ। ਮੈਨੂੰ ਭਰੋਸਾ ਹੈ ਕਿ ਭਾਰਤ ਦੀ ਪ੍ਰਭਾਵੀ ਅਗਵਾਈ ਦੇ ਨਾਲ, ਜੀ-20 ਦੇ ਮੈਂਬਰ ਦੇਸ਼ ਉਨ੍ਹਾਂ ਮੋਰਚਿਆਂ ‘ਤੇ ਉਪਯੋਗੀ ਕਾਰਵਾਈ ਨੂੰ ਅੱਗੇ ਵਧਾਉਣਗੇ।

 

ਭਾਰਤ ਦੀ ਜੀ-20 ਦੀ ਪ੍ਰਧਾਨਗੀ ਵਿੱਚ ਇੱਕ ਨਵੀਂ ਗੱਲ ਇਹ ਹੈ ਕਿ ਡਿਪਲੋਮੇਸੀ ਨੂੰ ਜ਼ਮੀਨ ਨਾਲ ਜੋੜਿਆ ਗਿਆ ਹੈ। ਇੱਕ ਕੌਮਾਂਤਰੀ ਕੂਟਨੀਤਕ ਗਤੀਵਿਧੀ ਵਿੱਚ ਲੋਕਾਂ ਦੀ ਭਾਗੀਦਾਰੀ ਨੂੰ ਉਤਸ਼ਾਹਿਤ ਕਰਨ ਲਈ ਆਪਣੀ ਤਰ੍ਹਾਂ ਦਾ ਪਹਿਲਾ ਅਭਿਯਾਨ ਚਲਾਇਆ ਗਿਆ ਹੈ। ਉਦਾਹਰਣ ਦੇ ਲਈ, ਇਹ ਦੇਖ ਕੇ ਮੈਨੂੰ ਚੰਗਾ ਲਗਿਆ ਕਿ ਸਕੂਲਾਂ ਅਤੇ ਕਾਲਜਾਂ ਵਿੱਚ ਜੀ-20 ਨਾਲ ਜੁੜੇ ਵਿਸ਼ਿਆਂ ‘ਤੇ ਕਰਵਾਈਆਂ ਜਾ ਰਹੀਆਂ ਗਤੀਵਿਧੀਆਂ ਵਿੱਚ ਵਿਦਿਆਰਥੀ ਉਤਸ਼ਾਹਪੂਰਵਕ ਭਾਗ ਲੈ ਰਹੇ ਹਨ। ਜੀ-20 ਨਾਲ ਜੁੜੇ ਪ੍ਰੋਗਰਾਮਾਂ ਬਾਰੇ ਸਾਰੇ ਨਾਗਰਿਕਾਂ ਵਿੱਚ ਬਹੁਤ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।

 

ਪਿਆਰੇ ਦੇਸ਼ਵਾਸੀਓ, 

 

ਸਸ਼ਕਤੀਕਰਣ ਦੀ ਭਾਵਨਾ ਨਾਲ ਭਰਪੂਰ ਇਸ ਉਤਸ਼ਾਹ ਦਾ ਸੰਚਾਰ ਅੱਜ ਸੰਭਵ ਹੋ ਸਕਿਆ ਹੈ, ਕਿਉਂਕਿ ਸਾਡਾ ਦੇਸ਼ ਸਾਰੇ ਮੋਰਚਿਆਂ ‘ਤੇ ਚੰਗੀ ਤਰੱਕੀ ਕਰ ਰਿਹਾ ਹੈ। ਮੁਸ਼ਕਿਲ ਦੌਰ ਵਿੱਚ ਭਾਰਤ ਦੀ ਅਰਥਵਿਵਸਥਾ ਨਾ ਸਿਰਫ਼ ਸਮਰੱਥ ਸਿੱਧ ਹੋਈ ਹੈ, ਬਲਕਿ ਦੂਜਿਆਂ ਦੇ ਲਈ ਆਸ ਦਾ ਸਰੋਤ ਵੀ ਬਣੀ ਹੈ। ਦੁਨੀਆ ਦੀਆਂ ਜ਼ਿਆਦਾਤਰ ਅਰਥਵਿਵਸਥਾਵਾਂ ਨਾਜ਼ੁਕ ਦੌਰ ਵਿੱਚੋਂ ਲੰਘ ਰਹੀਆਂ ਹਨ। ਆਲਮੀ ਮਹਾਮਾਰੀ ਦੇ ਕਾਰਨ ਹੋਏ ਆਰਥਿਕ ਸੰਕਟ ਚੋਂ ਵਿਸ਼ਵ ਭਾਈਚਾਰਾ ਪੂਰੀ ਤਰ੍ਹਾਂ ਬਾਹਰ ਨਹੀਂ ਆ ਸਕਿਆ ਸੀ ਕਿ ਕੌਮਾਂਤਰੀ ਮੰਚ ‘ਤੇ ਹੋ ਰਹੀਆਂ ਘਟਨਾਵਾਂ ਨਾਲ ਅਨਿਸ਼ਚਿਤਤਾ ਦਾ ਮਾਹੌਲ ਹੋਰ ਵੀ ਗੰਭੀਰ ਹੋ ਗਿਆ ਹੈ। ਫਿਰ ਵੀ, ਸਰਕਾਰ ਔਖ਼ੇ ਹਾਲਾਤ ਦਾ ਚੰਗੀ ਤਰ੍ਹਾਂ ਸਾਹਮਣਾ ਕਰਨ ਵਿੱਚ ਸਮਰੱਥ ਰਹੀ ਹੈ। ਦੇਸ਼ ਨੇ ਚੁਣੌਤੀਆਂ ਨੂੰ ਮੌਕਿਆਂ ਵਿੱਚ ਬਦਲਿਆ ਹੈ ਅਤੇ ਪ੍ਰਭਾਵਸ਼ਾਲੀ GDP growth ਵੀ ਦਰਜ ਕੀਤੀ ਹੈ। ਸਾਡੇ ਅੰਨਦਾਤਾ ਕਿਸਾਨਾਂ ਨੇ ਸਾਡੀ ਆਰਥਿਕ ਤਰੱਕੀ ਵਿੱਚ ਮਹੱਤਵਪੂਰਨ ਯੋਗਦਾਨ ਦਿੱਤਾ ਹੈ। ਰਾਸ਼ਟਰ ਉਨ੍ਹਾਂ ਦਾ ਰਿਣੀ ਹੈ।

 

ਆਲਮੀ ਪੱਧਰ ਤੇ, ਮੁਦਰਾਸਫੀਤੀ (ਮਹਿੰਗਾਈ) ਭਾਵ ਇਨਫਲੇਸ਼ਨ ਚਿੰਤਾ ਦਾ ਕਾਰਨ ਬਣੀ ਹੋਈ ਹੈ, ਲੇਕਿਨ ਸਰਕਾਰ ਅਤੇ ਰਿਜ਼ਰਵ ਬੈਂਕ ਇਸ ‘ਤੇ ਕਾਬੂ ਪਾਉਣ ਵਿੱਚ ਸਫ਼ਲ ਰਹੇ ਹਨ। ਸਰਕਾਰ ਨੇ ਆਮ ਲੋਕਾਂ ‘ਤੇ ਮਹਿੰਗਾਈ ਦਾ ਜ਼ਿਆਦਾ ਪ੍ਰਭਾਵ ਨਹੀਂ ਪੈਣ ਦਿੱਤਾ ਹੈ ਅਤੇ ਨਾਲ ਹੀ ਗ਼ਰੀਬਾਂ ਨੂੰ ਵਿਆਪਕ ਸੁਰੱਖਿਆ ਕਵਚ ਵੀ ਪ੍ਰਦਾਨ ਕੀਤਾ ਹੈ। ਆਲਮੀ ਆਰਥਿਕ ਵਿਕਾਸ ਦੇ ਲਈ ਦੁਨੀਆ ਦੀਆਂ ਨਜ਼ਰਾਂ ਅੱਜ ਭਾਰਤ ‘ਤੇ ਟਿਕੀਆਂ ਹੋਈਆਂ ਹਨ। ਅੱਜ ਭਾਰਤ ਵਿਸ਼ਵ ਦੀ ਪੰਜਵੀਂ ਸਭ ਤੋਂ ਵੱਡੀ ਅਰਥਵਿਵਸਥਾ ਬਣ ਗਿਆ ਹੈ। ਦੁਨੀਆ ਵਿੱਚ ਸਭ ਤੋਂ ਤੇਜ਼ੀ ਨਾਲ ਵਧ ਰਹੀ ਵੱਡੀ ਅਰਥਵਿਵਸਥਾ ਦੇ ਰੂਪ ਵਿੱਚ ਭਾਰਤ ਵਿਸ਼ਵ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣਨ ਵੱਲ ਵਧ ਰਿਹਾ ਹੈ। ਸਾਡੀ ਆਰਥਿਕ ਤਰੱਕੀ ਦੀ ਇਸ ਯਾਤਰਾ ਵਿੱਚ ਸਮਾਵੇਸ਼ੀ (ਸੰਮਲਿਤ) ਵਿਕਾਸ ‘ਤੇ ਜ਼ੋਰ ਦਿੱਤਾ ਜਾ ਰਿਹਾ ਹੈ।

 

ਲਗਾਤਾਰ ਹੋ ਰਹੀ ਆਰਥਿਕ ਤਰੱਕੀ ਦੇ ਦੋ ਪ੍ਰਮੁੱਖ ਆਯਾਮ ਹਨ। ਇੱਕ ਪਾਸੇ, ਕਾਰੋਬਾਰ ਕਰਨਾ ਸੁਖ਼ਾਲਾ ਬਣਾ ਕੇ ਅਤੇ ਰੋਜ਼ਗਾਰ ਦੇ ਮੌਕੇ ਪੈਦਾ ਕਰਕੇ ਉੱਦਮਸ਼ੀਲਤਾ ਦੀ ਸੰਸਕ੍ਰਿਤੀ ਨੂੰ ਹੁਲਾਰਾ ਦਿੱਤਾ ਜਾ ਰਿਹਾ ਹੈ। ਦੂਜੇ ਪਾਸੇ, ਲੋੜਵੰਦਾਂ ਦੀ ਸਹਾਇਤਾ ਲਈ ਵੱਖ-ਵੱਖ ਖੇਤਰਾਂ ਵਿੱਚ ਪਹਿਲ ਕੀਤੀ ਗਈ ਹੈ ਅਤੇ ਵਿਆਪਕ ਪੱਧਰ ‘ਤੇ ਭਲਾਈ ਪ੍ਰੋਗਰਾਮ ਚਲਾਏ ਜਾ ਰਹੇ ਹਨ। ਵੰਚਿਤਾਂ (ਵਾਂਝਿਆਂ) ਨੂੰ ਪਹਿਲ ਪ੍ਰਦਾਨ ਕਰਨਾ ਸਾਡੀਆਂ ਨੀਤੀਆਂ ਅਤੇ ਕਾਰਜਾਂ ਦੇ ਕੇਂਦਰ ਵਿੱਚ ਰਹਿੰਦਾ ਹੈ। ਨਤੀਜੇ ਵਜੋਂ ਪਿਛਲੇ ਦਹਾਕੇ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਗ਼ਰੀਬੀ ਤੋਂ ਬਾਹਰ ਕੱਢਣਾ ਸੰਭਵ ਹੋ ਸਕਿਆ ਹੈ। ਇਸ ਤਰ੍ਹਾਂ ਆਦਿਵਾਸੀਆਂ ਦੀ ਸਥਿਤੀ ਵਿੱਚ ਸੁਧਾਰ ਲਿਆਉਣ ਅਤੇ ਉਨ੍ਹਾਂ ਨੂੰ ਤਰੱਕੀ ਦੀ ਯਾਤਰਾ ਵਿੱਚ ਸ਼ਾਮਲ ਕਰਨ ਲਈ ਵਿਸ਼ੇਸ਼ ਪ੍ਰੋਗਰਾਮ ਚਲਾਏ ਜਾ ਰਹੇ ਹਨ। ਮੈਂ ਆਪਣੇ ਆਦਿਵਾਸੀ ਭਾਈ-ਭੈਣਾਂ ਨੂੰ ਅਪੀਲ ਕਰਦੀ ਹਾਂ ਕਿ ਤੁਸੀਂ ਸਾਰੇ ਆਪਣੀਆਂ ਪਰੰਪਰਾਵਾਂ ਨੂੰ ਸਮ੍ਰਿੱਧ ਕਰਦੇ ਹੋਏ ਆਧੁਨਿਕਤਾ ਨੂੰ ਅਪਣਾਓ।

 

ਮੈਨੂੰ ਇਹ ਜਾਣ ਕਿ ਖੁਸ਼ੀ ਹੋਈ ਹੈ ਕਿ ਆਰਥਿਕ ਵਿਕਾਸ ਦੇ ਨਾਲ-ਨਾਲ ਮਨੁੱਖੀ ਵਿਕਾਸ ਸਬੰਧੀ ਸਰੋਕਾਰਾਂ ਨੂੰ ਵੀ ਉੱਚ ਤਰਜੀਹ ਦਿੱਤੀ ਜਾ ਰਹੀ ਹੈ। ਮੈਂ ਇੱਕ ਅਧਿਆਪਕਾ ਰਹੀ ਹਾਂ, ਇਸ ਨਾਤੇ ਵੀ ਮੈਂ ਇਹ ਸਮਝਿਆ ਹੈ ਕਿ ਸਿੱਖਿਆ, ਸਮਾਜਿਕ ਸਸ਼ਕਤੀਕਰਣ ਦਾ ਸਭ ਤੋਂ ਪ੍ਰਭਾਵੀ ਮਾਧਿਅਮ ਹੈ। ਸਾਲ 2020 ਦੀ ਰਾਸ਼ਟਰੀ ਸਿੱਖਿਆ ਨੀਤੀ ਨਾਲ ਬਦਲਾਅ ਆਉਣਾ ਸ਼ੁਰੂ ਹੋ ਗਿਆ ਹੈ। ਵੱਖ-ਵੱਖ ਪੱਧਰਾਂ ‘ਤੇ ਵਿਦਿਆਰਥੀਆਂ ਅਤੇ ਸਿੱਖਿਆ ਸ਼ਾਸਤਰੀਆਂ ਦੇ ਨਾਲ ਮੇਰੀ ਗੱਲਬਾਤ ਤੋਂ ਮੈਨੂੰ ਪਤਾ ਲਗਿਆ ਹੈ ਕਿ ਅਧਿਐਨ ਦੀ ਪ੍ਰਕਿਰਿਆ ਵਧੇਰੇ flexible ਹੋ ਗਈ ਹੈ। ਇਸ ਦੂਰਦਰਸ਼ੀ ਨੀਤੀ ਦਾ ਇੱਕ ਪ੍ਰਮੁੱਖ ਮੰਤਵ ਪੁਰਾਤਨ ਕਦਰਾਂ-ਕੀਮਤਾਂ ਨੂੰ ਆਧੁਨਿਕ ਹੁਨਰ ਦੇ ਨਾਲ ਜੋੜਨਾ ਹੈ। ਇਸ ਨਾਲ ਆਉਣ ਵਾਲੇ ਸਾਲਾਂ ਵਿੱਚ ਸਿੱਖਿਆ ਦੇ ਖੇਤਰ ਵਿੱਚ ਬੇਮਿਸਾਲ ਬਦਲਾਅ ਹੋਣਗੇ ਅਤੇ ਨਤੀਜੇ ਵਜੋਂ ਦੇਸ਼ ਵਿੱਚ ਇੱਕ ਬਹੁਤ ਵੱਡੀ ਤਬਦੀਲੀ ਦਿਖਾਈ ਦੇਵੇਗੀ। ਭਾਰਤ ਦੀ ਤਰੱਕੀ ਨੂੰ ਦੇਸ਼ਵਾਸੀਆਂ, ਖਾਸ ਕਰਕੇ ਨੌਜਵਾਨ ਪੀੜ੍ਹੀ ਦੇ ਸੁਪਨਿਆਂ ਤੋਂ ਸ਼ਕਤੀ ਮਿਲਦੀ ਹੈ। ਵਿਕਾਸ ਦੀਆਂ ਅਣਗਿਣਤ ਸੰਭਾਵਨਾਵਾਂ ਦੇਸ਼ਵਾਸੀਆਂ ਦੀ ਉਡੀਕ ਕਰ ਰਹੀਆਂ ਹਨ। ਸਟਾਰਟ-ਅੱਪ ਤੋਂ ਲੈ ਕੇ ਖੇਡਾਂ ਤੱਕ, ਸਾਡੇ ਨੌਜਵਾਨਾਂ ਨੇ ਉੱਤਮਤਾ ਦੇ ਨਵੇਂ ਅਸਮਾਨਾਂ ਦੀ ਉਡਾਣ ਭਰੀ ਹੈ।

 

ਅੱਜ ਦੇ ਨਵੇਂ ਭਾਰਤ ਦੀਆਂ ਇੱਛਾਵਾਂ ਦੇ ਨਵੇਂ ਦਿਸਹੱਦੇ ਅਸੀਮ ਹਨ। ਭਾਰਤੀ ਪੁਲਾੜ ਖੋਜ ਸੰਗਠਨ ਨਵੀਆਂ ਬੁਲੰਦੀਆਂ ਨੂੰ ਛੂਹ ਰਿਹਾ ਹੈ ਅਤੇ ਉੱਤਮਤਾ ਦੇ ਨਵੇਂ ਪੈਮਾਨੇ ਸਥਾਪਿਤ ਕਰ ਰਿਹਾ ਹੈ। ਇਸ ਵਰ੍ਹੇ ਇਸਰੋ ਨੇ ਚੰਦਰਯਾਨ-3 ਲਾਂਚ ਕੀਤਾ ਹੈ, ਜੋ ਚੰਦਰਮਾ ਦੇ ਘੇਰੇ ਵਿੱਚ ਪ੍ਰਵੇਸ਼ ਕਰ ਚੁੱਕਿਆ ਹੈ ਅਤੇ ਪ੍ਰੋਗਰਾਮ ਦੇ ਅਨੁਸਾਰ ਉਸ ਦਾ ‘ਵਿਕਰਮ’ ਨਾਮਕ ਲੈਂਡਰ ਅਤੇ ‘ਪ੍ਰਗਿਆਨ’ (Pragyan) ਨਾਮਕ ਰੋਵਰ ਅਗਲੇ ਕੁਝ ਹੀ ਦਿਨਾਂ ਵਿੱਚ ਚੰਦਰਮਾ ‘ਤੇ ਉਤਰਨਗੇ। ਸਾਡੇ ਸਾਰਿਆਂ ਲਈ ਉਹ ਮਾਣ ਦਾ ਪਲ ਹੋਵੇਗਾ ਅਤੇ ਮੈਨੂੰ ਵੀ ਉਸ ਪਲ ਦਾ ਇੰਤਜ਼ਾਰ ਹੈ। ਚੰਦਰਮਾ ਦਾ ਅਭਿਯਾਨ ਪੁਲਾੜ ਦੇ ਸਾਡੇ ਭਵਿੱਖ ਦੇ ਪ੍ਰੋਗਰਾਮਾਂ ਲਈ ਕੇਵਲ ਇੱਕ ਪੌੜੀ ਹੈ। ਅਸੀਂ ਬਹੁਤ ਅੱਗੇ ਜਾਣਾ ਹੈ।

 

ਪੁਲਾੜ ਮੁਹਿੰਮ ਵਿੱਚ ਹੀ ਨਹੀਂ ਬਲਕਿ ਧਰਤੀ ‘ਤੇ ਵੀ ਸਾਡੇ ਵਿਗਿਆਨੀ ਅਤੇ ਟੈਕਨੋਲੌਜਿਸਟਸ ਦੇਸ਼ ਦਾ ਨਾਮ ਰੋਸ਼ਨ ਕਰ ਰਹੇ ਹਨ। ਖੋਜ, ਨਵੀਨਤਾ ਅਤੇ ਉੱਦਮਸ਼ੀਲਤਾ ਨੂੰ ਹੁਲਾਰਾ ਦੇਣ ਲਈ, ਅਗਲੇ 5 ਸਾਲਾਂ ਵਿੱਚ 50 ਹਜ਼ਾਰ ਕਰੋੜ ਰੁਪਏ ਦੀ ਰਕਮ ਦੇ ਨਾਲ ਸਰਕਾਰ ਵੱਲੋਂ ਅਨੁਸੰਧਾਨ ਨੈਸ਼ਨਲ ਰਿਸਰਚ ਫਾਊਂਡੇਸ਼ਨ (Anusandhaan National Research Foundation) ਸਥਾਪਿਤ ਕੀਤਾ ਜਾ ਰਿਹਾ ਹੈ। ਇਹ ਫਾਊਂਡੇਸ਼ਨ ਸਾਡੇ ਕਾਲਜਾਂ, ਯੂਨੀਵਰਸਿਟੀਆਂ ਅਤੇ ਖੋਜ ਕੇਂਦਰਾਂ ਵਿੱਚ ਰਿਸਰਚ ਅਤੇ ਡਿਵੈਲਪਮੈਂਟ ਨੂੰ ਬੁਨਿਆਦ ਪ੍ਰਦਾਨ ਕਰੇਗਾ, ਉਨ੍ਹਾਂ ਨੂੰ ਵਿਕਸਿਤ ਕਰੇਗਾ ਅਤੇ ਅੱਗੇ ਲੈ ਜਾਵੇਗਾ। 

 

ਪਿਆਰੇ ਦੇਸ਼ਵਾਸੀਓ,

 

ਗਿਆਨ-ਵਿਗਿਆਨ ਵਿੱਚ ਉੱਤਮਤਾ ਪ੍ਰਾਪਤ ਕਰਨਾ ਹੀ ਸਾਡਾ ਟੀਚਾ ਨਹੀਂ ਹੈ, ਬਲਕਿ ਸਾਡੇ ਲਈ ਇਹ ਮਨੁੱਖਤਾ ਦੇ ਵਿਕਾਸ ਦੇ ਸਾਧਨ ਹਨ। ਇੱਕ ਖੇਤਰ ਜਿਸ ‘ਤੇ ਪੂਰੀ ਦੁਨੀਆ ਦੇ ਵਿਗਿਆਨੀਆਂ ਅਤੇ ਨੀਤੀਘਾੜਿਆਂ ਨੂੰ ਹੋਰ ਵਧੇਰੇ ਤਤਪਰਤਾ ਨਾਲ ਧਿਆਨ ਦੇਣਾ ਚਾਹੀਦਾ ਹੈ, ਉਹ ਹੈ- ਜਲਵਾਯੂ ਤਬਦੀਲੀ। ਹਾਲ ਹੀ ਦੇ ਸਾਲਾਂ ਵਿੱਚ ਵੱਡੀ ਗਿਣਤੀ ਵਿੱਚ ਐਕਸਟ੍ਰੀਮ ਵੈਦਰ ਈਵੈਂਟਸ ਹੋਏ ਹਨ। ਦੇਸ਼ ਦੇ ਕਈ ਹਿੱਸਿਆਂ ਵਿੱਚ ਅਸਾਧਾਰਣ ਹੜ੍ਹਾਂ ਦਾ ਸਾਹਮਣਾ ਕਰਨਾ ਪਿਆ ਹੈ। ਕੁਝ ਸਥਾਨ ਸੋਕੇ ਦੀ ਮਾਰ ਝੱਲਦੇ ਹਨ। ਇਨ੍ਹਾਂ ਸਾਰਿਆਂ ਦਾ ਇੱਕ ਮੁੱਖ ਕਾਰਨ ਗਲੋਬਲ ਵਾਰਮਿੰਗ ਨੂੰ ਵੀ ਮੰਨਿਆ ਜਾਂਦਾ ਹੈ। ਅੰਤ ਵਿੱਚ ਵਾਤਾਵਰਣ ਦੇ ਹਿਤ ਵਿੱਚ ਸਥਾਨਕ, ਕੌਮੀ ਅਤੇ ਆਲਮੀ ਪੱਧਰ ‘ਤੇ ਯਤਨ ਕਰਨਾ ਲਾਜ਼ਮੀ ਹੈ। ਇਸ ਸਬੰਧ ਵਿੱਚ ਇਹ ਜ਼ਿਕਰਯੋਗ ਹੈ ਕਿ ਅਖੁੱਟ (ਨਵਿਆਉਣਯੋਗ) ਊਰਜਾ (Renewable Energy) ਦੇ ਖੇਤਰ ਵਿੱਚ ਅਸੀਂ ਬੇਮਿਸਾਲ ਟੀਚਿਆਂ ਨੂੰ ਪ੍ਰਾਪਤ ਕੀਤਾ ਹੈ। ਕੌਮਾਂਤਰੀ ਸੂਰਜੀ ਊਰਜਾ ਅਭਿਯਾਨ ਨੂੰ ਭਾਰਤ ਨੇ ਅਗਵਾਈ ਪ੍ਰਦਾਨ ਕੀਤੀ ਹੈ। ਕੌਮਾਂਤਰੀ ਪ੍ਰਤੀਬੱਧਤਾਵਾਂ ਨੂੰ ਪੂਰਾ ਕਰਨ ਵਿੱਚ ਸਾਡਾ ਦੇਸ਼ ਮੋਹਰੀ ਭੂਮਿਕਾ ਨਿਭਾ ਰਿਹਾ ਹੈ। ਆਲਮੀ ਭਾਈਚਾਰੇ ਨੂੰ ਅਸੀਂ LiFE ਭਾਵ Lifestyle for Environment ਦਾ ਮੰਤਰ ਦਿੱਤਾ ਹੈ।

 

ਪਿਆਰੇ ਦੇਸ਼ਵਾਸੀਓ,

 

ਅਸਾਧਾਰਣ ਮੌਸਮ ਦੀਆਂ ਘਟਨਾਵਾਂ ਸਾਰਿਆਂ ‘ਤੇ ਅਸਰ ਪਾਉਂਦੀਆਂ ਹਨ। ਪਰ ਗ਼ਰੀਬ ਅਤੇ ਵੰਚਿਤ (ਵਾਂਝੇ) ਵਰਗਾਂ ਦੇ ਲੋਕਾਂ ‘ਤੇ ਉਨ੍ਹਾਂ ਦਾ ਹੋਰ ਵਧੇਰੇ ਪ੍ਰਭਾਵ ਪੈਂਦਾ ਹੈ। ਸ਼ਹਿਰਾਂ ਅਤੇ ਪਹਾੜੀ ਖੇਤਰਾਂ ਨੂੰ ਜਲਵਾਯੂ ਤਬਦੀਲੀ ਦੀਆਂ ਸਥਿਤੀਆਂ ਦਾ ਸਾਹਮਣਾ ਕਰਨ ਲਈ ਖਾਸ ਤੌਰ ‘ਤੇ ਸਮਰੱਥ ਬਣਾਉਣ ਦੀ ਲੋੜ ਹੈ।

 

ਮੈਂ ਇਹ ਕਹਿਣਾ ਚਾਹਾਂਗੀ ਕਿ ਲੋਭ (ਲਾਲਚ) ਦੀ ਸੰਸਕ੍ਰਿਤੀ ਦੁਨੀਆ ਨੂੰ ਕੁਦਰਤ ਤੋਂ ਦੂਰ ਕਰਦੀ ਹੈ ਅਤੇ ਹੁਣ ਸਾਨੂੰ ਇਹ ਅਹਿਸਾਸ ਹੋ ਰਿਹਾ ਹੈ ਕਿ ਸਾਨੂੰ ਆਪਣੀਆਂ ਜੜ੍ਹਾਂ ਵੱਲ ਪਰਤਣਾ ਚਾਹੀਦਾ ਹੈ। ਅੱਜ ਵੀ ਅਨੇਕ ਜਨਜਾਤੀ ਭਾਈਚਾਰੇ ਅਜਿਹੇ ਹਨ ਜੋ ਕੁਦਰਤ ਦੇ ਬਹੁਤ ਨੇੜੇ ਅਤੇ ਕੁਦਰਤ ਦੇ ਨਾਲ ਸੁਹਿਰਦਤਾ ਬਣਾ ਕੇ ਰਹਿੰਦੇ ਹਨ। ਉਨ੍ਹਾਂ ਦੀਆਂ ਜੀਵਨ ਕਦਰਾਂ-ਕੀਮਤਾਂ ਅਤੇ ਜੀਵਨ ਜਾਚ climate action ਦੇ ਖੇਤਰ ਵਿੱਚ ਅਣਮੁੱਲੀ ਸਿੱਖਿਆ ਪ੍ਰਦਾਨ ਕਰਦੇ ਹਨ।

 

ਜਨਜਾਤੀ ਭਾਈਚਾਰਿਆਂ ਵੱਲੋਂ ਯੁਗਾਂ ਤੋਂ ਆਪਣੀ ਹੋਂਦ ਬਣਾਈ ਰੱਖਣ ਦੇ ਰਹੱਸ ਨੂੰ ਇੱਕ ਸ਼ਬਦ ਵਿੱਚ ਹੀ ਜਾਹਰ ਕੀਤਾ ਜਾ ਸਕਦਾ ਹੈ। ਇਹ ਸ਼ਬਦ ਹੈ, ਹਮਦਰਦੀ। ਜਨਜਾਤੀ ਭਾਈਚਾਰੇ ਦੇ ਲੋਕ ਕੁਦਰਤ ਨੂੰ ਮਾਂ ਸਮਝਦੇ ਹਨ ਅਤੇ ਉਸ ਦੀਆਂ ਸਾਰੀਆਂ ਸੰਤਾਨਾਂ ਭਾਵ ਵਨਸਪਤੀਆਂ ਅਤੇ ਜੀਵ-ਜੰਤੂਆਂ ਦੇ ਪ੍ਰਤੀ ਹਮਦਰਦੀ ਰੱਖਦੇ ਹਨ। ਕਦੇ-ਕਦੇ ਦੁਨੀਆ ਵਿੱਚ ਹਮਦਰਦੀ ਦੀ ਘਾਟ ਮਹਿਸੂਸ ਹੁੰਦੀ ਹੈ ਪਰ ਇਤਿਹਾਸ ਗਵਾਹ ਹੈ ਕਿ ਅਜਿਹੇ ਦੌਰ ਕੇਵਲ ਕੁਝ ਸਮੇਂ ਲਈ ਹੀ ਆਉਂਦੇ ਹਨ ਕਿਉਂਕਿ ਕਰੁਣਾ (ਦਇਆ) ਸਾਡਾ ਮੂਲ ਸੁਭਾਅ ਹੈ। ਮੇਰਾ ਅਨੁਭਵ ਹੈ ਕਿ ਮਹਿਲਾਵਾਂ ਹਮਦਰਦੀ ਦੇ ਮਹੱਤਵ ਨੂੰ ਹੋਰ ਡੂੰਘਾਈ ਨਾਲ ਮਹਿਸੂਸ ਕਰਦੀਆਂ ਹਨ ਅਤੇ ਜਦੋਂ ਮਨੁੱਖਤਾ ਆਪਣੇ ਰਸਤੇ ਤੋਂ ਭਟਕਦੀ ਹੈ ਤਾਂ ਉਹ ਸਹੀ ਰਸਤਾ ਦਿਖਾਉਂਦੀਆਂ ਹਨ।

 

ਸਾਡੇ ਦੇਸ਼ ਨੇ ਨਵੇਂ ਸੰਕਲਪਾਂ ਦੇ ਨਾਲ ਅੰਮ੍ਰਿਤ ਕਾਲ ਵਿੱਚ ਪ੍ਰਵੇਸ਼ ਕੀਤਾ ਹੈ ਅਤੇ ਅਸੀਂ ਭਾਰਤ ਨੂੰ 2047 ਤੱਕ ਇੱਕ ਵਿਕਸਿਤ ਰਾਸ਼ਟਰ ਬਣਾਉਣ ਦੀ ਦਿਸ਼ਾ ਵਿੱਚ ਅੱਗੇ ਵਧ ਰਹੇ ਹਾਂ। ਆਓ, ਅਸੀਂ ਸਾਰੇ ਆਪਣੇ ਸੰਵਿਧਾਨਿਕ ਮੁੱਢਲੇ ਫ਼ਰਜ਼ਾਂ (ਮੂਲ ਕਰਤੱਵਾਂ) ਨੂੰ ਨਿਭਾਉਣ ਦਾ ਸੰਕਲਪ ਲਈਏ ਅਤੇ ਵਿਅਕਤੀਗਤ ਤੇ ਸਮੂਹਿਕ ਗਤੀਵਿਧੀਆਂ ਦੇ ਸਾਰੇ ਖੇਤਰਾਂ ਵਿੱਚ ਪ੍ਰਫੁੱਲਿਤ ਹੋਣ ਵੱਲ ਅੱਗੇ ਵਧਣ ਦਾ ਨਿਰੰਤਰ ਯਤਨ ਕਰੀਏ ਤਾਂ ਜੋ ਸਾਡਾ ਦੇਸ਼ ਲਗਾਤਾਰ ਤਰੱਕੀ ਕਰਦੇ ਹੋਏ ਯਤਨਾਂ ਅਤੇ ਪ੍ਰਾਪਤੀਆਂ ਦੀਆਂ ਨਵੀਆਂ ਬੁਲੰਦੀਆਂ ਨੂੰ ਹਾਸਲ ਕਰੇ।

 

ਪਿਆਰੇ ਦੇਸ਼ਵਾਸੀਓ,

 

ਸਾਡਾ ਸੰਵਿਧਾਨ ਸਾਡਾ ਮਾਰਗਦਰਸ਼ਕ ਦਸਤਾਵੇਜ਼ ਹੈ। ਸੰਵਿਧਾਨ ਦੀ ਪ੍ਰਸਤਾਵਨਾ ਵਿੱਚ ਸਾਡੇ ਸੁਤੰਤਰਤਾ ਸੰਗ੍ਰਾਮ ਦੇ ਆਦਰਸ਼ ਸਮਾਏ ਹਨ। ਆਓ, ਅਸੀਂ ਆਪਣੇ ਰਾਸ਼ਟਰ ਨਿਰਮਾਤਾਵਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਸਦਭਾਵਨਾ ਅਤੇ ਭਾਈਚਾਰੇ ਦੀ ਭਾਵਨਾ ਨਾਲ ਅੱਗੇ ਵਧੀਏ।

 

ਸੁਤੰਤਰਤਾ ਦਿਵਸ ਦੀ ਪੂਰਵ ਸੰਧਿਆ ‘ਤੇ, ਮੈਂ ਮੁੜ ਤੁਹਾਨੂੰ ਸਾਰਿਆਂ ਨੂੰ, ਖਾਸ ਕਰਕੇ ਸਰਹੱਦਾਂ ਦੀ ਰਾਖੀ ਕਰਨ ਵਾਲੇ ਫ਼ੌਜ ਦੇ ਜਵਾਨਾਂ, ਅੰਦਰੂਨੀ ਸੁਰੱਖਿਆ ਪ੍ਰਦਾਨ ਕਰਨ ਵਾਲੇ ਸਾਰੇ ਬਲਾਂ ਅਤੇ ਪੁਲਿਸ ਦੇ ਜਵਾਨਾਂ ਤੇ ਦੁਨੀਆ ਦੇ ਵੱਖ-ਵੱਖ ਹਿੱਸਿਆਂ ਵਿੱਚ ਰਹਿਣ ਵਾਲੇ ਪ੍ਰਵਾਸੀ ਭਾਰਤੀਆਂ ਨੂੰ ਵਧਾਈ ਦਿੰਦੀ ਹਾਂ। ਸਾਰੇ ਪਿਆਰੇ ਦੇਸ਼ਵਾਸੀਆਂ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ।

 

ਧੰਨਵਾਦ।

ਜੈ ਹਿੰਦ।

ਜੈ ਭਾਰਤ।

 

****

 

ਡੀਐੱਸ/ਐੱਸਕੇ



(Release ID: 1948727) Visitor Counter : 129